ਪਿਆਰ ਦਾ ਪੈਗਾਮ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸ਼ਗਨਾਂ ਦੇ ਸ਼ਗਨ ਮਨਾਉਂਦਿਆਂ ਕਿਹਾ ਸੀ, “ਜਿਉਣਾ ਹੀ ਸ਼ਗਨ ਹੈ ਤਾਂ ਸ਼ਗਨ ਮਨਾਉਣ ਤੋਂ ਕਾਹਦੀ ਕੁਤਾਹੀ! ਦਰਅਸਲ ਸ਼ਗਨ ਮਨ ਵਿਚ ਹੋਵੇ ਤਾਂ ਮੌਸਮ, ਰੁੱਤਾਂ, ਤਿੱਥਾਂ ਜਾਂ ਦਿਨ-ਦਿਹਾਰ ਦੇ ਕੋਈ ਅਰਥ ਨਹੀਂ ਹੁੰਦੇ। ਹਰ ਦਿਨ ਹੀ ਸ਼ਗਨਾਂ ਭਰੀ ਚੰਗੇਰ ਬਣ ਬਰੂਹਾਂ ਟੱਪਦਾ ਅਤੇ ਥਿੰਧੀਆਂ ਬਰੂਹਾਂ ਨੂੰ ਆਪਣੀ ਅਉਧ ਤੇ ਆਸਥਾ ਉਤੇ ਮਾਣ ਹੁੰਦਾ।”

ਉਨ੍ਹਾਂ ਸੁਚੇਤ ਕੀਤਾ ਸੀ ਕਿ ਕੁਝ ਕੁਸ਼ਗਨੇ ਲੋਕ ਵੀ ਹੁੰਦੇ, ਜੋ ਸ਼ਗਨਾਂ ਦੀ ਸੁਲੱਖਣੀ ਘੜੀ ਵਿਚੋਂ ਵੀ ਨਿੱਜੀ ਮੁਫਾਦ ਦੀ ਭਾਅ ਕਿਆਸਦੇ, ਜੜ੍ਹੀਂ ਤੇਲ ਦੇਣ ਤੋਂ ਬਾਜ ਨਹੀਂ ਆਉਂਦੇ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਪਿਆਰ ਦਾ ਪੈਗਾਮ ਦਿੰਦਿਆਂ ਕਿਹਾ ਹੈ ਕਿ ਪਿਆਰ ਵਿਚ ਹਿਸਾਬ-ਕਿਤਾਬ ਨਹੀਂ ਹੁੰਦਾ ਅਤੇ ਜਿਥੇ ਲੇਖਾ-ਜੋਖਾ ਹੁੰਦਾ ਹੈ, ਉਥੇ ਪਿਆਰ ਨਹੀਂ ਹੁੰਦਾ। ਉਹ ਕਹਿੰਦੇ ਹਨ, “ਪਿਆਰ ਦੇਣਾ ਅਤੇ ਕਰਨਾ ਸਭ ਤੋਂ ਅਹਿਮ। ਇਹ ਕਈ ਗੁਣਾ ਹੋ ਕੇ ਤੁਹਾਨੂੰ ਮਿਲਦਾ ਅਤੇ ਅਚੰਭਿਤ ਕਰਦਾ।…ਪਿਆਰ ਹੱਦਾਂ-ਸਰਹੱਦਾਂ ਤੋਂ ਨਾਬਰ। ਰੰਗ, ਨਸਲ, ਜਾਤ ਤੋਂ ਉਪਰ। ਧਰਮ, ਵੇਸ਼ਭੂਸ਼ਾ ਜਾਂ ਖਿੱਤਿਆਂ ਤੋਂ ਬੇਤੁਕੱਲਫ। ਉਮਰ, ਵਿਦਿਆ, ਰੁਤਬਿਆਂ ਦਾ ਨਹੀਂ ਮੁਥਾਜ਼। ਦੂਰੀਆਂ, ਵਲਗਣਾਂ, ਵਾੜਾਂ, ਵਿੱਥਾਂ ਜਾਂ ਦੀਵਾਰਾਂ ਦੀ ਕੈਦ ਤੋਂ ਮੁਕਤ।…ਪਿਆਰ ਵਿਚੋਂ ਹੀ ਕਾਇਨਾਤ ਸੁੱਚਮ ਤੇ ਉਚਮ ਨੂੰ ਨਿਹਾਰਿਆ ਜਾ ਸਕਦਾ।” ਉਹ ਕਹਿੰਦੇ ਹਨ ਕਿ ਪਿਆਰ ਤਾਂ ਬਹੁਤ ਕਰਦੇ ਨੇ ਦਿਖਾਵੇ ਲਈ, ਪਰ ਪਿਆਰ ਦਿਖਾਵਾ ਨਹੀਂ ਸਗੋਂ ਮਨ ‘ਚ ਮਚਲਦੇ ਚਾਅ ਦਾ ਹੁੰਦਾ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਪਿਆਰ ਮਨ ਦੀਆਂ ਮੁਹਾਰਾਂ, ਆਵੇਸ਼, ਜਜ਼ਬਾ, ਵੇਗਮੱਤਾ ਪ੍ਰਵਾਹ-ਜਿਸ ਵਿਚੋਂ ਵੱਗਦੀ ਹੈ ਸੁੱਚਮ ਤੇ ਸੁਹਿਰਦਤਾ ਦੀ ਆਬਸ਼ਾਰ। ਪਿਆਰ ਪਾਕੀਜ਼ ਤੇ ਪੁਖਤਾ ਭਾਵਨਾਵਾਂ ਦੀ ਤਸ਼ਬੀਹ। ਆਤਮਕਤਾ ਵਿਚੋਂ ਨਿਕਲੀ ਹੂ ਅਤੇ ਰੂਹ ਦੀ ਪਰਵਾਜ਼ ਨੂੰ ਮਿਲਿਆ ਨਵੇਂ ਅੰਬਰਾਂ ਦਾ ਸਿਰਨਾਵਾਂ।
ਪਿਆਰ ਸੂਖਮ ਅਹਿਸਾਸਾਂ ਦੀ ਤ੍ਰੌਂਕਣੀ। ਵਿਚਾਰਾਂ ਦੀ ਸੁਖਨਤਾ ਤੇ ਸਕੂਨਤਾ ਨੂੰ ਮਿਲਿਆ ਹੁਲਾਰ ਅਤੇ ਨੈਣਾਂ ਵਿਚ ਪਿਆਰੇ ਦਾ ਦੀਦਾਰ। ਪਿਆਰ ਪਹੁਲ ਭਰੇ ਪਹਿਰਾਂ ਦੀ ਪੈੜਚਾਲ। ਨਿੰਮੀ ਨਿੰਮੀ ਸਰਘੀ ਦਾ ਧਰਤ ਦੇ ਹਨੇਰੇ ਨੂੰ ਹੂੰਝਣਾ। ਮਿੱਠੀ ਮਿੱਠੀ ਧੁੱਪ ਦਾ ਪੌੜੀਆਂ ਤੋਂ ਮਟਕ ਨਾਲ ਉਤਰਨਾ। ਫੁੱਲ-ਪੱਤੀਆਂ ਤੋਂ ਪ੍ਰਵਰਤਿੱਤ ਹੋ ਰਹੀ ਰੋਸ਼ਨੀ ਅਤੇ ਤ੍ਰੇਲ-ਤੁਪਕਿਆਂ ਵਿਚੋਂ ਛਣ ਕੇ ਆ ਰਹੀ ਰੰਗਾਂ ਦੀ ਧਾਰਾ।
ਪਿਆਰ ਦਾ ਅਲੋਕਾਰੀ ਅੰਦਾਜ਼। ਰੂਹ-ਰੱਤੀ ਅਵਾਜ਼ ਪੈਦਾ ਕਰਦਾ ਜੀਵਨ ਸਾਜ਼। ਸੁਤੇ ਸਿੱਧ ਭਾਵਨਾਵਾਂ ਦਾ ਅੱਥਰਾ ਪ੍ਰਵਾਹ ਅਤੇ ਜੀਵਨ ਨੂੰ ਮਿਲੀ ਜਿਉਣ-ਚਾਹਤ।
