ਜੈਸਾ ਸੇਵੈ ਤੈਸੋ ਹੋਏ

ਡਾ. ਗੁਰਨਾਮ ਕੌਰ, ਕੈਨੇਡਾ
ਸਿੱਖ ਧਰਮ ਚਿੰਤਨ ਅਨੁਸਾਰ ‘ਜੈਸਾ ਸੇਵੈ ਤੈਸੋ ਹੋਇ’ ਦਾ ਸਿਧਾਂਤ ਪ੍ਰਾਪਤ ਹੈ, ਅਰਥਾਤ ਜਿਸ ਕਿਸਮ ਦੇ ਇਸ਼ਟ ਦੀ ਮਨੁੱਖ ਅਰਾਧਨਾ ਕਰਦਾ ਹੈ, ਉਹੋ ਜਿਹਾ ਹੀ ਉਸ ਦਾ ਵਿਅਕਤੀਤਵ ਘੜਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਹੀ ਸਿੱਖ ਧਰਮ ਦੇ ਮੂਲ ਸਿਧਾਂਤ ‘ੴ ਸਤਿਨਾਮ’ ਤੋਂ ‘ਗੁਰਪ੍ਰਸਾਦਿ’ ਤੱਕ ਦੀ ਬਾਣੀ ਵਿਚ ਪਰਮਸਤਿ ਦੇ ਗੁਣ ਦੱਸੇ ਗਏ ਹਨ। ਸਿੱਖ ਧਰਮ ਚਿੰਤਨ ਦੇ ਸਿਧਾਂਤ ਅਨੁਸਾਰ ਕੁਦਰਤੀ ਹੈ ਕਿ ਮਨੁੱਖ ਜਦੋਂ ਅਜਿਹੇ ਇਸ਼ਟ ਨੂੰ ਧਿਆਵੇਗਾ ਤਾਂ ਉਸ ਦੇ ਵਿਅਕਤੀਤਵ ਵਿਚ ਵੀ ਇਹ ਸਾਰੇ ਗੁਣ ਪ੍ਰਵੇਸ਼ ਕਰਨਗੇ।

ਇਸੇ ਸਿਧਾਂਤ ਦਾ ਜ਼ਿਕਰ ਭਗਤ ਨਾਮ ਦੇਵ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਕਰਦੇ ਹਨ ਕਿ ਪਰਮਾਤਮਾ ਦਾ ਨਾਮ ਸਿਮਰਨ ਸਭ ਤੋਂ ਉੱਤਮ ਹੈ। ਭਗਤ ਨਾਮ ਦੇਵ ਨੇ ਵੱਖ ਵੱਖ ਦੇਵਤਿਆਂ ਦੀ ਪੂਜਾ ਨੂੰ ਲੈ ਕੇ ਇਸ ਤੱਥ ਨੂੰ ਸਮਝਾਇਆ ਹੈ। ਮਿਸਾਲ ਵਜੋਂ, ਜੇ ਮਨੁੱਖ ਆਪਣਾ ਧਿਆਨ ਭੈਰੋਂ ਦੀ ਪੂਜਾ ਵੱਲ ਲਾਉਂਦਾ ਹੈ ਤਾਂ ਉਹ ਮਨੁੱਖ ਭੂਤ ਬਣ ਜਾਂਦਾ ਹੈ (ਭੈਰੋਂ ਨੂੰ ਭੂਤਨਾਥ ਮੰਨਿਆ ਜਾਂਦਾ ਹੈ); ਜੋ ਸੀਤਲਾ ਨੂੰ ਅਰਾਧਦਾ ਹੈ, ਉਹ ਖੋਤੇ ਦੀ ਸਵਾਰੀ ਕਰਦਾ ਹੈ (ਸੀਤਲਾ ਨੂੰ ਖੋਤੇ ਦੀ ਸਵਾਰੀ ਕਰਦੀ ਮੰਨਿਆ ਗਿਆ ਹੈ) ਅਤੇ ਖੋਤੇ ਵਾਂਗ ਸੁਆਹ ਹੀ ਉਡਾਉਂਦਾ ਹੈ। ਜੇ ਮਨੁੱਖ ਸ਼ਿਵ ਦੀ ਅਰਾਧਨਾ ਕਰਦਾ ਹੈ ਤਾਂ ਫਿਰ ਉਸ ਨੂੰ ਸ਼ਿਵ ਵਾਂਗ ਬਲਦ ਦੀ ਸਵਾਰੀ ਕਰਨੀ ਮਿਲ ਸਕਦੀ ਹੈ, ਜਿਸ ‘ਤੇ ਚੜ੍ਹ ਕੇ ਉਹ ਡੌਰੂ ਵਜਾਉਂਦਾ ਹੈ। ਜੇ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ, ਉਹ ਪੁਰਸ਼ ਤੋਂ ਨਾਰੀ ਬਣ ਕੇ ਜਨਮ ਲੈਂਦਾ ਹੈ। ਭਵਾਨੀ ਨੂੰ ਭਗਤ ਨਾਮ ਦੇਵ ਪੁੱਛਦੇ ਹਨ ਕਿ ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ ਆਪਣੇ ਭਗਤਾਂ ਨੂੰ ਮੁਕਤੀ ਦੇਣ ਵੇਲੇ ਤੂੰ ਵੀ ਪਤਾ ਨਹੀਂ ਕਿਥੇ ਛੁਪ ਜਾਂਦੀ ਹੈਂ? ਭਗਤ ਨਾਮ ਦੇਵ ਪੰਡਿਤ ਨੂੰ ਸਤਿਗੁਰੂ ਦੀ ਸਿੱਖਿਆ ਲੈ ਕੇ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬੇਨਤੀ ਕਰਦੇ ਹਨ, ਕਿਉਂਕਿ ਗੀਤਾ, ਜਿਸ ਨੂੰ ਪੰਡਿਤ ਆਪਣੀ ਧਾਰਮਿਕ ਪੁਸਤਕ ਮੰਨਦਾ ਹੈ, ਵਿਚ ਵੀ ਇਹੀ ਉਪਦੇਸ਼ ਦਿੱਤਾ ਹੈ,
ਭੈਰਉ ਭੂਤ ਸੀਤਲਾ ਧਾਵੈ॥
ਖਰ ਬਾਹਨ ਉਹੁ ਛਾਰ ਉਡਾਵੈ॥੧॥
ਹਉ ਤਉ ਏਕ ਰਮਈਆ ਲੈ ਹਉ॥
ਆਨ ਦੇਵ ਬਦਲਾਵਨਿ ਦੈ ਹਉ॥੧॥ ਰਹਾਉ॥

ਗੁਰਮਤਿ ਰਾਮ ਨਾਮ ਗਹੁ ਮੀਤਾ॥
ਪ੍ਰਣਵੈ ਨਾਮਾ ਇਉ ਕਹੈ ਗੀਤਾ॥੫॥੨॥੬॥ (ਪੰਨਾ 874)
