ਲਾਲਟਣਾਂ ਦੀ ਰੌਸ਼ਨੀ ਵਿਚ ਵਾਪਰੀਆਂ ਬੇਤਰਤੀਬ ਘਟਨਾਵਾਂ ਦਾ ਕਿੱਸਾ

ਐਸ਼ ਅਸ਼ੋਕ ਭੌਰਾ
ਦੁਨੀਆਂ ਦੇ ਹਰ ਸੁਚੇਤ ਮਨੁੱਖ ਦੀ ਸੋਚ ਹੈ ਕਿ ਦੂਜੇ ਲੋਕ ਤੁਹਾਡੀਆਂ ਕਮਜ਼ੋਰੀਆਂ ਤੇ ਊਣਤਾਈਆਂ ਨੂੰ ਸਾਹਮਣੇ ਰੱਖ ਕੇ ਹੀ ਤੁਹਾਡਾ ਕੱਦ ਮਾਪਣ ਵਿਚ ਲੱਗੇ ਹੋਏ ਹਨ। ਇਸੇ ਕਰ ਕੇ ਚੰਗੇ ਲੋਕਾਂ ਦੀਆਂ ਅਸਥੀਆਂ ਈਰਖਾ ਦੇ ਸੁੱਕੇ ਵਹਿਣ ਵਿਚ ਜਲ ਪ੍ਰਵਾਹ ਕਰਨ ਦੇ ਯਤਨ ਹੋ ਰਹੇ ਹਨ। ਕੱਪੜੇ ਵਲ ਕੱਢਣ ਲਈ ਪ੍ਰੈਸ ਕੀਤੇ ਜਾਣ ਲੱਗੇ ਸਨ, ਪਰ ਹੁਣ ਵਧੇਰੇ ਕਰ ਕੇ ਕਰੀਜ਼ਾਂ ਬੰਨ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਇਹ ਵੀ ਜ਼ਰੂਰੀ ਨਹੀਂ ਹੈ ਕਿ ਸੰਗੀਤ ਦੇ ਬੁੱਲਿਆਂ ਵਿਚ ਬੇਸੁਰੇ ਰਾਗ ਨਾ ਹੋਣ।
ਕਈ ਵਾਰ ਬੱਚਾ ਤਾਂ ਸੁਨੱਖਾ ਹੁੰਦਾ ਹੈ, ਪਰ ਆਂਢ-ਗੁਆਂਢ ਆਖ ਰਿਹਾ ਹੁੰਦਾ ਹੈ, “ਨੱਕ ਤਾਏ ਵਰਗੈ ਚੌੜਾ” ਜਾਂ “ਬੁੱਲ੍ਹ ਛੜੇ ‘ਤੇ ਗਏ ਨੇ ਪੂਰੇ” ਤੇ ਗੱਲ ਕਈ ਵਾਰ ਸਿਰੇ ਹੀ ਲੱਗ ਜਾਂਦੀ ਐ, “ਨੱਥੂ ਲੁਹਾਰ ਵਰਗਾ ਨ੍ਹੀਂ ਲਗਦਾ ਮੜੰਗਾ?” ਸਾਡੇ ਘਰ ਦਾ ਤਾਣਾ ਪੇਟਾ ਕਿਸੇ ਸਿਰਿਉਂ ਨ੍ਹੀਂ ਸ਼ੁਰੂ ਹੁੰਦਾ। ਖਿਚੜੀ ਤਾਂ ਮੈਂ ਬਾਅਦ ‘ਚ ਦੱਸਦਾਂ, ਪਹਿਲਾਂ ਗੱਲ ਬਾਬੇ ਤੋਂ ਸ਼ੁਰੂ ਕਰਦੇ ਆਂ। ਮੇਰੇ ਬਾਬੇ ਦਾ ਨਾਂ ਸੀ ਬੀਰਬਲ। ਇਹ ਸੁਣ ਕੇ ਆਏਂ ਲਗਦਾ ਸੀ, ਪਈ ਇਹ ਪੱਕਾ ਮੁਸਲਮਾਨ ਮੀਰ-ਆਲਮਾਂ ਦਾ ਮੁੰਡਾ ਹੋਊ। ਪਿਉ ਦਾ ਨਾਂ ਸੀ ਰਾਮ ਦਿੱਤਾ। ਇਸ ਤੋਂ ਆਏਂ ਲਗਦਾ, ਪਈ ਬ੍ਰਾਹਮਣ ਹੋਊ ਜਿਹੜਾ ਲਸਣ ਪਿਆਜ ਵੀ ਨ੍ਹੀਂ ਛਕਦਾ ਹੋਣਾ। ਦਾਦੀ ਅੱਛਰ ਕੌਰ ਤੇ ਮਾਂ ਪ੍ਰਕਾਸ਼ ਕੌਰ। ਭੁਲੇਖਾ ਨ੍ਹੀਂ ਪੈਂਦਾ, ਪਈ ਪਿਉ-ਦਾਦੇ ਨੇ ਲਵ ਮੈਰਿਜ ਕਰਵਾਈ ਹੋਊ! ਅਸਲ ਵਿਚ ਕਹਾਣੀ ਇਹ ਸੀ ਕਿ ਪੜਦਾਦਾ ਸੀ ਪਹਿਲਵਾਨ। ਉਹਨੇ ਪੁੱਤ ਦਾ ਨਾਂ ਬੀਰ+ਬਲ ਤਾਂ ਰੱਖਿਆ ਸੀ, ਪਈ ਛਿੰਝਾਂ ਘੁਲੂ ਤੇ ਪਟਕੇ ਜਿੱਤੂ; ਪਰ ਬਾਬਾ ਭਲਵਾਨ ਤਾਂ ਬਣ ਗਿਆ, ਗ੍ਰਹਿਸਥ ‘ਚ ਨ੍ਹੀਂ ਜਿੱਤ ਸਕਿਆ। ਪਹਿਲਾ ਵਿਆਹ ਕੀਤਾ, ਜੁਆਕ ਨ੍ਹੀਂ ਹੋਇਆ। ਉਹ ਚਲੇ ਗਈ ‘ਤਾਂਹ ਨੂੰ। ਦੂਜੀ ਆਈ। ਉਹ ਸਾਲ ਕੁ ਪਿੱਛੋਂ ਫੁੱਲ ਮਾਤਾ ਨਿਕਲਣ ਨਾਲ ਤੁਰ ਗਈ। ਤੀਜੀ ਅੱਛਰ ਕੌਰ ਦੇ ਤੇਰਾਂ ਸਾਲ ਔਲਾਦ ਨ੍ਹੀਂ ਹੋਈ। ਸਿੰਧ (ਪਾਕਿਸਤਾਨ) ‘ਚ ਟੰਡਾ ਗੁਲਾਮ ਅਲੀ ਰਹਿੰਦੀ ਸੀ। ਗੁਰਦੁਆਰਾ ਕੋਈ ਨੇੜੇ ਨਹੀਂ ਸੀ। ਉਹ ਪੰਜ ਸਾਲ ਮੰਦਰ ਜਾਂਦੀ ਰਹੀ।
