ਗਲਿਆਰਾ ਪ੍ਰੋਜੈਕਟ ਨੇ ਇਤਿਹਾਸਕ ਬਾਜ਼ਾਰ ਉਜਾੜੇ

ਅੰਮ੍ਰਿਤਸਰ: ਜੂਨ 1984 ਵਿਚ ਹੋਏ ਸਾਕਾ ਨੀਲਾ ਤਾਰਾ ਤੇ 1988 ਵਿਚ ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ ਉਸ ਵੇਲੇ ਦੀ ਕੇਂਦਰ ਸਰਕਾਰ ਨੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਖੇਤਰ ਨੂੰ ਖੁੱਲ੍ਹਾ ਕਰਨ ਦੀ ਯੋਜਨਾ ਬਣਾਈ ਸੀ। ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਬਣਾਏ ਗਲਿਆਰੇ ਕਾਰਨ ਜਿਥੇ ਇਥੇ ਵਸਦੇ ਲੋਕ ਤੇ ਦੁਕਾਨਦਾਰ ਪ੍ਰਭਾਵਿਤ ਹੋਏ, ਉਥੇ ਹੀ ਗਲਿਆਰੇ ਵਿਚ ਆਉਣ ਕਾਰਨ ਕਈ ਇਤਿਹਾਸਕ ਬਾਜ਼ਾਰਾਂ ਤੇ ਗਲੀਆਂ ਦੀ ਹੋਂਦ ਹੀ ਖ਼ਤਮ ਹੋ ਗਈ।
ਉਸ ਵੇਲੇ ਇਸ ਨੂੰ ਹਰਿਮੰਦਰ ਸਾਹਿਬ ਸੁੰਦਰੀਕਰਨ ਯੋਜਨਾ ਦਾ ਨਾਂ ਦਿੱਤਾ ਗਿਆ ਤੇ ਕੇਂਦਰ ਸਰਕਾਰ ਵੱਲੋਂ ਯੋਜਨਾ ਨੂੰ ਮੁਕੰਮਲ ਕਰਨ ਲਈ 70 ਕਰੋੜ ਰੁਪਏ ਰੱਖੇ ਗਏ। ਇਸ ਯੋਜਨਾ ਨੂੰ ਪੰਜ ਪੜਾਵਾਂ ਵਿਚ ਵੰਡਿਆ ਗਿਆ। ਪਹਿਲੇ ਪੜਾਅ ਵਿਚ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 30 ਮੀਟਰ ਦੇ ਘੇਰੇ ਵਿਚ ਆਉਂਦੇ ਸੈਂਕੜੇ ਘਰ, ਵਪਾਰਕ ਅਦਾਰੇ ਤੇ ਦੁਕਾਨਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਦੂਜੇ ਪੜਾਅ ਵਿਚ ਇਸ ਨੂੰ ਇਕ ਖੁੱਲ੍ਹਾ ਖੇਤਰ ਬਣਾ ਦਿੱਤਾ ਗਿਆ ਜਿਸ ਨੂੰ ਬਾਅਦ ਵਿਚ ਗਲਿਆਰੇ ਦਾ ਰੂਪ ਦੇ ਦਿੱਤਾ ਗਿਆ ਜਿਸ ਤਹਿਤ ਇਥੇ ਹਰੀ ਪੱਟੀ ਸਥਾਪਤ ਕੀਤੀ ਗਈ।