ਪਿਆਰ ਹੱਦਾਂ-ਸਰਹੱਦਾਂ ਤੋਂ ਨਾਬਰ। ਰੰਗ, ਨਸਲ, ਜਾਤ ਤੋਂ ਉਪਰ। ਧਰਮ, ਵੇਸ਼ਭੂਸ਼ਾ ਜਾਂ ਖਿੱਤਿਆਂ ਤੋਂ ਬੇਤੁਕੱਲਫ। ਉਮਰ, ਵਿਦਿਆ, ਰੁਤਬਿਆਂ ਦਾ ਨਹੀਂ ਮੁਥਾਜ਼। ਦੂਰੀਆਂ, ਵਲਗਣਾਂ, ਵਾੜਾਂ, ਵਿੱਥਾਂ ਜਾਂ ਦੀਵਾਰਾਂ ਦੀ ਕੈਦ ਤੋਂ ਮੁਕਤ।
ਪਿਆਰ ਪਛਾਣ ‘ਚੋਂ ਪੈਦਾ ਹੁੰਦਾ। ਮਨ ਦੀ ਤਰੰਗਤਾ ਨੂੰ ਤੁਰੰਨਮ ਤੇ ਧੜਕਣ ਨੂੰ ਸੰਗੀਤ। ਸਾਹਾਂ ਦੀ ਅਵਾਗਵਣ ਨੂੰ ਨਿਰੰਤਰਤਾ ਅਤੇ ਸੁਰਬੱਧਤਾ।
ਪਿਆਰ ਬਹੁਪਰਤੀ, ਬਹੁਰੰਗਾਂ ਵਿਚ ਖੁਦ ਨੂੰ ਭਿਉਂਦਾ ਅਤੇ ਭਰਪੂਰ ਕਰਦਾ। ਅਸੀਮ ਨੁਹਾਰਾਂ, ਅਨੰਤ ਪਸਾਰ ਅਤੇ ਅਸੀਮਤ ਸਾਰਥਕਤਾਵਾਂ। ਪਿਆਰ ਦੇ ਵਿਸ਼ਾਲ ਅਰਥਾਂ ਨੂੰ ਵਸੀਹ ਦਾਇਰਿਆਂ ਵਿਚ ਵਿਸਥਾਰਿਆ ਜਾ ਸਕਦਾ। ਕਦੇ ਨਹੀਂ ਵਿਗਸਣ ਤੋਂ ਰੁਕਦਾ।
ਪਿਆਰ ਵਗਦੇ ਦਰਿਆਵਾਂ ਦੀ ਰਵਾਨੀ। ਅਮੋੜ ਵਹਿਣਾਂ ਦਾ ਵੇਗ। ਹਵਾਵਾਂ ਵਿਚਲੀਆਂ ਸਰਗੋਸ਼ੀਆਂ ਅਤੇ ਮਨ ਦੀਆਂ ਮਸਤ ਮਦਹੋਸ਼ੀਆਂ।
ਪਿਆਰ ਚੌਗਿਰਦੇ ਵਿਚਲੀ ਆਬੋਹਵਾ ਨੂੰ ਜਿਉਣ ਦਾ ਹੁਨਰ ਸਿਖਾਉਂਦੇ, ਵਾਤਾਵਰਣ ਨੂੰ ਸ਼ੁੱਧ ਬਣਾਉਂਦਾ, ਬੰਦੇ ਵਿਚਲੀ ਬੰਦਿਆਈ ਨੂੰ ਜਗਾਉਂਦਾ ਅਤੇ ਉਸ ਨੂੰ ਇਨਸਾਨੀਅਤ ਦੇ ਮਾਰਗ ‘ਤੇ ਪਾਉਂਦਾ।
ਪਿਆਰ ਸਭ ਤੋਂ ਵੱਡਾ ਅਤੇ ਅਸਰਮਈ ਹਥਿਆਰ। ਅਮੋੜ ਵਿਚਾਰਾਂ ਨੂੰ ਸੇਧਤ ਕਰਦਾ। ਸੁਪਨ-ਉਡਾਣ ਲਈ ਨਵੇਂ ਦਿਸਹੱਦੇ। ਇਹ ਅਸੀਮਤ ਸੰਭਾਵਨਾਵਾਂ ਨੂੰ ਸਫਲਤਾਵਾਂ ਦੀ ਮੁਹਾਰ ਪਕੜਾਉਂਦਾ ਅਤੇ ਅਸੰਭਵ ਕਾਰਜਾਂ ਦੀ ਸੰਪੂਰਤਨਾ ਨੂੰ ਮਨ-ਮਸਤਕ ‘ਤੇ ਖੁਣਵਾਉਂਦਾ। ਸਿਰਫ ਲੋੜ ਹੈ, ਪਿਆਰ ਦੇ ਮੰਤਰ ਦੀ ਮੁਹਾਰਨੀ ਨੂੰ ਜੀਅ-ਜਾਨ ਨਾਲ ਅੰਤਰੀਵ ਵਿਚ ਉਤਾਰਿਆ ਤੇ ਉਚਾਰਿਆ ਜਾਵੇ ਅਤੇ ਜੀਵਨ ਦਾ ਮੂਲ ਮੰਤਰ ਬਣਾਇਆ ਜਾਵੇ।
ਪਿਆਰ ਹੀ ਰੱਬ ਦਾ ਨਾਮ। ਪਿਆਰ ਹੀ ਪੂਜਣ ਸਮੱਗਰੀ। ਪਿਆਰ ਵਿਚੋਂ ਹੀ ਕਾਇਨਾਤ ਸੁੱਚਮ ਤੇ ਉਚਮ ਨੂੰ ਨਿਹਾਰਿਆ ਜਾ ਸਕਦਾ। ਇਸ ਦੀਆਂ ਬੇਅੰਤ ਨਿਆਮਤਾਂ ਤੇ ਬਖਸ਼ਿਸ਼ਾਂ ਨੂੰ ਸਤਿਕਾਰਿਆ ਜਾ ਸਕਦਾ। ਇਸ ਨੂੰ ਅਕੀਦਤ ਤੇ ਇਬਾਦਤ ਵਿਚ ਉਚਾਰਿਆ ਜਾ ਸਕਦਾ।
ਪਿਆਰ ਵਿਚੋਂ ਹੀ ਪਹਿਲਾਂ ਜਨਮ ਲੈਂਦੀਆਂ। ਪੇਸ਼ਕਦਮੀਆਂ ਨੂੰ ਨਵਾਂ ਹੁਲਾਰ ਮਿਲਦਾ। ਪ੍ਰਾਪਤੀਆਂ ਨੂੰ ਗਲੇ ਲਾਉਣ ਦੀ ਸੋਝੀ ਮਿਲਦੀ ਅਤੇ ਪਗਡੰਡੀਆਂ ਨੂੰ ਪੈੜਾਂ ਬਣਨ ਦਾ ਮਾਣ ਮਿਲਦਾ।
ਪਿਆਰ ਸੁਚਿਆਰੇ ਜੀਵਨ ਦੀ ਲੋੜ, ਲੱਭਤ ਅਤੇ ਲਾਹੇਵੰਦੀ ਲੋਚਾ। ਬਹੁਤ ਸਾਰੀਆਂ ਇੱਛਾਵਾਂ, ਆਸ਼ਾਵਾਂ ਅਤੇ ਦੁਆਵਾਂ ਦੀ ਪੂਰਤੀ ਹੁੰਦੀ।
ਪਿਆਰ ਦੀ ਬਹੁਰੰਗਤਾ, ਜੀਵਨ ਵਿਚ ਨਕਸ਼ ਚਿੱਤਰਦੀ। ਬਹੁਤ ਸਾਰੀਆਂ ਕਲਾ-ਕਿਰਤਾਂ ਨੂੰ ਜਨਮਦੀ ਅਤੇ ਇਸ ਦੀ ਅਮੀਰਤਾ ਅਤੇ ਸਦੀਵਤਾ ਨੂੰ ਚਾਰ ਚੰਨ ਲਾਉਂਦੀ।
ਪਿਆਰ ਸਦਾ ਅਮਰ ਤੇ ਸਦੀਵ। ਕਦੇ ਨਹੀਂ ਮਰਦਾ। ਸਿਰਫ ਇਸ ਦਾ ਰੂਪ ਬਦਲਦਾ। ਇਸ ਦੀ ਭਿੰਨਤਾ ਵਿਚੋਂ ਹੀ ਹੋਰ ਸੂਖਮਤਾਵਾਂ ਅਤੇ ਸਹਿਜਤਾਵਾਂ ਨੂੰ ਮੌਲਣ-ਵਿਗਸਣ ਦਾ ਮੌਕਾ ਤੇ ਮਹਾਨਤਾ ਮਿਲਦੀ।
