‘ਬੰਬ’ ਹੋਇਆ ਠੁੱਸ!

ਜਦੋਂ ਤੋਂ ਅਕਾਲੀ ਦਲ ਬਣਿਆ ‘ਬਾਦਲ ਦਲ’, ਆਪਣੇ ਸਿਧਾਂਤ ਦੀ ਹੀ ਲੀਹੋਂ ਥੱਲੇ ਲਹਿ ਗਿਆ।
ਮਾਨਵੀ ਹੱਕਾਂ ਲਈ ਕਦੇ ਜੂਝਦਾ ਰਿਹਾ ਸੀ ਦਲ, ਫਾਸ਼ੀਵਾਦੀਆਂ ਦੇ ਅੱਗੇ ਗੋਡੇ ਟੇਕ ਢਹਿ ਗਿਆ।
ਮੰਗੂ ਮੱਠ, ਗੋਦੜੀ ਗਿਆਨ ਗੁਰਧਾਮ ਢੁਹਾਏ, ਲੰਗਰਾਂ ‘ਤੇ ਲੱਗਿਆ ‘ਜਜੀਆ’ ਵੀ ਸਹਿ ਗਿਆ।
ਗਲਾ ਘੁੱਟ ਹੁੰਦਾ ਘੱਟਗਿਣਤੀਆਂ ਦਾ ਦੇਖ ਕੇ ਵੀ, ਬਿੱਲੀ ਦੇਖ ਵਾਂਗਰਾਂ ਕਬੂਤਰਾਂ ਦੇ ਛਹਿ ਗਿਆ।
ਆਰਡੀਨੈਂਸਾਂ ਦੇ ਸੋਹਲੇ ਗਾਈ ‘ਭਰਦਾਨ’ ਗਿਆ, ਦੇਖ ਕੇ ਹਾਲਾਤ ਝੱਟ ਝੱਗ ਵਾਂਗੂੰ ਬਹਿ ਗਿਆ।
ਦੇ ਕੇ ਅਸਤੀਫਾ ਚਿੱਤੋਂ ਆਪਣੇ ਚਲਾਇਆ ‘ਬੰਬ’, ਮੀਡੀਏ ‘ਚ ਆਉਂਦਿਆਂ ਹੀ ਠੁੱਸ ਹੋ ਕੇ ਰਹਿ ਗਿਆ।