ਬਲਜੀਤ ਬਾਸੀ
ਪਿਛਲੇ ਦਿਨੀਂ ‘ਪੰਜਾਬੀ ਲੇਖਕ’ ਦੀ ਵੈਬਸਾਈਟ ‘ਤੇ ਝਾਤੀ ਮਾਰਦਿਆਂ ਮੇਰੀ ਨਜ਼ਰ ਜਤਿੰਦਰ ਸਿੰਘ ਔਲਖ ਦੇ ਇਕ ਲੇਖ ‘ਤੇ ਪਈ ਜਿਸ ਵਿਚ ਉਸ ਨੇ 2-3 ਪੰਜਾਬੀ ਸ਼ਬਦਾਂ ਦੇ ਮੁਢਲੇ ਅਰਥ ਦੱਸੇ ਸਨ। ਉਨ੍ਹਾਂ ਸ਼ਬਦਾਂ ਵਿਚੋਂ ਇੱਕ ਸੀ ਕਜੀਆ। ਇਸ ਸ਼ਬਦ ਦਾ ਉਸ ਨੇ ਬੜਾ ਸਰਸਰੀ ਜਿਹੇ ਢੰਗ ਨਾਲ ਹੀ ਨਿਬੇੜਾ ਕੀਤਾ ਸੀ। ਮੈਂ ਸੋਚਿਆ, ਮੌਕਾ ਸੰਭਾਲੀਏ ਤੇ ਇਸ ਸ਼ਬਦ ਦੇ ਬਖੀਏ ਉਧੇੜੀਏ। ਕਿਸੇ ਸ਼ਬਦ ਦਾ ਖੁਰਾ ਖੋਜ ਲਭਣਾ ਜਾਂ ਤਕਨੀਕੀ ਸ਼ਬਦਾਵਲੀ ਵਿਚ ਸ਼ਬਦ ਦੀ ਨਿਰੁਕਤੀ ਕਰਨ ਦਾ ਆਸ਼ਾ ਹੁੰਦਾ ਹੈ, ਉਸ ਸ਼ਬਦ ਦੀਆਂ ਜੜ੍ਹਾਂ ਤੱਕ ਜਾਣਾ। ਉਸ ਤੋਂ ਬਣੇ ਅਤੇ ਉਸ ਦੇ ਹੋਰ ਭਾਸ਼ਾਵਾਂ ਵਿਚ ਬੈਠੇ ਸਕੇ ਸੋਹਦਰੇ ਲਭਣੇ। ਇਸ ਤਰ੍ਹਾਂ ਕਰਨ ਨਾਲ ਕਿਸੇ ਖਾਸ ਸ਼ਬਦ ਬਾਰੇ ਦਿੱਤਾ ਪਿਛੋਕੜ ਮੰਨਣਯੋਗ ਹੁੰਦਾ ਹੈ। ਹਥਲੇ ਸ਼ਬਦ ਦੀ ਹੀ ਉਦਾਹਰਣ ਲਓ। ਜੇ ਮੈਂ ਕਹਾਂ ਕਿ ਕਜੀਆ ਦਾ ਮੁਢਲਾ ਅਰਥ ਮੁਕੱਦਮਾ ਹੁੰਦਾ ਹੈ ਤਾਂ ਏਨੇ ਨਾਲ ਗੱਲ ਨਹੀਂ ਬਣਦੀ। ਤੁਹਾਨੂੰ ਇਸ ਦਾ ਅੱਗਾ ਪਿੱਛਾ ਫਰੋਲ ਕੇ ਆਪਣੇ ਵਲੋਂ ਕੀਤੇ ਅਰਥਾਪਣ ਨੂੰ ਜਾਇਜ਼ ਠਹਿਰਾਉਣਾ ਹੋਵੇਗਾ। ਚਲੋ ਅੱਜ ਕਜੀਆ ਸ਼ਬਦ ਨੂੰ ਇਸ ਪ੍ਰਕਿਰਿਆ ਵਿਚੋਂ ਲੰਘਾਉਂਦੇ ਹਾਂ। ਸਭ ਤੋਂ ਪਹਿਲਾਂ ਇਸ ਦੀ ਵਰਤੋਂ ਦੇ ਨਮੂਨੇ ਦੇਖ ਲਈਏ,
ਇੱਕ ਵਾਰੀਂ ਜਦ ਉਹ ਪਰਦੇਸੋਂ ਆਇਆ,
ਤੇ ਟੁਰਨ ਦੇ ਵੇਲੇ ਮੈਂ ਕਜੀਆ ਪਾਇਆ।
ਚੰਨਾ ਵੇ ਸੁਣ ਲੈ, ਮੈਂ ਜਾਣ ਨ੍ਹੀਂ ਦੇਣਾ।
ਕਿਓਂ ਜਾਣ ਨ੍ਹੀਂ ਦੇਣਾ?
