ਸਾਮਰਾਜ, ਪੂੰਜੀਵਾਦ ਅਤੇ ਗੁਰਮਤਿ ਅਨੁਸਾਰ ਮਨੁੱਖੀ ਮੁਕਤੀ

ਗੁਰਬਚਨ ਸਿੰਘ
ਫੋਨ: 91-98156-98451
ਕੁਝ ਪੜ੍ਹੇ-ਲਿਖੇ ਅਤੇ ਸਿਆਣੇ-ਬਿਆਣੇ ਸਿੱਖਾਂ ਨੂੰ ਵੀ ਇਹ ਜਾਪਦਾ ਹੈ ਕਿ ਜਦੋਂ ਕੋਈ ਲੇਖਕ ਆਪਣੀਆਂ ਲਿਖਤਾਂ ਵਿਚ ਅਮਰੀਕੀ ਸਾਮਰਾਜ ਜਾਂ ਪੂੰਜੀਵਾਦ ਦਾ ਜ਼ਿਕਰ ਕਰਦਾ ਹੈ ਤਾਂ ਇਹ ਕਿਸੇ ਕਮਿਊਨਿਸਟ ਏਜੰਡੇ ਦੀਆਂ ਗੱਲਾਂ ਹਨ। ਉਨ੍ਹਾਂ ਦੇ ਮਨ ਵਿਚ ‘ਸਮਾਜਕ ਪ੍ਰਾਣੀਆਂ ਨੂੰ ਗੁਰਬਾਣੀ ਦੇ ਆਤਮਿਕ ਰੰਗ ਵਿਚ ਰੰਗਣ’ ਦਾ ਸਮਾਜੀ ਜ਼ਿੰਦਗੀ ਨਾਲੋਂ ਟੁਟਿਆ ਹੋਇਆ ਕੋਈ ਅਮੂਰਤ ਸੰਕਲਪ ਬਣਿਆ ਹੋਇਆ ਹੈ, ਜਿਸ ਨੂੰ ਉਹ ਸਿੱਖਾਂ ਦੇ ‘ਵਿਅਕਤੀਗਤ ਅਤੇ ਸਮਾਜਕ ਵਰਤਾਰੇ (ਬeਹਅਵਿਰ ਪਅਟਟeਰਨ)’ ਵਿਚ ਹਾਂ-ਪੱਖੀ ਤਬਦੀਲੀ ਲਿਆਉਣ ਦੇ ਇਕ ਯਤਨ ਵਜੋਂ ਕਲਪਦੇ ਹਨ; ਪਰ ਹਕੀਕੀ ਜ਼ਿੰਦਗੀ ਵਿਚ ਇਹ ਵਰਤਾਰਾ ਏਨਾ ਸਰਲ ਅਤੇ ਸਿੱਧਾ ਨਹੀਂ, ਜਿਵੇਂ ਇਸ ਨੂੰ ਕਿਆਸਿਆ ਜਾਂਦਾ ਹੈ। ਗੁਰਮਤਿ ਦਾ ਫੁਰਮਾਨ ਹੈ,

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥
ਇਕਨ੍ਹਾ ਹੁਕਮਿ ਸਮਾਇ ਲਏ ਇਕਨ੍ਹਾ ਹੁਕਮੇ ਕਰੇ ਵਿਣਾਸੁ॥
ਇਕਨ੍ਹਾ ਭਾਣੈ ਕਢਿ ਲਏ ਇਕਨਾ ਮਾਇਆ ਵਿਚਿ ਨਿਵਾਸੁ॥
ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ॥
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ॥੩॥ (ਪੰਨਾ 463)