ਜਦੋਂ ਬਾਪੂ ਹੋਇਆ ਤਾਂ ਦਾਦੀ ਅੱਛਰ ਕੌਰ ਕਹੇ, ਇਹ ਤਾਂ ਮਸੀਂ ਰਾਮ ਨੇ ਦਿੱਤਾ ਤੇ ਆਏਂ ਪਿਉ ਦਾ ਨਾਂ ਰਾਮ ਦਿੱਤਾ ਪੈ ਗਿਆ। ਨਾਨਾ ਥੋੜ੍ਹੀ ਕੁ ਅੜੀ ਕਰਦਾ ਸੀ ਰਿਸ਼ਤੇ ਵੇਲੇ, “ਸਾਡਾ ਦੋਹਾਂ ਦਾ ਨਾਂ ਪੂਰਨ ਸਿੰਘ ਤੇ ਰਾਮ ਕੌਰ ਐ। ਧੀ ਦਾ ਪ੍ਰਕਾਸ਼ ਕੌਰ ਤੇ ਇਹ ਖੱਤਰੀ ਜਿਹਾ ਲਗਦਾ ਰਾਮ ਦਿੱਤਾ।” ਅੱਗੇ ਅਸੀਂ ਚਾਰ ਭਰਾ ਤੇ ਦੋ ਭੈਣਾਂ। ਭੈਣਾਂ ਦੇ ਨਾਂ ਕਮਲਾ ਦੇਵੀ ਤੇ ਨਸੀਬ ਕੌਰ (ਬਾਅਦ ਵਿਚ ਸਹੁਰਿਆਂ ਨੇ ਪਰਮਿੰਦਰ ਰੱਖ ਲਿਆ)। ਭਰਾਵਾਂ ਵਿਚੋਂ ਫੌਜੀ ਦਾ ਨਾਂ ਨਸੀਬ ਚੰਦ, ਗਿਆਨੀ ਧਿਆਨੀ ਦਾ ਅਮਰੀਕ ਚੰਦ ਤੇ ਵਿਹਲੜ ਦਾ ਕਮਲ ਚੰਦ ਤੇ ਜਦੋਂ ਮੇਰੀ ਵਾਰੀ ਆਈ ਤਾਂ ਮੇਰਾ ਪੜ੍ਹਿਆ-ਲਿਖਿਆ ਮਾਮਾ ਕਹਿਣ ਲੱਗਾ, “ਹੁਣ ਚੰਦ ਤਾਂ ਤਿੰਨ ਚੜ੍ਹ ਗਏ ਨੇ, ਹੁਣ ਤਾਰਾ ਚੜ੍ਹਨ ਦੇ।”æææਤੇ ਉਹਨੇ ਮੇਰਾ ਨਾਂ ਫਿਰ ਅਸ਼ੋਕ ਰੱਖਿਆ। ਜਦੋਂ ਇਕ ਵਾਰ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਸਾਡੇ ਘਰ ਆਏ ਤਾਂ ਭੱਲਾ ਆਪਣੇ ਟਿੱਚਰੀ ਸੁਭਾਅ ਨਾਲ ਕਹਿਣ ਲੱਗਾ, “ਬੇਬੇ ਤੇਰਾ ਪੇਟ ਘਰੋੜੀ ਆਲਾ ਮੁੰਡਾ ਸੁੱਖ ਨਾਲ ਚੰਗਾ ਨਿਕਲਿਆ।”æææਤੇ ਮਾਂ ਮਰਨ ਤੋਂ ਪਹਿਲਾਂ ਇਹ ਗੱਲ ਚੇਤੇ ਕਰ ਕੇ ਕਈ ਵਾਰ ‘ਕੱਲੀ ਵੀ ਹੱਸ ਪੈਂਦੀ ਸੀ।
ਮਰਨ ਉਪਰੰਤ ਕਿਸੇ ਨੂੰ ਵੀ ਨਰਕਵਾਸੀ ਨਹੀਂ, ਸਵਰਗਵਾਸੀ ਹੀ ਕਿਹਾ ਜਾਂਦਾ ਹੈ। ਯਾਦਾਂ ਦੇ ਕਲੀਰੇ ਸਾਰਿਆਂ ਦੇ ਗੁੱਟਾਂ ਨਾਲ ਬੰਨ੍ਹੇ ਹੋਏ ਹਨ, ਪਰ ਦੁੱਖ ਇਸ ਗੱਲ ਦਾ ਹੈ ਕਿ ਬਹੁਤਿਆਂ ਨੇ ਖੋਲ੍ਹਣ ਦਾ ਯਤਨ ਹੀ ਨਹੀਂ ਕੀਤਾ। ਜਾਂਦੇ ਹੋਏ ਨਾਲ ਹੀ ਲੈ ਗਏ ਤੇ ਪਤਾ ਨਹੀਂ ਯਮਾਂ ਨੇ ਵੀ ਖੋਲ੍ਹੇ ਹੋਣਗੇ ਜਾਂ ਨਹੀਂ, ਪਰ ਆਪਣੀਆਂ ਯਾਦਾਂ ਦਾ ਚਰਖਾ ਫਿਰ ਕਾਲਜ ਦੇ ਦਿਨਾਂ ਦੇ ਵਿਹੜੇ ਵਿਚ ਲਿਆ ਕੇ ਡਾਹੁੰਦੇ ਆਂ।
ਸਰਕਾਰੀ ਸਕੂਲ ‘ਚੋਂ ਪੰਜਾਬੀ ਮੀਡੀਅਮ ਪੜ੍ਹ ਕੇ ਅੰਗਰੇਜ਼ੀ ਵਿਚ ਇੰਜੀਨੀਅਰਿੰਗ ਕਰਨੀ ਸਾਧਾਰਨ ਪੇਂਡੂ ਵਿਦਿਆਰਥੀ ਲਈ ਹੈ ਤਾਂ ਬਹੁਤ ਔਖਾ ਸੀ, ਪਰ ਗੱਡੀ ਰਿੜ੍ਹ ਪਈ। ਮੇਰੀਆਂ ਸੰਗੀਤਕ ਤੇ ਸਾਹਿਤਕ ਰੁਚੀਆਂ ਘਟਣ ਦੀ ਬਜਾਏ ਵਧ ਇਸ ਕਰ ਕੇ ਗਈਆਂ ਕਿ ਮੇਰੇ ਪੁੱਠੇ ਸਿੱਧੇ ਗੀਤਾਂ ਦੀ ਆਲੋਚਨਾ ਕਰ ਕੇ ਕੁਪੱਤ ਕਰਨ ਵਾਲਾ ਪ੍ਰੋæ ਅਜੀਤ ਸਿੰਘ ਹਿਰਖੀ ਮੈਨੂੰ ਲਗਦਾ ਸੀ ਕਿ ਸਿੱਧੇ ਰਾਹ ਪਾਉਣ ਤੁਰਿਆ ਹਿeਆ ਹੈ। ਉਹਨੇ ਜਦੋਂ ਕਾਲਜ ਵਿਚ ਮਿੰਨੀ ਕਹਾਣੀ ਦਰਬਾਰ ਕਰਵਾਇਆ ਤਾਂ ਮੈਂ ਦੂਜੇ ਨੰਬਰ ‘ਤੇ ਆ ਗਿਆ। ਅਸਲ ਵਿਚ ਰਾਮਗੜ੍ਹੀਏ ਕਿਸੇ ਵੀ ਖੇਤਰ ਵਿਚ ਪਹਿਲਾ ਨੰਬਰ ਕਿਸੇ ਹੋਰ ਨੂੰ ਘੱਟ ਹੀ ਦਿੰਦੇ ਸਨ ਤੇ ਜਿਹਨੂੰ ਕਹਾਣੀ ਦਾ ਲੜ-ਸਿਰਾ ਵੀ ਪਤਾ ਨਹੀਂ ਸੀ, ਉਹ ਅੱਵਲ ਆ ਗਿਆ। ਨਾਲ ਦੀ ਨਾਲ ਇਹ ਹੋਇਆ ਕਿ ‘ਪੰਜਾਬੀ ਟ੍ਰਿਬਿਊਨ’ ਨੇ ਖੇਡ ਅੰਕ ਵਿਚ ਕਾਲਮ ਸ਼ੁਰੂ ਕੀਤਾ-ਖੇਡਾਂ ਦੇ ਖੇਤਰ ਵਿਚ ਸਾਡੇ ਕਾਲਜ। ਮੈਂ ਆਪਣੇ ਇਸ ਪੌਲੀਟੈਕਨਿਕ ਕਾਲਜ ਬਾਰੇ ਵਿਸਥਾਰ ‘ਚ ਲੇਖ ਫੋਟੋਆਂ ਸਮੇਤ ਭੇਜ ਦਿੱਤਾ। ਪੰਜ ਛੇ ਫੋਟੋਆਂ ਨਾਲ ਜਦੋਂ ਇਹ ਲੇਖ ਛਪਿਆ ਤਾਂ ਪ੍ਰਿੰਸੀਪਲ, ਖਿਡਾਰੀ ਤੇ ਪ੍ਰੋਫੈਸਰ ਤਾਂ ਮੇਰੇ ਵੱਲ ਲਾਡ ਦੀਆਂ ਫਲਾਇੰਗ ਕਿੱਸਾਂ ਸੁੱਟਣ! ਮੈਂ ਪਹਿਲੇ ਡੂਢ ਕੁ ਸਾਲ ‘ਚ ਹੀ ਕਾਲਜ ‘ਚ ਸਤਿਕਾਰਿਆ ਜਾਣ ਲੱਗਾ। ਉਦੋਂ ਅਸਲ ਵਿਚ ਜਣਾ-ਖਣਾ ਲਿਖਣ ਨਹੀਂ ਲੱਗਾ ਸੀ ਤੇ ਜਦੋਂ ਕਾਲਜ ਦੇ ਸਾਲਾਨਾ ਸਮਾਗਮ ਵਿਚ ਮੇਰਾ ਮਾਣ-ਸਨਮਾਨ ਤਾਂ ਹੋਇਆ ਹੀ, ਪਰ ਜਿਨ੍ਹਾਂ ਸ਼ਬਦਾਂ ਨਾਲ ਸਨਮਾਨ ਹੋਇਆ, ਉਸ ਤੋਂ ਆਏਂ ਲਗਦਾ ਸੀ, ਜਿੱਦਾਂ ਕਿਸੇ ਪੇਂਡੂ ਦਾ ਪਰੀ ਨਾਲ ਮੁਕਲਾਵਾ ਆ ਗਿਆ ਹੋਵੇ। ਮੇਰੀ ਉਹ ਮੁਕਾਬਲੇ ਵਾਲੀ ਕਹਾਣੀ ਪੜ੍ਹ ਕੇ ਸੁਣਾਈ ਗਈ ਤੇ ‘ਪੰਜਾਬੀ ਟ੍ਰਿਬਿਊਨ’ ਦਾ ਕਾਲਜ ਦੀਆਂ ਪ੍ਰਾਪਤੀਆਂ ਵਾਲਾ ਪੰਨਾ ਸਟੇਜ ਤੋਂ ਵਿਖਾਇਆ ਗਿਆ। ਕਾਲਜ ਦੇ ਸਮੇਂ ਹੀ ਇਹ ਇੱਜ਼ਤ-ਮਾਣ ਵਾਲੀ ਮੇਰੀ ਪੱਕੇ ਰੰਗ ਵਾਲੀ ਪਹਿਲੀ ਹੋਲੀ ਸੀ।
ਪਰ ਕੁੱਤੇ ਨੂੰ ਹੱਡੀ ਦਾ ਸੁਆਦ ਫਿਰ ਵੀ ਨਹੀਂ ਸੀ ਜਾ ਰਿਹਾ। ਮੇਰੇ ਅੰਦਰ ਉਹੀ ਘੜਮੱਸ ਪਿਆ ਹੋਇਆ ਸੀ-ਕਿਹੜੀ ਘੜੀ ਦੇਵ ਥਰੀਕਿਆਂ ਵਾਲਾ ਜਾਂ ਬਾਬੂ ਸਿੰਘ ਮਾਨ ਮਰਾੜਾਂਵਾਲਾ ਬਣ ਜਾਵਾਂ। ਸਾਡੀ ਦੂਰੋਂ-ਨੇੜਿਉਂ ਰਿਸ਼ਤੇਦਾਰੀ ‘ਚੋਂ ਇਕ ਪਰਿਵਾਰ ਲੁਧਿਆਣੇ ਰਹਿੰਦਾ ਸੀ। ਗੱਲ ਉਨ੍ਹਾਂ ਤੱਕ ਚਲੇ ਗਈ ਕਿ ਜਿਹੜਾ ਪ੍ਰਕਾਸ਼ ਕੌਰ ਦਾ ਮੁੰਡਾ ਓਵਰਸੀਰੀ ਕਰਦਾ, ਉਹ ਗਾਣੇ ਵੀ ਲਿਖਦੈ। ਰਿਸ਼ਤੇਦਾਰੀ ਮੇਰੀ ਮਾਂ ਵੱਲੋਂ ਸੀ। ਉਹ ਕਿਤੇ ਪਿੰਡ ਆਏ ਤਾਂ ਮਾਂ ਨੂੰ ਕਹਿਣ ਲੱਗੇ, “ਗਾਉਣ ਆਲਾ ਧੰਨਾ ਰੰਗੀਲਾ ਸਾਡੇ ਮੁਹੱਲੇ ‘ਚ ਰਹਿੰਦੈ। ਅਸੀਂ ਉਹਤੋਂ ਗਾਣੇ ਰਿਕਾਰਡ ਕਰਵਾ ਦਿੰਦੇ ਆਂ।” ਮੇਰੀ ਮਾਂ ਪੈ ਗਈ ਟੁੱਟ ਕੇ, “ਇਹ ਜਦ ਤੱਕ ਪੜ੍ਹਦੈ, ਇਥੇ ਭਾਵੇਂ ਨਾ ਵੜਿਓ, ਇਹਨੂੰ ਕੁਛ ਬਣ ਲੈਣ ਦਿਓ। ਪੈ ਜਾਏ ਮਰਨ ਆਲੇ ਦੇ ਵੀ ਕਾਲਜੇ ਨੂੰ ਠੰਢ। ਇਹਨੂੰ ਸ਼ਹਿ ਦੇ ਕੇ ਪੁੱਠੇ ਰਾਹੇ ਨਾ ਪਾਓ। ਇਹ ਗਾਣੇ ਗੂਣੇ ਲਿਖਣੇ ਨਿਰਾ ਲੁੱਚ-ਪਹੁ ਐ।”