ਮੇਰੀ ਵੀ ਜ਼ਿਦ ਹੈ, ਮੈਂ ਜਾਣ ਨ੍ਹੀਂ ਦੇਣਾ।
-ਕਰਤਾਰ ਸਿੰਘ ਗਿਆਨੀ।
ਪ੍ਰਸਿਧ ਖੇਡ ਲੇਖਕ ਸਰਵਣ ਸਿੰਘ ਨੇ ਕਿਤੇ ਲਿਖਿਆ ਹੈ, “ਆਹ ਧੂਫਾਂ ਬੱਤੀਆਂ ਵਾਲਾ ਕਜੀਆ ਈ ਕਮਲੇ ਕਰੀ ਰੱਖਦੈ। ਅਸੀਂ ਤਾਂ ਸਿੱਧਾ ਠੇਕਾ ਈ ਮੁਕਾ ਲਿਆ। ਵਿਚੇ ਲੰਗਰ, ਵਿਚੇ ਖਾਣ ਪੀਣ ਤੇ ਵਿਚੇ ਲਾਗੀਆਂ ਦਾ ਲੈਣ ਦੇਣ। ਦੋ ਹਜ਼ਾਰ ਡਾਲਰ ‘ਚ ਕਾਰਜ ਫਤਿਹ! ਅਜਿਹੇ ਪਾਠਾਂ ‘ਚ ਸਿੱਖੀ, ਸੇਵਾ, ਸਿਮਰਨ ਤੇ ਗੁਰਬਾਣੀ ਨੂੰ ਸਮਝਣ ਵਾਲੀ ਕੋਈ ਗੱਲ ਨਹੀਂ ਹੁੰਦੀæææ।” ਪ੍ਰਬੁਧ ਲੇਖਕ ਨੇ ਕਜੀਆ ਦੇ ਨਾਲ ਹੀ ਕਾਰਜ ਜਿਹੇ ਸ਼ਬਦ ਦੀ ਵਰਤੋਂ ਕਰਕੇ ਵਧੀਆ ਅਨੁਪ੍ਰਾਸ ਪੈਦਾ ਕੀਤਾ ਹੈ ਪਰ ਉਸ ਦੇ ਇਸ ਜਤਨ ਨਾਲ ਭੁਲੇਖਾ ਪੈਂਦਾ ਹੈ ਕਿ ਕਜੀਆ ਸ਼ਬਦ ਸ਼ਾਇਦ ਕਾਰਜ ਦਾ ਹੀ ਕੋਈ ਵਿਗੜਿਆ ਰੂਪ ਹੈ। ਕਿਸੇ ਵੀ ਸ਼ਬਦ ਦਾ ਇਤਿਹਾਸ ਫੋਲਣ ‘ਤੇ ਪਤਾ ਲਗਦਾ ਹੈ ਕਿ ਸ਼ਬਦ ਦੇ ਅਰਥ ਕਦੇ ਬੱਝਵੇਂ ਨਹੀਂ ਹੁੰਦੇ। ਅਕਸਰ ਹੀ ਸ਼ਬਦਾਂ ਦੇ ਅਰਥਾਂ ਵਿਚ ਉਨਤੀ ਜਾਂ ਨਿਘਾਰ ਆ ਜਾਂਦਾ ਹੈ। ਪਰ ਕਜੀਆ ਦੇ ਸਬੰਧ ਵਿਚ ਇਹ ਮਾਮਲਾ ਨਹੀਂ ਹੈ, ਕਜੀਆ ਦਾ ਕਾਰਜ ਨਾਲ ਕੋਈ ਸਬੰਧ ਹੀ ਨਹੀਂ ਹੈ।
