ਫਸੇ ਹੋਣ ਦੇ ਬਾਵਜੂਦ ਬਾਦਲਾਂ ਲਈ ਭਾਜਪਾ ਨੂੰ ਛੱਡਣਾ ਔਖਾ

-ਜਤਿੰਦਰ ਪਨੂੰ
ਪੰਜਾਬ ਦੀ ਰਾਜਨੀਤੀ ਇੱਕ ਨਵਾਂ ਮੋੜ ਕੱਟ ਗਈ ਹੈ। ਕੇਂਦਰ ਸਰਕਾਰ ਦੇ ਕਿਸਾਨੀ ਜਿਨਸਾਂ ਬਾਰੇ ਆਰਡੀਨੈਂਸਾਂ ਨੂੰ ਕਿਸਾਨਾਂ ਦੇ ਭਲੇ ਵਾਲੇ ਕਹਿੰਦੇ-ਕਹਿੰਦੇ ਬਾਦਲ ਅਕਾਲੀ ਦਲ ਦੇ ਆਗੂ ਇਹ ਮੰਨਣ ਲਈ ਮਜਬੂਰ ਹੋ ਗਏ ਕਿ ਇਨ੍ਹਾਂ ਨਾਲ ਕਿਸਾਨਾਂ ਦਾ ਭਲਾ ਨਹੀਂ ਹੋ ਸਕਦਾ ਅਤੇ ਇਸੇ ਲਈ ਉਨ੍ਹਾਂ ਨੇ ਕੇਂਦਰ ਸਰਕਾਰ ਵਿਚੋਂ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾਉਣ ਦਾ ਫੈਸਲਾ ਲੈ ਲਿਆ। ਜਾਣਕਾਰ ਦੱਸਦੇ ਹਨ ਕਿ ਕੁਰਸੀ ਦੇ ਮੋਹ ਕਾਰਨ ਬੀਬੀ ਹਰਸਿਮਰਤ ਕੌਰ ਅਜੇ ਵੀ ਗੱਦੀ ਨਹੀਂ ਸੀ ਛੱਡਣਾ ਚਾਹੁੰਦੀ, ਪਰ ਚੁਫੇਰਿਉਂ ਪਏ ਦਬਾਅ ਤੇ ਪਿੰਡ ਬਾਦਲ ਵਿਚ ਹਵੇਲੀ ਅੱਗੇ ਕਿਸਾਨਾਂ ਦਾ ਧਰਨਾ ਲੱਗਣ ਨੇ ਉਨ੍ਹਾਂ ਨੂੰ ਕੰਬਣ ਲਾ ਦਿੱਤਾ ਸੀ।

ਪੁੱਤਰ ਅਤੇ ਨੂੰਹ ਦੇ ਦਬਾਅ ਹੇਠ ਇੱਕ ਵੀਡੀਓ ਜਾਰੀ ਕਰਨ ਤੇ ਕੇਂਦਰ ਦੇ ਬਿੱਲਾਂ ਨੂੰ ਕਿਸਾਨਾਂ ਦੇ ਭਲੇ ਵਾਲੇ ਦੱਸਣ ਵਾਲਾ ਬਾਪੂ ਬਾਦਲ ਪੰਜਾਬ ਤੋਂ ਖਿਸਕ ਕੇ ਹਰਿਆਣੇ ਵਿਚਲੇ ਬਾਲਾਸਰ ਵਾਲੇ ਫਾਰਮ ਉੱਤੇ ਜਾ ਬੈਠਾ ਤੇ ਆਮ ਅਕਾਲੀ ਆਗੂ ਲੋਕਾਂ ਵਿਚ ਜਾਣ ਤੋਂ ਪਾਸ ਵੱਟਣ ਲੱਗੇ ਸਨ। ਇਸ ਤਰ੍ਹਾਂ ਜਿਸ ਹਾਲਾਤ ਵਿਚ ਅਕਾਲੀ ਦਲ ਉਲਝ ਗਿਆ ਸੀ, ਉਸ ਕੋਲ ਅਸਤੀਫੇ ਤੋਂ ਸਿਵਾ ਕੋਈ ਹੋਰ ਰਾਹ ਵੀ ਨਹੀਂ ਬਚਦਾ, ਪਰ ਅਸਤੀਫਾ ਦੇਣ ਪਿੱਛੋਂ ਵੀ ਜੋ ਕੁਝ ਬਾਦਲ ਜੋੜੀ ਨੇ ਕਿਹਾ ਹੈ, ਉਹ ਸਾਫ ਨੀਅਤ ਵਾਲਾ ਨਹੀਂ ਜਾਪਦਾ।
ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ-ਦੋਹਾਂ ਨੇ ਫਿਰ ਕਿਹਾ ਹੈ ਕਿ ਬਿੱਲ ਤਾਂ ਕਿਸਾਨਾਂ ਦੇ ਹਿੱਤ ਵਾਲੇ ਹੀ ਸਨ, ਅਸੀਂ ਕਿਸਾਨਾਂ ਨੂੰ ਇਹ ਗੱਲ ਸਮਝਾ ਨਹੀਂ ਸਕੇ। ਦੂਜੀ ਗੱਲ ਇਹ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਛੱਡੀ ਹੈ, ਭਾਜਪਾ ਗੱਠਜੋੜ ਦੀ ਸਾਂਝ ਹਾਲੇ ਵੀ ਨਹੀਂ ਛੱਡੀ, ਤੇ ਸਮਝਿਆ ਜਾਂਦਾ ਹੈ ਕਿ ਛੱਡਣੀ ਵੀ ਉਨ੍ਹਾਂ ਲਈ ਸੌਖੀ ਨਹੀਂ। ਜੇ ਭਾਜਪਾ ਨੂੰ ਛੱਡ ਦੇਣ ਤਾਂ ਪੰਜਾਬ ਵਿਚ ਉਨ੍ਹਾਂ ਦੇ ਨਾਲ ਤੁਰਨ ਵਾਲਾ ਵੀ ਕੌਣ ਬਚਿਆ ਹੈ! ਇਸ ਲਈ ਉਹ ਸਾਂਝ ਰੱਖਣ ਦਾ ਯਤਨ ਕਰਨਗੇ। ਭਾਜਪਾ ਦੇ ਲੀਡਰਾਂ ਨੇ ਵੀ ਇਸ ਮਸਲੇ ਬਾਰੇ ਕੋਈ ਓਹਲਾ ਰੱਖਣ ਦੀ ਥਾਂ ਸਾਫ ਕਿਹਾ ਹੈ ਕਿ ਹਰਸਿਮਰਤ ਕੌਰ ਦਾ ਕੇਂਦਰ ਸਰਕਾਰ ਛੱਡਣਾ ਸਿਰਫ ਇੱਕ ਸਿਆਸੀ ਫੈਸਲਾ ਹੈ, ਉਂਜ ਉਹ ਭਾਜਪਾ ਗੱਠਜੋੜ ਦਾ ਹਿੱਸਾ ਹੀ ਹਨ। ਅਸਲ ਗੱਲ ਵੀ ਇਹੋ ਹੈ।
ਅਕਾਲੀ ਦਲ ਇਸ ਵੇਲੇ ਬੜੀ ਬੁਰੀ ਤਰ੍ਹਾਂ ਫਸ ਗਿਆ ਹੈ। ਉਸ ਦੀ ਮੁਸ਼ਕਿਲ ਰਾਜਸੀ ਖੇਤਰ ਵਿਚ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਨੇ ਸਿਖਰ ਤੱਕ ਪੁਚਾਈ ਪਈ ਹੈ ਤੇ ਧਾਰਮਿਕ ਖੇਤਰ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਉਨ੍ਹਾਂ ਲਈ ਸ਼ਰਮਿੰਦਗੀ ਦਾ ਕਾਰਨ ਬਣਿਆ ਪਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਜਿਨ੍ਹਾਂ ਸਿੰਘ ਸਾਹਿਬਾਨ ਨੂੰ ਸ਼੍ਰੋਮਣੀ ਕਮੇਟੀ ਨਿਯੁਕਤ ਕਰਦੀ ਹੈ, ਉਨ੍ਹਾਂ ਹੀ ਪੰਜਾਂ ਸਿੰਘ ਸਾਹਿਬਾਨ ਨੂੰ ਇਸ ਸ਼੍ਰੋਮਣੀ ਕਮੇਟੀ ਦੀ ਸਾਰੀ ਐਗਜ਼ੈਕਟਿਵ ਕਮੇਟੀ, ਜਿਸ ਨੂੰ ਅੰਤ੍ਰਿਮ ਕਮੇਟੀ ਕਿਹਾ ਜਾਂਦਾ ਹੈ, ਨੂੰ ਕਟਹਿਰੇ ਵਿਚ ਖੜਾ ਕਰਨਾ ਅਤੇ ਤਨਖਾਹ ਲਾਉਣੀ ਪਈ ਹੈ। ਇਸ ਕਾਰਵਾਈ ਦੌਰਾਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਭਾਸ਼ਾ ਗਰਮ, ਪਰ ਸਜ਼ਾ ਵਿਚ ਅਜੇ ਵੀ ਨਰਮੀ ਦੱਸਦੀ ਹੈ ਕਿ ਸਾਰਾ ਕੁਝ ਪਹਿਲਾਂ ਤੈਅ ਕੀਤਾ ਹੋਇਆ ਸੀ। ਇਸ ਦਾ ਕਾਰਨ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਗੁੰਮ ਹੋਣ ਦੇ ਮਾਮਲੇ ਦੀ ਜਾਂਚ ਵਿਚ ਜੋ ਕੁਝ ਬਾਹਰ ਆ ਚੁਕਾ ਸੀ, ਉਸ ਪਿੱਛੋਂ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਆਦੇਸ਼ ਦੇ ਮੁਤਾਬਕ ਮੁਢਲੇ ਤੌਰ ‘ਤੇ ਖੁਦ ਕੀਤੇ ਗਏ ਫੈਸਲਿਆਂ ਤੋਂ ਵੀ ਸ਼੍ਰੋਮਣੀ ਕਮੇਟੀ ਵਾਲੇ ਲੀਡਰ ਭੱਜ ਖੜੋਤੇ ਸਨ ਤੇ ਇਸ ਦੇ ਰੋਸ ਵਜੋਂ ਸ੍ਰ.ੋਮਣੀ ਕਮੇਟੀ ਦਫਤਰ ਅੱਗੇ ਵੀ ਧਰਨਾ ਲੱਗਾ ਪਿਆ ਸੀ। ਏਦਾਂ ਵਧਿਆ ਦਬਾਅ ਹੋਰ ਕਿਸੇ ਤਰ੍ਹਾਂ ਜਦੋਂ ਟਾਲਣਾ ਮੁਸ਼ਕਿਲ ਸੀ ਤਾਂ ਪਹਿਲਾਂ ਤੈਅ ਫਾਰਮੂਲੇ ਦੇ ਮੁਤਾਬਕ ਸਹਿੰਦੀ-ਸਹਿੰਦੀ ਤਨਖਾਹ ਲਾਉਣ ਦੀ ਕਾਰਵਾਈ ਸ੍ਰੀ ਅਕਾਲ ਤਖਤ ਦੇ ਜਥੇਦਾਰ ਤੋਂ ਕਰਵਾ ਕੇ ਡੰਗ ਸਾਰਨ ਦਾ ਯਤਨ ਕੀਤਾ ਗਿਆ ਹੈ।
ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਜਿਹੜੀ ਗੱਲ ਅਜੇ ਤੱਕ ਲੁਕੀ ਸੀ, ਉਸ ਬਾਰੇ ਗੁਰੂ ਗ੍ਰੰਥ ਸਾਹਿਬ ਛਾਪਣ ਦੀ ਸੇਵਾ ਤੋਂ ਵਿਹਲੇ ਹੋਏ ਕੰਵਲਜੀਤ ਸਿੰਘ ਨੇ ਇੱਕ ਦਿਨ ਪਹਿਲਾਂ ਇੱਕ ਵੀਡੀਓ ਜਾਰੀ ਕਰ ਕੇ ਜਾਹਰ ਕਰ ਦਿੱਤੀ ਤੇ ਕਈ ਵੱਡੇ ਲੋਕ ਫਸਾ ਦਿੱਤੇ ਸਨ। ਉਸ ਨੇ ਇਸ ਵੀਡੀਓ ਵਿਚ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਆਗੂਆਂ ਅਤੇ ਅਫਸਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਲਈ ਪਰਚੀਆਂ ਆਉਂਦੀਆਂ ਸਨ ਕਿ ਫਲਾਣੇ ਨੂੰ ਦੇ ਦਿਓ ਤੇ ਰਿਕਾਰਡ ਵਿਚ ਦਰਜ ਨਹੀਂ ਕਰਨੇ। ਉਸ ਨੇ ਕਿਹਾ ਕਿ ਏਦਾਂ ਦੀ ਅਣ-ਅਧਿਕਾਰਤ ਕੱਚੀਆਂ ਪਰਚੀਆਂ ਉਸ ਨੇ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇਸ ਵੀਡੀਓ ਨਾਲ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵਿਚ ਭਾਜੜ ਪੈ ਗਈ ਕਿ ਪਰਚੀਆਂ ਜਿਨ੍ਹਾਂ ਨੇ ਭੇਜੀਆਂ ਸਨ, ਜਦੋਂ ਫਸਣ ਲੱਗੇ ਤਾਂ ਕੰਵਲਜੀਤ ਸਿੰਘ ਵਾਂਗ ਉਨ੍ਹਾਂ ਲੋਕਾਂ ਨੇ ਵੀ ਅੱਗੋਂ ਅਕਾਲੀ ਦਲ ਦੀ ਲੀਡਰਸ਼ਿਪ ਵੱਲ ਉਂਗਲਾਂ ਕਰ ਦੇਣੀਆਂ ਸਨ।
ਇਸ ਦੌਰਾਨ ਇੱਕ ਤੀਸਰੇ, ਪਰ ਇਨ੍ਹਾਂ ਸਾਰਿਆਂ ਤੋਂ ਪਹਿਲਾਂ ਦੇ ਮਾਮਲੇ ਨੇ ਵੀ ਅਕਾਲੀ ਦਲ ਲਈ ਫਿਕਰੰਦੀ ਦਾ ਨਵਾਂ ਮੁੱਦਾ ਪੇਸ਼ ਕਰ ਦਿੱਤਾ ਹੈ। ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਇਸ ਟੀਮ ਦੇ ਸੀਨੀਅਰ ਅਧਿਕਾਰੀ ਨੇ ਅਦਾਲਤ ਵਿਚ ਇਹ ਗੱਲ ਕਹਿ ਦਿੱਤੀ ਹੈ ਕਿ ਗੋਲੀ ਕਾਂਡ ਦੀ ਸਾਜਿਸ਼ ਉਸ ਵੇਲੇ ਦੇ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਨੇ ਰਚੀ ਸੀ ਤੇ ਇਸ ਵਿਚ ਇੱਕ ਵੱਡੇ ਸਿਆਸੀ ਆਗੂ ਦਾ ਨਾਂ ਵੀ ਆਉਂਦਾ ਹੈ। ਉਹ ਵੱਡਾ ਸਿਆਸੀ ਆਗੂ ਕੌਣ ਹੈ, ਮੂੰਹੋਂ ਭਾਵੇਂ ਕੋਈ ਨਹੀਂ ਬੋਲਦਾ, ਪਰ ਸਭ ਨੂੰ ਪਤਾ ਹੈ ਕਿ ਉਦੋਂ ਪੰਜਾਬ ਦੀ ਸਰਕਾਰ ਅਤੇ ਪੁਲਿਸ ਕਿਹੜੇ ਵੱਡੇ ਸਿਆਸੀ ਆਗੂ ਦੇ ਇਸ਼ਾਰੇ ਉੱਤੇ ਚਲਦੀ ਹੁੰਦੀ ਸੀ। ਅਦਾਲਤ ਵਿਚ ਵਿਸ਼ੇਸ਼ ਜਾਚ ਟੀਮ ਦੇ ਡਿਪਟੀ ਚੀਫ ਵੱਲੋਂ ਕਹੀ ਇਸ ਗੱਲ ਪਿਛੋਂ ਇਹ ਸਮਝਿਆ ਜਾ ਰਿਹਾ ਹੈ ਕਿ ਜਾਂਚ ਟੀਮ ਉਸ ਵੱਡੇ ਲੀਡਰ ਨੂੰ ਕਿਸੇ ਵਕਤ ਵੀ ਇਸ ਕੇਸ ਵਿਚ ਸੱਦ ਕੇ ਬਿਆਨ ਲੈਣ ਨੂੰ ਕਹਿ ਸਕਦੀ ਹੈ ਜਾਂ ਫਿਰ ਅਦਾਲਤ ਤੋਂ ਉਸ ਨੂੰ ਫੜਨ ਲਈ ਵਾਰੰਟ ਲੈਣ ਲਈ ਅਰਜ਼ੀ ਪੇਸ਼ ਕਰ ਸਕਦੀ ਹੈ। ਪਿਛਲਾ ਤਜਰਬਾ ਇਹੋ ਦੱਸਦਾ ਹੈ ਕਿ ਏਦਾਂ ਦੀ ਅਰਜ਼ੀ ਉੱਤੇ ਅਦਾਲਤ ਨੂੰ ਵੀ ਕੋਈ ਬਹੁਤਾ ਇਤਰਾਜ਼ ਨਹੀਂ ਹੋਣਾ ਅਤੇ ਉਸ ਹਾਲਤ ਵਿਚ ਅਕਾਲੀ ਲੀਡਰਸ਼ਿਪ ਹੋਰ ਵੀ ਫਸ ਜਾਵੇਗੀ।
