ਬਦਲਦਾ ਪਿੰਡ ਸਭਿਆਚਾਰ

ਪਿੰਡਾਂ ਦੀਆਂ ਸੱਥਾਂ ਦੀ ਦਿੱਖ ਅਤੇ ਵਰਤਾਰਾ ਵੀ ਬਦਲ ਗਿਆ ਹੈ। ਬਹੁਗਿਣਤੀ ਪਿੰਡਾਂ ਵਿਚ ਸੱਥ ਨੂੰ ਬਣਾ ਸੰਵਾਰ ਕੇ ਨਵਾਂ ਰੂਪ ਬਖਸ਼ਿਆ ਗਿਆ ਹੈ। ਰੁੱਖਾਂ ਦੇ ਤਣਿਆਂ ਤੋਂ ਬਣੇ ਖੁੰਢਾਂ ਦੀ ਥਾਂ ਸੀਮਿੰਟ ਦੇ ਪੱਕੇ ਬੈਂਚ ਜਾਂ ਆਧੁਨਿਕ ਕੁਰਸੀਆਂ ਜਾਂ ਲੋਹੇ ਦੇ ਬੈਂਚ ਸਜ ਗਏ ਹਨ।

ਸੁਰਿੰਦਰ ਗਿੱਲ
ਫੋਨ: +91-99154-73505

ਸਮੇਂ ਦੀ ਤੋਰ ਤੋਂ ਹਰ ਕੋਈ ਪ੍ਰਭਾਵਿਤ ਹੁੰਦਾ ਹੈ। ਹਰ ਸੰਸਥਾ, ਹਰ ਸਮਾਜ ਅਤੇ ਹਰ ਵਸਤੂ ਇਸ ਤੋਂ ਪ੍ਰਭਾਵਿਤ ਹੁੰਦਿਆਂ ਆਪਣਾ ਰੰਗ, ਢੰਗ ਅਤੇ ਰੂਪ ਬਦਲਦੇ ਰਹਿੰਦੇ ਹਨ। ਪੁਰਾਣੇ ਰੰਗ-ਢੰਗ ਫਿੱਕੇ ਪੈ ਜਾਂਦੇ ਹਨ। ਪੁਰਾਣੀ ਵਿਚਾਰਧਾਰਾ ਨਵੇਂ ਮਾਪਦੰਡਾਂ ਅਤੇ ਸਿਧਾਂਤਾਂ ਵਿਚ ਬਦਲਦੀ ਰਹਿੰਦੀ ਹੈ।
ਅੱਜ ਇੱਕੀਵੀਂ ਸਦੀ ਵਿਚ ਪੁੱਜ ਕੇ ਪੰਜਾਬ ਦੇ ਪਿੰਡ ਅਤੇ ਪਿੰਡਾਂ ਦਾ ਜੀਵਨ ਢੰਗ ਵੀ ਉਹ ਨਹੀਂ ਰਿਹਾ ਜੋ ਅੱਜ ਤੋਂ ਚਾਰ ਪੰਜ ਦਹਾਕੇ ਪਹਿਲਾਂ ਸੀ। ਸਾਡੇ ਪਿੰਡਾਂ ਦੀ ਦਿੱਖ, ਕਾਰ-ਵਿਹਾਰ, ਰਹਿਣ-ਸਹਿਣ ਢੰਗ, ਵਰਤੋਂ ਵਿਹਾਰ ਅਤੇ ਭਾਈਚਾਰਾ ਹੋਰ ਦਾ ਹੋਰ ਹੋ ਗਿਆ ਹੈ। ਕੁਝ ਕੁ ਅਤਿ ਗਰੀਬ ਅਤੇ ਆਰਥਿਕ ਤੰਗੀ-ਤੁਰਸ਼ੀ ਦਾ ਸ਼ਿਕਾਰ ਘਰਾਂ ਦਾ ਰਹਿਣ-ਸਹਿਣ ਭਾਵੇਂ ਪੁਰਾਣੇ ਢੰਗ ਦਾ ਹੋਵੇ, ਪਰ ਸਮੁੱਚੇ ਰੂਪ ਵਿਚ ਪੰਜਾਬ ਦੇ ਪਿੰਡਾਂ ਵਿਚ ਵਿਕਾਸ, ਨਵੀਨਤਾ ਅਤੇ ਖੁਸ਼ਹਾਲ ਜੀਵਨ ਦੀ ਝਲਕ ਦਿਸਦੀ ਹੈ।