ਇਸੇ ਤੋਂ ਅਗਲੇ ਸ਼ਬਦ ਵਿਚ ਭਗਤ ਨਾਮ ਦੇਵ ਆਪਣੇ ਪਰਮਾਤਮ-ਅਨੁਭਵ ਦਾ ਜ਼ਿਕਰ ਕਰਦੇ ਹਨ ਕਿ ਉਨ੍ਹਾਂ ਨੂੰ ਤਾਂ ਆਪਣੇ ‘ਬੀਠਲ’ ਭਾਵ ਪਰਮਾਤਮਾ ਦੇ ਦਰਸ਼ਨ ਹੋ ਗਏ ਹਨ, ਜੋ ਨਾ ਕਿਸੇ ਮੰਦਿਰ ਵਿਚ ਵੱਸਦਾ ਹੈ ਅਤੇ ਨਾ ਹੀ ਕਿਸੇ ਮਸਜਿਦ ਵਿਚ; ਉਹ ਤਾਂ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ। ਪੰਡਿਤ ਨੂੰ ਪ੍ਰਸ਼ਨ ਕਰਦੇ ਹਨ ਕਿ ਉਸ ਨੂੰ ‘ਬੀਠਲ’ (ਪਰਮਸਤਿ) ਦੇ ਦਰਸ਼ਨ ਕਿਉਂ ਨਹੀਂ ਹੋਏ? ਕਿਉਂਕਿ ਉਸ ਨੂੰ ਨਜ਼ਰ ਨਹੀਂ ਆਉਂਦਾ, ਉਹ ਅੰਨ੍ਹਾ ਹੈ, ਜੋ ਆਪਣੀਆਂ ਦੋਵੇਂ ਅੱਖਾਂ ਬੰਦ ਕਰੀ ਬੈਠਾ ਹੈ। ਇੱਕ ਪਾਸੇ ਉਸ ਨੂੰ ਪਰਮਸਤਿ ਦੀ ਅਸਲੀਅਤ ਦਾ ਗਿਆਨ ਨਾ ਹੋਣ ਕਰਕੇ ਉਸ ਦਾ ਭਰੋਸਾ ਨਹੀਂ ਬੱਝਦਾ; ਦੂਜੇ ਉਹ ਸਮਝਦਾ ਹੈ ਕਿ ਪਰਮਸਤਿ ਸਿਰਫ ਮੰਦਿਰ ਦੀ ਚਾਰਦੀਵਾਰੀ ਤੱਕ ਮਹਿਦੂਦ ਹੈ। ਪੰਡਿਤ ਨੂੰ ਕਹਿੰਦੇ ਹਨ ਕਿ ਗਾਇਤ੍ਰੀ, ਜਿਸ ਦਾ ਤੂੰ ਪਾਠ ਕਰਦਾ ਹੈਂ, ਉਸ ‘ਤੇ ਤੇਰੀ ਸ਼ਰਧਾ ਨਹੀਂ ਬਣਦੀ, ਕਿਉਂਕਿ ਤੇਰੇ ਹੀ ਅਨੁਸਾਰ ਇੱਕ ਵਾਰ ਸਰਾਪ ਵਿਚ ਆ ਕੇ ਇਹ ਗਊ ਦੀ ਜੂਨ ਵਿਚ ਪੈ ਗਈ ਸੀ। ਗਊ ਲੋਧੇ ਜੱਟ ਦਾ ਖੇਤ ਖਾਣ ਆ ਵੜੀ, ਜਿਸ ਨੇ ਖੇਤੋਂ ਬਾਹਰ ਕੱਢਣ ਲਈ ਇਸ ਦੀ ਲੱਤ ‘ਤੇ ਸੋਟਾ ਮਾਰਿਆ ਅਤੇ ਇਹ ਲੰਗੜਾ ਕੇ ਤੁਰ ਰਹੀ ਸੀ। ਇਸੇ ਤਰ੍ਹਾਂ ਜਿਸ ਸ਼ਿਵ ਦੀ ਤੂੰ ਅਰਾਧਨਾ ਕਰਦਾ ਹੈਂ, ਉਸ ਨੂੰ ਵੀ ਬਹੁਤ ਕ੍ਰੋਧੀ ਸਮਝਦਾ ਹੈਂ, ਉਸ ‘ਤੇ ਵਿਸ਼ਵਾਸ ਕਿਵੇਂ ਬਣੇਗਾ? ਸ਼ਿਵ, ਜਿਸ ਨੂੰ ਮਹਾਂਦੇਵ ਵੀ ਕਿਹਾ ਜਾਂਦਾ ਹੈ, ਚਿੱਟੇ ਬਲਦ ‘ਤੇ ਚੜ੍ਹ ਕੇ ਕਿਸੇ ਭੰਡਾਰੀ ਦੇ ਘਰ ਤਿਆਰ ਹੋਇਆ ਖਾਣਾ ਖਾਣ ਗਿਆ, ਪਰ ਸ਼ਿਵਜੀ ਨੇ ਕਿਸੇ ਗੱਲੋਂ ਨਾਰਾਜ਼ ਹੋ ਕੇ ਸਰਾਪ ਦੇ ਦਿੱਤਾ ਅਤੇ ਸਰਾਪ ਨਾਲ ਉਸ ਭੰਡਾਰੀ ਦਾ ਪੁੱਤਰ ਮਾਰ ਦਿੱਤਾ। ਭਗਤ ਜੀ ਅੱਗੇ ਬਿਆਨ ਕਰਦੇ ਹਨ ਕਿ ਹੇ ਪਾਂਡੇ! ਤੇਰੇ ਸ੍ਰੀ ਰਾਮਚੰਦ੍ਰ ਨੂੰ ਵੀ ਆਉਂਦੇ ਦੇਖਿਆ ਹੈ। ਉਸ ਬਾਰੇ ਵੀ ਸੁਣਿਆ ਹੈ ਕਿ ਰਾਵਣ ਨਾਲ ਉਸ ਦੀ ਲੜਾਈ ਹੋ ਗਈ ਸੀ, ਕਿਉਂਕਿ ਉਹ ਆਪਣੀ ਪਤਨੀ ਸੀਤਾ ਨੂੰ ਗੁਆ ਬੈਠਾ ਸੀ। ਇੱਥੇ ਭਗਤ ਨਾਮ ਦੇਵ ਦਾ ਇਸ ਸਭ ਕੁਝ ਦੇ ਵਰਣਨ ਕਰਨ ਦਾ ਮਕਸਦ ਇਹ ਹੈ ਕਿ ਪਰਮਾਤਮਾ ਕਿਸੇ ਮੂਰਤੀ ਜਾ ਮੰਦਿਰ ਵਿਚ ਨਹੀਂ ਵੱਸਦਾ, ਉਹ ਸਰਵਵਿਆਪਕ ਹੈ, ਜਿਸ ਨੂੰ ‘ਬੀਠਲ’ ਦੀ ਮੂਰਤੀ ਬਣਾ ਕੇ ਪੰਡਿਤ ਨੇ ਮੰਦਿਰ ਵਿਚ ਸਥਾਪਤ ਕਰ ਦਿੱਤਾ ਹੈ। ਪੰਡਿਤ ਨੇ ਆਪਣੇ ਦੇਵੀ ਦੇਵਤੇ ਜਾਂ ਅਵਤਾਰ ਰਚ ਕੇ ਆਪ ਹੀ ਉਨ੍ਹਾਂ ਨਾਲ ਸੌ ਤਰ੍ਹਾਂ ਦੀਆਂ ਨੁਕਸਦਾਰ ਕਹਾਣੀਆਂ ਜੋੜ ਦਿੱਤੀਆਂ ਹਨ। ਦੇਵੀ-ਦੇਵਤੇ ਜਾਂ ਅਵਤਾਰ ‘ਪਰਮਾਤਮਾ’ ਨਹੀਂ ਹਨ, ਕਿਉਂਕਿ ਉਨ੍ਹਾਂ ਵਿਚ ਵੀ ਆਮ ਮਨੁੱਖਾਂ ਦੀ ਤਰ੍ਹਾਂ ਹੀ ਊਣਤਾਈਆਂ ਹਨ,
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ॥ਰਹਾਉ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ॥੧॥

ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥੪॥੩॥੭॥ (ਪੰਨਾ 874)