ਰਾਤ ਨੂੰ ਉਹ ਮੈਨੂੰ ਦੱਸ ਬੈਠੇ ਕਿ ਅਸੀਂ ਤਾਂ ਭੂਆ ਨੂੰ ਤੇਰੇ ਗਾਣਿਆਂ ਦੀ ਗੱਲ ਕਹਿ ਬੈਠੇ, ਪਰ ਉਹਨੇ ਤਾਂ ਲਾਹ ‘ਤੀ ਸਾਡੀ ਐਨ ਬਣਾ ਕੇ। ਮੈਂ ਉਨ੍ਹਾਂ ਨੂੰ ਮਨਾ ਲਿਆ ਕਿ ਕਿਸੇ ਦਿਨ ਮੈਂ ਕਾਲਜ ਤੋਂ ਸਿੱਧਾ ਆਊਂ, ਮੈਨੂੰ ਮਿਲਾ ਦਿਓ ਧੰਨਾ ਰੰਗੀਲਾ। ਦਰਅਸਲ ਉਨ੍ਹੀਂ ਦਿਨੀਂ ਰੰਗੀਲੇ ਜੱਟ (ਅਜੀਤ ਸਿੰਘ ਰੰਗੀਲੇ) ਤੇ ਸੁਰਿੰਦਰ ਕੌਰ ਦੇ ਦੋ ਗਾਣਿਆਂ ਦੀ ਬੜੀ ਚੜ੍ਹਾਈ ਸੀ-ਭਾਂਡੇ ਕਲੀ ਕਰਾ ਲਓæææਤੇ ਮੱਛਰਦਾਨੀ ਲੈ ਦੇ ਵੇ ਮੱਛਰ ਨੇ ਖਾ ਲਈ ਤੋੜ ਕੇæææਆਦਿ ਗੀਤਾਂ ਨਾਲ। ਨਿਆਣਾ ਹੋਣ ਕਰ ਕੇ ਮੈਂ ਸੋਚਦਾ ਸੀ, ਪਈ ਇਹ ਰੰਗੀਲਾ ਜੱਟ ਧੰਨੇ ਰੰਗੀਲੇ ਨੂੰ ਹੀ ਆਂਹਦੇ ਨੇ। ਮੈਨੂੰ ਲੱਗਾ ਕਿ ਇਹ ਤਾਂ ਗੱਲ ਈ ਬਣ ਗਈ। ਨਾਲੇ ਗਾਣੇ ਵੀ ਸਾਰੇ ਦੇਵ ਥਰੀਕਿਆਂ ਵਾਲੇ ਦੇ ਗਾਉਂਦੈ। ਆਪਾਂ ਤਾਂ ਦਿਨਾਂ ‘ਚ ਢਾਹ ਲੈਣੀ ਆ ਲੰਕਾ। ਦੁੱਖ ਦੀ ਗੱਲ ਇਹ ਸੀ ਕਿ ਅਖ਼ਬਾਰਾਂ ਤਾਂ ਮੇਰੇ ਸਤਿਕਾਰ ਵਿਚ ਚੁਟਕੀਆਂ ਵਜਾ ਰਹੀਆਂ ਸਨ, ਪਰ ਮੈਂ ਖੀਰ ਛੱਡ ਕੇ ਕੜੀ ‘ਚ ਮੁੰਹ ਲਬੇੜਨ ਲੱਗਾ ਹੋਇਆ ਸਾਂ। ਇਨ੍ਹਾਂ ਰਿਸ਼ਤੇਦਾਰਾਂ ਨੇ ਮੈਨੂੰ ਰੰਗੀਲੇ ਦੀ ਕਾਹਦੀ ਦੱਸ ਪਾਈ, ਮੇਰੀ ਹਾਲਤ ਤਾਂ ਇਹ ਸੀ ਜਿਵੇਂ ਸਾਹਾ ਬੰਨ੍ਹਣ ਪਿੱਛੋਂ ਬੰਦਾ ਮੁਕਲਾਵੇ ਦੀ ਉਡੀਕ ਕਰਦੈ।
ਤੀਜੇ ਦਿਨ ਮੈਂ ਲੁਧਿਆਣੇ ਚਲਾ ਗਿਆ। ਮਈ ਮਹੀਨਾ। ਆਥਣੇ ਸੱਤ ਕੁ ਵਜੇ ਪਹੁੰਚਿਆ ਕਾਲਜੋਂ ਛੁੱਟੀ ਕਰ ਕੇ। ਰਿਸ਼ਤੇਦਾਰ ਸਾਡੇ ਰਹਿੰਦੇ ਸੀ ਸਲੇਮ ਟਾਬਰੀ ਤੇ ਧੰਨਾ ਰੰਗੀਲਾ ਰਹਿੰਦਾ ਸੀ ਜੋਧੇਵਾਲ ਬਸਤੀ। ਰਿਸ਼ਤੇਦਾਰ ਆਖਣ ਲੱਗੇ, “ਸਾਡੇ ਕੋਲ ਤਾਂ ਟੈਮ ਨ੍ਹੀਂ, ਸਵੇਰ ਨੂੰ ਅਸੀਂ ਤੈਨੂੰ ਧੰਨੇ ਦੇ ਗੁਆਂਢ ‘ਚ ਵਾਕਫਕਾਰਾਂ ਦੇ ਛੱਡ ਆਉਨੇ ਆਂ, ਉਹ ਸਵੇਰੇ ਚੰਗੀ ਤਰ੍ਹਾਂ ਮਿਲਾ ਦੇਣਗੇ। ਰਾਤ ਨੂੰ ਐਵੇਂ ਗਾਉਣ ਆਲਿਆਂ ਨੇ ਖਾਧੀ-ਪੀਤੀ ਹੁੰਦੀ ਐ।”
ਦੋ ਫੁਲਕੇ ਮਸਰਾਂ ਦੀ ਦਾਲ ਨਾਲ ਛਕਾਏ। ਰਿਸ਼ਤੇਦਾਰਾਂ ਦੇ ਮੁੰਡੇ ਨੇ ਕੱਢਿਆ ਸਾਇਕਲ ਕਿ “ਚੱਲ ਤੈਨੂੰ ਛੱਡ ਆਵਾਂ।” ਸਾਈਕਲ ਨੂੰ ਪਿੱਛੇ ਕੈਰੀਅਰ ਹੀ ਹੈ ਨਾ। ਉਹਨੇ ਮੈਨੂੰ ਡੰਡੇ ‘ਤੇ ਮੂਹਰੇ ਬਿਠਾਇਆ ਅਤੇ ਗਰਮੀ ‘ਚ ਛੇ-ਸੱਤ ਮੀਲ ਸਾਈਕਲ ਚਲਾ ਕੇ ਲੈ ਆਇਆ ਬਸਤੀ ਜੋਧੇਵਾਲ। ਕਿਸੇ ਦੇ ਘਰ ਮੈਨੂੰ ਲਾਹ ਕੇ ਉਹ ਘਰਦਿਆਂ ਨੂੰ ਕਹਿਣ ਲੱਗਾ, “ਤਾਈ ਇਹ ਸਾਡਾ ਰਿਸ਼ਤੇਦਾਰ ਐ। ਗਾਣੇ ਗੂਣੇ ਲਿਖਦਾ। ਸਵੇਰੇ ਰੰਗੀਲੇ ਨੂੰ ਮਿਲਾ ਦਿਓ। ਰੋਟੀ ਇਹ ਖਾ ਕੇ ਆਇਐ।” ਉਹਨੇ ਜਿਵੇਂ ਬਲਾ ਗਲੋਂ ਲਾਹੀ ਹੁੰਦੀ ਐ। ਉਹਦੀ ਤਾਂ “ਅਹੁ ਗਿਆ ਹੋ ਗਈæææ।” ਨਾ ਮੈਂ ਕਿਸੇ ਨੂੰ ਜਾਣਾਂ, ਨਾ ਪਛਾਣਾਂ। ਘਰ ‘ਚ ਰੰਗ-ਰੁੰਗ ਤੋਂ ਪਤਾ ਲਗਦਾ ਸੀ, ਪਈ ਕਿਸੇ ਦਾ ਵਿਆਹ ਹੋ ਕੇ ਹਟਿਆ। ਦਾਜ ਦੇ ਪੀੜ੍ਹਾ ਸੋਫੇ ਉਤੇ ਮੈਂ ਹਾਲੇ ਬੈਠਾ ਹੀ ਸੀ, ਜਦ ਨੂੰ ਨਵਾਂ ਵਿਆਹਿਆ ਜੋੜਾ ਵੀ ਆ ਗਿਆ। ਵਿਆਹੁੰਦੜ ਨੇ ਮੈਨੂੰ ਓਪਰਾ ਜਿਹਾ ਬੁਲਾਇਆ। ਦੋ ਕਮਰਿਆਂ ਵਾਲਾ ਛੋਟਾ ਜਿਹਾ ਘਰ। ਛੇ ਕੁ ਫੁੱਟ ਦਾ ਵਿਹੜਾ। ਇਕ ਬੁੜ੍ਹਾ ਬੁੜ੍ਹੀ, ਇਕ ਉਨ੍ਹਾਂ ਦੀ ਵਿਆਹੁਣ ਆਲੀ ਧੀ ਲਗਦੀ ਸੀ, ਤੇ ਵਿਆਹ ਆਲਾ ਪਤਾ ਲੱਗਾ, ਦੁਬਈ ਤੋਂ ਆਇਆ ਸੀ। ਉਸ ਵਿਹੜੇ ‘ਚ ਬੈਠੀ ਮਾਂ ਨੂੰ ਪੁੱਛਿਆ। ਇਹ ਕੌਣ ਆ? ਬੋਲੀ ਤਾਂ ਵਿਚਾਰੀ ਹੌਲੀ ਜਿਹੀ, ਪਰ ਮੈਨੂੰ ਸੁਣ ਗਿਆ। ਕਹਿਣ ਲੱਗੀ, “ਰੇਸ਼ਮ ਛੱਡ ਗਿਆ, ਸ਼ਿੰਗਾਰੇ ਦਾ ਮੁੰਡਾ ਇਹ ਬਲਾ। ਅਖੇ ਗਾਣੇ ਲਿਖਦਾ, ਰੰਗੀਲੇ ਨੂੰ ਮਿਲਾ ਦਿਓ ਸ਼ਰਾਬੀ ਜਿਹੇ ਨੂੰ। ਕੀ ਕਰੀਏ, ਇਹਨੂੰ ਡਿਓੜੀ ‘ਚ ਨਿੱਕੀ ਮੰਜੀ ਡਾਹ ਦੇਨੇ ਆਂ।”
ਮੈਂ ਮੱਥੇ ‘ਤੇ ਹੱਥ ਮਾਰਿਆ, “ਲੱਖ ਲਾਹਣਤ ਇੱਦਾਂ ਦੇ ਗੀਤ ਲਿਖਣ ਦੇ! ਏਦੂੰ ਤਾਂ ਮਰਨਾ ਚੰਗਾ।” ਮੈਂ ਸਮਝ ਗਿਆ ਸੀ ਕਿ ਮੈਂ ਇਸ ਜੋੜੇ ਦੇ ਵਿਆਹ ‘ਚ ਅੜਿੱਕਾ ਪਾ’ਤਾ। ਖ਼ੈਰ! ਲਾਈਨਾਂ ਆਲੀ ਦਰੀ ਵਿਛਾ’ਤੀ ਉਨ੍ਹਾਂ ਡਿਓੜੀ ‘ਚ ਮੰਜੀ ਡਾਹ ਕੇ। ਪੱਖੇ ਛੱਤ ਆਲੇ ਈ ਲਗਦੇ ਸਨ ਤੇ ਉਸ ਰਾਤ ਦੀ ਕਹਾਣੀ ਪੁੱਛੋ ਨਾ। ਮੁਕਲਾਵੇ ਆਲਾ ਤਾਂ ਨਾਲ ਦੇ ਕਮਰੇ ‘ਚੋਂ ਦੋ ਕੁ ਵਾਰ ਆਨੇ-ਬਹਾਨੇ ਨਾਲ ਪੁੱਛ ਗਿਆ, ਪਈ ਜੁਆਨਾ ਕਿੱਦਾਂ ਸੌਂ ਗਿਐ? ਇਕ ਵਾਰ ਤਾਂ ਮੈਂ ਬੋਲ ਪਿਆ, ਪਰ ਫਿਰ ਚੁੱਪ ਈ ਭਲੀ ਸਮਝੀ। ਅਤਿ ਦੀ ਗਰਮੀ, ਨਾ ਪੱਖਾ ਨਾ ਪੱਖੀ। ਲੁਧਿਆਣੇ ਦੇ ਮੱਛਰਿਉ ਮੱਛਰਾਂ ਨੇ ਉਹ ਖਾਧਾ ਸਾਰੀ ਰਾਤ ਨਕਲੀ ਦੇਵ ਥਰੀਕਿਆਂ ਵਾਲਾ ਕਿ ਪੁੱਛੋ ਨਾ। ਭੇਡ ਜਿੱਦਾਂ ਹੱਡਾ ਰੋੜੀ ‘ਚ ਫਸ ਗਈ ਹੁੰਦੀ ਐ, ਉਦਣ ਪਹਿਲੀ ਵਾਰ ਸੋਚਿਆ, “ਛੱਡ ਦਿਆਂ ਇਹ ਕੁੱਤਖਾਨਾ।”
ਨਵੀਂ ਵਿਆਹੀ ਜਦੋਂ ਉਠ ਕੇ ਪਿਛਲੇ ਕਮਰੇ ‘ਚ ਪਈ, ਮੈਂ ਵੀ ਨਲਕੇ ‘ਤੇ ਮੂੰਹ ਧੋ ਕੇ ਬੈਠ ਗਿਆ। ਪੈਂਟ ਤਾਂ ਖੋਲ੍ਹੀ ਈ ਨ੍ਹੀਂ ਸੀ, ਕਮੀਜ਼ ਸਿਰਹਾਣਿਉਂ ਚੁੱਕ ਕੇ ਪਾ ਲਈ। ਘੰਟੇ ਕੁ ਪਿੱਛੋਂ ਪਲੇਟ ‘ਚ ਥੋੜ੍ਹੀ ਜਿਹੀ ਬੂੰਦੀ ਤੇ ਮੋਟੀ ਜਿਹੀ ਸੀਰਨੀ ਤੇ ਨਾਲ ਸਟੀਲ ਦੇ ਗਲਾਸ ‘ਚ ਚਾਹ ਆ ਗਈ। ਬੂੰਦੀ ਸੀਰਨੀ ਖਾ ਤਾਂ ਲਈ, ਪਰ ਲਗਦਾ ਇੱਦਾਂ ਸੀ ਜਿਵੇਂ ਮਲੇਰੀਏ ਡਰੋਂ ਕੁਨੈਣ ਖਾ ਰਿਹਾ ਹੋਵਾਂ।