ਦੋ-ਤਿੰਨ ਦਹਾਕੇ ਪਹਿਲਾਂ ਪਰਦੇਸ ਗਿਆ ਕੋਈ ਵਿਅਕਤੀ, ਜਿਸ ਨੇ ਪਿੰਡੋਂ ਤੁਰਨ ਵੇਲੇ ਦਾ ਆਪਣੇ ਪਿੰਡ, ਪਿੰਡ ਦੀਆਂ ਸੱਥਾਂ, ਪਿੰਡ ਵਸਦੇ ਮਿੱਤਰਾਂ, ਗੁਆਂਢੀਆਂ, ਹਾਲੀਆਂ, ਪਾਲੀਆਂ ਅਤੇ ਬਜ਼ੁਰਗਾਂ ਦਾ ਪੁਰਾਣਾ ਤੇ ਰੁਮਾਨੀ ਬਿੰਬ ਅਜੇ ਵੀ ਆਪਣੇ ਦਿਲ ਵਿਚ ਸਾਂਭ-ਸਾਂਭ ਰੱਖਿਆ ਹੋਵੇ, ਜਦੋਂ ਕਦੇ ਵਾਪਸ ਆਪਣੇ ਦੇਸ਼ ਅਤੇ ਆਪਣੇ ਪਿੰਡ ਪਰਤਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ। ਹੈਰਾਨ ਹੀ ਨਹੀਂ ਹੁੰਦਾ, ਉਦਾਸ ਹੋ ਜਾਂਦਾ ਹੈ।
ਵਰ੍ਹਿਆਂ ਪਿੱਛੋਂ ਆਪਣੇ ਪਿੰਡ ਪਰਤੇ ਉਸ ਪਰਵਾਸ ਨੂੰ ਆਪਣੇ ਪਿੰਡ ਦੀ ਸਿਆਣ ਨਹੀਂ ਆਉਂਦੀ। ਪਿੰਡ ਦਾ ਸਮੁੱਚਾ ਰੰਗ-ਢੰਗ ਬਦਲਿਆ ਅਤੇ ਓਪਰਾ ਜਾਪਦਾ ਹੈ। ਸਾਫ਼-ਸੁਥਰਾ, ਸੁੰਦਰ, ਨਵਾਂ-ਨਵਾਂ ਪਰ ਨੀਰਸ ਜਿਹਾ ਤੇ ਫਿੱਕਾ-ਫਿੱਕਾ। ਕਾਗਜ਼ੀ ਫੁੱਲਾਂ ਵਰਗਾ। ਨਾ ਜਿੰਦ ਨਾ ਜਾਨ। ਨਾ ਕੋਈ ਸੁਗੰਧ, ਨਾ ਸਮੀਰ। ਪਿੰਡ ਦੇ ਲੋਕ ਵੀ ਬੇਪਛਾਣੇ, ਓਪਰੇ-ਓਪਰੇ। ਪਛਾਣ ਵੀ ਲਵੇ ਤਾਂ ਕਿਸੇ ਵਿਚ ਉਹ ਪੁਰਾਣਾ ਪਿਆਰ, ਉਹ ਮੋਹ, ਉਹ ਖਿੱਚ, ਉਹ ਅਪਣੱਤ ਨਹੀਂ ਹੈ। ਨਵੀਂ ਪੀੜ੍ਹੀ ਦੀ ਤਾਂ ਗੱਲ ਹੀ ਕੀ ਕਰਨੀ!
