ਪਾਵਨ ਸਰੂਪ ਮਾਮਲਾ: ਸਾਬਕਾ ਤੇ ਮੌਜੂਦਾ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਤਨਖਾਹ ਲਾਈ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਦੀ 2016 ਵਾਲੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਉਸ ਵੇਲੇ ਪਾਵਨ ਸਰੂਪ ਅਗਨਦਾਹ ਹੋਣ ਮਗਰੋਂ ਪਸ਼ਚਾਤਾਪ ਨਾ ਕਰਨ ਦੇ ਦੋਸ਼ ਹੇਠ ਅਤੇ ਮੌਜੂਦਾ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਸਵੈ ਇੱਛਾ ਨਾਲ ਖਿਮਾ ਯਾਚਨਾ ਕਰਨ ‘ਤੇ ਇਸ ਸਮੁੱਚੇ ਮਾਮਲੇ ਵਿਚ ਧਾਰਮਿਕ ਤਨਖਾਹ ਲਾਈ ਹੈ।

ਪੰਜ ਸਿੰਘ ਸਾਹਿਬਾਨ ਦੀ ਇਸ ਸਬੰਧੀ ਇਕੱਤਰਤਾ ਵਿਚ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ, ਗਿਆਨੀ ਗੁਰਮਿੰਦਰ ਸਿੰਘ ਅਤੇ ਪੰਜ ਪਿਆਰਿਆਂ ਵਿਚੋਂ ਭਾਈ ਮੰਗਲ ਸਿੰਘ ਸ਼ਾਮਲ ਸਨ। ਲਗਭਗ ਇਕ ਘੰਟਾ ਚੱਲੀ ਇਸ ਕਾਰਵਾਈ ਦੌਰਾਨ ਸਭ ਤੋਂ ਪਹਿਲਾਂ 2016 ਵਾਲੀ ਅੰਤ੍ਰਿੰਗ ਕਮੇਟੀ ਨੂੰ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ। ਉਸ ਵੇਲੇ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਦੇਹਾਂਤ ਹੋਣ ਕਾਰਨ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਕੋਲੋਂ ਪੁੱਛ ਪੜਤਾਲ ਕੀਤੀ ਗਈ। ਉਨ੍ਹਾਂ ਪਸ਼ਚਾਤਾਪ ਨਾ ਕਰਨ ਦੀ ਗਲਤੀ ਸੰਗਤ ਸਾਹਮਣੇ ਕਬੂਲ ਕੀਤੀ। ਜਥੇਦਾਰ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਕਿ ਉਹ ਅੱਜ ਤੋਂ ਇਕ ਸਾਲ ਸ਼੍ਰੋਮਣੀ ਕਮੇਟੀ ਦਾ ਕੋਈ ਅਹੁਦਾ ਨਹੀਂ ਲੈਣਗੇ, ਇਕ ਸਹਿਜ ਪਾਠ ਕਰਨਗੇ ਜਾਂ ਕਰਾਉਣਗੇ। ਸਹਿਜ ਪਾਠ ਕਰਾਉਣ ਦੀ ਸੂਰਤ ਵਿਚ ਉਸ ਨੂੰ ਸੁਣਨਗੇ। ਸਹਿਜ ਪਾਠ ਦੌਰਾਨ ਇਕ ਮਹੀਨੇ ਦੇ ਇਸ ਸਮੇਂ ਵਿਚ ਉਹ ਨੇੜਲੇ ਗੁਰਦੁਆਰੇ ‘ਚ ਆਪਣੀ ਸਰੀਰਕ ਸਮਰੱਥਾ ਮੁਤਾਬਕ ਸੇਵਾ ਕਰਨਗੇ। ਪੁਰਾਣੀ ਅੰਤ੍ਰਿੰਗ ਕਮੇਟੀ ਦੇ 15 ਮੈਂਬਰਾਂ ‘ਚੋਂ 12 ਮੈਂਬਰ ਇਸ ਮੌਕੇ ਹਾਜ਼ਰ ਸਨ।
ਮੌਜੂਦਾ ਅੰਤ੍ਰਿੰਗ ਕਮੇਟੀ ਨੇ ਸਵੈ ਇੱਛਾ ਨਾਲ ਖਿਮਾ ਯਾਚਨਾ ਕੀਤੀ। ਜਥੇਦਾਰ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਗਿਆ ਕਿ ਸਰੂਪ ਅਗਨਦਾਹ ਹੋਣ ਦੇ ਮਾਮਲੇ ਵਿਚ ਉਹ ਇਕ ਅਖੰਡ ਪਾਠ ਗੁਰਦੁਆਰਾ ਰਾਮਸਰ ਅਤੇ ਇਕ ਅਖੰਡ ਪਾਠ ਸ੍ਰੀ ਅਕਾਲ ਤਖਤ ਵਿਖੇ ਕਰਾਉਣਗੇ। ਸ੍ਰੀ ਅਕਾਲ ਤਖਤ ਵਿਖੇ ਅਖੰਡ ਪਾਠ ਦੌਰਾਨ ਤਿੰਨ ਦਿਨ ਸਾਰਾਗੜ੍ਹੀ ਨਿਵਾਸ ਤੋਂ ਘੰਟਾ ਘਰ ਤੱਕ ਰੋਜ਼ਾਨਾ ਝਾੜੂ ਮਾਰਨਗੇ ਅਤੇ ਇਕ ਮਹੀਨਾ ਜਨਤਕ ਸਮਾਗਮਾਂ ਵਿਚ ਸੰਗਤ ਨੂੰ ਸੰਬੋਧਨ ਨਹੀਂ ਕਰਨਗੇ। ਇਸ ਦੌਰਾਨ 28 ਸਤੰਬਰ ਨੂੰ ਹੋਣ ਵਾਲੇ ਬਜਟ ਸਮਾਗਮ ਵਿਚ ਇਸ ਆਦੇਸ਼ ਤੋਂ ਛੋਟ ਦਿੱਤੀ ਗਈ ਹੈ। ਇਹ ਵੀ ਆਦੇਸ਼ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਫੈਸਲੇ ਇਕੋ ਵਾਰ ਕਰੇ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਸਵੈ ਇੱਛਾ ਨਾਲ ਖਿਮਾ ਯਾਚਨਾ ਕਰਨ ਆਏ ਹਨ।
ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਬੀਤੇ ਦਿਨ ਧਰਨੇ ਦੇ ਸਮਰਥਨ ਵਿਚ ਆਏ ਇਕ ਨਿਹੰਗ ਸਿੰਘ ਦੀ ਦਸਤਾਰ ਦੀ ਬੇਅਦਬੀ ਕਰਨ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੂੰ ਅੰਮ੍ਰਿਤ ਸੰਚਾਰ ਵਾਲੇ ਦਿਨ ਪੰਜ ਪਿਆਰਿਆਂ ਕੋਲ ਖਿਮਾ ਯਾਚਨਾ ਲਈ ਪੇਸ਼ ਕੀਤਾ ਜਾਵੇ। 328 ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਾਂਚ ਕਮੇਟੀ ਵਲੋਂ ਦੋਸ਼ੀ ਠਹਿਰਾਏ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵੀ ਖਿਮਾ ਯਾਚਨਾ ਲਈ ਪੇਸ਼ ਹੋਣ ਵਾਸਤੇ ਅਪੀਲ ਕੀਤੀ ਸੀ ਪਰ ਉਨ੍ਹਾਂ ਵਿਚੋਂ ਕੋਈ ਵੀ ਇਥੇ ਨਹੀਂ ਪੁੱਜਾ ਸੀ।
______________________________________
ਲੰਗਾਹ ਮਾਮਲੇ ‘ਚ ਧਾਰਮਿਕ ਤਨਖਾਹ
ਸਿੰਘ ਸਾਹਿਬਾਨ ਵਲੋਂ ਪੰਥ ‘ਚੋਂ ਛੇਕੇ ਹੋਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਨ ਰੱਖਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜ਼ੱਫਰਵਾਲ ਤੇ ਪ੍ਰੋ. ਸਰਚਾਂਦ ਸਿੰਘ ਨੂੰ ਵੀ ਦੋਸ਼ੀ ਕਰਾਰ ਦਿੰਦਿਆਂ ਇਕ-ਇਕ ਸਹਿਜ ਪਾਠ ਕਰਨ ਜਾਂ ਪਾਠੀ ਸਿੰਘਾਂ ਤੋਂ ਸਰਵਨ ਕਰਨ, ਪੰਜ ਦਿਨ ਨਜ਼ਦੀਕੀ ਗੁਰਦੁਆਰਾ ਸਾਹਿਬ ਤੇ ਦੋ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਇਕ ਘੰਟਾ ਕੀਰਤਨ ਸਰਵਨ ਕਰਨ, ਸੇਵਾ ਕਰਨ ਤੇ ਲੰਗਰ ‘ਚ ਬਰਤਨ ਸਾਫ ਕਰਨ ਦੀ ਧਾਰਮਿਕ ਤਨਖਾਹ ਲਗਾਏ ਜਾਣ ਦਾ ਆਦੇਸ਼ ਜਾਰੀ ਕੀਤੇ।
______________________________________
ਅਕਾਲ ਤਖਤ ਦੇ ਸੁਝਾਅ ਬਾਰੇ ਵਿਚਾਰ ਕਰੇਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਵਲੋਂ ਸ਼੍ਰੋਮਣੀ ਕਮੇਟੀ ਨੂੰ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਵਿਦਵਾਨਾਂ ਦੀ ਰਾਏ ਲੈਣ ਦੇ ਦਿੱਤੇ ਗਏ ਸੁਝਾਅ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਜਲਦੀ ਹੀ ਵਿਚਾਰ ਕੀਤਾ ਜਾਵੇਗਾ। ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਆਖਿਆ ਸੀ ਕਿ ਉਸ ਵਲੋਂ ਕੀਤੇ ਫੈਸਲਿਆਂ ਨੂੰ ਵਾਰ ਵਾਰ ਬਦਲਣ ਨਾਲ ਸਿੱਖ ਸੰਸਥਾ ਦੀ ਸਾਖ ਅਤੇ ਵੱਕਾਰ ਨੂੰ ਢਾਹ ਲੱਗਦੀ ਹੈ। ਇਸ ਲਈ ਉਹ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਇਸ ਸਬੰਧੀ ਸਬੰਧਤ ਵਿਦਵਾਨਾਂ ਦੀ ਰਾਏ ਜ਼ਰੂਰ ਲਵੇ। ਸਬੰਧਤ ਫੈਸਲਾ ਲੈਣ ਵਿਚ ਭਾਵੇਂ ਸਮਾਂ ਲੱਗੇ ਪਰ ਫੈਸਲਾ ਇਕੋ ਵਾਰ ਸੋਚ ਵਿਚਾਰ ਕੇ ਲਿਆ ਜਾਵੇ। ਸ੍ਰੀ ਅਕਾਲ ਤਖਤ ਵਲੋਂ ਕੀਤੀ ਗਈ ਇਹ ਹਦਾਇਤ ਸਬੰਧੀ ਪੱਤਰ ਵੀ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਹਾਇਕ ਦਰਸ਼ਨ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਵਲੋਂ ਭੇਜਿਆ ਗਿਆ ਪੱਤਰ ਮਿਲ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧੀ ਜਲਦੀ ਹੀ ਵਿਚਾਰ ਚਰਚਾ ਕੀਤੀ ਜਾਵੇਗੀ। ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਜਾਂਚ ਰਿਪੋਰਟ ਵਿਚ ਦੋਸ਼ੀ ਠਹਿਰਾਏ ਗਏ ਕੁਝ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ ਫੌਜਦਾਰੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਕੁਝ ਦਿਨਾਂ ਬਾਅਦ ਹੀ ਅੰਤ੍ਰਿੰਗ ਕਮੇਟੀ ਦੀ ਇਕ ਹੋਰ ਇਕੱਤਰਤਾ ਸਮੇਂ ਇਸ ਫੈਸਲੇ ਨੂੰ ਰੱਦ ਕਰਕੇ ਇਸ ਸਬੰਧੀ ਅਗਲੇਰੀ ਕਾਰਵਾਈ ਸ਼੍ਰੋਮਣੀ ਕਮੇਟੀ ਵਲੋਂ ਖੁਦ ਹੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਹ ਫੈਸਲੇ ਦਾ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ।
______________________________________
ਸਿੱਖ ਜਥੇਬੰਦੀਆਂ ਵਲੋਂ ਲੌਂਗੋਵਾਲ ਤੇ ਅੰਤ੍ਰਿੰਗ ਕਮੇਟੀ ਦੋਸ਼ੀ ਕਰਾਰ
ਅੰਮ੍ਰਿਤਸਰ: ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਅਕਾਲ ਤਖਤ ਨੇੜੇ ਮੀਟਿੰਗ ਕਰਕੇ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਅੰਤ੍ਰਿੰਗ ਕਮੇਟੀ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ। ਲੰਬੀ ਚੱਲੀ ਇਸ ਮੀਟਿੰਗ ਵਿਚ ਬੁਲਾਰਿਆਂ ਨੇ ਵਿਚਾਰ ਰੱਖੇ ਤੇ ਅਤੇ ਬਾਅਦ ਵਿਚ ਮਤੇ ਪਾਸ ਕੀਤੇ। ਅਕਾਲ ਫੈਡਰੇਸ਼ਨ ਦੇ ਆਗੂ ਨਰੈਣ ਸਿੰਘ ਅਤੇ ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਪਾਸ ਕੀਤੇ ਮਤੇ ਲਾਗੂ ਕਰਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਲੌਂਗੋਵਾਲ ਸਥਿਤ ਘਰ ਦੇ ਬਾਹਰ ਧਰਨੇ ਜਾਰੀ ਰਹਿਣਗੇ। ਸਿੱਖ ਜਥੇਬੰਦੀਆਂ ਨੇ ਧਰਨਾ ਸਮਰਥਕਾਂ ਦੀ ਕੁੱਟਮਾਰ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਕਰਮਚਾਰੀਆਂ ਨੂੰ ਮੁਅੱਤਲ ਕਰਨ ਅਤੇ ਪੁਲਿਸ ਕੇਸ ਦਰਜ ਕਰਾਉਣ ਦੀ ਵੀ ਮੰਗ ਕੀਤੀ ਹੈ। ਮੀਟਿੰਗ ਵਿਚ ਦਲ ਖਾਲਸਾ,.. ਅਕਾਲੀ ਦਲ(ਅ) ਅਕਾਲੀ ਦਲ ਯੂਨਾਈਟਿਡ, ਅਕਾਲੀ ਦਲ ਡੈਮੋਕ੍ਰੇਟਿਕ, ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ।