ਪੰਜਾਬ ਦਾ ਸੁਪਨਦਰਸ਼ੀ ਮੁੱਖ ਮੰਤਰੀ-ਪ੍ਰਤਾਪ ਸਿੰਘ ਕੈਰੋਂ

ਪ੍ਰਤਾਪ ਸਿੰਘ ਕੈਰੋਂ ਕਰੀਬ ਅੱਠ-ਸਾਢੇ ਅੱਠ ਸਾਲ ਪੰਜਾਬ ਦਾ ਮੁੱਖ ਮੰਤਰੀ ਰਿਹਾ। ਉਸ ਦੇ ਸਮੇਂ ਦੌਰਾਨ ਜਿੰਨੀ ਤੇਜ਼ੀ ਨਾਲ ਪੰਜਾਬ ਦਾ ਜੋ ਨਕਸ਼ਾ ਬਣਿਆ-ਵਿਗਸਿਆ, ਉਸ ਤੋਂ ਬਾਅਦ ਕਿਸੇ ਵੀ ਮੁੱਖ ਮੰਤਰੀ ਦੇ ਸਮੇਂ ਦੌਰਾਨ ਨਹੀਂ ਬਦਲਿਆ। ਉਹ ਅਮਰੀਕਾ ਤੋਂ ਪੜ੍ਹ ਕੇ ਆਇਆ ਸੀ ਅਤੇ ਉਸ ਕੋਲ ਵਿਕਾਸ ਦਾ ਇਕ ਨੁਕਤਾ-ਨਜ਼ਰ ਸੀ। ਉਸ ਦੀ ਸ਼ਖਸੀਅਤ ਬਾਰੇ ਕਈ ਅਣਛੋਹੀਆਂ ਅਤੇ ਦਿਲਚਸਪ ਗੱਲਾਂ ਉਸ ਬਾਰੇ ਛਪੀ ਕਿਤਾਬ ‘ਪ੍ਰਤਾਪ ਸਿੰਘ ਕੈਰੋਂ – ਏ ਵੀਜ਼ਨਰੀ’ ਵਿਚ ਕੀਤੀਆਂ ਗਈਆਂ ਹਨ।

ਸੁਭਾਸ਼ ਪਰਿਹਾਰ
ਫੋਨ: +91-98728-22417

ਆਜ਼ਾਦੀ ਤੋਂ ਬਾਅਦ ਦੇ ਅਣਵੰਡੇ ਪੰਜਾਬ ਦੀ ਕਿਸੇ ਵੀ ਵੱਡੀ ਸੰਸਥਾ ਦਾ ਨਾਂ ਲਵੋ- ਭਾਖੜਾ ਡੈਮ (ਨੰਗਲ), ਚੰਡੀਗੜ੍ਹ ਸ਼ਹਿਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ), ਪੰਜਾਬੀ ਯੂਨੀਵਰਸਿਟੀ (ਪਟਿਆਲਾ), ਕੁਰੂਕਸ਼ੇਤਰ ਯੂਨੀਵਰਸਿਟੀ (ਕੁਰੂਕਸ਼ੇਤਰ), ਪੀ.ਜੀ.ਆਈ. (ਚੰਡੀਗੜ੍ਹ), ਮੈਡੀਕਲ ਕਾਲਜ (ਰੋਹਤਕ), ਵੇਰਕਾ ਮਿਲਕ ਪਲਾਂਟ (ਵੇਰਕਾ), ਐਸਕਾਰਟ ਟ੍ਰੈਕਟਰਜ਼ (ਫਰੀਦਾਬਾਦ), ਐਚ.ਐਮ.