ਵਜ਼ਾਰਤੀ ‘ਕੁਰਬਾਨੀ’ ਵੀ ਕੰਮ ਨਾ ਆਈ, ਬਾਦਲਾਂ ਦੀ ਘੇਰਾਬੰਦੀ ਜਾਰੀ

ਲੰਬੀ: ਮੋਦੀ ਸਰਕਾਰ ਦਾ ਖੇਤੀ ਬਿੱਲ ਸ਼੍ਰੋਮਣੀ ਅਕਾਲੀ ਦਲ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਲਗਾਤਾਰ ਕਿਸਾਨਾਂ ਦਾ ਦਬਾਅ ਝੱਲ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਆਖਰ ਕੇਂਦਰ ਵਿਚ ਸੱਤਾ ਤੋਂ ਬਾਹਰ ਆਉਣਾ ਪਿਆ ਹੈ। ਖੇਤੀ ਬਿੱਲ ਖਿਲਾਫ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਵਜ਼ਾਰਤ ਨੂੰ ਤਿਆਗਣ ਦਾ ਵੀ ਕਿਸਾਨ ਸੰਘਰਸ਼ ‘ਤੇ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ ਬਾਦਲ ਵਿਚ ਬਾਦਲ ਹਾਊਸ ਅੱਗੇ ਸੰਘਰਸ਼ ਮਘਾਉਂਦਿਆਂ ਛੇ ਰੋਜ਼ਾ ਮੋਰਚੇ ਨੂੰ ਹੁਣ 25 ਸਤੰਬਰ ਤੱਕ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਉਧਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਵਜ਼ੀਰੀ ਤੋਂ ਦਿੱਤੇ ਗਏ ਅਸਤੀਫੇ ਨੂੰ ਜਥੇਬੰਦੀ ਵੱਲੋਂ ਵਿਆਪਕ ਹੋ ਰਹੇ ਕਿਸਾਨ ਰੋਹ ਦੇ ਦਬਾਅ ਥੱਲੇ ਅਕਾਲੀ ਦਲ ਦੀ ਸਿਆਸੀ ਚਮੜੀ ਬਚਾਉਣ ਦੇ ਤਰਲੇ ਵਜੋਂ ਦੇਖਿਆ ਜਾ ਰਿਹਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਹ ਤਰਲਾ ਉਦੋਂ ਤੱਕ ਕਾਮਯਾਬ ਨਹੀਂ ਹੋਵੇਗਾ, ਜਦੋਂ ਤੱਕ ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਨਾਤਾ ਨਹੀਂ ਤੋੜਿਆ ਜਾਂਦਾ।
ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਕਿਸਾਨ ਸੰਘਰਸ਼ ਦੇ ਦਬਾਅ ਦਾ ਸਿੱਟਾ ਦੱਸਿਆ। ਆਗੂਆਂ ਦਾ ਕਹਿਣਾ ਹੈ ਕਿ ਆਰਡੀਨੈਂਸਾਂ ਸਬੰਧੀ ਅੱਜ ਤੱਕ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਦੇ ਗੁਣ ਗਾਉਂਦੀ ਰਹੀ ਹੈ ਅਤੇ ਕਿਸਾਨ ਜਥੇਬੰਦੀਆਂ ‘ਤੇ ਕਿਸਾਨਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲਾਉਂਦੀ ਰਹੀ ਹੈ ਪਰ ਹੁਣ ਜਥੇਬੰਦ ਹੋਏ ਕਿਸਾਨਾਂ ਦਾ ਸੇਕ ਉਨ੍ਹਾਂ ਦੇ ਘਰ ਤੱਕ ਪੁੱਜਣ ਕਾਰਨ ਹੀ ਅਸਤੀਫਾ ਦੇਣ ਦਾ ਸਿਰਫ ਡਰਾਮਾ ਕੀਤਾ ਗਿਆ ਹੈ। ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਜਪਾ ਨਾਲੋਂ ਮੁਕੰਮਲ ਤੌਰ ‘ਤੇ ਗਠਜੋੜ ਨਹੀਂ ਤੋੜਿਆ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਾਂਗਰਸ ਨੂੰ ਇਨ੍ਹਾਂ ਆਰਡੀਨੈਂਸਾਂ ਦੀ ਜੰਮਣ ਭੋਇੰ ਤਿਆਰ ਕਰਨ ਵਾਲੀਆਂ ਨਵੀਆਂ ਨੀਤੀਆਂ ਲਿਆਉਣ ਲਈ ਦੋਸ਼ੀ ਕਰਾਰ ਦਿੱਤਾ।
