ਆਖਣਿ ਜੋਰੁ ਚੁਪੈ ਨਹ ਜੋਰੁ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਦਰਸ਼ਨ ਸਾਸ਼ਤਰ ਵਿਚ ਕੁਦਰਤ ਤੇ ਮਨੁੱਖ ਦੇ ਸਬੰਧ ਬੜੀ ਚਰਚਾ ਦਾ ਵਿਸ਼ਾ ਰਹੇ ਹਨ। ਦਾਰਸ਼ਨਿਕ ਅਕਸਰ ਬਹਿਸਦੇ ਹਨ ਕਿ ਕੁਦਰਤ ਵਧੇਰੇ ਸ਼ਕਤੀਸ਼ਾਲੀ ਹੈ ਜਾਂ ਮਨੁੱਖ। ਕੁਦਰਤ ਦੇ ਆਕਾਰ ਤੇ ਤਾਕਤ ਨੂੰ ਦੇਖ ਕੇ ਸਹਿਮਿਆ ਆਦਿ-ਮਨੁੱਖ ਇਸ ਨੂੰ ਸਰਬ-ਸ਼ਕਤੀਮਾਨ ਸਮਝਦਾ ਹੈ। ਸ਼ੁਰੂ ਸ਼ੁਰੂ ਵਿਚ ਕੁਦਰਤ ਮਨੁੱਖ ਨੂੰ ਅਗਨੀ, ਪਾਣੀ, ਅਸਮਾਨੀ ਬਿਜਲੀ ਤੇ ਹਵਾ ਆਦਿ ਵੱਖ ਵੱਖ ਸ਼ਕਤੀਆਂ ਦੇ ਰੂਪ ਵਿਚ ਪ੍ਰਗਟ ਹੋਈ। ਉਹ ਇਨ੍ਹਾਂ ਤਾਕਤਾਂ ਅੱਗੇ ਬੇਵਸ ਸੀ ਤੇ ਇਨ੍ਹਾਂ ਤੋਂ ਡਰਦਾ ਸੀ। ਇਸੇ ਭੈ ਤੇ ਲਾਚਾਰੀ ਕਾਰਨ ਉਹ ਇਨ੍ਹਾਂ ਸ਼ਕਤੀਆਂ ਨੂੰ ਦੈਵੀ ਮੰਨਣ ਲੱਗਿਆ ਤੇ ਇਨ੍ਹਾਂ ਦੀ ਪੂਜਾ ਕਰਨ ਲੱਗਿਆ। ਕੁਦਰਤ ਤੇ ਦੈਵੀਅਤ ਦਾ ਫਰਕ ਮਿਟਾ ਕੇ ਉਹ ਸਮਝਦਾ ਰਿਹਾ ਕਿ ਸੰਸਾਰ ਦੀਆਂ ਸਭ ਪ੍ਰਕ੍ਰਿਆਵਾਂ ਕੁਦਰਤ ਦੇ ਵਸ ਵਿਚ ਹਨ ਭਾਵ ਕੁਦਰਤ ਦੀ ਆਗਿਆ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ;

ਪਰ ਕੁਝ ਲੋਕ ਫਿਰ ਵੀ ਸੋਚਦੇ ਕਿ ਅਜਿਹਾ ਕੁਝ ਨਹੀਂ ਹੈ। ਜੇ ਮਨੁੱਖ ਦਰਖਤ ਨੂੰ ਹੀ ਪੁੱਟ ਕੇ ਸੁਟ ਦੇਵੇ ਤਾਂ ਪੱਤਾ ਵੀ ਨਾਲ ਹੀ ਸੁਟਿਆ ਜਾਵੇਗਾ। ਜੇ ਪੱਤਾ ਹੀ ਨਾ ਰਿਹਾ ਤਾਂ ਫਿਰ ਹਿੱਲੇਗਾ ਕੀ? ਕੁਦਰਤ ਨੇ ਦਰਖਤ ਉਗਾਇਆ, ਪੱਤਾ ਉਗਾਇਆ ਤੇ ਇਸ ਦੇ ਹਿੱਲਣ, ਨਾ ਹਿੱਲਣ ਉਤੇ ਆਪਣਾ ਅਧਿਕਾਰ ਜਮਾਇਆ, ਪਰ ਮਨੁੱਖ ਨੇ ਦਰਖਤ ਹੀ ਜੜੋਂ ਪੁੱਟ ਦਿੱਤਾ; ਸ਼ਕਤੀਸ਼ਾਲੀ ਤਾਂ ਮਨੁੱਖ ਵੀ ਹੋਇਆ। ਅਜਿਹੇ ਕੌਤਕ ਦੇਖਦੇ ਤਾਂ ਸਭ ਸਨ, ਪਰ ਬਹੁਤਿਆਂ ਨੂੰ ਇਹ ਵਿਰਲੀਆਂ ਸਥਿਤੀਆਂ ਅਪਵਾਦ ਲਗਦੀਆਂ। ਇਸ ਲਈ ਬਹੁਤੇ ਲੋਕ ਕੁਦਰਤ ਦੀ ਪ੍ਰਭੁੱਤਾ ਵਿਰੁਧ ਖੁਲ੍ਹ ਕੇ ਪ੍ਰਸ਼ਨ ਨਹੀਂ ਸਨ ਕਰਦੇ। ਜੋ ਲੋਕ ਕਰਦੇ ਸਨ, ਉਨ੍ਹਾਂ ਦੀ ਅਵਾਜ਼ ਕਮਜ਼ੋਰ ਰਹੀ। ਭਾਰਤ ਵਿਚ ਵੇਦਾਂਤੀ ਵਿਚਾਰਧਾਰਾ ਵਿਰੁਧ ਸਾਂਖ ਦਰਸ਼ਨ ਪੈਦਾ ਹੋਇਆ ਤੇ ਇਸ ਦੇ ਨਾਲ ਨਾਲ ਪਨਪਿਆ, ਪਰ ਬ੍ਰਾਹਮਣਵਾਦੀ ਅਧਿਆਤਮਵਾਦ ਅੱਗੇ ਸਿਰ ਨਾ ਚੁੱਕ ਸਕਿਆ।
ਇਸ ਦਾ ਇਕ ਸਿੱਟਾ ਇਹ ਹੋਇਆ ਕਿ ਹਿੰਦੂ ਫਿਲਾਸਫੀ ਵਿਚ ਹਉਮੈ ਜਾਂ ਹੰਕਾਰ ਦੀ ਧਾਰਨਾ ਪੈਦਾ ਹੋਈ, ਜੋ ਕਿਸੇ ਨਾ ਕਿਸੇ ਢੰਗ ਨਾਲ ਸਿੱਖ ਮੱਤ ਵਿਚ ਵੀ ਪਰਵੇਸ ਕਰ ਗਈ। ਹੰਕਾਰ ਮਨੁੱਖ ਦੇ ਆਤਮ-ਵਿਸ਼ਵਾਸ ਦੀ ਉਹ ਉਗਰ ਅਵਾਜ਼ ਹੈ, ਜੋ ਸਮਝਦੀ ਹੈ ਕਿ ਉਹ ਕੁਝ ਕਰ ਸਕਦਾ ਹੈ ਤੇ ਇਸ ਸੰਸਾਰ ਦੀ ਸੰਰਚਨਾ ਤੇ ਸੰਚਾਲਨ ਵਿਚ ਉਸ ਦਾ ਵੀ ਕੋਈ ਸਥਾਨ ਹੈ। ਦੈਵੀ ਸ਼ਕਤੀਆਂ ਅੱਗੇ ਨਤਮਸਤਕ ਹੋਏ ਅਧਿਆਤਮਵਾਦੀਆਂ ਨੂੰ ਇਹ ਦਾਅਵਾ ਚੁਭਦਾ ਸੀ, ਇਸ ਲਈ ਉਨ੍ਹਾਂ ਨੇ ਹੰਕਾਰ ਨੂੰ ਸੱਭਿਆ ਮਨੁੱਖੀ ਕਿਰਦਾਰ ਲਈ ਵਿਨਾਸ਼ਕਾਰੀ ਕਰਾਰ ਦੇ ਦਿੱਤਾ। ਇਸ ਉਪਰੰਤ ਹਉਮੈ ਕਹੀ ਜਾਣ ਵਾਲੀ ਇਹ ਧਾਰਨਾ ਚਿੰਤਨ ਦਾ ਕਲੰਕ ਦੱਸੀ ਜਾਣ ਲੱਗੀ ਤੇ ਪ੍ਰਸ਼ਨਕਾਰੀ ਅਵਾਜ਼ਾਂ ਦਾ ਦਮਨ ਕਰਨ ਲਈ ਮਿਹਣੇ ਵਜੋਂ ਵਰਤੀ ਜਾਣ ਲੱਗੀ। ਇਸ ਦੇ ਪ੍ਰਭਾਵ ਹੇਠ ਬਹੁਤੇ ਚਿੰਤਕਾਂ ਤੇ ਪਿੱਛ-ਲੱਗੂਆਂ ਦਾ ਕਰਤਾਰੀ ਉਤਸ਼ਾਹ ਦਬਕ ਗਿਆ ਤੇ ਉਹ ਹੀਣ-ਮਾਨਸਿਕਤਾ ਦੇ ਸ਼ਿਕਾਰ ਹੋ ਗਏ। ਇਹੀ ਕਾਰਨ ਹੈ ਕਿ ਹੁਣ ਜਦੋਂ ਉਹ ਆਪਣੀਆਂ ਸਰਬ-ਪੱਖੀ ਪ੍ਰਾਪਤੀਆਂ ਦੇ ਬਲਬੂਤੇ ਕੁਝ ਆਤਮ-ਵਿਸ਼ਵਾਸੀ ਕਥਨ ਕਰਨ ਲਗਦੇ ਹਨ ਤਾਂ ਝਿਜਕ ਜਾਂਦੇ ਹਨ। ਮਨਸੂਈ ਹਲੀਮੀ ਨਾਲ ਆਪਣੀਆ ਪ੍ਰਾਪਤੀਆਂ ਨੂੰ ਆਪਣੀਆਂ ਨਾ ਕਹਿ ਕੇ ਪਰਮਾਤਮਾ ਦੀਆਂ ਦੱਸਦੇ ਹਨ। ਆਪਣੀ ਗੱਲ ਨੂੰ ਪਰਮਾਤਮਾ ਦੇ ਜ਼ਿਕਰ ਨਾਲ ਕਰਦੇ ਹਨ ਤੇ ਆਪਣੀ ਮਿਹਨਤ ਦੇ ਫਲ ਨੂੰ ਪਰਮਾਤਮਾ ਦੀ ਬਖਸ਼ਿਸ਼ ਦੱਸਦੇ ਹਨ। ਉਹ ਕੁਦਰਤ ਤੇ ਮਨੁੱਖ ਦਾ ਸਹੀ ਸਬੰਧ ਸਮਝਣ ਵਿਚ ਪੱਛੜ ਗਏ ਹਨ।
ਇਸ ਪਰਿਪੇਖ ਵਿਚ ਆਦਰਸ਼ਵਾਦੀ ਭਾਵ ਅਧਿਆਤਮਵਾਦੀ ਸੋਚ ਕਾਰਨ ਕੁਦਰਤ ਤੇ ਮਨੁੱਖ ਦੇ ਰਿਸ਼ਤੇ ਨੂੰ ਸਮਝਣ ਦਾ ਢੰਗ ਅੱਜ ਤੀਕ ਇਕ ਪਾਸੜ ਤੇ ਉਲਾਰ ਚਲਿਆ ਆ ਰਿਹਾ ਹੈ। ਅਧਿਆਤਮਵਾਦੀ ਸੋਚ ਦੇ ਪੈਰੋਕਾਰ ਕੁਦਰਤ ਤੇ ਮਨੁੱਖ ਨੂੰ ਸੁਤੰਤਰ ਸ਼ਕਤੀਆਂ ਸਮਝ ਕੇ ਇਕ ਦੂਜੇ ਨਾਲ ਟਕਰਾ ਕੇ ਦੇਖਦੇ ਹਨ, ਜਦੋਂ ਕਿ ਇਹ ਇੱਦਾਂ ਨਹੀਂ ਹਨ। ਉਹ ਇਨ੍ਹਾਂ ਦੇ ਸਬੰਧ ਨੂੰ ਹਾਂ ਜਾਂ ਨਾਂਹ (ਓਟਿਹeਰ-ੌਰ) ਦੀ ਦ੍ਰਸ਼ਟੀ ਤੋਂ ਦੇਖਦੇ ਹਨ, ਜਦੋਂ ਕਿ ਇਹ ਇੱਦਾਂ ਨਹੀਂ ਹਨ। ਇਨ੍ਹਾਂ ਦਾ ਰਿਸ਼ਤਾ ਪਰਸਪਰਤਾ ਦਾ ਹੈ ਭਾਵ ਇੱਕ ਪਾਸੜ ਦੀ ਥਾਂ ਦੋ-ਪਾਸੜ, ਜਿਸ ਨੂੰ ਕਾਂਤ ਤੋਂ ਬਾਅਦ ਦੇ ਚਿੰਤਕਾਂ ਨੇ ਦਵੰਧਵਾਦੀ ਆਖਿਆ ਹੈ।
ਹੀਗਲ ਅਨੁਸਾਰ ਮਨੁੱਖ ਖੁਦ ਪਰਮਾਤਮਾ ਹੈ। ਪਰਮਾਤਮਾ ਦੀ ਰੁਚੀ ਆਪਣੇ ਆਪ ਨੂੰ ਦੇਖਣ ਦੀ ਹੈ, ਇਸ ਲਈ ਉਹ ਅਰੰਭ ਤੋਂ ਹੀ ਆਪਣੇ ਆਪ ਨੂੰ ਮਨੁੱਖ ਦੇ ਰੂਪ ਵਿਚ ਢਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਆਪਣੇ ਇਸ ਰੂਪ ਨੂੰ ਪੰਜ ਗਿਆਨ ਇੰਦਰੀਆਂ ਤੇ ਇਕ ਦਿਮਾਗ ਦਿੱਤਾ ਤਾਂ ਜੋ ਉਹ ਆਪਣੇ ਪਿੰਡੇ ਭਾਵ ਪ੍ਰਕਿਰਤੀ ਦੀ ਹਰ ਸੰਭਵ ਖੋਜ ਕਰਕੇ ਇਸ ਨੂੰ ਸਾਰਿਆਂ ਪੱਖਾਂ ਤੋਂ ਜਾਣ ਸਕੇ। ਉਸ ਅਨੁਸਾਰ ਪਰਮਾਤਮਾ ਇਸੇ ਲਈ ਪਹਿਲਾਂ ਕੁਦਰਤ ਦੇ ਰੂਪ ਵਿਚ ਪ੍ਰਵੇਸ਼ ਕਰ ਕੇ ਫਿਰ ਜੀਵਾਂ ਜੰਤੂਆਂ ਥਾਣੀਂ ਹੁੰਦਾ ਹੋਇਆ ਮਨੁੱਖੀ ਰੂਪ ਤੀਕ ਪੁੱਜਾ ਹੈ ਤੇ ਮਨੁੱਖ ਉਸ ਦਾ ਨਵੀਨਤਮ ਰੂਪ ਹੈ, ਅਰਥਾਤ ਉਹ ਮਨੁੱਖ ਰੂਪੀ ਪਦਾਰਥ ਰਾਹੀਂ ਪ੍ਰਕਿਰਤੀ ਰੂਪੀ ਪਦਾਰਥ ਨੂੰ ਦੇਖ ਰਿਹਾ ਹੈ।
ਹੀਗਲ ਦੇ ਸਮੇਂ ਤੀਕ ਵਿਗਿਆਨ ਦੀ ਲਾਲੀ ਮੱਧਮ ਸੀ, ਇਸ ਲਈ ਗਿਆਨ ਦੀ ਕਿਰਨ ਤਿੱਖੀ ਨਹੀਂ ਸੀ। ਕਾਂਤ ਹਾਲੇ ਆਦਰਸ਼ਵਾਦੀ ਚਿੰਤਨ ਦੇ ਆਖਰੀ ਸਵਾਲਾਂ ਨਾਲ ਜੂਝ ਰਿਹਾ ਸੀ ਤੇ ਮਾਰਕਸ ਹਾਲੇ ਬਚਪਨ ਵਿਚ ਸੀ। ਹਾਲੇ ਤਾਂ ਜੈਵਿਕ ਤੇ ਅਜੈਵਿਕ ਪਦਾਰਥਾਂ ਵਿਚ ਪਾੜਾ ਵੀ ਪੂਰੀ ਤਰ੍ਹਾਂ ਬਰਕਰਾਰ ਸੀ ਅਤੇ ਦੈਵੀ ਵਿਸ਼ਿਆਂ ਨੂੰ ਅਤਿਅੰਤ ਸੁੱਚੇ, ਭਾਵ ਮਨੁੱਖੀ ਸਮਝ ਲਈ ਅਪਹੁੰਚ ਮੰਨਿਆ ਜਾਂਦਾ ਸੀ। ਯੂਰੀਆ, ਜਿਸ ਨੂੰ ਆਰਗੈਨਿਕ ਜਾਂ ਦੈਵੀ ਕਿਸਮ ਦਾ ਪਦਾਰਥ ਸਮਝਿਆ ਜਾਂਦਾ ਸੀ, ਉਹ ਅਜੇ (ਹੀਗਲ) ਦੇ ਮਰਨ ਤੋਂ ਤਿੰਨ ਸਾਲ ਪਹਿਲਾਂ ਹੀ ਲਿਬਾਰਟਰੀ ਵਿਚ ਬਣਾਇਆ ਗਿਆ ਸੀ। ਇਸ ਲਈ ਉਸ ਨੂੰ ਹਾਲੇ ਕੁਦਰਤ ਵਿਚੋਂ ਪਰਮਾਤਮਾ ਦਿੱਸਦਾ ਸੀ, ਨਾ ਕਿ ਪਦਾਰਥ।
