ਭਾਰਤ ਵਿਚ ਅਗਲੇ ਸਾਲ ਦੇ ਸ਼ੁਰੂ ‘ਚ ਆਏਗਾ ਕਰੋਨਾ ਲਈ ਟੀਕਾ

ਨਵੀਂ ਦਿੱਲੀ: ਭਾਰਤ ਵਿਚ ਕਰੋਨਾ ਵਾਇਰਸ ਲਈ ਟੀਕਾ ਅਗਲੇ ਸਾਲ ਦੇ ਸ਼ੁਰੂ ‘ਚ ਉਪਲਬਧ ਹੋ ਸਕਦਾ ਹੈ। ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਰਾਜ ਸਭਾ ਵਿਚ ਕਰੋਨਾ ਬਾਰੇ ਚਰਚਾ ਕਰਦਿਆਂ ਸਦਨ ਨੂੰ ਇਹ ਜਾਣਕਾਰੀ ਦਿੱਤੀ। ਡਾ. ਹਰਸ਼ ਵਰਧਨ ਨੇ ਕਿਹਾ ਕਿ ਭਾਰਤ ‘ਚ ਨਵੇਂ ਟੀਕੇ ਲਈ ਟ੍ਰਾਇਲ ਪਹਿਲੇ, ਦੂਜੇ ਅਤੇ ਤੀਜੇ ਪੜਾਅ ‘ਚ ਪਹੁੰਚ ਗਏ ਹਨ।

ਉਨ੍ਹਾਂ ਟੀਕੇ ਬਾਰੇ ਅੱਗੇ ਇਹ ਵੀ ਕਿਹਾ ਕਿ ਮਾਹਿਰਾਂ ਦਾ ਇਕ ਗਰੁੱਪ ਟੀਕਾ ਵਿਕਸਿਤ ਕਰਨ ਦੇ ਪੂਰੇ ਅਮਲ ਦੀ ਨਿਗਰਾਨੀ ਕਰ ਰਿਹਾ ਹੈ ਤੇ ਸਰਕਾਰ ਵਿਸ਼ਵ ਸਿਹਤ ਸੰਗਠਨ ਨਾਲ ਵੀ ਤਾਲਮੇਲ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟੀਕਾ ਆਉਣ ਤੱਕ ਮਾਸਕ ਅਤੇ ਸਮਾਜਿਕ ਦੂਰੀ ਹੀ ਸਮਾਜਿਕ ਟੀਕਾ ਹੈ। ਸਿਹਤ ਮੰਤਰੀ ਨੇ ਕੇਂਦਰ ਸਰਕਾਰ ਵਲੋਂ ਰਾਜਾਂ ਨੂੰ ਸੁਵਿਧਾਵਾਂ ਦੇਣ ਲਈ ਕਿਸੇ ਕਿਸਮ ਦਾ ਵਿਤਕਰਾ ਨਾ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਦਿੱਲੀ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਨੋਇਡਾ ‘ਚ ਮਸ਼ੀਨਾਂ ਲਾਉਂਦੇ ਸਮੇਂ ਕੇਂਦਰ ਨੇ ਇਹ ਧਿਆਨ ਨਹੀਂ ਦਿੱਤਾ ਕਿ ਸੂਬੇ ‘ਚ ਕਿਸ ਪਾਰਟੀ ਦੀ ਸਰਕਾਰ ਹੈ।
ਸਿਹਤ ਮੰਤਰੀ ਨੇ ਖੁੱਲ੍ਹਦਿਲੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਤਿਹਾਸ ਉਨ੍ਹਾਂ (ਮੋਦੀ) ਨੂੰ ਪੂਰੇ ਹਾਲਾਤ ਦੀ ਚੰਗੀ ਤਰ੍ਹਾਂ ਨਿਗਰਾਨੀ ਕਰਨ ਲਈ ਯਾਦ ਕਰੇਗਾ। ਉਨ੍ਹਾਂ ਤਾਲਾਬੰਦੀ ਦੌਰਾਨ ਹੀ ਬਿਹਤਰ ਹੋਈਆਂ ਸਿਹਤ ਸੁਵਿਧਾਵਾਂ ਵਲ ਧਿਆਨ ਦਿਵਾਉਂਦਿਆਂ ਕਿਹਾ ਕਿ ਪੀ.ਪੀ.ਈ. ਕਿੱਟਾਂ ਬਣਾਉਣ ਵਾਲੀਆਂ ਕੰਪਨੀਆਂ ਹੁਣ 110 ਹੋ ਗਈਆਂ ਹਨ। ਵੈਂਟੀਲੇਟਰ ਉਤਪਾਦਕਾਂ ਦੀ ਗਿਣਤੀ 25 ਹੋ ਗਈ ਅਤੇ ਐੱਨ-95 ਮਾਸਕ ਦੇ ਵੀ 10 ਉਤਪਾਦਕ ਹੋ ਗਏ ਹਨ, ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਤਾਲਾਬੰਦੀ ਕਾਰਨ ਪਰਵਾਸੀ ਮਜ਼ਦੂਰਾਂ ਨੂੰ ਤਕਲੀਫ ਹੋਈ ਸੀ ਪਰ ਗ੍ਰਹਿ ਮੰਤਰਾਲੇ ਨੇ ਸਮੇਂ ਸਿਰ ਕਦਮ ਚੁੱਕ ਕੇ ਤਕਰੀਬਨ 64 ਲੱਖ ਪਰਵਾਸੀ ਮਜ਼ਦੂਰਾਂ ਨੂੰ ਰੇਲ ਗੱਡੀਆਂ ਰਾਹੀਂ ਉਨ੍ਹਾਂ ਦੇ ਜੱਦੀ ਰਾਜਾਂ ‘ਚ ਪਹੁੰਚਾਇਆ।