ਆਪਣੇ ਦੇਸ਼, ਆਪਣੇ ਪਿੰਡ, ਆਪਣੀ ਮਿੱਟੀ ਦਾ ਮੋਹ ਕਰ ਕੇ ਬਾਹਰੋਂ ਆਏ ਪਰਵਾਸੀ ਦਾ ਸੁਪਨਾ ਚਕਨਾਚੂਰ ਹੋ ਜਾਂਦਾ ਹੈ। ਵਰ੍ਹਿਆਂਬੱਧੀ ਮਨ ਵਿਚ ਪਾਲਿਆ, ਜਿਉਂਦਾ ਰੱਖਿਆ ਯਾਦਾਂ ਦਾ ਰੰਗਲਾ ਬਿੰਬ ਟੁਕੜੇ-ਟੁਕੜੇ ਹੋ ਜਾਂਦਾ ਹੈ। ਨਿਰਾਸ਼ਾ ਤੇ ਪਛਤਾਵੇ ਦੇ ਤਿੱਖੇ ਕੰਕਰ ਮਨ ਵਿਚ ਚੁਭਣ ਲੱਗਦੇ ਹਨ।
ਇਹ ਦੁਖਾਂਤ ਕਿਸੇ ਪਰਵਾਸੀ ਪੰਜਾਬੀ ਦਾ ਹੀ ਨਹੀਂ ਸਗੋਂ ਹਰ ਸੰਵੇਦਨਸ਼ੀਲ ਪੰਜਾਬੀ ਦੀ ਕਹਾਣੀ ਹੈ। ਇਕ ਕੌੜਾ-ਕੁਸੈਲਾ ਸੱਚ ਹੈ। ਪੰਜਾਬ ਦੇ ਪਿੰਡ “ਉਹ ਨਹੀਂ ਰਹਿਗੇ ਜੀ… ਹੋਰ ਕੁਛ ਹੋ ਗੇ…।”
ਅਜੋਕੇ ਪੰਜਾਬ ਦੇ ਪਿੰਡਾਂ ਦੇ ਜ਼ਿਆਦਾਤਰ ਵਾਸੀਆਂ ਵਿਚ ਨਾ ਪਹਿਲਾਂ ਵਾਂਗ ਮੋਹ, ਪਿਆਰ ਤੇ ਸਾਂਝ ਦੀਆਂ ਤੰਦਾਂ ਹਨ, ਨਾ ਭਾਵੁਕ ਤੇ ਜਜ਼ਬਾਤੀ ਰਿਸ਼ਤੇ-ਨਾਤੇ ਅਤੇ ਨਾ ਕੋਈ ਦਰਦ ਦਾ ਰਿਸ਼ਤਾ। ‘ਭਾਈਚਾਰਾ’ ਸ਼ਬਦ ਅਜੋਕੇ ਪੰਜਾਬ ਦੇ ਸ਼ਬਦਕੋਸ਼ ਵਿਚੋਂ ਗਾਇਬ ਹੈ ਅਤੇ ਭਾਈਚਾਰਕ ਸਬੰਧਾਂ ਦੀ ਤਾਂ ਹੋਂਦ ਹੀ ਗਵਾਚ ਗਈ ਹੈ। ਪਿੰਡ, ਪੰਚਾਇਤ ਜਾਂ ਸਮਾਜ ਤਾਂ ਦੂਰ ਦੀ ਗੱਲ ਹੈ, ਇਕੋ-ਇਕ ਪਿੰਡ ਵਿਚ ਵਸਦੇ ਲੋਕਾਂ ਦੀਆਂ ਪਰਸਪਰ ਪਰਿਵਾਰਕ ਸਾਂਝਾਂ ਵੀ ਮਰ-ਮੁੱਕ ਰਹੀਆਂ ਹਨ।
ਕਈ ਪਰਿਵਾਰ ਤਾਂ ਅਜਿਹੇ ਹਨ ਕਿ ਇਕ ਹੀ ਘਰ ਵਿਚ, ਇਕੋ ਛੱਤ ਹੇਠ ਰਹਿੰਦਿਆਂ ਵੀ ਇਕ ਹੀ ਪਰਿਵਾਰ ਦਾ ਹਰ ਇਕ ਜੀਵ ਜਾਂ ਵਿਅਕਤੀ ਇਕ ਵਿਅਕਤੀ ਹੈ। ਇਕੱਲਾ, ਸਵੈ-ਕੇਂਦਰਿਤ ਤੇ ਆਪਣੇ ਆਪ ਵਿਚ ਮਗਨ।