“ਚੱਲ ਪਈ ਜੁਆਨਾ ਤੈਨੂੰ ਧੰਨੇ ਤੁੰ ਮਿਲਾ ਲਿਆਵਾਂ।” ਉਸ ਘਰ ਦਾ ਬਜ਼ੁਰਗ ਕਹਿਣ ਲੱਗਾ। ਜਿਵੇਂ ਮਾਰ ਕੇ ਪੁੱਛ ਰਿਹਾ ਹੋਵੇ, ਸੱਟ ਤਾਂ ਨ੍ਹੀਂ ਲੱਗੀ।
ਉਧਰ ਧੰਨਾ ਸਵੇਰੇ ਈ ਸੂਟਡ-ਬੂਟਡ ਹੋ ਕੇ ਬੈਠਾ; ਫੌਜਾਂ ਤਿਆਰ-ਬਰ-ਤਿਆਰ। ਸਤਿ ਸ੍ਰੀ ਅਕਾਲ ਬੁਲਾ ਕੇ ਮੈਂ ਬੈਠ ਗਿਆ, ਪਰ ਉਸ ਬਜ਼ੁਰਗ ਨੇ ਮੇਰੀ ਜਿਹੜੀ ਸਿਫਾਰਸ਼ ਕੀਤੀ, ਉਹ ਸੁਣ ਲਵੋ: ਆਂਹਦਾ “ਸਾਡੇ ਯਾਰ ਰਾਤ ਦਾ ਇਹ ਬੰਦਾ ਆਇਆ ਹੋਇਆ ਸੀ, ਹੈ ਤਾਂ ਪਤਾ ਨ੍ਹੀਂ ਕਿੱਥੋਂæææਊਂ ਕਹਿੰਦੇ ਗਾਣੇ ਲਿਖਦਾ। ਸੁਣ ਲਓ ਇਹਦੀ ਵੀæææ।” ਤੇ ਉਹ ਦਰਵਾਜਿਓਂ ਹੀ ਮੁੜ ਗਿਆ, ਜਿਵੇਂ ਸਪੋਲੀਆ ਗਲੋਂ ਲਹਿ ਗਿਆ ਹੋਵੇ।
ਧੰਨਾ ਬਾਅਦ ‘ਚ ਤਾਂ ਭਾਵੇਂ ਵੀਹ ਕੁ ਸਾਲ ਮੈਨੂੰ ਦੋਵੇਂ ਹੱਥ ਜੋੜ ਕੇ ਬੁਲਾਉਂਦਾ ਰਿਹਾ ਹੋਵੇ, ਪਰ ਉਸ ਦਿਨ ਹਾਲਾਤ ਚੱਕੀ ਰਾਹੇ ਤੋਂ ਵੀ ਬਦਤਰ ਸੀ।
“ਗਾਣੇ ਲਿਖਦਾ ਹੁੰਨਾਂ?”
“ਹਾਂ ਜੀ।”
“ਹੋਰ ਕੀ ਕਰਦੈਂæææ?”
“ਫਗਵਾੜੇ ਇੰਜੀਨੀਅਰਿੰਗ ਕਰਦਾਂ।”
“ਆਹ ਫਿਰ ਕਿਹੜਾ ਪੁੱਠਾ ਕੰਮ ਕਰਨ ਡਿਹੈਂ?”
ਚਾਹ ਕੁ ਜਮਾਤਾਂ ਪਾਸ ਰੰਗੀਲਾ ਮੈਨੂੰ ਟਿੱਚ ਸਮਝ ਰਿਹਾ ਸੀ।
ਉਹਨੇ ਅੱਗੇ ਸੁਆਲ ਕੀਤਾ, “ਸੁਣਾ ਫੇ ਕੋਈ ਗੀਤ। ਊਂ ਤੂੰ ਮੇਰਾ ਪਹਿਲਾਂ ਗੀਤ ਕੋਈ ਸੁਣਿਐਂ?”
“ਬੜੇ ਸੁਣੇ ਆਂ ਸੁਰਿੰਦਰ ਕੌਰ ਨਾਲ਼ææਇੰਜ ਬੀਤੀ ਮੁਕਲਾਵੇ ਰਾਤæææਮੱਛਰਦਾਨੀæææਭਾਂਡੇæææ।” ਪਰ ਉਹਨੇ ਪੇ ਦੇ ਪੁੱਤ ਨੇ ਨ੍ਹੀਂ ਦੱਸਿਆ ਕਿ ਉਹ ਰੰਗੀਲਾ ਜੱਟ ਨ੍ਹੀਂ, ਧੰਨ ਰੰਗੀਲਾ ਆ!
ਜਿਹਦਾ ਮੈਨੂੰ ਸਾਲ ਪਿੱਛੋਂ ਪਤਾ ਲੱਗਾ ਕਿ ਇਹਨੇ ਤਾਂ ਇਕ ਗੀਤ ਪਰਮਿੰਦਰ ਸੰਧੁ ਨਾਲ ਹੀ ਗਾ ਕੇ ਖੱਟੀ ਖੱਟੀ ਐ,
ਮੂਹਰੇ ਤੇਰੀ ਫੀਅਟ
ਪਿੱਛੇ ਧੰਨੇ ਦਾ ਟਰੱਕ ਨੀ,
ਰਗੜ ਦਊਂ ਤੇਰੀ ਸਾਬਣਦਾਨੀ
ਤੋੜ ਦਊੁਂਗਾ ਲੱਕ ਨੀæææ।
ਅੱਗੇ ਆਖਣ ਲੱਗਾ, “ਚੱਲ ਕੱਢ, ਕੋਈ ਗੀਤ ਸੁਣਾ।”
ਜਦੋਂ ਮੈਂ ਪਹਿਲਾ ਗੀਤ ਸੁਣਾਇਆ ਤਾਂ ਉਹਨੂੰ ਆਏਂ ਲੱਗਾ, ਬੰਦਾ ਕੰਮ ਦਾ ਐ। ਗੀਤ ਸੀ,
ਮੁੜਦਾ ਨਾ ਛੇਤੀ
ਜਦੋਂ ਚਲਦਾ ਇੰਦੌਰ ਨੂੰ,
ਕਲੀਆਂ ਦੀ ਸਾਰ
ਭੁੱਲ ਜਾਂਦੀ ਫੇਰ ਭੌਰ ਨੂੰ।
ਤੜਫਾਉਂਦੀ ਰਹਿੰਦੀ ਉਹ ਵਿਛੋੜੇ ਵਾਲੀ ਯਾਦ
ਤੇਰੇ ਪਿਆਰ ਨੂੰ ਆਹਾਂ ਦੇ ਵਿਚ ਧੋ ਗਈ,
ਤੇਰਿਆਂ ਗਮਾਂ ਦੇ ਵਿਚ ਜਿੰਦ ਰੋਲ ਕੇ
ਵੇ ਜੱਟੀ ਸੁੱਕ ਕੇ ਤਬੀਤ ਜੱਟਾ ਹੋ ਗਈ।
ਇਹ ਟਰੱਕਾਂ ਵਾਲਾ ਦੋ-ਗਾਣਾ ਸੁਣ ਕੇ ਪੁੱਛਣ ਲੱਗਾ, “ਪੈਸੇ ਕਿੰਨੇ ਆ ਤੇਰੇ ਕੋਲ?”
