ਸ਼੍ਰੋਮਣੀ ਕਮੇਟੀ ਦਾ ਵਿਵਾਦਾਂ ਨਾਲ ਪੱਕਾ ਵਾਹ-ਵਾਸਤਾ?

ਅੰਮ੍ਰਿਤਸਰ: ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਥਾਂ ਆਪਣੇ ਕਈ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਕਾਰਨ ਹਮੇਸ਼ਾ ਵਿਵਾਦਾਂ ‘ਚ ਘਿਰੀ ਰਹਿੰਦੀ ਹੈ। 2016 ਵਿਚ ਲਾਪਤਾ ਹੋਏ 328 ਪਾਵਨ ਸਰੂਪ ਮਾਮਲੇ ਵਿਚ ਅਕਾਲ ਤਖਤ ਸਾਹਿਬ ਵਲੋਂ ਬਣਾਈ ਪੜਤਾਲ ਕਮੇਟੀ ਦੀ ਰਿਪੋਰਟ ‘ਚ ਆਪਣੇ ਹੀ 16 ਤੋਂ ਵੱਧ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਂ ਜੱਗ ਜ਼ਾਹਰ ਹੋਣ ਅਤੇ ਕੈਨੇਡਾ ਵਿਚ ਭੇਜੇ ਗਏ ਪਾਵਨ ਸਰੂਪਾਂ ਦੀ ਬੇਅਦਬੀ ਹੋਣ ਦਾ ਮਾਮਲਾ ਉਜਾਗਰ ਹੋਣ ਨਾਲ ਸਮੁੱਚੇ ਸਿੱਖ ਜਗਤ ਵਿਚ ਸ਼੍ਰੋਮਣੀ ਕਮੇਟੀ ਦੀ ਮਾੜੀ ਕਾਰਗੁਜ਼ਾਰੀ ਚਰਚਾ ਵਿਚ ਹੈ।

ਸ਼੍ਰੋਮਣੀ ਕਮੇਟੀ ਦੇ ਕਈ ਮੌਜੂਦਾ ਅਹੁਦੇਦਾਰਾਂ ਤੇ ਪ੍ਰਬੰਧਕਾਂ ਦੀ ਨਾ-ਕਾਬਲੀਅਤ ਕਾਰਨ ਇਹ ਸਿੱਖ ਸੰਸਥਾ ਨਿੱਤ ਦਿਨ ਨਵੇਂ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਆਪਣੀ ਕਾਇਮ ਕੀਤੀ ਹੋਈ ਟਾਸਕ ਫੋਰਸ ਤੇ ਮੁਲਾਜ਼ਮਾਂ ਦੀਆਂ ਪੰਥਕ ਮਸਲੇ ਉਠਾਉਣ ਵਾਲੇ ਸਿੱਖ ਆਗੂਆਂ ਤੇ ਸੰਸਥਾਵਾਂ ਨੂੰ ਡਰਾਉਣ ਧਮਕਾਉਣ ਤੇ ਕੁਟਾਪਾ ਚਾੜ੍ਹਨ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ। ਇਥੋਂ ਤੱਕ ਕਿ ਹੁਣ ਤਾਂ ਕਿਸੇ ਰੋਸ ਧਰਨੇ ਜਾਂ ਸਮਾਗਮ ਦੀ ਕਵਰੇਜ ਕਰਨ ਗਏ ਮੀਡੀਆ ਕਰਮੀਆਂ ਨਾਲ ਵੀ ਗੁੰਡਾਗਰਦੀ ਕੀਤੀ ਜਾਣ ਲੱਗ ਪਈ ਹੈ। ਸਿੱਖ ਹਲਕਿਆਂ ਦਾ ਕਹਿਣਾ ਹੈ ਕਿ ਮੌਜੂਦਾ ਪ੍ਰਧਾਨ ਦੀ ਸੰਸਥਾ ਪ੍ਰਤੀ ਢਿੱਲੀ ਪ੍ਰਬੰਧਕੀ ਪਕੜ ਤੇ ਮੌਜੂਦਾ ਦੌਰ ‘ਚ ਸ਼੍ਰੋਮਣੀ ਕਮੇਟੀ ਵਿਚ ਸਿਆਣੇ ਤੇ ਪੜ੍ਹੇ ਲਿਖੇ ਕੁਸ਼ਲ ਪ੍ਰਬੰਧਕਾਂ ਦੀ ਅਣਹੋਂਦ ਕਾਰਨ ਆਪਾਧਾਪੀ ਦਾ ਬੋਲ ਬਾਲਾ ਹੈ ਤੇ ਸਿੱਖੀ ਪ੍ਰਚਾਰ ਪ੍ਰਸਾਰ ਦੀ ਥਾਂ ‘ਤੇ ਇਕ-ਦੂਜੇ ਦੀਆਂ ਲੱਤਾਂ ਖਿੱਚਣ ਵਲ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਚਰਚਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦਾ ਜ਼ਿਆਦਾ ਜ਼ੋਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਆਦੇਸ਼ਾਂ ਦਾ ਪਾਲਣਾ ਕਰਨ ਵਲ ਲੱਗ ਰਿਹਾ ਹੈ। ਲਾਪਤਾ ਪਾਵਨ ਸਰੂਪ ਮਾਮਲੇ ‘ਚ ਅਮਨ ਸ਼ਾਂਤੀ ਨਾਲ ਸ਼੍ਰੋਮਣੀ ਕਮੇਟੀ ਦਫਤਰ ਸਾਹਮਣੇ ਰੋਸ ਧਰਨਾ ਦੇ ਰਹੀਆਂ ਵੱਖ-ਵੱਖ ਜਥੇਬੰਦੀਆਂ ਨਾਲ ਵੀ ਗੱਲਬਾਤ ਰਾਹੀਂ ਮਸਲਾ ਸੁਲਝਾਉਣ ‘ਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਅਹੁਦੇਦਾਰ ਅਸਫਲ ਸਿੱਧ ਹੋਏ ਹਨ। ਬੀਤੇ ਦਿਨੀਂ ਥੋੜ੍ਹੀ ਗਿਣਤੀ ‘ਚ ਬੈਠੇ ਧਰਨਾਕਾਰੀਆਂ ਨੂੰ ਬਾਕੀ ਸੰਗਤ ਤੇ ਸਾਥੀਆਂ ਨਾਲੋਂ ਅਲੱਗ ਕਰਨ ਲਈ ਸ਼੍ਰੋਮਣੀ ਕਮੇਟੀ ਦਫਤਰ ਤੇ ਮੰਜੀ ਸਾਹਿਬ ਦੀਵਾਨ ਹਾਲ ਨੂੰ ਜਾਂਦੇ ਰਸਤਿਆਂ ‘ਤੇ 10 ਫੁੱਟ ਉੱਚੀਆਂ ਟੀਨਾਂ ਦੀਆਂ ਰਾਤੋ ਰਾਤ ਕੰਧਾਂ ਉਸਾਰ ਦੇਣ ਨਾਲ ਵੀ ਸ਼੍ਰੋਮਣੀ ਕਮੇਟੀ ਨੇ ਸੰਗਤ ਤੋਂ ਬਦਨਾਮੀ ਖੱਟੀ ਹੈ। ਇਸ ਦੇ ਨਾਲ ਹੀ ਗੁਰੂ ਰਾਮਦਾਸ ਸਰਾਂ ਨੇੜੇ ਬੈਠੇ ਗੁਰਬਾਣੀ ਜਾਪ ਕਰ ਰਹੇ ਗਿਣਤੀ ਦੇ ਕੁਝ ਨਿਹੰਗ ਸਿੰਘਾਂ ਤੇ ਸੰਗਤ ਨੂੰ ਉਥੋਂ ਖਦੇੜਨ ਲਈ ਟਾਸਕ ਫੋਰਸ ਦੇ ਕਰਮਚਾਰੀਆਂ ਵਲੋਂ ਭਾਰੀ ਕੁੱਟਮਾਰ ਕਰਦਿਆਂ ਉਨ੍ਹਾਂ ਦੀਆਂ ਦਸਤਾਰਾਂ ਉਤਾਰਨ ਤੇ ਇਸ ਮੌਕੇ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨਾਲ ਸ਼ਰੇਆਮ ਕੀਤੀ ਗੁੰਡਾਗਰਦੀ ਤੇ ਖੂਨੀ ਝੜਪ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਬੇਸਮਝੀ ਨੂੰ ਪੂਰੀ ਤਰ੍ਹਾਂ ਉਜਾਗਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਲਾਪਤਾ ਪਾਵਨ ਸਰੂਪ ਮਾਮਲੇ ਵਿਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਲੋਂ 2016 ਵਾਲੀ ਸਮੁੱਚੀ ਅੰਤ੍ਰਿੰਗ ਕਮੇਟੀ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ। ਇਹ ਸ਼੍ਰੋਮਣੀ ਕਮੇਟੀ ਦੇ ਸਦੀ ਪੁਰਾਤਨ ਇਤਿਹਾਸ ਵਿਚ ਸ਼ਾਇਦ ਪਹਿਲਾ ਮੌਕਾ ਹੋਵੇਗਾ ਜਦੋਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਤੇ ਅਧਿਕਾਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਾਇਮ ਨਾ ਰੱਖ ਸਕਣ ਦੇ ਦੋਸ਼ ਵਿਚ ਅਕਾਲ ਤਖਤ ਸਾਹਿਬ ਵਿਖੇ ਤਲਬ ਹੋਏ। ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਤੋਂ ਲੈ ਕੇ ਮੁੱਖ ਸਕੱਤਰਾਂ ਤੱਕ 16 ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵੀ ਇਸ ਮਾਮਲੇ ਵਿਚ ਪਹਿਲੀ ਵਾਰ ਦੋਸ਼ੀ ਠਹਿਰਾਇਆ ਜਾਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।