ਸਮਾਜਿਕ ਦ੍ਰਿਸ਼ਟੀ ਤੋਂ ਵੀ ਬਹੁਤ ਕੁਝ ਬਦਲ ਚੁੱਕਾ ਹੈ। ਪੁਰਾਣੇ ਪੰਜਾਬ ਦੇ ਪਿੰਡਾਂ ਦੇ ਬੱਚੇ ਸਕੂਲ ਜਾਂਦੇ, ਸਬਕ ਪੜ੍ਹਦੇ, ਉਚੀ-ਉਚੀ ਗਾ ਕੇ ਸੁਣਾਉਂਦੇ ਸਨ: ਸੱਸਾ ਸਾਦਾ, ਸੱਸਾ ਸਾਫ, ਸੱਸਾ ਸੱਚ, ਸੱਸਾ ਸਮਾਜ ਆਦਿ। ਅਜੋਕੇ ਸਕੂਲਾਂ ਵਿਚ ਬੱਚੇ ਆਪਣਾ ਸਬਕ ਜਾਂ ਪਾਠ ਰਲ ਕੇ ਗਾਉਂਦੇ ਨਹੀਂ। ਅੱਜਕੱਲ੍ਹ ਕੇਵਲ ਪੜ੍ਹਦੇ ਹਨ: ਸੱਸਾ ਸਾਡਾ, ਸੱਸਾ ਸਾੜਾ, ਸੱਸਾ ਸਵਾਰਥ ਆਦਿ।
ਪਿੰਡਾਂ ਦੀਆਂ ਸੱਥਾਂ ਦੀ ਦਿੱਖ ਅਤੇ ਵਰਤਾਰਾ ਵੀ ਬਦਲ ਗਿਆ ਹੈ। ਬਹੁਗਿਣਤੀ ਪਿੰਡਾਂ ਵਿਚ ਸੱਥ ਨੂੰ ਬਣਾ ਸੰਵਾਰ ਕੇ ਨਵਾਂ ਰੂਪ ਬਖਸ਼ਿਆ ਗਿਆ ਹੈ। ਰੁੱਖਾਂ ਦੇ ਤਣਿਆਂ ਤੋਂ ਬਣੇ ਖੁੰਢਾਂ ਦੀ ਥਾਂ ਸੀਮਿੰਟ ਦੇ ਪੱਕੇ ਬੈਂਚ ਜਾਂ ਆਧੁਨਿਕ ਕੁਰਸੀਆਂ ਜਾਂ ਲੋਹੇ ਦੇ ਬੈਂਚ ਸਜ ਗਏ ਹਨ।
ਪੁਰਾਣੇ ਪੇਂਡੂ ਸਮਾਜ ਵਿਚ ਇਕਾ-ਦੁੱਕਾ ਬੁੜ੍ਹੇ ਤਾਂ ਸਦਾ ਹੀ ਸੱਥ ਦੀ ਰੌਣਕ ਬਣੇ ਰਹਿੰਦੇ ਸਨ। ਆਥਣ ਵੇਲੇ ਸੱਥ ‘ਤੇ ਜੋਬਨ ਆ ਜਾਂਦਾ ਸੀ। ਸੱਥ ਪਿੰਡ ਦੀ ਸੰਸਦ ਹੁੰਦੀ ਸੀ। ਕੋਈ ਵੀ ਵਿਅਕਤੀ, ਜਿਸ ਨੂੰ ਚਾਰ ਬੰਦਿਆਂ ‘ਚ ਬੈਠ ਕੇ ਗੱਲ ਕਰਨ ਦੀ ਜਾਚ ਹੁੰਦੀ, ਇਸ ਸੰਸਦ ਦਾ ਮੈਂਬਰ ਹੋਣ ਦਾ ਹੱਕਦਾਰ ਸੀ ਪਰ ਅੱਜਕੱਲ੍ਹ ਪਿੰਡਾਂ ਦੀਆਂ ਸੱਥਾਂ ਵਿਚ ਸੁੰਨ ਵਰਤੀ ਹੁੰਦੀ ਹੈ। ਸੱਥਾਂ ਵਿਚ ਉਲੂ ਬੋਲਦੇ ਹਨ। ਕਿਤੇ ਕੋਈ ਟਾਂਵਾ ਟੱਲਾ ਇਕੱਲਾ ਵਿਅਕਤੀ ਬੈਠਾ ਵੀ ਦਿਸਦਾ ਹੈ ਤਾਂ ਉਹ ਕੋਈ ਉਦਾਸ, ਉਪਰਾਮ, ਨਿਕੰਮਾ, ਵਿਹਲਾ ਅਤੇ ਘਰੋਂ ਬਾਹਰ ਧੱਕਿਆ ਤ੍ਰਿਸਕਾਰਿਆ ਹੀ ਜਾਪਦਾ ਹੈ ਜਾਂ ਕੋਈ ਅਮਲੀ ਜਾਂ ਆਦਿ ਛੜਾ ਜਿਹੜਾ ਰਾਹ ਜਾਂਦੀ ਆਉਂਦੀ, ਲੰਘਦੀ ਕਿਸੇ ਮੁਟਿਆਰ ਜਾਂ ਆਪਣੇ ਹਾਣ ਦੀ ਕਿਸੇ ਤੀਵੀਂ ਦੇ ਦਰਸ਼ਨਾਂ ਦੀ ਆਸ ਵਿਚ ਬੁੱਤ ਬਣਿਆ ਬੈਠਾ ਹੋਵੇ।
ਪਿੰਡਾਂ ਵਿਚ ਵੀ ਹੁਣ ਬਹੁਗਿਣਤੀ ਲੋਕ ਕੰਮਾਂ-ਕਾਰਾਂ ਤੋਂ ਵਾਪਸ ਘਰ ਆ ਕੇ ਚਾਹ ਦਾ ਪਿਆਲਾ ਲੈ ਕੇ, ਟੈਲੀਵਿਜ਼ਨ ਅੱਗੇ ਬੈਠ ਜਾਂਦੇ ਤੇ ਆਪਣੇ ਮਨਭਾਉਂਦੇ ਪ੍ਰੋਗਰਾਮ ਦੇਖਦੇ-ਸੁਣਦੇ ਹਨ। ਬਿਜਲੀ ਜਵਾਬ ਦੇ ਜਾਵੇ ਤਾਂ ਉਠ ਕੇ ਵਿਹੜੇ ਜਾਂ ਵੀਹੀ ਵਿਚ ਚੱਕਰ ਲਾਉਣ ਲੱਗਦੇ ਹਨ।
ਗਰਮੀਆਂ ਦੀਆਂ ਰਾਤਾਂ ਨੂੰ ਬਾਹਰ ਖੜ੍ਹ ਕੇ ਜਾਂ ਕੋਠੇ ਚੜ੍ਹ ਕੇ ਗੁਆਂਢੀਆਂ ਨਾਲ ਗੱਪ-ਸ਼ੱਪ ਮਾਰਨ ਦਾ ਹੁਣ ਰਿਵਾਜ ਨਹੀਂ ਰਿਹਾ। ਪਹਿਲਾਂ ਗੁਆਂਢੀਆਂ ਜਾਂ ਕਹੋ ਉਨ੍ਹਾਂ ਗੁਆਂਢੀਆਂ, ਜਿਨ੍ਹਾਂ ਵਿਚ ਪਰਸਪਰ ਮੋਹ ਜਾਂ ਸਾਂਝ ਹੁੰਦੀ ਸੀ, ਦਾ ਇਕ-ਦੂਜੇ ਨਾਲ ਨਿੱਤ ਵਰਤੋਂ ਦੀਆਂ ਚੀਜ਼ਾਂ ਜਾਂ ਖਾਣ-ਪੀਣ ਸਮੱਗਰੀ ਦਾ ਲੈਣ-ਦੇਣ ਨਿਰੰਤਰ ਚਲਦਾ ਰਹਿੰਦਾ ਸੀ। ਵੇਲੇ-ਕੁਵੇਲੇ ਦਾਲ, ਸਾਗ, ਖੀਰ, ਸੇਵੀਆਂ ਜਾਂ ਕੜਾਹ ਦੀ ਬਾਟੀ ਜਾਂ ਕਟੋਰਾ ਦੇਣਾ ਲੈਣਾ ਚਲਦਾ ਸੀ ਜਾਂ ਕਿਸੇ ਹੋਰ ਵਸਤੂ ਵਿਸ਼ੇਸ਼ ਦਾ ਲੈਣ-ਦੇਣ ਹੁੰਦਾ ਸੀ। ਲੋੜ ਪੈਣ ‘ਤੇ ਦੁੱਧ ਦਾ ਗਿਲਾਸ ਜਾਂ ਗੜਵੀ ਲੈ ਲੈਣੀ। ਦੁੱਧ ਨੂੰ ਜਾਗ ਲਾਉਣ ਵਾਸਤੇ ਲੱਸੀ ਜਾਂ ਦਹੀਂ ਦੀ ਛਿੱਟ ਲੈਣਾ-ਦੇਣਾ ਤਾਂ ਆਮ ਹੀ ਸੀ। ਇਕ ਨੇ ਕਹਿਣਾ, “ਨੀ ਚਾਚੀ ਥੋੜ੍ਹੀ ਦਾਲ ਹੈਗੀ ਤਾਂ ਦੇ ਦੇ! ਆਹ ਹੁਣੇ ਦੋ ਪ੍ਰਾਹੁਣੇ ਆਗੇ…।”