“ਸੌ ਕੁ ਐ।”
“ਤੈਨੂੰ ਪਤਾ ਪੰਦਰਾਂ ਰੁਪਏ ਪੱਚੀ ਪੈਸੇ ਇਕ ਗੀਤ ਪਾਸ ਕਰਾਉਣ ਲਈ ਲਗਦੇ ਆ। ਛੇ ਗੀਤ ਦੇ ਜਾ ਤੇ ਸੌ ਰੁਪਿਆ।”
ਮੈਂ ਬਿੰਦ ਨ੍ਹੀਂ ਲਾਇਆ। ਮੈਨੂੰ ਲੱਗਾ ਜਿਵੇਂ ਭਿਖਾਰੀ ਨੂੰ ਖ਼ਜ਼ਾਨੇ ਦੀ ਚਾਬੀ ਲੱਭ ਗਈ ਹੋਵੇ। ਇਹ ਨ੍ਹੀਂ ਪਤਾ ਸੀ ਕਿ ਘਰਦਿਆਂ ਨੇ ਤਾਂ ਕਿਤਾਬਾਂ ਨੂੰ ਪੈਸੇ ਦਿੱਤੇ ਸਨ ਤੇ ਜੇਬ ਚੋਰਾਂ ਨੇ ਹਰ ਲਈ।
ਮੁੜਦੀ ਵਾਰੀ ਜੋਧੇਵਾਲ ਚੌਕ ਨੂੰ ਬੱਸ ਫੜਨ ਲਈ ਆ ਰਿਹਾ ਸਾਂ ਕਿ ਖੱਬੇ ਹੱਥ ਦੁਕਾਨਾਂ ‘ਤੇ ਲਿਖਿਆ ਸੀ “ਗੁਲਾਮ ਪ੍ਰਾਪਟੀ ਡੀਲਰæææਪ੍ਰੋæ ਕਾਸ਼ੀ ਰਾਮ ਗੁਲਾਮ।” ਮੈਂ ਕਿਹਾ, ਇਹ ਤਾਂ ਉਹੀ ਗੁਲਾਮ ਹੈ ਜਿਹਦੇ ਗੀਤ ਜਗਮੋਹਣ ਕੌਰ ਨੇ ਗਾਏ ਸਨ, “ਨੀ ਭਾਬੀ ਨੱਚਣ ਵਾਲੀਏæææ” ਅਤੇ “ਸੁੱਤੀ ਨਾ ਜਗਾਈਂ ਨਣਦੇ, ਰਾਤੀ ਨੱਚਦੀ ਨੂੰ ਹੋ ਗਿਆ ਥਕੇਂਵਾਂ।”
ਬੜੇ ਵਿਸ਼ਵਾਸ ਨਾਲ ਅੰਦਰ ਜਾ ਵੜਿਆ। ਦੱਸਿਆ-ਗੀਤਕਾਰ ਆਂ, ਧੰਨੇ ਨੂੰ ਸੌ ਰੁਪਿਆ ਸਰਕਾਰ ਤੋਂ ਗੀਤ ਪਾਸ ਕਰਾ ਕੇ ਨਾਲ ਗੀਤ ਵੀ ਦੇ ਕੇ ਆਇਆਂ।
ਉਹ ਹੱਸ ਪਏ। ਉਦੋਂ ਤਾਂ ਨ੍ਹੀਂ ਲੱਗਿਆ ਕਿ ਸੋਚਦੇ ਸੀ, ਬਾਂਦਰ ਖਿੱਲਾਂਵਾਲਾ ਈ ਐ। ਹੁਣ ਚੇਤੇ ਆਉਂਦੈ।
ਕਾਂਸ਼ੀ ਰਾਮ ਕਹਿਣ ਲੱਗਾ, ਪਹਿਲਾਂ ਗੀਤਾਂ ‘ਤੇ ਸਾਈਨ ਮੇਰੇ ਹੋਣੇ ਆਂ, ਫੇਰ ਪਾਸ ਹੋਣਗੇ। ਚੰਗਾ ਹੋਇਆ ਤੂੰ ਸਾਡੇ ਕੋਲ ਵੀ ਆ ਗਿਆ। ਜਾਹ ਭੱਜ ਕੇ ਪਹਿਲਾਂ ਠੇਕੇ ਤੋਂ ਸ਼ੀਸ਼ੀ ਫੜ ਕੇ ਲਿਆ ਪਾਨ ਲੈਚੀ ਦੀ। ਠੇਕੇ ਆਲੇ ਨੂੰ ਦੱਸੀਂ, ਗੁਲਾਮ ਨੇ ਭੇਜਿਆ। ਫਟੇ ਜਿਹੇ ਬਟੂਏ ਦੀ ਤਹਿ ‘ਚੋਂ ਸੌ ਦਾ ਦੂਜਾ ਨੋਟ ਕੱਢਿਆ। ਠੇਕੇ ਆਲੇ ਨੂੰ ਗੁਲਾਮ ਦਾ ਨਾਂ ਦੱਸਿਆ। ਆਉਂਦੀ ਤਾਂ ਅਠਾਰਾਂ ਦੀ ਸੀ ਪਾਨ ਲੈਚੀ, ਪਰ ਉਹਨੇ ਕੱਟੇ ਚਾਲੀ। ਦੋ ਦਿਨਾਂ ਦਾ ਉਹਨੇ ਗਰੀਬ ਸਿਰੋਂ ਪ੍ਰਬੰਧ ਕਰ ਲਿਆ ਸੀ।
ਬੱਸ ‘ਚ ਬੈਠੇ ਨੂੰ ਉਦੋਂ ਇਹ ਨ੍ਹੀਂ ਸਮਝ ਪਈ ਸੀ ਕਿ ਕੁਝ ਖੱਟ ਕੇ ਲਿਆਇਆਂ ਕਿ ਲੁਟਾ ਕੇ ਆਇਆਂ?
