ਬਲਵੰਤ ਸੰਧੂ ਦਾ ਨਾਵਲ ‘ਗੁੰਮਨਾਮ ਚੈਂਪੀਅਨ’

ਪ੍ਰਿੰ. ਸਰਵਣ ਸਿੰਘ
ਦਾਰੇ ਪਹਿਲਵਾਨ ਦੋ ਹੋਏ ਹਨ। ਦੋਵੇਂ ਅਸਲੀ। ਇਕ ਦਾ ਅਸਲੀ ਨਾਂ ਹੀ ਦਾਰਾ ਸਿੰਘ ਸੀ ਜਦੋਂ ਕਿ ਦੂਜੇ ਦਾ ਦੀਦਾਰ ਸਿੰਘ। ਦਾਰਾ ਸਿੰਘ, ਦੀਦਾਰ ਸਿੰਘ ਤੋਂ ਦਸ ਸਾਲ ਵੱਡਾ ਸੀ। ਦਾਰੇ ਦੀ ਗੁੱਡੀ ਚੜ੍ਹੀ ਤਾਂ ਦੀਦਾਰ ਨੂੰ ਵੀ ਦਾਰਾ ਕਿਹਾ ਜਾਣ ਲੱਗਾ। ਦੋਵੇਂ ਰੁਸਤਮੇ ਜ਼ਮਾਂ ਬਣੇ। ਛੋਟੇ ਦਾਰੇ ਨੂੰ ਤਾਂ ਜੱਗ ਜਾਣਦੈ, ਜਿਸ ਨੇ ਅਨੇਕਾਂ ਫਿਲਮਾਂ ‘ਚ ਕੰਮ ਕੀਤਾ ਅਤੇ ‘ਮੇਰੀ ਆਤਮ ਕਥਾ’ ਲਿਖੀ। ਵੱਡੇ ਦਾਰੇ ਬਾਰੇ ਬਲਵੰਤ ਸਿੰਘ ਸੰਧੂ ਨੇ ‘ਗੁੰਮਨਾਮ ਚੈਂਪੀਅਨ’ ਨਾਵਲ ਲਿਖਿਆ।

ਦੋਹਾਂ ਦਾਰਿਆਂ ਦੀ ਵੱਖਰੀ ਪਛਾਣ ਦਾਰਾ ਦੁਲਚੀਪੁਰੀਆ ਤੇ ਦਾਰਾ ਧਰਮੂਚੱਕੀਆ ਕਰਕੇ ਹੈ। ਦਾਰੇ ਦੁਲਚੀਪੁਰੀਏ ਨੂੰ ਦਾਰਾ ਜੇਲ੍ਹਰ ਵੀ ਕਿਹਾ ਜਾਂਦੈ। ਦੋਵੇਂ ਦਾਰੇ ਰੋਟੀ-ਰੋਜ਼ੀ ਲਈ ਸਿੰਗਾਪੁਰ ਗਏ ਸਨ। ਦੋਹਾਂ ਨੇ ਉਥੋਂ ਫਰੀ ਸਟਾਈਲ ਕੁਸ਼ਤੀਆਂ ਸਿੱਖੀਆਂ। ਉਥੇ ਉਹ ਕਿਰਾਏ ‘ਤੇ ਕੁਸ਼ਤੀਆਂ ਲੜਦੇ ਰਹੇ, ਪਰ ਆਪਸ ਵਿਚ ਨਾ ਲੜੇ। ਦਾਰੇ ਦੁਲਚੀਪੁਰੀਏ ਦੀ ਦਾਸਤਾਨ ਦੁਖਾਂਤਕ ਹੈ। ਉਸ ਨੇ ਆਪਣੇ ਸਕੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਕੁਸ਼ਤੀਆਂ ਵਿਚੇ ਛੱਡ ਕੇ ਸ਼ਰੀਕ ਭਰਾ ਦਾ ਕਤਲ ਕਰ ਦਿੱਤਾ। ਉਸ ਵੇਲੇ ਦੀਦਾਰ ਦਾ ਚਾਚਾ ਨਿਰੰਜਣ ਸਿੰਘ ਵੀ ਦਾਰੇ ਦੇ ਨਾਲ ਸੀ। ਦੋਵੇਂ ਸਿੰਗਾਪੁਰ ‘ਕੱਠੇ ਖਾਂਦੇ-ਪੀਂਦੇ ਸਨ। ਦਾਰੇ ਨੂੰ ਕਤਲ ਕਰਨ ਦੇ ਦੋਸ਼ ‘ਚ ਫਾਂਸੀ ਦੀ ਸਜ਼ਾ ਹੋਈ, ਜੋ ਪਿਛੋਂ ਉਮਰ ਕੈਦ ‘ਚ ਬਦਲੀ। ਰੈੱਡ ਕਰਾਸ ਫੰਡ ਵਾਸਤੇ ਉਹਨੂੰ ਹੱਥਕੜੀ ਲਾ ਕੇ ਲਿਜਾਇਆ ਅਤੇ ਵੱਖ ਵੱਖ ਸ਼ਹਿਰਾਂ ‘ਚ ਘੁਲਾਇਆ ਜਾਂਦਾ। ਘੁਲਣ ਵੇਲੇ ਹੱਥਕੜੀ ਖੋਲ੍ਹ ਦਿੱਤੀ ਜਾਂਦੀ ਤੇ ਘੁਲਣ ਪਿਛੋਂ ਗੇੜੀ ਦੇਣ ਵੇਲੇ ਹੱਥਕੜੀ ਫਿਰ ਜੜ ਲਈ ਜਾਂਦੀ। 1957 ਵਿਚ ਫਾਜ਼ਿਲਕਾ ਵਿਖੇ ਮੈਂ ਖੁਦ ਉਹਦੀ ਕੁਸ਼ਤੀ ਵੇਖੀ ਸੀ।
ਉਹਦਾ ਜੀਵਨ ਡੰਗਰ ਚਾਰਦਿਆਂ ਹਾਣੀਆਂ ਨਾਲ ਡਹਿਣ ਤੋਂ ਲੈ ਕੇ ਖੇਤੀਬਾੜੀ ਕਰਨ, ਪਰਵਾਸੀ ਬਣਨ, ਕੁਸ਼ਤੀਆਂ ਲੜਨ, ਖੂਨ ਕਰਨ, ਸਜ਼ਾ ਮਿਲਣ, ਇਸ਼ਕ ਕਰਨ, ਸਰਪੰਚੀ, ਪਾਰਟੀਬਾਜ਼ੀ, ਨਸ਼ੇਖੋਰੀ ਤੇ ਭਲਵਾਨੀ ਕਲਚਰ ਵਿਚ ਗੁੱਧਾ ਹੋਇਆ ਸੀ, ਜਿਸ ‘ਤੇ ਹਿੱਟ ਫਿਲਮ ਬਣ ਸਕਦੀ ਹੈ। ਉਸ ਨੇ ਸਿਰਫ ਦੋ ਫਿਲਮਾਂ ‘ਚ ਰੋਲ ਕਰ ਕੇ ਬੱਸ ਕਰ ਦਿੱਤੀ ਸੀ। ਉਹ ਨਹੀਂ ਸੀ ਚਾਹੁੰਦਾ ਕਿ ਬੰਦ ਬੋਤਲ ਵਿਚ ਜਿੰਨ ਜਾਂ ਦਿਓ ਬਣੇ। ਇਕ ਵਾਰ ਉਹ ਫਿਲਮੀ ਮੁੱਕੇ ਦੀ ਥਾਂ ਸੱਚੀਂਮੁਚੀ ਦਾ ਮੁੱਕਾ ਮਾਰ ਬੈਠਾ, ਜਿਸ ਨਾਲ ਹੀਰੋ ਬੇਹੋਸ਼ ਹੋ ਗਿਆ। ਇਕ ਸੀਨ ‘ਚ ਉਹ ਟਾਂਗੇ ਵਾਲਾ ਬਣਿਆ, ਜਿਸ ਵਿਚ ਹੀਰੋ ਤੇ ਹੀਰੋਇਨ ਬੈਠੇ ਚੋਹਲ ਮੋਹਲ ਕਰਨ ਲੱਗੇ। ਦਾਰੇ ਤੋਂ ਉਹ ਛੇੜ-ਛਾੜ ਜਰੀ ਨਾ ਗਈ, “ਮੈਂ ਨਹੀਂ ਇਹ ਕੰਜਰਖਾਨਾ ਕਰਨ ਦੇਣਾ ਮੇਰੇ ਸਾਹਮਣੇ। ਮੇਰੇ ਟਾਂਗੇ ‘ਚ ਬਹਿਣਾ ਤਾਂ ਬੰਦੇ ਬਣ ਕੇ ਬਹੋ!”
