ਸਤਵੰਤੀ

ਵਿਜੇਦਾਨ ਦੇਥਾ (ਪਹਿਲੀ ਸਤੰਬਰ 1926-10 ਨਵੰਬਰ 2013) ਰਾਜਸਥਾਨੀ ਲੋਕਧਾਰਾ ਦਾ ਬੜਾ ਅਹਿਮ ਨਾਂ ਹੈ। ਉਹਨੇ ਰਾਜਸਥਾਨੀ ਲੋਕ ਕਹਾਣੀਆਂ ਇਕੱਠੀਆਂ ਕੀਤੀਆਂ। ਇਸ ਤੋਂ ਇਲਾਵਾ ਮੌਲਿਕ ਕਹਾਣੀਆਂ ਦੀ ਰਚਨਾ ਵੀ ਕੀਤੀ। ਡਾ. ਹਰਪਾਲ ਸਿੰਘ ਪੰਨੂ ਨੇ ਉਸ ਦੀਆਂ ਇਕੱਠੀਆਂ ਕੀਤੀਆਂ ਰਾਜਸਥਾਨੀ ਲੋਕ ਕਹਾਣੀਆਂ ਨੂੰ ਪੰਜਾਬੀ ਰੂਪ ਦਿੱਤਾ ਹੈ। ਇਸ ਵਾਰ ‘ਸਤਵੰਤੀ’ ਨਾਂ ਦੀ ਲੋਕ ਕਹਾਣੀ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ।

-ਸੰਪਾਦਕ

ਵਿਜੇਦਾਨ ਦੇਥਾ
ਅਨੁਵਾਦ: ਡਾ. ਹਰਪਾਲ ਸਿੰਘ ਪੰਨੂ
ਫੋਨ: +91-94642 51454

ਜੰਗਲ ਵਿਚ ਗਿੱਦੜ ਗਿਦੜੀ ਦਾ ਜੋੜਾ ਰਿਹਾ ਕਰਦਾ। ਲਿੱਪੀ ਪੋਚੀ ਸਾਫ ਸੁਥਰੀ ਖੱਡ। ਚਾਰ ਕੁ ਖੇਤਾਂ ਦੇ ਫਾਸਲੇ ਉਪਰ ਨਿਰਮਲ ਪਾਣੀ ਦਾ ਤਲਾਬ। ਜੰਗਲ ਵਿਚ ਬੇਰੀਆਂ ਝਾੜੀਆਂ ਦੇ ਅਨੇਕ ਬਿਰਖ ਬੂਟੇ। ਚੁਣ-ਚੁਣ ਕੇ ਮਿੱਠੇ ਬੇਰ ਖਾਂਦੇ। ਸੁੱਖ ਅਨੰਦ ਦੀ ਕੋਈ ਘਾਟ ਹੈ ਈ ਨਹੀਂ ਸੀ। ਆਪਸ ਵਿਚ ਪ੍ਰੇਮ। ਇੱਕ ਦੂਜੇ ਦੀ ਛਾਂ ਉਤੇ ਵੀ ਕੁਰਬਾਨ ਹੋਣ ਵਾਲੇ। ਗਿਦੜੀ ਸਵਿਤਰੀ ਤੋਂ ਵੱਧ ਸਤਵੰਤੀ। ਮੱਖੀ ਮੱਛਰ ਨੂੰ ਆਗਿਆ ਨਹੀਂ ਸਰੀਰ ਨੂੰ ਛੁਹ ਸਕਣ! ਨਖਰੇ ਤੇ ਨਜ਼ਾਕਤ ਏਨੇ ਕਿ ਗਿੱਦੜ ਨੂੰ ਚੈਨ ਨਾ ਲੈਣ ਦਿੰਦੀ। ਗਿਦੜੀ ਜਦੋਂ ਆਪਣੀ ਉਪਮਾ ਕਰਨੋਂ ਹਟਦੀ ਈ ਨਾ, ਸੁਣ-ਸੁਣ ਕੇ ਗਿੱਦੜ ਵੀ ਗੱਪਾਂ ਮਾਰਨ ਲੱਗ ਪਿਆ ਕਿ ਇੱਕ ਦਿਨ ਜ਼ੋਰ ਨਾਲ ਸ਼ੇਰ ਉਪਰ ਪੂਛ ਦਾ ਉਹ ਜ਼ਬਰਦਸਤ ਵਾਰ ਕੀਤਾ ਕਿ ਸ਼ੇਰ ਸੱਤ ਲੋਟਣੀਆਂ ਖਾ ਗਿਆ। ਅਜੇ ਕਿਹੜਾ ਮੈਂ ਛੱਡਦਾ, ਮੂੰਹ ਵਿਚ ਘਾਹ ਦੇ ਤਿਣਕੇ ਲੈ ਕੇ ਮਾਫੀਆਂ ਮੰਗਣ ਲੱਗਾ, ਤਾਂ ਕਿਤੇ ਜਾ ਕੇ ਛੱਡਿਆ। ਬਘਿਆੜ ਤਾਂ ਮੇਰੀਆਂ ਗੁਸੈਲੀਆਂ ਅੱਖਾਂ ਦੇਖਣ ਸਾਰ ਪੂਛ ਦਬਾ ਕੇ ਭੱਜ ਜਾਂਦੇ ਨੇ। ਹੁਣ ਮੈਨੂੰ ਜੰਗਲ ਦਾ ਰਾਜਾ ਕਹਿਣ ਉਨ੍ਹਾਂ ਦੀ ਮਰਜ਼ੀ, ਬਾਦਸ਼ਾਹ ਕਹਿਣ ਉਨ੍ਹਾਂ ਦੀ ਮਰਜ਼ੀ, ਮਾਲਕ ਤਾਂ ਮਾਲਕ ਹੁੰਦਾ ਈ ਐ। ਮੇਰੀ ਆਗਿਆ ਨਾ ਹੋਵੇ, ਦਰਖਤ ਦਾ ਪੱਤਾ ਨੀ ਹਿੱਲ ਸਕਦਾ। ਇੱਕ ਵਾਰ ਮੌਜ ਵਿਚ ਆ ਕੇ ਮੈਂ ਟਿੱਬੇ ਨੂੰ ਠੁੱਡਾ ਮਾਰਿਆ, ਆਹਲਣੇ ਵਾਂਗੂੰ ਖਿੰਡ ਗਿਆ। ਜਦੋਂ ਦਹਾੜਨ ਲੱਗਾਂ, ਬੱਦਲ ਫਟ ਜਾਂਦੇ ਨੇ। ਗਿੱਦੜੀ ਨੂੰ ਆਪਣੇ ਪਤੀ ਉਪਰ ਪੂਰਾ ਮਾਣ।
ਇੱਕ ਵਾਰ ਅੱਧੀ ਰਾਤ ਦਾ ਵੇਲਾ, ਗਿਦੜੀ ਨੂੰ ਤ੍ਰੇਹ ਲੱਗ ਗਈ। ਪਤੀ ਨੂੰ ਜਗਾ ਕੇ ਕਿਹਾ- ਪਾਣੀ ਪਿਲਾ ਕੇ ਲਿਆ।
ਗਿੱਦੜ ਨੇ ਕਿਹਾ- ਨੀਂਦ ਕਰ ਕੇ ਮੇਰੀਆਂ ਅੱਖਾਂ ਨੀ ਖੁੱਲ੍ਹਦੀਆਂ, ਤੂੰ ਇਕੱਲੀ…।
ਗਿੱਦੜ ਨੇ ਗੱਲ ਮੁਕਾਈ ਵੀ ਨਹੀਂ ਸੀ ਕਿ ਵਿਚੋਂ ਟੋਕ ਕੇ ਨਖਰੇ ਨਾਲ ਕਹਿਣ ਲੱਗੀ- ਮੈਂ ਤੀਵੀਂ ਜਾਤ, ਇਕੱਲੀ ਕਿਵੇਂ ਜਾਵਾਂ?