—————————————-
ਆਕਸਫੋਰਡ ਵੈਕਸੀਨ ਦੇ ਟਰਾਇਲ ਨੂੰ ਮੁੜ ਮਨਜ਼ੂਰੀ
ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਆਕਸਫੋਰਡ ਦੇ ਕੋਵਿਡ-19 ਵੈਕਸੀਨ ਦੇ ਕਲੀਨਿਕਲ ਪ੍ਰੀਖਣ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਡਰੱਗਜ਼ ਕੰਟਰੋਲ ਆਫ ਇੰਡੀਆ (ਡੀ.ਜੀ.ਸੀ.ਆਈ.) ਤੋਂ ਮਨਜ਼ੂਰੀ ਲੈ ਲਈ ਹੈ। ਇਸ ਦਵਾਈ ਨਿਰਮਾਣ ਕੰਪਨੀ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ‘ਕੋਵਿਸ਼ਿਲਡ’ ਨਾਂ ਦੀ ਇਸ ਵੈਕਸੀਨ ਦੇ ਉਤਪਾਦਨ ‘ਚ ਭਾਰਤ ਵੀ ਹਿੱਸੇਦਾਰ ਹੈ। ਇਸ ਵੈਕਸੀਨ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਜੇਨਰ ਇੰਸਟੀਚਿਊਟ ਅਤੇ ਐਸਟ੍ਰਾਜੇਨੇਕਾ ਵਲੋਂ ਸਾਂਝੇ ਰੂਪ ‘ਚ ਵਿਕਸਿਤ ਕੀਤਾ ਗਿਆ ਹੈ। ਵੈਕਸੀਨ ਲਈ ਪੁਣੇ ਦਾ ਸੀਰਮ ਇੰਸਟੀਚਿਊਟ ਪੂਰੇ ਭਾਰਤ ‘ਚ 17 ਥਾਵਾਂ ਉਤੇ ਪ੍ਰੀਖਣ ਕਰ ਰਿਹਾ ਹੈ।
—————————————-
ਰੂਸ ਕਰੋਨਾ ਵੈਕਸੀਨ ਭਾਰਤ ਭੇਜੇਗਾ
ਮੁੰਬਈ: ਰੂਸ ਦੇ ਆਰ.ਡੀ.ਆਈ.ਐਫ਼ (ਰਸ਼ੀਅਨ ਡਾਇਰੈਕਟ ਇੰਵੈਸਟਮੈਂਟ ਫੰਡ) ਨੇ ਭਾਰਤ ‘ਚ ਕਰੋਨਾ ਵਾਇਰਸ ਦੀ ਵੈਕਸੀਨ ਸਪੁਤਨਿਕ-5 ਦੇ ਕਲੀਨਿਕਲ ਟਰਾਇਲ ਅਤੇ ਡਿਸਟ੍ਰੀਬਿਊਸ਼ਨ ਲਈ ਡਾ. ਰੈਡੀਜ਼ ਲੈਬ ਨਾਲ ਸਮਝੌਤਾ ਕਰ ਲਿਆ ਹੈ। ਦੋਵੇਂ ਕੰਪਨੀਆਂ ਵਿਚਕਾਰ ਹੋਏ ਸਮਝੌਤੇ ਮੁਤਾਬਕ ਆਰ.ਡੀ.ਆਈ.ਐਫ਼ ਭਾਰਤੀ ਕੰਪਨੀ ਨੂੰ ਵੈਕਸੀਨ ਦੀ 10 ਕਰੋੜ ਡੋਜ਼ ਦੀ ਸਪਲਾਈ ਕਰੇਗੀ। ਆਰ.ਡੀ.ਆਈ.ਐਫ਼ ਦੇ ਸੀ.ਈ.ਓ. ਕਰਿਲ ਦਮਿਤਰੀਵ ਨੇ ਈ.ਟੀ. ਨੂੰ ਦੱਸਿਆ ਕਿ ਸਪੁਤਨਿਕ-5 ਵੈਕਸੀਨ ਐਡਨੋਵਾਇਰਲ ਵੈਕਟਰ ਪਲੇਟਫਾਰਮ ‘ਤੇ ਆਧਾਰਿਤ ਹੈ ਅਤੇ ਜੇਕਰ ਇਸ ਦਾ ਟਰਾਇਲ ਸਫਲ ਹੁੰਦਾ ਹੈ ਤਾਂ ਇਹ ਨਵੰਬਰ ਤੱਕ ਭਾਰਤ ‘ਚ ਉਪਲਬਧ ਹੋਵੇਗੀ।
—————————————-