ਯਥਾ ਇਹ ਸਾਰਾ ਜਗਤ ਉਸ ਸੱਚੇ ਕਰਤਾ ਦਾ ਨਿਵਾਸ ਹੈ ਅਤੇ ਇਸ ਦੇ ਵਿਚ ਹੀ ਉਸ ਸਿਰਜਣਹਾਰ ਦਾ ਵਸੇਬਾ ਹੈ। ਉਸ ਦੇ ਹੁਕਮ ਵਿਚ ਹੀ ਇਸ ਜਗਤ ਵਿਚ ਆਉਣ-ਜਾਣ ਭਾਵ ਜੰਮਣ-ਮਰਨ ਬਣਿਆ ਹੋਇਆ ਹੈ। ਇਕ ਉਸ ਦੇ ਹੁਕਮ ਵਿਚ ਆ ਰਹੇ ਹਨ ਅਤੇ ਦੂਜੇ ਉਸ ਦੇ ਹੁਕਮ ਵਿਚ ਜਾ ਰਹੇ ਹਨ। ਇਕਨਾ ਨੂੰ ਉਹ ਮਾਇਆ ਦੇ ਭਰਮਜਾਲ ਵਿਚੋਂ ਕੱਢ ਲੈਂਦਾ ਹੈ ਅਤੇ ਦੂਜੇ ਅਜੇ ਮਾਇਆ ਦੇ ਭਰਮਜਾਲ ਵਿਚ ਹੀ ਫਸੇ ਹੋਏ ਹਨ। ਇਹ ਵੀ ਆਖਿਆ ਨਹੀਂ ਜਾ ਸਕਦਾ ਕਿ ਉਹ ਕਿਸੇ ਨੂੰ ਸਿਧੇ ਰਾਹ ਪਾਉਂਦਾ ਹੈ, ਪਰ ਜਿਸ ਮਨੁੱਖ ਦੇ ਮਨ ਵਿਚ ਇਸ ਆਤਮਿਕ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਓਹੀ ਮਨੁੱਖ ਗੁਰਮੁਖ ਹੈ।
ਪ੍ਰੋ. ਪੂਰਨ ਸਿੰਘ ਇਸ ਸਮੁੱਚੇ ਵਰਤਾਰੇ ਦੀ ਵਿਆਖਿਆ ਇਉਂ ਕਰਦੇ ਹਨ, “ਸਿੱਖ ਮਤਿ ਦ੍ਰਿਸ਼ਟਮਾਨ ਭੌਤਿਕ ਸੰਸਾਰ ਤੋਂ ਆਪਣਾ ਅਰੰਭ ਕਰਦਾ ਹੈ ਅਤੇ ਇਸ ਨੂੰ ਅੱਗੇ ਵਿਸਥਾਰ ਦਿੰਦਾ ਹੈ, ਜਦੋਂ ਕਿ ਬ੍ਰਾਹਮਣ ਮਤਿ ਅਦ੍ਰਿਸ਼ਟ (ਬ੍ਰਹਮ) ਤੋਂ ਅਰੰਭ ਕਰਕੇ ਮਾਨਸਿਕ ਕਲਪਨਾ ਵਿਚ ਹੀ ਇਸ ਦੀ ਵਿਆਖਿਆ ਕਰਦਾ ਹੈ।” ਆਦਿ ਕਾਲ ਤੋਂ ਲੈ ਕੇ ਹੁਣ ਤਕ ਮਨੁੱਖੀ ਆਤਮਿਕ ਗਿਆਨ ਦੀਆਂ ਇਹ ਦੋ ਧਾਰਾਵਾਂ ਨਿਰੰਤਰ ਚਲਦੀਆਂ ਆ ਰਹੀਆਂ ਹਨ। ਆਤਮਿਕ ਗਿਆਨ ਦੀ ਇਕ ਧਾਰਾ ਇਸ ਦ੍ਰਿਸ਼ਟੀਗੋਚਰ ਹੁੰਦੇ ਭੌਤਿਕ ‘ਸੰਸਾਰ’ ਦੇ ਸੱਚ ਨੂੰ ਆਧਾਰ ਮੰਨ ਕੇ ਤੇ ਅੰਤਹੀਣ ਅਦ੍ਰਿਸ਼ਟ ‘ਬ੍ਰਹਮ’ ਨੂੰ ਇਸ ਦਾ ਵਿਸਥਾਰ ਮੰਨ ਕੇ ਵਿਕਸਿਤ ਹੁੰਦੀ ਆਈ ਹੈ ਅਤੇ ਦੂਜੀ ਧਾਰਾ ਅਦ੍ਰਿਸ਼ਟ ‘ਬ੍ਰਹਮ’ ਨੂੰ ਆਧਾਰ ਮੰਨ ਕੇ ਤੇ ਦ੍ਰਿਸ਼ਟੀਗੋਚਰ ਹੁੰਦੇ ਭੌਤਿਕ ‘ਸੰਸਾਰ’ ਦੀ ਹੋਂਦ ਨੂੰ ਮਾਇਆ ਭਾਵ ਛਲਾਵਾ ਮੰਨ ਕੇ ਆਪਣੀ ਮਾਨਸਿਕ ਕਲਪਨਾ ਵਿਚ ਹੀ ਮਨੁੱਖੀ ਜ਼ਿੰਦਗੀ ਦਾ ਵਿਸਥਾਰ ਕਰਦੀ ਆਈ ਹੈ। ਗੁਰਮਤਿ ਆਤਮਿਕ ਗਿਆਨ ਦੀ ਪਹਿਲੀ ਧਾਰਾ ਨਾਲ ਸਬੰਧਤ ਹੈ, ਜਦੋਂ ਕਿ ਮੂਰਤੀਪੂਜ ਅਤੇ ਵਰਣ-ਵੰਡ ਦਾ ਧਾਰਨੀ ਬ੍ਰਾਹਮਣਵਾਦ ਆਤਮਿਕ ਗਿਆਨ ਦੀ ਦੂਜੀ ਧਾਰਾ ਦਾ ਪੈਰੋਕਾਰ ਹੈ।
ਇਸ ਬ੍ਰਾਹਮਣਵਾਦੀ ਮਾਨਸਿਕ ਕਲਪਨਾ ਦਾ ਇਕ ਹੋਰ ਅਮਲੀ ਪੱਖ ਵੀ ਹੈ। ਆਪਣੀ ਨਿਤ ਬਦਲ ਰਹੀ ਨਾਸਵੰਤ ਹੋਂਦ ਨੂੰ ਨਾ ਪਛਾਣ ਕੇ ਇਸ ਨੂੰ ਸਦੀਵੀ ਸਮਝ ਲੈਣਾ ਅਤੇ ਇਸ ਸੰਸਾਰ ਵਿਚ ਸਦੀਵੀ ਰਹਿਣ ਦਾ ਭਰਮ ਪਾਲ ਕੇ ਹਉਮੈ ਅਤੇ ਤ੍ਰਿਸ਼ਨਾ ਦਾ ਸ਼ਿਕਾਰ ਹੋ ਜਾਣਾ। ਇਸ ਭਰਮ ਅਧੀਨ ਮਨੁੱਖੀ ਜ਼ਿੰਦਗੀ ਲਈ ਬੇਲੋੜੀਆਂ ਵਸਤੂਆਂ ਦੇ ਲਾਲਚ ਵਿਚ ਫਸ ਕੇ ਧਨ ਦੌਲਤ ਅਤੇ ਨਿਜੀ ਜਾਇਦਾਦ ਦੇ ਰੂਪ ਵਿਚ ਵਧ ਤੋਂ ਵਧ ਕੁਦਰਤੀ ਸਾਧਨਾਂ ਨੂੰ ਆਪਣੀ ਨਿਜੀ ਜਕੜ ਵਿਚ ਲੈਣ ਦੇ ਯਤਨ ਕਰਨਾ।
ਬ੍ਰਾਹਮਣ ਮਤਿ ਕਹਿੰਦਾ ਹੈ ਕਿ ਇਹ ਦਿਸਦਾ ਸੰਸਾਰ ਮਾਇਆ ਭਾਵ ਇਕ ਛਲਾਵਾ ਹੈ, ਜਦੋਂ ਕਿ ਗੁਰਮਤਿ ਕਹਿੰਦੀ ਹੈ ਕਿ ਨਹੀਂ, ਇਹ ਦਿਸਦਾ ਸੰਸਾਰ ਇਕ ਹਕੀਕਤ ਹੈ, ਸੱਚ ਹੈ ਅਤੇ ਇਹ ਅਸੀਮ ਬ੍ਰਹਿਮੰਡੀ ਹਸਤੀ (ਬ੍ਰਹਮ) ਦਾ ਹੀ ਇਕ ਅੰਸ਼ ਹੈ, ਪਰ ਇਸ ਹਕੀਕੀ ਸੰਸਾਰ ਵਿਚ ਆਪਣੀ ਨਿਰੰਤਰ ਬਦਲ ਰਹੀ ਨਾਸਵੰਤ ਹੋਂਦ ਨੂੰ ਨਾ ਮੰਨ ਕੇ ਸਦੀਵੀ ਜਿਉਂਦੇ ਰਹਿਣ ਦਾ ਭਰਮ ਪਾਲ ਲੈਣਾ ਭਾਵ ਹਉਮੈ (ਆਪਣੀ ਝੂਠੀ ਹੋਂਦ) ਅਤੇ ਤ੍ਰਿਸ਼ਨਾ (ਬੇਲੋੜੀਆਂ ਇੱਛਾਵਾਂ) ਦਾ ਸ਼ਿਕਾਰ ਹੋ ਜਾਣਾ ਅਤੇ ਆਪਣੀਆਂ ਤਰਕਸੰਗਤ ਮਨੁੱਖੀ ਲੋੜਾਂ ਨੂੰ ਵਿਸਾਰ ਕੇ ਗੈਰਕੁਦਰਤੀ ਤੇ ਅਣਮਨੁੱਖੀ ਲੋੜਾਂ ਦੀਆਂ ਅਚੇਤ ਮਨੁੱਖੀ ਮਨ ਵਿਚ ਪੈਦਾ ਹੁੰਦੀਆਂ ਇਛਾਵਾਂ (ਤ੍ਰਿਸ਼ਨਾ) ਮਗਰ ਦੌੜਨਾ ਮਾਇਆ ਹੈ। ਇਨ੍ਹਾਂ ਬੇਲੋੜੀਆਂ ਇੱਛਾਵਾਂ ਦੀ ਪੂਰਤੀ ਲਈ ਧਨ ਦੌਲਤ ਅਤੇ ਨਿਜੀ ਜਾਇਦਾਦ ਇਕੱਠੀ ਕਰਨ ਦੀ ਲਾਲਸਾ (ਲਾਲਚ) ਨੂੰ ਪੂਰਾ ਕਰਨ ਦੇ ਯਤਨ ਕਰਨੇ ਇਸ ਮਾਇਆ ਦਾ ਪ੍ਰਗਟ ਰੂਪ ਹੈ।
ਇਸ ਤਰ੍ਹਾਂ ਗੁਰਮਤਿ ਅਨੁਸਾਰ ਮਾਇਆ ਦੇ ਦੋ ਰੂਪ ਹਨ। ਪਹਿਲਾ ਆਤਮਿਕ ਭਾਵ ਅੰਦਰੂਨੀ ਰੂਪ ਅਤੇ ਦੂਜਾ ਬਾਹਰੀ ਭਾਵ ਪ੍ਰਗਟ ਰੂਪ। ਮਾਇਆ ਦਾ ਆਤਮਿਕ (ਅੰਦਰੂਨੀ) ਰੂਪ ਆਪਣੇ ਸਰੀਰ ਦੀਆਂ ਤਰਕਸੰਗਤ ਮਨੁੱਖੀ ਲੋੜਾਂ ਤੋਂ ਵਧ ਦੀਆਂ ਪੈਦਾ ਹੁੰਦੀਆਂ ਇੱਛਾਵਾਂ (ਤ੍ਰਿਸ਼ਨਾ) ਹਨ, ਜੋ ਅਚੇਤ ਮਨੁੱਖੀ ਮਨ ਨੂੰ ਭਟਕਾਉਂਦੀਆਂ ਹਨ ਅਤੇ ਇਸ ਦਾ ਪ੍ਰਗਟ ਭਾਵ ਅਮਲੀ ਰੂਪ, ਇਨ੍ਹਾਂ ਇੱਛਾਵਾਂ (ਤ੍ਰਿਸ਼ਨਾ) ਦੀ ਪੂਰਤੀ ਲਈ ਨਿਜੀ ਜਾਇਦਾਦ ਵਜੋਂ ਬੇਲੋੜੀ ‘ਪੂੰਜੀ’ ਭਾਵ ਧਨ ਦੌਲਤ ਇਕੱਠੇ ਕਰਨ ਦੇ ਯਤਨ ਕਰਨਾ ਹੈ, ਜੋ ਮਨੁੱਖ ਨੂੰ ਦਿਨ-ਰਾਤ ਬੇਲੋੜਾ ਭਜਾਈ ਫਿਰਦੇ ਹਨ। ਇਹ ਬੇਲੋੜੇ ਯਤਨ ਮਨੁੱਖ ਦੇ ਸਰੀਰਕ, ਮਾਨਸਿਕ ਅਤੇ ਆਤਮਿਕ ਵਿਕਾਸ ਵਿਚ ਵੱਡੀ ਰੁਕਾਵਟ ਬਣਦੇ ਹਨ, ਕਿਉਂਕਿ ਆਪਣੀਆਂ ਸੀਮਤ ਮਨੁੱਖੀ ਲੋੜਾਂ ਤੋਂ ਵਧੇਰੇ ਸਾਧਨ ਤੇ ਪੈਸਾ ਇਕੱਠਾ ਕਰਨ ਦੇ ਯਤਨ ਬਾਕੀ ਮਨੁੱਖੀ ਸਮਾਜ ਨੂੰ ਅਣਗੌਲਿਆ ਕਰਕੇ ਹੀ ਕੀਤੇ ਜਾ ਸਕਦੇ ਹਨ। ਇਸ ਲਈ ਇਹ ਯਤਨ ਮਨੁੱਖੀ ਅਤੇ ਸਮਾਜੀ ਰਿਸ਼ਤਿਆਂ ਦੀ ਹੋਂਦ ਨੂੰ ਨਕਾਰਦੇ ਹਨ। ਇਸ ਤਰ੍ਹਾਂ ਬ੍ਰਾਹਮਣਵਾਦ ਵਿਚਲੇ ਮਾਇਆ ਦੇ ਸੰਕਲਪ ਅਤੇ ਗੁਰਮਤਿ ਵਿਚਲੇ ਮਾਇਆ ਦੇ ਸੰਕਲਪ ਵਿਚਕਾਰ ਸਪਸ਼ਟ ਨਿਖੇੜਾ ਕੀਤਾ ਗਿਆ ਹੈ।
