ਪਾਕਿਸਤਾਨ ਦਾ ਧਮਿਆਲ ਤੇ ਜਹਾਨੀਆਂ 1998

ਗੁਲਜ਼ਾਰ ਸਿੰਘ ਸੰਧੂ
ਇਨ੍ਹੀਂ ਦਿਨੀਂ ਪੰਜਾਬੀ ਸਾਹਿਤਕਾਰ ਕਰਤਾਰ ਸਿੰਘ ਦੁੱਗਲ ਦੀ ਪਤਨੀ ਆਇਸ਼ਾ ਤੇ ਜੌਹਲ ਭੇਲਾਂ (ਖਡੂਰ ਸਾਹਿਬ) ਦੇ ਭਾਈ ਗੁਰਮਿੰਦਰ ਸਿੰਘ ਦੀ ਮੌਤ ਨੇ ਮੈਨੂੰ ਆਪਣੀ 1998 ਵਾਲੀ ਪਾਕਿਸਤਾਨ ਯਾਤਰਾ ਚੇਤੇ ਕਰਵਾ ਦਿੱਤੀ ਹੈ। ਉਦੋਂ ਮੈਂ ਰਾਵਲਪਿੰਡੀ ਨੇੜੇ ਧਮਿਆਲ ਵੀ ਗਿਆ ਸੀ ਤੇ ਖਾਨੇਵਾਲ ਜਿਲੇ ਵਿਚ ਪੈਂਦੇ ਜਹਾਨੀਆਂ ਵੀ। ਵੰਡ ਤੋਂ ਪਹਿਲਾਂ ਖਾਨੇਵਾਲ ਮਿੰਟਗੁਮਰੀ ਜਿਲੇ ਦੀ ਤਹਿਸੀਲ ਸੀ। ਧਮਿਆਲ ਦੁੱਗਲ ਦਾ ਜਨਮ ਸਥਾਨ ਸੀ ਤੇ ਜਹਾਨੀਆਂ ਵਿਚ ਗੁਰਮਿੰਦਰ ਸਿੰਘ ਦੀ ਮਾਂ ਰਹਿੰਦੀ ਸੀ। ਮੇਰੀ ਉਹ ਵਾਲੀ ਪਾਕਿ ਫੇਰੀ ਦਾ ਸਬੱਬ ਮਨੋਹਰ ਸਿੰਘ ਗਿੱਲ ਦੇ ਸਵਰਗੀ ਪਿਤਾ ਕਰਨਲ ਪ੍ਰਤਾਪ ਸਿੰਘ ਗਿੱਲ ਨੇ ਬਣਾਇਆ ਸੀ, ਸੰਨ ਸੰਤਾਲੀ ਦੇ ਵਿਛੜਿਆਂ ਨੂੰ ਮਿਲਾਉਣ ਲਈ ਇੰਡੋ-ਪਾਕਿ ਮਿਲਾਪ ਟਰਸੱਟ ਸਥਾਪਤ ਕਰਕੇ। ਮੇਰੇ ਜਿੰ.ਮੇ ਗੁਰਮਿੰਦਰ ਸਿੰਘ ਨੂੰ ਜਹਾਨੀਆਂ ਲਿਜਾਣਾ ਸੀ। ਉਹ ਮੁਸਲਮਾਨਾਂ ਦਾ ਪੁੱਤ ਸੀ ਤੇ ਨਾਂ ਅਮਾਨਤ ਉੱਲਾ।