ਅੱਜ ਤੋਂ ਤਕਰੀਬਨ ਢਾਈ-ਤਿੰਨ ਦਹਾਕੇ ਪਹਿਲਾਂ ਜਦੋਂ ਗਲਿਆਰਾ ਨਹੀਂ ਸੀ, ਉਸ ਵੇਲੇ ਇਹ ਇਲਾਕਾ ਸ਼ਹਿਰ ਦਾ ਸਭ ਤੋਂ ਵਧੇਰੇ ਰੌਣਕ ਵਾਲਾ ਵਪਾਰਕ ਇਲਾਕਾ ਹੁੰਦਾ ਸੀ। ਇਥੇ 18ਵੀਂ ਤੇ 19ਵੀਂ ਸਦੀ ਦੇ ਬਣੇ ਹੋਏ ਨਾਨਕਸ਼ਾਹੀ ਇੱਟਾਂ ਦੇ ਛੱਜਿਆਂ ਵਾਲੇ ਘਰ ਤੇ ਘਰਾਂ ਦੇ ਹੇਠਾਂ ਹੀ ਦੁਕਾਨਾਂ ਹੁੰਦੀਆਂ ਸਨ। ਭੀੜੇ ਬਾਜ਼ਾਰ ਤੇ ਤੰਗ ਗਲੀਆਂ ਪੁਰਾਤਨਤਾ ਦਾ ਨਜ਼ਾਰਾ ਪੇਸ਼ ਕਰਦੀਆਂ ਸਨ।
ਉਸ ਵੇਲੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲੀ ਮਾਰਕਿਟ, ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਬਣਿਆ ਮੋਚੀ ਬਾਜ਼ਾਰ ਤੇ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਵਧੇਰੇ ਰਿਹਾਇਸ਼ੀ ਇਲਾਕਾ ਸੀ ਜਿਥੇ ਬਾਬਾ ਸਾਹਿਬ ਚੌਕ, ਕਟੜਾ ਦਲ ਸਿੰਘ, ਗੁਰਦੁਆਰਾ ਅਟੱਲ ਰਾਏ, ਗੁਰਦੁਆਰਾ ਕੌਲ ਸਰ ਨੇੜੇ ਤੰਗ ਗਲੀਆਂ ਦਾ ਜਾਲ ਸੀ, ਜਿਨ੍ਹਾਂ ਵਿਚ ਸੰਘਣੀ ਆਬਾਦੀ ਸੀ। ਇਸੇ ਤਰ੍ਹਾਂ ਅਕਾਲ ਤਖ਼ਤ ਵਾਲੇ ਪਾਸੇ ਥੜ੍ਹਾ ਸਾਹਿਬ ਬਾਜ਼ਾਰ, ਬਾਜ਼ਾਰ ਮੁਨਿਆਰਾ, ਝੂਠਾ ਬਾਜ਼ਾਰ,  ਬਾਜ਼ਾਰ ਮਾਈ ਸੇਵਾ, ਕਾਠੀਆਂ ਵਾਲਾ ਬਾਜ਼ਾਰ, ਪਾਪੜਾਂ ਵਾਲਾ ਬਾਜ਼ਾਰ, ਸ਼ਹੀਦ ਮਾਰਕਿਟ, ਚੂੜੇ ਵਾਲਾ ਬਾਜ਼ਾਰ, ਆਟਾ ਮੰਡੀ ਬਾਜ਼ਾਰ ਸਨ ਜਿਨ੍ਹਾਂ ਵਿਚ ਉਸ ਵੇਲੇ ਦਿਨ ਰਾਤ ਆਵਾਜਾਈ ਰਹਿੰਦੀ ਸੀ।
ਗਲਿਆਰਾ ਯੋਜਨਾ ਤੋਂ ਬਾਅਦ ਇਸ ਇਲਾਕੇ ਦਾ ਪੁਰਾਤਨ ਸਰੂਪ ਖ਼ਤਮ ਹੋ ਗਿਆ। ਗਲਿਆਰਾ ਬਣਾਉਣ ਕਾਰਨ ਥੜ੍ਹਾ ਸਾਹਿਬ ਬਾਜ਼ਾਰ, ਝੂਠਾ ਬਾਜ਼ਾਰ, ਮੁਨਿਆਰਾ ਵਾਲਾ ਬਾਜ਼ਾਰ, ਮੋਚੀ ਬਾਜ਼ਾਰ, ਅਕਾਲੀ ਮਾਰਕਿਟ ਤੇ ਸ਼ਹੀਦ ਮਾਰਕਿਟ ਤਾਂ ਤਕਰੀਬਨ ਖ਼ਤਮ ਹੀ ਹੋ ਗਈਆਂ ਜਦੋਂਕਿ ਮਾਈ ਸੇਵਾ ਵਾਲਾ ਬਾਜ਼ਾਰ, ਕਾਠੀਆਂ ਵਾਲਾ ਬਾਜ਼ਾਰ, ਪਾਪੜਾਂ ਵਾਲਾ ਬਾਜ਼ਾਰ ਤੇ ਆਟਾ ਮੰਡੀ ਬਾਜ਼ਾਰ ਦਾ ਵੀ ਵੱਡਾ ਹਿੱਸਾ ਖ਼ਤਮ ਹੋ ਗਿਆ। ਇਸੇ ਤਰ੍ਹਾਂ ਰਿਹਾਇਸ਼ੀ ਇਲਾਕਿਆਂ ਵਿਚੋਂ ਸੰਗਲ ਵਾਲੀ ਗਲੀ, ਮੁਨਿਆਰੇ ਵਾਲੀ ਗਲੀ, ਗਲੀ ਕੌਲਸਰ ਤੇ ਕਈ ਹੋਰਾਂ ਅਹਿਮ ਥਾਵਾਂ ਦੀ ਹੋਂਦ ਹੀ ਖ਼ਤਮ ਹੋ ਗਈ ਹੈ। ਕਟੜਾ ਦਲ ਸਿੰਘ ਤੇ ਬਾਬਾ ਸਾਹਿਬ ਚੌਂਕ ਦਾ ਅੱਧਾ ਰਿਹਾਇਸ਼ੀ ਇਲਾਕਾ ਵੀ ਖ਼ਤਮ ਹੋ ਗਿਆ ਹੈ।
ਗਲਿਆਰਾ ਬਣਨ ਕਾਰਨ ਇਸ ਇਲਾਕੇ ਦੇ ਕਈ ਪੁਰਾਣੇ ਬਾਜ਼ਾਰ ਤੇ ਗਲੀਆਂ ਵੀ ਖ਼ਤਮ ਹੋ ਗਈਆਂ ਹਨ ਜਿਸ ਨੇ ਇਸ ਦੀ ਪੁਰਾਤਨਤਾ ਨੂੰ ਵੀ ਪ੍ਰਭਾਵਿਤ ਕੀਤਾ ਹੈ। ਨਿਯਮਾਂ ਮੁਤਾਬਕ ਵਿਰਾਸਤੀ ਇਮਾਰਤਾਂ ਵਾਲੇ ਇਲਾਕੇ ਵਿਚ ਅਜਿਹਾ ਖੁੱਲ੍ਹਾ ਖੇਤਰ ਸਥਾਪਤ ਨਹੀਂ ਕੀਤਾ ਗਿਆ ਬਲਕਿ ਇਥੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਖੁੱਲ੍ਹਾ ਖੇਤਰ ਹੋਣ ਕਾਰਨ ਹੁਣ ਇਥੇ ਵਾਹਨਾਂ ਦੀ ਆਵਾਜਾਈ ਵਧ ਗਈ ਹੈ ਜਿਸ ਕਾਰਨ ਪ੍ਰਦੂਸ਼ਣ ਵਧਿਆ ਹੈ।
ਇਸੇ ਤਰ੍ਹਾਂ ਜ਼ਮੀਨ ਦੀ ਵਰਤੋਂ ਬਦਲੇ ਜਾਣ ਕਾਰਨ ਪੁਰਾਣੇ ਘਰਾਂ ਦੀ ਥਾਂ ਹੋਟਲ ਬਣ ਗਏ ਹਨ ਜਿਨ੍ਹਾਂ ਪ੍ਰਦੂਸ਼ਣ ਵਿਚ ਹੋਰ ਵਾਧਾ ਕੀਤਾ ਹੈ। ਇਸ ਪ੍ਰਦੂਸ਼ਣ ਦਾ ਸ੍ਰੀ ਹਰਿਮੰਦਰ ਸਾਹਿਬ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਭਾਵੇਂ ਸਰਕਾਰ ਨੇ ਘਰਾਂ ਤੇ ਦੁਕਾਨਾਂ ਦੇ ਮਾਲਕਾਂ ਨੂੰ ਮੁਆਵਜ਼ਾ ਦਿੱਤਾ ਸੀ ਪਰ ਕਿਰਾਏਦਾਰਾਂ ਨੂੰ ਕੁਝ ਵੀ ਨਹੀਂ ਮਿਲਿਆ ਜਿਸ ਦੇ ਸਿੱਟੇ ਵਜੋਂ ਅੱਜ ਵੀ 133 ਦੁਕਾਨਦਾਰ ਨਿਆਂ ਪ੍ਰਾਪਤੀ ਲਈ ਭਟਕ ਰਹੇ ਹਨ। ਇਨ੍ਹਾਂ ਵਿਚੋਂ ਨਿਆਂ ਦੀ ਉਡੀਕ ਕਰਦਿਆਂ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ।

Be the first to comment

Leave a Reply

Your email address will not be published.