ਪਿਆਰ ਜਦ ਉਦੇਸ਼, ਉਤਸ਼ਾਹ, ਉਦਮ, ਉਪਰਾਲਾ, ਉਪਕਾਰ ਜਾਂ ਉਸਤਤ, ਉਪਮਾ ਨਾਲ ਹੋਵੇ ਤਾਂ ਜੀਵਨ ਨੂੰ ਇਕ ਮਕਸਦ ਮਿਲਦਾ, ਜਿਸ ਵਿਚੋਂ ਜ਼ਿੰਦਗੀ ਨੂੰ ਨਵੇਂ ਅਰਥ ਦਿਤੇ ਜਾ ਸਕਦੇ।
ਪਿਆਰ ਜਦ ਅਦਬ, ਅਦੀਬ, ਆਸ, ਅਰਾਧਨਾ, ਅਹਿਦ, ਅਣਖ, ਆਸਥਾ, ਅਰਪਿਤਾ, ਅਰਥ, ਅਰਦਾਸ ਜਾਂ ਆਤਮਕਤਾ ਨਾਲ ਹੋਵੇ ਤਾਂ ਬੰਦਾ ਆਪਣੇ ਅੰਦਰ ਉਤਰਦਾ ਅਤੇ ਅੰਤਰੀਵੀ ਯਾਤਰਾ ਵਿਚੋਂ ਮਿਲੇ ਮਾਣਕ-ਮੋਤੀਆਂ ਨਾਲ ਖੁਦ ਨੂੰ ਮਾਲਾ-ਮਾਲ ਕਰਦਾ।
ਪਿਆਰ ਜਦ ਇੱਜਤ, ਇਤਬਾਰ, ਇਕਰਾਰ, ਇਕਮਿੱਕਤਾ, ਇਕਸੁਰਤਾ, ਇਕਸਾਰਤਾ, ਇਨਸਾਨੀਅਤ ਨਾਲ ਹੋਵੇ ਤਾਂ ਮਨੁੱਖ ਆਪਣੇ ਆਪ ਨਾਲ ਜੁੜਦਾ। ਆਪਣੇ ਵਿਚੋਂ ਇਕ ਅਜਿਹੇ ਮਨੁੱਖ ਨੂੰ ਤਲਾਸ਼ਦਾ, ਜਿਸ ਦੀ ਹੋਂਦ ਉਸ ਦਾ ਹਾਸਲ ਬਣਦੀ।
ਪਿਆਰ ਜਦ ਸਮਝ, ਸੁਹਜ, ਸਹਿਜ, ਸੰਗੀਤ, ਸੁੰਦਰਤਾ, ਸੁਪਨਾ, ਸਿਆਣਪ, ਸਾਦਗੀ, ਸੱਜਣ, ਸਮਰਪਣ, ਸਰੋਕਾਰਾਂ, ਸਾਰਥਕਤਾ, ਸੰਦੇਸ਼, ਸੰਵੇਦਨਾ, ਸਾਧਨਾ ਅਤੇ ਸੰਜੀਦਗੀ ਨਾਲ ਹੋਵੇ ਤਾਂ ਬੰਦੇ ਕੋਲ ਉਨ੍ਹਾਂ ਪਰਤਾਂ ਦੀ ਨਿਸ਼ਾਨਦੇਹੀ ਕਰਨ ਦਾ ਹੁਨਰ ਵੀ ਹੁੰਦਾ, ਜਿਨ੍ਹਾਂ ਨਾਲ ਚੰਨ-ਚਾਨਣੀ ਨੂੰ ਅੰਦਰ ਉਤਾਰਿਆ ਜਾ ਸਕਦਾ।
ਪਿਆਰ ਜਦ ਹੁਲਾਸ, ਹਸਮੁਖਤਾ, ਹਮਦਰਦੀ, ਹੁੰਗਾਰਾ, ਹਾਕ, ਹੰਭਲਾ, ਹੌਂਸਲਾ, ਹਿੰਮਤ, ਹੱਲਾਸ਼ੇਰੀ ਤੇ ਹਮਜੋਲਤਾ ਨਾਲ ਕਰੋਗੇ ਤਾਂ ਇਸ ਵਿਚੋਂ ਆਪਣੀਆਂ ਸੱਖਣੀਆਂ ਝੋਲੀਆਂ ਨੂੰ ਜੀਵਨ-ਦਾਤਾਂ ਨਾਲ ਭਰੋਗੇ।
ਕਿਤਾਬਾਂ, ਕਿਰਤ, ਕੁਦਰਤ, ਕਾਇਨਾਤ, ਕਲਾ, ਕਰਮ-ਯੋਗਤਾ ਨਾਲ ਪਿਆਰ ਕਰਨ ਵਾਲੇ ਦਰਅਸਲ ਆਪਣੀਆਂ ਅਸੀਮ ਭਾਵਨਾਵਾਂ ਵਿਚੋਂ ਕੁਦਰਤ ਦੀ ਸਦੀਵਤਾ ਨੂੰ ਕਿਆਸਣ ਅਤੇ ਕੁਦਰਤੀ ਪਿਆਰ ਨੂੰ ਵੰਡਣ-ਵੰਡਾਉਣ ਵਾਲੇ ਉਹ ਲੋਕ ਹੁੰਦੇ, ਜਿਨ੍ਹਾਂ ਦੀ ਰਹਿਬਰੀ ਵਿਚੋਂ ਮਨੁੱਖ ਨੂੰ ਮਨੁੱਖ ਬਣਨ ਅਤੇ ਮਨੁੱਖਤਾ ਦਾ ਪੱਲਾ ਫੜਨ ਦੀ ਤਮੰਨਾ ਮਨ ਵਿਚ ਤਾਰੀ ਹੁੰਦੀ।
ਪਿਆਰ ਜਦ ਖਬਤ, ਖੋਜ, ਖੁਸ਼ੀ, ਖਿਆਲ ਨਾਲ ਕਰਨ ਦਾ ਉਦਮ ਕਰੋਗੇ ਤਾਂ ਇਸ ਉਦਮ ਵਿਚੋਂ ਮਨਚਾਹੇ ਫਲਾਂ ਨੂੰ ਪ੍ਰਾਪਤ ਕਰਕੇ, ਸਮੁੱਚੀ ਮਨੁੱਖ ਜਾਤੀ ਦਾ ਮਾਣ ਵੀ ਬਣੋਗੇ ਅਤੇ ਜੀਵਨ ਦੀਆਂ ਅਨੰਤ ਦਾਤਾਂ ਨਾਲ ਵਰੋਸਾਏ ਵੀ ਜਾਵੋਗੇ।
ਪਿਆਰ ਜਦ ਗਰੀਬੀ, ਗੁੜਤੀ, ਗਿਆਨ ਜਾਂ ਗ੍ਰੰਥਾਂ ਨਾਲ ਪਾਵੋਗੇ ਤਾਂ ਇਨ੍ਹਾਂ ਵਿਚੋਂ ਮਿਲਣ ਵਾਲੀਆਂ ਨਿਆਮਤਾਂ ਨੂੰ ਅਪਨਾਉਗੇ। ਇਸ ਨੂੰ ਜੀਵਨ ਦਾ ਮੂਲ ਆਧਾਰ ਬਣਾ ਕੇ ਉਚਤਮ ਰਵਾਇਤਾਂ ਨੂੰ ਜੀਵਨ ਸ਼ੈਲੀ ਦੇ ਨਾਮ ਕਰੋਗੇ ਅਤੇ ਸਮਾਜਕ ਦਾਇਰੇ ਨੂੰ ਹੋਰ ਵਸੀਹਤਾ ਦਾ ਪ੍ਰਮਾਣ ਬਣਾਓਗੇ।