ਅਵਤਾਰਵਾਦ ਦੀ ਗੱਲ ਕਰਦਿਆਂ ਸੰਕੇਤ ਕੀਤਾ ਸੀ ਕਿ ਹਿੰਦੂ ਸ਼ਾਸਤਰਾਂ ਵਿਚ ਵਿਸ਼ਨੂੰ ਦਾ ਦੂਸਰਾ ਪ੍ਰਮੁੱਖ ਅਵਤਾਰ ਸ੍ਰੀ ਰਾਮਚੰਦ੍ਰ ਨੂੰ ਮੰਨਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸ਼ਬਦ ‘ਰਾਮ’ ਦੀ ਵਰਤੋਂ ਦੋ ਤਰ੍ਹਾਂ ਨਾਲ ਕੀਤੀ ਮਿਲਦੀ ਹੈ। ਸ਼ਬਦ ‘ਰਾਮ’ ਦੀ ਇੱਕ ਵਰਤੋਂ ਇਸ ਦੇ ਆਮ ਪ੍ਰਚਲਿਤ ਅਰਥਾਂ ‘ਪਰਮਾਤਮਾ’ ਜਾਂ ‘ਪਰਮਸਤਿ’ ਲਈ ਕੀਤੀ ਗਈ ਹੈ, ਜੋ ਸਾਰੀ ਸ੍ਰਿਸ਼ਟੀ ਵਿਚ ਰਮਿਆ ਹੋਇਆ ਹੈ, ਸਭ ਅੰਦਰ ਵੱਸ ਰਹਿਆ ਹੈ, ਆਪਣੀ ਕੁਦਰਤਿ ਵਿਚ ਇੱਕਰਸ ਵਿਆਪਕ ਹੈ, ਸਮਾਇਆ ਹੋਇਆ ਹੈ। ਦੂਜੇ ਅਰਥਾਂ ਵਿਚ ‘ਰਮਾਇਣ’ ਦੇ ਨਾਇਕ ‘ਰਾਮਚੰਦ੍ਰ’ ਲਈ ਵਰਤਿਆ ਗਿਆ ਹੈ, ਜੋ ਅਯੁੱਧਿਆ ਦੇ ਰਾਜਾ ਦਸਰਥ ਦਾ ਪੁੱਤਰ ਸੀ ਅਤੇ ਜਿਸ ਨੇ ਅਯੁੱਧਿਆ ‘ਤੇ ਰਾਜ ਕੀਤਾ। ਹਿੰਦੂ ਸ਼ਾਸਤਰਾਂ ਅਨੁਸਾਰ ਇਹ ਘਟਨਾ ਤ੍ਰੇਤਾ ਯੁੱਗ ਦੀ ਮੰਨੀ ਜਾਂਦੀ ਹੈ।
ਗੁਰੂ ਨਾਨਕ ਸਾਹਿਬ ਨੇ ‘ਸਿਧ ਗੋਸਟਿ’ ਵਿਚ ਜੋਗੀਆਂ ਨਾਲ ਸੰਵਾਦ ਕਰਦੇ ਸਮੇਂ ਉਨ੍ਹਾਂ ਦੇ ਹੀ ਸ਼ਾਸਤਰਾਂ ਵਿਚੋਂ ਰਾਜਾ ਰਾਮਚੰਦ੍ਰ੍ਰ ਦੇ ਆਪਣੀ ਪਤਨੀ ਸੀਤਾ ਨੂੰ ਲੰਕਾ ਤੋਂ ਛੁਡਵਾ ਕੇ ਲਿਆਉਣ ਦਾ ਦ੍ਰਿਸ਼ਟਾਂਤ ਵਰਤਿਆ ਹੈ ਕਿ ਕਰਤਾ ਪੁਰਖ ਨੇ ਦੁਨੀਆਂ ਨੂੰ ਤਾਰਨ ਲਈ ਗੁਰਮੁਖਿ ਰੂਪੀ ਪੁਲ ਉਵੇਂ ਬਣਾਇਆ ਹੈ, ਜਿਵੇਂ ਰਾਮਚੰਦ੍ਰ੍ਰ ਨੇ ਲੰਕਾ ਨੂੰ ਜਿੱਤਣ ਲਈ ਸਮੁੰਦਰ ‘ਤੇ ਪੁਲ ਬਣਾਇਆ ਸੀ। ਜਿਵੇਂ ਰਾਮਚੰਦ੍ਰ ਨੇ ਲੰਕਾ ਲੁੱਟੀ ਅਤੇ ਰਾਖਸ਼ ਮਾਰੇ ਸੀ; ਉਸੇ ਤਰ੍ਹਾਂ ਗੁਰੂ ਨੇ ਸਰੀਰ ਨੂੰ ਕਾਮਾਦਿਕ ਪੰਜ ਦੂਤਾਂ ਤੋਂ ਛੁਡਾ ਲਿਆ। ਜਿਵੇਂ ਰਾਮਚੰਦ੍ਰ ਨੇ ਰਾਵਣ ਨੂੰ ਮਾਰਿਆ, ਤਿਵੇਂ ਗੁਰਮੁਖਿ ਨੇ ਮਨ ਰੂਪੀ ਸੱਪ ਨੂੰ ਮਾਰ ਲਿਆ। ਜਿਵੇਂ ਘਰ ਦੇ ਭੇਤੀ ਵਿਭੀਖਣ ਦਾ ਭੇਤ ਦੱਸਣਾ ਰਾਵਣ ਨੂੰ ਮਾਰਨ ਦੇ ਕੰਮ ਆਇਆ, ਇਸੇ ਤਰ੍ਹਾਂ ਹੀ ਗੁਰੂ ਦਾ ਉਪਦੇਸ਼ ਮਨ ਨੂੰ ਮਾਰਨ ਲਈ ਕੰਮ ਆਇਆ। ਜਿਵੇਂ ਰਾਮਚੰਦ੍ਰ ਨੇ ਪੁਲ ਬੰਨ੍ਹਣ ਵੇਲੇ ਪੱਥਰ ਸਮੁੰਦਰ ‘ਤੇ ਤਾਰੇ, ਇਸੇ ਤਰ੍ਹਾਂ ਗੁਰੂ ਦੇ ਉਪਦੇਸ਼ ਨਾਲ ਸੰਸਾਰ ਸਾਗਰ ਤੋਂ ਤੇਤੀ ਕਰੋੜ ਪਾਪੀ-ਪੱਥਰ ਅਰਥਾਤ ਬੇਅੰਤ ਲੋਕ ਤਰ ਗਏ,
ਗੁਰਮੁਖਿ ਬਾਂਧਿਓ ਸੇਤੁ ਬਿਧਾਤੈ॥
ਲੰਕਾ ਲੂਟੀ ਦੈਤ ਸੰਤਾਪੈ॥
ਰਾਮਚੰਦਿ ਮਾਰਿਓ ਅਹਿ ਰਾਵਣੁ॥
ਭੇਦੁ ਬਭੀਖਣ ਗੁਰਮੁਖਿ ਪਰਚਾਇਣੁ॥ (ਪੰਨਾ 942)
ਕਿਸੇ ਗੰਭੀਰ ਗੱਲ ਨੂੰ ਜਦੋਂ ਉਸ ਮਨੁੱਖ ਦੇ ਆਪਣੇ ਸਭਿਆਚਾਰਕ ਮੁਹਾਵਰੇ ਵਿਚੋਂ ਮਿਸਾਲ ਦੇ ਕੇ ਸਮਝਾਇਆ ਜਾਂਦਾ ਹੈ ਤਾਂ ਜਾਹਰ ਹੈ ਕਿ ਉਹ ਜਲਦੀ ਸਮਝ ਆ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਵੱਡੇ ਵੱਡੇ ਦੇਵੀ ਦੇਵਤੇ ਅਤੇ ਅਵਤਾਰ ਕਹੇ ਜਾਣ ਵਾਲਿਆਂ ਦੀ ਮਿਸਾਲ ਦੇ ਕੇ ਦੱਸਦੇ ਹਨ ਕਿ ਨਾਮ ਤੋਂ ਬਿਨਾ ਸਾਰੇ ਖੁਆਰ ਹੋਏ। ਰਾਮਚੰਦ੍ਰ ਨੂੰ ਵੀ ਆਮ ਮਨੁੱਖਾਂ ਵਾਂਗ ਭਾਵਨਾਵਾਂ ਦੇ ਵਹਿਣ ਵਿਚ ਵਹਿ ਕੇ ਦੁਖੀ ਹੋਣਾ ਪਿਆ, ਕਿਉਂਕਿ ਇਹ ਸਭ ਅਕਾਲ ਪੁਰਖ ਦੇ ਨਾਮ ਤੋਂ ਵਿਹੂਣੇ ਹੋਣ ਕਰਕੇ ਹੋਇਆ। ਕੋਈ ਪੂਜਾ-ਪਾਠ, ਯੱਗ, ਹਵਨ ਆਦਿ ਪਰਮਾਤਮਾ ਦੇ ਨਾਮ ਸਿਮਰਨ ਦੇ ਬਰਾਬਰ ਨਹੀਂ ਹੈ। ਉਹ ਕਹਿੰਦੇ ਹਨ ਕਿ ਇਸੇ ਕਰਕੇ ਰਾਮਚੰਦ੍ਰ ਨੂੰ ਜਦੋਂ ਦੇਸ਼-ਨਿਕਾਲਾ ਮਿਲਿਆ ਅਰਥਾਤ ਬਣਵਾਸ ਲਈ ਜਾਣਾ ਪਿਆ, ਤਦ ਵੀ ਉਹ ਰੋਇਆ ਅਤੇ ਜਦੋਂ ਸੀਤਾ ਤੇ ਲੱਛਮਣ ਉਸ ਤੋਂ ਵਿਛੜ ਗਏ, ਤਦ ਵੀ ਰੋਇਆ। ਰਾਵਣ ਜਦੋਂ ਸਾਧੂ ਬਣ ਕੇ ਸੀਤਾ ਨੂੰ ਚੁਰਾ ਲਿਆਇਆ ਸੀ ਤਾਂ ਉਸ ਨੂੰ ਲੰਕਾ ਗੁਆਉਣੀ ਪਈ ਅਤੇ ਲੰਕਾ ਗੁਆ ਕੇ ਫਿਰ ਉਹ ਵੀ ਰੋਇਆ,
ਰੋਵੈ ਰਾਮ ਨਿਕਾਲਾ ਭਇਆ॥
ਸੀਤਾ ਲਖਮਣੁ ਵਿਛੁੜਿ ਗਇਆ॥
ਰੋਵੈ ਦਹਸਿਰੁ ਲੰਕ ਗਵਾਇ॥
ਜਿਨ ਸੀਤਾ ਆਦੀ ਡਉਰੂ ਵਾਇ॥…
ਮੰਨੇ ਨਾਉ ਸੋਈ ਜਿਣਿ ਜਾਇ॥
ਅਉਰੀ ਕਰਮ ਨ ਲੇਖੈ ਲਾਇ॥(ਪੰਨਾ 953-54)
ਇੱਕ ਹੋਰ ਸਲੋਕ ਵਿਚ ਗੁਰੂ ਨਾਨਕ ਇਸ ਤੱਥ ਨੂੰ ਦ੍ਰਿੜ ਕਰਾਉਂਦੇ ਹਨ ਕਿ ਕਰਣ-ਕਾਰਣ ਸਮਰੱਥ ਸਿਰਫ ਪਰਮਸਤਿ ਹੈ, ਕੋਈ ਅਵਤਾਰ ਜਾਂ ਦੇਵਤਾ ਉਸ ਦੇ ਤੁਲ ਨਹੀਂ ਹੈ। ਉਹ ਪੈਦਾ ਕਰਕੇ, ਨਾਸ ਕਰਕੇ ਸਭ ਕੁਝ ਆਪ ਹੀ ਦੇਖਦਾ ਹੈ। ਰਾਮਚੰਦ੍ਰ ਦੀ ਮਿਸਾਲ ਦਿੰਦੇ ਹਨ ਕਿ ਉਹ ਫੌਜਾਂ ਇਕੱਠੀਆਂ ਕਰਦਾ ਹੈ, ਉਸ ਕੋਲ ਅਧਿਕਾਰ ਵੀ ਹੈ, ਤਾਕਤ ਵੀ ਹੈ। ਵਾਨਰਾਂ ਦੀ ਫੌਜ ਰਾਹੀਂ ਉਸ ਦੀ ਸੇਵਾ ਵੀ ਹੋ ਰਹੀ ਹੈ; ਮਨ ਅਤੇ ਤਨ ਵਿਚ ਯੁੱਧ ਕਰਨ ਦਾ ਚਾਉ ਵੀ ਹੈ। ਫਿਰ ਵੀ ਰਾਮਚੰਦ੍ਰ ਦੁਖੀ ਹੁੰਦਾ ਹੈ, ਕਿਉਂਕਿ ਸੀਤਾ ਨੂੰ ਰਾਵਣ ਲੈ ਗਿਆ ਹੈ ਅਤੇ ਲੱਛਮਣ ਸਰਾਪ ਨਾਲ ਮਰ ਗਿਆ ਹੈ। ਕਰਤਾ ਪੁਰਖ ਕਿਸੇ ਦਾ ਮੁਥਾਜ ਨਹੀਂ ਹੈ, ਕਿਉਂਕਿ ਉਹ ਸਰਵ-ਸਮਰੱਥ ਹੈ। ਰਾਮਚੰਦ੍ਰ ਕਰਤਾ ਪੁਰਖ ਦੇ ਬਰਾਬਰ ਨਹੀਂ ਹੋ ਸਕਦਾ। ਰਾਮਚੰਦ੍ਰ ਸੀਤਾ ਅਤੇ ਲੱਛਮਣ ਦੀ ਖਾਤਰ ਦੁਖੀ ਹੋਇਆ। ਉਸ ਨੇ ਮਨ ਵਿਚ ਹਨੂੰਮਾਨ ਨੂੰ ਯਾਦ ਕੀਤਾ, ਜੋ ਸੰਜੋਗ ਦੇ ਕਾਰਨ ਉਸ ਦੀ ਸ਼ਰਨ ਆ ਗਿਆ ਸੀ ਅਤੇ ਸੰਜੋਗ ਤਾਂ ਕਰਤਾ ਪੁਰਖ ਬਣਾਉਂਦਾ ਹੈ। ਰਾਵਣ ਮੂਰਖ ਸੀ, ਜਿਸ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਪਰਮਾਤਮਾ ਨੇ ਸਭ ਕੁਝ ਆਪ ਕੀਤਾ ਹੈ,
ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ॥
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ॥
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ॥
ਨਾਨਕ ਕਰਤਾ ਕਰਣਹਾਰੁ ਕਰਿ ਵੈਖੇ ਥਾਪਿ ਉਥਾਪਿ॥੨੫॥
ਮਨ ਮਹਿ ਝੂਰੈ ਰਾਮਚੰਦ੍ਰੁ ਸੀਤਾ ਲਛਮਣ ਜੋਗੁ॥
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ॥
ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ॥
ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ॥੨੬॥ (ਪੰਨਾ 1412)
ਗੁਰੂ ਅਰਜਨ ਦੇਵ ਜੀ ਅਨੁਸਾਰ ਪਰਮਾਤਮਾ ਦਾ ਨਾਮ ਹੀ ਸਭ ਕੁਝ ਹੈ। ਉਹ ਉਪਦੇਸ਼ ਕਰਦੇ ਹਨ ਕਿ ਗੁਰੂ ਦੀ ਸੰਗਤਿ ਤੋਂ ਸਦਕੇ ਜਾਈਏ, ਜਿੱਥੇ ਜਾ ਕੇ ਪਰਮਸਤਿ ਨਾਲ ਮੇਲ ਹੁੰਦਾ ਹੈ। ਸ੍ਰੀ ਰਾਮਚੰਦ੍ਰ ਦੀ ਲਾਠੀ ਦੇ ਦ੍ਰਿਸ਼ਟਾਂਤ ਨਾਲ ਸਮਝਾਉਂਦੇ ਹਨ ਕਿ ਨਾਮ ਸਿਮਰਨ ਹੀ ਸਭ ਦਾ, ਸਭ ਤੋਂ ਵੱਡਾ ਆਸਰਾ ਹੈ। ਰਾਮਚੰਦ੍ਰ ਪਾਸ ਰਾਜ ਦੀ ਨਿਸ਼ਾਨੀ ਲਾਠੀ ਹੁੰਦੀ ਸੀ, ਜਿਸ ਤੋਂ ਮਾੜੇ ਪੁਰਸ਼ਾਂ ਨੂੰ ਸਜ਼ਾ ਦਾ ਭੈ ਰਹਿੰਦਾ ਸੀ ਅਤੇ ਸਾਰੇ ਰਾਜ ਵਿਚ ਸੁੱਖ ਅਤੇ ਸ਼ਾਂਤੀ ਵਰਤਦੀ ਸੀ। ਗੁਰੂ ਅਰਜਨ ਦੇਵ ਅਨੁਸਾਰ ਪਰਮਾਤਮਾ ਦਾ ਨਾਮ ਹੀ ਉਹ ਲਾਠੀ ਹੈ, ਜੋ ਸੁੱਖ ਤੇ ਸ਼ਾਂਤੀ ਦੇਣ ਵਾਲਾ ਅਤੇ ਸਭ ਦਾ ਆਸਰਾ ਹੈ। (ਪੰਨਾ 817) ਗੁਰੂ ਅਰਜਨ ਦੇਵ ਨਤੀਜਾ ਇਹ ਕੱਢਦੇ ਹਨ ਕਿ ਉਹ ਅਕਾਲ ਪੁਰਖ ਹੀ ਸਾਡੇ ਲਈ ਰਾਮਚੰਦ੍ਰ, ਬਨਵਾਲੀ, ਸੁਦਰਸ਼ਨ ਚੱਕ੍ਰਧਾਰੀ, ਵਿਸ਼ਨੂੰ ਆਦਿ ਹੈ, ਜਿਸ ਦਾ ਨਾਹੀ ਕੋਈ ਰੂਪ ਹੈ, ਨਾ ਰੇਖਾ ਹੈ; ਜੋ ਬੇਮਿਸਾਲ ਸਰੂਪ ਵਾਲਾ ਹੈ ਅਤੇ ਸਾਰੀ ਦੁਨੀਆਂ ਦਾ ਦਾਤਾ ਉਹ ਇੱਕ ਹੈ, ਬਾਕੀ ਸਭ ਉਸੇ ਤੋਂ ਮੰਗਦੇ ਹਨ,
ਸ੍ਰੀ ਰਾਮਚੰਦ੍ਰ ਜਿਸੁ ਰੂਪ ਨ ਰੇਖਿਆ॥
ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ॥
ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ॥੪॥
ਇਸੇ ਨੂੰ ਗੁਰੂ ਨਾਨਕ ਸਾਹਿਬ ਨੇ ‘ਸਹਸ ਮੂਰਤਿ ਨਨਾ ਏਕੁ ਤੁਹੀ’ ਕਿਹਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਇਸ ਸਾਰੇ ਬ੍ਰਹਿਮੰਡ ਦੀ ਰਚਨਾ ਪਰਮਸਤਿ ਨੇ ਆਪਣੇ ਆਪ ਤੋਂ ਕੀਤੀ ਹੈ ਅਤੇ ਸਾਰੇ ਮਨੁੱਖਾਂ ਵਿਚ ਉਸ ਇੱਕੋ ਕਰਤਾ ਪੁਰਖ ਦੀ ਜੋਤਿ ਵਿਆਪਕ ਹੈ; ਸਾਰੇ ਉਸੇ ਇੱਕੋ ਜੋਤਿ ਤੋਂ ਰੌਸ਼ਨ ਹਨ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ‘ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥’ ਰਾਹੀਂ ਦੱਸਿਆ ਹੈ। ਸਾਰੇ ਉਸ ਇੱਕੋ ਕਰਤਾ ਪੁਰਖ ਦੀ ਸਿਰਜਣਾ ਹੋਣ ਕਰਕੇ ਜਾਤਿ, ਵਰਣ ਜਾਂ ਇਸਤਰੀ ਪੁਰਸ਼ ਹੋਣ ਦੇ ਨਾਤੇ ਵਖਰੇਵਾਂ ਕਰਨਾ ਗੁਰਮਤਿ ਫਲਸਫੇ ਅਨੁਸਾਰ ਗੈਰ-ਕੁਦਰਤੀ ਅਤੇ ਗੈਰ-ਸਿਧਾਂਤਕ ਹੈ। ਇਸ ਲਈ ਜਾਤਿ ਅਤੇ ਗੋਤਿ ਦੀ ਕੋਈ ਅਹਿਮੀਅਤ ਨਹੀਂ ਹੈ। ਮਨੁੱਖ ਛੋਟਾ ਜਾਂ ਵੱਡਾ ਆਪਣੇ ਕੀਤੇ ਹੋਏ ਕੰਮਾਂ ਕਰਕੇ ਹੁੰਦਾ ਹੈ। ਮਨੁੱਖ ਦੇ ਸਾਹਮਣੇ ਆਦਰਸ਼ ਆਪਣੇ ਅੰਦਰ ਵੱਸ ਰਹੀ ਉਸ ਜੋਤਿ ਨੂੰ ਅਨੁਭਵ ਕਰਨ ਦਾ ਰੱਖਿਆ ਹੈ, “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ” ਕਿਉਂਕਿ ਮੂਲ ਨੂੰ ਪਛਾਣਨਾ ਅਹਿਮ ਹੈ, ਜਾਤਿ ਮਨੁੱਖ ਦੇ ਨਾਲ ਨਹੀਂ ਜਾਣੀ। ਜਾਤਿ-ਗੋਤ ਪਰਮਾਤਮਾ ਨੇ ਨਹੀਂ ਬਣਾਈ, ਇਹ ਮਨੁੱਖ ਦੀ ਆਪੂੰ ਸਿਰਜੀ ਹੋਈ ਹੈ, “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥”
