ਲੁੱਟਣ ਤੋਂ ਕਿਰਤ ਲੁੱਟ ਤੱਕ ਦੀ ਸੂਝ ਉਤਪਤੀ ਦਾ ਬਿਰਤਾਂਤ

ਸਰਮਾਏਦਾਰਾਂ, ਧਨਾਢਾਂ ਹੱਥੋਂ ਕਿਰਤੀਆਂ-ਕਿਸਾਨਾਂ ਦੀ ਲੁੱਟ ਨੇ ਸਮਾਜਕ ਨਾਬਰਾਬਰੀ ਵਿਚਲੇ ਪਾੜੇ ਨੂੰ ਨਾ-ਪੂਰੇ ਜਾਣ ਦੀ ਹਾਲਤ ਤੱਕ ਪੁੱਜਦਾ ਕਰ ਦਿੱਤਾ ਹੈ। ਉਤੋਂ ਸਰਾਕਾਰਾਂ ਦੀਆਂ ਲੋਕ-ਮਾਰੂ ਨੀਤੀਆਂ ਨੇ “ਦੋ ਧੜਿਆਂ ਵਿਚ ਖਲਕਤ ਵੰਡੀ, ਇੱਕ ਲੋਕਾਂ ਦਾ, ਇੱਕ ਜੋਕਾਂ ਦਾ” ਦੇ ਸੱਚ ਜਿਹੀ ਪਾੜ-ਪਾਊ ਨੀਤੀ ਬਰਕਰਾਰ ਰੱਖਣ ਲਈ ਕਾਰਪੋਰੇਟ ਘਰਾਣਿਆਂ ਨੂੰ ਖੱਲ੍ਹੇ ਗੱਫੇ ਦੇਣ ਅਤੇ ਮਹਿੰਗਾਈ, ਟੈਕਸਾਂ, ਨਵੇਂ ਕਾਨੂੰਨਾਂ ਆਦਿ ਜ਼ਰੀਏ ਮੱਧਵਰਗੀ ਲੋਕਾਂ ਦੀ ਲੁੱਟ ਨੂੰ ਯਕੀਨੀ ਬਣਾਈ ਰੱਖਣ ਲਈ ਜ਼ੋਰ ਲਾਇਆ ਹੋਇਆ ਹੈ।

ਇਸ ਲੇਖ ਵਿਚ ਪ੍ਰਿੰ. ਬਲਕਾਰ ਸਿੰਘ ਬਾਜਵਾ ਨੇ ਇਹ ਸਭ ਜੰਜ਼ੀਰਾਂ ਤੋੜਨ ਲਈ ਮਿਹਨਤਕਸ਼ਾਂ ਨੂੰ ਇੱਕਜੁੱਟ ਹੋ ਕੇ ਕਿਰਤ ਦੀ ਹੋ ਰਹੀ ਲੁੱਟ ਖਿਲਾਫ ਹੰਭਲਾ ਮਾਰਨ ਦੀ ਗੱਲ ਕਹੀ ਹੈ। -ਸੰਪਾਦਕ

ਪ੍ਰਿੰ. ਬਲਕਾਰ ਸਿੰਘ ਬਾਜਵਾ
ਫੋਨ: 647-402-2170

ਉਦੋਂ ਦੂਜੀ ‘ਚ ਪੜ੍ਹਦਾ ਸਾਂ, ਜਦੋਂ ਚੌਦਵੀਂ ‘ਚ ਪੜ੍ਹਦੇ ਮੇਰੇ ਵੱਡੇ ਮਸੇਰ ਨੇ ਪੁੱਛਿਆ, “ਤੂੰ ਵੱਡਾ ਹੋ ਕੇ ਕੀ ਕਰਿਆ ਕਰੇਂਗਾ?”
ਸਪਾਟ, ਸਿੱਧਾ ਜਵਾਬ ਦਿੱਤਾ, “ਭਾਰ ਢੋਇਆ ਕਰਾਂਗਾ ਤੇ ਪੈਸੇ ਲੁੱਟਿਆ ਕਰਾਂਗਾ, ਹੋਰ ਕੀ!”
ਉਹ ਖਿੜ ਖਿੜਾ ਕੇ ਹੱਸਿਆ ਤੇ ਮੁੜ ਸਵਾਲ ਕੀਤਾ, “ਉਹ ਕਿਵੇਂ?”
“ਬੱਸ ਭਾਜੀ, ਸਟੇਸ਼ਨ ‘ਤੇ ਕੁਲੀ ਭਾਰ ਢੋਂਹਦੇ ਵੇਖੀਦੇ ਨੇ, ਕਿੰਨੇ ਸਾਰੇ ਪੈਸੇ ਲੁੱਟ ਲੈਂਦੇ ਨੇ।” ਉਹਦੇ ਹੱਸਣ ਤੋਂ ਕੱਚਾ ਜਿਹਾ ਹੋ ਗਿਆ। ਹੱਸਣ ਦੀ ਸਮਝ ਨਾ ਲੱਗੀ। ਭੋਲੇਪਨ ‘ਚ ਚੁੱਪ ਕਰ ਗਿਆ।
ਬਚਪਨ ‘ਚ ਮਿਲੀ/ਲੱਭੀ ਆਨਾ-ਦੁਆਨੀ ਵੇਖ ਹਾਣੀ ਪੁੱਛਦੇ, “ਯਾਰਾ ਕਿੱਥੋਂ ਲੁੱਟੀ ਆ!” ਉਹ ਆਨਾ-ਦੁਆਨੀ ਆਪਣੀ ਲੱਗਦੀ। ਪੂਰੀ ਦੀ ਪੂਰੀ ਆਪਣੀ! ਉਹਨੂੰ ਖਰਚਣ ਦੀ ਪੂਰੀ ਖੁੱਲ੍ਹ ਹੁੰਦੀ।
ਦੂਜੀ ਵੱਡੀ ਜੰਗ ਦਾ ਸਮਾਂ ਸੀ। ਮਹਿੰਗਾਈ ਸਿਖਰਾਂ ‘ਤੇ ਸੀ। ਪੈਸਾ ਵੀ ਉਦੋਂ ਲੋਕਾਂ ਕੋਲ ਬਹੁਤ ਘੱਟ ਸੀ। ਲੈਣ-ਦੇਣ ਵਿਚ ਜਿਨਸ ਵਟਾਂਦਰਾ ਚੱਲਦਾ। ਉਸ ਵਰੇਸ ‘ਚ ਸਟੇਸ਼ਨਾਂ ‘ਤੇ ਗੱਡੀ ਉੱਤਰਦਿਆਂ, ਚੜ੍ਹਦਿਆਂ ਵੇਖਣਾ ਕਿ ਲਾਲ ਵਰਦੀ ਵਾਲੇ ਕੁਲੀ/ਹਾਤੋ ਲੋਕਾਂ ਦਾ ਸਾਮਾਨ ਗੱਡੀਓਂ ਉਤਾਰਨ, ਚੜ੍ਹਾਉਣ ਪਿੱਛੋਂ ਵਾਹਵਾ ਪੈਸੇ ਮਾਠ ਲੈਂਦੇ। ਮਨ ‘ਚ ਲਾਲਸਾ ਜਿਹੀ ਪੈਦਾ ਹੁੰਦੀ, ਇਹ ਕੰਮ ਕਿੰਨਾ ਵਧੀਆ ਏ। ਇਹ ਵਾਹਵਾ ਪੈਸੇ ਲੁੱਟ ਰਹੇ ਨੇ। ਬੱਸ ਭਾਰ ਢੋਇਆ ਤੇ ਪੈਸੇ ਲੁੱਟ ਲਏ। ਹੁਣ ਉਹ ਜੋ ਮਰਜ਼ੀ ਖਰੀਦਣ ਤੇ ਖਾਣ-ਪੀਣ: ਬੱਤੇ, ਕੁਲਫੀਆਂ, ਲੱਡੂ, ਬਰਫੀ…। ਉਦੋਂ ਮੈਨੂੰ ਏਦਾਂ ਮਜ਼ਦੂਰੀ ਨਾਲ ਕਮਾਇਆ ਪੈਸਾ ਲੁੱਟ ਹੀ ਲੱਗਦਾ। ਸੋਚ ਦਾ ਦਾਇਰਾ ਹੀ ਏਡਾ ਕੁ ਸੀ।
ਪਿੰਡਾਂ ‘ਚ ਬਰਾਤਾਂ ਦੇ ਆਉਣ ਅਤੇ ਡੋਲੀ ਦੇ ਤੁਰਨ ਵੇਲੇ ਘਰ ਵਾਲੇ ਭਾਨ ਦੀਆਂ ਚੰਗੀਆ ਸੋਟਾਂ ਕਰਦੇ। ਮੁੰਡੀਰ ਪਿਛਲਖੁਰੀ ਤੁਰਦੀ ਪੈਸਿਆਂ ਮੁੱਠ ਸੁੱਟੇ ਜਾਣ ਦੀ ਝਾਕ ‘ਚ ਹੁੰਦੇ। ਜ਼ਮੀਨ ‘ਤੇ ਪੈਸੇ ਡਿੱਗਦਿਆਂ ਹੀ ਸਭ ਘੱਟੇ ਮਿੱਟੀ ‘ਚੋਂ ਪੈਸੇ ਲੱਭਣ ਲੱਗ ਪੈਂਦੇ। ਪਿੱਛੋਂ ਗਿਣਦੇ ਤੇ ਇੱਕ ਦੂਜੇ ਨੂੰ ਦੱਸਦੇ ਕਿ ਉਨ੍ਹੇ ਅੱਜ ਕਿੰਨੇ ਲੁੱਟੇ ਹਨ।
ਉਸ ਉਮਰੇ ਘਰੋਂ ਖਾਣ-ਪੀਣ ਲਈ ਮਿਲਦਾ ਸਭ ਕੁਝ ਮੁਫਤ ਹੁੰਦਾ। ਜੋ ਆਪਣੀ ਮਰਜ਼ੀ ਨਾਲ ਖਰਚਣ ਵਾਲਾ ਹੁੰਦਾ, ਉਹ ਹੀ ਆਪਣਾ ਲੱਗਦਾ। ਫੁੱਫੜ/ਮਾਸੜ ਦੇ ਆਏ ‘ਤੇ ਬੱਚੇ ਚਾਅ ਨਾਲ ਅੰਦਰ ਬਾਹਰ ਚਾਂਬੜਾਂ ਪਾਉਂਦੇ ਫਿਰਦੇ। ਸ਼ਾਇਦ ਭੂਆ/ਮਾਸੀ ਜਾਂ ਹੋਰਨਾਂ ਨੂੰ ਅਸਲੀਅਤ ‘ਚ ਕੋਈ ਖੁਸ਼ੀ ਹੁੰਦੀ ਹੋਵੇ, ਪਰ ਬੱਚੇ ਕਾਹਤੋਂ ਚਾਂਬੜਾਂ ਪਾਉਂਦੇ ਫਿਰਦੇ ਨੇ! ਕੋਲੋਂ ਲੰਘਦਾ ਲੰਬੜ ਬੁੱਢਾ ਸਿੰਘ ਹੱਸ ਕੇ ਕਹਿੰਦਾ, “ਇਹ ਤਾਂ ਖੁਸ਼ ਨੇ ਕਿ ਅੱਜ ਵਾਹਵਾ ਮਿੱਠਾ ਪਲਾ, ਸੇਵੀਆਂ, ਕੜਾਹ, ਖੀਰ ਬਣੇਗੀ। ਤਾਂ ਹੀ ਖੁਸ਼ੀ ‘ਚ ਟੱਪਦੇ ਫਿਰਦੇ ਨੇ।” ਉਨ੍ਹਾਂ ਦੇ ਵਿਦਾ ਹੋਣ ਵੇਲੇ ਵੀ ਭਤੀਜੇ/ਭਾਣਜੇ ਅੱਗੇ-ਪਿੱਛੇ ਮੋਰਾਂ ਵਾਂਗ ਪੈਲਾਂ ਪਾਉਂਦੇ ਫਿਰਦੇ। ਉਨ੍ਹਾਂ ਨੂੰ ਆਸ ਹੁੰਦੀ, ਕੁਝ ਮਿਲੇਗਾ ਜ਼ਰੂਰ। ਜੇ ਤਾਂ ਰੁਪਏ ਮਿਲਦੇ ਤਾਂ ਬਹੁਤਾ ਖੁਸ਼ ਨਾ ਹੁੰਦੇ। ਉਹ ਤਾਂ ਬੇਬੇ, ਭੂਆ, ਮਾਸੀ ਨੇ ਫੜ ਲੈਣੇ ਨੇ। ਉਨ੍ਹਾਂ ਨੂੰ ਤਾਂ ਆਨਾ-ਦੁਆਨੀ ਮਿਲੀ ਹੀ ਚੰਗੀ ਲੱਗਦੀ। ਉਹਨੇ ਹੀ ਉਨ੍ਹਾਂ ਦੀ ਆਪਣੀ ਹੋਣਾ ਸੀ।
ਬਚਪਨ ਦਾ ਉਹ ਸਮਾਂ ਵੀ ਕਦੀ ਨਹੀਂ ਭੁੱਲਦਾ, ਜਦੋਂ ਨਾਨਕੀਂ ਬਾਣੀਆਂ ਦੇ ਇੱਕ ਉਦਮੀ ਬੰਦੇ ਨੇ ਪਿੰਡ ‘ਚ ਇੱਟਾਂ ਦਾ ਇੱਕ ਛੋਟਾ ਜਿਹਾ ਭੱਠਾ ਲਾਉਣ ਦਾ ਜੁਗਾੜ ਆ ਵਿੱਢਿਆ। ਤਮਾਸ਼ਬੀਨਾਂ ਵਾਂਗ ਭੱਠੇ ਦੁਆਲੇ ਇਕੱਠੀ ਹੋਈ ਮੁੰਡੀਰ ਨੂੰ ਉਸ ਦੇ ਮੁਨਸ਼ੀ ਨੇ ਕਿਹਾ, “ਲਿਆਓ ਓਏ ਮੁੰਡਿਓ, ਔਹ ਪਾਥੀਆਂ ਚੁੱਕ ਚੁੱਕ…ਪੈਸੇ ਮਿਲਣਗੇ।” ਅਸੀਂ ਭੱਜ ਭੱਜ ਕੇ ਪਾਥੀਆਂ ਕਾਰੀਗਰਾਂ ਨੂੰ ਫੜਾਉਣ ਲੱਗ ਪਏ। ਕੁਝ ਵੱਡੇ ਬੰਦੇ ਟੋਕਰੇ/ਟੋਕਰੀਆਂ ਵਿਚ ਬਾਲਣ ਢੋ ਰਹੇ ਸੀ। ਦਿਨ ਡੁੱਬਣ ‘ਤੇ ਪੈਸਿਆਂ ਵਾਲੀ ਗੁਥਲੀ ਫੜ ਉਹਨੇ ਸਾਨੂੰ ਕਤਾਰ ‘ਚ ਖੜ੍ਹਾ ਕਰ ਦੁਆਨੀ-ਦੁਆਨੀ ਦਿੱਤੀ। ਟੋਕਰਿਆਂ/ਟੋਕਰੀਆਂ ਵਾਲਿਆਂ ਨੂੰ ਸ਼ਾਇਦ ਰੁਪਈਆ/ਅਠਿਆਨੀ ਦਿੱਤੀ ਹੋਵੇ। ਬੱਚੇ ਬੜੇ ਖੁਸ਼ ਹੋਏ ਤੇ ਵਛੇਰਿਆਂ ਵਾਂਗ ਟੀਟਨੇ ਮਾਰਦੇ ਘਰਾਂ ਨੂੰ ਭੱਜੇ। ਰਾਤ ਨੂੰ ਮੈਂ ਵੀ ਉਹ ਦੁਆਨੀ ਕਈ ਵਾਰੀ ਜੇਬ ‘ਚੋਂ ਕੱਢ ਕੱਢ ਵੇਖੀ। ਇਹ ਮੇਰੀ ਪਹਿਲੀ ਲੁੱਟ ਸਮਝੋ ਚਾਹੇ ਕਮਾਈ। ਉਹ ਮੈਨੂੰ ਬੜੀ ਪਿਆਰੀ ਤੇ ਆਪਣੀ ਲੱਗੀ। ਸਵੇਰੇ ਹੱਟੀਆਂ ਤੋਂ, ਜੋ ਚਿੱਤ ਆਇਆ ਖਾਵਾਂਗਾ, ਸੁਪਨੇ ਲੈਂਦਾ ਸੌਂ ਗਿਆ।
ਬੱਚਿਆਂ ਦੀ ਸੋਚ ਦਾ ਦਾਇਰਾ ਉਸ ਜੱਟ ਵਰਗਾ ਸੀ, ਜਿਸ ਨੇ ਫੌਜ ਦੀ ਰੰਗਰੂਟੀ ਵੇਲੇ ਸੁਭਾਵਕ ਹੀ ਆਪਣੇ ਹੌਲਦਾਰ ਕੋਲੋਂ ਪੁੱਛ ਲਿਆ, “ਬਈ ਸਾਹਿਬ, ਵੱਡੇ ਸਾਹਿਬ, ਕਰਨੈਲ ਸਾਹਿਬ ਨੂੰ ਭਲਾ ਕਿੰਨੇ ਕੁ ਪੈਸੇ ਮਿਲਦੇ ਹੋਣਗੇ?”
ਦੱਸਿਆ ਗਿਆ, “ਇਹ ਹੀ ਕੋਈ ਪੰਦਰਾਂ ਕੁ ਸੌ।”
ਬੁੱਲਾਂ ‘ਤੇ ਜੀਬ ਫੇਰ ਸੁਆਦ ਜਿਹਾ ਮਹਿਸੂਸ ਕਰਦਿਆਂ ਮੂੰਹੋਂ ਆਪ ਮੁਹਾਰੇ ਨਿਕਲਿਆ, “ਤਾਂ ਤੇ ਬਈ ਉਹ ਰੱਜ ਕੇ ਗੁੜ ਖਾਂਦਾ ਹੋਊ!”
ਸੁਣ ਕੇ ਆਸੇ-ਪਾਸੇ ਦੇ ਸਿਪਾਹੀ ਹੱਸ ਪਏ। ਸਿਪਾਹੀ ਨੂੰ ਉਦੋਂ 9 ਕੁ ਰੁਪਏ ਮਿਲਦੇ ਸਨ। ਏਦਾਂ ਦੇ ਪ੍ਰਤੀਕਰਮ ਸਾਡੀ ਸੋਚ, ਸਮਝ, ਸੂਝ ਦੇ ਦਾਇਰੇ ‘ਚੋਂ ਹੀ ਉਪਜਦੇ ਹਨ। ਮਸੇਰ ਨੂੰ ਦਿੱਤਾ ਜਵਾਬ ‘ਭਾਰ ਢੋਇਆ ਕਰਾਂਗੇ ਤੇ ਪੈਸੇ ਲੁੱਟਿਆ ਕਰਾਂਗੇ’ ਵੀ ਏਸੇ ਸੋਚ ‘ਚੋਂ ਉਪਜਿਆ ਸੀ।
ਜਦੋਂ ਬਚਪਨ ਦੇ ਕੁਝ ਸਿਆਲ ਹੁਨਾਲ ਲੰਘ ਗਏ ਹਨ। ਮਨ ‘ਚ ਸਵਾਲ ਉੱਠਣ ਲੱਗੇ ਕਿ ਪੜ੍ਹਾਈ ਕਿਉਂ ਜ਼ਰੂਰੀ ਹੈ, ਪਾਸ ਹੋਣਾ ਈ ਕਾਫੀ ਹੈ ਜਾਂ ਵੱਧ ਨੰਬਰ ਲੈਣੇ ਜ਼ਰੂਰੀ ਹਨ, ਬੇਰੁਜ਼ਗਾਰੀ ਕਿਉਂ ਹੈ, ਨੌਕਰੀ ਕਿਵੇਂ ਤਲਾਸ਼ਣੀ ਹੈ, ਆਦਿ ਇਤਿਆਦਿ? ਜਿਵੇਂ ਜਿਵੇਂ ਗਿਆਨ ਤੇ ਤਰਕ ਦੀ ਲੋਅ ਹੁੰਦੀ ਗਈ, ਸਮਝ ਵਿਗਸਣ ਲੱਗੀ। ਹੁਣ ਤੱਕ ਸੋਚ ਉਪਰਲੇ ਸਾਦਾ, ਸਿੱਧੇ ਤੇ ਸਧਾਰਨ ਜਿਹੇ ਸਵਾਲਾਂ ਨਾਲ ਹੀ ਜੂਝਦੀ ਰਹੀ ਸੀ। ਇਨ੍ਹਾਂ ਦੇ ਹੱਲ ਹੋਣ ਨਾਲ ਹੀ ਗੱਲ ਮੁੱਕ ਜਾਂਦੀ। ਹੋਰ ਅਗਾਂਹ ਫਿਰ ਸਵਾਲ ਕੁਝ ਉਚੇਰੀ ਤੇ ਚਿੰਤਨਸ਼ੀਲ ਪੱਧਰ ਵੱਲ ਵਧੇ। ਕੌਣ ਮਾਲਕ ਤੇ ਕੌਣ ਮਹਿਕੂਮ ਹੁੰਦੈ? ਮਾਲਕ ਕੌਣ ਤੇ ਮਜ਼ਦੂਰ ਕੌਣ? ਬਹੁਤੇ ਲੋਕ ਕਿਉਂ ਗਰੀਬ ਹਨ? ਬੇਇਨਸਾਫੀ ਕਿਉਂ ਹੋ ਰਹੀ ਹੈ? ਸਮਾਜ ਵਿਚ ਨਾਬਰਾਬਰੀ ਕਿਉਂ ਹੈ? ਇਹ ਕਾਣੀ ਵੰਡ ਤੇ ਲੁੱਟ-ਚੋਂਗ ਦਾ ਸਿਲਸਿਲਾ ਕਿਵੇਂ ਹੋਂਦ ‘ਚ ਆਇਆ? ਫਿਰ ਰੱਬ ਕੀ ਹੈ, ਮੌਤ ਪਿੱਛੋਂ ਕੀ, ਧਰਮ ਕੀ ਹੈ, ਏਨੇ ਧਰਮ ਕਿਉਂ ਹਨ ਆਦਿ ਸਵਾਲ ਜ਼ਿਹਨ ਵਿਚ ਉੱਠੇ ਅਤੇ ਸ਼ਹਿਦ ਦੀਆਂ ਮੱਖੀਆਂ ਵਾਂਗ ਭਿਣਭਿਣਾਉਣ ਲੱਗੇ।
ਜਿਵੇਂ ਜਿਵੇਂ ਅੱਗੇ ਪੜ੍ਹਦਾ-ਪੜ੍ਹਾਉਂਦਾ ਗਿਆ, ਗੁੜ੍ਹਦਾ, ਸੁਣਦਾ-ਸੁਣਾਉਂਦਾ ਤੇ ਵਿਚਾਰਦਾ-ਵਿਚਰਦਾ ਗਿਆ, ਗੋਸ਼ਟੀਆਂ ਵਿਚ ਸ਼ਾਮਲ ਹੋਣ ਲੱਗਾ, ਮੈਨੂੰ ਆਪਣੀ ‘ਭਾਰ ਢੋਇਆ ਕਰਾਂਗਾ ਤੇ ਪੈਸੇ ਲੁੱਟਿਆ ਕਰਾਂਗਾ’ ਗੱਲ ਯਾਦ ਆਉਂਦੀ
ਹੌਲੀ ਹੌਲੀ ਮਸੇਰ ਦੇ ਹਾਸੇ ਪਿੱਛੇ ਛੁਪੀ ਸੂਝ ਦੀ ਝਲਕ ਮਹਿਸੂਸ ਹੋਣ ਲੱਗ ਪਈ। ਮਸੇਰ ਇੱਕ ਸਮਾਜਕ ਵਿਗਿਆਨਕ ਸੂਝ ਦਾ ਧਨੀ ਸੀ। ਸਮਾਜ ‘ਚ ਹੁੰਦੀ ਲੁੱਟ ਦਾ ਹੀਜ-ਪਾਜ ਜਾਣਦਾ ਸੀ। ਮੇਰੀ ਗੱਲ ‘ਤੇ ਉਹਦਾ ਹੱਸਣਾ ਕੁਦਰਤੀ ਸੀ। ਜਿਵੇਂ ਭੋਲੇ ਜਾਟ ਸਿਪਾਹੀ ਦੀ ਰੱਜ ਕੇ ਗੁੜ ਖਾਣ ਵਾਲੀ ਗੱਲ ਨੇ ਉਹਦੇ ਉਸਤਾਦ ਤੇ ਸਾਥੀਆਂ ਨੂੰ ਹੱਸਣ ਲਾਇਆ ਸੀ। ਅੱਜ ਮੈਨੂੰ ਕਮਾਈ ਉਹ ਦੁਆਨੀ ਤੋਂ ਵੱਧ ਬਣਦੇ ਪੈਸੇ ਦੀ ਹੋਈ ਲੁੱਟ ਦੀ ਸੂਝ ਦਿੱਸਣ, ਵਿਗਸਣ ਲੱਗ ਪਈ ਐ। ਉਹ ਦੁਆਨੀ ਤਾਂ ਇੱਕ ਨਿਗੂਣਾ ਜਿਹਾ ਗੁਜ਼ਾਰਾ ਵੇਤਨ ਹੀ ਸੀ।
ਆਲਮ ਦੇ ਮਹਾਨ ਚਿੰਤਕ ਕਾਰਲ ਮਾਰਕਸ ਨੇ ਸਰਮਾਏਦਾਰੀ ਦੇ ਵਧਣ-ਫੁੱਲਣ ਦਾ ਸਰੋਤ ‘ਵਾਧੂ ਮੁੱਲ’ (ਸਰਪਲੱਸ ਵੈਲਯੂ) ਦੇ ਵਿਗਿਆਨਕ ਤਰਕ ‘ਤੇ ਆਧਾਰਤ ਕੀਤਾ। ਕਿਸੇ ਵਸਤੂ ਦਾ ਮੁੱਲ ਉਸ ਨੂੰ ਪੈਦਾ ਕਰਨ ਵਿਚ ਲੱਗੀ ਕਿਰਤ ਨਿਰਧਾਰਤ ਕਰਦੀ ਹੈ। ਵਸਤੂ ਦੇ ਪੈਦਾ ਕਰਨ ਵਿਚ ਲੱਗੀ ਪੂੰਜੀ, ਜ਼ਮੀਨ ‘ਤੇ ਪ੍ਰਬੰਧ ਦੇ ਜੋਖਮ ਅਤੇ ਲਾਭ ਤੇ ਖਰਚਿਆਂ ਦਾ ਹਿੱਸਾ ਕੱਢਣ ਪਿੱਛੋਂ ਵਸਤੂ ਦਾ ਬਾਕੀ ਸਾਰਾ ਮੁੱਲ ਕਿਰਤ ਦੀ ਹੀ ਕਮਾਈ ਹੁੰਦੀ ਹੈ, ਪਰ ਕਿਰਤ ਨੂੰ ਉਸ ਦਾ ਨਿਆਇਕ ਹਿੱਸਾ ਕਦੀ ਨਹੀਂ ਮਿਲਦਾ। ਸਗੋਂ ਉਸ ਨੂੰ ਤਾਂ ਇਹਦਾ ਇੱਕ ਨਿਗੂਣਾ ਜਿਹਾ ਭਾਗ ਦਿੱਤਾ ਜਾਂਦੈ, ਤਾਂ ਜੋ ਉਸ ਦਾ ਗੁਜ਼ਾਰਾ ਚੱਲਦਾ ਰਹੇ ਅਤੇ ਉਹ ਜਿਉਂਦਾ ਰਹੇ ਅਤੇ ਹੋਰ ਲੇਬਰ ਪੈਦਾ ਕਰਦਾ ਰਹੇ। ਇਸ ਸੱਚ ਨੂੰ ਕਦੀ ਵੀ ਝੂਠਲਾਇਆ ਨਹੀਂ ਜਾ ਸਕਦਾ। ਇਹ ਹਰ ਯੁੱਗ ਦਾ ਸੱਚ ਸੀ, ਹੁਣ ਵੀ ਹੈ ਅਤੇ ਰਹੇਗਾ। ਫਰੈਡਰਿਕ ਨੇ ਇਸ ਸੱਚ ਨੂੰ ਏਦਾਂ ਵਰਣਿਤ ਕੀਤਾ, “ਮਨੁੱਖੀ ਸਰੀਰ ਅਤੇ ਇਸ ਦੀ ਕਿਰਤ ਦੀ ਸ਼ਕਤੀ ਸਰਮਾਏਦਾਰੀ ਵੱਲੋਂ ਖੋਜੀ ਬਿਹਤਰੀਨ ਮਸ਼ੀਨ ਹੈ।”