ਟੀ. (ਪਿੰਜੌਰ)- ਇਨ੍ਹਾਂ ਸਭਨਾਂ ਦਾ ਸੰਸਥਾਪਕ ਇੱਕੋ ਸ਼ਖਸ ਸੀ-ਸਰਦਾਰ ਪ੍ਰਤਾਪ ਸਿੰਘ ਕੈਰੋਂ, ਜੋ 23 ਜਨਵਰੀ 1956 ਤੋਂ 21 ਜੂਨ 1964 ਤੀਕ, ਅੱਠ ਸਾਲ ਤੋਂ ਵੀ ਵੱਧ ਸਮਾਂ ਤਤਕਾਲੀਨ ਪੰਜਾਬ (ਵਰਤਮਾਨ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਭਾਗ) ਦਾ ਮੁੱਖ ਮੰਤਰੀ ਰਿਹਾ। ਪੰਜਾਬ ਦਾ ਇੱਕੋ-ਇੱਕ ਸੁਪਨਦਰਸ਼ੀ ਮੁੱਖ ਮੰਤਰੀ ਜਿਸ ਦਾ ਸੁਪਨਾ ਸੀ ਪੰਜਾਬ ਨੂੰ ਹਰ ਤਰ੍ਹਾਂ ਨਾਲ ਮੁਲਕ ਦੀ ਉਤਮ ਸਟੇਟ ਬਣਾਉਣਾ। ਉਸ ਦਾ ਕਹਿਣਾ ਸੀ: “ਮੈਂ ਪੰਜਾਬ ਨੂੰ ਜਰਮਨੀ ਬਣਾ ਦਿਆਂਗਾ।” ਇਹ ਉਸ ਦੀ ਫੋਕੀ ਫੜ੍ਹ ਨਹੀਂ ਸੀ ਸਗੋਂ ਸੱਚੀਂ ਹੀ ਉਸ ਦਾ ਸੁਪਨਾ ਸੀ। ਇਸ ਨੂੰ ਪੰਜਾਬ ਦੀ ਬਦਕਿਸਮਤੀ ਕਹਿ ਲਓ ਕਿ ਰਾਜਨੀਤਕ ਖਹਿਬਾਜ਼ੀ ਵਿਚ ਇਸ ਨੇ ਕੈਰੋਂ ਵਰਗਾ ਮੁੱਖ ਮੰਤਰੀ ਗੁਆ ਲਿਆ ਅਤੇ ਇਸ ਤੋਂ ਬਾਅਦ ਪੰਜਾਬ ਨੂੰ ਦੁਬਾਰਾ ਉਸ ਵਰਗਾ ਲੀਡਰ ਨਹੀਂ ਮਿਲਿਆ। ਗਰਕਦਾ ਗਰਕਦਾ ਪੰਜਾਬ ਅੱਜ ਦੀ ਸ਼ਰਮਨਾਕ ਹਾਲਤ ਵਿਚ ਪਹੁੰਚ ਗਿਆ ਹੈ ਜਿਸ ਦੇ ਨੇਤਾ ਮੌਕਾਪ੍ਰਸਤ ਹਨ ਅਤੇ ਹਰ ਹੀਲੇ ਅਥਾਹ ਧਨ ਇੱਕਠਾ ਕਰਨ ਦੀ ਚੂਹਾ-ਦੌੜ ਵਿਚ ਲੱਗੇ ਹੋਏ ਹਨ; ਉਨ੍ਹਾਂ ਨੂੰ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਕੋਈ ਫਿਕਰ ਨਹੀਂ।
ਮੈਂ ਅਰਸੇ ਤੋਂ ਮਹਿਸੂਸ ਕਰ ਰਿਹਾ ਸੀ ਕਿ ਸਰਦਾਰ ਕੈਰੋਂ ਵਰਗੀ ਕੱਦਾਵਰ ਸ਼ਖਸੀਅਤ ਬਿਹਤਰੀਨ ਜੀਵਨੀ ਦੀ ਹੱਕਦਾਰ ਹੈ ਪਰ ਅੱਜ ਦੇ ਸਮਿਆਂ ਵਿਚ ਲੇਖਕ ਵੀ ਸੇਵਾ ਦਾ ਤੁਰੰਤ ਮੇਵਾ ਭਾਲਦੇ ਹਨ ਅਤੇ ਪ੍ਰਾਪਤ ਕਰ ਵੀ ਲੈਂਦੇ ਹਨ। ਅਜਿਹੇ ਸਮਿਆਂ ਵਿਚ ਕਿਸ ਨੂੰ ਵਿਹਲ ਕਿ ਆਰਕਾਈਵਜ਼ ਵਿਚ ਰਿਕਾਰਡ ਦੀ ਧੂੜ ਝਾੜਦਾ ਫਿਰੇ! ਆਖਰ ਨੂੰ ਆਪਣਾ ਸਿਰ ਆਪ ਹੀ ਗੁੰਦਣਾ ਪਿਆ। ਕੈਰੋਂ ਦੇ ਛੋਟੇ ਬੇਟੇ ਗੁਰਿੰਦਰ ਸਿੰਘ ਕੈਰੋਂ ਨੇ ਆਈ.ਏ.ਐਸ਼ ਅਫਸਰ ਲੇਖਕ ਮੀਤਾ ਰਾਜੀਵਲੋਚਨ ਅਤੇ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦੇ ਪ੍ਰੋਫੈਸਰ ਐਮ. ਰਾਜੀਵਲੋਚਨ ਨਾਲ ਮਿਲ ਕੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਜੀਵਨੀ ਲਿਖੀ ਹੈ ਜੋ ਅੰਗਰੇਜ਼ੀ ਭਾਸ਼ਾ ਵਿਚ ਹੈ। ਪ੍ਰਸਿੱਧ ਪੁਸਤਕ ਪ੍ਰਕਾਸ਼ਕ ਰੂਪਾ (ਦਿੱਲੀ) ਨੇ ਇਸ ਨੂੰ ਖੂਬਸੂਰਤ ਦਿੱਖ ਵਿਚ ਛਾਪਿਆ ਹੈ।
ਸਰਦਾਰ ਪ੍ਰਤਾਪ ਸਿੰਘ ਕੈਰੋਂ ਮਾਝੇ ਦੇ ਪਿੰਡ ਕੈਰੋਂ (ਵਰਤਮਾਨ ਜ਼ਿਲ੍ਹਾ ਤਰਨ ਤਾਰਨ) ਦੇ ਚੇਤੰਨ ਪਰਿਵਾਰ ਦਾ ਜੰਮਪਲ ਸੀ। ਪਿਤਾ ਸ਼ ਨਿਹਾਲ ਸਿੰਘ (1863-1927) ਵਿਦਿਆ ਦਾ ਮਹੱਤਵ ਜਾਣਦਾ ਸੀ। ਇਸ ਲਈ ਉਸ ਨੇ ਆਪਣੇ ਬੇਟੇ ਨੂੰ ਪੜ੍ਹਨ ਲਈ ਪਹਿਲੇ ਕੋਲੋਨਲ ਬ੍ਰਾਊਨ ਕੈਂਬ੍ਰਿਜ ਸਕੂਲ (ਦੇਹਰਾਦੂਨ), ਫਿਰ ਖਾਲਸਾ ਕਾਲਜ (ਅੰਮ੍ਰਿਤਸਰ) ਅਤੇ ਇਸ ਮਗਰੋਂ ਉਚ ਸਿੱਖਿਆ ਲਈ ਅਮਰੀਕਾ ਭੇਜਿਆ ਜਿਥੋਂ ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਐਟ ਬਰਕਲੇ ਤੋਂ ਐਮ.ਏ. (ਇਕਨਾਮਿਕਸ) ਅਤੇ ਯੂਨੀਵਰਸਿਟੀ ਆਫ ਮਿਸ਼ੀਗਨ ਤੋਂ ਐਮ.ਏ. (ਪੁਲੀਟੀਕਲ ਸਾਇੰਸ) ਦੀਆਂ ਡਿਗਰੀਆਂ ਪ੍ਰਾਪਤ ਕਰ ਕੇ 1929 ਵਿਚ ਮੁੜਿਆ।
ਇੱਥੇ ਆ ਕੇ ਉਸ ਨੇ ਅੰਮ੍ਰਿਤਸਰ ਤੋਂ ਹਫਤਾਵਾਰੀ ਅੰਗਰੇਜ਼ੀ ਮੈਗ਼ਜ਼ੀਨ ‘ਨਿਊ ਇਰਾ’ (ਂeੱ ਓਰਅ) ਕੱਢਣਾ ਸ਼ੁਰੂ ਕੀਤਾ। ਕੁਝ ਸਮੇਂ ਮਗਰੋਂ ਸਿਵਲ ਨਾ-ਫਰਮਾਨੀ ਅੰਦੋਲਨ ਵਿਚ ਹਿੱਸਾ ਲੈਣ ਕਾਰਨ 5 ਸਾਲ ਦੀ ਜੇਲ੍ਹ ਹੋ ਗਈ। 1937 ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ ਪਰ 1941 ਵਿਚ ਕਾਂਗਰਸੀ ਬਣ ਗਿਆ। 1942 ਵਿਚ ਭਾਰਤ ਛੱਡੋ ਅੰਦੋਲਨ ਵਿਚ ਭਾਗ ਲੈਣ ਕਾਰਨ ਫਿਰ ਜੇਲ੍ਹ ਹੋਈ।
1947 ਨੂੰ ਬ੍ਰਿਟਿਸ਼ ਹਾਕਮਾਂ ਤੋਂ ਆਜ਼ਾਦ ਹੋਣ ਮਗਰੋਂ ਦਿੱਲੀ ਦੇ ਉਤਰ-ਪੱਛਮ ਦਾ ਸਾਰਾ ਇਲਾਕਾ ਅਸਤ-ਵਿਅਸਤ ਸੀ। ਇੱਧਰ ਦਾ ਜਿੰਨਾ ਇਲਾਕਾ ਬ੍ਰਿਟਿਸ਼ ਹਕੂਮਤ ਦੇ ਸਿੱਧੇ ਤੌਰ ‘ਤੇ ਥੱਲੇ ਸੀ, ਉਸ ਨੂੰ ‘ਪੰਜਾਬ’ ਦਾ ਨਾਂ ਦਿੱਤਾ ਗਿਆ ਅਤੇ 1948 ਵਿਚ ਮਾਲਵੇ ਦੇ ਰਾਜਿਆਂ ਦੇ ਰਾਜ ਮਿਲਾ ਕੇ ‘ਪੈਪਸੂ’ ਨਾਂ ਦਾ ਸੂਬਾ ਬਣਾ ਦਿੱਤਾ ਗਿਆ ਜੋ 1956 ਤੀਕ ਹੋਂਦ ਵਿਚ ਰਿਹਾ ਅਤੇ ਇਸ ਮਗਰੋਂ ਇਸ ਨੂੰ ਵੀ ਪੰਜਾਬ ਵਿਚ ਮਿਲਾ ਦਿੱਤਾ ਗਿਆ।
ਆਜ਼ਾਦ ਮੁਲਕ ਦੀ ਪਹਿਲੀ ਸਰਕਾਰ ਵਿਚ ਕੈਰੋਂ ਮੁੜ-ਵਸੇਬਾ ਮੰਤਰੀ ਬਣਿਆ। ਇਹ ਬਹੁਤ ਨਾਜ਼ੁਕ ਦੌਰ ਸੀ। ਪਾਕਿਸਤਾਨ ਤੋਂ 30 ਲੱਖ ਸ਼ਰਨਾਰਥੀ ਆਪਣਾ ਘਰ-ਘਾਟ ਗੁਆ ਕੇ ਭਾਰਤ ਵਿਚ ਆ ਗਏ ਸਨ। ਇਨ੍ਹਾਂ ਨੂੰ ਭਾਰਤੀ ਪੰਜਾਬ ਵਿਚ ਮੁੜ-ਵਸਾਉਣ ਦਾ ਮੁਸ਼ਕਿਲ ਕੰਮ ਕੈਰੋਂ ਦੇ ਜ਼ਿੰਮੇ ਲੱਗਿਆ, ਜੋ ਉਸ ਨੇ ਸ਼ ਤ੍ਰਿਲੋਕ ਸਿੰਘ ਅਤੇ ਮਹਿੰਦਰ ਸਿੰਘ ਰੰਧਾਵਾ ਵਰਗੇ ਸੁਘੜ ਅਫਸਰਾਂ ਦੀ ਮਦਦ ਨਾਲ ਸਫਲਤਾਪੂਰਵਕ ਸਿਰੇ ਲਾ ਦਿੱਤਾ। ਡਾ. ਮਹਿੰਦਰ ਸਿੰਘ ਰੰਧਾਵਾ ਆਪਣੀ ਸਵੈ-ਜੀਵਨੀ ‘ਆਪ-ਬੀਤੀ’ ਵਿਚ ਲਿਖਦਾ ਹੈ ਕਿ ਸਿਆਸੀ ਲੀਡਰਾਂ ਵਿਚੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ, ਸ਼ ਦਰਬਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਸ਼ਰਨਾਰਥੀਆਂ ਦੇ ਮਾਮਲਿਆਂ ਵਿਚ ਭਾਰੀ ਦਿਲਚਸਪੀ ਲੈਂਦੇ ਸਨ। ਜਿੱਥੇ ਕਿਤੇ ਬੇਇਨਸਾਫੀ ਵੇਖਦੇ, ਇਹ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਮੇਰੇ ਪਾਸ ਲੈ ਆਉਂਦੇ।
1953-55 ਦੌਰਾਨ ਕੈਰੋਂ ਪੰਜਾਬ ਦਾ ਵਿਕਾਸ ਮੰਤਰੀ ਬਣ ਗਿਆ। ਡਾ. ਰੰਧਾਵਾ ਨੂੰ ਉਸ ਨੇ ਆਪਣੇ ਨਾਲ ਵਿਕਾਸ ਕਮਿਸ਼ਨਰ ਲਾਇਆ। ਸਵੈ-ਜੀਵਨੀ ਵਿਚ ਰੰਧਾਵਾ ਲਿਖਦਾ ਹੈ: “ਇਕ ਦਿਨ ਕੈਰੋਂ ਨੇ ਆਪਣੇ ਘਰ ਰਾਤ ਦੇ ਖਾਣੇ ‘ਤੇ ਸੱਦਿਆ। ਮੈਂ ਵੇਖਿਆ ਕਿ ਉਹ ਥਾਲੀ ਜਿਸ ਵਿਚ ਮਾਂਹ ਦੀ ਦਾਲ ਅਤੇ ਇਕ ਸਬਜ਼ੀ ਸੀ, ਚੁੱਕ ਕੇ ਮੇਰੇ ਲਈ ਆਪ ਲੈ ਆਇਆ। ਉਸ ਦੀ ਨਿਮਰਤਾ ਦਾ ਮੇਰੇ ਉਪਰ ਬੜਾ ਅਸਰ ਹੋਇਆ। ਲੋਕਾਂ ਵਿਚ ਤਾਂ ਆਮ ਇਹੀ ਮਸ਼ਹੂਰ ਸੀ ਕਿ ਕੈਰੋਂ ਬਹੁਤ ਕੌੜਾ ਆਦਮੀ ਹੈ ਤੇ ਅਫਸਰਾਂ ਨਾਲ ਅੱਛਾ ਸਲੂਕ ਨਹੀਂ ਕਰਦਾ ਪਰ ਅਜਿਹਾ ਉਹ ਨਾਲਾਇਕ ਅਤੇ ਬੇਈਮਾਨ ਅਫਸਰਾਂ ਨਾਲ ਕਰਦਾ ਸੀ। ਦਰਅਸਲ ਕੈਰੋਂ ਚਾਹੁੰਦਾ ਸੀ ਕਿ ਪੰਜਾਬ ਦੇ ਅਫਸਰ ਫੁਰਤੀ ਨਾਲ ਕੰਮ ਕਰਨ ਤੇ ਸਟੇਟ ਜਲਦੀ ਤਰੱਕੀ ਕਰੇ।” ਰੰਧਾਵਾ ਮੁਤਾਬਿਕ, “ਕੈਰੋਂ ਇੰਨਾ ਮਸਰੂਫ ਰਹਿੰਦਾ ਸੀ ਕਿ ਉਸ ਨੂੰ ਆਪਣੇ ਘਰ ਦੀ ਸੁਧ ਨਹੀਂ ਸੀ।”