ਬਾਪ ਵੰਡ ਸਮੇਂ ਕਤਲ ਹੋ ਗਿਆ ਸੀ, ਪਰ ਮਾਂ ਬਚ ਕੇ ਨਿਕਲਣ ਵਿਚ ਸਫਲ ਹੋ ਗਈ ਸੀ। ਉਸ ਵੇਲੇ ਗੁਰਮਿੰਦਰ ਦੀ ਉਮਰ ਛੇ ਸਾਲ ਸੀ ਤੇ ਉਸ ਨੂੰ ਪਿੰਡ ਦੇ ਕਿਸੇ ਜੱਟ ਨੇ ਆਪਣੇ ਘਰ ਰੱਖ ਕੇ ਉਸ ਦਾ ਨਾਂ ਗੁਰਮਿੰਦਰ ਸਿੰਘ ਰੱਖ ਲਿਆ ਸੀ। ਸਮਾਂ ਪਾ ਕੇ ਉਹ ਖਡੂਰ ਸਾਹਿਬ ਦੀ ਕਾਰ ਸੇਵਾ ਸੰਸਥਾ ਵਿਚ ਜਾ ਵੜਿਆ। ਇਹ ਸੰਸਥਾ ਦੇਸ-ਪਰਦੇਸੋਂ ਮਾਇਆ ਤੇ ਰਸਦ ਉਗਰਾਹ ਕੇ ਗੁਰਦੁਆਰਿਆ ਦੀ ਉਸਾਰੀ ਤੇ ਮੁਰੰਮਤ ਕਰਦੀ ਸੀ।
ਗੁਰਮਿੰਦਰ ਸਿੰਘ ਦਾ ਇਸ ਸੰਸਥਾ ਵਿਚ ਏਨਾ ਜੀਅ ਲੱਗਿਆ ਹੋਇਆ ਸੀ ਕਿ ਵੰਡ ਤੋਂ ਤਿੰਨ ਦਹਾਕੇ ਪਿੱਛੋਂ ਜਦੋਂ ਉਸ ਦੀ ਮਾਂ ਨੇ ਮਿਲਣ ਲਈ ਚਿੱਠੀ ਪਾਈ ਸੀ ਤਾਂ ਉਸ ਨੇ ਮਾਂ ਨੂੰ ਮਿਲਣ ਦੀ ਲੋੜ ਹੀ ਨਹੀਂ ਸੀ ਸਮਝੀ। ਉਸ ਦਾ ਇਹ ਵੀ ਖਿਆਲ ਸੀ ਕਿ ਮਾਂ ਉਸ ਨੂੰ ਸਿੱਖੀ ਬਾਣੇ ਵਿਚ ਦਾੜ੍ਹੀ ਕੇਸ ਤੇ ਪਗੜੀ ਵਾਲਾ ਦੇਖ ਕੇ ਸ਼ਾਇਦ ਖੁਸ਼ ਨਾ ਹੋਵੇ।
ਗੁਰਮਿੰਦਰ ਸਿੰਘ ਕਾਰ ਸੇਵਾ ਵਾਲਿਆਂ ਦੀ ਮਰਿਆਦਾ ਅਨੁਸਾਰ ਹਰ ਸਵੇਰ ਮਹਾਰਾਜ ਦੇ ਹਜੂਰ ਜਾਂਦਾ, ਜਪੁਜੀ ਸਾਹਿਬ ਤੇ ਅਨੰਦ ਸਾਹਿਬ ਦਾ ਪਾਠ ਕਰਕੇ ਰਾਤ ਵੇਲੇ ਕੀਰਤਨ ਸੋਹਿਲਾ ਪੜ੍ਹ ਕੇ ਸੁਖ ਦੀ ਨੀਂਦ ਸੌਂਦਾ। ਗੁਰੂ ਘਰ ਵਿਚੋਂ ਉਸ ਨੂੰ ਪੂਰਾ ਖਾਣ ਪਹਿਨਣ ਤੇ ਇੱਜਤ-ਮਾਣ ਮਿਲਦਾ ਸੀ। ਸਾਰੇ ਬਾਬਾ ਜੀ ਕਹਿ ਕੇ ਬੁਲਾਉਂਦੇ ਸਨ। 1998 ਵਿਚ ਉਸ ਦਾ ਜੀਅ ਕੀਤਾ ਕਿ ਉਹ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਮਿਲ ਹੀ ਆਵੇ। ਪੁੱਤ ਨੂੰ ਮਿਲੇ ਬਿਨਾ ਹੀ ਨਾ ਟੁਰ ਜਾਵੇ।
