ਡਾ. ਹਰਿਭਜਨ ਸਿੰਘ: ਜੀਵਨ, ਰਚਨਾ ਅਤੇ ਸ਼ਖਸੀਅਤ

ਪੰਜਾਬੀ ਕਾਵਿ-ਜਗਤ, ਆਲੋਚਨਾ, ਅਨੁਵਾਦ ਅਤੇ ਅਧਿਆਪਨ ਦੇ ਖੇਤਰਾਂ ਵਿਚ ਡਾ. ਹਰਿਭਜਨ ਸਿੰਘ (18 ਅਗਸਤ 1920-21 ਅਕਤੂਬਰ 2002) ਦਾ ਮੁਕਾਮ ਬਹੁਤ ਉਚਾ ਹੈ। ਇਨ੍ਹਾਂ ਚਾਰੇ ਖੇਤਰਾਂ ਵਿਚ ਨਵੀਂ ਪੈੜਾਂ ਪਾਈਆਂ। ਪੰਜਾਬੀ ਭਾਸ਼ਾ ਤੋਂ ਇਲਾਵਾ ਉਹ ਹਿੰਦੀ, ਸੰਸਕ੍ਰਿਤੀ, ਅੰਗਰੇਜ਼ੀ, ਉਰਦੂ ਆਦਿ ਭਾਸ਼ਾਵਾਂ ਦੇ ਚੰਗੇ ਗਿਆਤਾ ਸਨ। ਉਨ੍ਹਾਂ ਨੇ ਸਾਰੀ ਉਮਰ ਇਕ ਸੁਹਿਰਦ ਸਿਖਿਆਰਥੀ ਵਾਂਗ ਨਿੱਠ ਕੇ ਪੂਰਬੀ ਤੇ ਪੱਛਮੀ ਚਿੰਤਨ ਦਾ ਮੁਤਾਲਿਆ ਕੀਤਾ ਅਤੇ ਵਿਸ਼ੇਸ਼ਗ ਬਣ ਕੇ ਅਗਿਆਨ ਵਿਚ ਭਟਕ ਰਹੇ ਪੰਜਾਬੀ ਮੱਥਿਆਂ ਨੂੰ ਗਿਆਨ ਦੇ ਭਾਗੀ ਬਣਾਇਆ। ਸਾਲ 2020 ਉਨ੍ਹਾਂ ਦਾ ਜਨਮ ਸ਼ਤਾਬਦੀ ਵਰ੍ਹਾ ਹੈ। ਪਿਛਲੇ ਅੰਕਾਂ ਵਿਚ ਪ੍ਰੋ. ਸੁਹਿੰਦਰ ਬੀਰ ਨੇ ਡਾ. ਹਰਿਭਜਨ ਸਿੰਘ ਦੇ ਸੰਗ-ਸਾਥ ਦੀਆਂ ਬਾਤਾਂ ਪਾਈਆਂ ਸਨ।

ਹਥਲੇ ਲੰਮੇ ਲੇਖ ਵਿਚ ਉਨ੍ਹਾਂ ਡਾ. ਹਰਿਭਜਨ ਸਿੰਘ ਦੇ ਜੀਵਨ, ਉਨ੍ਹਾਂ ਦੀਆਂ ਰਚਨਾਵਾਂ ਅਤੇ ਸ਼ਖਸੀਅਤ ਦਾ ਜ਼ਿਕਰ ਛੇੜਦਿਆਂ ਉਨ੍ਹਾਂ ਨੂੰ ਸੱਚੀ ਸੁੱਚੀ ਲਗਨ ਵਾਲੇ ਸਿਰੜੀ ਮਨੁੱਖ ਵਜੋਂ ਪੇਸ਼ ਕੀਤਾ ਹੈ। ਪੇਸ਼ ਹੈ, ਲੇਖ ਦੀ ਪਹਿਲੀ ਕਿਸ਼ਤ। -ਸੰਪਾਦਕ

ਪ੍ਰੋ. ਸੁਹਿੰਦਰ ਬੀਰ

ਆਧੁਨਿਕ ਪੰਜਾਬੀ ਸਾਹਿਤ ਦੇ ਵੱਖ-ਵੱਖ ਖੇਤਰਾਂ (ਕਵਿਤਾ, ਸਮੀਖਿਆ, ਸੰਪਾਦਨ, ਅਨੁਵਾਦ, ਅਧਿਆਪਨ ਆਦਿ) ਵਿਚ ਆਪਣਾ ਯੋਗਦਾਨ ਪਾ ਕੇ ਮਨੁੱਖੀ ਗਿਆਨ ਦੇ ਦਿਸਹੱਦਿਆਂ ਨੂੰ ਜਿੰਨੀ ਕਾਬਲੀਅਤ ਨਾਲ ਡਾ. ਹਰਿਭਜਨ ਸਿੰਘ ਨੇ ਵਿਸਤਾਰਿਆ ਹੈ, ਭਾਰਤੀ ਭਾਸ਼ਾਵਾਂ ਵਿਚ ਓਨੀ ਲਿਆਕਤ ਅਤੇ ਯੋਗਤਾ ਸ਼ਾਇਦ ਹੀ ਕਿਸੇ ਹੋਰ ਸਾਹਿਤਕਾਰ ਜਾਂ ਸਮੀਖਿਅਕ ਦੇ ਹਿੱਸੇ ਆਈ ਹੋਵੇ। ਲਗਭਗ ਅੱਧੀ ਸਦੀ ਪੰਜਾਬੀ ਸਾਹਿਤ ਦੇ ਆਕਾਸ਼ ਨੂੰ ਵਿਦਵਤਾ ਦੇ ਆਪਣੇ ਪੂਰਨ ਜਲੌ ਰਾਹੀਂ ਪ੍ਰਕਾਸ਼ਮਾਨ ਕਰਨ ਵਾਲੀ ਅਜਿਹੀ ਸਾਹਿਤ-ਸੇਵੀ ਅਤੇ ਵਿਸ਼ਿਸ਼ਟ ਸ਼ਖਸੀਅਤ ਦਾ ਜਨਮ 18 ਅਗਸਤ 1920 ਈਸਵੀ ਨੂੰ ਅਸਾਮ ਦੇ ਇੱਕ ਨਿੱਕੇ ਜਿਹੇ ਕਸਬੇ ਲੰਮਡਿੰਗ ਵਿਖੇ ਮਾਤਾ ਕਰਮ ਕੌਰ ਅਤੇ ਪਿਤਾ ਗੰਡਾ ਸਿੰਘ ਦੇ ਘਰ ਹੋਇਆ। ਪਿਤਾ ਜੀ ਸ਼ੁੱਧ ਧਾਰਮਿਕ ਬਿਰਤੀ ਵਾਲੇ ਨੇਕ ਇਨਸਾਨ ਸਨ, ਜਿਸ ਕਾਰਨ ਉਨ੍ਹਾਂ ਨੂੰ ਸਮਕਾਲੀ ਲੋਕਾਂ ਵਲੋਂ ‘ਭਾਈ ਗੰਡਾ ਸਿੰਘ ਜੀ’ ਕਹਿ ਕੇ ਨਿਵਾਜਿਆ ਜਾਂਦਾ ਸੀ।
ਡਾ. ਹਰਿਭਜਨ ਸਿੰਘ ਤਿੰਨ ਭੈਣਾਂ ਦਾ ਛੋਟਾ ਭਰਾ ਸੀ ਅਤੇ ਘਰ ਵਿਚ ਪੁੱਤਰ ਦੀ ਆਮਦ ਨੂੰ ਸ਼ੁਭ-ਆਗਮਨ ਵਜੋਂ ਲਿਆ ਗਿਆ। ਬਹੁਤ ਸਾਰੀਆਂ ਧਾਰਮਿਕ ਮਨੌਤਾਂ ਉਪਰੰਤ ਮਾਂ ਦੀ ਝੋਲੀ ਵਿਚ ਪੁੱਤਰ ਦੀ ਦਾਤ ਪਈ ਸੀ। ਸ਼ੁਭ-ਆਗਮਨ ਦੀਆਂ ਘੜੀਆਂ ਜੀਵਨ ਵਿਚ ਬਹੁਤ ਥੋੜ੍ਹ-ਚਿਰੀਆਂ ਅਤੇ ਵਿਰਲੀਆਂ ਹੁੰਦੀਆਂ ਹਨ। ਡਾ. ਹਰਿਭਜਨ ਸਿੰਘ ਦੇ ਜਨਮ ਵੇਲੇ ਉਨ੍ਹਾਂ ਦੇ ਪਿਤਾ ਨਾ-ਮੁਰਾਦ ਬਿਮਾਰੀ ਤਪਦਿਕ ਦੇ ਮਰੀਜ਼ ਸਨ। ਤਪਦਿਕ ਉਨ੍ਹੀਂ ਦਿਨੀਂ ਜਾਨਲੇਵਾ ਬਿਮਾਰੀ ਸੀ। ਪੁੱਤਰ ਦੇ ਜਨਮ ਤੋਂ ਪਹਿਲਾਂ ਤਿੰਨ ਧੀਆਂ ਦੇ ਜੀਵਨ ਦੇ ਲੰਮ-ਸਲੰਮੇ ਪੈਂਡੇ ਦੀ ਬਿਮਾਰੀ ਵਿਚ ਫਾਥੇ ਹੋਏ ਬਾਪ ਨੂੰ ਗਹਿਰੀ ਚਿੰਤਾ ਸੀ, ਪਰ ਪੁੱਤਰ ਦੇ ਜਨਮ ਮੌਕੇ ਹਰਿਭਜਨ ਸਿੰਘ ਦੇ ਪਿਤਾ ਨੂੰ ਘੱਟੋ-ਘੱਟ ਚਿੰਤਾ ਤੋਂ ਏਨੀ ਕੁ ਰਾਹਤ ਜ਼ਰੂਰ ਮਿਲੀ ਕਿ ਉਸ ਦੇ ਤੁਰ ਜਾਣ ਨਾਲ ਉਸ ਦਾ ਜਹਾਨ ਸੁੰਨਾ ਨਹੀਂ ਹੋਵੇਗਾ।
ਰੇਲਵੇ ਵਿਚ ਰੁਜ਼ਗਾਰ ਦੇ ਬੱਧੇ ਭਾਈ ਗੰਡਾ ਸਿੰਘ ਘਰ ਤੋਂ ਹਜ਼ਾਰਾਂ ਮੀਲ ਦੂਰ ਵਸੇਬਾ ਕਰ ਰਹੇ ਸਨ। ਜੀਵਨ ਦੇ ਅੰਤਲੇ ਛਿਣਾਂ ਵੇਲੇ ਉਨ੍ਹਾਂ ਨੇ ਆਪਣੀ ਜਨਮ ਭੂਮੀ ਨੂੰ ਹੀ ਪ੍ਰਣਾਮ ਕਰਨਾ ਬਿਹਤਰ ਸਮਝਿਆ। ਅਜੋਕੇ ਦਿਨਾਂ ਤੱਕ ਵੀ ਤਪਦਿਕ ਇਕ ਛੂਤ ਦੀ ਬਿਮਾਰੀ ਹੈ ਤੇ ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਭਾਈ ਗੰਡਾ ਸਿੰਘ ਨੇ ਆਪਣੀ ਬਿਮਾਰੀ ਦੀ ਵਜ੍ਹਾ ਕਾਰਨ ਆਪਣੇ ਨਵ-ਜਨਮੇ ਬਾਲ ਕੋਲੋਂ ਸਹਿਵਨ ਹੀ ਇਕ ਫਾਸਲਾ ਥਾਪ ਲਿਆ ਹੋਵੇ। ਡਾ. ਹਰਿਭਜਨ ਸਿੰਘ ਨੇ ਵੀ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ ਕਿ ਪਿਤਾ ਜੀ ਆਪਣੇ ਜਾਨਸ਼ੀਨ ਨੂੰ ਉਡੀਕਦੇ ਸਨ…ਉਨ੍ਹਾਂ ਮੇਰੇ ਜਨਮ ਦਿਨ ‘ਤੇ ਹੀ ਆਪਣੇ ਚਲਾਣੇ ਦਾ ਐਲਾਨ ਕਰ ਦਿੱਤਾ ਸੀ। ਉਸ ਦਿਨ ਉਨ੍ਹਾਂ ਨੂੰ ਤਾਪ ਚੜ੍ਹਿਆ ਤਾਂ ਉਨ੍ਹਾਂ ਕਿਹਾ, ‘ਮੇਰੀ ਥਾਂ ਲੈਣ ਵਾਲਾ ਆ ਗਿਆ ਹੈ।’