-ਪਰ ਤੈਨੂੰ ਛੇੜਨ ਵਾਲਾ ਇੱਥੇ ਹੈ ਕੌਣ?
-ਔਰਤ ਦੀ ਮਰਿਆਦਾ ਦਾ ਤੁਹਾਨੂੰ ਮਰਦਾਂ ਨੂੰ ਕੀ ਪਤਾ? ਮੇਰੇ ਨਾਲ ਹਵਾ ਅਤੇ ਧੁੱਪ ਖਹਿੰਦੀਆਂ ਨੇ, ਮੈਨੂੰ ਤਾਂ ਉਦੋਂ ਵੀ ਗੁੱਸਾ ਚੜ੍ਹ ਜਾਂਦੈ ਪਰ ਕੀ ਕਰਾਂ, ਵਸ ਨਹੀਂ ਚੱਲਦਾ।
ਉਬਾਸੀ ਲੈਂਦਾ ਗਿੱਦੜ ਬੋਲਿਆ- ਕਿਉਂ? ਇਸ ਵਿਚ ਵਸ ਦੀ ਕੀ ਗੱਲ? ਮੇਰਾ ਵਸ ਤਾਂ ਚਲਦਾ ਹੈ। ਤੂੰ ਕਹੇਂ ਹਵਾ ਅਰ ਧੁੱਪ ਨੂੰ ਝਾੜੀਆਂ ਕੰਡਿਆਂ ਵਿਚ ਇਉਂ ਉਲਝਾ ਦਿਆਂ ਕਿ ਸਾਰੀ ਉਮਰ ਨਾ ਨਿਕਲਣ।
-ਪਰ ਪਹਿਲਾਂ ਮੇਰੇ ਨਾਲ ਤਾਂ ਚੱਲੋ। ਜੀਭ ਸੁੱਕ ਗਈ, ਪਿਆਸ ਕਰ ਕੇ ਬੋਲ ਵੀ ਮੂੰਹੋਂ ਨਹੀਂ ਨਿਕਲਦਾ।
ਗਿਦੜੀ ਦੀ ਜ਼ਿੱਦ ਅੱਗੇ ਕੀ ਕਰਦਾ, ਆਖਰ ਤੁਰਨਾ ਪਿਆ। ਅਸਮਾਨ ਵਿਚ ਪੂਰਨਮਾਸੀ ਦਾ ਚੰਦ ਚਮਕ ਰਿਹਾ ਸੀ। ਝਾੜੀ ਝਾੜੀ ਤੇ ਲਾਲ ਬੇਰ ਲਟਕ ਰਹੇ ਸਨ। ਜੰਗਲ ਦਾ ਕਣ-ਕਣ ਚਾਨਣੀ ਦੀ ਗੋਦੀ ਵਿਚ ਸੁੱਤਾ ਪਿਆ। ਗਿਦੜੀ ਨੇ ਮੂੰਹ ਉਪਰ ਕਰ ਕੇ ਚੰਦ ਵੱਲ ਦੇਖਿਆ- ਕਿੰਨਾ ਸੁਹਣਾ! ਮਨਮੋਹਣਾ! ਲੱਖ ਗਿੱਦੜ ਵੀ ਇਹਦੇ ਮੁਕਾਬਲੇ ਤੁੱਛ!