ਪਿਆਰ ਜਦ ਘਰ ਨਾਲ ਕਰੋਗੇ ਤਾਂ ਘਰ ਦੀਆਂ ਕੰਧਾਂ ਵਿਚੋਂ ਤੁਹਾਡੀ ਖੁਸ਼ਬੂ ਨੂੰ ਮਹਿਸੂਸਿਆ ਜਾ ਸਕੇਗਾ। ਇਹ ਘਰ ਦਾ ਪਿਆਰ ਹੀ ਹੁੰਦਾ ਕਿ ਅਸੀਂ ਵਿਦੇਸ਼ਾਂ ਵਿਚ ਰਹਿੰਦੇ ਵੀ ਆਪਣੇ ਪਿੰਡ ਵਿਚਲੇ ਘਰ ਨੂੰ ਪਰਤਣਾ ਲੋਚਦੇ ਹਾਂ ਅਤੇ ਇਨ੍ਹਾਂ ਵਿਚ ਬਿਤਾਈਆਂ ਬਚਪਨੀ ਯਾਦਾਂ ਵਿਚੋਂ ਆਪਣੇ ਬੀਤੇ ਨੂੰ ਮੋੜ ਲਿਆਣਾ ਚਾਹੁੰਦੇ ਹਾਂ। ਅਕਸਰ ਹੀ ਅਸੀਂ ਵਤਨ ਜਾ ਕੇ ਪਿੰਡ ਦੇ ਘਰ ਨੂੰ ਨਤਮਸਤਕ ਹੋਣਾ ਕਦੇ ਨਹੀਂ ਭੁੱਲਦੇ। ਘਰ ਇੱਟਾਂ-ਗਾਰਾ ਨਹੀਂ ਹੁੰਦੇ, ਸਗੋਂ ਅਹਿਸਾਸਾਂ ਤੇ ਸੁਪਨਿਆਂ ਦੀ ਕਰਮ-ਭੂਮੀ ਹੈ। ਸਾਡੀਆਂ ਜੜ੍ਹਾਂ ਦਾ ਚਸ਼ਮਦੀਦ ਗਵਾਹ। ਘਰ ਨਾਲ ਪਿਆਰ ਘਟਦਾ ਨਹੀਂ, ਸਗੋਂ ਸਮੇਂ ਦੇ ਬੀਤਣ ਨਾਲ ਵਧਦਾ ਹੀ ਹੈ।
ਪਿਆਰ ਜਦ ਚਾਹਤ, ਚੰਗਿਆਈ, ਚਾਹਨਾ, ਚੰਗੇਰਪਣ ਅਤੇ ਚਾਨਣੀ ਨਾਲ ਹੁੰਦਾ ਤਾਂ ਰਾਹਾਂ ਵਿਚ ਧੁੱਪਾਂ ਫੈਲ ਜਾਂਦੀਆਂ। ਚਾਨਣ ਭਰੀਆਂ ਰਾਹਾਂ ਵਿਚ ਜੀਵਨ-ਸਫਰ ਨੂੰ ਹੋਰ ਉਤਸ਼ਾਹ ਅਤੇ ਉਮਾਹ ਨਾਲ ਪੂਰਾ ਕਰਨ ਦਾ ਹੱਠ ਤੇ ਹੌਂਸਲਾ ਪੈਦਾ ਹੁੰਦਾ। ਜੀਵਨ ਵਿਚ ਨਵੀਆਂ ਪ੍ਰਾਪਤੀਆਂ ਕਰਨ ਦਾ ਅਹਿਦ ਹੁੰਦਾ।
ਪਿਆਰ ਛੱਤ ਨਾਲ ਜਰੂਰ ਕਰਨਾ ਭਾਵੇਂ ਇਹ ਕੱਖਾਂ-ਕਾਨਿਆਂ ਦੀ ਹੋਵੇ, ਬਾਲਿਆਂ ਤੇ ਸ਼ਤੀਰਾਂ ਦੀ ਹੋਵੇ, ਪੱਥਰ ਦੀ ਹੋਵੇ, ਇੱਟਾਂ ਦੀ ਹੋਵੇ ਜਾਂ ਅੰਬਰ ਦੇ ਤਾਰਿਆਂ ਦੀ ਹੋਵੇ। ਇਸ ਨੂੰ ਪਿਆਰ ਕਰੋਗੇ ਤਾਂ ਇਹ ਛੱਤ ਤੁਹਾਡੇ ਲਈ ਅਣਮੋਲ ਦਾਤਾਂ ਵਰਤਾਉਂਦੀ, ਤੁਹਾਡੇ ਸਮੁੱਚ ਨੂੰ ਆਪਣੇ ਆਗੋਸ਼ ਵਿਚ ਸਮਾ ਲਵੇਗੀ। ਦੁਨਿਆਵੀ ਛੱਤ ਰਾਹੀਂ ਅੰਦਰੂਨੀ ਛੱਤ ਵਿਚ ਝਾਕਣਾ ਅਤੇ ਇਸ ਦੀ ਸੁਰੱਖਿਆ ਦੀ ਅਹਿਮੀਅਤ ਦਾ ਅੰਦਾਜ਼ਾ ਹੋ ਜਾਵੇਗਾ।
ਪਿਆਰ ਜਜ਼ਬਾ, ਜਜ਼ਬਾਤ, ਜਰੂਰਤ, ਜੋਤ, ਜੋਸ਼, ਜਗਿਆਸਾ, ਜੜ੍ਹਾਂ, ਜਣਨੀ ਅਤੇ ਜਗਦੀਸ਼ਰ ਨਾਲ ਕਰੋਗੇ ਤਾਂ ਤੁਹਾਨੂੰ ਖੁਦ ਨੂੰ ਮਿਲਣ, ਆਪਣੀਆਂ ਲੋੜਾਂ ਤੇ ਥੋੜ੍ਹਾਂ ਨੂੰ ਸਮਝਣ ਅਤੇ ਪਲੇਠੀ ਤੇ ਪਾਰ-ਆਗਾਮੀ ਪਰਵਾਜ਼ ਭਰਨ ਦਾ ਹੀਆ ਮਿਲੇਗਾ। ਤੁਸੀਂ ਅਣਛੋਹੇ ਅੰਬਰਾਂ ਦੀ ਨਿਸ਼ਾਨਦੇਹੀ ਕਰਨ ਦੇ ਸਮਰੱਥ ਹੋਵੋਗੇ।
ਪਿਆਰ, ਜਦ ਕੋਈ ਤਰਸ-ਭਾਵਨਾ, ਤਤਪਰਤਾ, ਤਾਜ਼ਗੀ, ਤਾਂਘ, ਤੜਫਣਾ, ਤਲਾਸ਼, ਤਮੰਨਾ, ਤਕੜਾਈ, ਤੰਦਰੁਸਤੀ ਅਤੇ ਤੋਰ ਨੂੰ ਕਰਦਾ ਤਾਂ ਉਸ ਦੇ ਪੈਰਾਂ ਵਿਚ ਸਫਰ ਉਗਦਾ। ਸਫਰ, ਜੋ ਸੂਖਮ ਤੇ ਕਰਤਾਰੀ ਸ਼ਕਤੀਆਂ ਨੂੰ ਮਨੁੱਖ ਦੇ ਵੱਸ ਕਰਦਾ। ਜੀਵਨ ਦੀਆਂ ਦਾਤਾਂ ਤੇ ਦੁਆਵਾਂ ਨਾਲ ਲਬਰੇਜ਼ ਕਰਦਾ। ਕਿਸੇ ਦੇ ਦੁੱਖ ਵਿਚ ਪੀੜ ਪੀੜ ਹੋਣਾ, ਕਿਸੇ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਅਤੇ ਕਿਸੇ ਮਕਸਦ-ਲੋਚਾ ਵਿਚ ਤਾਰ ਤਾਰ ਹੋਣ ਵਾਲੇ ਲੋਕ ਬਹੁਤ ਵਿਰਲੇ ਹੁੰਦੇ, ਜਿਨ੍ਹਾਂ ਦੇ ਮਨਾਂ ਵਿਚ ਜਿਉਂਦਾ ਏ ਮਨੁੱਖ ਅਤੇ ਜਾਗਦੀ ਏ ਸੰਵੇਦਨਾ।
ਪਿਆਰ ਜਦ ਥਿਰਕਣ, ਥਪਕੀ, ਥਰਥਰਾਹਟ ਬਾਰੇ ਮਨ ਵਿਚ ਪੈਦਾ ਹੁੰਦਾ ਤਾਂ ਪੈਦਾ ਹੁੰਦਾ ਸੰਗੀਤ। ਸਮੁੱਚ ਵਿਚਲੀ ਤਾਂਘ ਨੱਚਣ ਲਾਉਂਦੀ। ਮਨ ਦੇ ਮੋਰ ਨੂੰ ਨੱਚਣ ਅਤੇ ਆਪਾ ਗਵਾਉਣ ਦੇ ਰਾਹ ਤੋਰਦੀ।
ਪਿਆਰ ਜਦ ਦਯਾ, ਦਰਦ, ਦਸਵੰਧ, ਦਰਿਆਦਿਲੀ, ਦਰਵੇਸ਼ਤਾ ਅਤੇ ਦੁੱਖ-ਹਰਨ ਨਾਲ ਕਰ ਲਿਆ ਜਾਵੇ ਤਾਂ ਮਨੁੱਖ ਨਹੀਂ ਜਰ ਸਕਦਾ ਕਿਸੇ ਦੇ ਮੁੱਖ ‘ਤੇ ਹੰਝੂਆਂ ਦੀਆਂ ਘਰਾਲਾਂ, ਨਾਸੂਰਾਂ ਵਿਚੋਂ ਰਿਸਦੀ ਪੀੜਾ ਅਤੇ ਪੀੜਤਬੋਲਾਂ ਵਿਚ ਅਕਹਿ ਅਤੇ ਅਸਹਿ ਦੁੱਖ-ਦਰਿਆਵਾਂ ਦੀ ਛੱਲਾਂ। ਉਹ ਇਨ੍ਹਾਂ ਨੂੰ ਜੀਰਦਾ, ਕਿਸੇ ਲਈ ਮਰ੍ਹਮ, ਫਹਿਆ ਜਾਂ ਕੋਸੇ ਪਾਣੀ ਦੀ ਟਕੋਰ ਜਰੂਰ ਬਣਦਾ।
ਪਿਆਰ ਜਦ ਧਰਮ, ਧੀਰਜ ਜਾਂ ਧੜਕਣ ਨਾਲ ਹੁੰਦਾ ਤਾਂ ਉਹ ਧੜਕਣਾਂ ਦੇ ਨਾਵੇਂ ਭਾਵਨਾਵਾਂ ਕਰਦਾ। ਧਰਮ ਦੀ ਸਮੁੱਚਤਾ ਤੇ ਅਰਥ-ਪੂਰਨਤਾ ਨੂੰ ਲੋਕਾਈ ਦੇ ਨਾਮ ਕਰਦਾ, ਪਰਉਪਕਾਰੀ ਕਾਰਵਾਂ ਦਾ ਹਿੱਸਾ ਬਣ ਕੇ ਕਈ ਕੁੱਲਾਂ ਦਾ ਨਾਮ ਰੌਸ਼ਨ ਕਰਦਾ।
ਪਿਆਰ ਜਦ ਨਰਮਾਈ, ਨੇਕਨੀਤੀ, ਨਿਰਮਾਣਤਾ, ਨਿਗੂਣਾਪਣ, ਨਿਰ-ਸੁਆਰਥ ਅਤੇ ਨਿਰਵੈਰਤਾ ਨਾਲ ਕਰਦਾ ਤਾਂ ਬੰਦਾ ਮਨ ਵਿਚ ਬੈਠੀਆਂ ਉਨ੍ਹਾਂ ਸੋਚਾਂ ਨੂੰ ਕਰਮ-ਧਰਾਤਲ ਬਣਾਉਂਦਾ, ਜਿਨ੍ਹਾਂ ਦੀ ਬੇਰੁਖੀ ਕਾਰਨ ਮਨੁੱਖ ਖੁਦ ਤੋਂ ਦੂਰ ਹੋਈ ਜਾ ਰਿਹਾ ਹੈ। ਅਜਿਹਾ ਪਿਆਰ, ਮਨੁੱਖ ਤੋਂ ਮਨੁੱਖ ਤੀਕ ਦੇ ਫਾਸਲੇ ਨੂੰ ਘਟਾਉਣ ਵਿਚ ਅਹਿਮ ਤੇ ਪ੍ਰਮੁੱਖ ਰੋਲ ਅਦਾ ਕਰਦਾ।
ਪਿਆਰ, ਟੁੰਬਣ ਅਤੇ ਟਟੋਲਣ ਨਾਲ ਪਾਉਣ ਵਾਲਾ ਵਿਅਕਤੀ, ਖੋਜ-ਬਿਰਤੀ ਦਾ ਮਾਲਕ ਬਣਦਾ। ਆਲੇ-ਦੁਆਲੇ ਵਿਚ ਗੁਆਚੀ ਹੋਈ ਅਣਪੱਤ, ਮੋਹ ਅਤੇ ਮਮਤਾ ਨੂੰ ਤਲਾਸ਼ਦਾ। ਖੁਦ ਦੀ ਜਾਮਾ-ਤਲਾਸ਼ੀ ਕਰਦਾ ਅਤੇ ਬਾਹਰ ਤੋਂ ਸਵੈ ਦਾ ਸਫਰ ਕਰਦਾ। ਆਪਣੇ ਅੰਦਰ ਉਤਰ ਕੇ, ਨਿਰਮਾਣਤਾ ਅਤੇ ਨਿਰਮੂਲਤਾ ਨੂੰ ਸੋਚ-ਬਿਰਤੀ ਦੇ ਨਾਮ ਕਰਦਾ।
ਪਿਆਰ ਜਦ ਠਰੰਮੇ ਨਾਲ ਕੋਈ ਪਾਉਂਦਾ ਤਾਂ ਭਟਕਣ ਨੂੰ ਰਾਹਤ ਮਿਲਦੀ। ਪੈਰਾਂ ਵਿਚਲੀ ਭੱਜ-ਦੌੜ ਤੇ ਜ਼ਿੰਦਗੀ ਵਿਚਲੀ ਖਿੱਚੋਤਾਣ ਕਾਰਨ ਉਧੜਿਆ ਹੋਇਆ, ਖੁਦ ਨੂੰ ਟਾਕੀਆਂ ਲਾਉਣ ਅਤੇ ਲੀਰਾਂ ਨੂੰ ਸਿਉਣ ਵੰਨੀਂ ਅਹੁਲਦਾ।
ਪਿਆਰ ਜਦ ਡਗਰ, ਡੰਗੋਰੀ, ਨਾਲ ਹੁੰਦਾ ਤਾਂ ਮਾਂ-ਬਾਪ ਦੀ ਡੰਗੋਰੀ ਬਣਨ ਦਾ ਚਾਅ ਮਨ ਵਿਚ ਜਰੂਰ ਪੈਦਾ ਹੁੰਦਾ। ਫਿਰ ਬਜੁਰਗ ਮਾਪਿਆਂ ਨੂੰ ਕਿਸੇ ਬਿਰਧ ਆਸ਼ਰਮਾਂ ਵਿਚ ਲਾਵਾਰਸਾਂ ਵਰਗੀ ਜਿੰ.ਦਗੀ ਜਿਉਣ ਦੀ ਮੁਥਾਜ਼ੀ ਨਹੀਂ ਹੰਢਾਉਣੀ ਪੈਂਦੀ। ਅਜਿਹੇ ਲੋਕ ਮਾਪਿਆਂ ਦੇ ਸਰਵਣ ਪੁੱਤਰ ਹੁੰਦੇ।
ਪਿਆਰ ਜਦ ਪਿਆਰੇ, ਪਾਕੀਜ਼ਗੀ, ਪਾਹੁਲ, ਪ੍ਰਗਟਾਵਾ, ਪ੍ਰਸੰਨਤਾ, ਪੇਸ਼ਕਦਮੀ, ਪੇਸ਼ਕਾਰੀ, ਪੇਸ਼ਕਸ਼, ਪ੍ਰਾਪਤੀ, ਪਰਵਾਜ਼, ਪ੍ਰਣ ਅਤੇ ਪਹਿਲਕਦਮੀ ਨਾਲ ਹੁੰਦਾ ਤਾਂ ਨਵੇਂ ਦਿਸਹੱਦਿਆਂ ਦੇ ਸਿਰਨਾਵੇਂ ਮਸਤਕ ‘ਤੇ ਉਕਰੇ ਜਾਂਦੇ। ਇਨ੍ਹਾਂ ਵਿਚੋਂ ਹੀ ਜੀਵਨ ਦੇ ਉਨ੍ਹਾਂ ਸ਼ਿਲਾਲੇਖਾਂ ਦੀ ਕਲਾਕਾਰੀ ਹੁੰਦੀ, ਜੋ ਦੱਬੀਆਂ ਰੀਝਾਂ ਕਾਰਨ ਦੁੱਬਕੇ ਹੁੰਦੇ ਨੇ।