ਏਂਗਲਜ਼ ਨੇ 1883 ਤੀਕ ਦੀਆਂ ਵਿਗਿਆਨਕ ਖੋਜਾਂ ਦਾ ਜਾਇਜ਼ਾ ਲੈ ਕੇ ਮਨੁੱਖ ਨੂੰ ਸਿੱਧਾ ਪ੍ਰਕਿਰਤੀ ਦੇ ਸਨਮੁਖ ਖੜ੍ਹਾ ਕਰ ਦਿੱਤਾ। ਉਸ ਅਨੁਸਾਰ ਮਨੁੱਖ ਪ੍ਰਕਿਰਤੀ ਵਿਚੋਂ ਪੈਦਾ ਹੋ ਕੇ ਤੇ ਕੁਦਰਤ ਸਹਾਰੇ ਪਲ ਕੇ, ਕੁਦਰਤ ਵਿਰੁਧ ਹੀ ਇਕ ਵੱਡੀ ਤਾਕਤ ਦੇ ਰੂਪ ਵਿਚ ਉਭਰ ਰਿਹਾ ਹੈ। ਉਹ ਪਦਾਰਥ ਨੂੰ ਦੇਖਦਾ ਹੀ ਨਹੀਂ, ਉਸ ਨੂੰ ਬਦਲਦਾ ਵੀ ਹੈ। ਕੁਦਰਤ ਨਾਲ ਉਸ ਦਾ ਸਬੰਧ ਮਕਾਨਕੀ ਭਾਵ ਹਾਂ ਜਾਂ ਨਾਂਹ ਵਾਲਾ ਨਹੀਂ ਹੈ, ਸਗੋਂ ਦਵੰਧਵਾਦੀ-ਵਿਕਾਸਵਾਦੀ (ਧਅਿਲeਚਟਚਿਅਲ) ਭਾਵ ਲਿਹਾਜਬਾਜ਼ੀ ਵਿਚ ਖਹਿਬਾਜ਼ੀ ਵਾਲਾ ਹੈ। ਇਹ ਸਬੰਧ ਮਨੁੱਖ ਦੇ ਕੁਦਰਤ ਨੂੰ ਪੂਰੀ ਤਰ੍ਹਾਂ ਵਸ ਵਿਚ ਕਰਨ ਜਾਂ ਇਸ ਦੇ ਵਸ ਵਿਚ ਹੋਣ ਵਾਲਾ ਨਹੀਂ, ਸਗੋਂ ਕੁਦਰਤ ਦੀ ਮਾਰ ਝੱਲ ਕੇ ਇਸ ਨੂੰ ਨੱਥ ਪਾਉਣ ਵਾਲਾ ਹੈ। ਗਰਮੀ, ਸਰਦੀ, ਮੀਂਹ, ਹੜ੍ਹ, ਬੀਮਾਰੀ ਆਦਿ ਰਾਹੀਂ ਕੁਦਰਤ ਉਸ ਅੱਗੇ ਔਕੜਾਂ ਖੜੀਆਂ ਕਰਨ ‘ਤੇ ਤੁਲੀ ਹੋਈ ਹੈ, ਪਰ ਉਹ ਆਪਣੀ ਅਕਲ ਤੇ ਸਾਧਨਾਂ ਨਾਲ ਇਨ੍ਹਾਂ ‘ਤੇ ਕਾਬੂ ਪਾਉਦਾ ਰਹਿੰਦਾ ਹੈ। ਕਦੇ ਜਿੱਤਦਾ, ਕਦੇ ਹਾਰਦਾ ਤੇ ਹਾਰ ਵਿਚੋਂ ਨਵੇਂ ਦਾਅ ਸਿੱਖਦਾ ਉਹ ਹਮੇਸ਼ਾ ਆਪਣਾ ਜੋਰ ਵਧਾਉਂਦਾ ਜਾਂਦਾ ਹੈ। ਇਸ ਤਰ੍ਹਾਂ ਏਂਗਲਜ਼ ਨੇ ਆਦਰਸ਼ਵਾਦੀਆਂ ਵਲੋਂ ਮਨੁੱਖ-ਕੁਦਰਤ ਸਬੰਧਾਂ ‘ਤੇ ਪਾਈ ਅਧਿਆਤਮਵਾਦ ਦੀ ਚਾਦਰ ਪੂਰੀ ਤਰ੍ਹਾਂ ਉਤਾਰ ਦਿੱਤੀ।
ਨਿਰਪੱਖ ਹੋ ਕੇ ਸੋਚਣ ਨਾਲ ਏਂਗਲਜ਼ ਦੀ ਰਾਏ ਵੱਧ ਠੀਕ ਲਗਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੁੱਖ ਨੇ ਹਵਾ, ਪਾਣੀ, ਧਰਤੀ ਤੇ ਅੰਬਰਾਂ ਉਤੇ ਆਪਣਾ ਪ੍ਰਭਾਵ ਜਮਾਇਆ ਹੈ, ਪਰ ਇਹ ਸਭ ਦਵੰਧਵਾਦੀ-ਵਿਕਾਸਵਾਦੀ (ਧਅਿਲeਚਟਚਿਅਲ) ਢੰਗ ਨਾਲ ਹੋਇਆ ਹੈ, ਨਾ ਕਿ ਮਕਾਨਕੀ (ੰeਚਹਅਨਚਿਅਲ) ਢੰਗ ਨਾਲ ਅਰਥਾਤ ਧੱਕੇ ਰਾਹੀਂ। ਇਹ ਪ੍ਰਭਾਵ ਪਹਿਲਵਾਨਾਂ ਵਾਂਗੂ ਜਿਸਮਾਨੀ ਤੇ ਤਾਂਤਰਿਕਾਂ ਵਾਂਗੂੰ ਕਥਿਤ ਰੁਹਾਨੀ ਤਾਕਤ ਵਰਤ ਕੇ ਨਹੀਂ ਜਮਾਇਆ ਗਿਆ, ਸਗੋਂ ਤਰਕ-ਸੰਗਤ ਵਿਧੀ ਰਾਹੀਂ ਨਿਯਮ ਸਮਝ ਕੇ ਤਜਰਬਿਆਂ ਰਾਹੀਂ ਕੀਤਾ ਗਿਆ ਹੈ। ਇਹੀ ਗੱਲ ਗੁਰੂ ਸਾਹਿਬ ਕਹਿੰਦੇ ਹਨ। ਉਨ੍ਹਾਂ ਅਨੁਸਾਰ ਰੁਹਾਨੀ ਕਰਮ ਕਾਂਡਾਂ ਭਾਵ ਜੋਗ-ਸਮਾਧੀਆਂ ਰਾਹੀਂ ਕੁਦਰਤ ਵਸ ਵਿਚ ਨਹੀਂ ਆਉਂਦੀ। ਇਸ ਨੂੰ ਵਸ ਵਿਚ ਕਰਨ ਲਈ ਇਸ ਦੇ ਹੁਕਮਾਂ ਭਾਵ ਨਿਯਮਾਂ ਪ੍ਰਤੀ ਸੂਝਵਾਨ ਤੇ ਸਚਿਆਰਾ ਹੋਣ ਦੀ ਲੋੜ ਹੈ; ਪਰ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਗੁਰੂ ਸਾਹਿਬ ਦੇ ਇਸ ਵਡਮੁੱਲੇ ਵਿਚਾਰ ਨੂੰ ਅਧਿਆਤਮਕ ਰੰਗਤ ਦੇ ਕੇ ਇਸ ਦੀ ਵਿਗਿਆਨਕਤਾ ਨੂੰ ਧੁੰਦਲਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਇਹ ਯਤਨ ਜਪੁਜੀ ਦੀ 33ਵੀਂ ਪਉੜੀ ਦੀ ਵਿਆਖਿਆ ਤੋਂ ਸਪਸ਼ਟ ਹੋ ਜਾਂਦਾ ਹੈ। ਇਸ ਪਉੜੀ ਦੀਆਂ ਤੁਕਾਂ ਤੇ ਵਿਆਖਿਆਵਾਂ ਹੇਠਾਂ ਦਿੱਤੀਆਂ ਹਨ,