ਆਤਮਿਕ ਗਿਆਨ ਦੀਆਂ ਇਨ੍ਹਾਂ ਦੋ ਧਾਰਾਵਾਂ ਦਾ ਮਨੁੱਖੀ ਸਮਾਜ ਅੰਦਰ ਠੋਸ ਪ੍ਰਗਟਾਵਾ ‘ਹਕੀਕਤ ਮੁਖੀ ਸਮਾਜ ਭਾਵ ਆਪਣੀਆਂ ਤਰਕਸੰਗਤ ਸੀਮਤ ਮਨੁੱਖੀ ਲੋੜਾਂ ਦੀ ਸੁਚੇਤ ਪਛਾਣ ਕਰਕੇ ਉਨ੍ਹਾਂ ਦੀ ਪੂਰਤੀ ਕਰਨ ਵਾਲੇ ਸਮਾਜ ਅਤੇ ਨਿਰੋਲ ਕਲਪਨਾ ਮੁਖੀ ਭਾਵ ਹਉਮੈ ਤੇ ਤ੍ਰਿਸ਼ਨਾ ਦੇ ਸ਼ਿਕਾਰ ਬੇਲਗਾਮ ਮਨ ਦੀਆਂ ਕਦੇ ਪੂਰੀਆਂ ਨਾ ਹੋਣ ਵਾਲੀਆਂ ਲੋੜਾਂ ਲਈ ਭਟਕਦੇ ਸਮਾਜ’ ਦੇ ਰੂਪ ਵਿਚ ਹੁੰਦਾ ਹੈ। ਅਜੋਕਾ ਸਾਮਰਾਜੀ ਰਾਜਪ੍ਰਬੰਧ ਮਾਇਆ ਦੇ ਇਨ੍ਹਾਂ ਦੋਹਾਂ ਰੂਪਾਂ ਦਾ ਵਿਰਾਟ ਪ੍ਰਗਟਾਵਾ ਹੈ। ਇਸ ਸਾਮਰਾਜੀ ਰਾਜਪ੍ਰਬੰਧ ਵਿਚ ਇਸ ਹਕੀਕੀ ਸੰਸਾਰ ਨੂੰ ਮਾਇਆ (ਛਲਾਵਾ) ਸਮਝਣ ਵਾਲਾ ਅਤੇ ਕਿਸੇ ਕਲਪਿਤ ਰੱਬ (ਬ੍ਰਹਮਾ) ਨੂੰ ਮੰਨਣ ਵਾਲਾ ਮੂਰਤੀਪੂਜ ਬ੍ਰਾਹਮਣਵਾਦ ਤੇ ਇਸ ਮਾਇਆ ਦਾ ਪ੍ਰਗਟ ਰੂਪ ਸਾਮਰਾਜੀ ਸਭਿਆਚਾਰ (ਭਾਵ ਪੈਸੇ ਦੀ ਅੰਤਹੀਣ ਲਾਲਸਾ ਕਾਰਨ ਮਨੁੱਖੀ ਅਤੇ ਸਮਾਜੀ ਰਿਸ਼ਤਿਆਂ ਤੋਂ ਟੁੱਟੀ ਹੋਈ ਸਾਮਰਾਜੀ ਮਾਨਸਿਕਤਾ) ਇਕਮਿਕ ਹੋ ਗਏ ਹਨ। ਇਸੇ ਕਾਰਨ ਅਜੋਕਾ ਸਾਮਰਾਜੀ ਰਾਜਪ੍ਰਬੰਧ ਆਪਣੀ ਜਣਨਹਾਰ ਕੁਦਰਤ ਨੂੰ ਵੀ ਟਿਚ ਸਮਝਣ ਲੱਗ ਪਿਆ ਹੈ ਅਤੇ ਅਤਿ ਦੇ ਵਹਿਸ਼ੀ ਢੰਗਾਂ ਨਾਲ ਕੁਦਰਤੀ ਚੌਗਿਰਦੇ ਦਾ ਉਜਾੜਾ ਕਰ ਰਿਹਾ ਹੈ।