ਪਾਕਿਸਤਾਨ ਸਰਕਾਰ ਨੇ ਮੇਰੇ ਤੇ ਗੁਰਮਿੰਦਰ ਲਈ ਕਾਰ ਦਾ ਪ੍ਰਬੰਧ ਕਰਵਾ ਦਿੱਤਾ ਸੀ। ਗੁਰਮਿੰਦਰ ਸਿੰਘ ਦੀ ਮਾਂ ਚੱਕ ਨੰਬਰ 92 ਵਿਚ ਜਾ ਵਸੀ ਸੀ। ਡਰਾਈਵਰ ਨੇ ਨੇੜਲੇ ਥਾਣੇ ਦੀ ਚੌਕੀ ਤੋਂ ਪਿੰਡ ਦਾ ਰਾਹ ਪੁੱਛਣਾ ਚਾਹਿਆ। ਪਿੱਪਲ ਦੇ ਰੁੱਖ ਥੱਲੇ ਤਾਸ਼ ਖੇਡਦਾ ਇਕ ਬਜੁਰਗ ਤਾਸ਼ ਦੇ ਪੱਤੇ ਉਵੇਂ ਕਿਵੇਂ ਹੀ ਸੁੱਟ ਕੇ ਪੱਕੇ ਚੌਂਤਰੇ ਤੋਂ ਛਾਲ ਮਾਰ ਕੇ ਉਤਰ ਆਇਆ। ਉਹ ਆਗਿਆ ਲਏ ਬਿਨਾ ਹੀ ਡਰਾਈਵਰ ਦੇ ਨਾਲ ਵਾਲੀ ਕਾਰ ਦੀ ਅਗਲੀ ਸੀਟ ਉਤੇ ਬੈਠ ਗਿਆ। ‘ਅਸੀਂ ਤਾਂ ਦੁਪਹਿਰ ਦੇ ਉਡੀਕ ਰਹੇ ਹਾਂ ਤੁਹਾਨੂੰ।’ ਉਸ ਨੇ ਇਕ ਤਰ੍ਹਾਂ ਦਾ ਗਿਲਾ ਕੀਤਾ।
ਬਜੁਰਗ ਦਾ ਨਾਂ ਮੁਹੰਮਦ ਅਸ਼ਰਫ ਰੰਧਾਵਾ ਸੀ। ਸਿੰਘ ਦੀ ਮਾਂ ਪੂਰੀ ਹੋ ਚੁਕੀ ਹੈ ਤਾਂ ਗੁਰਮਿੰਦਰ ਨਿਢਾਲ ਹੋ ਗਿਆ। ਉਸ ਦੀ ਭੈਣ ਵੀ ਆਪਣੀ ਛੋਟੀ ਧੀ ਕੋਲ ਕਰਾਚੀ ਗਈ ਹੋਈ ਸੀ। ਗੁਰਮਿੰਦਰ ਸਿੰਘ ਉਰਫ ਅਮਾਨਤ ਅੱਲਾ ਦੀ ਭਾਣਜੀ ਘਰ ਹੀ ਸੀ। ਗੁਰਮਿੰਦਰ ਸਿੰਘ ਆਪਣੀ ਭਾਣਜੀ ਨਾਲ ਪੁਰਾਣੀਆਂ ਗੱਲਾਂ ਕਰ ਰਿਹਾ ਸੀ ਕਿ ਮੈਨੂੰ ਇਕੱਲਾ ਦੇਖ ਪਿੰਡ ਦਾ ਇਕ ਵਿਅਕਤੀ ਆਪਣੀ ਵਿਥਿਆ ਦੱਸਣ ਲੱਗ ਪਿਆ। ਉਸ ਦੇ ਮਾਪੇ ਦਿੱਲੀ ਤੋਂ ਸਨ। ਉਹ ਖੱਤਰੀ ਸਨ। ਜਦੋਂ ਅੰਗਰੇਜ਼ਾਂ ਨੇ ਬਾਰਾਂ ਵਸਾਈਆਂ ਸਨ, ਉਦੋਂ 1928 ਵਿਚ ਏਸ ਪਿੰਡ ਆਏ ਸਨ। ਪਿਤਾ ਦੀ ਫੌਜ ਵਿਚ ਨੌਕਰੀ ਦਾ ਮੁਰੱਬਾ ਮਿਲਿਆ ਸੀ। ਉਹ ਹਿੰਦੂ ਸਨ, ਪਰ ਵੰਡ ਸਮੇਂ ਆਪਣੇ ਬਜੁਰਗਾਂ ਦੀ ਵਸਾਈ ਨਗਰੀ ਛੱਡ ਕੇ ਮੌਤ ਦੇ ਮੂੰਹ ਵਿਚ ਪੈਣ ਦੀ ਥਾਂ ਉਨ੍ਹਾਂ ਨੇ ਇਸਲਾਮ ਕਬੂਲ ਕਰ ਲਿਆ ਸੀ। ਵਿਥਿਆ ਦੱਸਣ ਵਾਲਾ ਵੰਡ ਸਮੇਂ ਦਸ ਕੁ ਸਾਲਾਂ ਦਾ ਸੀ। ਉਦੋਂ ਉਸ ਦਾ ਨਾਂ ਚਮਨ ਲਾਲ ਸੀ। ਉਸ ਚਮਨ ਲਾਲ ਤੋਂ ਇਲਮ ਦੀਨ ਬਣਿਆ ਸੀ।
ਫਿਰ ਅਚਾਨਕ ਕੋਕਾ ਕੋਲਾ ਪੀਂਦੇ ਸਮੇਂ ਇਲਮ ਦੀਨ ਅਲੋਪ ਹੋ ਗਿਆ। ਪਤਾ ਲੱਗਿਆ ਕਿ ਉਹ ਘਰ ਦੇ ਨੇੜੇ ਪੈਂਦੀ ਮਸਜਿਦ ਵਿਚ ਜਾ ਵੜਿਆ ਸੀ। ਉਸ ਦੀ ਨਮਾਜ਼ ਦਾ ਵਕਤ ਹੋ ਗਿਆ ਸੀ।
ਮੈਂ ਇਕ ਸਿਪਾਹੀ ਨੂੰ ਨਾਲ ਲੈ ਕੇ ਪਿੰਡ ਦੀਆਂ ਗਲੀਆਂ ‘ਤੇ ਆਲੇ-ਦੁਆਲੇ ਦੀਆਂ ਤਸਵੀਰਾਂ ਖਿੱਚਣ ਲੱਗ ਪਿਆ। ਮੈਂ ਪਰਤਿਆ ਤਾਂ ਗੁਰਮਿੰਦਰ ਸਿੰਘ ਉਨ੍ਹਾਂ ਵਿਚੋਂ ਉਠ ਕੇ ਵਖਰਾ ਹੋਣ ਲਈ ਕਾਹਲਾ ਹੋਇਆ ਪਿਆ ਸੀ, ਪਰ ਸਰਕਾਰੀ ਅਮਲਾ ਜਾਣ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ। ਉਨ੍ਹਾਂ ਨੇ ਇਕ ਗੱਡੀ ਨੇੜਲੇ ਸ਼ਹਿਰ ਤੋਂ ਮਿਠਾਈ ਤੇ ਸਮੋਸੇ ਲੈਣ ਭੇਜੀ ਹੋਈ ਸੀ। ਉਹ ਚਾਹੁੰਦੇ ਸਨ ਕਿ ਗੁਰਮਿੰਦਰ ਸਿੰਘ ਆਪਣੀ ਭਾਣਜੀ ਨਾਲ ਹੋਰ ਗੱਲਾਂ ਕਰੇ ਤਾਂ ਕਿ ਮਠਿਆਈ ਆ ਜਾਵੇ, ਪਰ ਗੁਰਮਿੰਦਰ ਸਿੰਘ ਬਾਰ ਬਾਰ ਘੜੀ ਵੱਲ ਤੱਕ ਰਿਹਾ ਸੀ, ਜਿਵੇਂ ਉਸ ਦਾ ਸਬਰ ਕਾਬੂ ਤੋਂ ਬਾਹਰ ਹੋ ਰਿਹਾ ਹੋਵੇ। ਗਰਮ ਗਰਮ ਸਮੋਸੇ ਤੇ ਜਲੇਬੀਆਂ ਆਈਆਂ ਤਾਂ ਗੁਰਮਿੰਦਰ ਸਿੰਘ ਨੇ ਖਾਣ ਤੋਂ ਨਾਂਹ ਕਰ ਦਿੱਤੀ। ਉਸ ਨੂੰ ਬੜਾ ਸਮਝਾਇਆ ਕਿ ਇਨ੍ਹਾਂ ਵਿਚੋਂ ਕੋਈ ਵੀ ਚੀਜ਼ ਐਸੀ ਨਹੀਂ ਸੀ, ਜੋ ਉਸ ਦੀ ਖਾਣ ਵਾਲੀ ਨਾ ਹੋਵੇ ਜਾਂ ਇਸ ਢੰਗ ਨਾਲ ਬਣਾਈ ਹੋਵੇ ਜਿਸ ਨਾਲ ਉਸ ਦੀ ਮਰਿਆਦਾ ਭੰਗ ਹੁੰਦੀ ਹੋਵੇ।
ਉਸ ਨੇ ਆਲਾ-ਦੁਆਲਾ ਦੇਖ ਕੇ ਸਾਰਿਆਂ ਨੂੰ ਬੇਫਿਕਰ ਹੋ ਕੇ ਚਾਹ-ਪਾਣੀ ਪੀਣ ਦੀ ਬੇਨਤੀ ਕੀਤੀ ਤੇ ਆਪਣੇ ਆਪ ਲਈ ਬਹੁਤ ਹੀ ਆਜਜ਼ੀ ਨਾਲ ਪੰਦਰਾਂ ਵੀਹ ਮਿੰਟ ਦੀ ਛੁੱਟੀ ਮੰਗੀ। ਉਸ ਦਾ ਰਹਿਰਾਸ ਦੇ ਪਾਠ ਦਾ ਵਕਤ ਹੋ ਗਿਆ ਸੀ। ਉਸ ਨੇ ਸੋਚ ਲਿਆ ਸੀ ਕਿ ਜਦੋਂ ਸਾਰੇ ਖਾਣ ਕਮਰੇ ਵਿਚ ਚਲੇ ਜਾਣਗੇ ਤਾਂ ਉਹ ਕਾਰ ਦੇ ਦਰਵਾਜੇ ਬੰਦ ਕਰਕੇ ਉਸ ਵਿਚ ਪਾਠ ਕਰ ਸਕਦਾ ਹੈ। ਮੰਗ ਜਾਇਜ਼ ਸੀ। ਮੈਂ ਪਿੰਡ ਵਾਲਿਆਂ ਤੇ ਬਾਕੀ ਅਮਲੇ ਨੂੰ ਉਸ ਦੀ ਗੱਲ ਮੰਨ ਜਾਣ ਲਈ ਬੇਨਤੀ ਕੀਤੀ।