ਆਖਣਿ ਜੋਰੁ ਚੁਪੈ ਨਹ ਜੋਰੁ॥
ਜੋਰੁ ਨ ਮੰਗਣਿ ਦੇਣਿ ਨ ਜੋਰੁ॥
ਜੋਰੁ ਨ ਜੀਵਣਿ ਮਰਣਿ ਨਹ ਜੋਰੁ॥
ਜੋਰੁ ਨ ਰਾਜਿ ਮਾਲਿ ਮਨਿ ਸੋਰੁ॥
ਜੋਰੁ ਨ ਸੁਰਤੀ ਗਿਆਨਿ ਵੀਚਾਰਿ॥
ਜੋਰੁ ਨ ਜੁਗਤੀ ਛੁਟੈ ਸੰਸਾਰੁ॥
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥
ਨਾਨਕ ਉਤਮੁ ਨੀਚੁ ਨ ਕੋਇ॥੩੩॥
ਸੰਤ ਤੇਜਾ ਸਿੰਘ ਇਸ ਪਉੜੀ ਦੀ ਅੰਗਰੇਜ਼ੀ ਵਿਚ ਵਿਆਖਿਆ ਕਰਦੇ ਲਿਖਦੇ ਹਨ, “ਗੁਰੂ ਸਾਹਿਬ ਮਨੁੱਖ ਨੂੰ ਰੱਬ ਦੇ ਨਾਮ ਦਾ ਸਿਮਰਨ ਕਰਨ ਤੇ ਨਿਰਸਵਾਰਥ ਸਮਾਜ ਸੇਵਾ ਲਈ ਦ੍ਰਿੜਾਉਂਦੇ ਹਨ। ਪ੍ਰਭੂ ਭਗਤੀ ਵਿਚ ਮਨ ਨੂੰ ਲਗਾਉਣ ਤੇ ਅਡੋਲ ਮਾਨਸਿਕ ਅਵਸਥਾ ਤੋਂ ਬਿਨਾ ਪ੍ਰਾਪਤ ਕੀਤੀ ਸ਼ਕਤੀ ਕਿਸੇ ਕੰਮ ਦੀ ਨਹੀਂ। ਆਪਣੀ ਤਾਕਤ ਨਾਲ ਅਸੀਂ ਆਪਣੀ ਵਾਣੀ ਨੂੰ ਪ੍ਰਭਾਵਸ਼ਾਲੀ ਨਹੀਂ ਬਣਾ ਸਕਦੇ। ਕੇਵਲ ਵਿਨਾਸ਼ਸ਼ੀਲ ਭਾਵ ਦੁਨਿਆਵੀ ਯਤਨਾਂ ਨਾਲ ਅਸੀਂ ਆਪਣੇ ਵਿਚ ਪੂਰਣ ਸਵੈ-ਸੰਜਮ ਨਹੀਂ ਲਿਆ ਸਕਦੇ। ਅਸੀਂ ਮੂੰਹ ਬੰਦ ਕਰ ਸਕਦੇ ਹਾਂ, ਪਰ ਦਿਮਾਗ ਨੂੰ ਭਟਕਣ ਤੋਂ ਨਹੀਂ ਰੋਕ ਸਕਦੇ। ਧੱਕੇ ਨਾਲ ਨਾ ਅਸੀਂ ਕੋਈ ਚੀਜ਼ ਮੰਗ ਸਕਦੇ ਹਾਂ ਤੇ ਨਾ ਦੇ ਸਕਦੇ ਹਾਂ। ਕੋਈ ਮਨੁੱਖੀ ਤਾਕਤ ਜੀਵਨ ਤੇ ਮ੍ਰਿਤੂ ਨੂੰ ਵਸ ਨਹੀਂ ਕਰ ਸਕਦੀ। ਅਸੀਂ ਰਾਜ-ਪਾਟ ਤੇ ਧਨ-ਦੌਲਤ ਵੀ ਜੋਰ ਨਾਲ ਨਹੀਂ ਲੈ ਸਕਦੇ। ਇਨ੍ਹਾਂ ਪ੍ਰਤੀ ਸਾਡੇ ਮਨ ਵਿਚ ਪੈਦਾ ਹੋਈ ਲਾਲਸਾ ਵੀ ਸਾਨੂੰ ਕਿਤੇ ਨਹੀਂ ਪਹੁੰਚਾਉਂਦੀ। ਵੇਦਾਂ ਸ਼ਾਸ਼ਤਰਾਂ ਦੇ ਲਗਾਤਾਰ ਪਾਠ ਕੋਈ ਆਤਮ-ਗਿਆਨ ਪੈਦਾ ਨਹੀਂ ਕਰਦੇ। ਕੇਵਲ ਮਨੁੱਖੀ ਯਤਨਾਂ ਨਾਲ ਸੰਸਾਰਕ ਪਦਾਰਥਾਂ ਨਾਲ ਮੋਹ ਮਾਇਆ ਤੋਂ ਮੁਕਤੀ ਨਹੀਂ ਮਿਲਦੀ। ਸਾਰਾ ਬ੍ਰਹਿਮੰਡ ਅਕਾਲ ਪੁਰਖ ਦੇ ਸਦੀਵੀ ਹੁਕਮ ਵਿਚ ਚਲਦਾ ਹੈ। ਸਭ ਸ਼ਕਤੀ ਉਸੇ ਦੀ ਹੈ, ਜੋ ਇਸ ਨੂੰ ਆਪਣੇ ਹੁਕਮ ਰਾਹੀਂ ਚਲਾਉਂਦੀ ਹੈ। ਕਿਸੇ ਵੀ ਲਾਹੇਵੰਦ ਪਦਾਰਥ ਦੀ ਪ੍ਰਾਪਤੀ ਇਸ ਹੁਕਮ ਨਾਲ ਇਕ-ਮਿਕ ਹੋਏ ਬਿਨਾ ਨਹੀਂ ਹੁੰਦੀ। ਇਸ ਨਾਲ ਇਕ-ਮਿੱਕ ਕੇਵਲ ਅਕਾਲ ਪੁਰਖ ਦੀ ਸ਼ਰਧਾਪੂਰਵਕ ਭਗਤੀ ਤੇ ਨਿਸਵਾਰਥ ਲੋਕ ਸੇਵਾ ਰਾਹੀਂ ਹੀ ਹੋਇਆ ਜਾ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਹੇ ਨਾਨਕ, ਕੇਵਲ ਆਪਣੀ ਮਨੁੱਖੀ ਸ਼ਕਤੀ ਨਾਲ ਕੋਈ ਊਚ ਜਾਂ ਨੀਚ ਨਹੀਂ ਹੋ ਸਕਦਾ, ਭਾਵ ਜਿਸ ਪ੍ਰਭੂ ਦੇ ਹੱਥ ਵਿਚ ਸਾਰੀ ਤਾਕਤ ਹੈ, ਉਹ ਹੀ ਇਸ ਨੂੰ ਵਰਤ ਸਕਦਾ ਹੈ।”