ਸਾਮਰਾਜੀ ਖਪਤਕਾਰੀ ਦੀ ਇਸ ਵਹਿਸ਼ਤ ਨੇ ਸਮੁੱਚੇ ਮਨੁੱਖੀ ਮਨ ਨੂੰ ਬਿਮਾਰ ਕਰ ਦਿਤਾ ਹੈ। ਇਹੀ ਬਿਮਾਰ ਮਨ ਅਜੋਕੇ ਮਨੁੱਖੀ ਸਮਾਜ ਨੂੰ ਚੰਬੜੀਆਂ ਹੋਈਆਂ ਸਾਰੀਆਂ ਖਤਰਨਾਕ ਅਲਾਮਤਾਂ ਦਾ ਜਨਕ ਹੈ। ਤਰਕਸੰਗਤ ਮਨੁੱਖੀ ਲੋੜਾਂ ਉਤੇ ਆਧਾਰਿਤ ਇਕ ਮਾਨਵਵਾਦੀ ਸਮਾਜ ਦੀ ਧਾਰਾ ਅਤੇ ਨਿਰੋਲ ਮਾਨਸਿਕ ਕਲਪਨਾ ਉਤੇ ਆਧਾਰਿਤ ਸਾਮਰਾਜੀ ਖਪਤਕਾਰੀ ਦੀ ਹਵਸ ਦੇ ਮਾਰੇ ਮਨੋਰੋਗੀ ਸਮਾਜ ਦੀ ਧਾਰਾ ਵਿਚਕਾਰ ਅਜ ਇਕ ਜ਼ਬਰਦਸਤ ਟੱਕਰ ਚਲ ਰਹੀ ਹੈ। ਖਤਰਾ ਇਸ ਗੱਲ ਦਾ ਹੈ ਕਿ ਜੇ ਕੁਦਰਤ ਭਾਵ ਮਾਨਵਤਾਵਾਦੀ ਸਮਾਜ ਦੀ ਧਾਰਾ ਭਾਰੂ ਨਾ ਹੋਈ ਤਾਂ ਨਿਰੋਲ ਮਾਨਸਿਕ ਕਲਪਨਾ ਉਤੇ ਆਧਾਰਿਤ ਸਾਮਰਾਜੀ ਰਾਜਪ੍ਰਬੰਧ ਸਗਲ ਸੰਸਾਰ ਨੂੰ ਤੀਜੀ ਸਾਮਰਾਜੀ ਜੰਗ ਵੱਲ ਧਕ ਦੇਵੇਗਾ, ਜਿਹੜੀ ਲਾਜ਼ਮੀ ਹੀ ਪ੍ਰਮਾਣੂ ਜੰਗ ਹੋਵੇਗੀ ਅਤੇ ਸਮੁੱਚੇ ਜਗਤ ਦੀ ਤਬਾਹੀ ਦਾ ਕਾਰਨ ਬਣੇਗੀ।
ਅਜੋਕੀ ਮਨੁੱਖੀ ਮਾਨਸਿਕਤਾ ਕਿੰਨੀ ਕੁ ਬਿਮਾਰ ਹੈ, ਇਸ ਦਾ ਇਕ ਮੋਟਾ ਜਿਹਾ ਅੰਦਾਜ਼ਾ ਸਿਰਫ ਇਸ ਇਕ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਅੱਜ ਮਨੁੱਖੀ ਜਾਣਕਾਰੀ ਦੇ ਆਏ ਹੜ੍ਹ ਦੇ ਪ੍ਰਚਾਰੇ ਜਾਂਦੇ ਸੋਮੇ ਇੰਟਰਨੈਟ ਦੀ ਸਕਰੀਨ ਉਤੇ ਚਾਰ ਕਰੋੜ ਕਾਮ-ਭੜਕਾਊ ਵੈਬਸਾਈਟਾਂ ਮੌਜੂਦ ਹਨ। ਇਹ ਜਾਣਕਾਰੀ ਭਾਰਤ ਸਰਕਾਰ ਨੇ ਦੇਸ਼ ਦੀ ਸਰਬਉਚ ਅਦਾਲਤ ਸੁਪਰੀਮ ਕੋਰਟ ਨੂੰ ਦਿਤੀ ਹੈ। ਇਸ ਮਨੋਰੋਗ ਦਾ ਇਕ ਹੋਰ ਸਬੂਤ ਅੰਗਰੇਜ਼ੀ ਦੇ ਸਭ ਤੋਂ ਵੱਡੇ ਅਖਬਾਰ ‘ਟਾਈਮਜ਼ ਆਫ ਇੰਡੀਆ’ ਦਾ ਆਪਣੇ ਮੁਖ ਲੇਖਾਂ ਵਿਚ ਸਮਲਿੰਗਕਤਾ ਦੀ ਵਕਾਲਤ ਕਰਨਾ ਅਤੇ ਇਸ ਨੂੰ ਜਾਇਜ਼ ਠਹਿਰਾਉਣਾ ਹੈ।