ਫਿਲਮਾਂ ਵਾਲੇ ਕੰਜਰਖਾਨੇ ਤੋਂ ਅੱਕ ਕੇ ਉਸ ਨੇ ਫਿਲਮਾਂ ਛੱਡ ਦਿੱਤੀਆਂ, ਪਰ ਕਿਸੇ ਵਿਆਹੇ ਵਰੇ ਦੀ ਛੱਡੀ ਹੋਈ ਉੱਚੀ ਲੰਮੀ ਔਰਤ ਨਾਲ ਇਸ਼ਕ ਕਰਨ ਦਾ ਕੰਜਰਖਾਨਾ ਨਾ ਛੱਡ ਸਕਿਆ। ਪ੍ਰੇਮੀ ਜੋੜਾ ਯੱਕਾ ਜੋੜ ਕੇ ਤਰਨਤਾਰਨ ਸੈਰ ਕਰਨ ਜਾਂਦਾ। ਭੇਤੀ ਬੰਦੇ ਦੱਸਦੇ ਨੇ ਕਿ ਇਹ ਵਿਰੋਧੀ ਭਲਵਾਨਾਂ ਦੀ ਚਾਲ ਸੀ, ਪਈ ਉਸ ਨੂੰ ਕੁਸ਼ਤੀਆਂ ਤੋਂ ਮੋੜ ਕੇ ਅਯਾਸ਼ੀ ‘ਚ ਪਾਇਆ ਜਾਵੇ। ਉਸ ਨੇ ਸਰਪੰਚੀ ਵੀ ਕੀਤੀ ਤੇ ਨਸ਼ੇ ਵੀ ਕੀਤੇ। ਵਿਰੋਧੀਆਂ ਨਾਲ ਲੜਿਆ ਭਿੜਿਆ ਵੀ। ਮੇਰਾ ਭਤੀਜਾ ਬਲਵੰਤ ਸਿੰਘ, ਦੁਲਚੀਪੁਰ ਵਿਆਹੇ ਜਾਣ ਪਿੱਛੋਂ, ਦਾਰੇ ਦੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਉਪਰੋਕਤ ਨਾਵਲ ਲਿਖਣ ਲਈ ਪ੍ਰੇਰਿਆ ਗਿਆ:
…ਖਡੂਰ ਸਾਹਿਬ ਲਾਗਲੇ ਪਿੰਡ, ਸ਼ੇਖ ਚੱਕ, ਕੰਗ, ਕੱਲ੍ਹਾ, ਲਾਲਪੁਰ, ਸ਼ਿੰਗਾਰਪੁਰ, ਵੇਈਂ ਪੁਈਂ, ਢੋਟੀਆਂ, ਭਰੋਵਾਲ, ਨਾਗੋਕੇ, ਮੀਆਂਵਿੰਡ, ਮਗਲਾਣੀ, ਮੰਢਾਲਾ, ਸੰਘਰ ਤੇ ਬਾਣੀਆਂ ਵਾਂਗ ਦੁਲਚੀਪੁਰ ਦੇ ਬੱਚੇ ਵੀ ਨੀਦੋਂ ਜਾਗਦਿਆਂ ਉਤਸ਼ਾਹ ਵਿਚ ਸਨ। ਮਾਂਵਾਂ ਨੇ ਉੱਠਦੇ ਬੱਚਿਆਂ ਦੇ ਮੂੰਹਾਂ ਨੂੰ ਦੁੱਧ ਦੇ ਛੰਨੇ ਲਾ ਦਿੱਤੇ। ਨਿਹਾਲ ਕੌਰ ਨੇ ਵੀ ਆਪਣੇ ਬੱਚਿਆਂ ਨੂੰ ਉਠਾ ਕੇ ਥਾਪੀ ਦੇ ਦਿੱਤੀ। ਮੂੰਹ ਤੋਂ ਦੁੱਧ ਦੀ ਝੱਗ ਪੂੰਝਦਿਆਂ ਤੇ ਮੰਜਿਉਂ ਉੱਤਰਦਿਆਂ ਦਾਰੇ ਹੋਰਾਂ ਦੇ ਪੱਬ ਧਰਤੀ ‘ਤੇ ਨਹੀਂ ਸਨ ਲੱਗ ਰਹੇ। ਜਿਵੇਂ ਹੀ ਸੂਰਜ ਉੱਚਾ ਹੋਇਆ, ਦਸ ਗਿਆਰਾਂ ਸਾਲ ਦਾ ਦਾਰਾ, ਜੋ ਏਨਾ ਹੁੰਦੜਹੇਲ ਸੀ ਕਿ 15-16 ਵਰ੍ਹਿਆਂ ਦਾ ਲਗਦਾ ਸੀ, ਕੁੜਤੇ ਦੇ ਖੀਸੇ ਵਿਚ ਪੈਸੇ ਧੇਲੇ ਪਾ ਘਰੋਂ ਬਾਹਰ ਹੋ ਗਿਆ। ਦਾਰੇ ਦੇ ਭਰਾ ਇੰਦਰ ਤੇ ਦਲੀਪ ਅਤੇ ਪਿੰਡ ਦੇ ਹੋਰ ਮੁੰਡੇ-ਰਾਮ, ਕਰਨੈਲ, ਉਜਾਗਰ, ਗੁਰਦਿੱਤ, ਗੁਰਮੁਖ, ਬਾਵਾ, ਠਾਕੁਰ ਤੇ ਨਾਜ਼ਰ ਸਾਰੇ ਇਕੱਠੇ ਹੋ ਗਏ। ਸਭ ਦੇ ਮਨ ਵਿਚ ਚਾਅ ਸੀ ਕਿ ਕਦੋਂ ਉਹ ਪਲ ਆਵੇ, ਜਦੋਂ ਉਹ ਖਡੂਰ ਸਾਹਿਬ ਦੇ ਜੋੜ ਮੇਲੇ ਵਿਚ ਪੁੱਜ ਜਾਣ।
ਨਾਵਲ ਵਿਚ ਖਡੂਰ ਸਾਹਿਬ ਦੇ ਜੋੜਮੇਲੇ ਅਤੇ ਛਿੰਝ ਦੇ ਘੋਲਾਂ ਦਾ ਭਰਪੂਰ ਬਿਰਤਾਂਤ ਹੈ।
…ਇੰਦਰ ਦਾਰੇ ਨੂੰ ਲੈ ਕੇ ਲਾਹੌਰ ਚਲਾ ਗਿਆ। ਭਾਵੇਂ ਦਾਰੇ ਦੀ ਉਮਰ ਚੌਦਾਂ ਸਾਲ ਦੀ ਹੀ ਸੀ, ਪਰ ਉਹ ਪੂਰਾ ਜਵਾਨ ਲੱਗ ਰਿਹਾ ਸੀ। ਗੁਆਂਢ ਪਿੰਡ ਦੇ ਕਿਸੇ ਭਲਵਾਨ ਤੋਂ ਉਸ ਨੇ ਲਾਹੌਰ ਦੇ ਨਾਮੀ ਕੁਸ਼ਤੀ ਉਸਤਾਦ ਸੱਜਣ ਸਿੰਘ ਦਾ ਪਤਾ ਲੈ ਲਿਆ ਸੀ।
“ਗੁਰੂ ਜੀ ਮੇਰੇ ਸਿਰ ‘ਤੇ ਹੱਥ ਰੱਖੋ ਤਾਂ ਕਿ ਮੈਂ ਤਕੜਾ ਭਲਵਾਨ ਬਣ ਸਕਾਂ।” ਦਾਰੇ ਨੇ ਪੱਗ ਅਤੇ ਸਵਾ ਰੁਪਈਆ ਸੱਜਣ ਸਿੰਘ ਨੂੰ ਭੇਟਾ ਕਰਦਿਆਂ ਕਿਹਾ। ਫਿਰ ਦਾਰੇ ਦਾ ਨਵਾਂ ਸਿਰਨਾਵਾਂ ਸੱਜਣ ਸਿੰਘ ਦਾ ਅਖਾੜਾ ਹੋ ਗਿਆ…।
…ਦਾਰਾ ਵੱਡੇ ਭਰਾ ਦਲੀਪ ਸਿੰਘ ਕੋਲ ਸਿੰਗਾਪੁਰ ਪੁੱਜ ਗਿਆ। 17 ਜੁਲਾਈ 1936 ਨੂੰ ਉਹ ਸਿੰਗਾਪੁਰ ਦੀ ਪੁਲਿਸ ਵਿਚ ਭਰਤੀ ਹੋ ਗਿਆ…। ਉਥੇ ਹੀ ਬਲਬੀਰ ਕੌਰ ਨਾਲ ਸ਼ਾਦੀ ਹੋਈ। ਪੁੱਤਰ ਦਾ ਨਾਂ ਨਾਮੀ ਭਲਵਾਨ ਦੇ ਨਾਂ ‘ਤੇ ਹਰਬੰਸ ਸਿੰਘ ਰੱਖਿਆ। ਸਿੰਗਾਪੁਰ ‘ਗਰੇਟ ਵਰਲਡ’ ਤੇ ‘ਹੈਪੀ ਵਰਲਡ ਸਟੇਡੀਅਮ’ ਦੇ ਠੇਕੇਦਾਰ ਫਰੀ ਸਟਾਈਲ ਕੁਸ਼ਤੀਆਂ ਕਰਾਉਂਦੇ ਸਨ। ਦਾਰਾ ‘ਹੈਪੀ ਵਰਲਡ’ ਦਾ ਹੀਰੋ ਬਣ ਗਿਆ। 1946 ‘ਚ ਉਹ ਮਲਾਇਆ ਰੁਸਤਮ ਬਣਿਆ। ਪਹਿਲੀ ਜਨਵਰੀ 1947 ਨੂੰ ਦਾਰੇ ਦੀ ਕੁਸ਼ਤੀ ਕਿੰਗਕਾਂਗ ਨਾਲ ਹੋਈ। ਕਿੰਗਕਾਂਗ ਦਾ ਭਾਰ 700 ਪੌਂਡ ਸੀ, ਦਾਰੇ ਦਾ 250 ਪੌਂਡ। ਪਰ ਅਸ਼ਕੇ ਦਾਰੇ ਦੇ! ਕਿੰਗਕਾਂਗ ਰਿੰਗ ਵਿਚ ਚੌਫਾਲ ਸੁੱਟਿਆ। ਦਾਰੇ ਨੇ ਰੁਸਤਮੇ ਜ਼ਮਾਂ ਦੀ ਬੈਲਟ ਲਹਿਰਾਈ…।
ਪਿੱਛੇ ਦਾਰੇ ਦੇ ਸ਼ਰੀਕਾਂ ਨੇ ਦਲੀਪ ਦਾ ਕਤਲ ਕਰ ਦਿੱਤਾ, ਇੰਦਰ ਦਾ ਗੁੱਟ ਵੱਢਿਆ ਗਿਆ। ਦਾਰਾ ਕੁਸ਼ਤੀਆਂ ਛੱਡ ਕੇ ਦੁਲਚੀਪੁਰੇ ਮੁੜਿਆ ਅਤੇ ਕਾਤਲਾਂ ਤੋਂ ਬਦਲਾ ਲਿਆ…।
ਦਾਰਾ ਫਿਰੋਜ਼ਪੁਰ ਜੇਲ੍ਹ, ਫਾਂਸੀ ਦੀ ਕੋਠੜੀ ਵਿਚ ਡੱਕਿਆ ਗਿਆ। ਜੇਲ੍ਹ ਵਿਚ ਦਾਰੇ ਦੀ ਦੋਸਤੀ ਗਾਇਕ ਜੱਗੇ ਜੱਟ ਨਾਲ ਹੋ ਗਈ। ਜਦੋਂ ਮੌਕਾ ਮਿਲਦਾ ਜੱਗਾ ਤੇ ਦਾਰਾ ਦੁੱਖ-ਸੁੱਖ ਫੋਲਦੇ, “ਕੀ ਗੱਲ ਆ ਦਾਰਿਆ, ਅੱਜ ਬੜਾ ਚੁੱਪ ਚੁੱਪ ਐਂ, ਸਰੀਰ ਤਾਂ ਵੱਲ ਆ?”
“ਹਾਂ ਜੱਗਿਆ ਸਰੀਰ ਤਾਂ ਵੱਲ ਆ। ਭਾਅ ਦਲੀਪ ਦੀ ਬਹੁਤ ਯਾਦ ਆ ਰਹੀ ਆ। ਜੇ ਲੜਾਈ ਨਾ ਹੋਈ ਹੁੰਦੀ ਤਾਂ ਮੈਂ ਕਿਤੇ ਦਾ ਕਿਤੇ ਹੋਣਾ ਸੀ…।”
“ਯਾਰ ਥੋਡਾ ਝਗੜਾ ਕਿਸ ਗੱਲ ਦਾ ਸੀ? ਤੈਨੂੰ ਕਈ ਵਾਰ ਪੁੱਛਿਆ, ਪਰ ਤੂੰ ਕੁਝ ਦਸਦਾ ਈ ਨਈਂ। ਦਿਲ ਦੀ ਗੱਲ ਦੱਸਣ ਨਾਲ ਦਿਲ ਦਾ ਬੋਝ ਹਲਕਾ ਹੋ ਜਾਂਦਾ।”
ਦਾਰੇ ਨੇ ਬੋਝ ਹਲਕਾ ਕੀਤਾ…ਗੱਲ ਵਿਚੋਂ ਏਨੀ ਸੀ, ਪਈ ਇੰਦਰ ਤੇ ਦਲੀਪ ਰਾਤ ਨੂੰ ਪਿੰਡ ਘਸੀਟਪੁਰੇ ਵੱਲ ਖੂਹ ‘ਤੇ ਜ਼ਮੀਨ ਸਿੰਜਦੇ ਰਹੇ। ਉਸੇ ਰਾਤ ਘਸੀਟਪੁਰੇ, ਕਿਸੇ ਦੇ ਖੇਤੋਂ ਕੋਈ ਤੋਰੀਆ ਵੱਢ ਕੇ ਲੈ ਗਿਆ। ਦੂਜੇ ਦਿਨ ਜਦੋਂ ਜ਼ਿਮੀਂਦਾਰ ਨੂੰ ਪਤਾ ਲੱਗਾ ਤਾਂ ਉਸ ਨੇ ਖੁਰਾ ਕੱਢਣਾ ਸ਼ੁਰੂ ਕਰ ਦਿੱਤਾ। ਜ਼ਿਮੀਂਦਾਰ ਦੀ ਜ਼ਮੀਨ ਦੁਲਚੀਪੁਰ ਵੱਲ ਹੋਣ ਕਰਕੇ ਦੁਲਚੀਪੁਰ ਦੇ ਬੰਦਿਆਂ ਤੋਂ ਵੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਸਬੱਬੀਂ ਸਾਡਾ ਸ਼ਰੀਕ ਭਰਾ ਸਰਦਾਰਾ ਉਸ ਨੂੰ ਮਿਲ ਪਿਆ।
ਤੋਰੀਏ ਦੀ ਚੋਰੀ ਬਾਰੇ ਸਰਦਾਰੇ ਦੇ ਮੂੰਹੋਂ ਨਿਕਲ ਗਿਆ ਪਈ ਪਿਛਲੀ ਰਾਤ ਇੰਦਰ ਤੇ ਦਲੀਪ ਦਾ ਖੂਹ ਚਲਦਾ ਸੀ। ਕਿਤੇ ਉਹੀ ਤੁਹਾਡਾ ਤੋਰੀਆ ਨਾ ਵੱਢ ਲਿਆਏ ਹੋਣ। ਉਹ ਜ਼ਿਮੀਂਦਾਰ ਉਨ੍ਹੀਂ ਪੈਰੀਂ ਸਾਡੇ ਘਰ ਵੱਲ ਤੁਰ ਪਿਆ। ਅਗਾਂਹ ਦਲੀਪ ਤੇ ਇੰਦਰ ਸੱਥ ‘ਚ ਬੈਠੇ ਮਿਲ ਪਏ। ਜ਼ਿਮੀਂਦਾਰ ਨੇ ਸਿੱਧਾ ਹੀ ਪੁੱਛ ਲਿਆ, “ਰਾਤ ਤੁਸੀਂ ਮੇਰੇ ਖੇਤਾਂ ‘ਚੋਂ ਤੋਰੀਆ ਵੱਢ ਲਿਆਏ ਓ?”