ਏਦਾਂ ਦੇ ਹਾਲਾਤ ਵਿਚ ਪੰਜਾਬ ਦੀ ਇੱਕ ਵੀ ਸਿਆਸੀ ਧਿਰ ਅਕਾਲੀ ਦਲ ਦੇ ਨਾਲ ਖੜੋਣ ਵਾਲੀ ਨਹੀਂ ਲੱਭਦੀ ਤੇ ਇੱਕੋ ਆਸਰਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਚਲਾ ਰਹੇ ਪ੍ਰਧਾਨ ਮੰਤਰੀ ਵੱਲੋਂ ਬਚਦਾ ਹੈ। ਭਾਜਪਾ ਲੀਡਰਸ਼ਿਪ ਅਜੇ ਤੱਕ ਇਸ ਸਾਰੇ ਕੇਸ ਤੋਂ ਨਿਰਲੇਪ ਬੈਠੀ ਜਾਪਦੀ ਹੈ, ਪਰ ਅੰਦਰੋਂ ਸਿਰਸੇ ਡੇਰੇ ਦੇ ਮੁਖੀ ਨਾਲ ਸਾਂਝ ਪਾਲਣ ਅਤੇ ਬਹੁਤੇ ਫਸਦੇ ਵੇਖ ਕੇ ਅਕਾਲੀਆਂ ਤੋਂ ਤਰਲੇ ਕਢਾਉਣ ਪਿੱਛੋਂ ਉਨ੍ਹਾਂ ਦੀ ਮਦਦ ਕਰਨ ਲਈ ਆ ਸਕਦੀ ਹੈ। ਅੱਜ ਨਹੀਂ ਤਾਂ ਕੱਲ੍ਹ-ਕਲੋਤਰ ਨੂੰ ਅਕਾਲੀ ਲੀਡਰਸ਼ਿਪ ਨੂੰ ਇਹ ਲੋੜ ਪੈ ਸਕਦੀ ਹੈ, ਜਿਸ ਦਾ ਖਿਆਲ ਕਰ ਕੇ ਅਕਾਲੀ ਲੀਡਰਸ਼ਿਪ ਨੇ ਇਸ ਵੇਲੇ ਕੇਂਦਰ ਦੀ ਸਰਕਾਰ ਬੇਸ਼ੱਕ ਛੱਡ ਦਿੱਤੀ ਹੈ, ਭਾਜਪਾ ਗੱਠਜੋੜ ਛੱਡਣ ਦਾ ਫੈਸਲੇ ਲੈਣੋਂ ਤ੍ਰਹਿਕਦੀ ਹੈ। ਪਾਰਟੀ ਦੇ ਅੰਦਰੋਂ ਲੀਡਰਸ਼ਿਪ ਉੱਤੇ ਦਬਾਅ ਵਧ ਰਿਹਾ ਹੈ ਕਿ ਭਾਜਪਾ ਗੱਠਜੋੜ ਛੱਡ ਦੇਣਾ ਬਿਹਤਰ ਹੈ, ਪਰ ਤਿੰਨਾਂ ਲੀਡਰਾਂ ਦੀ ਹਾਈ ਕਮਾਨ ਗਿਣਿਆ ਜਾਂਦਾ ਬਾਦਲ ਪਰਿਵਾਰ ਇਸ ਬਾਰੇ ਸੋਚਦਾ ਜਾਪਦਾ ਹੈ ਕਿ ਜੇ ਮੋਦੀ ਦੀ ਮਿਹਰ ਨਾ ਰਹੀ ਤਾਂ ਉਨ੍ਹਾਂ ਦਾ ਬਣੇਗਾ ਕੀ? ਇਸ ਕਰ ਕੇ ਬਹੁਤੀ ਸੰਭਾਵਨਾ ਇਹੋ ਹੈ ਕਿ ਵਕਤੀ ਤੌਰ ਉੱਤੇ ਅਕਾਲੀ ਲੀਡਰਸ਼ਿਪ ਬੇਸ਼ਕ ਭਾਜਪਾ ਨੂੰ ‘ਮੈਚ ਫਿਕਸਿੰਗ’ ਕਰ ਕੇ ਲੋੜ ਜੋਗਾ ਭੰਡਦੀ ਵੀ ਰਹੇ, ਅਮਲ ਵਿਚ ਉਸ ਦਾ ਪੱਲਾ ਨਹੀਂ ਛੱਡਣ ਲੱਗੀ।