ਉਧਰ, ਪੰਜਾਬ ਵਿਚ 30 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਆਰਡੀਨੈਂਸਾਂ ਵਿਰੁਧ ਵਿੱਢਿਆ ਸੰਘਰਸ਼ ਤਿੱਖਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜਥੇਬੰਦੀਆਂ ਵੱਲੋਂ 25 ਸਤੰਬਰ ਦੇ ਪੰਜਾਬ ਬੰਦ ਲਈ ਸਮੁੱਚੇ ਸੂਬੇ ਦੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ 23 ਸਤੰਬਰ ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਵੀ ਕੀਤਾ ਹੈ। ਬਾਦਲਾਂ ਦੇ ਜੱਦੀ ਪਿੰਡ ਬਾਦਲ, ਲੰਬੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਚ ਲਗਾਏ ਪੱਕੇ ਮੋਰਚਿਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਕਿਸਾਨ ਜਥੇਬੰਦੀਆਂ ਨੇ ਰਾਜ ਸਭਾ ਵੱਲੋਂ ਜਬਾਨੀ ਵੋਟਾਂ ਨਾਲ ਦੋ ਖੇਤੀ ਬਿੱਲ ਪਾਸ ਕਰਨ ਦੀ ਕਾਰਵਾਈ ਦੀ ਨਿੰਦਾ ਕੀਤੀ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਨੂੰ ਸੌਂਪਣ ਅਤੇ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਹਨ ਅਤੇ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਰੰਟ ਹਨ। ਜਥੇਬੰਦੀਆਂ ਨੇ ਮੰਗ ਕੀਤੀ ਕਿ ਸਵਾਮੀਨਾਥਨ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਲਾਭਕਾਰੀ ਸਮਰਥਨ ਮੁੱਲ ਮਿਥੇ ਜਾਣ, ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀ ਫਾਲਤੂ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ-ਕਿਸਾਨਾਂ ‘ਚ ਵੰਡੀ ਜਾਵੇ, ਕਾਰਪੋਰੇਟ ਘਰਾਣਿਆਂ ਤੇ ਵੱਡੇ ਜਗੀਰਦਾਰਾਂ ‘ਤੇ ਟੈਕਸ ਲਾਏ ਜਾਣ।
___________________________________
ਵੱਡੇ ਬਾਦਲ ਨੇ ਸੰਭਾਲਿਆ ‘ਮੋਰਚਾ’
ਲੰਬੀ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦੇਣ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਉਨ੍ਹਾਂ ਨੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਨ ਬਾਰੇ ਆਪਣੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਪਿੱਠ ਥਾਪੜੀ ਹੈ। ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਟਲ ਬਿਹਾਰੀ ਵਾਜਪਾਈ ਨਾਲ ਸਾਂਝ ਪਾ ਕੇ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਬਣਾਉਣ ਵਾਸਤੇ ਹਮੇਸ਼ਾ ਪੱਬਾਂ ਭਾਰ ਰਹੇ ਸਨ ਅਤੇ ਆਪ ਕਈ ਪਾਰਟੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਐਨ.ਡੀ.ਏ. ‘ਚ ਲਿਆਏ ਸਨ। ਉਨ੍ਹਾਂ ਐਤਕੀਂ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਵਿਚੋਂ ਬਾਹਰ ਹੋਣ ਦੇ ਫੈਸਲੇ ਨੂੰ ਨਾ ਸਿਰਫ ਵਾਜਬ ਠਹਿਰਾਇਆ ਹੈ ਬਲਕਿ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਬਾਰੇ ਆਰਡੀਨੈਂਸਾਂ ਦਾ ਵਿਰੋਧ ਵੀ ਕੀਤਾ ਹੈ।
___________________________________
ਕਿਸਾਨਾਂ ਦੇ ਹੱਕ ਮਾਰੇ ਜਾਣ ਤੋਂ ਦੁਖੀ ਹਾਂ: ਹਰਸਿਮਰਤ
ਨਵੀਂ ਦਿੱਲੀ: ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਕੇਂਦਰੀ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਇਸ ਗੱਲੋਂ ‘ਦੁਖੀ’ ਹਨ ਕਿ ਕਿਸਾਨਾਂ ਦੇ ਹੱਕ ਵਿਚ ਚੁੱਕੀ ਉਨ੍ਹਾਂ ਦੀ ਆਵਾਜ਼ ਨੂੰ ਕੈਬਨਿਟ ਵਿਚ ਸੁਣਿਆ ਨਹੀਂ ਗਿਆ। ਅਕਾਲੀ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੋਕਿਆ ਜਾਵੇ ਤੇ ਵਿਆਪਕ ਸਲਾਹ-ਮਸ਼ਵਰੇ ਲਈ ਸੰਸਦੀ ਕਮੇਟੀ ਕੋਲ ਭੇਜਿਆ ਜਾਵੇ। ਹਰਸਿਮਰਤ ਨੇ ਕਿਹਾ ‘ਮੈਂ ਆਪਣੀ ਮਾਂ ਨੂੰ ਹਸਪਤਾਲ ਦੇ ਆਈ.ਸੀ.ਯੂ. ਵਿਚ ਛੱਡ ਕੇ ਆਪਣਾ ਫਰਜ਼ ਅਦਾ ਕਰਨ ਆਈ ਹਾਂ। ਇਨ੍ਹਾਂ ਤਿੰਨਾਂ ਆਰਡੀਨੈਂਸਾਂ ਉਤੇ ਸੰਸਦ ਵਿਚ ਬਹਿਸ ਹੋ ਰਹੀ ਸੀ ਤੇ ਮੈਂ ਆਪਣਾ ਵਿਰੋਧ ਦਰਜ ਕਰਵਾਉਣ ਆਈ। ਇਸੇ ਲਈ ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਸਤੀਫਾ ਵੀ ਦਿੱਤਾ।’
___________________________________
ਕਿਸਾਨਾਂ ਨਾਲ ਝੂਠੀ ਹਮਦਰਦੀ ਦਿਖਾਉਣ ਲਈ ਦਿੱਤਾ ਅਸਤੀਫਾ: ਜਾਖੜ
ਲੁਧਿਆਣਾ: ਕੇਂਦਰ ਸਰਕਾਰ ਵਿਚ ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇਣ ਤੋਂ ਬਾਅਦ ਹਰ ਪਾਸੇ ਸਿਆਸਤ ਸਿਖਰਾਂ ਉਤੇ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਨੂੰ ਅਕਾਲੀ ਦਲ ਢਕਵੰਜ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੂੰ ਕਿਸਾਨ ਪਿਆਰ ਹੁੰਦੇ ਤਾਂ ਉਸ ਉਸੇ ਦਿਨ ਭਾਜਪਾ ਨਾਲ ਗੱਠਜੋੜ ਤੋੜ ਦਿੰਦੇ ਜਦੋਂ ਇਹ ਬਿੱਲ ਲਿਆਂਦੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਆਰਡੀਨੈਂਸਾਂ ਦੇ ਵਿਰੋਧ ‘ਚ ਕੇਂਦਰੀ ਮੰਤਰੀ ਮੰਡਲ ਦਾ ਅਹੁਦਾ ਛੱਡਣਾ ਤੇ ਕਿਸਾਨਾਂ ਨਾਲ ਝੂਠੀ ਹਮਦਰਦੀ ਦਿਖਾਉਣਾ ਉਨ੍ਹਾਂ ਦੀ ਮਜਬੂਰੀ ਹੈ। ਉਨ੍ਹਾਂ ਕਿਹਾ ਜੇਕਰ ਸ਼੍ਰੋਮਣੀ ਅਕਾਲੀ ਦਲ ‘ਚ ਥੋੜ੍ਹਾ ਜਿਹਾ ਵੀ ਸਵੈ-ਮਾਣ ਹੁੰਦਾ ਤਾਂ ਉਹ ਕਿਸਾਨਾਂ ਲਈ ਭਾਜਪਾ ਨਾਲ ਗੱਠਜੋੜ ਤੋੜ ਦਿੰਦੇ।