ਮੇਰੇ ਭਰਾ ਹੱਕੇ ਬੱਕੇ ਰਹਿ ਗਏ, “ਤੈਨੂੰ ਕੀਣ੍ਹੇ ਕਿਹਾ ਤੇਰਾ ਤੋਰੀਆ ਅਹੀਂ ਵੱਢਿਆ?”
ਪੈਰੋਂ ਕੱਢਣ ਦੇ ਮਾਰੇ ਜ਼ਿਮੀਂਦਾਰ ਨੇ ਸਰਦਾਰੇ ਦਾ ਨਾਂ ਲੈ ਦਿੱਤਾ, “ਸਰਦਾਰੇ ਨੇ ਆਪ ਦੱਸਿਆ ਪਈ ਤੁਸੀਂ ਮੇਰਾ ਤੋਰੀਆ ਵੱਢ ਲਿਆਏ ਓ।”
“ਅਹੀਂ ਤੇਰਾ ਕੋਈ ਤੋਰੀਆ ਤਾਰੀਆ ਨ੍ਹੀਂ ਵੱਢਿਆ। ਜਾਹ ਜਾ ਕੇ ਸਰਦਾਰੇ ਨੂੰ ਲਿਆ ਸਾਡੇ ਮੂੰਹ ‘ਤੇ। ਜੇ ਸਾਡੇ ‘ਤੇ ਚੋਰੀ ਦਾ ‘ਲਜ਼ਾਮ ਲਾਇਆ ਤਾਂ ਆਪਣਾ ਭਲਾ ਬੁਰਾ ਵਿਚਾਰ ਲਈਂ।”
ਜ਼ਿਮੀਂਦਾਰ ਤਾਂ ਵਾਪਸ ਮੁੜ ਗਿਆ, ਪਰ ਮੇਰੇ ਭਰਾਵਾਂ ਨੂੰ ਜਿਵੇਂ ਅੱਗ ਹੀ ਲੱਗ ਗਈ। ਉਹ ਉਸੇ ਵੇਲੇ ਸਰਦਾਰੇ ਨੂੰ ਲੱਭਣ ਤੁਰ ਪਏ। ਸਰਦਾਰਾ ਉਨ੍ਹਾਂ ਨੂੰ ਗਲੀ ਦੀ ਨੁੱਕਰ ‘ਤੇ ਮਿਲ ਪਿਆ। ਇੰਦਰ ਤੇ ਦਲੀਪ ਕੋਲ ਪਹਿਲਾਂ ਹੀ ਸੋਟੀਆਂ ਸਨ, ਉਨ੍ਹਾਂ ਨਾਲ ਹੀ ਸਰਦਾਰੇ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਸਰਦਾਰੇ ਨੂੰ ਢਾਹ ਲਿਆ।
ਸਰਦਾਰੇ ਨੇ ਸਾਡੇ ਖੂਹ ਦੀਆਂ ਟਿੰਡਾਂ ਤੋੜ ਦਿੱਤੀਆਂ, ਮਾਲ੍ਹ ਖੂਹ ‘ਚ ਡੇਗ ਦਿੱਤੀ। ਪਿੰਡ ‘ਚੋਂ ਕਿਸੇ ਨੇ ਦੱਸ ਦਿੱਤਾ, ਪਈ ਸਰਦਾਰੇ ਨੇ ਧਾਅਡੇ ਖੂਹ ਦੀ ਮਾਲ੍ਹ ਤੋੜ ਦਿੱਤੀ ਆ।
ਬੱਸ ਫੇਰ ਕੀ ਸੀ? ਅਹੀਂ ਸਕੇ ਸੋਧਰੇ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ…।
ਨਾਵਲ ਅੱਗੇ ਤੁਰਦੈ: “ਪੁੱਤਰੋ, ਵੈਰੀ ਤੇ ਸੱਪ ਕੁੱਟਿਆਂ ਹੀ ਠੀਕ ਰਹਿੰਦੇ ਆ।” ਚਾਚੇ ਨਰਾਇਣ ਸਿੰਘ ਦੀ ਸਲਾਹ ਸ਼ਰੀਕਾਂ ਨਾਲ ਕਰਾਰੇ ਹੱਥੀਂ ਸਿੱਝਣ ਦੀ ਸੀ।
“ਫੇਰ ਵੀ ਚਾਚਾ ਉਹ ਆਪਣੇ ਭਰਾ ਆ। ਅੱਜ ਗੁੱਸੇ ਆ, ਕੱਲ੍ਹ ਨੂੰ ਠੀਕ ਹੋ ਜਾਣਗੇ।” ਉਸ ਨੂੰ ਅਹਿਸਾਸ ਸੀ ਕਿ ਉਨ੍ਹਾਂ ਦਾ ਬਾਪ ਸਾਉਣ ਸਿੰਘ ਤੇ ਦਲੀਪ ਹੋਰਾਂ ਦਾ ਬਾਪ ਪਿਆਰਾ ਸਿੰਘ ਸਕੇ ਚਾਚੇ-ਤਾਇਆਂ ਦੇ ਪੁੱਤਰ ਸਨ। ਸਰਦਾਰੇ ਤੇ ਇੰਦਰ ਹੋਰਾਂ ਦੇ ਘਰ ਨਾਲੋ ਨਾਲ ਸਨ। ਤਿੰਨੇ ਭਰਾ-ਸਰਦਾਰਾ, ਗੁਰਮੁਖ ਤੇ ਬਾਵਾ ਅਤੇ ਉਨ੍ਹਾਂ ਦਾ ਚਾਚਾ ਨਰਾਇਣ ਸਿੰਘ ਬਦਲਾ ਲੈਣ ਲਈ ਉਤਾਵਲੇ ਸਨ। ਹਨੇਰਾ ਹੋਣ ਲੱਗਾ ਤਾਂ ਪਿੰਡ ਵਿਚ ਜਿਵੇਂ ਹਨੇਰ ਹੀ ਪੈ ਗਿਆ। ਚਾਂਘਰਾਂ ਗੂੰਜੀਆਂ ਤੇ ਨਾਲ ਹੀ ਲਲਕਾਰਿਆਂ ਨੇ ਕਾਰਾ ਹੋ ਜਾਣ ਦਾ ਸੰਕੇਤ ਦਿੱਤਾ, “ਮਾਰ’ਤਾ ਓਏ…ਬਚਾਓ…।”
ਦਲੀਪ ਦਾ ਕਤਲ ਹੋ ਗਿਆ ਸੀ ਤੇ ਇੰਦਰ ਦਾ ਗੁੱਟ ਵੱਢਿਆ ਗਿਆ। ਅੰਮ੍ਰਿਤਸਰ ਸੈਸ਼ਨ ਦੇ ਕੇਸ ਚੱਲਿਆ। ਚਾਰੇ ਜਣੇ ਫਸਦੇ ਦੇਖ ਵਕੀਲਾਂ ਨੇ ਸਲਾਹ ਦਿੱਤੀ, ਜੇ ਦੋ ਜਣੇ ਆਪਣਾ ਗੁਨਾਹ ਕਬੂਲ ਕਰ ਲੈਣ ਤਾਂ ਦੋ ਬਰੀ ਹੋ ਸਕਦੇ ਹਨ। ਨਰਾਇਣ ਤੇ ਬਾਵੇ ਨੇ ਸਾਰਾ ਦੋਸ਼ ਆਪਣੇ ਸਿਰ ਲੈ ਲਿਆ, ਪਰ ਜੱਜ ਨੇ ਸਰਦਾਰੇ ਤੇ ਗੁਰਮੁਖ ਨੂੰ ਫਾਂਸੀ ਅਤੇ ਨਰਾਇਣ ਤੇ ਬਾਵੇ ਨੂੰ ਸਤਾਈ ਸਾਲ ਕੈਦ ਦੀ ਸਖਤ ਸਜ਼ਾ ਸੁਣਾਈ। ਸਰਦਾਰੇ ਹੋਰੀਂ ਕੇਸ ਹਾਈ ਕੋਰਟ ਵਿਚ ਲੈ ਗਏ। ਵਕੀਲਾਂ ਦੀਆਂ ਘੁਣਤਰਾਂ ਕੰਮ ਆਈਆਂ। ਸ਼ੱਕ ਦੀ ਬਿਨਾ ਤੇ ਸਰਦਾਰਾ ਤੇ ਗੁਰਮੁਖ ਰਿਹਾ ਹੋ ਗਏ, ਪਰ ਨਰਾਇਣ ਤੇ ਬਾਵੇ ਦੀ ਸਜ਼ਾ ਬਰਕਰਾਰ ਰਹੀ।
ਜਦੋਂ ਇਹ ਸਭ ਕੁਝ ਹੋਇਆ ਤਾਂ ਦਾਰਾ ਕਿੰਗਕਾਂਗ ਨੂੰ ਹਰਾ ਕੇ ਰੁਸਤਮੇ ਜ਼ਮਾ ਬਣ ਚੁਕਾ ਸੀ। ਉਹ ਜਰਮਨੀ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਉਸ ਨੂੰ ਤਾਰ ਮਿਲੀ: ਦਲੀਪ ਦਾ ਕਤਲ ਹੋ ਗਿਆ, ਤੁਰਤ ਪਿੰਡ ਪਹੁੰਚ। ਉਹ ਜਰਮਨੀ ਜਾਣ ਦੀ ਥਾਂ ਦੁਲਚੀਪੁਰੇ ਪਹੁੰਚ ਗਿਆ। ਜਾਂਦਿਆਂ ਦਲੀਪ ਦੇ ਸਿਵੇ ‘ਤੇ ਗਿਆ ਅਤੇ ਭਾਅ ਨਾਲ ਵਾਅਦਾ ਕੀਤਾ ਕਿ…।
ਉਹ ਮੁੜ ਮੁੜ ਸੋਚਦਾ ਸਰਦਾਰਾ ਤੇ ਗੁਰਮੁਖ ਅਸਲੀ ਕਾਤਲ ਸਨ, ਅਦਾਲਤ ਨੂੰ ਰਿਹਾ ਨਹੀਂ ਸੀ ਕਰਨੇ ਚਾਹੀਦੇ, ਪਰ ਅਦਾਲਤ ਦੇ ਗਲਤ ਫੈਸਲੇ ਨਾਲ ਸਭ ਕੁਝ ਬਦਲ ਗਿਆ।
ਦੁਲਚੀਪੁਰ ਦੁਸਹਿਰੇ ਦੀ ਸਵੇਰ ਜਿਥੇ ਚਾਵਾਂ ਨਾਲ ਚੜ੍ਹੀ, ਉਥੇ ਸ਼ਾਮ ਰੋਣ ਧੋਣ ਨਾਲ ਸੋਗੀ ਹੋਈ। ਦਾਰੇ ਨੇ ਕਿਆਮਤ ਦਾ ਦਿਨ ਮਿਥ ਲਿਆ ਸੀ ਕਿ ਅੱਜ ਦੋਹਾਂ ਵੈਰੀਆਂ ਦੀ ਅਲਖ ਮੁਕਾ ਦੇਣੀ ਤੇ ਭਾਊ ਦਲੀਪ ਕੋਲ ਪੁਚਾ ਦੇਣੇ ਹਨ। ਦਾਰੇ ਦੇ ਹੱਥ ਕੁਹਾੜੀ ਸੀ ਤੇ ਇੰਦਰ ਦੇ ਹੱਥ ਤਲਵਾਰ। ਦੋ ਓਪਰੇ ਬੰਦਿਆਂ ਕੋਲ ਬਰਛੀਆਂ ਸਨ।
ਸਰਦਾਰਾ ਮੱਝਾਂ ਨਹਾਉਣ ਛੱਪੜ ਵਿਚ ਵੜਿਆ ਤਾਂ ਦਾਰਾ ਝੱਟ ਬਾਗ ‘ਚੋਂ ਨਿਕਲ ਉਹਦੇ ਸਾਹਮਣੇ ਆ ਖੜ੍ਹਾ ਹੋਇਆ। ਦਾਰੇ ਕੋਲ ਕੁਹਾੜੀ ਦੇਖ ਸਰਦਾਰੇ ਦੇ ਪਾਣੀ ਵਿਚ ਹੀ ਪਸੀਨੇ ਛੁੱਟਣ ਲੱਗੇ। ਉਹ ਛੱਪੜ ਦੇ ਦੂਜੇ ਪਾਸੇ ਗਿਆ ਤਾਂ ਓਧਰ ਤਲਵਾਰ ਲਈ ਇੰਦਰ ਖੜ੍ਹਾ ਸੀ। ਬਾਕੀ ਦੋਹਾਂ ਪਾਸਿਆਂ ‘ਤੇ ਬਰਛੀਆਂ ਵਾਲੇ ਬੰਦੇ ਖੜ੍ਹੇ ਸਨ। ਪਿੰਡ ਦੇ ਬੰਦੇ ਛੱਪੜ ਵੱਲ ਵਧੇ। ਉਹ ਦਾਰੇ ਨੂੰ ਕੁਕਰਮ ਕਰਨੋਂ ਰੋਕ ਰਹੇ ਸਨ। ਜਦੋਂ ਇਕ ਬੰਦਾ ਦਾਰੇ ਨੂੰ ਰੋਕਣ ਲਈ ਅੱਗੇ ਵਧਿਆ ਤਾਂ ਦਾਰੇ ਨੇ ਤਾੜਿਆ, “ਹਟ ਜਾ ਪਿੱਛੇ, ਅੱਜ ਜੇ ਕੋਈ ਸਾਡੇ ਵਿਚਾਲੇ ਆਇਆ, ਉਹ ਵੀ ਸਾਡਾ ਵੈਰੀ ਹੋਵੇਗਾ ਤੇ ਉਹਦੀ ਵੀ ਖੈਰ ਨ੍ਹੀਂ।” ਦਾਰੇ ਦੇ ਤੌਰ ਦੇਖ ਕੇ ਸਭ ਟਾਲਾ ਵੱਟ ਗਏ।
ਦਾਰੇ ਨੇ ਛੱਪੜ ‘ਚ ਵੜ ਕੇ ਸਰਦਾਰੇ ਨੂੰ ਗਲੋਂ ਜਾ ਫੜਿਆ ਤੇ ਪਾਣੀ ‘ਚ ਡੁਬੋਣ ਲੱਗਾ। ਸਰਦਾਰਾ ਛੱਡ ਦੇਣ ਦੇ ਤਰਲੇ ਕਰਨ ਲੱਗਾ।
“ਮੇਰੇ ਭਰਾ ਨੂੰ ਛੱਡਿਆ ਸੀ ਤੁਸੀਂ?” ਕਹਿ ਕੇ ਦਾਰੇ ਨੇ ਸਰਦਾਰੇ ਦੇ ਸਿਰ ਕੁਹਾੜੀ ਮਾਰੀ। ਕੁਹਾੜੀ ਵੱਜਣ ਸਾਰ ਹੀ ਸਰਦਾਰਾ ਨਿੱਸਲ ਹੋ ਕੇ ਛੱਪੜ ਹੇਠਾਂ ਚਲਾ ਗਿਆ ਤੇ ਉਹਦਾ ਖੂਨ ਪਾਣੀ ਦੇ ਤਲ ‘ਤੇ ਆ ਗਿਆ। ਦਾਰੇ ਨੂੰ ਏਨਾ ਗੁੱਸਾ ਸੀ ਕਿ ਸਰਦਾਰੇ ਦੀ ਪਾਣੀ ਹੇਠਾਂ ਪਈ ਲਾਸ਼ ਨੂੰ ਵੀ ਉਸ ਨੇ ਆਪਣੇ ਪੈਰਾਂ ਨਾਲ ਲਤੜ ਕੇ ਗਾਰ ਵਿਚ ਦੱਬ ਦਿੱਤਾ!