ਗਿਦੜੀ ਥੋੜ੍ਹੀ ਅੱਗੇ ਹੋ ਕੇ ਪਾਣੀ ਪੀਣ ਲੱਗੀ, ਗਿੱਦੜ ਤਲਾਬ ਤੋਂ ਹਟ ਕੇ ਪਿੱਛੇ ਖਲੋਤਾ ਰਿਹਾ। ਰੱਜ ਕੇ ਪਾਣੀ ਪੀ ਕੇ ਬਾਹਰ ਆਉਣ ਹੀ ਲੱਗੀ ਸੀ ਕਿ ਉਸ ਨੂੰ ਚੰਦ ਦੀ ਬਦਮਾਸ਼ੀ ਦਿਸ ਗਈ। ਪਾਣੀ ਵਿਚ ਉਤਰ ਕੇ ਉਹ ਤਾਂ ਦੇਰ ਤੱਕ ਉਹਦੇ ਬੁੱਲ੍ਹਾਂ ਦੀਆਂ ਮਿੱਠੀਆਂ ਲੈਂਦਾ ਰਿਹਾ। ਮਰਦਾਂ ਦੀ ਜਾਤ ਹੁੰਦੀ ਓ ਕਮੀਨੀ ਹੈ। ਕੜਾਕੇ ਦੀ ਠੰਢ ਹੈ, ਫੇਰ ਵੀ ਪਰਵਾਹ ਨਹੀਂ, ਮਿੱਠੀਆਂ ਲੈਣ ਵਾਸਤੇ ਪਾਣੀ ਵਿਚ ਗੋਤਾ ਮਾਰ ਲਿਆ। ਇਹੋ ਜਿਹੇ ਕਲਮੂੰਹੇ ਮਰਦਾਂ ਤੋਂ ਕੋਈ ਕਿਵੇਂ ਸਤ ਬਚਾ ਕੇ ਰੱਖੇ?
ਪਿੱਛੇ ਮੁੜ ਕੇ ਪਤੀ ਵੱਲ ਦੇਖ ਕੇ ਬੋਲੀ- ਨੇੜੇ ਖੜ੍ਹਾ ਬਿਟਰ ਬਿਟਰ ਕੀ ਦੇਖੀ ਜਾਨੈ? ਇਹ ਲਫੰਗਾ ਚੰਦ ਮੇਰੀਆਂ ਮਿੱਠੀਆਂ ਲੈਣ ਦੀ ਹਿਮਾਕਤ ਕਰ ਰਿਹੈ। ਤੂੰ ਨਾਲ ਨਾ ਹੁੰਦਾ ਇਹਨੇ ਜ਼ਬਰਦਸਤੀ ਕਰਨੋਂ ਕਿੱਥੇ ਹਟਣਾ ਸੀ।
ਘਰਵਾਲੀ ਦੀ ਗੱਲ ਸੁਣ ਕੇ ਗਿੱਦੜ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ। ਦੰਦ ਪੀਂਹਦਾ ਹੋਇਆ ਬੋਲਿਆ- ਕੌਣ? ਮਰੀਅਲ ਚੂਹੀ ਵਰਗਾ ਇਹ ਚੰਦ? ਇਸ ਦੀ ਇਹ ਹਿੰਮਤ? ਕਹੇਂ ਤਾਂ ਉਧੇੜ ਦਿਆਂ ਬਖੀਏ ਇਹਦੇ?
ਏਨਾ ਕਹਿ ਕੇ ਸ਼ੇਰ ਵਾਂਗ ਪੰਜਾ ਪਟਕਣ ਲੱਗਾ, ਜਿਵੇਂ ਚੰਦ ਦਾ ਕੰਮ ਤਮਾਮ ਕਰ ਕੇ ਹੀ ਸਾਹ ਲਏਗਾ। ਗਿਦੜੀ ਨੇ ਮੂੰਹ ਉਚਾ ਕਰ ਕੇ ਫਿਰ ਚੰਦ ਵੱਲ ਦੇਖਿਆ। ਚੰਦ ਵੀ ਜਿਵੇਂ ਉਸ ਦਾ ਮੂੰਹ ਦੇਖਣ ਵਾਸਤੇ ਤਰਸ ਰਿਹਾ ਹੋਵੇ। ਏਨਾ ਸੁਹਣਾ! ਕਿਆ ਕਮਾਲ! ਪਤੀ ਨੂੰ ਟੋਕਿਆ- ਛੱਡੋ ਪਰ੍ਹੇ। ਇਸ ਬਦਨਜ਼ਰ ਚੰਦ ਦੀ ਗੈਰਹਾਜ਼ਰੀ ਵਿਚ ਸਾਰੀ ਦੁਨੀਆ ਤਕਲੀਫ ਸਹੇਗੀ। ਬਾਲ ਗੋਪਾਲ ਵਿਚਾਰੇ ਨ੍ਹੇਰੇ ਵਿਚ ਜ਼ਿਆਦਾ ਡਰਨਗੇ।