ਇਹ ਵਿਆਖਿਆਕਾਰ ਦੂਜੇ ਸਭ ਅਧਿਆਤਮਵਾਦੀਆਂ ਵਾਂਗ ਪਹਿਲੀ ਤੁਕ ਨੂੰ ਪੜ੍ਹਨ ਵਿਚ ਹੀ ਗਲਤੀ ਕਰ ਗਿਆ ਹੈ। ਗੁਰੂ ਸਾਹਿਬ ਨੇ “ਆਖਣਿ” ਨਾਲ ਨਾਂਹਵਾਚਕ ਸ਼ਬਦ “ਨਹ” ਜਾਂ “ਨ” ਨਹੀਂ ਲਿਖਿਆ, ਪਰ ਉਹ ਇਸ ਨਾਲ ਨਾਂਹ-ਵਾਚਕ ਸ਼ਬਦ ਲੱਗਿਆ ਸਮਝ ਕੇ ਟੀਕਾ ਕਰਦਾ ਹੈ। ਫਿਰ ਉਹ ਕੁਦਰਤ ਨੂੰ ਦੈਵੀ ਸ਼ਕਤੀ ਮੰਨ ਕੇ ਮਨੁੱਖ ਨੂੰ ਉਸ ਦੇ ਸਾਹਮਣੇ ਛੁਟਿਆਉਂਦਾ ਹੈ। ਸਾਰੀ ਤਾਕਤ ਦੈਵੀ ਸ਼ਕਤੀ ਭਾਵ ਪ੍ਰਭੂ ਕੋਲ ਦੱਸ ਕੇ ਨਿਰਬਲ ਕੀਤੇ ਮਨੁੱਖ ਨੂੰ ਉਸ ਦੀ ਅਰਾਧਨਾ ਵਿਚ ਖੜ੍ਹਾ ਕਰਦਾ ਹੈ। ਉਹ ਇਕ ਅਜਿਹੀ ਸ਼ਕਤੀ ਦੀ ਗੱਲ ਕਰਦਾ ਹੈ, ਜੋ ਕਦੇ ਕਿਸੇ ਨੇ ਦੇਖੀ ਵਰਤੀ ਨਹੀਂ। ਫਿਰ ਉਹ ਇਕ ਅਜਿਹੇ ਸਾਧਨ ਜਾਂ ਵਿਧੀ ਦੀ ਗੱਲ ਕਰਦਾ ਹੈ, ਜਿਸ ਰਾਹੀਂ ਕਦੇ ਕੋਈ ਜੋਰ ਉਤਪੰਨ ਨਹੀਂ ਹੋਇਆ। ਗੁਰੂ ਸਾਹਿਬ ਸਿੱਧਾਂ ਦੀ ਮਾਯਾ ਨੂੰ ਵਸ ਕਰਨ ਦੀ ਵਿਧੀ ਤੇ ਕਟਾਕਸ ਕਰਦੇ ਹਨ, ਪਰ ਇਹ ਵਿਦਵਾਨ ਉਨ੍ਹਾਂ ਦੀ ਵਿਗਿਆਨਕ ਵਿਧੀ ‘ਤੇ ਵੀ ਪਾਣੀ ਫੇਰ ਦਿੰਦਾ ਹੈ। ਉਹ ਇਹ ਵੀ ਨਹੀਂ ਦੱਸਦਾ ਕਿ ਇਹ ਪਉੜੀ ਲਿਖੀ ਕਿਸ ਸੰਦਰਭ ਵਿਚ ਗਈ ਹੈ ਤੇ ਇਸ ਦੇ ਲਿਖਣ ਦਾ ਮੰਤਵ ਕੀ ਸੀ।
ਬੜੇ ਘੱਟ ਵਿਦਵਾਨਾਂ ਨੂੰ ਪਤਾ ਹੈ ਕਿ ਦਾਰਸ਼ਨਕ ਮਹੱਤਵ ਦੀ ਇਹ ਪਉੜੀ ਸਿੱਧਾਂ ਤੇ ਅਧਿਆਤਮਕ ਬਿਰਤੀ ਵਾਲਿਆਂ ਦੇ ਪ੍ਰਸੰਗ ਵਿਚ ਲਿਖੀ ਗਈ ਹੈ। ਇਹ ਆਮ ਆਦਮੀਆਂ ਲਈ ਸਿੱਧੀ ਸਿਖਿਆ ਦੇ ਰੂਪ ਵਿਚ ਨਹੀਂ ਲਿਖੀ ਹੋਈ ਤੇ ਨਾ ਇਹ ਗੁਰੂ ਸਾਹਿਬ ਦਾ ਕੋਈ ਸਹਿਜ-ਸੁਭਾਵਿਕ ਕਥਨ (ੌਬਸeਰਵਅਟਿਨ) ਹੈ। ਉਂਜ ਸਿੱਧਾਂ ‘ਤੇ ਸਿਧਾਈ ਹੋਣ ਦੇ ਬਾਵਜੂਦ ਵੀ ਇਸ ਦੀ ਸਿਖਿਆ ਸਰਬਜਨਕ ਹੈ। ਭਾਵੇਂ ਇਸ ਵਿਚ ਸਿੱਧੇ ਰੂਪ ਵਿਚ ਲਿਖਿਆ ਹੈ ਕਿ ਕਈ ਗੱਲਾਂ ਮਨੁੱਖੀ ਵਸ ਵਿਚ ਨਹੀਂ, ਪਰ ਸ਼ੁਰੂ ਵਿਚ ਹੀ ਸੁਝਾਇਆ ਗਿਆ ਹੈ ਕਿ ਇਹ ਸਿੱਧਾਂ ਦੇ ਅਧਿਆਤਮਵਾਦੀ ਢੰਗ ਨਾਲ ਵਸ ਵਿਚ ਆਉਣ ਵਾਲੀਆਂ ਨਹੀਂ। ਗੁਰੂ ਸਾਹਿਬ ਨੇ ਵਿਪਰੀਤ ਤਰਕ (੍ਰeਵeਰਸe .ੋਗਚਿ) ਨਾਲ ਇਹ ਦੱਸਿਆ ਹੈ ਕਿ ਕੁਦਰਤੀ ਸ਼ਕਤੀਆਂ ਅਧਿਆਤਮਕ ਢੰਗ ਨਾਲ ਨਹੀਂ ਸਗੋਂ ਖੋਜ, ਸਮਝ ਤੇ ਗਿਆਨ ਨਾਲ ਹੀ ਜੋਰ ਸਥਾਪਿਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਅਨੁਸਾਰ ਕੁਦਰਤ ਨਾਲ ਧੱਕਾ ਜਾਂ ਜੋਰ ਨਹੀਂ ਚਲਦਾ ਸਗੋਂ ਲਚਕੀਲਾਪਣ, ਸੰਜਮ, ਅਕਲ ਤੇ ਤਰਕੀਬ ਚਲਦੀ ਹੈ। ਇਹ ਨਹੀਂ ਕਿ ਮਨੁੱਖ ਕੋਲ ਜੋਰ ਨਹੀਂ ਹੈ ਜਾਂ ਇਹ ਚਲਦਾ ਨਹੀਂ ਹੈ, ਪਰ ਜਿੱਦਾਂ ਇਸ ਨੂੰ ਅਧਿਆਤਮਵਾਦੀ ਚਲਾਉਣ ਦਾ ਦਾਅਵਾ ਕਰਦੇ ਹਨ, ਇਹ ਉਦਾਂ ਨਹੀਂ ਚਲਦਾ। ਅਰਥਾਤ ਉਨ੍ਹਾਂ ਨੂੰ ਜੋਰ ਚਲਾਉਣ ਗਲਤ ਢੰਗਾਂ ਦੀ ਵਰਤੋਂ ਕਰਦੇ ਹਨ। ਅਰਬਾਂ-ਖਰਬਾਂ ਟਨ ਦੀ ਧਰਤੀ ਤੇ ਅਣਗਿਣਤ ਟਨ ਭਾਰ ਟਿਕਿਆ ਹੋਇਆ ਹੈ। ਕਿਸੇ ਦੀ ਹਿੰਮਤ ਨਹੀਂ ਕਿ ਇਸ ਨੂੰ ਹਿਲਾ ਸਕੇ। ਵੱਡੇ ਵੱਡੇ ਪੁਲਾੜੀ ਪੱਥਰ ਤੇ ਊਲਕਾਵਾਂ ਇਸ ‘ਤੇ ਡਿਗੀਆਂ ਹਨ, ਪਰ ਇਹ ਤਿਲ ਭਰ ਵੀ ਨਹੀਂ ਡਗਮਗਾਈ। ਮਨੁੱਖ ਤਾਂ ਕੀ, ਮਨੁੱਖ ਦੇ ਕਲਪੇ ਬਾਹੂਬਲੀ ਦੇਵਤੇ ਤੇ ਦੈਂਤ ਵੀ ਇਸ ਨੂੰ ਹਿਲਾਉਣ ਦੀ ਜਾਂ ਚੁੱਕਣ ਦੀ ਗੱਲ ਨਹੀਂ ਸੋਚ ਸਕੇ। ਪਰ ਅੱਜ ਤੋਂ ਬਾਈ ਸੌ ਸਾਲ ਪਹਿਲਾਂ ਇਟਲੀ ਦੇ ਪ੍ਰਸਿੱਧ ਵਿਗਿਆਨੀ ਅਰਕੀਮੀਡਸ (Aਰਚਹਮਿeਦeਸ, 287-212 ਭਛ) ਨੇ ਕਿਹਾ ਸੀ, ਤੁਸੀਂ ਮੈਨੂੰ ਇਕ ਲੰਮਾ ਸਾਰਾ ਡੰਡਾ ਤੇ ਇਕ ਧਰਤੀ ਤੋਂ ਦੂਰ ਖੜੇ ਹੋਣ ਲਈ ਥਾਂ ਦਿਓ, ਮੈਂ ਧਰਤੀ ਨੂੰ ਅਸਮਾਨ ਵਿਚ ਉਛਾਲ ਦਿਆਂਗਾ।