ਸਾਰੇ ਮਨੁੱਖਾਂ ਦਾ ਸੰਸਾਰ ‘ਤੇ ਆਉਣ ਦਾ ਵੀ ਇੱਕੋ ਕੁਦਰਤੀ ਢੰਗ ਹੈ-ਮਾਂ ਦੇ ਪੇਟ ਵਿਚ ਨੇਪਰੇ ਚੜ੍ਹਨਾ ਅਤੇ ਜਨਮ ਲੈਣਾ; ਇਸ ਸੰਸਾਰ ਤੋਂ ਜਾਣ ਦਾ ਵੀ ਇੱਕੋ ਢੰਗ ਹੈ-ਸਰੀਰ ਨਾਲੋਂ ਜੋਤਿ ਦਾ ਵੱਖ ਹੋ ਜਾਣਾ। ਇਹ ਸਭ ਉਸ ਕਰਤਾ ਪੁਰਖ ਦਾ ਖੇਲ ਹੈ, ਜਿਸ ਬਾਰੇ ਗੁਰੂ ਨਾਨਕ ਸਪੱਸ਼ਟ ਕਰਦੇ ਹਨ ਕਿ ਉਸ ਸਿਰਜਣਹਾਰ ਨੇ ਮਾਂ ਦੇ ਲਹੂ ਅਤੇ ਪਿਉ ਦੇ ਵੀਰਜ ਦੀ ਬੂੰਦ ਨੂੰ ਰਲਾ ਕੇ ਮਨੁੱਖ ਦਾ ਸਰੀਰ ਬਣਾ ਦਿੱਤਾ ਤੇ ਸੁਹਣੀ ਸ਼ਕਲ ਦੇ ਦਿੱਤੀ। ਹਰੇਕ ਜੀਵ ਦੇ ਅੰਦਰ ਉਸੇ ਦੀ ਜੋਤਿ ਹੈ, ਮਨੁੱਖ ਕੋਲ ਜੋ ਵੀ ਪਦਾਰਥਾਂ ਦੀ ਬਖਸ਼ਿਸ਼ ਹੈ, ਉਹ ਵੀ ਉਸੇ ਦੀ ਦਿੱਤੀ ਹੋਈ ਦਾਤ ਹੈ, ਉਹ ਅਪਾਰ ਪਰਮਾਤਮਾ ਹਰ ਥਾਂ ਮੌਜੂਦ ਹੈ,
ਮਾ ਕੀ ਰਕਤੁ ਪਿਤਾ ਬਿਦੁ ਧਾਰਾ॥
ਮੂਰਤਿ ਸੂਰਤਿ ਕਰਿ ਆਪਾਰਾ॥
ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ॥੪॥ (ਪੰਨਾ 1022)
ਜਦੋਂ ਜੀਵ ਮਾਂ ਦੇ ਪੇਟ ਵਿਚ ਹੁੰਦਾ ਹੈ ਤਾਂ ਉਸ ਦੀ ਕੋਈ ਕੁਲ ਜਾਂ ਜਾਤਿ ਨਹੀਂ ਹੁੰਦੀ। ਜੇ ਜਾਤਾਂ ਪਰਮਾਤਮਾ ਨੇ ਬਣਾਈਆਂ ਹੁੰਦੀਆਂ ਤਾਂ ਹਰ ਜਾਤਿ ਲਈ ਪੈਦਾ ਹੋਣ ਦੇ ਵੱਖੋ ਵੱਖਰੇ ਢੰਗ ਤਰੀਕੇ ਹੁੰਦੇ। ਸਾਰੇ ਮਨੁੱਖ ਇੱਕੋ ਕੁਦਰਤੀ ਢੰਗ ਅਨੁਸਾਰ ਜਨਮ ਲੈਂਦੇ ਅਤੇ ਮਰਦੇ ਹਨ। ਭਗਤ ਕਬੀਰ ਜੀ ਮਨੁੱਖ ਵੱਲੋਂ ਪੈਦਾ ਕੀਤੇ ਜਾਤਿ ਪ੍ਰਬੰਧ ‘ਤੇ ਤਰਕ ਕਰਦਿਆਂ ਪੰਡਿਤ ਨੂੰ ਸਵਾਲ ਕਰਦੇ ਹਨ ਕਿ ਜੇ ਤੂੰ ਬਾਕੀ ਮਨੁੱਖਾਂ ਨਾਲੋਂ ਅਲੱਗ ਜਾਂ ਉੱਚਾ ਹੈਂ, ਅਸਲੀਅਤ ਵਿਚ ਬ੍ਰਾਹਮਣ ਹੈਂ ਅਤੇ ਬ੍ਰਾਹਮਣ ਇਸਤਰੀ ਦੇ ਪੇਟ ਵਿਚੋਂ ਪੈਦਾ ਹੋਇਆ ਹੈਂ ਤਾਂ ਤੂੰ ਆਮ ਮਨੁੱਖਾਂ ਨਾਲੋਂ ਵੱਖਰੇ ਢੰਗ ਨਾਲ ਪੈਦਾ ਕਿਉਂ ਨਹੀਂ ਹੋਇਆ? ਤੁਸੀਂ ਬ੍ਰਾਹਮਣ ਕਿਵੇਂ ਬਣ ਗਏ ਅਤੇ ਅਸੀਂ ਸ਼ੂਦਰ ਕਿਵੇਂ ਰਹਿ ਗਏ? ਬ੍ਰਾਹਮਣਾਂ ਦੀਆਂ ਨਾੜਾਂ ਵਿਚ ਕਿਵੇਂ ਨਿਰ੍ਹਾ ਦੁੱਧ ਵਗਦਾ ਹੈ ਅਤੇ ਸ਼ੂਦਰਾਂ ਦੀਆਂ ਨਾੜਾਂ ਵਿਚ ਕਿਵੇਂ ਨਿਰ੍ਹਾ ਲਹੂ ਵਹਿੰਦਾ ਹੈ? ਪਰਮਾਤਮਾ ਵੱਲੋਂ ਸਾਰੇ ਮਨੁੱਖਾਂ ਦੀ ਬਣਤਰ ਇੱਕੋ ਜਿਹੀ ਹੈ। ਬ੍ਰਾਹਮਣ ਆਪਣੀ ਜਾਤਿ ਦੇ ਝੂਠੇ ਹੰਕਾਰ ਵਿਚ ਹੀ ਆਪਣਾ ਜਨਮ ਅਜਾਈਂ ਗੁਆ ਰਿਹਾ ਹੈ, ਜੋ ਉਸ ਨੂੰ ਆਪਣੇ ਅੰਦਰ ਵਸ ਰਹੀ ਜੋਤਿ ਦਾ ਅਨੁਭਵ ਕਰਨ ਲਈ ਮਿਲਿਆ ਹੈ,
ਗਰਭ ਵਾਸ ਮਹਿ ਕੁਲੁ ਨਹੀ ਜਾਤੀ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥
ਬਾਮਨ ਕਹਿ ਕਹਿ ਜਨਮੁ ਮਤ ਖੋਇ॥੧॥ ਰਹਾਉ॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥੨॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ॥੩॥ (ਪੰਨਾ ੩੨੪)