ਭਾਈ ਗੰਡਾ ਸਿੰਘ ਦਾ ਜੀਵਨ-ਵਿਹਾਰ ਦੇਖਦਿਆਂ ਖੁਦ-ਬ-ਖੁਦ ਹੀ ਗੌਤਮ ਬੁੱਧ ਦੇ ਗ੍ਰਹਿਸਥ-ਤਿਆਗ ਦੀ ਘਟਨਾ ਚੇਤੇ ਆ ਜਾਂਦੀ ਹੈ। ਸਿਧਾਰਥ ਦਸ ਸਾਲ ਤੱਕ ਗ੍ਰਹਿਸਥੀ-ਜੀਵਨ ਬਤੀਤ ਕਰਦਾ ਰਿਹਾ। 29 ਸਾਲ ਦੀ ਉਮਰ ਵਿਚ ਜਦੋਂ ਉਸ ਦੇ ਘਰ ਰਾਹੁਲ ਦਾ ਜਨਮ ਹੋਇਆ ਤਾਂ ਸ਼ਹਿਰ ਵਿਚ ਉਸ ਦਿਨ ਪੂਰੇ ਉਤਸ਼ਾਹ ਨਾਲ ਜਸ਼ਨ ਮਨਾਏ ਜਾ ਰਹੇ ਸਨ। ਸਿਧਾਰਥ ਦੇ ਸ਼ਾਹੀ ਮਹੱਲਾਂ ਵਿਚ ਵੀ ਉਸ ਰਾਤ ਨਾਚ-ਰੰਗ ਦਾ ਪ੍ਰਬੰਧ ਹੋਇਆ। ਸ਼ਹਿਰ ਦੇ ਸ਼ਾਹੀ ਮਹੱਲ ਦਾ ਨਾਚ-ਰੰਗ ਅੱਧੀ ਰਾਤ ਵੇਲੇ ਜਦ ਆਪਣੇ ਪੂਰੇ ਸਿਖਰ ‘ਤੇ ਪੁੱਜ ਕੇ ਖਤਮ ਹੋਇਆ ਤਾਂ ਸਿਧਾਰਥ ਨੇ ਗ੍ਰਹਿਸਥ ਤਿਆਗਣ ਦਾ ਫੈਸਲਾ ਕਰ ਲਿਆ। ਆਪਣੇ ਪਰਿਵਾਰ ਵਿਚ ਆਪਣਾ ਵਾਰਿਸ ਜਾਂ ਜਾਨਸ਼ੀਨ ਆਉਣ ਉਪਰੰਤ ਜੀਵਨ ਦੇ ਤਿਆਗਣ ਦਾ ਫੈਸਲਾ ਭਾਈ ਗੰਡਾ ਸਿੰਘ ਦੇ ਜੀਵਨ-ਬਿਰਤਾਂਤ ਵਿਚ ਸਿਧਾਰਥ ਦੀ ਉਪਰੋਕਤ ਘਟਨਾ ਦੇ ਰੁਪਾਂਤਰਣ ਵਜੋਂ ਸਾਹਮਣੇ ਆਉਂਦਾ ਹੈ। ਡਾ. ਹਰਿਭਜਨ ਸਿੰਘ ਅਜੇ ਕੁੱਛੜ ਚੁੱਕਿਆ ਬਾਲ ਹੀ ਸੀ। ਪਿਤਾ ਦਾ ਮੁਹਾਂਦਰਾ ਅਜੇ ਤੋਤਲੇ ਬੋਲਾਂ ਵਾਲੇ ਬਾਲ ਦੇ ਮਾਸੂਮ ਨੇਤਰਾਂ ਵਿਚ ਉਤਰਿਆ ਨਹੀਂ ਸੀ ਕਿ ਇਕ ਵੱਡ-ਆਕਾਰੀ ਛਾਂ-ਦਾਰ ਬ੍ਰਿਛ ਉਸ ਦੇ ਜੀਵਨ ਵਿਚੋਂ ਅਲੋਪ ਹੋ ਗਿਆ। ਇਹ ਉਹ ਉਮਰ ਸੀ, ਜਦੋਂ ਹਰਿਭਜਨ ਸਿੰਘ ਨੂੰ ਜੀਵਨ ਅਤੇ ਮੌਤ ਦੇ ਗੁੱਝੇ ਅਰਥਾਂ ਦਾ ਰਹੱਸ ਨਹੀਂ ਸੀ।
ਭਾਈ ਗੰਡਾ ਸਿੰਘ ਦੇ ਦਿਹਾਂਤ ਉਪਰੰਤ ਹਰਿਭਜਨ ਸਿੰਘ ਦੇ ਪਰਿਵਾਰ ਦਾ ਪਰਦੇਸ ਵਿਚ ਟਿਕੇ ਰਹਿਣਾ ਨਾ ਮੁਮਕਿਨ ਹੋ ਗਿਆ। ਪਰਦੇਸ ਦਾ ਮੋਹ ਤਿਆਗ ਕੇ ਸਾਰਾ ਪਰਿਵਾਰ ਆਪਣੇ ਜੱਦੀ ਪਿੰਡ ਭੁੱਲਰ, ਅੰਮ੍ਰਿਤਸਰ ਆ ਗਿਆ, ਪਰ ਪਰਦੇਸੀ ਰਹਿਣੀ-ਬਹਿਣੀ ਦੇ ਅਨੁਭਵ ਕਰਕੇ ਪਰਿਵਾਰ ਦਾ ਪਿੰਡ ਨਾਲ ਕਦੇ ਵੀ ਸਹਿਜ ਦਾ ਰਿਸ਼ਤਾ ਸਥਾਪਿਤ ਨਾ ਹੋ ਸਕਿਆ ਤੇ ਇਥੋਂ ਉਪਰਾਮ ਹੋ ਕੇ ਆਪਣਾ ਘਰ-ਘਾਟ ਵੇਚ ਕੇ ਲਾਹੌਰ ਵਾਲੇ ਮਕਾਨ ਵਿਚ ਰਹਿਣ ਦੀ ਵਿਉਂਤ ਬਣਾ ਲਈ ਗਈ। ਮੌਤ ਦਾ ਦਾਨਵ ਭਾਈ ਗੰਡਾ ਸਿੰਘ ਦੇ ਪਰਿਵਾਰ ਪਿੱਛੇ ਇਸ ਤਰ੍ਹਾਂ ਪਿਆ ਹੋਇਆ ਸੀ ਕਿ ਹਰਿਭਜਨ ਸਿੰਘ ਦੀ ਸੱਤ-ਅੱਠ ਸਾਲ ਦੀ ਉਮਰ ਤੱਕ ਉਨ੍ਹਾਂ ਦੇ ਪਿਤਾ, ਮਾਤਾ ਅਤੇ ਭੈਣਾਂ-ਸਭਨਾਂ ਨੂੰ ਨਿਗਲ ਚੁਕਾ ਸੀ। ਹਰਿਭਜਨ ਸਿੰਘ ਦਾ ਦਾਦਾ-ਦਾਦੀ ਅਤੇ ਨਾਨਾ-ਨਾਨੀ ਤਾਂ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਸਵਰਗਵਾਸ ਹੋ ਚੁਕੇ ਸਨ। ਹਰਿਭਜਨ ਸਿੰਘ ਦਾ ਬਚਪਨ ਬਿਖੜੇ ਅਤੇ ਓਬੜ ਪੈਂਡਿਆਂ ਵਿਚ ਬਤੀਤ ਹੋਇਆ।
ਮੁਹੰਮਦ ਸਾਹਿਬ ਦਾ ਬਚਪਨ ਵੀ ਮਾਂ-ਪਿਉ ਬਾਹਰਾ ਸੀ। ਮਾਂ ਦੀ ਕੁੱਖ ਵਿਚ ਸਨ ਕਿ ਪਿਤਾ ਚਲ ਵੱਸਿਆ। ਕੁਝ ਸਾਲ ਬਾਅਦ ਮਾਂ ਵੀ ਚਲ ਵਸੀ ਤਾਂ ਪੋਤਰੇ ਨੂੰ ਪਾਲਣ ਦੀ ਜ਼ਿੰਮੇਵਾਰੀ ਦਾਦੇ (ਮੁੱਤ ਲਿਯ) ਦੇ ਸਿਰ ਪਈ। ਦਾਦਾ ਵੀ ਛੇਤੀ ਹੀ ਚਲ ਵੱਸਿਆ ਤਾਂ ਰਸੂਲ ਸਾਹਿਬ ਆਪਣੇ ਪਿਓ ਦੇ ਵੇਲੇ ਦੀ ਨੌਕਰਾਨੀ ਦੀ ਦੇਖ-ਰੇਖ ਵਿਚ ਆਏ। ਮਾਂ ਦੇ ਜਿਉਂਦਿਆਂ ਵੀ ਮੁਹੰਮਦ ਨੂੰ ਦੁੱਧ ਪਿਲਾਉਣ ਵਾਲੀ ਦਾਈ ‘ਹਲੀਮਾ’ ਆਪਣੇ ਪਾਸ ਲੈ ਗਈ। ਮਾਂ-ਪਿਉ-ਦਾਦੇ ਤੋਂ ਵਿਛੜਿਆ ਉਹ ਪਰਾਏ ਘਰ ਪਲਦਾ ਰਿਹਾ। ਇਹੋ ਜਿਹੀ ਹੋਣੀ ਸ਼ਾਇਦ ਹਰਿਭਜਨ ਸਿੰਘ ਨੂੰ ਮਿਲੀ। ਸਾਰਾ ਟੱਬਰ ਗੁਆ ਕੇ ਉਸ ਨੂੰ ਪਰਾਏ ਘਰ (ਵਿਧਵਾ ਮਾਸੀ ਦੇ ਘਰ) ਵਿਚ ਰਹਿਣਾ ਪਿਆ। ਮੁਹੰਮਦ ਜੰਮਿਆ ਮੱਕੇ ਵਿਚ, ਇੱਜਤ ਮਿਲੀ ਮਦੀਨੇ ਵਿਚ। ਹਰਿਭਜਨ ਸਿੰਘ ਜੰਮਿਆ ਲੰਮਡਿੰਗ, ਪੜ੍ਹਿਆ ਇਛਰੇ (ਲਾਹੌਰ ਵਿਚ)। ਕਹਿੰਦੇ ਨੇ, ਮੁਹੰਮਦ ਦੀ ਬੋਲੀ ਆਪਣੀ ਦੁੱਧ-ਪਿਲਾਵੀ ਦੇ ਸੰਪਰਕ ਕਾਰਨ ਬੜੀ ਸਰਲ ਤੇ ਸਪੱਸ਼ਟ ਸੀ। ਹਰਿਭਜਨ ਸਿੰਘ ਕਹਿੰਦਾ ਹੈ ਕਿ ਮੇਰੀ ਬੋਲੀ ਉੱਪਰ ਇਛਰੇ ਦੀਆਂ ਗਰੀਬ ਗੁਆਂਢਣਾਂ, ਮਾਸੀਆਂ ਅਤੇ ਭੂਆ ਆਦਿ ਦਾ ਅਤੇ ਪਿੰਡ ਦੇ ਗੁਰਦੁਆਰੇ ਦਾ ਅਸਰ ਹੈ। ਮੁਹੰਮਦ ਸਾਹਿਬ ਨੂੰ ਸਭ ਤੋਂ ਜ਼ਿਆਦਾ ਪਿਆਰ ਆਪਣੀ ਬੇਟੀ ‘ਫਾਤਮਾ’ ਨਾਲ ਸੀ। ਹਰਿਭਜਨ ਸਿੰਘ ਨੂੰ ਆਪਣੀ ਬੇਟੀ ‘ਰਸ਼ਮੀ’ ਆਪਣੇ ਪੁੱਤਰਾਂ ਤੋਂ ਵੀ ਵੱਧ ਪਿਆਰੀ ਸੀ।