ਪਿਆਰ ਕਰੋ ਫੁੱਲਾਂ, ਫਰਮਾਇਸ਼, ਫੱਕਰਤਾ, ਫਰਮਾਬਰਦਾਰੀ, ਫਰਾਖਦਿਲੀ, ਫਿਰਦੋਸ਼ੀ ਨਾਲ ਤਾਂ ਕਿ ਤੁਹਾਡੀ ਰੂਹ ਵਿਚ ਕੁਦਰਤ ਨੂੰ ਮਨ ਵਿਚ ਵਸਾਉਣ ਅਤੇ ਇਸ ਦੀ ਨੇੜਤਾ ਨੂੰ ਮਾਣਨ ਦਾ ਵਲਵਲਾ ਸਦਾ ਕਾਇਮ ਰਹੇ। ਕੁਦਰਤ ਦੀ ਸਦੀਵਤਾ ਵਿਚੋਂ ਹੀ ਆਦਮੀ ਦੀ ਸਦੀਵਤਾ ਤੇ ਸਥਿਰਤਾ ਕਿਆਸੀ ਜਾ ਸਕਦੀ ਏ।
ਪਿਆਰ ਕਰੋ ਬੰਦੇ, ਬੰਦਿਆਈ, ਬੰਦਗੀ, ਬਿਰਖਾਂ, ਬਹਾਦਰੀ, ਬਖਸ਼ਿਸ਼, ਬੰਦਿਸ਼ਾਂ, ਬੇਲਾਗਤਾ ਅਤੇ ਬੇਲਿਹਾਜਤਾ ਨਾਲ ਤਾਂ ਕਿ ਤੁਹਾਡੀ ਸੋਚ ਵਿਚ ਵਖਰੇਵਾਂ, ਸਿੱਕਨ, ਰੰਜਿਸ਼, ਸੰਕੀਰਨਤਾ ਜਾਂ ਸੰਗਦਿਲੀ ਲਈ ਕੋਈ ਥਾਂ ਨਾ ਹੋਵੇ ਅਤੇ ਮਨ ਵਿਚ ਸਰਬੱਤ ਦੇ ਭਲੇ ਦਾ ਨਾਦ ਹਮੇਸ਼ਾ ਗੂੰਜਦਾ ਰਹੇ।
ਪਿਆਰ ਕਰੋ ਭਰਾਵਾਂ, ਭਰਾਤਰੀ ਭਾਵ, ਭਾਵਨਾ, ਭਗਤੀ ਅਤੇ ਭਵਿੱਖਮੁਖੀ ਸੋਚ ਨੂੰ ਤਾਂ ਕਿ ਚੇਤਨਾ ਵਿਚ ਸੁੰਦਰ ਤੇ ਸਾਰਥਕ ਭਵਿੱਖ ਦੀ ਕਲਪਨਾ ਅਤੇ ਕਰਮਯੋਗਤਾ ਦਾ ਰਿਆਜ਼ ਸਦਾ ਹੁੰਦਾ ਰਹੇ ਅਤੇ ਖੁਦ ਨੂੰ ਵਿਸਥਾਰਦੇ ਰਹੋ।
ਪਿਆਰ ਕਰੋ ਮਨੁੱਖ, ਮਾਪਿਆਂ, ਮਰਦਾਨਗੀ, ਮਾਨਤਾਵਾਂ, ਮਰਿਆਦਾਵਾਂ, ਮੌਲਿਕਤਾ, ਮੂਲਤਾ, ਮਹਾਨਤਾ ਅਤੇ ਮਹਾਤਮ ਨਾਲ ਤਾਂ ਕਿ ਮਨੁੱਖ ਨੂੰ ਮਨੁੱਖੀ ਗੁਣਾਂ ਦਾ ਗਿਆਨ ਹੁੰਦਾ ਰਹੇ, ਜਿਸ ਨੇ ਇਤਿਹਾਸ ਨੂੰ ਨਵੇਂ ਸਿਰਿਉਂ ਸਿਰਜਣਾ ਅਤੇ ਇਸ ਦੀ ਇਬਾਰਤ ਨੂੰ ਇਬਾਦਤ ਬਣਾਉਣਾ ਹੁੰਦਾ। ਅਜਿਹੇ ਲੋਕ ਹੀ ਲੋਕ-ਮਨਾਂ ਵਿਚ ਕਹਾਣੀਆਂ ਬਣ ਕੇ ਜਿਉਂਦੇ ਅਤੇ ਸਮੇਂ ਨੂੰ ਸੁਨਹਿਰੀ ਵਰਕਿਆਂ ਦੀ ਜਿਲਦ ਬਣਾਉਣ ਵਿਚ ਪੂਰਾ ਯੋਗਦਾਨ ਪਾਉਂਦੇ।
ਪਿਆਰ ਕਰੋ ਯਾਰਾਂ ਤੇ ਯਾਦਾਂ ਨਾਲ ਤਾਂ ਕਿ ਬੰਦੇ ਨੂੰ ਆਪਣਾ ਅਤੀਤ ਹਮੇਸ਼ਾ ਯਾਦ ਰਹੇ, ਕਿਉਂਕਿ ਯਾਰੀਆਂ ਕਿਸੇ ਰੁਤਬੇ, ਮਾਣ ਜਾਂ ਅਮੀਰੀ ‘ਤੇ ਨਿਰਭਰ ਨਹੀਂ ਕਰਦੀਆਂ। ਕਦੇ ਕੱਚੀ ਦੇ ਕਲਾਸ ਵਾਲੇ ਮਿੱਤਰਾਂ ਨੂੰ ਮਿਲਣਾ, ਬਹੁਤ ਹੀ ਮਾਸੂਮ ਅਤੇ ਪਿਆਰੀਆਂ ਯਾਦਾਂ ਦਾ ਖਜਾਨਾ ਤੁਹਾਡਾ ਹਾਸਲ ਬਣੇਗਾ। ਕਦ ਮਿਲਦੀਆਂ ਨੇ ਪਾਕ ਪਲਾਂ ਅਤੇ ਅਣਛੋਹ ਰੁੱਤਾਂ ਦੀਆਂ ਇਹ ਯਾਰੀਆਂ ਜਿਹੀਆਂ ਅਣਮੋਲ ਤੇ ਅਮੁੱਲ ਸੁਗਾਤਾਂ। ਇਹਨੂੰ ਕਦੇ ਨਾ ਗਵਾਉਣਾ।
ਪਿਆਰ ਕਰੋ ਰੰਗਾਂ, ਰਹਿਬਰ, ਰੂਹ, ਰੰਗਰੇਜ਼ਤਾ, ਰੌਸ਼ਨਦਾਨਾਂ, ਰਵਾਨੀ, ਰੂਹਾਨੀਅਤ, ਰਮਜ਼ਾਂ, ਰਾਜ਼ਾਂ, ਰਹਿਤਲ, ਰਾਹਗੀਰੀ ਤੇ ਰਸਤਿਆਂ ਨਾਲ, ਕਿਉਂਕਿ ਇਹ ਰਸਤੇ ਤੇ ਰਹਿਬਰ ਹੀ ਹੁੰਦੇ, ਜਿਨ੍ਹਾਂ ਸਦਕਾ ਮਨੁੱਖ ਨਵੀਆਂ ਤੇ ਵਿਲੱਖਣ ਪੈੜਾਂ ਦਾ ਜਨਮਦਾਤਾ ਬਣਦਾ। ਉਸ ਦੀ ਸੋਚ ਵਿਚ ਨਵੇਂ ਤੇ ਅਨੂਠੇ ਫੁਰਨਿਆਂ ਦੀਆਂ ਤਤੀਰੀਆਂ ਫੁੱਟਦੀਆਂ।
ਪਿਆਰ ਕਰਨਾ ਹੀ ਚਾਹੀਦਾ ਲੋਕਾਂ, ਲੋਕਾਈ, ਲਹਿਰਾਂ, ਲੋਅ, ਲਾਟ, ਲੱਜ਼ਾ ਨਾਲ ਤਾਂ ਕਿ ਤੁਸੀਂ ਆਪਣਾ ਬਿੰਬ ਲੋਕਾਂ ਦੇ ਦੀਦਿਆਂ ਵਿਚੋਂ ਦੇਖ ਸਕੋ, ਕਿਉਂਕਿ ਤੁਸੀਂ ਉਹ ਨਹੀਂ ਹੁੰਦੇ, ਜੋ ਤੁਸੀਂ ਖੁਦ ਨੂੰ ਸਮਝਦੇ ਹੋ। ਸਗੋਂ ਤੁਸੀਂ ਉਹ ਹੁੰਦੇ ਹੋ, ਜੋ ਤੁਸੀਂ ਲੋਕਾਂ ਦੀਆਂ ਨਜ਼ਰਾਂ ਵਿਚ ਹੁੰਦੇ ਹੋ।