ਸਿੱਖ ਧਰਮ ਦਰਸ਼ਨ ਅਨੁਸਾਰ ਜਾਤ ਦੇ ਵੱਡੇ ਹੋਣ ਦਾ ਹੰਕਾਰ ਕਰਨਾ ਜਾਂ ਵੱਡਾ ਨਾਮ ਹੋਣ ਦਾ ਹੰਕਾਰ ਕਰਨਾ ਸਭ ਵਿਅਰਥ ਹੈ। ਸਾਰੇ ਮਨੁੱਖਾਂ ਵਿਚ ਇੱਕੋ ਪਰਮਾਤਮਾ ਦੀ ਜੋਤਿ ਵਿਆਪਕ ਹੈ, ਸਭ ਦੀ ਇੱਕੋ ਨੁਹਾਰ ਹੈ। ਜੇ ਕੋਈ ਮਨੁੱਖ ਆਪਣੇ ਆਪ ਨੂੰ ਜਾਤ ਕਰਕੇ ਵੱਡਾ ਸਮਝੇ ਤਾਂ ਉਹ ਵੱਡਾ ਨਹੀਂ ਬਣ ਜਾਂਦਾ। ਮਨੁੱਖ ਤਾਂ ਹੀ ਵੱਡਾ ਮੰਨਿਆ ਜਾਂਦਾ ਹੈ, ਜੇ ਉਹ ਪਰਮਾਤਮਾ ਦੇ ਹਜ਼ੂਰ ਆਪਣੇ ਕੀਤੇ ਕੰਮਾਂ ਦੇ ਲੇਖੇ ਕਰਕੇ ਵੱਡਾ ਸਾਬਤ ਹੋਵੇ। ਪਰਮਾਤਮਾ ਦਾ ਇਹ ਫੈਸਲਾ ਕਿ ਉਥੇ ਕਿਸੇ ਜਾਤਿ ਦਾ ਲਿਹਾਜ਼ ਨਹੀਂ ਕੀਤਾ ਜਾਂਦਾ, ਸਿਰਫ ਸੱਚ ਦੀ ਪਰਖ ਹੁੰਦੀ ਹੈ, ਹਰ ਯੁੱਗ ਵਿਚ ਇਸੇ ਤਰ੍ਹਾਂ ਵਰਤਦਾ ਆਇਆ ਹੈ,
ਜਾਤੀ ਦੈ ਕਿਆ ਹਥਿ ਸਚੁ ਪਰਖੀਐ॥
ਮਹੁਰਾ ਹੋਵੈ ਹਥਿ ਮਰੀਐ ਚਖੀਐ॥
ਸਚੈ ਕੀ ਸਿਰਕਾਰ ਜੁਗੁ ਜੁਗੁ ਜਾਣੀਐ॥
ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ॥ (ਪੰਨਾ 142)
ਇਸੇ ਨੂੰ ਭਗਤ ਕਬੀਰ ਜੀ ਨੇ “ਏਕ ਨੂਰ ਤੇ ਸਭੁ ਜਗੁ ਉਪਜਿਆ” ਕਿਹਾ ਹੈ ਅਤੇ ਗੁਰੂ ਅਰਜਨ ਦੇਵ ਜੀ ਨੇ ਉਸ ਅਕਾਲ ਪੁਰਖ ਨੂੰ “ਤੂੰ ਸਾਝਾ ਸਾਹਿਬੁ ਬਾਪੁ ਹਮਾਰਾ” ਕਿਹਾ ਹੈ। ਗੁਰੂ ਨਾਨਕ ਨੇ ਆਪਣੇ ਆਪ ਨੂੰ ਉੱਚਾ ਅਤੇ ਸ੍ਰੇਸ਼ਟ ਵਰਣ ਕਹਿਣ ਵਾਲਿਆਂ ਦਾ ਸਾਥ ਨਹੀਂ ਦਿੱਤਾ, ਸਗੋਂ ਸਪੱਸ਼ਟ ਐਲਾਨ ਕੀਤਾ ਕਿ ਉਹ ਸਦੀਆਂ ਤੋਂ ਲਿਤਾੜੇ ਜਾ ਰਹੇ, ਦੱਬੇ-ਕੁਚਲੇ ਲੋਕਾਂ ਦੇ ਨਾਲ ਖੜ੍ਹੇ ਹਨ, “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥” ਇਸੇ ਲਈ ਭਾਈ ਗੁਰਦਾਸ ਅਨੁਸਾਰ ਗੁਰੂ ਨਾਨਕ ਸਾਹਿਬ ਨੇ ‘ਚਾਰੇ ਪੈਰ ਧਰੱਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਇਆ’ ਸਥਾਪਤ ਕਰਕੇ ਸੰਸਾਰ ਨੂੰ ਪ੍ਰਤੱਖ ਕਰ ਦਿੱਤਾ,
ਚਾਰਿ ਵਰੁਨ ਇਕ ਵਰੁਨ ਕਰਿ ਵਰਨ ਅਵਰਨ ਤੁੰਬੋਲ ਗੁਲਾਲੇ।
ਅਸਟ ਧਾਤੁ ਇਕ ਧਾਤੁ ਕਰਿ ਵੇਦ ਕਤੇਬ ਨ ਭੇਦੁ ਵਿਚਾਲੇ।
ਗੁਰੂ ਨਾਨਕ ਸਾਹਿਬ ਨੇ ਧਰਮ ਦਾ ਅਜਿਹਾ ਸਿਧਾਂਤ ਦਿੱਤਾ, ਜੋ ਸਮਾਜ ਨਾਲ ਨਾ ਸਿਰਫ ਬਹੁਤ ਨੇੜਿਓਂ ਜੁੜਿਆ ਹੋਇਆ ਹੈ, ਸਗੋਂ ਜਿਸ ਦਾ ਮਕਸਦ ਇੱਕ ਬਰਾਬਰੀ ਵਾਲਾ, ਸਰਬੱਤ ਦੇ ਭਲੇ ਨਾਲ ਜੁੜਿਆ ਹੋਇਆ ਧਰਮ ਕਾਇਮ ਕਰਨਾ ਸੀ। ਇਸੇ ਲਈ ਉਨ੍ਹਾਂ ਨੇ ਸਮਾਜ ਦੇ ਨਿਚਲੇ ਵਰਣਾਂ ਵਾਂਗ ਹੀ ਇਸਤਰੀ ਵਰਗ ਨੂੰ ਵੀ ਬਰਾਬਰ ਦੀ ਮਹੱਤਤਾ ਦਿੱਤੀ। ਕਈ ਵਿਦਵਾਨ, ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੇਤਲੀ ਨਜ਼ਰ ਨਾਲ ਦੇਖਦੇ ਅਤੇ ਸਮਝਦੇ ਹਨ, ਟਿੱਪਣੀ ਕਰ ਦਿੰਦੇ ਹਨ ਕਿ ਇੱਕ ਪੰਕਤੀ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਕਰਕੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਗੁਰੂ ਨਾਨਕ ਨੇ ਇਸਤਰੀ ਨੂੰ ਬਰਾਬਰ ਦਾ ਸਥਾਨ ਦਿੱਤਾ। ਉਹ ਨਾਲ ਹੀ ਇਹ ਇਤਰਾਜ਼ ਵੀ ਕਰਦੇ ਹਨ ਕਿ ਗੁਰੂ ਨਾਨਕ ਨੇ ਰਾਜਿਆਂ ਨੂੰ ਸ੍ਰੇਸ਼ਟ ਮੰਨਿਆ ਹੈ। ਇਸ ਤਰ੍ਹਾਂ ਦਾ ਵਿਰੋਧ ਆਮ ਤੌਰ ‘ਤੇ ਹੀ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਵਿਦਵਾਨਾਂ ਵੱਲੋਂ ਪ੍ਰਗਟਾਇਆ ਜਾਂਦਾ ਹੈ, ਜੋ ਦਰੁਸਤ ਨਹੀਂ ਹੈ।