ਮਾਂ, ਬਾਪ ਅਤੇ ਪਰਿਵਾਰ-ਵਿਹੂਣੇ ਕੱਲ-ਮਕੱਲੇ ਬਾਲ ਨੂੰ ਬਚਪਨ ਦੇ ਡੂੰਘੇ ਅਤੇ ਤਿੱਖੇ ਹੇਰਵੇ ਦਾ ਅਹਿਸਾਸ ਹੋਇਆ। ਹਰਿਭਜਨ ਸਿੰਘ ਦਾ ਬਚਪਨ ਇਕ ਅਜਿਹੇ ਬਿਰਖ ਦੇ ਝੜੇ ਪੱਤੇ ਵਰਗਾ ਸੀ, ਜੋ ਹਨੇਰੀਆਂ, ਝੱਖੜਾਂ ਅਤੇ ਵਾ-ਵਰੋਲਿਆਂ ਦੀ ਓਟ ਵਿਚ ਆਪਣਾ ਆਸਰਾ ਭਾਲਦਾ ਰਿਹਾ। ਭਰੀ ਭਰਾਤੀ ਦੁਨੀਆਂ ਵਿਚ ਇਕੱਲਾ, ਨਿਮਾਣਾ ਅਤੇ ਗਰੀਬੜਾ ਜਿਹਾ ਬਾਲ ਆਪਣੇ ਆਪ ਨੂੰ ਇਉਂ ਮਹਿਸੂਸ ਕਰਦਾ ਜਿਉਂ ਖਲਾਅ ਵਿਚ ਲਟਕਦਾ ਬੁਝੂ ਬੁਝੂ ਕਰਦਾ ਕੋਈ ਤਾਰਾ ਹੋਵੇ। ਹਰਿਭਜਨ ਸਿੰਘ ਦੀ ਉਮਰ ਦੇ ਮੁਢਲੇ ਵਰ੍ਹੇ ਅਤਿ ਮਾਯੂਸੀ ਅਤੇ ਨਿਰਾਸ਼ਾ ਵਾਲੇ ਸਨ। ਇਹੋ ਜਿਹੀ ਮਾਨਸਿਕ ਪ੍ਰੇਸ਼ਾਨੀ ਅਤੇ ਉਦਾਸੀਨਤਾ ਵਾਲੇ ਵਾਤਾਵਰਣ ਵਿਚ ਆਪ ਨੇ ਡੀ. ਏ. ਵੀ. ਸਕੂਲ ਲਾਹੌਰ ਤੋਂ ਦਸਵੀਂ ਜਮਾਤ ਪਾਸ ਕੀਤੀ। ਬਾਕੀ ਦੀ ਸਾਰੀ ਉਚੇਰੀ ਵਿੱਦਿਆ, ਪ੍ਰਭਾਕਰ, ਸਾਹਿਤ ਰਤਨ, ਗਿਆਨੀ, ਬੀ. ਏ., ਐੱਮ. ਏ., (ਅੰਗਰੇਜ਼ੀ ਅਤੇ ਹਿੰਦੀ), ਪੀਐੱਚ. ਡੀ. ਪ੍ਰਾਈਵੇਟ ਤੌਰ ‘ਤੇ ਨਿੱਜੀ ਯਤਨਾਂ ਰਾਹੀਂ ਹਾਸਿਲ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਦਾ ਵਿਆਹ ਬੀਬੀ ਕਿਰਪਾਲ ਕੌਰ ਨਾਲ 1946 ਈਸਵੀ ਵਿਚ ਹੋਇਆ। ਉਨ੍ਹਾਂ ਦੇ ਇੱਕ ਧੀ ਅਤੇ ਤਿੰਨ ਪੁੱਤਰ ਹਨ।
ਖਾਲਸਾ ਸਕੂਲ ਦਿੱਲੀ ਦੇ ਅਧਿਆਪਨ ਦੌਰਾਨ ਅੰਗਰੇਜ਼ੀ ਅਤੇ ਹਿੰਦੀ ਦੀ ਐੱਮ. ਏ. ਕਰਨ ਉਪਰੰਤ ਉਨ੍ਹਾਂ ਨੂੰ ਖਾਲਸਾ ਕਾਲਜ ਦਿੱਲੀ ਵਿਖੇ ਪ੍ਰੋਫੈਸਰ ਦੀ ਨੌਕਰੀ ਪ੍ਰਾਪਤ ਹੋਈ ਤਾਂ ਚਿਰਾਂ ਤੋਂ ਵਕਤ ਦੇ ਵਹਿਣਾਂ ਵਿਚ ਰੁੜ੍ਹਦੇ ਆ ਰਹੇ ਹਰਿਭਜਨ ਸਿੰਘ ਦੇ ਪੈਰਾਂ ਨੂੰ ਅਟਕਾ ਲੱਗਾ। ਇਥੇ ਪੀਐੱਚ. ਡੀ. ਅਤੇ ਅੱਠ ਕੁ ਸਾਲ ਕਾਲਜ ਸੇਵਾ ਕਰਨ ਉਪਰੰਤ ਹਰਿਭਜਨ ਸਿੰਘ ਨੂੰ ਦਿੱਲੀ ਯੂਨੀਵਰਸਿਟੀ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਵਿਚ ਪ੍ਰੋਫੈਸਰ ਦਾ ਅਹੁਦਾ ਸਿੱਧੇ ਤੌਰ ‘ਤੇ ਪ੍ਰਾਪਤ ਹੋਇਆ। ਇਸ ਅਹੁਦੇ ‘ਤੇ ਉਹ 16 ਸਾਲ ਟਿਕੇ ਰਹੇ। ਇਹ ਉਹ ਸਮਾਂ ਸੀ, ਜਦੋਂ ਉਨ੍ਹਾਂ ਨੇ ਪੂਰੀ ਤਨਦੇਹੀ ਨਾਲ ਪੰਜਾਬੀ ਅਕਾਦਮਿਕ ਖੇਤਰ ਵਿਚ ਨਵੀਂ ਰੂਹ ਫੂਕ ਦਿੱਤੀ। ਸੇਵਾ ਮੁਕਤ ਹੋਣ ਉਪਰੰਤ ਉਨ੍ਹਾਂ ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ‘ਪ੍ਰੋਫੈਸਰ ਆਫ ਅਮੈਰੀਟਸ’ ਦੀ ਪਦਵੀ ਨਾਲ ਨਿਵਾਜਿਆ ਗਿਆ।
ਡਾ. ਹਰਿਭਜਨ ਸਿੰਘ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਸਬੰਧਿਤ ਉਚੇਰੀ ਤੋਂ ਉਚੇਰੀ ਪਦਵੀ ‘ਤੇ ਬਿਰਾਜਮਾਨ ਰਹੇ, ਪਰ ਆਪ ਨੂੰ ਖੁਦ ਪੰਜਾਬੀ ਦੀ ਉਚੇਰੀ ਤਾਲੀਮ ਪ੍ਰਾਪਤ ਕਰਨ ਲਈ ਕਿਸੇ ਕਾਲਜ ਅਤੇ ਵਿਸ਼ਵਵਿਦਿਆਲੇ ਤੋਂ ਮੌਕਾ ਨਸੀਬ ਨਾ ਹੋਇਆ। ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਕਿ ਉਨ੍ਹਾਂ ਦੇ ਮੱਥੇ ਵਿਚ ਪੰਜਾਬੀ ਦੇ ਗਿਆਨ ਦੀ ਕੋਈ ਕਮੀ ਰਹੀ। ਜੀਵਨ ਦੇ ਮੁਢਲੇ ਦੁੱਖਦਾਈ ਅਤੇ ਜਾਨ-ਜੋਖੋ ਵਾਲੇ ਸਖਤ ਤਨ ਝਾਗੇ ਅਨੁਭਵ ਨੇ ਉਨ੍ਹਾਂ ਨੂੰ ਅੰਤਰਮੁਖੀ ਅਤੇ ਸੱਚੀ-ਸੁੱਚੀ ਲਗਨ ਕਰਨ ਵਾਲਾ ਸਿਰੜੀ ਮਨੁੱਖ ਬਣਾ ਦਿੱਤਾ ਸੀ। ਉਨ੍ਹਾਂ ਨੇ ਸਾਰੀ ਉਮਰ ਇਕ ਸੁਹਿਰਦ ਸਿਖਿਆਰਥੀ ਵਾਂਗ ਨਿੱਠ ਕੇ ਪੂਰਬੀ ਅਤੇ ਪੱਛਮੀ ਚਿੰਤਨ ਦਾ ਮੁਤਾਲਿਆ ਕੀਤਾ ਅਤੇ ਵਿਸ਼ੇਸ਼ਗ ਬਣ ਕੇ ਅਗਿਆਨ ਵਿਚ ਭਟਕ ਰਹੇ ਪੰਜਾਬੀ ਮੱਥਿਆਂ ਨੂੰ ਗਿਆਨ ਦੇ ਭਾਗੀ ਬਣਾਇਆ।
ਦਿੱਲੀ ਵਿਸ਼ਵ ਵਿਦਿਆਲੇ ਦੇ ਅਧਿਆਪਨ ਦੌਰਾਨ ਹਰਿਭਜਨ ਸਿੰਘ ਨੂੰ ਵਿਜ਼ਟਿੰਗ ਪ੍ਰੋਫੈਸਰ ਦੇ ਤੌਰ ‘ਤੇ ਦੇਸ਼ ਦੇ ਹੋਰ ਵਿਸ਼ਵ ਵਿਦਿਆਲਿਆ ਵਿਚ ਜਾਣ ਦਾ ਮੌਕਾ ਪ੍ਰਾਪਤ ਹੋਇਆ। ਇਸ ਅਰਸੇ ਦੌਰਾਨ ਉਨ੍ਹਾਂ ਨੇਪਾਲ (1969), ਚੈਕੋਸਲਵਾਕੀਆ (1973), ਇੰਗਲੈਂਡ (1973, 1980 ਅਤੇ 1984), ਕੈਨੇਡਾ (1986), ਅਮਰੀਕਾ (1976), ਰੂਸ (1981) ਆਦਿ ਦੇਸ਼ਾਂ ਵਿਚ ਕੌਮਾਂਤਰੀ ਪੱਧਰ ਦੀਆਂ ਸਾਹਿਤਕ ਕਾਨਫਰੰਸਾਂ ਵਿਚ ਸ਼ਾਮਿਲ ਹੋ ਕੇ ਖੋਜ-ਪੱਤਰਾਂ, ਵਿਖਿਆਨਾਂ ਅਤੇ ਗਿਆਨ ਦੀਆਂ ਅਸੀਮ ਸੰਭਾਵਨਾਵਾਂ ਦੇ ਪ੍ਰਗਟਾ ਰਾਹੀਂ ਸਰੋਤਿਆਂ ਦੇ ਮਨਾਂ ‘ਤੇ ਆਪਣੀ ਪ੍ਰਤਿਭਾ ਦਾ ਸਥਾਈ ਅਤੇ ਡੂੰਘਾ ਪ੍ਰਭਾਵ ਪਾਇਆ। ਇਸ ਪ੍ਰਭਾਵ ਸਦਕਾ ਨਾ ਸਿਰਫ ਦੇਸ਼ ਅਤੇ ਵਿਦੇਸ਼ ਵਿਚ ਉਨ੍ਹਾਂ ਦੀ ਵਿਦਵਤਾ ਨੂੰ ਮਾਨਤਾ ਹੀ ਪ੍ਰਾਪਤ ਹੋਈ, ਸਗੋਂ ਉਨ੍ਹਾਂ ਨੇ ਪੰਜਾਬੀ ਪਾਠਕਾਂ ਨੂੰ ਵੀ ਅਜਿਹੇ ਪਲੈਟਫਾਰਮ ‘ਤੇ ਪੁਚਾ ਦਿੱਤਾ, ਜਿਥੇ ਪੁੱਜ ਕੇ ਉਹ ਕੌਮਾਂਤਰੀ ਸਾਹਿਤ-ਸਮੀਖਿਆ ਨੂੰ ਸਹੀ-ਪਰਿਪੇਖ ਵਿਚ ਸਮਝ ਸਕਦਾ ਸੀ। ਸਿੱਟੇ ਵਜੋਂ ਪੰਜਾਬੀ ਪਾਠਕਾਂ ਲਈ ਪੱਛਮੀ ਚਿੰਤਕ ਅਜਨਬੀ ਅਤੇ ਦੂਰ ਦੇਸ਼ ਦੇ ਵਾਸੀ ਨਾ ਰਹਿ ਕੇ ਆਪਣੀ ਧਰਤੀ ਦੇ ਬਾਸ਼ਿੰਦੇ ਹੀ ਜਾਪਣ ਲੱਗ ਪਏ। ਜਦੋਂ ਪੰਜਾਬੀ ਅਕਾਦਮਿਕ ਗਿਆਨ ਦਾ ਪੱਧਰ ਉਚੇਰਾ ਹੋਇਆ ਤਾਂ ਸਮੀਖਿਆ ਦਾ ਦਾਇਰਾ ਸਹਿਜੇ ਹੀ ਵਿਸਤ੍ਰਿਤ ਹੋ ਗਿਆ।
ਸਾਹਿਤ ਰਚਨ ਦੀ ਚੇਟਕ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਲੱਗ ਗਈ ਸੀ। ਬਦਕਿਸਮਤੀ ਨਾਲ ਬਾਲ ਉਮਰ ਵਿਚ ਹੀ ਉਨ੍ਹਾਂ ਦਾ ਘਰ ਅਤੇ ਪਰਿਵਾਰ ਦੇ ਜੀਅ ਵਾਸਤਵਿਕ ਜੀਵਨ ਵਿਚੋਂ ਗੁਆਚ ਕੇ ਕਲਪਨਾ ਦੀ ਦੁਨੀਆਂ ਵਿਚ ਪ੍ਰਵੇਸ਼ ਕਰ ਗਏ ਸਨ। ਜਿਉਂ ਜਿਉਂ ਇਹ ਬਾਹਰੀ ਸ਼ਖਸੀਅਤਾਂ ਅਤੇ ਵਸਤਾਂ ਆਪ ਦੇ ਜੀਵਨ ਵਿਚੋਂ ਅਲੋਪ ਹੁੰਦੀਆਂ ਗਈਆਂ, ਤਿਉਂ ਤਿਉਂ ਇਹ ਉਨ੍ਹਾਂ ਦੀ ਮਾਨਸਿਕਤਾ ਦੇ ਨੇੜੇ ਹੁੰਦੀਆਂ ਰਹੀਆਂ। ਮਨੋਵਿਗਿਆਨੀਆਂ ਦਾ ਇਹ ਕਹਿਣਾ ਦਰੁਸਤ ਹੈ ਕਿ ਵਿਦਾ ਹੋ ਜਾਣ ਨਾਲ ਕੋਈ ਵਿਛੜ ਨਹੀਂ ਜਾਂਦਾ, ਸਗੋਂ ਉਹ ਮਨੁੱਖ ਦੀ ਧੁਰ ਆਤਮਾ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਇਕ ਝਟਕੇ ਨਾਲ ਕਿਸੇ ਨੂੰ ਵਿਦਾਇਗੀ ਨਹੀਂ ਕਹੀ ਜਾ ਸਕਦੀ। ਮਾਤਾ, ਪਿਤਾ ਅਤੇ ਭੈਣਾਂ ਭਾਵੇਂ ਜੀਵਨ ਵਿਚੋਂ ਗੈਰ-ਹਾਜ਼ਰ ਹੋ ਚੁਕੇ ਸਨ, ਪਰ ਹਰਿਭਜਨ ਸਿੰਘ ਨੇ ਉਨ੍ਹਾਂ ਨੂੰ ਹਾਜ਼ਰ-ਨਾਜ਼ਰ ਮੰਨ ਕੇ ਉਨ੍ਹਾਂ ਦੁਆਰਾ ਦਿਖਾਏ ਗਏ ਰਸਤੇ ਨੂੰ ਦਰੁਸਤ ਅਤੇ ਪਰਪੱਕ ਕਰਨਾ ਹੀ ਬਿਹਤਰ ਸਮਝਿਆ। ਖੁਦ ਹਰਿਭਜਨ ਸਿੰਘ ਦਾ ਵੀ ਕਹਿਣਾ ਹੈ, “ਮਾਤ-ਪਰੰਪਰਾ ਅਟੁੱਟ ਹੈ, ਨਦੀ ਦੇ ਸਮਾਨ ਸਦਾ ਪ੍ਰਵਾਹਮਾਨ ਹੈ। ਮਾਤ ਵਿਛੜ ਤਾਂ ਜਾਂਦੀ ਹੈ, ਪਰ ਮਰਦੀ ਕਦੇ ਨਹੀਂ। ਮਾਤ-ਭਾਸ਼ਾ, ਮਾਤ-ਧਰਮ, ਮਾਤ-ਸੰਸਕ੍ਰਿਤੀ ਆਦਿ ਅਨੇਕਾਂ ਰੂਪਾਂ ਵਿਚ ਸਦਾ ਜਿਉਂਦੀ ਰਹਿੰਦੀ ਹੈ।”
ਡਾ. ਹਰਿਭਜਨ ਸਿੰਘ ਨੇ ਮਾਂ ਦੇ ਸ਼ਾਬਦਿਕ-ਭਾਵ ਨੂੰ ਵਿਸਤ੍ਰਿਤ ਅਤੇ ਵਿਰਾਟ ਰੂਪ ਵਿਚ ਸਮਝਣ ਦਾ ਕਾਰਜ ਕੀਤਾ। ਪਿਤਾ ਦੇ ਦਿਹਾਂਤ ਉਪਰੰਤ ਹਰਿਭਜਨ ਸਿੰਘ ਦੀ ਵਿਧਵਾ ਮਾਤਾ ਧਾਰਮਿਕਤਾ ਨਾਲ ਅਟੁੱਟ ਰਿਸ਼ਤੇ ਵਿਚ ਬੱਝਦੀ ਹੈ, ਇਸੇ ਕਾਰਨ ਹਰਿਭਜਨ ਸਿੰਘ ਦੀ ਮੁੱਢਲੀ ਕਵਿਤਾ ਵਿਚ ਧਾਰਮਿਕਤਾ ਦੇ ਪ੍ਰੇਰਕ ਦੇਖੇ ਜਾ ਸਕਦੇ ਹਨ।
ਦੁਨੀਆਂ ਵਿਚ ਇਕੱਲ ਜਿਹਾ ਸ਼ਾਇਦ ਹੀ ਕੋਈ ਹੋਰ ਰੋਗ ਹੋਵੇ ਪਰ ਇਹ ਇਕੱਲ ਬੁਧੀਜੀਵੀਆਂ, ਫਿਲਾਸਫਰਾਂ ਅਤੇ ਲੇਖਕਾਂ ਵਾਸਤੇ ਇਕ ਵਰਦਾਨ ਬਣ ਕੇ ਸਾਹਮਣੇ ਆਉਂਦੀ ਹੈ। ਹੀਗਲ ਨੇ ਇਸ ਇਕੱਲ ਬਾਰੇ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਜੇ ਇੱਕ ਵਾਰ ਮਨੁੱਖ ਦੀ ਸਮਾਜਕ ਪ੍ਰਵਿਰਤੀ ਤਹਿਸ-ਨਹਿਸ ਹੋ ਜਾਵੇ ਤਾਂ ਉਹ ਇਸ ਹੱਦ ਤੱਕ ਸਵੈ-ਕੇਂਦ੍ਰਿਤ ਹੋ ਜਾਂਦਾ ਹੈ, ਜਿਸ ਨੂੰ ‘ਪਾਗਲਪਨ ਦੀ ਹੱਦ’ ਕਿਹਾ ਜਾ ਸਕਦਾ ਹੈ ਤੇ ਪਾਗਲਪਨ ਸਮਾਜਕ ਪ੍ਰਕਿਰਿਆ ਨਾਲੋਂ ਮੁਕੰਮਲ ਤੌਰ ‘ਤੇ ਇੱਕ ਤਰ੍ਹਾਂ ਨਾਲ ਅਲਹਿਦਾ ਹੋਣਾ ਹੈ। ਕਿਰਕੇਗਾਰਦ ਨੇ ਹੀਗਲ ਦੇ ਉਪਰੋਕਤ ਬਿਆਨ ਦੇ ਜੁਆਬ ਵਿਚ ਆਪਣਾ ਅਸਤਿਤਵੀ ਬਿਆਨ ਦਾਗ ਕੇ ਅਲਹਿਦਗੀ ਨੂੰ ਮੁੜ ਰੁਤਬਾ ਪ੍ਰਦਾਨ ਕੀਤਾ ਸੀ। ਉੁਸ ਅਨੁਸਾਰ ਆਤਮਪਰਪੱਕਤਾ ਸੱਚਾਈ ਹੈ। ਆਤਮਪਰਪੱਕਤਾ ਉਨ੍ਹਾਂ ਲਈ ਹੀ ਸੱਚਾਈ ਹੁੰਦੀ ਹੈ, ਜੋ ਇਸ ਰਾਹੀਂ ਜੀਵਨ ਦੀ ਸੱਚਾਈ ਅਤੇ ਚੇਤਨਾ ਦੀਆਂ ਅਸੀਮ ਹੱਦਾਂ ਤੱਕ ਪੁੱਜਣਾ ਚਾਹੁੰਦੇ ਹਨ, ਪਰ ਆਮ ਬੁੱਧ ਵਾਲੇ ਵਿਅਕਤੀਆਂ ਨੂੰ ਆਪਣੀਆਂ ਸਾਧਾਰਨ ਹਾਲਤਾਂ ਵਿਚ ਹੀ ਰਹਿਣਾ ਚਾਹੀਦਾ ਹੈ। ਸੋਚ ਦੇ ਡੂੰਘੇ ਵਹਿਣਾਂ ਵਿਚ ਵਿਵੇਕੀ ਪਹੁੰਚ ਅਪਨਾ ਕੇ ਉੱਤਰ ਜਾਣਾ ਪਾਰਖੂਆਂ ਅਤੇ ਬੁੱਧੀਜੀਵੀਆਂ ਦਾ ਹੀ ਕਮਾਲ/ਕਾਰਜ ਹੁੰਦਾ ਹੈ।
ਨਿਊਟਨ, ਸ਼ੰਕਰਾਚਾਰੀਆ, ਗੋਸੁਆਮੀ ਤੁਲਸੀਦਾਸ, ਜਾਇਸੀ, ਨਿਤਸ਼ੇ, ਰਾਹੁਲ ਸਾਂਕ੍ਰਿਤਿਆਇਨ, ਜੀਨ ਪਾਲ ਸਾਰਤਰ ਆਦਿ ਵਿਸ਼ਵ ਪੱਧਰ ਦੇ ਮਹਾਪੁਰਖ ਆਪਣੇ ਮਾਪਿਆਂ ਤੋਂ ਛੋਟੀ ਉਮਰੇ ਵਿਛੜ ਜਾਣ ਕਾਰਨ ਘੋਰ ਇਕੱਲ ਅਤੇ ਮਾਯੂਸੀ ਦੇ ਅਨੁਭਵ ਵਿਚੋਂ ਗੁਜ਼ਰੇ ਸਨ। ਜਗਤ ਪ੍ਰਸਿਧ ਵਿਗਿਆਨੀ ਸਰ ਈਜ਼ਕ ਨਿਊਟਨ ਨੂੰ ਜਦੋਂ ਇਕ ਵਿਦੇਸ਼ੀ ਵਿਦਵਾਨ ਨੇ ਉਨ੍ਹਾਂ ਦੁਆਰਾ ਕੀਤੀ ਖੋਜ ਦੇ ਰਹੱਸ ਬਾਰੇ ਪੁੱਛਿਆ ਕਿ ਤੁਸੀਂ ਆਪਣੇ ਆਕਰਸ਼ਕ ਸਿਧਾਂਤ ਦੀ ਲੱਭਤ ਕਿਵੇਂ ਕੀਤੀ ਤਾਂ ਨਿਊਟਨ ਦਾ ਉੱਤਰ ਸੀ, ‘ਸੋਚੀ ਜਾਣ, ਸੋਚੀ ਜਾਣ ਨਾਲ।’
