ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਤਿੜਕਿਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਨਵੇਂ ਖੇਤੀ ਕਾਨੂੰਨਾਂ ਪਾਸ ਹੋਣ ਮਗਰੋਂ ਅੰਦਰੋਂ-ਅੰਦਰੀ ਕੁੜੱਤਣ ਪੈਦਾ ਹੋ ਗਈ ਹੈ। ਪੰਜਾਬ ਵਿਚ ਇਨ੍ਹਾਂ ਦੋਵਾਂ ਧਿਰਾਂ ਦੇ ਆਗੂ ਸਿਆਸੀ ਹੱਲੇ ਦੀ ਪਹਿਲ ਕਰਨ ਤੋਂ ਗੁਰੇਜ਼ ਕਰਨ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਖੇਤੀ ਕਾਨੂੰਨ ਬਣਨ ਮਗਰੋਂ ਮੀਡੀਆ ਕੋਲ ਅਕਾਲੀ-ਭਾਜਪਾ ਰਿਸ਼ਤੇ ਦੇ ਭਵਿੱਖ ਬਾਰੇ ਸੰਕੇਤ ਤਾਂ ਦੇ ਚੁੱਕੇ ਹਨ ਪਰ ਖੁੱਲ੍ਹੇ ਤੌਰ ਉਤੇ ਕੋਈ ਆਗੂ ਨਹੀਂ ਬੋਲ ਰਿਹਾ ਹੈ।

ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਐਨ.ਡੀ.ਏ. ਦਾ ਹਿੱਸਾ ਹੈ ਅਤੇ ਸਿਆਸੀ ਫੈਸਲਾ ਲੈਣ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਅਧਿਕਾਰ ਹੈ। ਉਨ੍ਹਾਂ ਭਾਜਪਾ ਵੱਲੋਂ ਸਾਰੀਆਂ ਸੀਟਾਂ ਤੋਂ ਅਗਲੀ ਵਿਧਾਨ ਸਭਾ ਚੋਣ ਲੜਨ ਦੀ ਗੱਲ ‘ਤੇ ਪ੍ਰਤੀਕਰਮ ਵਜੋਂ ਆਖਿਆ ਕਿ ਸੀਟਾਂ ਦੀ ਮੰਗ ਕਰਨਾ ਹਰ ਸਿਆਸੀ ਧਿਰ ਦਾ ਅਧਿਕਾਰ ਹੁੰਦਾ ਹੈ ਅਤੇ ਹਰ ਸਿਆਸੀ ਧਿਰ ਆਪਣਾ ਅਧਾਰ ਬਣਾਉਣਾ ਚਾਹੁੰਦੀ ਹੈ। ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਕਾਇਮ ਰਹੇਗਾ ਜਾਂ ਨਹੀਂ, ਇਸ ‘ਤੇ ਕੋਈ ਟਿੱਪਣੀ ਤੋਂ ਆਗੂ ਪਾਸਾ ਵੱਟ ਰਹੇ ਹਨ। ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿਣਸਾਂ ਦੀ ਸਰਕਾਰੀ ਖਰੀਦ ਜਾਰੀ ਰਹੇਗੀ ਅਤੇ ਕਿਸਾਨਾਂ ਦੇ ਮਾਲਕਾਨਾ ਹੱਕ ਕਾਇਮ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਜੋ ਸ਼ੰਕੇ ਸਨ, ਉਹ ਸਮੇਂ-ਸਮੇਂ ‘ਤੇ ਦੂਰ ਕਰ ਦਿੱਤੇ ਗਏ ਸਨ।
ਉਧਰ, ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਅਸਤੀਫੇ ਬਾਰੇ ਸਭ ਤੋਂ ਵੱਧ ਪੰਜਾਬ ਦੀ ਭਾਜਪਾ ਲੀਡਰਸ਼ਿਪ ਹੈਰਾਨ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਦਲੇ ਪੈਂਤੜੇ ਬਾਰੇ ਪੁੱਛੇ ਜਾਣ ‘ਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆਪ ਵੀ ਕਿਸਾਨ ਹਨ ਤੇ ਉਨ੍ਹਾਂ ਦਾ ਐਨਾ ਲੰਮਾ ਤਜਰਬਾ ਵੀ ਹੈ, ਉਹ ਇਨ੍ਹਾਂ ਆਰਡੀਨੈਂਸਾਂ ਦੀ ਹਮਾਇਤ ਕਰਦੇ ਰਹੇ ਹਨ। ਇਹ ਗੱਲ ਜੱਗ ਜ਼ਾਹਿਰ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਪਾਈ ਸੀ, ਉਸ ਵਿਚ ਉਨ੍ਹਾਂ ਆਰਡੀਨੈਂਸਾਂ ਦੀ ਹਮਾਇਤ ਕੀਤੀ ਸੀ। ਭਾਜਪਾ ਆਗੂ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਵੱਡੇ ਬਾਦਲ ਨੇ ਪਹਿਲਾਂ ਆਰਡੀਨੈਂਸਾਂ ਦਾ ਸਮਰਥਨ ਕੀਤਾ, ਹੁਣ ਪਤਾ ਨਹੀਂ ਕੀ ਬਦਲਿਆ ਹੈ?