ਗੱਲ ਭਾਵੇਂ ਖਿਆਲੀ ਸੀ, ਪਰ ਹੈ ਸੀ ਤਰਕਪੂਰਣ ਤੇ ਸਹੀ। ਜੇ ਕੋਈ ਉਸ ਦੀਆਂ ਸ਼ਰਤਾਂ ਪੂਰੀਆਂ ਕਰ ਦਿੰਦਾ ਤਾਂ ਉਹ ਸਿਧਾਂਤਕ ਤੌਰ ‘ਤੇ ਇੱਦਾਂ ਕਰ ਸਕਦਾ ਸੀ। ਕਾਰਨ ਇਹ ਕਿ ਉਸ ਨੇ ਕੁਦਰਤ ਦਾ ਇਹ ਹੁਕਮ ਭਾਵ ਨਿਯਮ ਲੱਭ ਲਿਆ ਸੀ ਕਿ ਲੀਵਰ ਦੀ ਮਦਦ ਨਾਲ ਥੋੜਾ ਬਲ ਵੀ ਵੱਡਾ ਕੰਮ ਕਰ ਸਕਦਾ ਹੈ। ਆਰਕੀਮੀਡਸ ਨੇ ਚੀਜ਼ਾਂ ਦੇ ਪਾਣੀ ‘ਤੇ ਤੈਰਨ ਦਾ ਨਿਯਮ ਵੀ ਲੱਭਿਆ। ਇਹ ਨਿਯਮ ਮਨੁੱਖੀ ਦੇ ਅਜੋਕੇ ਤਕਨੀਕੀ ਗਿਆਨ (ਠeਚਹਨੋਲੋਗੇ) ਦਾ ਹਿੱਸਾ ਹਨ। ਯੰਤਰਕਲਾ ਦੇ ਇਸ ਗਿਆਨ ਨਾਲ ਮਨੁੱਖੀ ਬਲ ਭਾਵ ਜੋਰ ਜਮੈਟਰੀਕਲ ਹਿਸਾਬ (ਘeੋਮeਟਰਚਿਅਲ ਫਰੋਗਰeਸਸਿਨ) ਨਾਲ ਵਧਿਆ ਹੈ।
ਇਸ ਪਉੜੀ ਵਿਚ ਗੁਰੂ ਸਾਹਿਬ ਨੇ ਜਿਸ ਜੋਰ ਦੀ ਗੱਲ ਕੀਤੀ ਹੈ, ਉਹ ਅਧਿਆਤਮਕ ਜਾਂ ਦੈਵੀ ਬਲ ਦੀ ਪ੍ਰਾਪਤੀ ਰਾਹੀਂ ਕੁਝ ਵਸ ਕਰ ਸਕਣ ਦੇ ਭਰਮ ਬਾਰੇ ਹੈ। ਸਿੱਧਾਂ ਵਲ ਇਸ਼ਾਰਾ ਕਰ ਕੇ ਗੁਰੂ ਸਾਹਿਬ ਆਪਣੇ ਕਟਾਖਸ਼ੀ ਅੰਦਾਜ਼ ਵਿਚ ਕਹਿੰਦੇ ਹਨ, “ਜੋਰ ਦੀ ਗੱਲ ਕਰਦੇ ਨੇ! ਜੋਰ ਕਿਤੇ ਇੱਦਾਂ ਮੌਨ ਰੱਖ ਕੇ ਤਪਸਿਆ ਕਰਨ ਨਾਲ ਬਣਦਾ ਹੈ?” ਭਾਵ ਜੋ ਪਖੰਡੀ ਵਿਧੀ ਉਹ ਅਪਨਾਉਂਦੇ ਹਨ, ਉਸ ਨਾਲ ਕੁਦਰਤ ਦੀ ਕੋਈ ਸ਼ਕਤੀ ਵਸ ਵਿਚ ਨਹੀਂ ਹੋ ਸਕਦੀ। ਇਹ ਜੋਰ ਕੋਈ ਭਿਖਿਆ ਨਹੀਂ, ਜੋ ਮੰਗਣ ਨਾਲ ਮਿਲ ਸਕੇ ਤੇ ਡੇਰਾ ਸਾਧਾਂ ਦੇ ਅਸ਼ੀਰਵਾਦ ਵਾਂਗ ਦੇਣ ਨਾਲ ਦਿੱਤੀ ਜਾ ਸਕੇ। ਅਰਥਾਤ ਜੋਰ ਨੂੰ ਸਮਾਧੀਆਂ ਦੇ ਜੋਰ ਨਾਲ ਮੰਗਿਆ ਤੇ ਪਾਇਆ ਨਹੀਂ ਜਾ ਸਕਦਾ। ਇਥੋਂ ਤੀਕ ਕਿ ਮਨੁੱਖ ਦਾ ਆਪਣੇ ਜਿਉਣ ਤੇ ਮਰਨ ‘ਤੇ ਵੀ ਜੋਰ ਨਹੀਂ ਹੈ। ਮਨ ਵਿਚ ਰਾਜ ਤੇ ਧਨ ਦੌਲਤ ਦੇ ਪੈਂਦੇ ਫਤੂਰ ਵੀ ਵਸ ਵਿਚ ਨਹੀਂ ਆਉਂਦੇ। ਭਾਵ ਜੇ ਇਕ ਵਾਰ ਮੂੰਹੋਂ ਕੱਢਣ ਨਾਲ ਰਾਜ ਮਾਲ ਪੱਕੇ ਮਿਲ ਜਾਣ ਤਾਂ ਚਿੰਤਾ ਦੀ ਕੀ ਲੋੜ ਹੈ? ਜੋਰ ਨਾਲ ਨਾ ਸੁਰਤੀ ਟਿਕਾਈ ਜਾ ਸਕਦੀ ਹੈ ਤੇ ਨਾ ਹੀ ਗਿਆਨ ਦਾ ਵਿਚਾਰ ਹੋ ਸਕਦਾ ਹੈ। ਅਰਥਾਤ ਜੇ ਜੋਰ ਨਾਲ ਦਿਮਾਗ ਖੁਲ੍ਹ ਜਾਵੇ ਤਾਂ ਧੱਕੇ ਨਾਲ ਰੱਟੇ ਲਾਉਣ ਵਾਲੇ ਲੱਖਾਂ ਵਿਦਿਆਰਥੀ ਫੇਲ੍ਹ ਕਿਉਂ ਹੋਣ? ਬਲ ਪ੍ਰਾਪਤੀ ਦਾ ਇਹ ਰਸਤਾ ਕਿਸੇ ਮੁਕਤੀ ਦੀ ਵੀ ਜੁਗਤ ਨਹੀਂ। ਜੇ ਕੋਈ ਕਹਿੰਦਾ ਹੈ ਕਿ ਉਸ ਵਿਚ ਪੂਜਾ ਭਗਤੀ ਰਾਹੀਂ ਇਨ੍ਹਾਂ ਕੁਦਰਤੀ ਗੱਲਾਂ ਨੂੰ ਬਲ-ਪੂਰਵਕ ਵਸ ਕਰਨ ਦੀ ਸ਼ਕਤੀ ਆ ਗਈ ਹੈ, ਉਹ ਉਸ ਜੋਰ ਨੂੰ ਅਜ਼ਮਾ ਕੇ ਦੇਖ ਲਵੇ। ਹੇ ਨਾਨਕ! ਇਸ ਪ੍ਰੀਖਿਆ ਵਿਚ ਕੋਈ ਉਤਮ ਤੇ ਕੋਈ ਨੀਚ ਨਹੀਂ ਹੈ। ਭਾਵ ਕੋਈ ਫਸਟ ਕਲਾਸ ਤੇ ਕੋਈ ਥਰਡ ਕਲਾਸ ਨਹੀਂ ਨਿਕਲੇਗਾ। ਸਾਰੇ ਹੀ ਬਰਾਬਰ ਦਾ ਜ਼ੀਰੋ ਅੰਕ ਪ੍ਰਾਪਤ ਕਰਨਗੇ, ਅਰਥਾਤ ਸਭ ਫੇਲ੍ਹ ਹੋਣਗੇ।
ਗੁਰੂ ਸਾਹਿਬ ਦਾ ਕਥਨ ਬਿਲਕੁਲ ਸੱਚ ਹੈ, ਪਰ ਇਹ ਸ਼ਰਤ-ਬੱਧ (ਛੋਨਦਟਿਨਅਲ) ਹੈ। ਇਸ ਹੇਠਲਾ ਵਿਪਰੀਤ ਤਰਕ ਦੱਸ ਰਿਹਾ ਹੈ ਕਿ ਕੁਦਰਤ ਜੋਰ ਨਾਲ ਨਹੀਂ ਸਗੋਂ ਜੁਗਤ-ਜੁਗਾੜ ਤੇ ਗਿਆਨ-ਵਿਚਾਰ ਰਾਹੀਂ ਵਸ ਵਿਚ ਆਉਂਦੀ ਹੈ। ਇਸ ਕੰਮ ਲਈ ਕੁਦਰਤ ਦੇ ਨਿਯਮਾਂ ਨੂੰ ਵਿਗਿਆਨਕ ਢੰਗ ਨਾਲ ਖੋਜਣ ਦੀ ਲੋੜ ਹੈ। ਇਸ ਗੱਲ ਨੂੰ ਨਾ ਸਮਝਦੇ ਹੋਏ ਕਈ ਸਿੱਖ ਵਿਦਵਾਨ, ਜਿਨ੍ਹਾਂ ਵਿਚ ਕਈ ਸੱਚ-ਮੁਚ ਦੇ ਵਿਗਿਆਨੀ ਵੀ ਹੁੰਦੇ ਹਨ, ਕਹਿੰਦੇ ਹਨ ਕਿ ਗੁਰੂ ਸਾਹਿਬ ਦਾ ਵਿਗਿਆਨ ਨਾਲ ਕੀ ਸਬੰਧ? ਉਹ ਸੋਚਦੇ ਹਨ ਕਿ ਇਕ 15ਵੀਂ ਸਦੀ ਦਾ ਰਮਤਾ ਕਵੀ ਤਾਂ ਵਿਗਿਆਨ ਤੋਂ ਕੋਹਾਂ ਦੂਰ ਹੋਵੇਗਾ। ਅਜਿਹੇ ਲੋਕਾਂ ਨੂੰ ਤੁਰੰਤ ਜਾ ਕੇ ਵਿਗਿਆਨ ਬਾਰੇ ਸਿੱਖਣਾ ਚਾਹੀਦਾ ਹੈ। ਜਿਨ੍ਹਾਂ ਨੇ ਇਸ ਅਹਿਮ ਗੱਲ ਨੂੰ ਸਿੱਖਣ ਵਿਚ ਘੌਲ ਕੀਤੀ ਹੋਈ ਹੈ, ਉਨ੍ਹਾਂ ਲਈ ਇਹ ਵੀ ਇਕ ਜਾਣਕਾਰੀ ਹੋਵੇਗੀ ਕਿ ਇਹ ਕੋਈ ਨਵੀਂ ਨਹੀਂ, ਸਗੋਂ ਬਹੁਤ ਪੁਰਾਣੀ ਧਾਰਨਾ ਹੈ। ਇਹ ਉਨ੍ਹਾਂ ਦਿਨਾਂ ਤੋਂ ਪ੍ਰਚਲਿਤ ਹੈ, ਜਦੋਂ ਗਿਆਨ ਨੂੰ ਅੰਬਰੀ ਗੱਲ ਸਮਝ ਕੇ ਉਤੋਂ ਆਇਆ ਮੰਨਿਆ ਜਾਂਦਾ ਸੀ। ਉਦੋਂ ਸਮਝਿਆ ਜਾਂਦਾ ਸੀ ਕਿ ਗਿਆਨ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ ਕੁਝ ਕੁ ਵਿਅਕਤੀਆਂ ਨੂੰ ਧੁਰ ਉਪਰੋਂ ਪ੍ਰਾਪਤ ਹੁੰਦਾ ਹੈ ਤੇ ਫਿਰ ਉਹ ਉਸ ਦੇ ਪ੍ਰਤੀਨਿਧੀ ਬਣ ਕੇ ਇਸ ਨੂੰ ਅੱਗੇ ਵੰਡਦੇ ਹਨ। ਉਸ ਵੇਲੇ ਲੋਕ ਹੇਠੋਂ ਉਪਜਣ ਵਾਲੇ ਗਿਆਨ ਨੂੰ ਉਲਟਾ ਗਿਆਨ ਭਾਵ ਵਿ-ਗਿਆਨ ਕਹਿੰਦੇ ਸਨ।
ਅੱਜ ਕੱਲ ਪਤਾ ਨਹੀਂ ਕਿਉਂ ਅਜਿਹੇ ਬੰਦੇ ਪੈਦਾ ਹੋਣੇ ਬੰਦ ਹੋ ਗਏ ਹਨ, ਜਿਨ੍ਹਾਂ ਦੀ “ਰੱਬ” ਨਾਲ ਸਿੱਧੀ ਤਾਰ ਜੁੜੀ ਹੁੰਦੀ ਸੀ ਤੇ ਜਿਨ੍ਹਾਂ ਕੋਲ ਗਿਆਨ ਦਾ ਇਲਹਾਮ ਹੁੰਦਾ ਸੀ। ਕਾਰਨ ਇਹ ਕਿ ਹੁਣ ਉਹ ਸਿਧਾਂਤ ਫੇਲ੍ਹ ਹੋ ਗਿਆ ਹੈ ਤੇ ਹੁਣ ਇਸ ਦਾ ਕੋਈ ਭਵਿੱਖ ਨਹੀਂ ਹੈ। ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਗਿਆਨ ਉਤੋਂ ਨਹੀਂ, ਹੇਠੋਂ ਆਉਂਦਾ ਹੈ, ਭਾਵ ਮੰਗਿਆਂ ਦਿੱਤਿਆਂ ਨਹੀਂ ਸਗੋਂ ਕਮਾਇਆਂ ਪ੍ਰਾਪਤ ਹੁੰਦਾ ਹੈ। ਇਸ ਹੇਠੋਂ ਆਏ ਵਿ(ਪਰੀਤ)ਗਿਆਨ ਦਾ ਮੁੱਖ ਆਧਾਰ ਨਿਰਪੇਖ ਮਨੁੱਖੀ ਦ੍ਰਿਸ਼ਟੀਕੋਣ ਤੇ ਪੱਖਪਾਤ-ਰਹਿਤ ਸਰਵੇਖਣੀ ਨਦਰ (ੌਬਜeਚਟਵਿe ੋਬਸeਰਵਅਟਿਨ) ਹੈ। ਇਹ ਵਿਚਾਰਾਂ ਵਿਚੋਂ ਨਹੀਂ, ਯਥਾਰਥ ਵਿਚੋਂ ਆਉਂਦਾ ਹੈ ਤੇ ਇਸ ਦੀ ਕਸੌਟੀ ਤਜ਼ਰਬਾ ਭਾਵ ਪ੍ਰਯੋਗ ਹੈ। ਇਹ ਰੁਹਾਨੀ ਅਨੁਭਵ ਵਿਚੋਂ ਬਰਸਣ ਦੀ ਥਾਂ ਯਥਾਰਥਕ ਅਨੁਭਵ ਰਾਹੀਂ ਕਸ਼ੀਦਿਆ ਜਾਂਦਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਤਪਸਿਆ, ਭਗਤੀ, ਜਾਪ, ਪਾਠ ਜਾਂ ਅਰਦਾਸ ਆਦਿ ‘ਤੇ ਨਹੀਂ ਸਗੋਂ ਨਿਰਪੱਖ ਪੇਖਣੀ ਤੇ ਅਲਗਾਵੀ ਪਰਖ ‘ਤੇ ਟੇਕ ਰੱਖਣੀ ਪੈਂਦੀ ਹੈ। ਇਹ ਗਿਆਨ ਬੁੱਕਲ ਵਿਚ ਨਹੀਂ ਭੰਨਿਆ ਜਾਂਦਾ ਸਗੋਂ ਸ਼ੱਰ੍ਹੇਆਮ ਅਜ਼ਮਾ ਕੇ ਦਿਖਾਇਆ ਜਾਂਦਾ ਹੈ। ਇਹ ਕਿਸੇ ਇਕ ਵਿਅਕਤੀ ਦੀ ਕਰਾਮਾਤ ਤੀਕ ਸੀਮਤ ਨਹੀਂ ਹੁੰਦਾ ਸਗੋਂ ਹਰ ਛੋਟੇ ਵੱਡੇ ਦੀ ਸਮਝ-ਸਮਰੱਥਾ ਵਿਚ ਹੁੰਦਾ ਹੈ। ਇਸ ਬਾਰੇ ਜਿਸ ਨੂੰ ਸ਼ੱਕ ਹੋਵੇ, ਪਰਖ ਕਰ ਸਕਦਾ ਹੈ। ਪਰਖ ਦੇ ਸਿੱਟੇ ਸਾਰਿਆਂ ਨੂੰ ਬਰਾਬਰ ਮਿਲਣਗੇ। ਇਸ ਤਰ੍ਹਾਂ ਦੀ ਪ੍ਰਕਿਰਿਆ ਵਿਚੋਂ ਨਿਕਲੇ ਗਿਆਨ ਨੂੰ ਵਿਗਿਆਨ ਕਹਿੰਦੇ ਹਨ। ਸਮਾਧੀ ਰਾਹੀਂ ਜੋਰ ਪ੍ਰਾਪਤ ਕਰਨ ਵਾਲੇ ਸਿਧਾਂਤ ਦੀ ਪਰਖ ਲਈ “ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤਮੁ ਨੀਚੁ ਨ ਕੋਇ॥” ਕਹਿ ਕੇ ਗੁਰੂ ਸਾਹਿਬ ਨੇ ਆਪਣੇ ਵਿਗਿਆਨੀ ਹੋਣ ਦਾ ਪੱਕਾ ਸਬੂਤ ਦਿੱਤਾ ਹੈ।