ਗਿੱਦੜ ਦਾ ਕ੍ਰੋਧ ਕਿੱਥੇ ਉਤਰਦਾ? ਫੇਰ ਪੰਜਾ ਪਟਕਿਆ- ਨਹੀਂ, ਨਹੀਂ, ਤੂੰ ਕਹੇਂ ਇਸ ਖਿੱਦੋ ਦੀਆਂ ਲੀਰਾਂ-ਲੀਰਾਂ ਕਰ ਦਿਆਂ।
ਪਤੀ ਦਾ ਹੱਥ ਫੜ ਕੇ ਬੋਲੀ- ਰਹਿਣ ਦਿਉ, ਰਹਿਣ ਦਿਉ। ਖਾਹਮਖਾਹ ਆਪਣੇ ਸਿਰ ਬਦਨਾਮੀ ਕਿਉਂ ਲੈਂਦੇ ਹੋ।
ਗਿਦੜੀ ਵਾਰ ਵਾਰ ਟੋਕੀ ਗਈ ਤਾਂ ਗਿੱਦੜ ਆਖਰ ਮੰਨ ਗਿਆ। ਨਾ ਮੰਨਦਾ ਦੁਨੀਆ ਦੀ ਬੜੀ ਦੁਰਗਤ ਹੁੰਦੀ। ਵਾਪਸ ਆਉਂਦੀ ਗਿਦੜੀ ਪਤੀ ਨੂੰ ਸਮਝਾਉਂਦਿਆਂ ਕਹਿਣ ਲੱਗੀ- ਆਪਣਾ ਜਤ ਸਤ ਆਪਣੇ ਹੱਥ। ਇਹ ਹਰਾਮੀ ਚੰਦ ਤਰਸਦੈ ਤਾਂ ਤਰਸੇ। ਰਾਤ ਨੂੰ ਖੱਡ ਵਿਚੋਂ ਮੈਂ ਜਦੋਂ ਮੂੰਹ ਵੀ ਨੀ ਬਾਹਰ ਕੱਢਣਾ!
ਬੇਸ਼ਰਮ ਚੰਦ ਵਿਰੁਧ ਗੁੱਸੇ ਨਾਲ ਦੰਦ ਪੀਂਹਦਾ ਗਿੱਦੜ ਵੀ ਖੱਡ ਅੰਦਰ ਜਾ ਵੜਿਆ। ਰੂਪ ਦੇ ਹੰਕਾਰ ਕਾਰਨ, ਨਸ਼ੇ ਸਦਕਾ ਗਿਦੜੀ ਨੂੰ ਦੇਰ ਬਾਅਦ ਨੀਂਦ ਆਈ। ਕਾਫੀ ਦਿਨ ਚੜ੍ਹੇ ਜਾਗੀ। ਅੱਖਾਂ ਮਲਦੀ-ਮਲਦੀ ਖੁੱਡ ਵਿਚੋਂ ਬਾਹਰ ਆਈ। ਉਸ ਦਾ ਰੂਪ ਨਿਹਾਰਨ ਵਾਸਤੇ ਹੁਣ ਸੂਰਜ ਬੇਸਬਰੀ ਨਾਲ ਤੜਫਣ ਲੱਗਾ। ਇਹ ਮਰਦਾਂ ਦੀ ਜਾਤ ਖੂਹ ਖਾਤੇ ਸੁੱਟਣ ਜੋਗੀ ਹੈ। ਸਾਰੇ ਇੱਕੋ ਜਿਹੇ ਪਰ ਇਹ ਪੱਠਾ ਹੈ ਤਾਂ ਤੇਜਵਾਨ! ਤਪਧਾਰੀ। ਸਾਰੀ ਦੁਨੀਆ ਨੂੰ ਚਾਨਣ ਨਾਲ ਭਰ ਦਿੰਦੈ। ਦੇਖਦੀ ਆਂ ਚੰਦ ਵਾਂਗੂ ਇਹ ਵੀ ਬੇਸ਼ਰਮ ਹੈ ਕਿ ਨਹੀਂ? ਪਿਆਸ ਕੋਈ ਨਹੀਂ ਸੀ ਪਰ ਪਤੀ ਨੂੰ ਕਹਿਣ ਲੱਗੀ- ਪਾਣੀ ਪੀਣ ਚੱਲੀਏ। ਉਹ ਬੋਲਿਆ- ਪਗਲੀ ਚਿੱਟੇ ਦਿਨ ਵਿਚ ਕੀ ਡਰ? ਤੂੰ ਬੇਧੜਕ ਇਕੱਲੀ ਚਲੀ ਜਾ।
