ਕੇਂਦਰ ਨੇ ਰਚੀ ਕਿਸਾਨਾਂ ਵਿਰੁੱਧ ਸਾਜ਼ਿਸ਼: ਕੈਪਟਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਨੂੰ ਕੇਂਦਰ ਦੀ ਐਨ.ਡੀ.ਏ. ਸਰਕਾਰ ਦੀ ‘ਕਿਸਾਨ ਮਾਰੂ-ਪੰਜਾਬ ਮਾਰੂ’ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਨ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਐਨ.ਡੀ.ਏ. ਵਿਚ ਭਾਈਵਾਲ ਬਣਿਆ ਹੋਇਆ ਹੈ।

ਮੁੱਖ ਮੰਤਰੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਰਚੂਅਲ ਕਿਸਾਨ ਮੇਲੇ ਦੀ ਸ਼ੁਰੂਆਤ ਮੌਕੇ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਪੰਜਾਬ ਨੂੰ ਤਬਾਹ ਕਰਨ ਉਤੇ ਤੁਲੇ ਹੋਏ ਹਨ। ਕੈਪਟਨ ਨੇ ਮੁੜ ਚਿਤਾਵਨੀ ਦਿੱਤੀ ਕਿ ਇਹ ਕਾਨੂੰਨ ਸਰਹੱਦੀ ਸੂਬੇ ਦੇ ਲੋਕਾਂ ਵਿਚ ਰੋਹ ਦੀ ਭਾਵਨਾ ਪੈਦਾ ਕਰਨਗੇ ਜਿਸ ਨਾਲ ਪਾਕਿਸਤਾਨ ਨੂੰ ਅੱਗ ਭੜਕਾਉਣ ਦਾ ਮੌਕਾ ਮਿਲ ਜਾਵੇਗਾ। ਉਨ੍ਹਾਂ ਕਿਹਾ,”ਇਹ ਕਿਸਾਨ ਵਿਰੋਧੀ ਕਦਮ ਪੰਜਾਬ ਦੀ ਆਬੋ-ਹਵਾ ਨੂੰ ਖਰਾਬ ਕਰੇਗਾ। ਇਹ ਕਾਨੂੰਨ ਮੁਲਕ ਦੀ ਅੰਨ ਸੁਰੱਖਿਆ ਲਈ ਪੰਜਾਬ ਅਤੇ ਇਥੋਂ ਦੇ ਕਿਸਾਨਾਂ ਵੱਲੋਂ 65 ਸਾਲਾਂ ਵਿਚ ਕੀਤੀਆਂ ਕੁਰਬਾਨੀਆਂ ਨੂੰ ਮਿੱਟੀ ਵਿੱਚ ਮਿਲਾ ਦੇਣਗੇ।”
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਸੌੜੀ ਸਿਆਸਤ ਲਈ ਸੂਬਾ ਸਰਕਾਰ ਨਾਲ ਇਨ੍ਹਾਂ ਮੁੱਦਿਆਂ ਉਤੇ ਖੜਨ ਵਿਚ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਆਖਰ ਵਿਚ ਘੱਟੋ-ਘੱਟ ਸਮਰਥਨ ਮੁੱਲ ਦੇ ਖਾਤਮੇ ਅਤੇ ਐਫ਼ਸੀ.ਆਈ. ਦਾ ਅੰਤ ਕਰਨ ਦਾ ਰਾਹ ਪੱਧਰਾ ਕਰਨਗੇ ਅਤੇ ਕਿਸਾਨਾਂ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਰਹਿਮੋ-ਕਰਮ ਉਤੇ ਛੱਡ ਦਿੱਤਾ ਜਾਵੇਗਾ। ਘੱਟੋ-ਘੱਟ ਸਮਰਥਨ ਮੁੱਲ ਨਾਲ ਛੇੜਛਾੜ ਨਾ ਕਰਨ ਬਾਰੇ ਕੇਂਦਰ ਵੱਲੋਂ ਦਿੱਤੀ ਗਈ ਗਾਰੰਟੀ ਨੂੰ ਰੱਦ ਕਰਦਿਆਂ ਕੈਪਟਨ ਨੇ ਕਿਹਾ ਕਿ ਇਹ ਸੰਵਿਧਾਨਕ ਗਾਰੰਟੀ ਸੰਸਦ ਵੱਲੋਂ ਦਿੱਤੀ ਗਈ ਸੀ ਜਿਸ ਨੂੰ ਕੇਂਦਰ ਦੀ ਮੌਜੂਦਾ ਸਰਕਾਰ ਵੱਲੋਂ ਬਹੁਮਤ ਦੀ ਧੌਂਸ ਵਿਚ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੱਕੀ ਵਰਗੀਆਂ ਫਸਲਾਂ ਉਤੇ ਪਹਿਲਾਂ ਹੀ ਐਲਾਨਿਆ ਜਾ ਚੁੱਕਾ ਘੱਟੋ-ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਰਾਓ ਸਾਹਿਬ ਪਾਟਿਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਝੂਠੇ ਤੇ ਗੁਮਰਾਹਕੁਨ ਦਾਅਵਿਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਿਆਸਤਦਾਨਾਂ ਨੂੰ ਅਜਿਹੇ ਗੰਭੀਰ ਮੁੱਦਿਆਂ ‘ਤੇ ਝੂਠ ਨਹੀਂ ਬੋਲਣਾ ਚਾਹੀਦਾ ਹੈ ਕਿਉਂਕਿ ਅਜਿਹੇ ਮਸਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਡੂੰਘੇ ਅਰਥ ਰੱਖਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਸਭਾ ਵਿਚ ਪੰਜਾਬ ਦੀਆਂ ਸਿਰਫ 13 ਸੀਟਾਂ ਹਨ ਅਤੇ ਕਾਂਗਰਸ ਦੀ ਆਵਾਜ਼ ਦਬਾ ਕੇ ਕੇਂਦਰ ਸਰਕਾਰ ਨੇ ਬਹੁਮਤ ਦੀ ਧੌਂਸ ਨਾਲ ਇਹ ਖਤਰਨਾਕ ਅਤੇ ਕਿਸਾਨ ਵਿਰੋਧੀ ਬਿੱਲ ਪਾਸ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਐਨ.ਡੀ.ਏ. ਅਤੇ ਇਸ ਦੇ ਭਾਈਵਾਲਾਂ ਵੱਲੋਂ ਮੁਲਕ ਦੇ ਕੀਤੇ ਨੁਕਸਾਨ ਲਈ ਕਦੇ ਵੀ ਮੁਆਫ ਨਹੀਂ ਕਰਨਗੀਆਂ।
ਹਰਸਿਮਰਤ ਬਾਦਲ ਵੱਲੋਂ ਕੇਂਦਰੀ ਕੈਬਨਿਟ ਵਿਚੋਂ ਅਸਤੀਫਾ ਦੇਣ ਮੌਕੇ ਕਿਸਾਨਾਂ ਨਾਲ ਖੜ੍ਹੇ ਹੋਣ ਦੇ ਬਿਆਨ ਉਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ ਕਿ ਜਦੋਂ ਕੇਂਦਰ ਨੇ ਆਰਡੀਨੈਂਸ ਲਿਆਂਦੇ ਸਨ ਤਾਂ ਉਹ ਕਿਸਾਨ ਭਰਾਵਾਂ ਨੂੰ ਕਿਉਂ ਭੁੱਲ ਗਈ ਸੀ? ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਸ਼ੁਰੂ ਤੋਂ ਹੀ ਸੂਬਾ ਸਰਕਾਰ ਨਾਲ ਖੜ੍ਹਾ ਹੁੰਦਾ ਅਤੇ ਆਪਣੇ ਭਾਈਵਾਲ ਭਾਜਪਾ ਉਤੇ ਦਬਾਅ ਬਣਾਉਂਦਾ ਤਾਂ ਸ਼ਾਇਦ ਮੌਜੂਦਾ ਸਥਿਤੀ ਪੈਦਾ ਨਾ ਹੁੰਦੀ।