19ਵੀਂ ਸਦੀ ਦਾ ਪ੍ਰਸਿੱਧ ਫਿਲਾਸਫਰ ਫ੍ਰੈਡ੍ਰਿਕ ਏਂਗਲਸ, ਜਿਸ ਦਾ ਉਪਰ ਜ਼ਿਕਰ ਆਇਆ ਹੈ, ਵਿਗਿਆਨਕ ਵਿਚਾਰਧਾਰਾ ਦਾ ਹਾਮੀ ਸੀ। ਉਸ ਨੇ ਵੀ ਗੁਰੂ ਸਾਹਿਬ ਦੇ ਇਸ ਪਉੜੀ ਵਿਚ ਦਰਜ ਵਿਚਾਰਾਂ ਦੀ ਪ੍ਰੋੜਤਾ ਕੀਤੀ ਹੈ। ਏਂਗਲਜ਼ ਨੇ ਸਾਫ ਕਿਹਾ ਕਿ ਇਹ ਸਮਝਣਾ ਕਿ ਮਨੁੱਖ ਸਭ ਕੁਝ ਕਰ ਸਕਦਾ ਹੈ, ਗਲਤ ਹੈ। ਉਹ ਕੁਝ ਕਰ ਸਕਦਾ ਹੈ, ਪਰ ਸਭ ਕੁਝ ਨਹੀਂ ਕਰ ਸਕਦਾ। 21 ਸਤੰਬਰ 1890 ਨੂੰ ਆਪਣੇ ਮਿੱਤਰ ਜੇ. ਬਲਾਕ ਨੂੰ ਭੇਜੇ ਇਕ ਪੱਤਰ ਵਿਚ ਉਹ ਲਿਖਦਾ ਹੈ ਕਿ ਮਨੁੱਖ ਆਪਣਾ ਇਤਿਹਾਸ ਆਪ ਸਿਰਜਦਾ ਹੈ, ਪਰ ਆਪਣੇ ਢੰਗ ਨਾਲ ਨਹੀਂ। ਕਿੰਨੇ ਹੀ ਛੋਟੇ-ਵੱਡੇ ਕਾਰਕ ਹਨ, ਜੋ ਹਰ ਰਾਹ ‘ਤੇ ਉਸ ਨੂੰ ਘੇਰਨ ਲਈ ਖੜ੍ਹੇ ਹੁੰਦੇ ਹਨ। ਉਹ ਇਨ੍ਹਾਂ ਨੂੰ ਨਜ਼ਰ ਅੰਦਾਜ਼ ਕਰ ਕੇ ਕੋਈ ਨਿਰਣਾ ਨਹੀਂ ਕਰ ਸਕਦਾ। ਮੀਟਿੰਗਾਂ ਵਿਚ ਲਏ ਗਏ ਫੈਸਲਿਆਂ ਦੀ ਮਿਸਾਲ ਦਿੰਦਿਆਂ ਉਹ ਕਹਿੰਦਾ ਹੈ ਕਿ ਇਨ੍ਹਾਂ ਫੈਸਲਿਆਂ ‘ਤੇ ਕਿਸੇ ਇਕ ਮੈਂਬਰ ਦੀ ਛਾਪ ਨਹੀਂ ਹੁੰਦੀ; ਸਭ ਤੋਂ ਪ੍ਰਭਾਵਸ਼ਾਲੀ ਦੀ ਵੀ ਨਹੀਂ, ਸਗੋਂ ਹਰੇਕ ਨੂੰ ਲਗਦਾ ਹੈ ਕਿ ਇਹ ਨਿਰਣੇ ਪੂਰੀ ਤਰ੍ਹਾਂ ਨਾਲ ਉਸ ਦੇ ਨਹੀਂ। ਅਜਿਹੇ ਸਾਂਝੇ ਫੈਸਲੇ ਕਿਸੇ ਦੇ ਨਾ ਹੋ ਕੇ ਉਨ੍ਹਾਂ ਨੂੰ ਕਿਸੇ ਅੱਦਿਖ ਸ਼ਕਤੀ ਦੇ ਕੀਤੇ ਲਗਦੇ ਹਨ। ਹੁੰਦੇ ਇਹ ਸਭ ਉਨ੍ਹਾਂ ਦੇ ਆਪਣੇ ਹੀ ਹਨ, ਪਰ ਦੂਜਿਆਂ ਨੇ ਪ੍ਰਭਾਵਿਤ ਕੀਤੇ ਹੁੰਦੇ ਹਨ। ਸੋ ਕੁਦਰਤ ਤਾਂ ਵੱਖ ਰਹੀ ਮਨੁੱਖ ਦੇ ਆਪਣੇ ਇਤਿਹਾਸ ਦੀ ਘਾੜਤ ਵੀ ਉਸ ਦੇ ਆਪਣੇ ਵਸ ਵਿਚ ਨਹੀਂ।
ਇੱਥੇ ਇਸ ਦਲੀਲ ਦਾ ਇਹ ਮੰਤਵ ਨਹੀਂ ਕਿ ਏਂਗਲਜ਼ ਨੇ ਜਪੁਜੀ ਪੜ੍ਹਿਆ ਸੀ, ਜਾਂ ਗੁਰੂ ਸਾਹਿਬ ਦੇ ਵਿਚਾਰਾਂ ਦੀ ਮਹਿਮਾ ਏਂਗਲਜ਼ ਦੀ ਪ੍ਰੋੜਤਾ ਕਰਕੇ ਹੈ, ਭਾਵ ਜੇ ਉਹ ਇੱਦਾਂ ਨਾ ਕਰਦਾ ਤਾਂ ਗੁਰੂ ਸਾਹਿਬ ਦੇ ਵਿਚਾਰ ਸਹੀ ਨਾ ਹੁੰਦੇ। ਦਲੀਲ ਸਗੋਂ ਇਹ ਕਿ ਜੇ ਗੁਰੂ ਸਾਹਿਬ ਦੇ ਵਿਚਾਰ ਵਿਗਿਆਨ ਪਖੋਂ ਠੋਸ ਸਨ ਤਦੇ ਹੀ ਤਾਂ ਬਾਅਦ ਵਿਚ ਏਂਗਲਜ਼ ਜਿਹੇ ਸਮਾਜ ਵਿਗਿਆਨੀਆਂ ਨੇ ਉਹੋ ਜਿਹੇ ਹੀ ਵਿਚਾਰ ਦਿੱਤੇ। ਇਸ ਦਾ ਭਾਵ ਇਹ ਵੀ ਹੈ ਕਿ ਗੁਰੂ ਸਾਹਿਬ ਦੇ ਵਿਚਾਰ ਆਪਣੇ ਸਮਕਾਲੀਆਂ ਤੋਂ ਭਿੰਨ ਸਨ ਤੇ ਇਹ ਸਮੇਂ ਸਥਾਨ ਦੀ ਸੀਮਾ ਵਿਚ ਕੈਦ ਨਹੀਂ ਸਨ। ਉਨ੍ਹਾਂ ਦੇ ਵਿਚਾਰ ਭਗਤੀ ਲਹਿਰ ਵਾਲੇ ਨਹੀਂ ਸਗੋਂ ਵੱਖ ਸਨ ਤੇ ਇਹ ਭਵਿੱਖ ਦੇ ਵਿਗਿਆਨ ਨਾਲ ਮੇਲ ਖਾਂਦੇ ਸਨ। ਸੱਚ ਤਾਂ ਉਹੀ ਹੈ, ਜਿਸ ਨੂੰ ਭਾਵੇਂ ਜਿਵੇਂ ਮਰਜੀ ਪਰਖਿਆ ਜਾਵੇ, ਉਹ ਹਿਸਾਬ ਦੇ ਦੋ ਤੇ ਦੋ ਦੀ ਤਰ੍ਹਾਂ ਹਮੇਸ਼ਾ ਚਾਰ ਹੀ ਨਿਕਲੇ!