ਪਿਆਰ ਕਰੋ ਵੈਰਾਗਤਾ, ਵੱਖਰਤਾ, ਵੰਨਗੀ, ਵਹਿਣ, ਵਿਰਾਸਤ ਅਤੇ ਵਸੀਹਤਾ ਨੂੰ, ਕਿਉਂਕਿ ਤੁਸੀਂ ਆਪਣੇ ਬਜੁਰਗਾਂ ਦੀ ਮਲਕੀਅਤ ਨੂੰ ਨਵੀਆਂ ਦਿਸ਼ਾਵਾਂ ਅਤੇ ਸੇਧਾਂ ਨਾਲ ਵਿਸਥਾਰ, ਇਸ ਦੀ ਮੁੱਲਵਾਨਤਾ ਤੇ ਅਮੀਰਤਾ ਨੂੰ ਹੋਰ ਅਮੀਰ ਕਰਨਾ ਹੁੰਦਾ। ਬਜੁਰਗਾਂ ਦੇ ਨਾਮ ਨੂੰ ਚਾਰ ਚੰਨ ਲਾਉਣੇ ਹੁੰਦੇ। ਬਜੁਰਗਾਂ ਦੇ ਸਿਵੇ ਦੇ ਮੱਚਦਿਆਂ, ਕਦੇ ਜ਼ਮੀਨਾਂ ਦੀਆਂ ਵੰਡੀਆਂ ਨਾ ਪਾਉਣਾ। ਉਨ੍ਹਾਂ ਦੀ ਵਿਰਾਸਤ ਨੂੰ ਵੰਡਾਉਣਾ, ਦੇਖਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਵੀਂਆਂ ਪ੍ਰਾਪਤੀਆਂ ਦੀਆਂ ਪੇਸ਼ੀਨਗੋਈਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜ਼ਮੀਨਾਂ ਹੜੱਪਣ ਵਾਲੇ ਤੇ ਹੋਛੇ ਹੱਥਕੰਡਿਆਂ ਰਾਹੀਂ ਬਜੁਰਗਾਂ ਨੂੰ ਜਲੀਲ ਕਰਨ ਵਾਲੇ ਬਹੁਤ ਜਲਦੀ ਆਪਣਾ ਨਾਮੋ-ਨਿਸ਼ਾਨ ਹੀ ਮਿਟਾ ਬੈਠਦੇ ਨੇ।
ਪਿਆਰ ਕਰੋ ਮਨੁੱਖ ਤੇ ਰੁੱਖਾਂ ਨਾਲ, ਮਾਪਿਆਂ, ਭੈਣ-ਭਰਾਵਾਂ, ਸੰਗੀਆਂ-ਸਾਥੀਆਂ, ਕਰੀਬੀਆਂ, ਸਹਿਕਰਮੀਆਂ ਅਤੇ ਹਮਸਫਰਾਂ ਨਾਲ। ਸੱਜਣਾਂ ਤੇ ਜੀਵਨ ਸਾਥੀ ਨਾਲ। ਹਮਰੂਹਾਂ, ਹਮ-ਖਿਆਲਾਂ, ਹਮਰਾਹਾਂ ਅਤੇ ਹਮ-ਦੁਆਵਾਂ ਨਾਲ। ਪਿਆਰ ਕਰੋ ਕਾਇਨਾਤ ਦੀ ਅਸੀਮਤਾ, ਅਨੰਨਤਾ ਅਤੇ ਸੁੰਦਰਤਾ ਨਾਲ। ਨਿਆਮਤਾਂ ਤੇ ਬਖਸ਼ਿਸ਼ਾਂ ਨਾਲ। ਕਿਰਤ, ਕਮਾਈ ਤੇ ਕੀਰਤੀ ਨਾਲ। ਮਾਣ-ਸਨਮਾਨਾਂ, ਰੁਤਬਿਆਂ, ਉਪਲਬਧੀਆਂ, ਪ੍ਰਾਪਤੀਆਂ ਤੇ ਪਾਈਆਂ ਪੈੜਾਂ ਨਾਲ। ਆਪਣੀ ਔਲਾਦ ਨਾਲ ਅਤੇ ਔਲਾਦ ਦੀ ਔਲਾਦ ਨਾਲ।
ਪਿਆਰ ਦੇਣਾ ਅਤੇ ਕਰਨਾ ਸਭ ਤੋਂ ਅਹਿਮ। ਇਹ ਕਈ ਗੁਣਾ ਹੋ ਕੇ ਤੁਹਾਨੂੰ ਮਿਲਦਾ ਅਤੇ ਅਚੰਭਿਤ ਕਰਦਾ। ਕਦੇ ਜਾਨਵਰਾਂ ਤੇ ਫੁੱਲਾਂ ਨਾਲ ਪਿਆਰ ਕਰਨਾ, ਦੇਖਣਾ ਕਿੰਨਾ ਸਕੂਨ ਤੇ ਸਹਿਜ ਤੁਹਾਡਾ ਹਾਸਲ ਬਣੇਗਾ।
ਪਿਆਰ ਵਿਚ ਹਿਸਾਬ-ਕਿਤਾਬ ਨਹੀਂ ਹੁੰਦਾ ਅਤੇ ਜਿਥੇ ਲੇਖਾ-ਜੋਖਾ ਹੁੰਦਾ ਹੈ, ਉਥੇ ਪਿਆਰ ਨਹੀਂ ਹੁੰਦਾ। ਦਿਲਾਂ ਦਾ ਵੀ ਕਦੇ ਵਪਾਰ ਹੁੰਦਾ?
ਪਿਆਰ ਖਿਆਲ ਅਤੇ ਖਬਤ ਵਿਚ ਹਾਜਰ-ਨਾਜਰ ਰਹਿਣਾ, ਭਟਕਣ ਤੇ ਤਲਾਸ਼ ਖਤਮ ਹੋ ਜਾਵੇਗੀ। ਪਿਆਰ ਤਾਂ ਰਾਤ ਦੇ ਆਖਰੀ ਪਹਿਰ ਅਤੇ ਦਿਨ ਦੇ ਪਹਿਲੇ ਪਹਿਰ ਦਾ ਸੁਗਮ ਮਿਲਾਪ। ਪਿਆਰ ਵਿਚ ਜ਼ਿਕਰ ਉਸ ਦਾ ਹੀ ਹੁੰਦਾ, ਜਿਸ ਦਾ ਮਨ ਦੇ ਕਿਸੇ ਕੋਨੇ ਵਿਚ ਫਿਕਰ ਤੇ ਵਾਸਾ ਹੁੰਦਾ।
ਪਿਆਰ ਵਿਚ ਕੌਣ, ਕਿਸ ਦਾ ਅਤੇ ਕਿਸ ਮੋੜ ਤੱਕ ਨਾਲ ਚੱਲਦਾ ਅਤੇ ਹੱਥ ਪਕੜ ਕੇ ਰੱਖਦਾ ਹੈ, ਇਹ ਤਾਂ ਵਕਤ ਦੀ ਤਵਾਰੀਖ ਵਿਚ ਹੀ ਲਿਖਿਆ ਜਾਂਦਾ।
ਪਿਆਰ ਦੀ ਅਹਿਮੀਅਤ ਸਭ ਤੋਂ ਜ਼ਿਆਦਾ, ਕਿਉਂਕਿ ਕੀਮਤ ਪਾਣੀ ਦੀ ਨਹੀਂ ਸਗੋਂ ਤ੍ਰੇਹ ਦੀ ਹੁੰਦੀ, ਡਰ ਮੌਤ ਦਾ ਨਹੀਂ ਤ੍ਰਾਹ ਦਾ ਹੁੰਦਾ। ਪਿਆਰ ਤਾਂ ਬਹੁਤ ਕਰਦੇ ਨੇ ਦਿਖਾਵੇ ਲਈ, ਪਰ ਪਿਆਰ ਦਿਖਾਵਾ ਨਹੀਂ ਸਗੋਂ ਮਨ ‘ਚ ਮਚਲਦੇ ਚਾਅ ਦਾ ਹੁੰਦਾ।
ਪਿਆਰ ਹੁੰਦਾ ਧਰਤੀ ਦੇ ਪਿੰਡੇ ਕਿਰਨਾਂ ਦਾ ਛਿੜਕਾਅ
ਤੇ ਹਨੇਰੀਆਂ ਜੂਹਾਂ ਵਿਚ ਚਾਨਣ ਦੀ ਅਦਲੀ ਸਦਾਅ।