23 ਜਨਵਰੀ 1956 ਨੂੰ ਕੈਰੋਂ ਮੁੱਖ ਮੰਤਰੀ ਬਣ ਗਿਆ।
1956 ਦਾ ਪੰਜਾਬ ਬਹੁਤ ਵੱਡੀ ਸਟੇਟ ਸੀ। ਧਾਰਮਿਕ ਆਧਾਰ ਵਾਲੇ ਅਕਾਲੀ ਦਲ ਨੂੰ ਲੱਗਾ ਕਿ ਇਸ ਸਟੇਟ ਵਿਚ ਕਦੇ ਵੀ ਉਨ੍ਹਾਂ ਦੀ ਸਰਕਾਰ ਬਣਨ ਦੀ ਸੰਭਾਵਨਾ ਨਾਂਹ ਦੇ ਬਰਾਬਰ ਸੀ। ਧਰਮ ਨੂੰ ਛੱਡ ਕੇ ਇਸ ਪਾਰਟੀ ਕੋਲ ਕਦੇ ਕੋਈ ਹੋਰ ਪ੍ਰੋਗਰਾਮ ਹੋਇਆ ਹੀ ਨਹੀਂ ਜਿਸ ‘ਤੇ ਇਹ ਚੋਣ ਲੜ ਕੇ ਜਿੱਤ ਸਕਣ। ਇਸ ਲਈ ਉਨ੍ਹਾਂ ਨੇ ਪੰਜਾਬੀ ਭਾਸ਼ਾ ਦਾ ਭਾਵੁਕ ਮੁੱਦਾ ਲੈ ਕੇ ਮੰਗ ਕੀਤੀ ਕਿ ਇਸ ਭਾਸ਼ਾ ਦੀ ਤਰੱਕੀ ਲਈ ‘ਪੰਜਾਬੀ ਸੂਬਾ’ ਬਣਨਾ ਚਾਹੀਦਾ ਹੈ। ਹਾਲੇ 1947 ਵਿਚ ਪੰਜਾਬ ਦੀ ਵੰਡ ਹੋਈ ਨੂੰ ਇੱਕ ਦਹਾਕਾ ਵੀ ਨਹੀਂ ਸੀ ਹੋਇਆ ਜਿਸ ਵਿਚ 10 ਲੱਖ ਲੋਕ ਮਾਰੇ ਗਏ ਸਨ ਅਤੇ ਲੱਖਾਂ ਲੋਕ ਸ਼ਰਨਾਰਥੀ ਬਣ ਗਏ ਸਨ। 47 ਸਾਲ ਦੇ ਕੈਰੋਂ ਨੇ ਇਹ ਸਭ ਅੱਖੀਂ ਵੇਖਿਆ ਸੀ। ਉਹ ਕਿਵੇਂ ਚਾਹ ਸਕਦਾ ਸੀ ਕਿ ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ ਇੱਕ ਵਾਰ ਫਿਰ ਵੰਡਿਆ ਜਾਵੇ?
ਦੂਜੇ ਪਾਸੇ ਕੁਝ ਤੁਅੱਸਬੀ ਅੰਸ਼ ਸਾਰੇ ਪੰਜਾਬ ‘ਤੇ ਹਿੰਦੀ ਭਾਸ਼ਾ ਥੋਪਣਾ ਚਾਹੁੰਦੇ ਸਨ ਜੋ ਭਾਰਤ ਵਰਗੇ ਬਹੁਭਾਸ਼ੀ ਮੁਲਕ ਵਿਚ ਸੰਭਵ ਹੀ ਨਹੀਂ ਹੈ। ਕੈਰੋਂ ਪੰਜਾਬੀ ਭਾਸ਼ਾ ਦਾ ਦੁਸ਼ਮਣ ਨਹੀਂ ਸੀ। ਪੰਜਾਬੀ ਦੇ ਵਿਕਾਸ ਲਈ ਉਸ ਨੇ ਪਟਿਆਲੇ ਵਿਚ ਪੰਜਾਬੀ ਯੂਨੀਵਰਸਿਟੀ ਬਣਾ ਦਿੱਤੀ ਸੀ। ਉਹ ਹਿੰਦੀ ਥੋਪਣ ਵਾਲੀ ਫਿਰਕਾਪ੍ਰਸਤ ਸੋਚ ਦਾ ਵੀ ਓਨਾ ਹੀ ਵਿਰੋਧੀ ਸੀ ਪਰ ਅਕਾਲੀਆਂ ਦੀ ਮੰਗ ਬਹੁਤ ਪਾਰਦਰਸ਼ੀ ਸੀ ਜਿਸ ਪਿੱਛੇ ਅਸਲ ਮੰਤਵ ਸਾਫ ਦਿਸਦਾ ਸੀ। ਕੈਰੋਂ ਦੀ ਕਾਫੀ ਤਾਕਤ ਅਕਾਲੀਆਂ ਨਾਲ ਨਜਿੱਠਣ ‘ਤੇ ਖਰਚ ਹੋ ਗਈ।
ਕੈਰੋਂ ਨੇ ਭਾਖੜਾ ਡੈਮ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ। ਇਸ ਲਈ ਪੈਸਾ ਚਾਹੀਦਾ ਸੀ। ਇਸ ਦੇ ਪਾਣੀ ਤੋਂ ਜਿਨ੍ਹਾਂ ਕਿਸਾਨਾਂ ਨੂੰ ਲਾਭ ਮਿਲਿਆ, ਉਨ੍ਹਾਂ ‘ਤੇ ਕੁਝ ਟੈਕਸ ਲਾ ਦਿੱਤਾ ਤਾਂ ਕਾਮਰੇਡਾਂ ਨੇ ਐਜੀਟੇਸ਼ਨਾਂ ਸ਼ੁਰੂ ਕਰ ਦਿੱਤੀਆਂ। ਕਾਮਰੇਡਾਂ ਨੂੰ ਪਤਾ ਨਹੀਂ ਸੀ ਕਿ ਲੈਨਿਨ ਕੈਰੋਂ ਦਾ ਰੋਲ ਮਾਡਲ ਰਿਹਾ ਸੀ ਪਰ ਜ਼ਮੀਨੀ ਸੱਚਾਈਆਂ ਤੋਂ ਵੀ ਮੂੰਹ ਕਿਵੇਂ ਮੋੜਿਆ ਜਾ ਸਕਦਾ ਸੀ?
ਇਨ੍ਹਾਂ ਦੇ ਨਾਲ ਹੀ ਕਾਂਗਰਸ ਪਾਰਟੀ ਵਿਚ ਅੰਦਰੂਨੀ ਵਿਰੋਧ ਵੀ ਸੀ। ਇਹ ਸਭ ਕੁਝ ਹੋਣ ਦੇ ਬਾਵਜੂਦ ਕੈਰੋਂ ਨੇ ਪੰਜਾਬ ਲਈ ਜੋ ਕੁਝ ਕੀਤਾ, ਹਰ ਪੱਖੋਂ ਕਾਬਿਲ-ਏ-ਤਾਰੀਫ ਸੀ। ਸ਼ਰਮਨਾਕ ਤਾਂ ਇਹ ਸੀ ਕਿ ਰਾਮ ਕਿਸ਼ਨ ਦੀ ਚੀਫ ਮਨਿਸਟਰੀ ਸਮੇਂ ਤਤਕਾਲੀਨ ਸਿੱਖਿਆ ਮੰਤਰੀ ਪ੍ਰਬੋਧ ਚੰਦਰ ਨੇ ਸਕੂਲਾਂ ਦੀਆਂ ਪਾਠ-ਪੁਸਤਕਾਂ ਵਿਚੋਂ ਕੈਰੋਂ ਦਾ ਜ਼ਿਕਰ ਬਿਲਕੁਲ ਮਨਫੀ ਕਰਵਾ ਦਿੱਤਾ।