ਬੱਸ ਇਸ ਵਾਧੂ ਮੁੱਲ ‘ਚੋਂ ਹੀ ਕਿਰਤ ਦੀ ਲੁੱਟ-ਚੋਂਗ ਦਾ ਬਾਨਣੂੰ ਬੱਝਦੈ। ਇਸ ਵਾਧੂ ਮੁੱਲ ਨੂੰ ਆਪਣੇ ਨਫੇ ਦਾ ਨਾਮ ਦੇ ਕੇ ਇਕੱਲਾ ਸਰਮਾਏਦਾਰ ਹੀ ਹੜੱਪ ਜਾਂਦੈ; ਅਤੇ ਨਫਾ ਵਧਾਉਣ ਲਈ ਉਤਪਾਦਨ ਦੇ ਵਾਧੇ ਵਿਚ ਮੁੜ ਨਿਵੇਸ਼ ਕਰ ਦਿੰਦਾ। ਇਸ ਤਰ੍ਹਾਂ ਅੱਗੋਂ ਪੂੰਜੀ ਦੇ ਵੱਡੇ ਵੱਡੇ ਅਡੰਬਰ, ਉਸਰਨੇ ਅਰੰਭ ਹੋ ਜਾਂਦੇ ਹਨ। ਨਫੇ ਹੋਰ ਵਧੀ ਤੁਰੀ ਜਾਂਦੇ ਹਨ। ਪੈਦਾਵਰ ਵਧੀ ਤੁਰੀ ਜਾਂਦੀ ਹੈ, ਵੱਧਦੀ ਪੈਦਾਵਾਰ ਉਸ ਦੇ ਮੁਨਾਫੇ, ਚੌਧਰ ਤੇ ਹਉਮੈ ਨੂੰ ਸਿਖਰ ‘ਤੇ ਲੈ ਜਾਂਦੀ ਹੈ। ਉਹ ਸਭ ਤੋਂ ਅਮੀਰ ਤੇ ਤਾਕਤਵਰ ਵਿਅਕਤੀ ਬਣ ਜਾਂਦੈ। ਭਾਵੇਂ ਉਸ ਨੂੰ ਸੌਣ ਲੱਗਿਆਂ ਨੀਂਦ ਦੀਆਂ ਗੋਲੀਆਂ ਦਾ ਫੱਕਾ ਹੀ ਕਿਉਂ ਨਾ ਮਾਰਨਾ ਪਏ, ਪਰ ਉਹਦੀ ਹਵਸ ਰੱਜਦੀ ਨਹੀਂ, ਜੋ ਇੱਕ ਪੁੱਠਾ ਭਾਂਡਾ ਹੁੰਦੀ ਹੈ। ਕਦੀ ਭਰਦੀ ਨਹੀਂ। ਇਹ ਹੀ ਇਹਦਾ ਬੁਨਿਆਦੀ ਖਾਸਾ ਹੈ। ਇਸ ਨੇ ਸਭ ਧਨਾਢਾਂ ਨੂੰ ਹਲਕਾ ਦਿੱਤਾ ਹੋਇਐ। ਹਲਕਿਆ ਕੁੱਤਾ ਖਾਣ ਲਈ ਨਹੀਂ ਵੱਢਦਾ, ਪਰ ਹਲਕਾ ‘ਚ ਅੰਨ੍ਹਾ ਹੋਇਆ, ਜੋ ਵੀ ਸਾਹਮਣੇ ਆਇਆ, ਚੱਕ ਮਾਰਦਾ ਤੁਰਿਆ ਜਾਂਦੈ।
ਦੂਜੇ ਪਾਸੇ ਮੁੱਲ ਪੈਦਾ ਕਰਨ ਵਾਲਾ ਕਿਰਤੀ ਗੁਰਬਤ ਦੀ ਦਲ-ਦਲ ਵਿਚ ਹੀ ਦਿਨ ਕੱਟੀ ਕਰਨ ‘ਤੇ ਮਜਬੂਰ ਹੁੰਦੈ। ਕਿਉਂਕਿ ਉਹ ਸਾਧਨਾਂ ਦਾ ਮਾਲਕ ਨਹੀਂ। ਉਸ ਦੀ ਮਾਲਕੀ ਕੇਵਲ ਤੇ ਕੇਵਲ ਉਸ ਦੀ ਲੇਬਰ ਸ਼ਕਤੀ ਹੁੰਦੀ ਹੈ, ਜਿਸ ਨੂੰ ਉਹ ਮੰਡੀ ਵਿਚ ਸਸਤੀ ਮਹਿੰਗੀ ਵੇਚਣ ਲਈ ਮਜਬੂਰ ਹੁੰਦੈ। ਸ਼ਾਮ ਤੱਕ ਉਹਨੇ ਤਾਂ ਪਰਿਵਾਰ ਲਈ ਪੀਪੇ ‘ਚ ਆਟਾ ਲੈ ਕੇ ਮੁੜਨਾ ਹੁੰਦੈ। ਜੋ ਵੀ ਮਿਲਦੈ, ਉਹ ਉਸ ਨਾਲ ਹੀ ਸਬਰ ਕਰਨ ‘ਤੇ ਮਜਬੂਰ ਹੁੰਦੈ। ਏਦਾਂ ਸਮਾਜ ਵਿਚ ਨਾਬਰਾਬਰੀ ਦੇ ਬੀਜ ਓਪਜਣੇ, ਵਿਗਸਣੇ, ਫਲਣੇ-ਫੁਲਣੇ ਅਰੰਭ ਹੋ ਜਾਂਦੇ ਹਨ, ਜੋ ਸਮਾਜ ਨੂੰ ਅੱਗੋਂ ਕਈ ਵਰਗਾਂ ਵਿਚ ਵੰਡ ਧਰਦੇ ਹਨ।