ਅਸਲ ਵਿਚ ਮੈਨੂੰ ਵਹਿਮ ਹੋ ਗਿਆ ਸੀ ਕਿ ਬੋਹੜ ਗਮਲੇ ਵਿਚ ਉਗ ਕੇ ਵੀ ਦਰਖ਼ਤ ਬਣ ਜਾਂਦਾ ਹੈ। ਫਿਰ ਭਾਵੇਂ ਮੈਂ ਵੀਹ ਸਾਲ ਕਿਤਾਬਾਂ ਛਪਵਾਉਣ ਦਾ ਨਾਂ ਨਹੀਂ ਲਿਆ, ਪਰ ਉਦੋਂ ਮੈਂ ਭਾਈ ਚਤਰ ਸਿੰਘ ਐਂਡ ਕੰਪਨੀ ਨੂੰ ਚਿੱਠੀ ਲਿਖ ਦਿੱਤੀ ਸੀ ਕਿ ਮੇਰੇ ਗੀਤਾਂ ਦੀ ਕਿਤਾਬ ਛਾਪੋ।
ਮੇਰੀ ਕਿਸਮਤ ਦੀ ਢਿੱਲੀ ਮੰਜੀ ਨੂੰ ਦੋ ਮਿਸਤਰੀ ਇਕੋ ਵੇਲੇ ਠੋਕਣ ਲੱਗ ਪਏ ਸਨ।
ਹੇਠਲੀ ਚਿੱਠੀ ਭਾਈ ਚਤਰ ਸਿੰਘ ਜੀਵਨ ਸਿੰਘ ਹੋਰਾਂ ਤੋਂ ਵੱਖ ਹੋਏ ਤੇਜਿੰਦਰ ਗਰੋਵਰ ਦੀ ਹੈ। 1981 ਵਿਚ ਮੇਰੇ ਖਤ ਦੇ ਜਵਾਬ ਵਿਚ ਜੋ ਉਹਨੇ ਲਿਖਿਆ, ਇਹ ਪਤਾ ਨ੍ਹੀਂ ਹੱਲਾਸ਼ੇਰੀ ਸੀ ਕਿ ਇਸ ਕਸੂਤੇ ਰਾਹ ‘ਚੋਂ ਹਟ ਜਾਣ ਦਾ ਸੁਝਾਅ।
ਅਸ਼ੋਕ ਭੌਰਾ ਜੀ,
ਨਮਸਕਾਰ!
ਆਪ ਜੀ ਦੀ ਚਿੱਠੀ ਮਿਲੀ ਜਿਸ ਤੋਂ ਪਤਾ ਲੱਗਾ ਕਿ ਆਪ ਜੀ ਨੇ ਕਾਫੀ ਕਲੀਆਂ ਤੇ ਗੀਤ ਲਿਖੇ ਹਨ ਤੇ ਕਿਤਾਬੀ ਰੂਪ ਵਿਚ ਜੋ ਅਜੇ ਨਹੀਂ ਛਪੇ। ਉਤਰ ਵਜੋਂ ਲਿਖ ਰਿਹਾ ਹਾਂ ਕਿ ਆਪ ਜੀ ਆਪਣੇ ਗੀਤਾਂ ਨੂੰ ਕਿਤਾਬੀ ਰੂਪ ਦੇਣ ਤੋਂ ਪਹਿਲਾਂ ਇਨ੍ਹਾਂ ਗੀਤਾਂ ਨੂੰ ਚੰਗੇ ਚੰਗੇ ਆਰਟਿਸਟਾਂ ਦੀ ਆਵਾਜ਼ ਵਿਚ ਰੀਕਾਰਡ ਕਰਵਾਓ। ਰੀਕਾਰਡ ਹੋਇਆ ਗੀਤ ਜਦ ਮਾਰਕੀਟ ਵਿਚ ਵੱਜੇਗਾ ਤਾਂ ਸਾਰੀ ਦੁਨੀਆਂ ਆਪ ਜੀ ਦੇ ਲਿਖੇ ਗੀਤ ਤੋਂ ਜਾਣੂ ਹੋ ਜਾਵੇਗੀ ਅਤੇ ਉਹ ਆਪ ਜੀ ਦੇ ਗੀਤਾਂ ਦੀ ਕਿਤਾਬ ਦੀ ਵੀ ਮੰਗ ਕਰੇਗੀ ਜਿਸ ਦੇ ਛਾਪਣ ‘ਤੇ ਉਹ ਵਿਕ ਵੀ ਜਾਵੇਗੀ।
ਰੀਕਾਡਿੰਗ ਕਰਾਉਣ ਲਈ ਆਪ ਜੀ ਲੁਧਿਆਣੇ ਦੇ ਚੰਗੇ ਚੰਗੇ ਆਰਟਿਸਟਾਂ ਜਿਵੇਂ ਕੁਲਦੀਪ ਮਾਣਕ, ਮੁਹੰਮਦ ਸਦੀਕ, ਕਰਤਾਰ ਰਮਲਾ ਆਦਿ ਨੂੰ ਮਿਲੋ ਅਤੇ ਆਪਣੇ ਲਿਖੇ ਗੀਤ ਉਨ੍ਹਾਂ ਨੂੰ ਦਿਖਾਓ। ਉਹ ਤੁਹਾਡੀ ਲਿਖਤ ਦੇਖਣ ਉਪਰੰਤ ਆਪ ਜੀ ਨੂੰ ਦੱਸਣਗੇ ਕਿ ਤੁਹਾਡੀ ਲਿਖਤ ਵਿਚ ਫਲਾਣੀ ਕਮੀ ਪੇਸ਼ੀ ਹੈ। ਜੇ ਆਪ ਜੀ ਦੀ ਲਿਖਤ ਉਚ ਪੱਧਰ ਦੀ ਹੋਈ ਤਾਂ ਉਹ ਆਪ ਜੀ ਦੇ ਗੀਤਾਂ ਨੂੰ ਰੀਕਾਰਡ ਵੀ ਕਰਵਾ ਦੇਣਗੇ।
ਸੋ, ਜੇ ਆਪ ਜੀ ਨੇ ਚੰਗੇ ਰੂਪ ਵਿਚ ਮਾਰਕੀਟ ਵਿਚ ਆਉਣਾ ਹੈ ਤਾਂ ਪਹਿਲਾਂ ਆਪ ਜੀ ਆਪਣਾ ਲਿਖਿਆ ਮੈਟਰ ਵੱਧ ਤੋਂ ਵੱਧ ਰੀਕਾਰਡ ਚੰਗੇ ਚੰਗੇ ਆਰਟਿਸਟਾਂ ਨੂੰ ਮਿਲ ਕੇ ਕਰਵਾਵੋ। ਇਹੀ ਮੇਰੀ ਨਿੱਜੀ ਰਾਏ ਹੈ। ਮੇਰੇ ਲਾਇਕ ਕੋਈ ਹੋਰ ਸੇਵਾ ਹੋਵੇ ਤਾਂ ਲਿਖਨਾ ਜੀ।
ਆਪ ਜੀ ਦਾ
ਤੇਜਿੰਦਰ ਸਿੰਘ
8/8/81

Be the first to comment

Leave a Reply

Your email address will not be published.