‘ਭੰਡਿ’ ਸਾਂਚੇ ਨੂੰ ਕਿਹਾ ਜਾਂਦਾ ਹੈ, ਜਿਸ ਵਿਚ ਪਾ ਕੇ ਕਿਸੇ ਚੀਜ਼ ਦਾ ਆਕਾਰ ਘੜਿਆ ਜਾਂਦਾ ਹੈ। ਇੱਥੇ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ ਕਿ ਇਸਤਰੀ ਰਾਹੀਂ ਹੀ ਸਮਾਜ ਬਣਦਾ ਹੈ, ਇਸਤਰੀ ਰਾਹੀਂ ਸਮਾਜਕ ਰਿਸ਼ਤੇ ਬਣਦੇ ਹਨ ਅਤੇ ਇਸਤਰੀ ਰਾਹੀਂ ਸਮਾਜ ਦੀ ਸੰਭਾਲ ਹੁੰਦੀ ਹੈ ਤੇ ਸਮਾਜ ਅੱਗੇ ਤੁਰਦਾ ਹੈ। ਜਿੱਥੇ ਤੱਕ ਸਬੰਧ ਉੱਪਰ ਦਿੱਤੀ ਪੰਕਤੀ ਦਾ ਹੈ, ਇਸ ਰਾਹੀਂ ਗੁਰੂ ਨਾਨਕ ਇੱਕ ਤਰ੍ਹਾਂ ਦਾ ਐਲਾਨ ਕਰਦੇ ਹਨ ਕਿ ਜੋ ਆਪਣੇ ਆਪ ਨੂੰ ਸਮਾਜ ‘ਤੇ ਰਾਜ ਕਰਨ ਵਾਲੇ ਕਹਾਉਂਦੇ ਹਨ, ਉਨ੍ਹਾਂ ਦੀ ਹੋਂਦ ਵੀ ਇਸਤਰੀ ਤੋਂ ਬਿਨਾ ਨਹੀਂ ਹੋ ਸਕਦੀ। ਇਸ ਦਾ ਨਿਬੇੜਾ ਉਹ ਇਸ ਸਲੋਕ ਦੇ ਅਖੀਰ ਵਿਚ ਕਰਦੇ ਹਨ ਕਿ ਸਿਰਫ ਇੱਕ ਪਰਮਸਤਿ ਹੈ, ਜੋ ਆਪਣੇ ਆਪ ਤੋਂ ਹੈ, ਸੈਭੰ ਹੈ, ਜਿਸ ਦੀ ਹੋਂਦ ਇਸਤਰੀ ਤੋਂ ਨਹੀਂ ਅਤੇ ਜਿਸ ਦੀ ਸਦਾ ਸਿਫਤਿ-ਸਾਲਾਹ ਮਨੁੱਖ ਨੇ ਕਰਨੀ ਹੈ,
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥
ਨਾਨਕ ਤੇ ਮੁਖਿ ਉਜਲੇ ਤਿਤੁ ਸਚੈ ਦਰਬਾਰਿ॥੨॥
ਸਿਰਫ ਇੱਕ ਸਲੋਕ ਹੀ ਨਹੀਂ, ਸਾਰੀ ਬਾਣੀ ਵਿਚ ਹੀ ਪਰਮਸਤਿ ਪ੍ਰਤੀ ਪ੍ਰੇਮ ਦਾ ਪ੍ਰਗਟਾਵਾ ਕਰਦਿਆਂ ਵੀ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਇੱਕ ਇਸਤਰੀ ਦੇ ਰੂਪ ਵਿਚ ਸੰਬੋਧਨ ਕੀਤਾ ਹੈ। ਆਪਣੀ ਵੇਦਨਾ ਸੁਣਾਉਣ ਲਈ ‘ਮਾਈ, ਭੈਣੇ, ਸਹੇਲੀਓ’ ਆਦਿ ਅਨੇਕਾਂ ਅਜਿਹੇ ਇਸਤਰੀ ਨਾਲ ਸਬੰਧਤ ਰਿਸ਼ਤਿਆਂ ਦੀ ਵਰਤੋਂ ਕੀਤੀ ਹੈ। ‘ਆਸਾ ਕੀ ਵਾਰ’ ਵਿਚ ਹੀ ਭਾਵੇਂ ਸੂਤਕ ਨੂੰ ਨਿੰਦਿਆ ਹੈ ਜਾਂ ਇਸਤਰੀ ਦੇ ਸਰੀਰ ਨਾਲ ਜੁੜੇ ਕੁਦਰਤੀ ਵਰਤਾਰਿਆਂ ਦੀ ਗੱਲ ਕੀਤੀ ਹੈ, ਇਸਤਰੀ ਨੂੰ ਸਨਮਾਨ ਦਿੱਤਾ ਹੈ। ਬਾਬਰ ਦੇ ਹਮਲੇ ਦਾ ਜ਼ਿਕਰ ਕਰਦਿਆਂ ਵੀ ਇਸਤਰੀਆਂ ‘ਤੇ ਜ਼ੁਲਮ ਕਰਨ ਲਈ ਬਾਬਰ ਅਤੇ ਉਸ ਦੀ ਫੌਜ ਦੀ ਨਿਖੇਧੀ ਕੀਤੀ ਹੈ। ਗੁਰੂ ਸਾਹਿਬਾਨ ਨੇ ਜੋ ਸਿਧਾਂਤ ਬਾਣੀ ਰਾਹੀਂ ਦਿੱਤੇ, ਉਨ੍ਹਾਂ ਦਾ ਅਮਲੀ ਪ੍ਰਕਾਸ਼ਨ ਸਮਾਜ ਵਿਚ ਕਰਨ ਲਈ ਵੱਖ ਵੱਖ ਸੰਸਥਾਵਾਂ ਵੀ ਅਰੰਭ ਕੀਤੀਆਂ।
ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਦਿੱਤੀ ਸਿਧਾਂਤਕ ਵਿਰਾਸਤ ਦੇ ਦਸਵੇਂ ਪਾਤਿਸ਼ਾਹ ਵਾਰਿਸ ਬਣਦੇ ਹਨ ਅਤੇ ਆਉਣ ਵਾਲੇ ਸਰਵ ਸਮੇਂ ਲਈ ‘ਗ੍ਰੰਥ ਸਾਹਿਬ’ ਨੂੰ ਗੁਰਗੱਦੀ ਸੌਂਪ ਕੇ ‘ਸ਼ਬਦ ਗੁਰੂ’ ਹੋਣ ‘ਤੇ ਆਪਣੀ ਮੁਹਰ-ਛਾਪ ਲਾ ਦਿੰਦੇ ਹਨ।
(ਇਸੇ ਦੀ ਲੋਅ ਵਿਚ ਅਗਲੀ ਵਿਚਾਰ-ਚਰਚਾ ਜਾਰੀ ਰਹੇਗੀ)