ਹਠ ਕਰ ਕੇ ਗਿਦੜੀ ਸਮਝਾਉਣ ਲੱਗੀ- ਚੰਦ ਵਰਗੇ ਵੱਡੇ ਵੱਡੇ ਦੇਵਤਿਆਂ ਦੀ ਵੀ ਨੀਤ ਮਾੜੀ ਹੋ ਜਾਂਦੀ ਐ, ਤਾਂ ਕਿਸ ਤੇ ਭਰੋਸਾ ਕਰੀਏ? ਔਰਤਾਂ ਦਾ ਦਿਲ ਟਿਕੇ ਤਾਂ ਕਿਵੇਂ ਟਿਕੇ? ਮੇਰਾ ਤਾਂ ‘ਕੱਲੀ ਦਾ ਮਰਨ ਨੂੰ ਵੀ ਜੀ ਨਹੀਂ ਕਰਦਾ!
ਜਦੋਂ ਗਿਦੜੀ ਖਹਿੜੇ ਪੈ ਗਈ, ਗਿੱਦੜ ਕੀ ਕਰਦਾ, ਉਤਰੇ ਦਿਲ ਨਾਲ ਜਾਣ ਪਿਆ। ਟੇਢੀ ਨਿਗਾਹ ਨਾਲ ਜਿੰਨੀ ਵਾਰੀ ਗਿਦੜੀ ਨੇ ਸੂਰਜ ਵੱਲ ਦੇਖਿਆ, ਓਨੀ ਵਾਰ ਉਸ ਨੂੰ ਲੱਗਾ, ਮੇਰੇ ਦਰਸ਼ਨ ਖਾਤਰ ਤਰਸ ਰਿਹੈ।
ਜਦੋਂ ਪਾਣੀ ਪੀਣ ਕਿਨਾਰੇ ਪੁੱਜੀ ਸੂਰਜ ਵੀ ਗੋਤਾ ਮਾਰ ਕੇ ਤਲਾਬ ਵਿਚ ਆ ਉਤਰਿਆ! ਪਰਾਈ ਇਸਤਰੀ ਦਾ ਸਤ ਭੰਗ ਕਰਨ ਨਾਲ ਇਨ੍ਹਾਂ ਮਰਦਾਂ ਨੂੰ ਪਤਾ ਨਹੀਂ ਮਿਲਦਾ ਕੀ ਹੈ। ਪਾਣੀ ਪੀਣ ਵਾਸਤੇ ਮੂੰਹ ਹੇਠਾਂ ਕੀਤਾ ਹੀ ਸੀ ਕਿ ਝਿਜਕਦੀ ਨੇ ਗਿੱਦੜ ਵੱਲ ਦੇਖਿਆ। ਪਤੀ ਵੱਲ ਦੇਖ ਕੇ ਕਹਿੰਦੀ- ਜੋ ਸੋਚਿਆ ਉਹੋ ਹੋਇਆ। ਇਹ ਕਮੀਨਾ ਸੂਰਜ ਤਾਂ ਚੰਦ ਤੋਂ ਅੱਗੇ ਲੰਘ ਲਿਆ। ਉਹ ਤਾਂ ਡਰਦਾ ਡਰਦਾ ਰਾਤ ਨੂੰ ਆਇਆ ਸੀ, ਇਹ ਦਿਨ ਦਿਹਾੜੇ ਤਲਾਬ ਵਿਚ ਆ ਵੜਿਆ।
ਛਾਲ ਮਾਰ ਕੇ ਗਿੱਦੜ ਨੇੜੇ ਆਇਆ, ਪੁੱਛਿਆ- ਕਿੱਥੇ ਹੈ? ਕਿੱਥੇ ਹੈ? ਮੈਨੂੰ ਦਿਖਾ।
ਗਿਦੜੀ ਗੋਤਾਖੋਰ ਸੂਰਜ ਵੱਲ ਉਂਗਲ ਕਰ ਕੇ ਬੋਲੀ- ਅਹੁ ਦੇਖ, ਬਦਮਾਸ਼ ਕਿਤੇ ਦਾ!