ਗੁਟੇਰੇਜ਼ ਵਲੋਂ ਕੋਵਿਡ-19 ਦੇ ਇਲਾਜ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ
ਸੰਯੁਕਤ ਰਾਸ਼ਟਰ: ਕਰੋਨਾ ਵਾਇਰਸ ਨੂੰ ਦੁਨੀਆਂ ਲਈ ਸਭ ਤੋਂ ਵੱਡਾ ਖਤਰਾ ਕਰਾਰ ਦਿੰਦਿਆਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਮੁਲਕਾਂ ਨੂੰ ਲਾਗ ਦੇ ਇਲਾਜ ਲਈ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਜ਼ਿੰਦਗੀਆਂ ਬਚਾਈਆਂ ਜਾ ਸਕਣ। ਗੁਟੇਰੇਜ਼ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ,”ਵਾਇਰਸ ਨੂੰ ਹਰਾਉਣ ਲਈ ਇਹ ਕੌਮਾਂਤਰੀ ਭਾਈਚਾਰੇ ਦੇ ਇਕੱਠੇ ਹੋਣ ਦਾ ਵੇਲਾ ਹੈ। ਕਈਆਂ ਨੇ ਵੈਕਸੀਨ ‘ਤੇ ਉਮੀਦਾਂ ਲਾਈਆਂ ਹੋਈਆਂ ਹਨ ਪਰ ਮਹਾਮਾਰੀ ‘ਚ ਕੋਈ ਵੀ ਰਾਮਬਾਣ ਦਵਾਈ ਨਹੀਂ ਹੈ।
—————————————-
ਕਰੋਨਾ ਮਰੀਜ਼ਾਂ ਦੀ ਸਿਹਤਯਾਬੀ ‘ਚ ਭਾਰਤ ਮੋਹਰੀ
ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਕਰੋਨਾ ਮਰੀਜ਼ਾਂ ਦੇ ਤੰਦਰੁਸਤ ਹੋਣ ਦੇ ਮਾਮਲੇ ‘ਚ ਵੱਡੀ ਪ੍ਰਾਪਤੀ ਕਰਦਿਆਂ ਅਮਰੀਕਾ ਨੂੰ ਪਿੱਛੇ ਛੱਡ ਦਿੱਤਾ ਤੇ ਹੁਣ ਭਾਰਤ ਇਸ ਮਾਮਲੇ ‘ਚ ਦੁਨੀਆਂ ਭਰ ‘ਚ ਪਹਿਲੇ ਸਥਾਨ ਉਤੇ ਪਹੁੰਚ ਗਿਆ ਹੈ।
ਭਾਰਤ ‘ਚ ਕਰੋਨਾ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਦਰ ਕਰੀਬ 80 ਫੀਸਦ ਹੋ ਗਈ ਹੈ ਜਦਕਿ ਮੌਤ ਦਰ ਘੱਟ ਕੇ 1.61 ਫੀਸਦ ਰਹਿ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਦੁਨੀਆਂ ਭਰ ‘ਚ ਕਰੋਨਾ ਤੋਂ ਠੀਕ ਹੋਏ ਲੋਕਾਂ ਗਿਣਤੀ ਵਿਚੋਂ ਕਰੀਬ 19 ਫੀਸਦ ਵਿਅਕਤੀ ਭਾਰਤ ਦੇ ਹਨ ਹੈ। ਇਸ ਕਾਰਨ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਕੌਮੀ ਦਰ ਮਜ਼ਬੂਤੀ ਨਾਲ ਸੁਧਰ ਕੇ 79.28 ਫੀਸਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਅਗਵਾਈ ਹੇਠ ਜੰਗੀ ਪੱਧਰ ‘ਤੇ ਚਲਾਈ ਮੁਹਿੰਮ ਤਹਿਤ ਮਰੀਜ਼ਾਂ ਦੀ ਜਲਦੀ ਪਛਾਣ ਹੋਣ ਨਾਲ ਇਹ ਆਲਮੀ ਪ੍ਰਾਪਤੀ ਕੀਤੀ ਜਾ ਸਕੀ ਹੈ।