ਉਸੇ ਸਮੇਂ ਗੁਰਮੁਖ ਖੇਤਾਂ ‘ਚੋਂ ਆਉਂਦਾ, ਛੱਪੜ ਵੱਲ ਰੌਲਾ ਪੈਂਦਾ ਸੁਣ ਕੇ ਉਧਰ ਆ ਨਿਕਲਿਆ। ਲੋਕਾਂ ਨੇ ਉਸ ਨੂੰ ਛੱਪੜ ਤੋਂ ਦੂਰ ਹੀ ਰੋਕ ਲਿਆ। ਇਕ ਭਰਾ ਤੇ ਚਾਚਾ ਪਹਿਲਾਂ ਹੀ ਜੇਲ੍ਹ ‘ਚ ਸਨ, ਦੂਜਾ ਭਰਾ ਵੀ ਮਾਰਿਆ ਜਾ ਰਿਹਾ ਸੀ। ਉਹ ਗੁਰਮੁਖ ਨੂੰ ਬਚਾਉਣਾ ਚਾਹੁੰਦੇ ਸਨ। ਜੇ ਗੁਰਮੁਖ ਵੀ ਮਾਰਿਆ ਜਾਂਦਾ ਤਾਂ ਕੋਈ ਕੇਸ ਦੀ ਪੈਰਵੀ ਕਰਨ ਵਾਲਾ ਵੀ ਨਹੀਂ ਸੀ ਰਹਿਣਾ।
…ਤੇ ਗੁਰਮੁਖ ਘੋੜੀ ਲੈ ਕੇ ਤਰਨਤਾਰਨ ਦੇ ਰਾਹ ਪੈ ਗਿਆ। ਉਸ ਨੂੰ ਰਸਤੇ ਵਿਚ ਹੀ ਪਿੰਡ ਕੰਗ ਆਈ ਪੁਲਿਸ ਪਾਰਟੀ ਟੱਕਰ ਗਈ। ਗੁਰਮੁਖ ਨੇ ਸਾਰੀ ਘਟਨਾ ਹਵਲਦਾਰ ਨੂੰ ਸੁਣਾਈ ਤੇ ਨਾਲ ਚੱਲਣ ਲਈ ਕਿਹਾ। ਜਦੋਂ ਉਹ ਦੁਲਚੀਪੁਰ ਪਹੁੰਚੇ ਤਾਂ ਦਾਰਾ ਤੇ ਇੰਦਰ ਰਮਾਨ ਨਾਲ ਆਪਣੇ ਘਰ ਹੀ ਬੈਠੇ ਸਨ। ਉਨ੍ਹਾਂ ਨੇ ਕਿਧਰੇ ਵੀ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਓਪਰੇ ਬੰਦੇ ਕਾਰਾ ਕਰ ਕੇ ਜਾ ਚੁਕੇ ਸਨ। ਪੁਲਿਸ ਪਾਰਟੀ ਨੇ ਦਾਰੇ ਤੇ ਇੰਦਰ ਨੂੰ ਹਿਰਾਸਤ ਵਿਚ ਲੈ ਲਿਆ ਤੇ ਤਰਨਤਾਰਨ ਵੱਲ ਰਵਾਨਾ ਹੋ ਗਈ।
…26 ਮਾਰਚ 1951 ਦਾ ਦਿਨ ਸੋਗੀ ਸੂਰਜ ਲੈ ਕੇ ਚੜ੍ਹਿਆ। ਸੈਸ਼ਨ ਜੱਜ ਨੇ ਦਾਰੇ ਨੂੰ ਫਾਂਸੀ ਦੀ ਸ਼ਜਾ ਸੁਣਾਉਂਦਿਆਂ ਅੰਮ੍ਰਿਤਸਰ ਜੇਲ੍ਹ ਦੀ ਕਾਲ ਕੋਠੜੀ ਵਿਚ ਬੰਦ ਕਰਨ ਦਾ ਹੁਕਮ ਸੁਣਾ ਦਿੱਤਾ ਤੇ ਉਹਦੇ ਭਰਾ ਇੰਦਰ ਸਿੰਘ ਨੂੰ ਵੀਹ ਸਾਲ ਦੀ ਕੈਦ ਸੁਣਾAੁਂਦਿਆਂ ਫਿਰੋਜ਼ਪੁਰ ਦੀ ਉਸੇ ਜੇਲ੍ਹ ਵਿਚ ਭੇਜ ਦਿੱਤਾ, ਜਿਸ ਵਿਚ ਉਨ੍ਹਾਂ ਦੇ ਸ਼ਰੀਕ ਕੈਦ ਸਨ। ਕੁਝ ਦਿਨਾਂ ਪਿਛੋਂ ਦਾਰੇ ਨੂੰ ਵੀ ਫਿਰੋਜ਼ਪੁਰ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ।

1957 ਵਿਚ ਸੋਨੀਪਤ ਲਾਗੇ ਪਿੰਡ ਭੱਟਗਾਓਂ ਵਿਖੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਦਾਰਾ ਸਿੰਘ ਦੀ ਕੁਸ਼ਤੀ, ਵਿਸ਼ੇਸ਼ ਮਹਿਮਾਨ ਮਾਰਸ਼ਲ ਬੁਲਗਾਨਿਨ ਤੇ ਨਿਕੀਤਾ ਖਰੋਸ਼ਚੋਵ ਨੂੰ ਵਿਖਾਈ। ਦਾਰੇ ਦੀ ਜਿੱਤ ਦੇ ਡੰਕੇ ਵੱਜ ਗਏ। ਸੋਵੀਅਤ ਮਹਿਮਾਨ ਦਾਰੇ ਦੀ ਤਾਕਤ ਤੋਂ ਦੰਗ ਸਨ। ਦਾਰੇ ਨੂੰ ਫਿਰੋਜ਼ਪੁਰ ਜੇਲ੍ਹ ‘ਚੋਂ ਹੱਥਕੜੀਆਂ ਲਾ ਕੇ ਲਿਆਂਦਾ ਗਿਆ ਸੀ। ਜਿਉਂ ਹੀ ਕੁਸ਼ਤੀ ਜਿੱਤਣ ਪਿੱਛੋਂ ਉਹਦੇ ਹੱਥਕੜੀ ਲਾਈ ਜਾਣ ਲੱਗੀ ਤਾਂ ਦਰਸ਼ਕਾਂ ਨੇ ਰੌਲਾ ਪਾ ਦਿੱਤਾ, “ਦਾਰੇ ਨੂੰ ਰਿਹਾ ਕਰੋ।”