ਹੁਣ ਗਿੱਦੜ ਦੇ ਗੁੱਸੇ ਦਾ ਕੀ ਪਾਰਾਵਾਰ? ਬੱਬਰ ਸ਼ੇਰ ਵਾਂਗ ਪੰਜਾ ਪਟਕਦਾ ਬੋਲਿਆ- ਕਹੇਂ ਤਾਂ ਇਸ ਹਰਾਮਖੋਰ ਨੂੰ ਜ਼ਮੀਨ ਵਿਚ ਗੱਡ ਦਿਆਂ?
ਗਿਦੜੀ ਨੂੰ ਫੇਰ ਤਰਸ ਆ ਗਿਆ। ਪਤੀ ਨੂੰ ਹਟਾਉਂਦੀ ਹੋਈ ਬੋਲੀ- ਛੱਡੋ ਪਰ੍ਹੇ। ਆਪਣੇ ਕਰ ਕੇ ਦੁਨੀਆ ਤਕਲੀਫ ਉਠਾਏਗੀ। ਕਿਵੇਂ ਲੋਕ ਨ੍ਹੇਰੇ ਵਿਚ ਆਪਣਾ ਗੁਜ਼ਾਰਾ ਕਰਨਗੇ? ਕਿਵੇਂ ਰੋਜ਼ੀ ਰੋਟੀ ਕਮਾਉਣਗੇ?
ਗਿੱਦੜ ਦੇ ਦਿਲ ਅੰਦਰ ਅੱਗ ਹੋਰ ਭੜਕੀ। ਦੁੱਗਣੇ ਜੋਸ਼ ਵਿਚ ਪੰਜਾ ਜ਼ਮੀਨ ‘ਤੇ ਮਾਰਿਆ। ਦੰਦ ਕਰੀਚਦਾ ਬੋਲਿਆ- ਨਹੀਂ ਨਹੀਂ, ਤੂੰ ਇੱਕ ਵਾਰ ਕਹਿ ਸਹੀ, ਬੇਰ ਵਾਂਗ ਇਸ ਨੂੰ ਨਿਗਲ ਜਾਵਾਂ, ਮਤੀਰੇ ਵਾਂਗ ਫਾੜੀ ਫਾੜੀ ਕਰਦਿਆਂ!
ਪਤੀ ਦੇ ਪੈਰ ਫੜ ਕੇ ਗਿਦੜੀ ਕਹਿੰਦੀ- ਰਹਿਣ ਦਿਉ। ਥੋੜ੍ਹੀ ਬਹੁਤ ਦਇਆ ਹਮਦਰਦੀ ਵੀ ਕਰੋ। ਦੁਨੀਆ ਬਦ ਦੁਆਵਾਂ ਦਏਗੀ। ਖਾਹਮਖਾਹ ਆਪਣੇ ਸਿਰ ਬਦਨਾਮੀ ਕਿਉਂ ਲੈਂਦੇ ਹੋ?