ਕਜੀਆ ਸ਼ਬਦ ਦਾ ਜੋ ਅਰਥ ਅਸੀਂ ਪੰਜਾਬੀ ਸਮਝਦੇ ਹਾਂ ਉਹ ਹੈ, ਝਗੜਾ, ਬਖੇੜਾ, ਪੁਆੜਾ। ਇਹ ਸ਼ਬਦ ਅਰਬੀ ਅਸਲੇ ਦਾ ਹੈ ਤੇ ਇਸ ਭਾਸ਼ਾ ਵਿਚ ਇਸ ਦਾ ਰੂਪ ਹੈ-ਕਜ਼ੀਅਹ। ਇਸ ਤਰ੍ਹਾਂ ਸ਼ਬਦਾਂ ਦੇ ਤਤਸਮ ਰੂਪਾਂ ਪ੍ਰਤੀ ਰੁਚਿਤ ਪੜ੍ਹੇ ਲਿਖੇ ਇਸ ਨੂੰ ਕਜ਼ੀਆ ਵਾਂਗ ਉਚਾਰਨ ਤੇ ਲਿਖਣ ਨੂੰ ਤਰਜੀਹ ਦਿੰਦੇ ਹਨ। ਮੁਢਲੇ ਤੌਰ ‘ਤੇ ‘ਜ਼’ ਧੁਨੀ ਪੰਜਾਬੀ ਵਿਚ ਮੌਜੂਦ ਨਹੀਂ ਸੀ, ਇਸ ਲਈ ਇਸ ਦਾ ਆਮ ਲੋਕਾਂ ਵਿਚ ਕਜੀਆ ਰੂਪ ਹੀ ਪ੍ਰਚਲਿਤ ਹੈ। ਉਂਜ ਵੀ ਇਸ ਦੇ ਪੰਜਾਬੀ ਵਿਚ ਕੁਝ ਅਰਥ ਬਦਲ ਗਏ ਹਨ, ਇਸ ਲਈ ਮੇਰੇ ਖਿਆਲ ਵਿਚ ਇਸ ਸ਼ਬਦ ਦੀ ਕਜੀਆ ਵਜੋਂ ਵਰਤੋਂ ਹੀ ਯੋਗ ਹੈ। ਨਵੀਂ ਪੀੜੀ ਦਾ ਤਾਂ ਇਹ ਹਾਲ ਹੈ ਕਿ ਜਿਥੇ ‘ਜ’ ਧੁਨੀ ਵਰਤੀ ਜਾਣੀ ਚਾਹੀਦੀ ਹੈ, ਉਥੇ ਇਹ ‘ਜ਼’ ਲਿਖਦੀ ਹੈ। ਮਿਸਾਲ ਵਜੋਂ ਮਜਬੂਰ ਦੀ ਥਾਂ ਤੇ ਮਜ਼ਬੂਰ।
ਅਰਬੀ ਭਾਸ਼ਾ ਵਿਚ ਕਜੀਆ ਦੇ ਅਰਥ ਹੁੰਦੇ ਹਨ, ਮੁਕੱਦਮਾ। ਤੁਹਾਡਾ ਵੀ ਮਾੜਾ ਮੋਟਾ ਤਜਰਬਾ ਜ਼ਰੂਰ ਹੋਵੇਗਾ, ਮੁਕੱਦਮੇਬਾਜ਼ੀ ਵਿਚ ਜੇ ਬੰਦਾ ਫਸ ਜਾਏ ਤਾਂ ਇਸ ਵਿਚੋਂ ਨਿਕਲਣਾ ਮੁਸ਼ਕਿਲ ਹੁੰਦਾ ਹੈ। ਇਸ ਲਈ ਕਜੀਆ ਸ਼ਬਦ ਵਿਚ ਟੰਟਾ, ਜਭ ਆਦਿ ਭਾਵ ਰਚ ਗਏ, ਬਲਕਿ ਪੰਜਾਬੀਆਂ ਲਈ ਇਹੋ ਮੁਖ ਅਰਥ ਹੈ। ਅਰਬੀ ਵਿਚ ਹੀ ਇਸ ਸ਼ਬਦ ਦੇ ਅਰਥ ਹਨ-ਮੰਤਵ, ਮਨੋਰਥ, ਮੁਕੱਦਮਾ, ਝਗੜਾ, ਹੁਕਮ, ਆਦੇਸ਼। ਕਜ਼ੀਆ ਅਸਲ ਵਿਚ ਉਹ ਮੁਕੱਦਮਾ ਹੈ ਜੋ ਕਾਜ਼ੀ ਅੱਗੇ ਪੇਸ਼ ਕੀਤਾ ਜਾਏ। ਇਥੇ ਇਹ ਦੱਸਣਾ ਬਣਦਾ ਹੈ ਕਿ ਕਾਜ਼ੀ ਸ਼ਬਦ ਵੀ ਕਜ਼ੀਆ ਦਾ ਹੀ ਸਕਾ ਹੈ। ਕੁਝ ਭਾਸ਼ਾਵਾਂ ਜਿਵੇਂ ਪੰਜਾਬੀ ਆਦਿ ਵਿਚ ਕਾਜ਼ੀ ਦਾ ਕਾਜੀ ਤਾਂ ਬਣਦਾ ਹੀ ਹੈ, ਇਸ ਦਾ ਕਾਦੀ ਰੂਪ ਵੀ ਪ੍ਰਚਲਿਤ ਹੈ। ਇਸ ਦਾ ਕਾਰਨ ਇਹ ਹੈ ਕਿ ਅਰਬੀ ਦੀ ‘ਜ਼ਾਲ’ ਅੱਖਰ ਨਾਲ ਪ੍ਰਗਟ ਕੀਤੀ ਜਾਂਦੀ ਧੁਨੀ ਇਨ੍ਹਾਂ ਭਾਸ਼ਾਵਾਂ ਵਿਚ ‘ਦ’ ਦੀ ਤਰ੍ਹਾਂ ਸੁਣਾਈ ਦਿੰਦੀ ਹੈ। ਅਰਬੀ ਕਾਗ਼ਜ਼ ਵੀ ਇਨ੍ਹਾਂ ਕਾਰਨਾਂ ਕਰਕੇ ਪੁਰਾਣੀ ਪੰਜਾਬੀ ਵਿਚ ਕਾਗਦ ਬੋਲਿਆ ਲਿਖਿਆ ਜਾਂਦਾ ਸੀ।
ਕਾਜ਼ੀ ਅਸਲ ਵਿਚ ਇਸਲਾਮੀ ਜੱਜ ਹੈ ਜਿਸ ਦੀ ਮੁਖ ਜ਼ਿੰਮੇਵਾਰੀ ਇਸਲਾਮ ਧਰਮ ਨਾਲ ਸਬੰਧਤ ਮਸਲਿਆਂ ਨੂੰ ਨਜਿੱਠਣਾ ਹੈ, “ਕਾਜ਼ੀ ਹੋਇ ਬਹੈ ਨਿਆਇ” -ਗੁਰੂ ਨਾਨਕ ਦੇਵ। ਕਾਜ਼ੀ ਇਸਲਾਮਿਕ ਵਿਦਿਆ ਦਾ ਗਿਆਤਾ ਹੋਣਾ ਚਾਹੀਦਾ ਹੈ। ਉਸ ਦੇ ਫੈਸਲੇ ਸ਼ਰੀਅਤ ਅਨੁਸਾਰ ਹੋਣੇ ਲਾਜ਼ਮੀ ਹਨ। ਕਾਜ਼ੀ ਦੇ ਫੈਸਲੇ ਵਿਰੁਧ ਕੋਈ ਅਪੀਲ ਨਹੀਂ ਹੋ ਸਕਦੀ। ਕਾਜ਼ੀ ਕਿਸੇ ਤੋਂ ਨਜ਼ਰਾਨਾ ਨਹੀਂ ਲੈ ਸਕਦਾ ਤੇ ਨਾ ਹੀ ਲਾਹੇਵੰਦ ਵਪਾਰ ਕਰ ਸਕਦਾ ਹੈ। ਫਿਰ ਵੀ ਕਾਜੀਆਂ ਦਾ ਇਤਿਹਾਸ ਭ੍ਰਿਸ਼ਟਾਚਾਰ ਨਾਲ ਭਰਿਆ ਪਿਆ ਹੈ। ਭਾਰਤ ਵਿਚ ਮੁਸਲਮਾਨੀ ਰਾਜ ਸਮੇਂ ਕਾਜ਼ੀਆਂ ਦੇ ਭ੍ਰਿਸ਼ਟ ਵਤੀਰੇ ਨੂੰ ਵਾਚਦਿਆਂ ਗੁਰੂ ਨਾਨਕ ਸਾਹਿਬ ਨੇ ਅਸਲੀ ਕਾਜ਼ੀ ਬਾਰੇ ਲਿਖਿਆ ਹੈ,
ਕਾਜੀ ਸੋ ਜੋ ਉਲਟੀ ਕਰੈ॥
ਗੁਰ ਪਰਸਾਦੀ ਜੀਵਤੁ ਮਰੈ॥
ਅਰਥਾਤ ਕਾਜ਼ੀ ਉਹ ਹੈ ਜੋ ਸੁਰਤ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ, ਜੋ ਗੁਰੂ ਦੀ ਕਿਰਪਾ ਨਾਲ ਦੁਨਿਆਵੀ ਖਾਹਸ਼ਾਂ ਤੋਂ ਨਿਰਲੇਪ ਰਹਿੰਦਾ ਹੈ। ਇਸੇ ਪਦ ਵਿਚ ਅੱਗੇ ਲਿਖਿਆ ਹੈ,
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਅਰਥਾਤ ਇਸਲਾਮ ਧਰਮ ਦਾ ਨੇਤਾ ਕਾਜ਼ੀ ਵੱਢੀ ਲੈ ਕੇ ਝੂਠ ਬੋਲਦਾ ਹੈ ਅਤੇ ਬ੍ਰਾਹਮਣ ਹੋਰਨਾਂ ਨੂੰ ਦੁਖੀ ਕਰਕੇ ਤੀਰਥ ਇਸ਼ਨਾਨ ਕਰਦਾ ਹੈ। ਧਿਆਨ ਦਿਓ, ਗੁਰੂ ਨਾਨਕ ਦੇਵ ਦੇ ਇਕੋ ਪਦ ਵਿਚ ਕਾਜੀ ਅਤੇ ਕਾਦੀ ਸ਼ਬਦ ਆਏ ਹਨ। ਟੀਕਾਕਾਰ ਅਜਿਹੀ ਵਿਸੰਗਤੀ ਦੀ ਕੋਈ ਵਿਆਖਿਆ ਨਹੀਂ ਕਰਦੇ!