ਦੱਸ ਦਈਏ ਕਿ ਭਾਵੇਂ ਭਾਰਤੀ ਜਨਤਾ ਪਾਰਟੀ ਅਤੇ ਦਲ ਵਿਚ ਹਮੇਸ਼ਾ ਵਿਚਾਰਾਂ ਦਾ ਵਖਰੇਵਾਂ ਰਿਹਾ ਹੈ ਪਰ 1996 ਤੋਂ ਅਕਾਲੀ ਦਲ ਨੇ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਸੱਤਾ ਦਾ ਸੂਤਰ ਮੰਨਦਿਆਂ ਇਸ ਗੱਠਜੋੜ ਵਿਚ ਤਰੇੜ ਨਹੀਂ ਆਉਣ ਦਿੱਤੀ। ਅਕਾਲੀ ਦਲ ਫੈਡਰਲਿਜ਼ਮ ਦਾ ਵੱਡਾ ਹਮਾਇਤੀ ਰਿਹਾ ਹੈ ਪਰ ਉਸ ਨੇ ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ ਕਰ ਕੇ ਜੰਮੂ ਕਸ਼ਮੀਰ ਪ੍ਰਾਂਤ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡੇ ਜਾਣ ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲਿਆਂ ਵਿਚ ਭਾਜਪਾ ਦੀ ਹਮਾਇਤ ਕੀਤੀ। ਇਸ ਦੇ ਬਾਵਜੂਦ ਅਕਾਲੀ ਦਲ ਵਿਚ ਆਗੂਆਂ ਦੇ ਇਨ੍ਹਾਂ ਪੈਂਤੜਿਆਂ ਵਿਰੁੱਧ ਆਵਾਜ਼ਾਂ ਉੱਭਰ ਰਹੀਆਂ ਸਨ। ਇਹ ਦੁਚਿੱਤੀ ਉਦੋਂ ਪ੍ਰਤੱਖ ਹੋਈ ਜਦੋਂ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਆਏ ਮਤੇ ਦੌਰਾਨ ਅਨਿਸ਼ਚਤਤਾ ਦਿਖਾਈ। ਕੋਵਿਡ-19 ਦੌਰਾਨ ਕੇਂਦਰੀ ਸਰਕਾਰ ਨੇ ਖੇਤੀ ਮੰਡੀਕਰਨ ਸਬੰਧੀ ਆਰਡੀਨੈਂਸ, ਜਿਹੜੇ ਪ੍ਰਤੱਖ ਰੂਪ ਵਿਚ ਕਿਸਾਨ ਵਿਰੋਧੀ ਅਤੇ ਫੈਡਰਲ ਢਾਂਚੇ ਨੂੰ ਢਾਹ ਲਾਉਣ ਵਾਲੇ ਸਨ, ਜਾਰੀ ਕੀਤੇ। ਪੰਜਾਬ ਵਿਚ ਵੱਡੀ ਪੱਧਰ ‘ਤੇ ਕਿਸਾਨ ਯੂਨੀਅਨਾਂ ਨੇ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਅੰਦੋਲਨ ਕਰਨ ਦੇ ਐਲਾਨ ਕੀਤੇ ਅਤੇ ਕਾਂਗਰਸ ਨੇ ਵੀ ਵਿਧਾਨ ਸਭਾ ਵਿਚ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਮਤਾ ਪਾਸ ਕਰਵਾਇਆ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਮੰਤਰੀ ਦੀ ਲਿਖੀ ਚਿੱਠੀ ਪ੍ਰੈੱਸ ਨੂੰ ਦਿਖਾ ਕੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀਆਂ ਫਸਲਾਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੇ ਜਾਣ ਨੂੰ ਕੋਈ ਖਤਰਾ ਨਹੀਂ ਪਰ ਕਿਸਾਨ ਜਥੇਬੰਦੀਆਂ ਨੇ ਅਕਾਲੀ ਦਲ ਉਤੇ ਭੋਰਾ ਭਰੋਸਾ ਨਾ ਕੀਤਾ।
___________________________________
ਲੋਕ ਰੋਹ ਤੋਂ ਡਰਦਿਆਂ ਸੁਖਬੀਰ ਨੇ ਲਿਆ ਯੂ-ਟਰਨ: ਢੀਂਡਸਾ