ਪਿਆਰ ਹੁੰਦਾ ਤ੍ਰੇਲ-ਤੁਪਕਿਆਂ ਨੂੰ ਪੱਤਿਆਂ ਦੀ ਆਗੋਸ਼,
ਤੇ ਚੌਗਿਰਦੇ ਦਾ ਰੂਹ-ਰੱਤੀ ਆਬਸ਼ਾਰ ‘ਚ ਹੋਣਾ ਮਦਹੋਸ਼।
ਪਿਆਰ ਹੁੰਦਾ ਦਰਿਆ ਦੇ ਪਾਣੀ ਦਾ ਕੰਢਿਆ ਨਾਲ ਖਹਿਣਾ,
ਤੇ ਬੇੜੀ ਦਾ ਲਹਿਰਾਂ ਨੂੰ ਆਪਣੇ ਦਿਲ ਦੀਆਂ ਗੱਲਾਂ ਕਹਿਣਾ।
ਪਿਆਰ ਹੁੰਦਾ ਸੰਧੂਰੀ ਸੁਪਨਿਆਂ ਦੀ ਰੰਗਤ ਨੂੰ ਗਰਭਾਉਣਾ,
ਤੇ ਇਸ ਦੀ ਸੁਖਨ-ਸਬੂਰੀ ਨੂੰ ਜੀਵਨ-ਅਕੀਦਤ ਬਣਾਉਣਾ।
ਪਿਆਰ ਹੁੰਦਾ ਪੈਰਾਂ ‘ਚ ਉਗੇ ਸਫਰ ਦਾ ਸੁੱਚਾ ਸਿਰਨਾਵਾਂ,
ਤੇ ਮੰਜ਼ਿਲਾਂ ਦੇ ਮੱਥੇ ‘ਤੇ ਉਕਰੀਆਂ ਸੁਰਖ-ਸੰਭਾਵਨਾਵਾਂ।
ਪਿਆਰ ਹੁੰਦਾ ਖੁਦ ਵਿਚੋਂ ਖੁਦ ਦਾ ਅਲੋਪ ਹੋ ਜਾਣਾ,
ਅਤੇ ਖੁਦ ਦਾ, ਖੁਦਾਈ ਦੀਆਂ ਬਰਕਤਾਂ ਸੰਗ ਲਰਜ਼ਾਣਾ।
ਪਿਆਰ ਹੁੰਦਾ ਹਵਾ ਵਿਚ ਘੁਲੀ ਹੋਈ ਫੁੱਲਾਂ ਦੀ ਖੁਸ਼ਬੋਈ
ਤੇ ਫੁੱਲ-ਪੱਤੀਆਂ ਦੇ ਜਿਸਮ ‘ਤੇ ਸਰਘੀ ਦੀ ਰੰਗੀਨ ਲੋਈ।
ਪਿਆਰ ਹੁੰਦਾ ਮਨ ਦੀ ਤਖਤੀ ‘ਤੇ ਉਕਰੇ ਅੱਖਰਾਂ ਦੀ ਲੋਅ,
ਤੇ ਇਸ ਦੇ ਚਾਨਣ ‘ਚ ਜੀਵਨ-ਸਫਰ ਨੂੰ ਮਿਲੀ ਸੁਗਮ-ਸੋਅ।
ਪਿਆਰ ਦੀਆਂ ਬਹੁਤ ਸਾਰੀਆਂ ਕਿਸਮਾਂ, ਕਿਰਿਆਵਾਂ, ਕੀਰਤੀਆਂ ਅਤੇ ਕਰਨੀਆਂ, ਪਰ ਸਭ ਤੋਂ ਅਹਿਮ ਹੈ ਖੁਦ ਨਾਲ ਪਿਆਰ ਕਰਨਾ। ਆਪਣੀਆਂ ਤਰਜ਼ੀਹਾਂ ਤੇ ਤਮੰਨਾਵਾਂ ਨੂੰ ਕਿਸੇ ਲਈ ਕੁਰਬਾਨ ਕਰੋ। ਆਪਣੀਆਂ ਖੁਸ਼ੀਆਂ ਤੇ ਖਬਤਾਂ ਨੂੰ ਕਿਸੇ ਦੀ ਮਸਨੂਈ ਖੁਸ਼ੀ ਲਈ ਸੂਲੀ ‘ਤੇ ਨਾ ਟੰਗੋ। ਦਰਅਸਲ ਖੁਦ ਨੂੰ ਪਿਆਰ ਕਰਨਾ, ਖੁਦ ਦਾ ਵਿਸਥਾਰ ਹੈ, ਜਿਸ ਵਿਚੋਂ ਮਨੁੱਖ ਨੂੰ ਖੁਦ ਦੀਆਂ ਛੁਪੀਆਂ ਹੋਈਆਂ ਉਨ੍ਹਾਂ ਅਸੀਮਤ, ਅਣਗਿਣਤ ਸੰਭਾਵਨਾਵਾਂ ਤੇ ਸਮਰੱਥਾਵਾਂ ਦੀ ਸੋਝੀ ਮਿਲਦੀ, ਜਿਨ੍ਹਾਂ ਤੋਂ ਮਨੁੱਖ ਹਮੇਸ਼ਾ ਅਵੇਸਲਾ ਰਹਿੰਦਾ।
ਯਾਦ ਰੱਖਣਾ! ਜੇ ਤੁਸੀਂ ਖੁਦ ਨੂੰ ਪਿਆਰ ਅਤੇ ਖੁਦ ਦਾ ਸਤਿਕਾਰ ਨਹੀਂ ਕਰੋਗੇ ਤਾਂ ਤੁਸੀਂ ਕਿਵੇਂ ਆਸ ਰੱਖੋਗੇ ਕਿ ਕੋਈ ਤੁਹਾਨੂੰ ਪਿਆਰ ਕਰੇ ਜਾਂ ਸਤਿਕਾਰ ਦੇਵੇ। ਖੁਦ ਦੇ ਦੀਦਿਆਂ ਵਿਚ ਵੱਸਦਾ ਪਿਆਰ ਹੀ ਅਸੀਂ ਕਿਸੇ ਹੋਰ ਦੇ ਦੀਦਿਆਂ ਵਿਚੋਂ ਝਾਕ ਸਕਦੇ ਹਾਂ।
ਲੋੜ ਹੈ, ਅਸੀਂ ਬਾਹਰੀ ਪਿਆਰ ਤੋਂ ਸਵੈ-ਪਿਆਰ ਦੇ ਸਫਰ ਦਾ ਆਗਾਜ਼ ਕਰੀਏ। ਖੁਦ ਦੀ ਸੰਗਤਾ ਮਾਣ ਕੇ ਆਪਣੀ ਆਤਮਾ ਦੇ ਬਹੁਤ ਕਰੀਬ ਹੋਵਾਂਗੇ। ਫਿਰ ਖੁਸ਼ੀਆਂ ਅਤੇ ਖੇੜਿਆਂ ਦੀ ਹਰ ਰੁੱਤ ਸਾਡੀ ਆਪਣੀ ਹੋਵੇਗੀ। ਅਜਿਹੇ ਸਫਰ ਦਾ ਆਗਾਜ਼ ਜਰੂਰ ਕਰਨਾ, ਕਿਉਂਕਿ ਸ਼ੁਰੂਆਤ ਤੋਂ ਹੀ ਸੰਪੂਰਨਤਾ ਨੂੰ ਕਿਆਸਿਆ ਜਾ ਸਕਦਾ। ਇਹ ਸਰੀਰਕ, ਮਾਨਸਿਕ ਤੇ ਆਤਮਿਕ ਵਿਕਾਸ ਲਈ ਸਭ ਤੋਂ ਅਹਿਮ ਅਤੇ ਜਰੂਰੀ। ਸਾਰੇ ਧਰਮ ਹੀ ਖੁਦ ਨੂੰ ਪਿਆਰ ਕਰਨਾ ਸਿਖਾਉਂਦੇ, ਕਿਉਂਕਿ ਇਸ ਵਿਚੋਂ ਹੀ ਮਨੁੱਖਤਾ ਨੂੰ ਪਿਆਰ ਕਰਨ ਦੀ ਗੁੜਤੀ ਮਿਲਦੀ।
ਖੁਦ ਨੂੰ ਪਿਆਰ ਕਰਨ ਵਾਲਾ ਕਰਾਮਤੀ ਸਫਰ ਤੁਹਾਡੀ ਕੀਰਤੀ ਲਈ ਕਰਮਯੋਗਤਾ ਬਣੇ, ਇਸ ਦੀ ਲੋਚਾ ਤਾਂ ਹਰਫ ਮਨ ਵਿਚ ਪਾਲਦੇ ਹੀ ਰਹਿਣਗੇ।