ਵੱਖ ਵੱਖ ਇਸਲਾਮੀ ਦੇਸ਼ਾਂ ਵਿਚ ਕਾਜ਼ੀ ਦੇ ਕਰਤਵ ਵੱਖ ਵੱਖ ਹਨ। ਭਾਰਤ ਵਿਚ ਮੁਸਲਮਾਨੀ ਸ਼ਾਸਨ ਦੌਰਾਨ ਕਾਜ਼ੀ ਕੋਲ ਪ੍ਰਸ਼ਾਸਨਕ, ਨਿਆਇਕ ਅਤੇ ਵਿਤੀ ਸ਼ਕਤੀਆਂ ਹਾਸਿਲ ਸਨ। ਉਸ ਕੋਲ ਆਪਣੇ ਫੈਸਲੇ ਲਾਗੂ ਕਰਵਾਉਣ ਲਈ ਸੈਨਾ ਦੀ ਟੁਕੜੀ ਵੀ ਹੁੰਦੀ ਸੀ। ਭਾਰਤੀ ਖਿੱਤੇ ਵਿਚ ਜਾਤੀ ਪ੍ਰਥਾ ਦਾ ਵਿਆਪਕ ਪ੍ਰਚਲਨ ਹੋਣ ਕਾਰਨ ਕਈ ਹਾਲਤਾਂ ਵਿਚ ਇਥੇ ਕਾਜ਼ੀ ਦਾ ਰੁਤਬਾ ਪਿਤਾ ਪੁਰਖੀ ਹੋ ਗਿਆ। ਸਮਾਂ ਬੀਤਣ ਨਾਲ ਤਾਂ ਇਹ ਪਰਿਵਾਰਕ ਨਾਮ ਦਾ ਹਿੱਸਾ ਹੀ ਬਣ ਗਿਆ। ਇਨ੍ਹਾਂ ਪਰਿਵਾਰਾਂ ਨੂੰ ਮਿਲੀ ਜੱਦੀ ਜ਼ਮੀਨ ‘ਤੇ ਵੀ ਇਨ੍ਹਾਂ ਦਾ ਕਬਜ਼ਾ ਬਰਕਰਾਰ ਹੈ। ਮੁਸਲਮਾਨਾਂ ਵਿਚ ਕਈ ਕਾਜ਼ੀ ਪਰਿਵਾਰ ਮਿਲਦੇ ਹਨ। ਬੰਗਾਲ ਦੇ ‘ਬਿਦਰੋਹੀ ਕੋਬੀ’ (ਵਿਦਰੋਹੀ ਕਵੀ) ਕਾਜ਼ੀ ਨਾਜ਼ਮ ਹਿਕਮਤ ਦੇ ਵਡੇਰੇ ਕਾਜ਼ੀ ਸਨ। ਖੁਦ ਨਾਜ਼ਮ ਹਿਕਮਤ ਦੀ ਮੁਢਲੀ ਵਿਦਿਆ ਮਸੀਤ ਵਿਚ ਹੋਈ। ਕਮੇਡੀਅਨ ਜੌਹਨੀ ਲੀਵਰ ਦਾ ਅਸਲੀ ਨਾਂ ‘ਬਦਰੂਦੀਨ ਕਾਜ਼ੀ’ ਹੈ। ਉਹ ਹਿੰਦੁਸਤਾਨ ਲੀਵਰ ਕੰਪਨੀ ਵਿਚ ਕੰਮ ਕਰਦਾ ਸੀ। ਉਥੇ ਉਸ ਨੇ ਇਕ ਸ਼ੋਅ ਦੌਰਾਨ ਆਪਣੀ ਕਾਮੇਡੀ ਦੇ ਉਹ ਜੌਹਰ ਦਿਖਾਏ ਕਿ ਯੂਨੀਅਨ ਦੇ ਲੀਡਰ ਨੇ ਉਸ ਦਾ ਨਾਂ ਜੌਹਨੀ ਲੀਵਰ ਧਰ ਦਿੱਤਾ। ਕਾਜ਼ੀ ਅਲ ਹਾਜਾਤ ਪਰਮਾਤਮਾ ਨੂੰ ਕਹਿੰਦੇ ਹਨ। ਉਂਜ ‘ਜੌਨਪੁਰ ਕਾ ਕਾਜ਼ੀ’ ਮੁਹਾਵਰੇ ਦਾ ਅਰਥ ਹੁੰਦਾ ਹੈ ਮੂਰਖ ਵਿਅਕਤੀ। ਬੁਲ੍ਹੇ ਸ਼ਾਹ ਨੇ ਕਾਜ਼ੀ ਸ਼ਬਦ ਵਰਤਿਆ ਹੈ,