ਰੂਸੀ ਮਹਿਮਾਨਾਂ ਨੇ ਦੁਭਾਸ਼ੀਏ ਤੋਂ ਪੁੱਛਿਆ ਕਿ ਲੋਕ ਕੀ ਕਹਿੰਦੇ ਹਨ? ਜਦੋਂ ਦੱਸਿਆ ਕਿ ਲੋਕ ਉਹਦੀ ਰਿਹਾਈ ਮੰਗਦੇ ਹਨ ਤਾਂ ਉਨ੍ਹਾਂ ਨੇ ਪੰਡਿਤ ਨਹਿਰੂ ਨਾਲ ਗੱਲ ਕੀਤੀ। ਪੰਡਿਤ ਜੀ ਨੇ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਕੇ ਮਹਿਮਾਨਾਂ ਲਈ ਦਾਰੇ ਦੀ ਕੁਸ਼ਤੀ ਦਾ ਪ੍ਰਬੰਧ ਕਰਵਾਇਆ ਸੀ। ਮਹਿਮਾਨਾਂ ਦੀ ਇੱਛਾ ‘ਤੇ ਦਾਰੇ ਦੀਆਂ ਕੁਸ਼ਤੀਆਂ ਰਾਹੀਂ ‘ਕੱਠੇ ਕੀਤੇ ਰਿਲੀਫ ਫੰਡ ਨੂੰ ਮੁੱਖ ਰੱਖਦਿਆਂ ਦਾਰਾ ਸਿੰਘ ਤੋਂ ਰਹਿਮ ਦੀ ਅਪੀਲ ਕਰਵਾਈ ਗਈ, ਜੋ ਰਾਸ਼ਟਰਪਤੀ ਨੇ ਪ੍ਰਵਾਨ ਕਰ ਕੇ ਦਾਰਾ ਸਿੰਘ ਨੂੰ ਰਿਹਾ ਕਰ ਦਿੱਤਾ। ਦਾਰੇ ਨੇ ਰਿਲੀਫ ਫੰਡ ‘ਚੋਂ ਆਪਣਾ ਦੋ ਲੱਖ ਰੁਪਏ ਦਾ ਕੁਸ਼ਤੀ ਕਮਿਸ਼ਨ ਲੋੜਵੰਦ ਗਰੀਬਾਂ ਨੂੰ ਦੇ ਦੇਣ ਲਈ ਕਿਹਾ, ਜਿਨ੍ਹਾਂ ਦੀਆਂ ਦੁਆਵਾਂ ਨਾਲ ਉਹ ਰਿਹਾ ਹੋਇਆ। ਫਿਰ ਉਸ ਨੇ ਪਿੰਡ ਦੀ ਸਰਪੰਚੀ ਕੀਤੀ ਤੇ ਪਾਰਟੀਬਾਜ਼ੀ ਦਾ ਸ਼ਿਕਾਰ ਹੋਇਆ…।

1918 ਦਾ ਜੰਮਿਆ ਦਾਰਾ ਭਲਵਾਨ 1984 ਦੀ ਇਕ ਰਾਤ ਬੰਬੀ ਕੋਲ ਸੁੱਤਾ ਪਿਆ ਸੀ। ਬਾਰਸ਼ ਹੋਣ ਲੱਗੀ ਤਾਂ ਉਸ ਨੇ ਮੰਜਾ ਬਿਸਤਰਾ ਚੁਕਿਆ ਤੇ ਕੋਠੇ ‘ਚ ਜਾਣ ਲੱਗਾ। ਹਨੇਰੇ ਵਿਚ ਉਹ ਕਿੱਲੇ ਦਾ ਠੇਡਾ ਖਾ ਕੇ ਡਿੱਗ ਪਿਆ ਤੇ ਉਸ ਦਾ ਚੂਲਾ ਟੁੱਟ ਗਿਆ। ਤਰਨਤਾਰਨ ਇਲਾਜ ਕਰਾਇਆ, ਪਰ ਪੂਰਾ ਤੰਦਰੁਸਤ ਨਾ ਹੋ ਸਕਿਆ। ਉਮਰ ਦੇ ਆਖਰੀ ਚਾਰ ਵਰ੍ਹੇ ਉਹ ਗੁੰਮਨਾਮੀ ਦੀ ਜ਼ਿੰਦਗੀ ਜੀਵਿਆ। ਅਖੀਰ ਉਮਰੇ ਦੱਸਦੇ ਹਨ ਕਿ ਉਹ ਦੁਆਈ ਬੂਟੀ ਖੁਣੋਂ ਵੀ ਆਤੁਰ ਰਿਹਾ। ਉਸ ਨੂੰ ਸ਼ੂਗਰ ਹੋ ਗਈ ਸੀ ਤੇ ਪੈਰਾਂ ਦੇ ਦੋਵੇਂ ਅੰਗੂਠੇ ਕੱਟੇ ਗਏ ਸਨ। ਸੱਤਰ ਸਾਲ ਦੀ ਉਮਰ ਵਿਚ ਅਜਿਹਾ ਬੁੱਲਾ ਵੱਜਾ ਕਿ ਉਹ ਮੰਜੇ ਤੋਂ ਨਾ ਉਠ ਸਕਿਆ। ਫਰੀ ਸਟਾਈਲ ਕੁਸ਼ਤੀ ਦਾ ਰੁਸਤਮੇ ਜ਼ਮਾਂ, ਜਿਨ੍ਹੇ ਕਿੰਗਕਾਂਗ ਵਰਗਿਆਂ ਦੇ ਛੱਕੇ ਛੁਡਾਏ ਸਨ, ਆਖਰ ਮੌਤ ਨੇ ਢਾਹ ਲਿਆ ਤੇ 1988 ਦੀ ਇਕ ਉਦਾਸ ਰਾਤੇ ਉਹ ਰੋਂਦੀ ਕੁਰਲਾਉਂਦੀ ਬਲਬੀਰ ਕੌਰ ਨੂੰ ਵਿਧਵਾ ਛੱਡ ਕੇ ਪਰਲੋਕ ਸਿਧਾਰ ਗਿਆ।
ਹਰਬੰਸ ਸਿੰਘ ਪਹਿਲਾਂ ਤੇ ਬਲਬੀਰ ਕੌਰ 2006 ਵਿਚ ਚੱਲ ਵਸੀ। ਲੇਖਕ ਦਾ ਵਿਆਹ 2004 ਵਿਚ ਹੋਇਆ। ਉਸ ਨੇ ਬਲਬੀਰ ਕੌਰ ਅਤੇ ਉਸ ਦੇ ਪੋਤਿਆਂ ਰਘਬੀਰ ਨਾਲ ਮੁਲਾਕਾਤਾਂ ਕੀਤੀਆਂ, ਜੋ ਦਾਰਾ ਸਿੰਘ ਬਾਰੇ ਨਾਵਲ ਲਿਖਣ ਵਿਚ ਸਹਾਈ ਹੋਈਆਂ। ਮੈਂ ਵੀ ਦਾਰਾ ਸਿੰਘ ਦੇ ਦੋਹਾਂ ਪੋਤਿਆਂ ਨੂੰ ਮਿਲ ਆਇਆ ਹਾਂ। ਉਹ ਬਾਹਰ ਖੇਤਾਂ ਵਿਚ ਰਹਿੰਦੇ ਹਨ, ਜਿਥੇ ਮੱਝਾਂ ਬੱਝੀਆਂ ਹੋਈਆਂ ਸਨ। ਖੁਰਲੀਆਂ ਸਨ, ਖੁੱਲ੍ਹਾ ਵਿਹੜਾ ਤੇ ਆਲੇ ਦੁਆਲੇ ਫਸਲਾਂ ਸਨ। ਮੈਂ ਉਹ ਕਿੱਲੇ ਵਾਲੀ ਥਾਂ ਵੇਖੀ, ਜਿਥੇ ਦਾਰਾ ਰਾਤ ਦੇ ਹਨੇਰੇ ‘ਚ ਡਿੱਗਾ ਸੀ। ਸਾਧਾਰਨ ਘਰ ਹੈ ਤੇ ਘਰ ਦੇ ਦਰ ਅੱਗੇ ਦਾਰਾ ਸਿੰਘ ਦੀ ਸਮਾਧ ਹੈ, ਜਿਸ ਦੀ ਲੰਮਾਈ ਦਾਰੇ ਦੇ ਕੱਦ ਜਿੰਨੀ ਸੱਤ ਫੁੱਟ ਹੀ ਹੈ। ਪਹਿਲਾਂ ਇਹ ਇੱਟਾਂ ਦੀ ਸੀ, ਪਰ ਨਾਵਲ ਛਪਣ ਪਿਛੋਂ ਪਲੱਸਤਰ ਕਰ ਕੇ ਸੰਗਮਰਮਰ ਵਰਗੀ ਬਣਾ ਦਿੱਤੀ ਗਈ ਹੈ। ਮੈਂ ਉਹ ਬੀਹੀ ਵੀ ਵੇਖੀ, ਜਿਥੇ ਦਾਰੇ ਦੇ ਭਰਾ ਦਲੀਪ ਸਿੰਘ ਨੂੰ ਮਾਰਿਆ ਗਿਆ ਸੀ ਤੇ ਇੰਦਰ ਸਿੰਘ ਦਾ ਗੁੱਟ ਵੱਢਿਆ ਗਿਆ ਸੀ। ਹੁਣ ਉਸ ਬੀਹੀ ਦੇ ਆਲੇ-ਦੁਆਲੇ ਦਾ ਨਕਸ਼ਾ ਬਦਲ ਗਿਆ ਹੈ। ਪਿੰਡ ਅੰਦਰਲੇ ਘਰ ਬਾਹਰ ਖੇਤਾਂ ਵਿਚ ਨਿਕਲ ਗਏ ਹਨ।
ਉਹ ਛੱਪੜ, ਜਿਸ ਵਿਚ ਦਾਰੇ ਨੇ ਸਰਦਾਰੇ ਨੂੰ ਡੁਬੋ ਕੇ ਮਾਰਿਆ ਸੀ, ਹੁਣ ਛੋਟਾ ਜਿਹਾ ਰਹਿ ਗਿਆ ਹੈ। ਉਹਦੇ ਇਕ ਪਾਸੇ ਭਰਤ ਪਾ ਕੇ ਘਰ ਪਾ ਲਏ ਗਏ ਹਨ। ਜਿੱਦਣ ਅਸੀਂ ਛੱਪੜ ਵੇਖ ਰਹੇ ਸਾਂ ਤਾਂ ਲਾਗਲੇ ਘਰਾਂ ਵਾਲੇ ਸਾਡੇ ਵੱਲ ਉਂਜ ਹੀ ਵੇਖ ਰਹੇ ਸਨ, ਜਿਵੇਂ ਉੱਦਣ ਵੇਖਦੇ ਰਹੇ ਸਨ, ਜਿੱਦਣ ਸਰਦਾਰੇ ਨੂੰ ਘੇਰਿਆ ਹੋਇਆ ਸੀ। ਜਿਸ ਬਾਗ ਵਿਚ ਦਾਰੇ ਹੋਰੀਂ ਲੁਕੇ ਸਨ, ਹੁਣ ਉਹਦਾ ਨਾਂ ਨਿਸ਼ਾਨ ਨਹੀਂ ਰਿਹਾ। ਮੈਂ ਉਹ ਨਿਆਈਂ ਵੇਖੀ, ਜਿਥੇ ਪਿੰਡ ਦੇ ਲੋਕ ਬੇਵੱਸ ਖੜ੍ਹੇ ਸਨ ਤੇ ਦਾਰਾ ਸਰਦਾਰੇ ਨੂੰ ਦਿਨ-ਦਿਹਾੜੇ ਕਤਲ ਕਰ ਰਿਹਾ ਸੀ। ਹੁਣ ਛੱਪੜ ਦੇ ਕੋਲ ਵਾਟਰ ਵਰਕਸ ਦੀ ਟੈਂਕੀ ਬਣੀ ਹੋਈ ਹੈ, ਜੋ ਦੂਰੋਂ ਪਿੰਡ ਦੀ ਨਿਸ਼ਾਨਦੇਹੀ ਕਰਦੀ ਹੈ। ਛੱਪੜ ਦੇ ਨੇੜੇ ਹੀ ਸਰਦਾਰੇ ਹੋਰਾਂ ਦੇ ਖੇਤ ਹਨ, ਜਿਥੇ ਉਨ੍ਹਾਂ ਦੀ ਔਲਾਦ ਵਸਦੀ ਹੈ, ਜੋ ਦਾਰੇ ਦੇ ਪੋਤਿਆਂ ਨਾਲ ਵਰਤਦੀ ਹੈ। ਉਨ੍ਹਾਂ ਦੇ ਬਜੁਰਗਾਂ ਦਾ ਫਿਰੋਜ਼ਪੁਰ ਜੇਲ੍ਹ ਵਿਚ ਹੀ ਰਾਜ਼ੀਨਾਵਾਂ ਹੋ ਗਿਆ ਸੀ। ਮੈਂ ਉਹ ਰੁੱਖ ਵੇਖੇ, ਜਿਨ੍ਹਾਂ ਹੇਠ ਦਾਰੇ ਦੀ ਢਾਣੀ ਸੁੱਖਾ ਘੋਟਿਆ ਕਰਦੀ ਸੀ ਤੇ ਤੁੱਰੀ ਵਜਾ ਕੇ ਬਾਟਾ ਛਕਾਇਆ ਜਾਂਦਾ ਸੀ। ਮੈਨੂੰ ਉਸ ਪਿੰਡ ਵਿਚ ਹੋਰ ਤਾਂ ਬਹੁਤ ਕੁਝ ਦਿਸਿਆ, ਨਸ਼ੇ ਪੱਤੇ ਵਿਚ ਧੁੱਤ ਕੁਝ ਅਮਲੀ ਵੀ ਦਿਸੇ, ਪਰ ਕੋਈ ਅਖਾੜਾ ਨਾ ਦਿਸਿਆ, ਜਿਸ ਨੇ ਰੁਸਤਮੇ ਜ਼ਮਾਂ ਦਾਰਾ ਸਿੰਘ ਜਿਹਾ ਪਹਿਲਵਾਨ ਪੈਦਾ ਕੀਤਾ ਸੀ।
ਕਾਸ਼! ਉਹ ਤੋਰੀਏ ਦੀ ਭਰੀ ਨਾ ਵੱਢੀ ਜਾਂਦੀ ਜਾਂ ਦਾਰੇ ਹੋਰਾਂ ਦਾ ਖੂਹ ਹੀ ਨਾ ਚਲਦਾ ਹੁੰਦਾ!