ਗਿੱਦੜ ਦਾ ਗੁੱਸਾ ਨਹੀਂ ਉਤਰਿਆ, ਕਿਹਾ- ਬੇਕਾਰ ਦੀ ਬਦਨਾਮੀ ਕਿਵੇਂ? ਇਸ ਅਵਾਰਾਗਰਦ ਨੂੰ ਝੰਬ ਦਿਆਂ ਤਾਂ ਬਦਨਾਮੀ ਕਿਸ ਗੱਲ ਦੀ? ਤੂੰ ਦੇਖਦੀ ਤਾਂ ਜਾਹ!
-ਮੈਂ ਨੀ ਹੁਣ ਕੁਝ ਦੇਖਦੀ। ਮੈਂ ਦੇਖਣ ਲੱਗੀ ਤਾਂ ਦੁਨੀਆ ਦਾ ਦੇਖਣਾ ਬੰਦ ਹੋ ਜਾਵੇਗਾ। ਤਰਸ ਕਰੋ। ਆਪਣਾ ਜਤ ਸਤ ਆਪਣੇ ਕੋਲ। ਤੁਸੀਂ ਇਸ ਵਿਗੜੇ ਹੋਏ ਸੂਰਜ ਦਾ ਧਿਆਨ ਰੱਖਿਓ, ਉਦੋਂ ਤੱਕ ਮੈਂ ਪਾਣੀ ਪੀ ਆਊਂਗੀ।
ਗਿਦੜੀ ਨੇ ਜਿਵੇਂ ਕਿਵੇਂ ਕਰ ਕੇ ਗਿੱਦੜ ਨੂੰ ਆਖਰ ਮਨਾ ਹੀ ਲਿਆ। ਬੜੀ ਮੁਸ਼ਕਿਲ ਨਾਲ ਗਿੱਦੜ ਨੇ ਗੁੱਸੇ ਉਪਰ ਕਾਬੂ ਪਾਇਆ। ਗਿਦੜੀ ਦੇ ਹੁਕਮ ਮੂਜਬ ਬਿਨਾਂ ਪਲਕ ਝਪਕੇ ਗਿੱਦੜ ਸੂਰਜ ਵੱਲ ਦੇਖਦਾ ਰਿਹਾ। ਸੂਰਜ ਵੀ ਪੂਰਾ ਡਰ ਚੁੱਕਾ ਸੀ, ਆਪਣੀ ਥਾਂ ਤੋਂ ਹਿੱਲਿਆ ਤੱਕ ਨਹੀਂ।
ਗਿਦੜੀ ਦੇਰ ਤੱਕ ਪਾਣੀ ਵਿਚ ਤੈਰਦੀ ਰਹੀ ਤੇ ਪਾਣੀ ਵਿਚ ਲੁਕਿਆ ਸੂਰਜ ਉਸ ਦੀਆਂ ਮਿੱਠੀਆਂ ਲੈਂਦਾ ਰਿਹਾ। ਏਨੀ ਤ੍ਰਿਪਤੀ ਕਦੀ ਨੀ ਹੋਈ।
ਪਿਆਸ ਲੱਗਣੀ ਨਾ ਲੱਗਣੀ, ਇਹ ਕਿਸੇ ਦੇ ਵਸ ਦੀ ਗੱਲ ਨਹੀਂ। ਰਾਤੀਂ ਗਿੱਦੜ ਨੂੰ ਤਲਾਬ ਕਿਨਾਰੇ ਬਿਠਾ ਦਿੰਦੀ, ਉਹ ਚੰਦ ਵੱਲ ਦੇਖਦਾ ਸਖਤ ਪਹਿਰਾ ਦਿੰਦਾ। ਕਲਜੁਗ ਦਾ ਸਮਾਂ ਹੋਣ ਕਰ ਕੇ ਗਿੱਦੜ ਦਾ ਪਹਿਰਾ ਦੇਣ ਦਾ ਕੁਝ ਕੰਮ ਤਾਂ ਵਧਿਆ ਪਰ ਤਾਂ ਕੀ। ਆਪੋ ਆਪਣਾ ਜਤ, ਆਪੋ ਆਪਣਾ ਸਤ ਬਚਾਉਣਾ ਤਾਂ ਪਏਗਾ ਹੀ।