ਹੁਣ ਘਰ-ਘਰ ਫਰਿੱਜ ਪਏ ਨੇ। ਇਕ-ਦੂਜੇ ‘ਤੇ ਨਿਰਭਰਤਾ ਘਟੀ ਹੈ। ਉਂਜ ਵੀ ਆਧੁਨਿਕ ਜੀਵ ਦ੍ਰਿਸ਼ਟੀ ਅਨੁਸਾਰ ਇਸ ਨੂੰ ਵਕਾਰ ਦਾ ਸਵਾਲ ਸਮਝਿਆ ਜਾਂਦਾ ਹੈ। ਅਜਿਹਾ ਕੋਈ ਮੌਕਾ ਆ ਵੀ ਜਾਵੇ ਤਾਂ ਘਰ ਦੀ ਸੁਆਣੀ ਗੁਆਂਢ ਮੱਥੇ ਕੁੰਡਾ ਖੜਕਾਉਣ ਤੋਂ ਝਿਜਕਦੀ ਹੈ ਅਤੇ ਪਿੰਡ ਵਿਚ ਦੂਜੀ ਪੱਤੀ ਜਾਂ ਦੂਰ ਵਸਦੇ ਕਿਸੇ ਨੇੜਲੇ ਜਾਂ ਸਹਿਕਰਮੀ ਜਾਂ ਸਹੇਲੀ ਨੂੰ ਟੈਲੀਫੋਨ ਕਰਦੀ ਹੈ, “ਹੈਲੋ ਗੁਰਮੀਤ! ਸੌਂ ਤਾਂ ਨਹੀਂ ਸੀ ਗਏ ਕਿਤੇ? ਨੀ ਕੀ ਦੱਸਾਂ, ਹੁਣ ਦੇਖਿਆ ਦਹੀਂ ਜਮਾਉਣ ਵਾਸਤੇ ਖੱਟਾ ਹੈ ਨੀ।” ਤੇ ਅਗਲੀ ਵਲੋਂ ‘ਹਾਂ’ ਕਹਿਣ ‘ਤੇ 11ਵੀਂ ‘ਚ ਪੜ੍ਹਦਾ ਪੁੱਤਰ ਸਕੂਟਰ ਜਾਂ ਸਾਈਕਲ ‘ਤੇ ਜਾਂਦਾ ਅਤੇ ਕਟੋਰੀ ਵਿਚ ਚਮਚ ਦਹੀਂ ਦਾ ਲੈ ਕੇ ਆਉਂਦਾ ਹੈ। ਗੁਆਂਢਣ ਤੋਂ ਦਹੀਂ ਮੰਗਣਾ ਵੀ ਵਕਾਰ ਦਾ ਬਿੰਦੂ ਹੈ। ਉਹ ਸਮੇਂ ਬੀਤ ਗਏ ਜਦੋਂ ਸਿਆਲ ਦੀ ਅੱਧੀ ਰਾਤ ਸਮੇਂ ਗੁਆਂਢੀਆਂ ਨੂੰ ਜਗਾ ਕੇ ਕਹਿ ਦਿੰਦੇ ਸੀ, “ਬਾਈ ਸੁਖਦੇਵ ਸਿੰਹਾ! ਇਕ ਖੇਚਲ ਕਰਨੀ ਪਊ। ਆਹ ਪੰਜ ਪ੍ਰਾਹੁਣੇ ਆ ਗਏ। ਦੋ ਬੰਦੇ ਤੁਹਾਡੀ ਬੈਠਕ ਵਿਚ ਸੌਣਗੇ। ਦੋ ਬਿਸਤਰੇ ਲਾ ਦਿਓ।”
ਅਜਿਹੀਆਂ ਸਾਂਝਾਂ ਹੁਣ ਮਰ-ਮੁੱਕ ਗਈਆਂ ਜਾਂ ਮਰ ਰਹੀਆਂ ਹਨ।