ਕਿਤੇ ਚੋਰ ਬਣੇ ਕਿਤੇ ਕਾਜ਼ੀ ਹੋ
ਕਿਤੇ ਮਿੰਬਰ ਤੇ ਬਹਿ ਵਾਜ਼ੀ ਹੋ
ਕਿਤੇ ਤੇਗ ਬਹਾਦਰ ਗਾਜ਼ੀ ਹੋ
ਆਪੇ ਅਪਨਾ ਕਟਕ ਬਨਾਈ ਦਾ
ਹੁਣ ਕਿਸ ਤੋਂ ਆਪ ਲੁਕਾਈ ਦਾ।
ਡਾਕਟਰ ਜਗਤਾਰ ਅਨੁਸਾਰ ਉਪਰੋਕਤ ਵਿਚ ਤੇਗ ਬਹਾਦਰ ਦਾ ਜ਼ਿਕਰ ਦਰਅਸਲ ਗੁਰੂ ਤੇਗ ਬਹਾਦਰ ਵੱਲ ਹੀ ਇਸ਼ਾਰਾ ਹੈ ਪਰ ਇਹ ਦਾਅਵਾ ਸ਼ੱਕੀ ਹੈ।
ਅਰਬੀ ਅਸਲੇ ਵਾਲੇ ਲਫ਼ਜ਼ ਕਾਜ਼ੀ ਜਾਂ ਕਜ਼ੀਆ ਸ਼ਬਦ ਦਾ ਧਾਤੂ ‘ਕਜ਼ੀ’ ਹੈ ਜਿਸ ਦਾ ਅਰਥ ਆਦੇਸ਼ ਦੇਣਾ, ਹੁਕਮ ਕਰਨਾ, ਨੀਯਤ ਕਰਨਾ ਹੈ। ਕਾਜ਼ੀ ਆਪਣੇ ਫੈਸਲੇ ਦਾ ਹੁਕਮ ਹੀ ਕਰਦਾ ਹੈ। ਇਸ ਧਾਤੂ ਤੋਂ ਇਕ ਹੋਰ ਅਹਿਮ ਸ਼ਬਦ ਬਣਿਆ ਹੈ ‘ਕਜ਼ਾ’ ਜਿਸ ਦੀ ਕਵਿਤਾ ਵਿਚ ਬਹੁਤ ਵਰਤੋਂ ਹੁੰਦੀ ਹੈ। ਇਸ ਸ਼ਬਦ ਨੂੰ ਅਸੀਂ ਮੌਤ ਦੇ ਅਰਥਾਂ ਵਿਚ ਜਾਣਦੇ ਹਾਂ,
ਦਰਦ ਤੋ ਹੈ ਪਰ ਕਜ਼ਾ ਨਹੀਂ ਹੈ
ਤੇਰੇ ਸਾਥ ਹੈ ਦੁਨੀਆ ਮੁੱਠੀ ਮੇਂ
ਵਰਨਾ ਕੋਈ ਮਜ਼ਾ ਨਹੀਂ ਹੈ।
ਜ਼ੌਕ ਨੇ ਸਹੀ ਫਰਮਾਇਆ ਹੈ,
ਲਾਈ ਹਯਾਤ ਆਏ ਕਜ਼ਾ ਲੇ ਚਲੀ ਚਲੇ
ਅਪਨੀ ਖੁਸ਼ੀ ਸੇ ਆਏ ਨਾ ਅਪਨੀ ਖੁਸ਼ੀ ਸੇ ਚਲੇ।
ਬਿਹਤਰ ਤੋ ਹੈ ਯਹੀ ਕਿ ਨਾ ਦੁਨੀਆ ਸੇ ਦਿਲ ਲਗੇ
ਪਰ ਕਿਆ ਕਰੇਂ ਜੋ ਕਾਮ ਨਾ ਬੇਦਿਲ ਲਗੀ ਚਲੇ।
ਕਜ਼ਾ ਦਾ ਅਰਥ ਕਾਜ਼ੀ ਦੀ ਪਦਵੀ ਜਾਂ ਕਾਰਜ ਵੀ ਹੈ। ਇਸ ਨੂੰ ਅਸੀਂ ਕਾਜ਼ੀਪੁਣਾ ਵੀ ਕਹਿ ਸਕਦੇ ਹਾਂ। ਅਸਲ ਵਿਚ ਤਾਂ ਕਜ਼ਾਂ ਦਾ ਵੀ ਮੁਢਲਾ ਅਰਥ ਈਸ਼ਵਰ ਦਾ ਹੁਕਮ ਹੈ। ਧਾਰਮਿਕ ਵਿਚਾਰਧਾਰਾ ਅਨੁਸਾਰ ਮੌਤ ਰੱਬ ਦਾ ਹੁਕਮ ਹੀ ਸਮਝੀ ਜਾਂਦੀ ਹੈ। ਜਿਵੇਂ ਭਾਣਾ ਦਾ ਅਰਥ ਵੀ ਮਨੁਖ ਨੂੰ ਦਰਪੇਸ਼ ਦੁਖਾਂਤਕ ਸਥਿਤੀ ਹੋ ਜਾਂਦਾ ਹੈ। ਅਸੀਂ ਭਾਣਾ ਸ਼ਬਦ ਕਦੇ ਚੰਗੇ ਅਰਥਾਂ ਵਿਚ ਘਟ ਹੀ ਵਰਤਦੇ ਹਾਂ। ਕਜ਼-ਏ-ਇਲਾਹੀ ਅਸਲ ਵਿਚ ਈਸ਼ਵਰ ਦਾ ਭਾਣਾ ਹੁੰਦਾ ਹੈ। ਕਜ਼ਾ ਦਾ ਅਰਥ ਉਹ ਨਮਾਜ਼ ਹੈ ਜੋ ਨੀਯਤ ਸਮੇਂ ਤੋਂ ਪਿਛੋਂ ਕੀਤੀ ਜਾਵੇ। ਇਸ ਲਈ ‘ਨਮਾਜ਼ ਕਜ਼ਾ ਹੋਣਾ’ ਮੁਹਾਵਰਾ ਰੂੜ ਹੋ ਗਿਆ ਹੈ। ਪੱਛਮੀ ਪੰਜਾਬ ਵਿਚ ਕਜ਼ਾ ਦਾ ਇਕ ‘ਵਿਗੜਿਆ’ ਰੂਪ ‘ਕਜ’ ਵੀ ਮਿਲਦਾ ਹੈ ਜਿਸ ਦਾ ਵਿਸ਼ੇਸ਼ ਅਰਥ ਹੈ, ਨੀਯਤ ਸਮੇਂ ਤੋਂ ਬਾਅਦ ਵਿਚ ਨਮਾਜ਼ ਅਦਾ ਕਰਨੀ। ‘ਕਜ ਕਰਨੀ’ ਮੁਹਾਵਰੇ ਦਾ ਅਰਥ ਹੈ, ਜ਼ਿਦ ਕਰਨੀ ਖਾਸ ਤੌਰ ‘ਤੇ ਗਲਤ ਕੰਮ ਦੀ। ‘ਕਾਜ਼ੀਏ ਚਰਖ’ ਬ੍ਰਹਿਸਪਤੀ ਗ੍ਰਹਿ ਨੂੰ ਆਖਦੇ ਹਨ। ‘ਕਾਜ਼ੀਅਤ ਅਲ ਮੌਤ’ ਦਾ ਅਰਥ ਮੌਤ ਦੀ ਸਜ਼ਾ ਹੁੰਦਾ ਹੈ। ‘ਕਾਜ਼ੀ ਕਾ ਧਗੜਾ’ ਦਾ ਮਤਲਬ ਹੈ, ਮੈਂ ਕਿਸੇ ਨੂੰ ਕੀ ਸਮਝਦਾ ਹਾਂ, ਮੇਰੀ ਜਾਣੇ ਬਲਾ।
Leave a Reply