ਸੰਗਰੂਰ: ਸ਼੍ਰੋਮਣੀ ਅਕਾਲੀ ਦਲ (ਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਦੇ ਪੱਖ ‘ਚ ਡਟ ਕੇ ਵਕਾਲਤ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਮਜਬੂਰੀ ਵਿਚ ਯੂ-ਟਰਨ ਲੈ ਕੇ ਇਨ੍ਹਾਂ ਆਰਡੀਨੈਂਸਾਂ ਦੇ ਵਿਰੁੱਧ ਭੁਗਤਣਾ ਪੈ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ਲੋਕ ਰੋਹ ਨੂੰ ਵੇਖਦਿਆਂ ਪਾਰਟੀ ਦੀ ਸ਼ਾਖ ਬਚਾਉਣ ਲਈ ਸੁਖਬੀਰ ਨੂੰ ਇਕਦਮ ਮੋੜ ਕੱਟਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮਸੀਹਾ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਤੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਹੱਕ ‘ਚ ਬਿਆਨ ਦਿਵਾਉਣ ਨਾਲ ਸੁਖਬੀਰ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ।
___________________________________
ਪਿੰਡ ਬਾਦਲ ਦੇ ਮੋਰਚੇ ‘ਚ ਸ਼ਾਮਲ ਕਿਸਾਨ ਨੇ ਦਿੱਤੀ ਜਾਨ
ਲੰਬੀ: ਪਿੰਡ ਬਾਦਲ ‘ਚ ਖੇਤੀ ਬਿੱਲਾਂ ਦੇ ਵਿਰੋਧ ‘ਚ ਲੱਗੇ ਮੋਰਚੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਕਿਸਾਨ ਪ੍ਰੀਤਮ ਸਿੰਘ (55) ਅੱਕਾਂਵਾਲੀ ਨੇ ਸਲਫਾਸ ਦੀ ਗੋਲੀ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਕਿਸਾਨਾਂ ਨੇ ਦੱਸਿਆ ਕਿ ਸਲਫਾਸ ਖਾਣ ਮਗਰੋਂ ਉਸ ਨੂੰ ਬਠਿੰਡਾ ਦੇ ਮੈਕਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿਥੇ ਉਸ ਦੀ ਮੌਤ ਹੋ ਗਈ।
ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਕਿਸਾਨ ਮੋਰਚੇ ਵਿਚ ਪ੍ਰੀਤਮ ਸਿੰਘ ਪਹਿਲੇ ਦਿਨ ਤੋਂ ਹੀ ਡਟਿਆ ਹੋਇਆ ਸੀ। ਛੇ-ਸੱਤ ਏਕੜ ਵਾਲੇ ਤੰਗੀ-ਤੁਰਸ਼ੀਆਂ ਦੇ ਮਾਰੇ ਤਿੰਨ ਭਰਾਵਾਂ ਦੇ ਪਰਿਵਾਰ ‘ਚ ਸਿਰਫ ਇਕ ਭਰਾ ਹੀ ਵਿਆਹਿਆ ਹੋਇਆ ਹੈ। ਉਸ ਦੇ ਭਤੀਜੇ ਬਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਸਿਰ 12-13 ਲੱਖ ਰੁਪਏ ਦਾ ਕਰਜ਼ਾ ਹੈ। ਖੇਤੀ ਬਿੱਲ ਪਾਸ ਹੋਣ ਮਗਰੋਂ ਫਸਲ ਦੇ ਮੰਡੀਕਰਨ ‘ਤੇ ਸੁਆਲ ਖੜ੍ਹੇ ਹੋਣ ਨਾਲ ਫਿਕਰਮੰਦੀ ਵਧ ਰਹੀ ਹੈ। ਭਾਕਿਯੂ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪ੍ਰੀਤਮ ਸਿੰਘ ਵੱਲੋਂ ਕੀਤੀ ਗਈ ਖੁਦਕੁਸ਼ੀ ਤੋਂ ਖੇਤੀ ਬਿੱਲਾਂ ਕਾਰਨ ਕਿਸਾਨੀ ਦੇ ਮਾੜੇ ਦਿਨਾਂ ਦੀ ਸ਼ੁਰੂਆਤ ਜ਼ਾਹਰ ਹੁੰਦੀ ਹੈ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਪਹਿਲਾਂ ਤੋਂ ਖੁਦਕੁਸ਼ੀਆਂ ਦੀ ਸ਼ਿਕਾਰ ਮੰਦਹਾਲ ਕਿਸਾਨੀ ‘ਚ ਖੇਤੀ ਬਿੱਲਾਂ ਨਾਲ ਅਜਿਹੇ ਮਾੜੇ ਅਤੇ ਬਦਕਿਸਮਤ ਹਾਲਾਤ ਹੋਰ ਵਧਣਗੇ।