ਇਕੱਲਤਾ ਵਿਚ ਲਾਈ ਹੋਈ ਨਿਰੰਤਰ ਸਮਾਧੀ ਲਈ ਭਾਰਤੀ ਇਤਿਹਾਸ ਵਿਚ ਗੌਤਮ ਬੁੱਧ ਇਸ ਦੀ ਪ੍ਰਤੱਖ ਮਿਸਾਲ ਹਨ। ਪੰਜਾਬੀ ਦੇ ਮਕਬੂਲ ਸ਼ਾਇਰ ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ, ਸ਼ਿਵ ਕੁਮਾਰ ਆਦਿ ਆਪਣੇ ਪਰਿਵਾਰਾਂ ਤੋਂ ਫਾਸਲਿਆਂ ਉੱਪਰ ਵਿਚਰੇ ਹਨ। ਸ਼ਿਵ ਕੁਮਾਰ ਆਪਣੇ ਬਚਪਨ ਵਿਚ ਸਾਰਾ ਸਾਰਾ ਦਿਨ ਪਿੰਡ ਦੇ ਕੋਲ ਲੰਘਦੀ ਬਸੰਤਰ ਨਦੀ ਦੇ ਕੰਢੇ ਪੱਥਰਾਂ-ਗੀਟਿਆਂ ਨਾਲ ਖੇਡਦਾ ਰਹਿੰਦਾ ਸੀ ਤੇ ਡੂੰਘੀ ਸ਼ਾਮ ਨੂੰ ਵਾਪਸ ਘਰ ਪਰਤਦਾ ਸੀ। ਅਕਸਰ ਕਲਾਕਾਰ ਆਪਣੇ ਸਮਾਜ ਤੋਂ ਨਿਰਲੇਪਤਾ ਦੇ ਸਹਿਜ ਰਿਸ਼ਤੇ ਵਿਚ ਬੱਝੇ ਹੁੰਦੇ ਹਨ, ਪਰ ਹਰਿਭਜਨ ਸਿੰਘ ਨੂੰ ਇਹ ਨਿਰਲੇਪਤਾ ਅਤੇ ਇਕੱਲ ਅਪ੍ਰਤੱਖ ਰੂਪ ਵਿਚ ਕੁਦਰਤ ਦੁਆਰਾ ਕੀਤੀ ਗਈ ਕਰੋਪੀ ਦੇ ਰੂਪ ਵਿਚ ਪ੍ਰਾਪਤ ਹੋਈ ਸੀ। ਬਾਲ ਉਮਰ ਦੀ ਨਿਰਾਸ਼ਾ ਅਤੇ ਇਸ ਦੌਰਾਨ ਕੀਤੇ ਗਏ ਸੰਘਰਸ਼ ‘ਚੋਂ ਪੈਦਾ ਹੋਣ ਵਾਲੇ ਸੁਹਜ ਦੀ ਕਲਪਨਾ ਦੇ ਆਧਾਰ ‘ਤੇ ਉਨ੍ਹਾਂ ਦੀਆਂ ਪਹਿਲੀਆਂ ਕਾਵਿ-ਰਚਨਾਵਾਂ ਦੀ ਸਿਰਜਣਾ ਹੋਈ। ਕਾਵਿ-ਸਾਧਨਾ ਵਿਚ ਡਾ. ਹਰਿਭਜਨ ਸਿੰਘ ਨੇ ਲਾਸਾਂ (1956), ਤਾਰ-ਤੁਪਕਾ (1957), ਅਧਰੈਣੀ (1962), ਨਾ ਧੁੱਪੇ ਨਾ ਛਾਂਵੇਂ (1967), ਸੜਕ ਦੇ ਸਫੇ ਉੱਤੇ (1970), ਮੈਂ ਜੋ ਬੀਤ ਗਿਆ (1970), ਅਲਫ ਦੁਪਹਿਰ (1972), ਟੁੱਕੀਆਂ ਜੀਭਾਂ ਵਾਲੇ (1977), ਮੱਥਾ ਦੀਵੇ ਵਾਲਾ (1982), ਮਹਿਕਾਂ ਨੂੰ ਜੰਦਰੇ ਨਾ ਮਾਰੀਂ (1983), ਅਲਵਿਦਾ ਤੋਂ ਪਹਿਲਾਂ (1984), ਮਾਂਵਾਂ ਧੀਆਂ (1991), ਨਿੱਕ ਸੁੱਕ (1989), ਮੇਰੀ ਕਾਵਿ-ਯਾਤਰਾ (1989), ਚੌਥੇ ਦੀ ਉਡੀਕ (1991), ਰੁੱਖ ਤੇ ਰਿਸ਼ੀ (1992), ਰੇਗਿਸਤਾਨ ‘ਚ ਲੱਕੜਹਾਰਾ (2000) ਉੱਨੀ ਸੌ ਚੁਰਾਸੀ ਆਦਿ ਕਾਵਿ-ਰਚਨਾਵਾਂ ਦੀ ਸਿਰਜਣਾ ਰਾਹੀਂ ਲੰਮਾ ਸਫਰ ਤੈਅ ਕੀਤਾ ਹੈ। ਲਾਸਾਂ ਕਾਵਿ-ਕਿਰਤ ਦੀ ਸਿਰਜਣਾ ਵੇਲੇ ਤੱਕ ਉਨ੍ਹਾਂ ਦੇ ਮਨ-ਮਸਤਕ ਉਤੇ ਪ੍ਰਗੀਤਕਤਾ ਦਾ ਭਾਵ ਟਿਕਿਆ ਹੋਇਆ ਸੀ ਅਤੇ ਇਹ ਭਾਵ ਭਾਵੇਂ ਹਰਿਭਜਨ ਸਿੰਘ ਦੀ ਕਵਿਤਾ ਦੇ ਆਰ-ਪਾਰ ਫੈਲਿਆ ਹੋਇਆ ਹੈ, ਪਰ ਉਨ੍ਹਾਂ ਦੀ ਸਮੁੱਚੀ ਕਾਵਿ-ਯਾਤਰਾ ਭਾਵਨਾ ਤੋਂ ਵਿਚਾਰਕਤਾ, ਪ੍ਰਗੀਤ ਤੋਂ ਬਿਰਤਾਂਤਕਤਾ ਦੇ ਰੁਖ ਵਿਕਾਸ ਕਰਦੀ ਹੈ।
ਸਮਕਾਲੀ ਪੰਜਾਬੀ ਕਵਿਤਾ ਦੇ ਖੇਤਰ ਵਿਚ ਦਾਰਸ਼ਨਿਕ ਵਿਧੀ ਵਾਲੀਆਂ ਲੰਮੀਆਂ/ਬਿਰਤਾਂਤਕ ਕਾਵਿ-ਰਚਨਾਵਾਂ ਲਿਖਣ ਵਿਚ ਸਭ ਤੋਂ ਵਧੇਰੇ ਯੋਗਦਾਨ ਸਾਡੇ ਸਮੇਂ ਦੇ ਜਗਤ ਪ੍ਰਸਿੱਧ ਮਨੋਵਿਗਿਆਨੀ ਕਵੀ ਡਾ. ਜਸਵੰਤ ਸਿੰਘ ਨੇਕੀ ਦਾ ਹੈ। ਉਸ ਨੇ ਹੁਣ ਤੱਕ ਸਿਮਰਿਤੀ ਦੇ ਕਿਰਨ ਤੋਂ ਪਹਿਲਾਂ (1975), ਕਰੁਣਾ ਦੀ ਛੋਹ ਤੋਂ ਮਗਰੋਂ (1978), ਨਾ ਇਹ ਗੀਤ ਨਾ ਬਿਰਹੜਾ (1985), ਬਿਰਖੈ ਹੇਠਿ ਸਭਿ ਜੰਤ (1989), ਕੋਈ ਨਾਓਂ ਨ ਜਾਣੇ ਮੇਰਾ, ਆਦਿ ਰਾਹੀਂ ਪੰਜਾਬੀ ਕਵਿਤਾ ਨੂੰ ਦਰਸ਼ਨ ਦੇ ਰਾਹ ਤੋਰਿਆ ਹੈ। ਡਾ. ਹਰਿਭਜਨ ਸਿੰਘ ਨੇ ਕਬੀਰ ਦੀ ਜੀਵਨੀ ਨੂੰ ਲੰਮੀ ਕਾਵਿ-ਕਿਰਤ ਤੇਰਾ ਨਾਉਂ ਕਬੀਰ (ਮਿਤੀ ਹੀਣ) ਵਿਚ ਚਿਤਰਨ ਕੀਤਾ ਹੈ।
ਕਵਿਤਾ ਅਤੇ ਸਮੀਖਿਆ ਡਾ. ਹਰਿਭਜਨ ਸਿੰਘ ਦੀ ਸਾਹਿਤ-ਸਾਧਨਾ ਦੇ ਦੋ ਵਿਸ਼ੇਸ਼ ਪਹਿਲੂ ਬਣੇ ਰਹੇ ਹਨ। ਸਮੀਖਿਆ ਖੇਤਰ ਵਿਚ ਜਦੋਂ ਉਨ੍ਹਾਂ ਨੇ ਪ੍ਰਵੇਸ਼ ਕੀਤਾ ਤਾਂ ਉਦੋਂ ਸਾਹਿਤ ਦੇ ਫੈਸਲੇ ਪ੍ਰਗਤੀਵਾਦ ਦੇ ਹੱਕ ਵਿਚ ਸਨ। ਡਾ. ਹਰਿਭਜਨ ਸਿੰਘ ਨੇ ਇਸ ਸਥਾਪਨਾ ਨੂੰ ਸਵੀਕਾਰ ਨਾ ਕੀਤਾ, ਸਗੋਂ ਸਮੁੱਚੇ ਵਿਸ਼ਵ ਵਿਚ ਗਿਆਨ ਦੇ ਖੇਤਰ ਵਿਚ ਜੋ ਕੁਝ ਹੋ ਰਿਹਾ ਸੀ, ਉਸ ਬਾਰੇ ਪੰਜਾਬੀ ਅਤੇ ਭਾਰਤੀ ਸਾਹਿਤ ਵਿਚ ਚਰਚਾ ਪੈਦਾ ਕੀਤੀ। ਹੁਣ ਤੱਕ ਸਮੀਖਿਆ ਖੇਤਰ ਵਿਚ ਉਨ੍ਹਾਂ ਨੇ ਪੰਜਾਬੀ ਸਾਹਿਤ: ਇੱਕ ਨਵਾਂ ਪਰਿਪੇਖ (1968), ਅਧਿਐਨ ਤੇ ਅਧਿਆਪਨ (1970), ਮੁੱਲ ਤੇ ਮੁਲੰਕਣ (1970), ਸਾਹਿਤ ਤੇ ਸਿਧਾਂਤ (1973), ਸਾਹਿਤ ਸ਼ਾਸਤਰ (1973), ਆਰੰਭਿਕ (1924), ਪਾਰਗਾਮੀ (1976), ਰੂਪਕੀ (1976), ਰਚਨਾ ਸੰਰਚਨਾ (1976), ਸਾਹਿਤ-ਵਿਗਿਆਨ (1978), ਸਾਹਿਤ ਅਧਿਐਨ (1981), ਪਤਰਾਂਜਲੀ (1981), ਇਕ ਖਤ ਤੇਰੇ ਨਾਮ (1983), ਪਿਆਰ ਤੇ ਪਰਿਵਾਰ (1988), ਖਾਮੋਸ਼ੀ ਦਾ ਜਜ਼ੀਰਾ (1988), ਮੇਰੀ ਪਸੰਦ (1991) ਆਦਿ ਪੁਸਤਕਾਂ ਦੀ ਰਚਨਾ ਕੀਤੀ। ਪੰਜਾਬੀ ਸਮੀਖਿਆ ਪ੍ਰਵਾਹ ਨੂੰ ਨਵੀਆਂ ਦਿਸ਼ਾਵਾਂ ਦੇਣ ਵਿਚ ਉਨ੍ਹਾਂ ਨੇ ਬੌਧਿਕ ਅਗਵਾਈ ਕੀਤੀ ਹੈ, ਜਿਸ ਕਾਰਨ ਹਰਿਭਜਨ ਸਿੰਘ ਅਤੇ ਉਨ੍ਹਾਂ ਦੇ ਸਾਥੀ ਅਧਿਆਪਕ ‘ਪੰਜਾਬੀ ਆਲੋਚਨਾ ਦਾ ਦਿੱਲੀ ਸਕੂਲ’ ਦੇ ਨਾਮ ਨਾਲ ਜਾਣੇ ਜਾਣ ਲੱਗ ਪਏ। ਹਰਿਭਜਨ ਸਿੰਘ ਨੇ ਰੂਸੀ ਰੂਪਵਾਦ, ਅਮਰੀਕੀ ਨਵ-ਆਲੋਚਨਾ, ਫਰਾਂਸੀਸੀ ਸੰਰਚਨਾਵਾਦ, ਪਰਾਗ ਸਕੂਲ, ਸ਼ੈਲੀ ਵਿਗਿਆਨ, ਚਿਹਨ ਵਿਗਿਆਨ, ਵਿਚਰਨਾ ਵਿਧੀ, ਸੰਰਚਨਾਵਾਦ ਤੋਂ ਪਾਰ ਆਦਿ ਸਮੀਖਿਆ ਪ੍ਰਣਾਲੀਆਂ ਦੇ ਡੂੰਘੇ ਗਿਆਨ ਰਾਹੀਂ ਸਮੀਖਿਆ ਖੇਤਰ ਵਿਚ ਇਕ ਤਰ੍ਹਾਂ ਨਾਲ ਤਹਿਲਕਾ ਮਚਾ ਦਿੱਤਾ।
ਡਾ. ਹਰਿਭਜਨ ਸਿੰਘ ਦੀ ਸਮੀਖਿਆ ਦਾ ਸਾਰਾ ਬਲ ਅਤੇ ਦਾਰੋਮਦਾਰ ਸਾਹਿਤ-ਕਿਰਤ ਦੇ ਪਾਠ ਉਪਰ ਟਿਕਿਆ ਹੋਇਆ ਹੈ। ਸਾਹਿਤ ਕਿਰਤ ਨੂੰ ਖੁਦਮੁਖਤਾਰ ਹੋਂਦ ਮੰਨ ਕੇ ਹਰਿਭਜਨ ਸਿੰਘ ਦੀ ਸਮੀਖਿਆ ਸਾਹਿਤ ਸ਼ਾਸਤਰੀ ਸਮੀਖਿਆ ਦਾ ਸਫਰ ਤੈਅ ਕਰਦੀ ਹੈ। ਪੰਜਾਬ ਸਮੀਖਿਆ ਦੇ ਇਤਿਹਾਸ ਵਿਚ ਜਿੰਨਾ ਮਹੱਤਵ ਪਾਠ ਨੂੰ ਹਰਿਭਜਨ ਸਿੰਘ ਦੀ ਸਮੀਖਿਆ ਵਿਚ ਪ੍ਰਾਪਤ ਹੋਇਆ ਹੈ, ਸ਼ਾਇਦ ਹੀ ਹੋਰ ਕਿਸੇ ਸਮੀਖਿਆ ਪ੍ਰਣਾਲੀ ਦੇ ਹਿੱਸੇ ਆਇਆ ਹੋਵੇ। ਨਿਕਟ ਅਧਿਐਨ, ਅੰਗ-ਨਿਖੇੜ, ਭਾਸ਼ਾ-ਅਧਿਐਨ, ਥੀਮਿਕ-ਪਰਤਾਂ ਆਦਿ ਅਨੇਕਾਂ ਪਹਿਲੂ ਇਸ ਸਮੀਖਿਆ ਵਿਧੀ ਵਿਚੋਂ ਹੀ ਉਜਾਗਰ ਹੋਏ ਵੇਰਵੇ ਹਨ।
ਸਾਹਿਤ ਸਿਰਜਣਾ ਅਤੇ ਸਾਹਿਤ ਸਮੀਖਿਆ ਦੀ ਮੌਲਿਕ ਰਚਨਾ ਦੇ ਨਾਲ ਨਾਲ ਬਹੁਤ ਸਾਰੀਆਂ ਆਲੋਚਨਾਤਮਕ ਪੁਸਤਕਾਂ ਦਾ ਸੰਪਾਦਨ ਕਰਕੇ ਵੀ ਡਾ. ਹਰਿਭਜਨ ਸਿੰਘ ਨੇ ਪੰਜਾਬੀ ਸਮੀਖਿਆਤਮਕ ਖੇਤਰ ਨੂੰ ਪ੍ਰਭਾਵਸ਼ਾਲੀ ਬਣਾਇਆ। ਜਿਹੜੀਆਂ ਪੁਸਤਕਾਂ ਡਾ. ਹਰਿਭਜਨ ਸਿੰਘ ਨੇ ਸੰਪਾਦਿਤ ਕੀਤੀਆਂ, ਉਨ੍ਹਾਂ ਵਿਚ ਧਰਮ ਤੇ ਧਾਰਮਿਕ ਕਾਵਿ (1971), ਕਥਾ ਪੰਜਾਬ (1971), ਤ੍ਰਾਸਦੀ (1972), ਪੁਰਾਤਨ ਜਨਮਸਾਥੀ (1972), ਕਿੱਸਾ ਪੰਜਾਬ (1974), ਸਿਸਟਮੀ (1978), ਸਾਖੀ ਸੁਰਤਿ (1982), ਸਨਮਾਨ ਤੇ ਸਮੀਖਿਆ (1986) 2 ਭਾਗ, ਬੁੱਲ੍ਹੇ ਸ਼ਾਹ (ਹਿੰਦੀ) 1981), ਸ਼ੇਖ ਫਰੀਦ (ਹਿੰਦੀ) (1992), ਉਨ੍ਹੀਵੀਂ ਸਦੀ ਦਾ ਚੋਣਵਾਂ ਪੰਜਾਬੀ ਸਾਹਿਤ (1993) ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਵੱਖ ਵੱਖ ਵਿਦਿਅਕ ਅਦਾਰਿਆਂ ਵੱਲੋਂ ਵੀ ਤਿਆਰ ਕਰਵਾਈਆਂ ਜਾਣ ਵਾਲੀਆਂ ਪਾਠ-ਪੁਸਤਕਾਂ ਦੇ ਸੰਪਾਦਨ ਵਿਚ ਡਾ. ਹਰਿਭਜਨ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਜਿਹੜੀ ਪਾਠ-ਪੁਸਤਕ ਵੀ ਤਿਆਰ ਕੀਤੀ, ਉਹ ਨਵੇਂ ਬਣਨ ਵਾਲੇ ਸੰਪਾਦਨ ਲਈ ਵੀ ਆਦਰਸ਼ ਪੁਸਤਕ ਦੇ ਤੌਰ ‘ਤੇ ਸਵੀਕਾਰ ਕੀਤੀ ਗਈ। ਮਿਸਾਲ ਵਜੋਂ ਅੱਜ ਦੀ ਪੰਜਾਬੀ, ਕਾਵਿ ਰੰਗ, ਕਥਾ ਦੇਸ਼, ਜਿਉਂਦੇ ਜਾਗਦੇ, ਕਾਵਿ ਕਮਾਈ, ਹਰਫ ਹਮੇਸ਼ਾ, ਕਾਵਿ ਕੀਰਤੀ, ਕਥਾ ਕਹਾਣੀ ਆਦਿ। ਇਹ ਸੰਪਾਦਿਤ ਪਾਠ-ਪੁਸਤਕਾਂ ਨਾ ਸਿਰਫ ਬੀ. ਏ. ਪੱਧਰ ਤੱਕ ਦੇ ਵਿਦਿਆਰਥੀਆਂ ਦਾ ਨਿੱਕੇ ਨਿੱਕੇ ਪ੍ਰਸ਼ਨਾਂ-ਉੱਤਰਾਂ ਰਾਹੀਂ ਪਥ ਪ੍ਰਦਰਸ਼ਨ ਕਰਦੀਆਂ ਹਨ, ਸਗੋਂ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਭਰੋਸੇਯੋਗ ਸਮੱਗਰੀ ਪ੍ਰਦਾਨ ਕਰਦੀਆਂ ਹਨ। ਨਿੱਕੇ ਬੱਚਿਆਂ ਨੂੰ ਪੜ੍ਹਨ-ਪੜ੍ਹਾਉਣ ਦੇ ਸਿਲਸਿਲੇ ਵਿਚ ਜਦੋਂ ਡਾ. ਜਗਦੀਸ਼ ਕੌਸ਼ਲ ਨੇ ਡਾ. ਹਰਿਭਜਨ ਸਿੰਘ ਨੂੰ ਕਿਸੇ ਆਉਂਦੀ ਸਮੱਸਿਆ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, “ਪੜ੍ਹਨਾ ਅਤੇ ਪੜ੍ਹਾਉਣਾ ਮੇਰਾ ਧਰਮ ਹੈ। ਆਪਣੇ ਧਰਮ ਦਾ ਪਾਲਣ ਭਾਵੇਂ ਛੋਟੀਆਂ ਜਮਾਤਾਂ ਵਿਚ ਕਰਨਾ ਹੋਵੇ, ਭਾਵੇਂ ਵੱਡੀਆਂ ਵਿਚ, ਕਰਨਾ ਹੀ ਚਾਹੀਦਾ ਹੈ।”
ਪੰਜਾਬੀ ਭਾਸ਼ਾ ਤੋਂ ਇਲਾਵਾ ਡਾ. ਹਰਿਭਜਨ ਸਿੰਘ ਹਿੰਦੀ, ਸੰਸਕ੍ਰਿਤੀ, ਅੰਗਰੇਜ਼ੀ, ਉਰਦੂ ਆਦਿ ਭਾਸ਼ਾਵਾਂ ਦੇ ਚੰਗੇ ਗਿਆਤਾ ਸਨ। ਬਹੁ-ਭਾਸ਼ਾਵਾਂ ਦੇ ਗਿਆਤਾ ਹੋਣ ਸਦਕਾ ਉਨ੍ਹਾਂ ਦੇ ਕਵਿਤਾ, ਗਲਪ, ਵਾਰਤਕ ਅਤੇ ਸਮੀਖਿਆ ਦੀਆਂ ਪੁਸਤਕਾਂ ਨੂੰ ਪੰਜਾਬੀ ਵਿਚ ਉਲਥਾ ਕੇ ਪੰਜਾਬੀ ਪਾਠਕਾਂ ਦੀ ਕੌਮਾਂਤਰੀ ਸਾਹਿਤ-ਸੰਸਾਰ ਨਾਲ ਨੇੜਤਾ ਕਾਇਮ ਕੀਤੀ ਹੈ। ਕਵਿਤਾ ਵਿਚ ਈਡੀਪਸ ਕਾਲੋਨਸ (1960), ਰਿਗਬਾਣੀ (1963), ਮੇਰੀ ਬੋਲੀ ਤੇਰੇ ਬੋਲ (1970), ਇਹ ਪਰਦੇਸਣ ਪਿਆਰੀ (1973), ਕਿੱਸਾ ਜ਼ਾਰ ਸੁਲਤਾਨ ਦਾ (1979), ਲੈਨਿਨ : ਨੈਣ-ਨਕਸ਼ (1980), ਸੂਰਦਾਸ ਦੇ ਪਦ (1988), ਨਾਮਧਾਰੀ ਸਿੱਖ (1988), ਗਲਪ ਵਿਚ ਮੇਰੇ ਵਿਸ਼ਵ ਵਿਦਿਆਲੇ (1960), ਤਿੰਨ ਜਣੇ (1961) ਤੇ ਡਾਨ ਵਹਿੰਦਾ ਰਿਹਾ (1962), ਵਾਰਤਕ ਵਿਚ ਟੈਗੋਰ ਦਾ ਬਾਲ ਸਾਹਿਤ (1966), ਚਿੱਠੀਆਂ ਬਿਨ ਸਿਰਨਾਵਿਉਂ (1968), ਪੈਗੰਬਰ(1970), ਨਾਮਦੇਵ (1970), ਲੈਨਿਨ : ਨੈਣ ਨਕਸ਼ (1980), ਪ੍ਰਕਾਸ਼ ਪੁਰਖ (1980), ਜਵਾਹਰ ਲਾਲ ਨਹਿਰੂ (1991) ਅਤੇ ਸਮੀਖਿਆ ਵਿਚ ਅਰਸਤੂ ਦਾ ਕਾਵਿ ਸ਼ਾਸਤਰ (1961), ਉਦਾਤ ਬਾਰੇ (1970), ਗਣਤੰਤਰ (1972), ਆਦਿ ਅਨੁਵਾਦ ਕੀਤੇ ਹਨ। ਅਨੁਵਾਦ ਕਰਨ ਵਾਸਤੇ ਅਨੁਵਾਦਕ ਦਾ ਇਕ ਤੋਂ ਵਧੀਕ ਭਾਸ਼ਾਵਾਂ ਉੱਪਰ ਅਧਿਕਾਰ ਹੋਣਾ ਲਾਜ਼ਮੀ ਹੈ। ਹਰਿਭਜਨ ਸਿੰਘ ਦਾ ਇਕ ਤੋਂ ਵਧੀਕ ਭਾਸ਼ਾਵਾਂ ਉੱਪਰ ਵਸੀਕਾਰ ਸੀ, ਇਸ ਦੇ ਬਾਵਜੂਦ ਉਨ੍ਹਾਂ ਨੂੰ ਅਨੁਵਾਦ ਕੀਤੀ ਜਾ ਰਹੀ ਭਾਸ਼ਾ ਦੇ ਮਾਹਿਰਾਂ ਨਾਲ ਸਮੇਂ ਸਮੇਂ ਸੰਪਰਕ ਵੀ ਕਰਨਾ ਪਿਆ। ਉਨ੍ਹਾਂ ਵਲੋਂ ਕੀਤੇ ਗਏ ਵਾਰਤਕ ਅਨੁਵਾਦ ਪੰਜਾਬੀ ਵਿਚ ਵਧੇਰੇ ਮਕਬੂਲ ਹੋਏ ਹਨ। ਸਾਹਿਤ ਅਕਾਦਮੀ ਨੇ ਉਨ੍ਹਾਂ ਦੇ ਅਨੁਵਾਦ ਕਾਰਜਾਂ ਨੂੰ ਉਚੇਰੇ ਤੌਰ ‘ਤੇ ਸਲਾਹਿਆ ਵੀ ਹੈ। ਕਵਿਤਾ ਦੇ ਅਨੁਵਾਦ ਉਨ੍ਹਾਂ ਦੀ ਮੌਲਿਕ ਕਾਵਿ-ਰਚਨਾ ਦੇ ਪੱਧਰ ਤੀਕ ਨਹੀਂ ਪੁੱਜ ਸਕੇ। ਅਜਿਹਾ ਸ਼ਾਇਦ ਕਵਿਤਾ ਵਿਚ ਸੰਭਵ ਨਹੀਂ ਹੈ। ਕਵਿਤਾ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਇਸ ਦਾ ਅਨੁਵਾਦ ਨਹੀਂ ਕੀਤਾ ਜਾ ਸਕਦਾ। ਕਵਿਤਾ ਦੀ ਇਹ ਇਕ ਸੀਮਾ ਵੀ ਹੈ ਕਿ ਇਹ ਮੂਲ ਭਾਸ਼ਾ ਵਿਚ ਹੀ ਆਪਣੀਆਂ ਸੰਭਾਵਨਾਵਾਂ ਨੂੰ ਹੰਢਾਉਂਦੀ ਹੈ। ਗਲਪ, ਵਾਰਤਕ ਅਤੇ ਸਮੀਖਿਆ ਅਨੁਵਾਦ ਦੇ ਵਸੀਲੇ ਰਾਹੀਂ ਵਿਸ਼ਵ ਦੇ ਹਰ ਕੋਨੇ ਵਿਚ ਪੁੱਜ ਜਾਣ ਦੀ ਸਮਰੱਥਾ ਰੱਖਦੀ ਹੈ।
ਹਰਿਭਜਨ ਸਿੰਘ ਨੇ ਭਾਵੇਂ ਬਹੁਤ ਸਾਰੀਆਂ ਸਾਹਿਤਕ-ਰਚਨਾਵਾਂ ਨੂੰ ਪੰਜਾਬੀ ਵਿਚ ਉਲਥਾਇਆ ਹੈ, ਪਰ ਆਪਣੀ ਸਿਰਜਣਾਤਮਕ ਰਚਨਾ ਨੂੰ ਉਨ੍ਹਾਂ ਨੇ ਆਪਣੀ ਮਾਤ-ਭਾਸ਼ਾ ਰਾਹੀਂ ਹੀ ਪ੍ਰਗਟ ਕੀਤਾ ਹੈ। ਉਨ੍ਹਾਂ ਦੀਆਂ ਰਚਨਾਤਮਕ ਕਿਰਤਾਂ ਬਹੁਤ ਸਾਰੀਆਂ ਜ਼ੁਬਾਨਾਂ ਵਿਚ ਅਨੁਵਾਦ ਹੋ ਚੁਕੀਆਂ ਹਨ, ਪਰ ਇਹ ਅਨੁਵਾਦ ਅਤੇ ਖੁਦ ਦੂਸਰੀ ਜ਼ੁਬਾਨ ਵਿਚ ਰਚਨਾਤਮਕ ਕਾਰਜ ਕਰਨ ਤੋਂ ਉਨ੍ਹਾਂ ਨੇ ਸੰਕੋਚ ਕੀਤਾ ਹੈ।
ਅਧਿਆਪਨ ਦੇ ਖੇਤਰ ਵਿਚ ਵੀ ਡਾ. ਹਰਿਭਜਨ ਸਿੰਘ ਦੀ ਪ੍ਰਾਪਤੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਇਸ ਖੇਤਰ ਵਿਚ ਵੀ ਖੋਜ-ਕਾਰਜ ਦੇ ਨਵੇਂ ਸੰਕਲਪਾਂ ਨੂੰ ਸਾਕਾਰ ਕਰਕੇ ਪੰਜਾਬੀ ਅਧਿਆਪਨ ਦਾ ਮਿਆਰ ਉਚਾ ਚੁੱਕਿਆ ਹੈ। ਪੰਜਾਬੀ ਆਲੋਚਨਾ ਦਾ ਆਧੁਨਿਕ ਪਸਾਰ ਡਾ. ਹਰਿਭਜਨ ਸਿੰਘ ਦੀ ਅਗਵਾਈ ਸਦਕਾ ਹੀ ਅਗੇਰੇ ਵਧਿਆ ਹੈ। ਉਨ੍ਹਾਂ ਨੇ ਕਦੇ ਵੀ ਆਪਣੇ ਵਿਦਿਆਰਥੀ ਨੂੰ ਆਪਣੇ ਨਾਲ ਬੰਨ੍ਹ ਕੇ ਨਹੀਂ ਰੱਖਿਆ, ਉਸ ਨੂੰ ਉਡਣ ਦੀ ਜਾਚ ਸਿਖਾ ਕੇ ਖੁੱਲ੍ਹੀ ਫਿਜ਼ਾ ਵਿਚ ਸੁੱਟਿਆ ਹੈ। ਇਹੋ ਜਿਹਾ ਕਾਰਜ ਕੋਈ ਵੱਡੇ ਜਿਗਰੇ ਵਾਲਾ ਇਨਸਾਨ ਹੀ ਕਰ ਸਕਦਾ ਹੈ। ਡਾ. ਹਰਿਭਜਨ ਸਿੰਘ ਨੇ ਪੰਜਾਬੀ ਦੇ ਜਿਹੜੇ ਨਾਮਵਰ ਅਧਿਆਪਕਾਂ ਦੇ ਗਿਆਨ ਨੂੰ ਪਰਪੱਕ ਕਰਨ ਵਿਚ ਨਿਗਰਾਨ ਦੀ ਹੈਸੀਅਤ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ ਹੈ, ਉਹ ਖੁਦ ਗਿਆਨ ਪ੍ਰਕਾਸ਼ ਦੇ ਵੱਡੇ ਸੋਮੇ ਬਣੇ ਰਹੇ ਹਨ; ਇਨ੍ਹਾਂ ਵਿਚ ਡਾ. ਅਤਰ ਸਿੰਘ, ਡਾ. ਸਤਿੰਦਰ ਸਿੰਘ, ਡਾ. ਸਤਿੰਦਰ ਸਿੰਘ ਨੂਰ, ਡਾ. ਜਸਪਾਲ ਸਿੰਘ, ਡਾ. ਗੁਰਚਰਨ ਸਿੰਘ ਅਰਸ਼ੀ, ਡਾ. ਤਰਲੋਕ ਸਿੰਘ ਕੰਵਰ, ਡਾ. ਮਹਿੰਦਰ ਕੌਰ ਗਿੱਲ, ਡਾ. ਅਮਰੀਕ ਸਿੰਘ ਪੂੰਨੀ, ਡਾ. ਮਨਜੀਤ ਕੌਰ, ਡਾ. ਮਨਜੀਤ ਸਿੰਘ, ਡਾ. ਦੇਵਿੰਦਰ ਕੌਰ, ਡਾ. ਦਰਸ਼ਨ ਕੌਰ ਗਰੋਵਰ, ਡਾ. ਹਰਚਰਨ ਕੌਰ ਆਦਿ ਦਾ ਨਾਮ ਸ਼ਾਮਿਲ ਹੈ।
ਦਿੱਲੀ ਯੂਨੀਵਰਸਿਟੀਆਂ ਵਿਚ ਜਦੋਂ ਡਾ. ਹਰਿਭਜਨ ਸਿੰਘ ਪ੍ਰੋਫੈਸਰ ਦੇ ਅਹੁਦੇ ‘ਤੇ ਬਿਰਾਜਮਾਨ ਸਨ ਤਾਂ ਉਸ ਵਕਤ ਤੱਕ ਉਨ੍ਹਾਂ ਦੀ ਸੰਰਚਨਾਵਾਦੀ ਸਮੀਖਿਆ ਦੀ ਧਾਂਕ ਦੂਰ ਦੂਰ ਤੱਕ ਪੈ ਚੁਕੀ ਸੀ। ਯੂ. ਜੀ. ਸੀ. ਵਲੋਂ ਵਿਜ਼ਿਟਿੰਗ ਪ੍ਰੋਫੈਸਰ ਦੀ ਹੈਸੀਅਤ ਵਿਚ ਉਨ੍ਹਾਂ ਦੇਸ਼ ਦੀਆਂ ਵਿਭਿੰਨ ਯੂਨੀਵਰਸਿਟੀਆਂ ਵਿਚ ਆਪਣੇ ਵਿਖਿਆਨ ਪੇਸ਼ ਕੀਤੇ। ਇਹ ਇਕ ਤਰ੍ਹਾਂ ਨਾਲ ਉਨ੍ਹਾਂ ਦੀਆਂ ਸਾਹਿਤਕ ਉਦਾਸੀਆਂ ਹੀ ਸਨ। 1980 ਈ. ਵਿਚ ਜਦੋਂ ਉਹ ਉਪਰੋਕਤ ਸਕੀਮ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਆਏ ਤਾਂ ਸਰੋਤਿਆਂ ਵਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਉਹ ਦਿਨ ਅਸਲ ਵਿਚ ਉਨ੍ਹਾਂ ਦੀ ਸਾਹਿਤਕ ਚੜ੍ਹਤ ਅਤੇ ਪ੍ਰਵਾਨਗੀ ਦੇ ਸਨ। ਉਹ ਖੁਦ ਵੀ ਰੂਸੀ ਰੂਪਵਾਦ ਪੜ੍ਹਾਉਂਦੇ ਪੜ੍ਹਾਉਂਦੇ ਬੋਰਿਸ ਤੋਮਾਸ਼ੇਵਸਕੀ ਲਗਦੇ, ਫਰਾਂਸੀਸੀ ਸੰਰਚਨਾਵਾਦ ਬਾਰੇ ਗੱਲ ਕਰਦੇ ਤਾਂ ਰੋਲਾਂ ਬਾਰਤ ਬਣ ਜਾਂਦੇ, ਭਾਸ਼ਾ ਵਿਗਿਆਨ ਪੜ੍ਹਾਉਂਦਿਆਂ ਰੋਮਨ ਜੈਕਬਸਨ ਅਤੇ ਸਾਸਿਊਰ ਦਾ ਰੂਪ ਧਾਰਦੇ; ਕਾਵਿ ਸ਼ਾਸਤਰ ਪੜ੍ਹਾਉਂਦੇ ਤਾਂ ਅਰਸਤੂ ਅਤੇ ਤੋਦੋਰੇਵ ਦਾ ਸਾਖਿਆਤ ਰੂਪ ਲਗਦੇ। ਉਨ੍ਹਾਂ ਦੇ ਗਿਆਨ ਅਤੇ ਵਿਦਵਤਾ ਦੇ ਕੰਠ ਕੀਤੇ ਹੋਏ ਨਿਰੰਤਰ ਪ੍ਰਵਾਹ ਨੂੰ ਸ਼੍ਰਵਣ ਕਰਦਿਆਂ ਲਗਦਾ ਕਿ ਇਹ ਇਨਸਾਨ ਕੋਈ ‘ਦੈਵੀ ਪੁਰਖ’ ਹੈ, ਜਿਸ ਨੂੰ ਗਿਆਨ ਦਾ ਇਲਹਾਮ ਹੋ ਰਿਹਾ ਹੈ। ਹਰਿਭਜਨ ਸਿੰਘ ਦੀ ਮਹਾਨਤਾ ਇਸ ਗੱਲ ਵਿਚ ਹੁੰਦੀ। ਉਹ ਕਹਿੰਦੇ, ਮੈਂ ਕੇਵਲ ਹਰਿਭਜਨ ਸਿੰਘ ਹਾਂ ਅਤੇ ਤੁਹਾਡੇ ਵਾਂਗ ਇੱਕ ਸਾਹਿਤਕ ਵਿਦਿਆਰਥੀ ਹਾਂ। ਮੈਂ ਆਪਣੀ ਖੁਸ਼ਕਿਸਮਤੀ ਸਮਝਾਂਗਾ, ਜਦੋਂ ਤੁਸੀਂ ਮੈਨੂੰ ਉਲੰਘ ਕੇ ਪਾਰ ਚਲੇ ਜਾਉਗੇ। ਅੱਜ ਉਨ੍ਹਾਂ ਦਾ ਸਹਿ ਸੁਭਾਗੇ ਕਿਹਾ ਹੋਇਆ ਕਥਨ ਪੂਰੇ ਪੰਜਾਬੀ ਸਾਹਿਤ ਸੰਸਾਰ ਦੇ ਪ੍ਰਸੰਗ ਵਿਚ ਚੁਣੌਤੀ ਭਰਪੂਰ ਲੱਗ ਰਿਹਾ ਹੈ।
ਡਾ. ਹਰਿਭਜਨ ਸਿੰਘ ਇਕ ਅਜਿਹਾ ਪ੍ਰਭਾਵਸ਼ਾਲੀ ਬੁਲਾਰਾ ਸੀ, ਜੋ ਆਪਣੇ ਸਰੋਤਿਆਂ ਨੂੰ ਕੀਲ ਕੇ ਬੰਨ੍ਹ ਲੈਣ ਦੀ ਅਥਾਹ ਸ਼ਕਤੀ ਰੱਖਦਾ ਸੀ। ਜਿਸ ਵਿਸ਼ੇ ਨੂੰ ਹਰਿਭਜਨ ਸਿੰਘ ਨੇ ਅਧਿਐਨ-ਕਾਰਜ ਲਈ ਵਸਤੂ ਬਣਾਇਆ, ਉਸ ਵਸਤੂ ਦਾ ਉਨ੍ਹਾਂ ਨੇ ਇਸ ਤਰ੍ਹਾਂ ਦਾਰਸ਼ਨਿਕ ਅਤੇ ਸੂਖਮ ਪੱਧਰ ‘ਤੇ ਨਿਖੇੜਾ ਕੀਤਾ ਕਿ ਵਿਹਾਰਕ ਅਧਿਐਨ ਵੇਲੇ ਵੀ ਉਸ ਸੰਕਲਪ ਦੀ ਕੋਈ ਸਮੱਸਿਆ ਨਾ ਰਹੀ। ਆਧੁਨਿਕ ਪੰਜਾਬੀ ਸਮੀਖਿਆ ਦੀ ਉਮਰ ਕੋਈ ਵਡੇਰੀ ਨਹੀਂ। ਹਰਿਭਜਨ ਸਿੰਘ ਦੀ ਸਾਹਿਤ-ਸਮੀਖਿਆ ਦਾ ਮੂਲ ਸਰੋਤ ਪੂਰਬੀ ਅਤੇ ਪੱਛਮੀ ਚਿੰਤਨ ਹੈ। ਹਰਿਭਜਨ ਸਿੰਘ ਨੇ ਗਿਆਨ ਦੀ ਪ੍ਰਾਪਤੀ ਲਈ ਆਪਣੇ ਮਸਤਕ ਦੇ ਚੁਫੇਰੇ ਦਰਵਾਜੇ ਖੋਲ੍ਹ ਕੇ ਰੱਖੇ ਹਨ। ਸਿੱਧੇ ਰੂਪ ਵਿਚ ਇਸ ਸਮੀਖਿਆ-ਗਿਆਨ ਨੂੰ ਭਾਵੇਂ ਹਰਿਭਜਨ ਸਿੰਘ ਗ੍ਰਹਿਣ ਕਰ ਰਿਹਾ ਸੀ, ਪਰ ਅਸਿੱਧੇ ਰੂਪ ਵਿਚ ਇਸ ਚੇਤਨਾ ਦਾ ਪ੍ਰਵਾਹ ਪੰਜਾਬੀ ਸਾਹਿਤ ਦੇ ਹਰ ਪਾਠਕ, ਵਿਦਿਆਰਥੀ ਅਤੇ ਪਾਰਖੂ ਤੀਕ ਪਹੁੰਚ ਰਿਹਾ ਸੀ। ਸਮੀਖਿਆ-ਗਿਆਨ ਦੇ ਮੂਲ ਸ਼ਾਬਦਿਕ-ਸੰਕਲਪਾਂ ਨੂੰ ਸਮਝਣ ਅਤੇ ਪੰਜਾਬੀ ਵਿਚ ਉਲਥਾਉਣ ਜਾਂ ਪਿਉਂਦ ਕਰਨ ਦਾ ਕਾਰਜ ਅਤਿ ਕਠਿਨ ਸੀ, ਪਰ ਹਰਿਭਜਨ ਸਿੰਘ ਦੀ ਬਹੁ-ਭਾਸ਼ਾਈ ਯੋਗਤਾ ਅਤੇ ਬੁੱਧੀ ਦੀ ਤੀਖਣਤਾ ਸਦਕਾ ਇਹ ਕਾਰਜ ਕਠਿਨ ਨਾ ਰਿਹਾ। ਹਰਿਭਜਨ ਸਿੰਘ ਸਮੀਖਿਆ ਦੀ ਘਾਲਣਾ ਸਦਕਾ ਹੀ ਅੱਜ ਦੀ ਪੰਜਾਬੀ ਸਮੀਖਿਆ ਦਾ ਪੱਧਰ ਵਿਸ਼ਵ ਆਲੋਚਨਾ ਦੇ ਹਾਣ ਦਾ ਹੋਇਆ ਹੈ। ਅੱਜ ਵਿਸ਼ਵ ਦੇ ਕਿਸੇ ਵੀ ਕੋਨੇ ਵਿਚ ਹੋ ਰਹੀ ਸਾਹਿਤ-ਸਮੀਖਿਆ ਪੰਜਾਬੀ-ਪਾਠਕ ਤੋਂ ਦੂਰ-ਦੁਰੇਡੇ ਦੀ ਵਸਤ ਨਹੀਂ ਰਹੀ। ਹਰਿਭਜਨ ਸਿੰਘ ਦਿੱਬ-ਦ੍ਰਿਸ਼ਟੀ ਦਾ ਮਾਲਕ ਸੀ ਅਤੇ ਆਪਣੀ ਇਸ ਵਿਲੱਖਣ ਪ੍ਰਤਿਭਾ ਸਦਕਾ ਉਹ ਵਿਸ਼ਵ ਸਾਹਿਤ-ਸਮੀਖਿਆ ਦੀਆਂ ਆਧੁਨਿਕ ਪ੍ਰਣਾਲੀਆਂ ਅਤੇ ਪੰਜਾਬੀ ਸਾਹਿਤ-ਸਮੀਖਿਆ ਦਰਮਿਆਨ ਸ਼ਬਦਾਂ ਦਾ ਪੁਲ ਬਣਿਆ ਰਿਹਾ ਹੈ।
ਕਦੇ ਕਦੇ ਪੰਜਾਬੀ ਅਤੇ ਗੈਰ-ਪੰਜਾਬੀ ਪਾਠਕਾਂ ਵਲੋਂ ਹਰਿਭਜਨ ਸਿੰਘ ਦੀ ਸ਼ਬਦ-ਚੋਣ ਤੇ ਸ਼ਬਦ-ਜੜਤ ਦੇਖ ਕੇ ਉਸ ਨੂੰ ‘ਸ਼ਬਦਾਂ ਦਾ ਜਾਦੂਗਰ’ ਵੀ ਕਿਹਾ ਜਾਂਦਾ ਰਿਹਾ ਹੈ। ਡਾ. ਅਮਰੀਕ ਸਿੰਘ ਅਨੁਸਾਰ ‘ਹਰਿਭਜਨ ਸਿੰਘ ਘੱਟ ਵਰਤੇ ਲਫਜ਼ ਐਸੇ ਤਰੀਕੇ ਨਾਲ ਵਰਤਦਾ ਹੈ ਕਿ ਉਨ੍ਹਾਂ ਵਿਚ ਨਵਾਂ ਜਾਦੂ ਆ ਜਾਂਦਾ ਹੈ। ਲਫਜ਼ਾਂ ਦਾ ਇਸਤੇਮਾਲ ਇਕ ਜੁਗਤ ਵੀ ਹੈ ਤੇ ਕਲਾ ਵੀ। ਇਨ੍ਹਾਂ ਦੋਹਾਂ ਸ਼ਕਤੀਆਂ ਦਾ ਹਰਿਭਜਨ ਸਿੰਘ ਮਾਲਕ ਹੈ।’ ਹਰਿਭਜਨ ਸਿੰਘ ਸ਼ਬਦਾਂ ਨਾਲ ਖੇਡਦਾ, ਕਲੋਲ ਕਰਦਾ ਅਤੇ ਉਚੇ ਅੰਬਰਾਂ ਵਿਚ ਪਰਵਾਜ਼ ਭਰਦਿਆਂ ਪਾਠਕਾਂ/ਸਰੋਤਿਆਂ ਦੇ ਜ਼ਿਹਨ ਜਗਤ ਵਿਚ ਏਨਾ ਡੂੰਘਾ ਉਤਰ ਜਾਂਦਾ ਹੈ ਕਿ ਉਨ੍ਹਾਂ ਦੀਆਂ ਨਿਸ਼ਕ੍ਰਿਆਸ਼ੀਲ ਹੋਈਆਂ ਗਿਆਨ ਇੰਦਰੀਆਂ ਮੁੜ ਆਪਣੀ ਜੁੰਬਿਸ਼ ਵਿਚ ਆ ਜਾਂਦੀਆਂ ਸਨ। ਉਸ ਦੇ ਪਾਠਕ/ਸਰੋਤੇ, ਸ਼ਾਗਿਰਦ ਅਤੇ ਕਲਾ ਪ੍ਰੇਮੀ ਉਸ ਦੀ ਸ਼ਾਇਰੀ ਅਤੇ ਸਮੀਖਿਆ ਰਾਹੀਂ ਅੰਧਕਾਰ ਦੀਆਂ ਗੁਫਾਵਾਂ ‘ਚੋਂ ਨਿਕਲ ਕੇ ਦੱਬੇ ਪੈਰੀਂ ਤੁਰਦੇ ਤੁਰਦੇ ਗਿਆਨ ਦੇ ਪ੍ਰਕਾਸ਼ ਵੱਲ ਸਫਰ ਕਰਦੇ ਸਨ। ਗਿਆਨ ਪ੍ਰਕਾਸ਼ ਵਿਚ ਤੁਰ ਰਹੇ ਜਗਿਆਸੂਆਂ ਦੇ ਮਨਾਂ ਵਿਚ ਪਈਆਂ ਹੋਈਆਂ ਪੱਕੀਆਂ-ਪੀਡੀਆਂ ਗੁੰਝਲਾਂ ਜਿਉਂ ਜਿਉਂ ਖੁਲ੍ਹਦੀਆਂ ਜਾਂਦੀਆਂ ਸਨ, ਤਿਉਂ ਤਿਉਂ ਹਰਿਭਜਨ ਸਿੰਘ ਪ੍ਰਵਾਨ ਹੋ ਕੇ ਉਨ੍ਹਾਂ ਦੇ ਹਿਰਦਿਆਂ ਵਿਚ ਆਪਣੀ ਡੂੰਘੀ ਥਾਂ ਬਣਾਉਂਦਾ ਜਾਂਦਾ ਸੀ। ਹਰਿਭਜਨ ਸਿੰਘ ਦੇ ਮਿੱਤਰ ਵੀ ਸਨ ਅਤੇ ਅਮਿੱਤਰ ਵੀ। ਨਿੱਕੇ ਨਿੱਕੇ ਸੰਵਾਦ ਵੀ ਸਨ ਅਤੇ ਵੱਡੇ ਵੱਡੇ ਵਿਵਾਦ ਵੀ, ਪਰ ਇਸ ਦੇ ਬਾਵਜੂਦ ਪ੍ਰਵਾਨਗੀ ਦੇ ਖੇਤਰ ਵਿਚ ਹਰਿਭਜਨ ਸਿੰਘ ਸਰਬ ਪ੍ਰਵਾਨ ਸੀ। ਉਸ ਦੇ ਵਿਰੋਧੀ ਵੀ ਉਸ ਦਾ ਲੋਹਾ ਮੰਨਦੇ ਸਨ।
(ਚਲਦਾ)