ਇਸ ਵੇਲੇ ਤਕ ਇਲਮ ਦੀਨ ਵੀ ਨਮਾਜ਼ ਪੜ੍ਹ ਕੇ ਵਾਪਸ ਆ ਚੁਕਾ ਸੀ। ਉਸ ਨੇ ਵੀ ਆਪਣਾ ਰਸੂਖ ਵਰਤਿਆ। ਗੁਰਮਿੰਦਰ ਸਿੰਘ ਨੂੰ ਕਾਰ ਦੇ ਅੰਦਰ ਬਿਠਾ ਕੇ ਏਅਰਕੰਡੀਸ਼ਨਰ ਚਾਲੂ ਕਰ ਦਿੱਤਾ। ਇਲਮ ਦੀਨ ਨਹੀਂ ਸੀ ਚਾਹੁੰਦਾ ਕਿ ਗੁਰਮਿੰਦਰ ਸਿੰਘ ਦੇ ਪਾਠ ਵਿਚ ਕਿਸੇ ਤਰ੍ਹਾਂ ਦਾ ਵਿਘਨ ਪਵੇ। ਉਸ ਨੇ ਪਾਠ ਪੂਰਾ ਹੋਣ ਤੋਂ ਪਿੱਛੋਂ ਗੁਰਮਿੰਦਰ ਸਿੰਘ ਨੂੰ ਚਾਹ-ਪਾਣੀ ਵਾਲੀ ਮੇਜ਼ ਉਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ।
ਉਸ ਫੇਰੀ ਵਿਚ ਅਸੀਂ ਧਮਿਆਲ ਵੀ ਜਾਣਾ ਚਾਹੁੰਦੇ ਸਾਂ, ਜਿਸ ਦਾ ਚੇਤਾ ਆਇਸ਼ਾ ਦੁੱਗਲ ਦੇ ਦੇਹਾਂਤ ਨੇ ਕਰਵਾ ਦਿੱਤਾ ਹੈ। ਆਇਸ਼ਾ ਮੁਸਲਿਮ ਪਰਿਵਾਰ ਵਿਚੋਂ ਸੀ। ਉਸ ਨੇ ਦੁੱਗਲ ਨਾਲ ਵਿਆਹ ਕੀਤਾ ਸੀ ਤੇ ਉਸ ਦੀ ਭੈਣ ਸੁਲਤਾਨਾ ਨੇ ਉਰਦੂ ਅਦੀਬ ਅਲੀ ਸਰਦਾਰ ਜਾਫਰੀ ਨਾਲ। ਉਹ ਬੱਚਾ ਰੋਗਾਂ ਦੀ ਡਾਕਟਰ ਸੀ। ਚੰਗੀ ਸੂਰਤ ਤੇ ਸੀਰਤ ਵਾਲੀ। ਮੇਰੀ ਡਾਕਟਰ ਪਤਨੀ ਨੂੰ ਚਾਹੁਣ ਵਾਲੀ। ਬੜੇ ਤਪਾਕ ਨਾਲ ਮਿਲਦੀ ਸੀ, ਪਰ ਉਸ ਦਾ ਸਹੁਰਾ ਪਿੰਡ ਵੇਖਣਾ ਸੌਖਾ ਨਹੀਂ ਸੀ। ਉਹ ਪਿੰਡ ਰਾਵਲਪਿੰਡੀ ਦੀ ਛਾਉਣੀ ਵਿਚ ਪੈਂਦਾ ਸੀ ਤੇ ਸਾਡੇ ਕੋਲ ਛਾਉਣੀ ਦਾਖਲੇ ਦਾ ਪਰਮਿਟ ਨਹੀਂ ਸੀ। ਸਬੱਬ ਨਾਲ ਉਥੇ ਜਾਣ ਸਮੇਂ ਮੇਰੇ ਨਾਲ ਜਗਦੇਵ ਸਿੰਘ ਜੱਸੋਵਾਲ ਵਰਗਾ ਦੀਵਾਨਾ ਵੀ ਆ ਰਲਿਆ ਸੀ। ਪ੍ਰੋਟੋਕਾਲ ਅਫਸਰ ਨੇ ਬੜੇ ਅਦਬ ਨਾਲ ਮਜਬੂਰੀ ਜਤਾਈ, ਪਰ ਜੱਸੋਵਾਲ ਹਥਿਆਰ ਸੁੱਟਣ ਵਾਲੀ ਹਸਤੀ ਨਹੀਂ ਸੀ। ਉਸ ਨੇ ਇੱਕ ਅਸਰ-ਰਸੂਖ ਵਾਲਾ ਬੰਦਾ ਲੱਭ ਲਿਆ। ਗੱਡੀ ਵੀ ਉਸ ਦੀ ਆਪਣੀ ਸੀ। ਉਸ ਨੇ ਹੌਸਲਾ ਦਿੱਤਾ ਕਿ ਉਹ ਸਾਨੂੰ ਧਮਿਆਲ ਘੁਮਾ ਲਿਆਵੇਗਾ, ਪਰ ਜਿੱਧਰ ਵੀ ਜਾਈਏ, ਪਾਕਿਸਤਾਨੀ ਸਿਪਾਹੀ ਰੋਕ ਲੈਣ। ਗੱਡੀ ਵਾਲਾ ਮਿੱਤਰ ਹੌਸਲਾ ਹਾਰਨ ਵਾਲਾ ਨਹੀਂ ਸੀ। ਉਸ ਨੇ ਸੋਚਿਆ ਵੀਹ-ਪੰਝੀ ਮੀਲ ਦਾ ਫੇਰਾ ਪਾ ਕੇ ਪਿਛਲੇ ਪਾਸਿਓਂ ਦੀ ਧਮਿਆਲ ਲੈ ਵੜੇਗਾ।
ਪਰ ਫੌਜੀ ਦੂਰ ਦੂਰ ਤਕ ਬੈਠੇ ਸਨ। ਛਾਉਣੀ ਦਾ ਇਲਾਕਾ ਸੀ ਤੇ ਅਸੀਂ ਦਾੜ੍ਹੀ ਪਗੜੀ ਵਾਲੇ ਪੂਰੇ ਸੂਰੇ ਸਿੱਖ ਸਰਦਾਰ। ਪਾਕਿਸਤਾਨ ਵਾਲੇ ਹੋਰ ਕਿਸੇ ਨੂੰ ਪਛਾਣਨ ਭਾਵੇਂ ਨਾ, ਪਰ ਸਿੱਖ ਸਰਦਾਰਾਂ ਨੂੰ ਜ਼ਰੂਰ ਪਛਾਣਦੇ ਹਨ। ਸਾਡੀ ਪਛਾਣ ਹੀ ਸਾਡੀ ਦੁਸ਼ਮਣ ਬਣ ਗਈ। ਸੌ ਸਬੀਲਾਂ ਦੇ ਬਾਵਜੂਦ ਧਮਿਆਲ ਨਹੀਂ ਦੇਖ ਸਕੇ। ਉਹ ਮਿੱਟੀ ਵੀ ਨਹੀਂ, ਜਿਸ ਵਿਚ ਮੋਹਣ ਸਿੰਘ ਤੇ ਦੁੱਗਲ ਅਪਣੇ ਬਚਪਨ ਵਿਚ ਖੇਡਦੇ ਰਹੇ ਸਨ। ਉਹ ਮਿੱਟੀ ਸਕੇ ਸ਼ਰੀਕਾਂ ਦੇ ਵੱਸ ਪੈ ਚੁਕੀ ਸੀ। ਪਾਕਿਸਤਾਨੀ ਸਾਡੇ ਗਵਾਂਢੀ ਹਨ ਤੇ ਸ਼ਰੀਕ ਵੀ।
ਅੰਤਿਕਾ: ਸੁਰਿੰਦਰ ਸੋਹਲ
ਬਿਖਰਾ ਦਾ ਤਾਂ ਧਰਮ ਹੈ
ਹਰ ਹਾਲ ਵਿਚ ਵੰਡਣਾ ਸਕੂਨ
ਛਾਂ ‘ਚ ਬਹਿ, ਜਾ ਸੇਕ ਲੈ
ਜਾਂ ਫਿਰ ਬਣਾ ਇਸ ਦੀ ਰਬਾਬ।