ਇਨ੍ਹਾਂ ਕਾਰਪੋਰੇਟਾਂ ਨੂੰ ਧਨ ਦੀ ਲਿਸ਼ਕ ਨੇ ਅੰਨ੍ਹਾ ਕੀਤਾ ਹੁੰਦੈ। ਇਸ ਪੈਸੇ ਨਾਲ ਉਹ ਰੱਬ ਨੂੰ ਵਾਹਵਾ ਚੜ੍ਹਾਵੇ ਚੜ੍ਹਾ ਆਪਣੀ ਲੁੱਟ ਦਾ ਵਕੀਲ ਬਣਾਉਣ ਲਈ ਖਰੀਦ ਰੱਖਦੈ। ਉਸ ਦਾ ਇਹ ਦਿਖਾਵਾ ਲੋਕਾਂ ‘ਚ ਭੁਲੇਖੇ ਪਾਉਣ ਦਾ ਇੱਕ ਵੱਖਰਾ ਹੀ ਚੱਕਰ ਚਲਾ ਦਿੰਦੈ। ਹੁਣ ਉਸ ਨੂੰ ਕਿਸੇ ਦਾ ਡਰ ਭਓ ਨਹੀਂ। ਸਰਕਾਰਾਂ ਤਾਂ ਪਹਿਲਾਂ ਹੀ ਉਹਦੀਆਂ ਦਾਸੀਆਂ ਹਨ। ਜਿਵੇਂ ਉਹਨੂੰ ਸੂਤ ਬੈਠਦਾ, ਉਹ ਉਹੋ ਜਿਹੇ ਕਾਨੂੰਨ ਬਣਵਾ ਲੈਂਦਾ ਹੈ। ਚੋਣਾਂ ਤਾਂ ਲੋਕਾਂ ਲਈ ਇੱਕ ਛਲਾਵਾ, ਇੱਕ ਛਲੇਡਾ ਬਣ ਪੰਜ ਸਾਲ ਬਾਅਦ ਰੂਪਮਾਨ ਜ਼ਰੂਰ ਹੁੰਦੀਆਂ ਹਨ। ਵੋਟ ਪਰਚੀ ਹੱਥ ਫੜ ਬੰਦਾ ਇੱਕ ਵਾਰੀ ਤਾਂ ਬੜਾ ਆਜ਼ਾਦ ਤੇ ਵੱਡਾ ਮਹਿਸੂਸ ਕਰਦੈ, ਪਰ ਉਸ ਦੀ ਸੋਚ ਆਜ਼ਾਦ ਨਹੀਂ। ਉਹਨੂੰ ਸਾਮ, ਦਾਮ, ਦੰਡ, ਭੇਦ ਨੇ ਗੁਲਾਮ ਬਣਾ ਦਿੱਤਾ ਹੋਇਐ। ਉਹਦੀ ਸੋਚ ਆਪਣੀ ਨਹੀਂ ਹੁੰਦੀ। ਆਪਣੀ ਸੋਚ ਤਾਂ ਬਣੇ ਜੇ ਉਸ ਨੂੰ ਕੁਝ ਸੋਚਣ, ਪੜ੍ਹਨ, ਗੁੜ੍ਹਨ ਦਾ ਵਿਹਲ ਹੋਵੇ। ਉਹਨੂੰ ਤਾਂ ਸਿਰਫ ਏਨਾ ਹੀ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਸਾਹ ਲੈਂਦਾ ਰਹੇ ਤੇ ਬੱਚੇ ਪੈਦਾ ਕਰਦਾ ਰਹੇ।
ਰਹਿੰਦੀ ਕਸਰ ਜ਼ਰਖਰੀਦ ਮੀਡੀਏ ਦੇ ਅੰਨ੍ਹੇ ਪਸਾਰ, ਪ੍ਰਚਾਰ ਅਤੇ ਕਾਰਪੋਰੇਟੀ ਨਿਜ਼ਾਮ ਦੇ ਅਮਨ ਕਾਨੂੰਨ ਦੇ ਰਖਵਾਲਿਆਂ ਦੇ ਡਰ ਸਹਿਮ ਕੱਢ ਦਿੰਦੇ ਹਨ। ਅਸਲੀਅਤ ‘ਚ ਉਹਦੀ ਸੋਚ ਚੰਗੀ ਪਾਰਟੀ/ਉਮੀਦਵਾਰ ਦੀ ਚੋਣ ਕਰਨ ਲਈ ਨਾ ਤਾਂ ਆਜ਼ਾਦ ਹੁੰਦੀ ਹੈ ਅਤੇ ਨਾ ਹੀ ਸੋਚ ਸਕਣ ਦੇ ਕਾਬਲ ਹੁੰਦੀ ਹੈ। ਵੋਟ ਵੇਲੇ ਭਾਵੇਂ ਉਹਦਾ ਹੱਥ ਆਜ਼ਾਦ ਵਿਖਾ ਦਿੱਤਾ ਜਾਂਦੈ। ਇਸ ਸਾਰੇ ‘ਤੇ ਭਰਮਾਂ ਦਾ ਮੁਲੱਮਾ ਪਖੰਡੀ ਸਾਧ, ਬਾਬੇ, ਪੀਰ, ਪੈਗੰਬਰ ਚਾੜ੍ਹ ਲੋਕਾਂ ਨੂੰ ਮੂਰਖ ਬਣਾਉਂਦੇ ਰਹਿੰਦੇ ਹਨ, ਜੋ ਮਲਕ ਭਾਗੋਆਂ ਦੇ ਢੰਡੋਰਚੀ ਹੁੰਦੇ ਹਨ।
ਕਾਰਪੋਰੇਟ ਦਾ ਰੱਬ ਹੁੰਦਾ ਹੈ ਪੈਸਾ। ਵੱਧ ਉਤਪਾਦਨ, ਵੱਧ ਮੁਨਾਫਾ; ਹੋਰ ਉਤਪਾਦਨ, ਹੋਰ ਮੁਨਾਫਾ। ਇਹ ਵਿਹੁ ਚੱਕਰ ਤੇਜ਼ ਬੂਮ ਨੂੰ ਸਿਖਰ ‘ਤੇ ਲੈ ਜਾਂਦੈ, ਜਿੱਥੇ ਉਤਪਾਦਨ ਦਾ ਹੜ੍ਹ ਆ ਜਾਂਦੈ। ਵੇਅਰ ਹਾਊਸ ਵਸਤੂਆਂ ਨਾਲ ਨੱਕੋ ਨੱਕ ਭਰ ਜਾਂਦੇ ਹਨ। ਮਾਲ ਦੀ ਓਨੀ ਖਪਤ ਨਈਂ ਹੁੰਦੀ, ਜਿੰਨੀ ਪੈਦਾਵਰ ਦੀ ਸਮਰੱਥਾ ਬਣ ਚੁਕੀ ਹੁੰਦੀ ਹੈ। ਫਿਰ ਸ਼ੁਰੂ ਹੋ ਜਾਂਦੀ ਹੈ, ਕਾਮਿਆਂ ਦੀ ਛਾਂਟੀ, ਕੰਮ ਤੋਂ ਛੁੱਟੀ। ਇਸ ਤਰ੍ਹਾਂ ਲੋਕ ਮੰਦੀ ਦੇ ਕੁੰਭੀ ਨਰਕ ‘ਚ ਧੱਕ ਦਿੱਤੇ ਜਾਂਦੇ ਹਨ। ਮੌਰਗੇਜਾਂ ਫੇਲ੍ਹ ਹੋ ਜਾਂਦੀਆਂ ਹਨ। ਇੰਸ਼ੋਰੈਂਸਾਂ ਦੀਆਂ ਅਦਾਇਗੀਆਂ ਟੁੱਟ ਜਾਂਦੀਆਂ ਹਨ। ਰੋਜ਼ਾਨਾ ਲੋੜਾਂ ਲਈ ਤਰਲੋਮੱਛੀ ਹੋਣਾ ਪੈਂਦੈ। ਸਰਮਾਏਦਾਰ ਨੂੰ ਕਿਹੜਾ ਆਪਣੀ ਦਾਲ ਰੋਟੀ ਤੇ ਕੱਪੜੇ ਦਾ ਫਿਕਰ ਹੈ। ਉਸ ਦੀਆਂ ਮਹਿਲ ਮਾੜੀਆਂ, ਐਸ਼ੋ-ਇਸ਼ਰਤ ਦੇ ਸਾਧਨ ਪਹਿਲਾਂ ਹੀ ਬੇਅੰਤ ਹਨ।
ਮਰਦਾ ਕੌਣ ਹੈ? ਗਰੀਬ ਕਿਰਤੀ ਤੇ ਕਾਮਾ, ਜੋ ਨਿਮਾਣਾ ਤੇ ਨਿਤਾਣਾ ਵਰਗ ਹੁੰਦਾ ਹੈ। ਜੋ ਸਮੇਤ ਪਰਿਵਾਰ ਦਿਨ ਰਾਤ ਜੂਝ ਕੇ ਮਸੀਂ ਆਪਣਾ ਜੀਵਨ ਤੋਰਦੈ। ਨੌਕਰੀ ਗਈ, ਫਾਕਾਕਸ਼ੀ ਨੇ ਦਰ ਆ ਮੱਲਿਆ। ਜਿਸ ਕੋਲ ਆਪਣੀ ਮਜ਼ਦੂਰੀ ਵੇਚਣ ਵਾਲੀ ਇੱਕੋ ਇੱਕ ਵਸਤੂ ਹੁੰਦੀ ਹੈ, ਪਰ ਮੰਦੀ ‘ਚ ਉਸ ਦਾ ਵੀ ਕੋਈ ਗਾਹਕ ਨਹੀਂ ਹੁੰਦਾ। ਇੱਕ ਮਿਸਾਲ ਇਸ ਸੱਚ ਨੂੰ ਪੇਸ਼ ਕਰਦੀ ਹੈ, “ਬੇਬੇ ਚੁੱਲ੍ਹਾ ਕਿਉਂ ਨਈਂ ਬਾਲਦੀ? ਕਿਉਂਕਿ ਸਾਡੇ ਕੋਲ ਲਕੜੀ ਨਹੀਂ। ਸਾਡੇ ਘਰ ਲਕੜੀ ਕਿਉਂ ਨਹੀਂ? ਕਿਉਂਕਿ ਤੇਰੇ ਬਾਪੂ ਦੀ ਕੰਮ ਤੋਂ ਛਾਂਟੀ ਹੋ ਚੁਕੀ ਹੈ। ਉਸ ਦੀ ਛਾਂਟੀ ਕਿਉਂ ਹੋਈ ਹੈ? ਕਿਉਂਕਿ ਲਕੜੀ ਬਹੁਤੀ ਹੋ ਗਈ ਐ…।”
ਸਮੁੱਚੇ ਕਿਰਤੀ ਵਰਗ ਦੀ ਤਾਕਤ ਤਾਂ ਓੜਕਾਂ ਦੀ ਹੈ! ਪਰ ਇਸ ਨੂੰ ਵੀ ਕਈ ਵਰਗਾਂ ‘ਚ ਵੰਡ ਦਿੱਤਾ ਗਿਆ ਹੋਇਐ। ਬੱਸ ਇੱਥੇ ਹੀ ਸਵਾਲ ਉੱਠਦਾ ਹੈ। ਮਜ਼ਦੂਰ ਕੌਣ ਹੈ? ਇਹ ਇੱਕ ਬੁਨਿਆਦੀ ਸਵਾਲ ਬਣ ਜਾਂਦੈ। ਇਸ ਦੀ ਸਮਝ ਬਿਨਾ ਗੱਲ ਅੱਗੇ ਕਿਵੇਂ ਤੁਰੇ! ਸਰਲ ਜਿਹੀ ਵਿਆਖਿਆ ਨਾਲ ਸ਼ਾਇਦ ਕੁਝ ਸਮਝ ਪੈ ਜਾਵੇ। ਜੇ ਮਜ਼ਦੂਰ ਆਪਣੇ ਹੱਥਾਂ ਪੈਰਾਂ, ਜਿਸਮ ਦੀ ਤਾਕਤ ਦਾ ਮਾਲਕ ਹੈ, ਜਿਹਨੂੰ ਨਿਚੋੜ ਨਿਚੋੜ ਪਹਿਲਾਂ ਹੀ ਅਧਮੋਇਆ ਕਰ ਰੱਖਿਆ ਗਿਆ ਹੈ, ਉੱਥੇ ਉਸ ਤੋਂ ਅਗਲਾ ਵਰਗ ਕੁਝ ਗਿਆਨ, ਹੁਨਰਾਂ ਦਾ ਮਾਲਕ ਹੋਣ ਕਰਕੇ ਮਜ਼ਦੂਰ ਨਾਲੋਂ ਉੱਚਾ ਤੇ ਵੱਖਰਾ ਜਿਹਾ ਮਹਿਸੂਸ ਕਰਦੈ; ਪਰ ਉਸ ਦੀ ਸੋਚ ਵਿਚ ਇੱਕ ਦਕਿਆਨੂਸੀ ਭਰਮ ਵੜਿਆ ਹੁੰਦੈ। ਉਹ ਆਪਣੇ ਆਪ ਨੂੰ ਮਜ਼ਦੂਰ ਨਹੀਂ ਸਮਝਦਾ। ਵੈਸੇ ਵਿਦੇਸ਼ਾਂ ਦੇ ਇਸ ਵਰਗ ਦੇ ਲੋਕ ਜਦੋਂ ਡੇਢ ਕੁ ਸ਼ਿਫਟ ਲਾ ਘਰ ਪਹੁੰਚਦੇ ਹਨ ਤਾਂ ਕਹਿ ਜ਼ਰੂਰ ਦਿੰਦੇ ਹਨ ਕਿ ਦਿਹਾੜੀ ਲਾ ਕੇ ਆਏ ਆਂ। ਪਰ ਸਮਝ ਵਿਚ ਮਜ਼ਦੂਰਾਂ ਨਾਲੋਂ ਥੋੜ੍ਹਾ ਵੱਖਰਾ ਜਿਹਾ ਮਹਿਸੂਸ ਕਰਦੇ ਹਨ।