ਮਨੁੱਖੀ ਮਾਨਸਿਕਤਾ ਨੂੰ ਚੰਬੜੇ ਇਸ ਭਿਆਨਕ ਸਾਮਰਾਜੀ ਮਨੋਰੋਗ ਦਾ ਇਲਾਜ ਸਿਰਫ ਆਤਮਿਕ ਗਿਆਨ ਨਾਲ ਹੀ ਹੋ ਸਕਦਾ ਹੈ, ਕਿਉਂਕਿ ਆਤਮਿਕ ਗਿਆਨ ਹੀ ਮਨੁੱਖ ਦੀ ਆਪਣੀ ਆਤਮਾ (ਬੁਧਿ) ਬਣ ਕੇ ਉਸ ਦੇ ਆਪਣੇ ਮਨ ਨੂੰ ਆਪਣੀ ਨਾਸਵੰਤ ਹੋਂਦ ਪ੍ਰਤੀ ਚੇਤੰਨ ਕਰਦਾ ਹੈ ਅਤੇ ਉਸ ਨੂੰ ਆਪਣੀਆਂ ਤਰਕਸੰਗਤ ਸਰੀਰੀ ਲੋੜਾਂ ਦੀ ਸੁਚੇਤ ਪਛਾਣ ਕਰਨ ਦੀ ਸੋਝੀ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਗੁਰਮਤਿ ਦੀ ਦਿਤੀ ਗਈ ਸਾਰੀ ਜਾਣਕਾਰੀ ਹੁਣ ਤਕ ਦੀ ਸਮੁੱਚੀ ਮਨੁੱਖ ਜਾਤੀ ਦੀ ਪ੍ਰਗਟ ਹੋਈ ਆਤਮਿਕ-ਚੇਤਨਾ ਹੈ, ਜੋ ਸਮਾਜੀ ਚੇਤਨਾ ਤੇ ਮਨੁੱਖੀ ਸਦਾਚਾਰ ਦੇ ਰੂਪ ਵਿਚ ਵਿਕਸਿਤ ਹੋਈ ਹੈ। ਇਹ ਆਤਮਿਕ ਗਿਆਨ ਹੁਣ ਤਕ ਦੀ ਇਕੱਠੀ ਹੋਈ ਸਗਲ ਮਨੁੱਖੀ ਸਿਆਣਪ ਦਾ ਤਤ ਹੈ। ਇਸ ਸਿਆਣਪ ਨੂੰ ਆਪਣੇ ਮਨ ਦੇ ਅਨੁਭਵੀ ਸੰਸਾਰ ਦਾ ਅੰਗ ਬਣਾ ਕੇ ਭਾਵ ਜ਼ਿੰਦਗੀ ਵਿਚ ਅਪਨਾ ਕੇ ਹੀ ਇਸ ਧਰਤੀ ਉਤੇ ਸੁਖੀ ਅਤੇ ਸਹਿਜ ਜੀਵਨ ਜੀਵਿਆ ਜਾ ਸਕਦਾ ਹੈ। ਇਹੀ ਆਤਮਿਕ ਗਿਆਨ ਮਨੁੱਖ ਦੀ ਸਮਾਜੀ ਚੇਤਨਾ ਨੂੰ ਵਿਕਸਿਤ ਕਰਦਾ ਹੈ ਅਤੇ ਉਸ ਨੂੰ ਅਨੰਦ ਭਰਪੂਰ ਸਦਾਚਾਰੀ ਜ਼ਿੰਦਗੀ ਜਿਉਣ ਦੀ ਜੁਗਤ ਦਸਦਾ ਹੈ। ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੀ ਚੜ੍ਹਦੀ ਕਲਾ ਦਾ ਭੇਦ ਸਰਬਤ ਦੇ ਭਲੇ ਵਿਚ ਨਿਹਿਤ ਹੈ। ਮਨੁੱਖ ਆਪਣੀਆਂ ਤਰਕਸੰਗਤ ਮਨੁੱਖੀ ਲੋੜਾਂ ਦੀ ਸੁਚੇਤ ਪਛਾਣ ਕਰਕੇ ਉਨ੍ਹਾਂ ਦੀ ਪੂਰਤੀ ਕਰਦਿਆਂ ਹੀ ਸਰਬਸਾਂਝੀਵਾਲਤਾ ਦੀ ਭਾਵਨਾ ਅਤੇ ਸਰਬਤ ਦੇ ਭਲੇ ਦੇ ਸਦਾਚਾਰ ਦਾ ਪੈਰੋਕਾਰ ਬਣਦਾ ਹੈ, ਜਿਸ ਦਾ ਆਧਾਰ ਗੁਰਮਤਿ ਦਾ ਇਹ ਆਤਮਿਕ ਗਿਆਨ ਹੈ,
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥੧॥ (ਪੰਨਾ 278)
ਭਾਵ ਸਿਰਫ ਉਹ ਲੋਕ ਹੀ ਸੁਖੀ ਵਸਦੇ ਹਨ, ਜੋ ਆਪਣੇ ਆਪ ਨੂੰ ਨਿਮਰਤਾ ਦੇ ਲੜ ਲਾਉਂਦੇ ਹਨ, ਆਪਣੇ-ਆਪ ਨੂੰ ਨੀਵਿਆਂ ਤੋਂ ਵੀ ਨੀਵਾਂ ਸਮਝਦੇ ਹਨ। ਵੱਡੇ-ਵੱਡੇ ਹੰਕਾਰੀ ਲੋਕ ਆਪਣੇ ਹੰਕਾਰ ਵਿਚ ਹੀ ਗਲ ਸੜ ਕੇ ਮਰ ਜਾਂਦੇ ਹਨ। ਉਨ੍ਹਾਂ ਦੇ ਆਪਣੇ ਮਨ ਅੰਦਰਲਾ ਹੰਕਾਰ ਹੀ ਉਨ੍ਹਾਂ ਦੇ ਦੁਖ ਦਾ ਵੱਡਾ ਕਾਰਨ ਬਣ ਜਾਂਦਾ ਹੈ।
ਗੁਰਮਤਿ ਅਨੁਸਾਰ ਹਰੇਕ ਸਿੱਖ ਮਾਈ-ਭਾਈ ਦਾ ਮੁਢਲਾ ਫਰਜ਼ ਹੈ ਕਿ ਉਹ ਸਮੂਹਿਕ ਰੂਪ ਵਿਚ ਅਜਿਹੇ ਰਾਜ ਦੀ ਸਥਾਪਨਾ ਲਈ ਯਤਨ ਕਰੇ, ਜਿਥੇ ਹਰੇਕ ਜਨਸਮੂਹ ਇਸ ਬੇਅੰਤ-ਅਸੀਮ ਕੁਦਰਤ ਨਾਲ ਇਕਸੁਰਤਾ ਵਿਚ ਰਹਿਣ ਦੇ ਯਤਨ ਕਰਦਿਆਂ ਅਤੇ ਇਸ ਦੇ ਗੁਣ ਗਾਉਂਦਿਆਂ ਕੁਦਰਤੀ ਨੇਮਾਂ (ਹੁਕਮੁ) ਵਿਚ ਰਹਿ ਕੇ ਸਵੈ-ਸੰਜਮੀ (ਸਦਾਚਾਰੀ) ਜ਼ਿੰਦਗੀ ਜੀਵੇ ਅਤੇ ਹੱਥੀਂ ਕਿਰਤ ਕਰਦਿਆਂ ਸਮੂਹ ਭਾਈਚਾਰੇ ਨਾਲ ਰਲਮਿਲ ਕੇ ਵੰਡ ਛਕਣ ਦੇ ਨੇਮ ਅਨੁਸਾਰ ਆਪਣੀਆਂ ਤਰਕਸੰਗਤ ਲੋੜਾਂ ਦੀ ਪੂਰਤੀ ਕਰੇ। ਸਰਬਸਾਂਝੀਵਾਲਤਾ ਦੀ ਭਾਵਨਾ ਨੂੰ ਲਗਾਤਾਰ ਫੈਲਾਉਣਾ ਅਤੇ ਸਰਬਤ ਦੇ ਭਲੇ ਦੇ ਸਮਾਜ ਦੀ ਸਿਰਜਣਾ ਲਈ ਨਿਰੰਤਰ ਯਤਨਸ਼ੀਲ ਰਹਿਣਾ ਹੀ ਸਿੱਖੀ ਹੈ। ਗੁਰਮਤਿ ਅਨੁਸਾਰ ਇਹੀ ਇਕ ਸਿੱਖ ਦੀ ਆਤਮਿਕ ਜ਼ਿੰਦਗੀ ਦਾ ਮੰਤਵ ਹੈ। ਇਹੀ ਇਕ ਸਿੱਖ ਦੀ ਨਿਜੀ ਅਤੇ ਸਮਾਜੀ ਮੁਕਤੀ ਦਾ ਰਾਹ ਹੈ।
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ॥ (ਪੰਨਾ 295)