ਅਗਲਾ ਵਰਗ ਚਿੱਟ ਕਪੜੀਏ ਬਾਬੂ (ਵੱਡੇ ਸਿਵਲ ਕਰਮਚਾਰੀ), ਅਧਿਆਪਕ, ਪ੍ਰੋਫੈਸਰ ਵਰਗ ਆ ਜਾਂਦੈ। ਉਸ ਨੂੰ ਵੀ ਉਜਰਤ, ਵੇਤਨ, ਤਨਖਾਹ ਦਿਨਾਂ ਦੇ ਹਿਸਾਬ ਨਾਲ ਹੀ ਮਿਲਦੀ ਹੈ, ਪਰ ਉਹ ਆਪਣੇ ਆਪ ਨੂੰ ਮਜ਼ਦੂਰ ਕਦੀ ਵੀ ਨਹੀਂ ਸਮਝਦੇ। ਗੱਲ ਦੀ ਰੈਲ ਨੂੰ ਵਲਦਿਆਂ ਨਤੀਜਾ ਇਹ ਨਿਕਲਦਾ ਹੈ ਕਿ ਜੋ ਵੀ ਨਿਸ਼ਚਿਤ ਘੰਟੇ ਜਾਂ ਦਿਨ ਦੇ ਹਿਸਾਬ ਨਾਲ ਵੇਤਨ ਲੈਂਦਾ ਹੈ, ਉਹ ਅਸਲੀਅਤ ਵਿਚ ਮਜ਼ਦੂਰ ਹੈ। ਉਹਨੂੰ ਵੀ ਮਹਿੰਗਾਈ, ਹਰ ਕਿਸਮ ਦੇ ਬੀਮਿਆਂ ਤੇ ਮੌਰਗੇਜਾਂ ਦੀਆਂ ਉੱਚੀਆਂ ਦਰਾਂ ਚੁੱਭਦੀਆਂ ਹਨ। ਉਹ ਵੀ ਮਜ਼ਦੂਰ ਜਥੇਬੰਦੀਆਂ ਵਾਂਗ ਸੜਕਾਂ ‘ਤੇ ਮੁਜਾਹਰੇ ਕਰਨ ਤੇ ਹੜਤਾਲਾਂ ਕਰਨ ਲਈ ਮਜਬੂਰ ਹੋ ਜਾਂਦੈ। ਅਸਲੀਅਤ ਵਿਚ ਹੁੰਦੇ ਸਭ ਲੋਕ ਮਿਹਨਤਕਸ਼ ਮਜ਼ਦੂਰ ਹੀ ਹਨ।
ਇਸੇ ਤਰ੍ਹਾਂ ਕਿਸਾਨੀ ਵਿਚ ਹੀ ਵੰਡੀਆਂ ਪਈਆਂ ਹੋਈਆਂ ਹਨ। ਜੇ ਕਿਤੇ ਇਹ ਇੱਕ ਵੱਡੀ ਜਥੇਬੰਦੀ ਵਿਚ ਜੁੜ ਜਾਣ ਤਾਂ ਵੇਖਿਓ, ਇਨਕਲਾਬ ਇਨ੍ਹਾਂ ਕਾਰਪੋਰੇਟਸ ਨੂੰ ਭੱਜਣ ‘ਤੇ ਮਜਬੂਰ ਕਰ ਦੇਵੇਗਾ। ਮਾਰਕਸ ਦਾ ਕਥਨ “ਦੁਨੀਆਂ ਭਰ ਦੇ ਮਿਹਨਤਕਸ਼ੋ! ਇੱਕ ਹੋ ਜਾਓ; ਤੁਹਾਡਾ ਕੁਝ ਨਹੀਂ ਗੁਆਚੇਗਾ; ਤੁਹਾਡੀਆਂ ਜੰਜ਼ੀਰਾਂ ਟੁੱਟ ਜਾਣਗੀਆਂ” ਯਾਦ ਆ ਜਾਂਦੈ। ਇਹ ਭਾਵੇਂ ਮੇਰਾ ਇੱਕ ਸੁਪਨਾ ਸਮਝੋ, ਪਰ ਤਰਕ ਦੀ ਸਾਨ ‘ਤੇ ਕਾਰਪੋਰੇਟਸ ਦੀ ਗੁਲਾਮੀ ਤੋਂ ਮੁਕਤੀ ਦਾ ਇਹ ਹੀ ਇੱਕੋ ਇੱਕ ਸ਼ਾਹਰਾਹ ਹੈ। ਸੋਚ ਬੱਸ ਏਥੇ ਆ ਖਲੋਂਦੀ ਹੈ, ਜੋ ਆਪਣੇ ਭੋਲੇਪਨ ਵਿਚ ਸਮਝਦੀ ਹੁੰਦੀ ਸੀ ਕਿ ਭਾਰ ਢੋਇਆ ਕਰਾਂਗੇ ਅਤੇ ਪੈਸੇ ਲੁੱਟਿਆ ਕਰਾਂਗੇ। ਅਸਲ ਵਿਚ ਹੁਣ ਮੰਨਣ ਲੱਗ ਪਈ ਹੈ ਕਿ ਤੂੰ, ਤੁਸੀਂ ਤੇ ਅਸੀਂ ਸਭ (ਸਿਵਾਏ ਕਾਰਪੋਰੇਟ ਸਰਮਾਏਦਾਰਾਂ ਦੇ) ਲੁੱਟੇ ਹੀ ਜਾ ਰਹੇ ਹਾਂ। ਸਮਾਜ ਦੇ ਦੋ ਹੀ ਵਰਗ ਹਨ-ਇੱਕ ਲੁੱਟੇ ਜਾ ਰਹੇ ਅਤੇ ਦੂਜੇ ਲੋਟੂ। ਇੱਕ ਮਜ਼ਦੂਰ ਤੇ ਦੂਜੇ ਮਾਲਕ। ਇੱਕ ਭੋਏਂ ਮਾਲਕ, ਦੂਜੇ ਖੇਤ ਮਜ਼ਦੂਰ। ਵੈਸੇ ਤਾਂ ਆਮ ਜੱਟ ਕਿਸਾਨ ਦੀ ਅੱਜ ਜਿਹੜੀ ਅਰਥ ਹਾਲਤ ਹੈ, ਉਸ ਦਾ ਅੰਦਾਜ਼ਾ ਤਾਂ ਉਨ੍ਹਾਂ ਦੀਆਂ ਖੁਦਕੁਸ਼ੀਆਂ ਤੋਂ ਸਹਿਜੇ ਹੀ ਲੱਗ ਜਾਂਦੈ। ਪਰ ਕਿੱਲਾ (ਜੱਟ ਮਾਨਸਿਕਤਾ) ਉਸ ਨੂੰ ਹਾਲੀ ਆਪਣੇ ਆਪ ਨੂੰ ਵੱਖਰੇ ਤੇ ਉੱਚੇ ਪੌਡੇ ਤੋਂ ਥੱਲੇ ਨਹੀਂ ਉਤਰਨ ਦਿੰਦਾ। ਪ੍ਰੋਫੈਸਰ ਮੋਹਨ ਸਿੰਘ ਦੇ ਸ਼ੇਅਰ ਨਾਲ ਹੀ ਗੱਲ ਮੁੱਕਦੀ ਐ,
ਦੋ ਟੋਟਿਆਂ ਵਿਚ ਭੋਂ ਟੁੱਟੀ,
ਇੱਕ ਮਹਿਲਾਂ ਦਾ, ਇੱਕ ਢੋਕਾਂ ਦਾ।
ਦੋ ਧੜਿਆਂ ਵਿਚ ਖਲਕਤ ਵੰਡੀ,
ਇੱਕ ਲੋਕਾਂ ਦਾ, ਇੱਕ ਜੋਕਾਂ ਦਾ।