ਹੋਰ ਖੇਤਰਾਂ ਦੇ ਨਾਲ-ਨਾਲ ਕੈਰੋਂ ਦੀ ਪੰਜਾਬ ਨੂੰ ਸਭ ਤੋਂ ਵੱਡੀ ਦੇਣ ਸੀ-ਜ਼ਮੀਨਾਂ ਦੀ ਮੁਰੱਬਾਬੰਦੀ। ਇਸ ਤੋਂ ਪਹਿਲੇ ਕਿਸਾਨਾਂ ਦੀਆਂ ਜ਼ਮੀਨਾਂ ਬੇਢਬੇ ਟੁਕੜਿਆਂ ਵਿਚ ਵੰਡੀਆਂ ਹੋਈਆਂ ਸਨ। ਕੋਈ ਵੱਟ ਸਿੱਧੀ ਨਹੀਂ ਸੀ। ਇੱਕ ਕਿਸਾਨ ਦੀਆਂ ਜ਼ਮੀਨਾਂ ਦੇ ਟੋਟੇ ਵੱਖ-ਵੱਖ ਥਾਵਾਂ ‘ਤੇ ਸਨ। ਅੰਗਰੇਜ਼ਾਂ ਨੇ ਲਾਇਲਪੁਰ, ਮਿੰਟਗੁਮਰੀ ਅਤੇ ਸ਼ੇਖੂਪੁਰੇ ਦੇ ਖਾਲੀ ਪਏ ਇਲਾਕਿਆਂ ਨੂੰ ਖੇਤੀਯੋਗ ਬਣਾ ਕੇ ਜੋ ਨਹਿਰੀ ਕਾਲੋਨੀਆਂ ਵਸਾਈਆਂ ਸਨ, ਉਨ੍ਹਾਂ ਦੀ ਵਿਉਂਤਬੰਦੀ ਬਹੁਤ ਵਧੀਆ ਸੀ। ਇਸ ਵਿਚ 25-25 ਕਿੱਲਿਆਂ ਦੇ, ਮਤਲਬ 200-200 ਕਨਾਲ ਦੇ ਚੌਰਸ ਮੁਰੱਬੇ ਸਨ। ਹਰ ਮੁਰੱਬੇ ਦਾ, ਹਰ ਕਿੱਲੇ ਦਾ ਆਪਣਾ-ਆਪਣਾ ਨੰਬਰ ਸੀ। ਕੈਰੋਂ ਨੇ ਸਾਰੇ ਪੰਜਾਬ ਵਿਚ ਜ਼ਮੀਨਾਂ ਦੀ ਮੁਰੱਬੇਬੰਦੀ ਕਰਵਾ ਕੇ ਹਰ ਕਿਸਾਨ ਦੀ ਜ਼ਮੀਨ ਇੱਕਠੀ ਇੱਕ ਥਾਂ ਕਰ ਦਿੱਤੀ। ਜਿੱਥੇ ਕਿਸੇ ਜ਼ਿਮੀਂਦਾਰ ਦਾ ਵੱਧ ਤੋਂ ਵੱਧ ਰਕਬਾ ਹੈ, ਉਥੇ ਹੀ ਉਸ ਦਾ ਚੱਕ ਬਣਾ ਦਿੱਤਾ। ਹਰ ਖੇਤ ਨੂੰ ਨਹਿਰੀ ਖਾਲ ਲੱਗਦਾ ਕਰ ਦਿੱਤਾ। ਪਿੰਡਾਂ ਵਿਚ ਸਕੂਲ, ਹਸਪਤਾਲ ਤੇ ਹੋਰ ਜ਼ਰੂਰੀ ਸਾਂਝੇ ਕੰਮਾਂ ਲਈ ਜ਼ਮੀਨ ਛੱਡੀ ਗਈ। ਸਾਰੇ ਰਾਹ ਸਿੱਧੇ ਕਰ ਦਿੱਤੇ। ਇਸ ਸਭ ਪਿੱਛੇ ਡਾ. ਰੰਧਾਵਾ ਦਾ ਦਿਮਾਗ ਵੀ ਕੰਮ ਕਰ ਰਿਹਾ ਸੀ। ਭਾਖੜਾ ਡੈਮ ਨੂੰ ਅੰਗਰੇਜ਼ਾਂ ਕੋਲੋਂ ਪਾਸ ਕਰਵਾ ਕੇ ਭਾਵੇਂ ਚੌਧਰੀ ਛੋਟੂ ਰਾਮ ਨੇ ਜ਼ਮੀਨ ਅਲਾਟ ਕਰਵਾ ਲਈ ਸੀ ਪਰ ਇਸ ਦੀ ਉਸਾਰੀ ਕੈਰੋਂ ਨੇ ਕਾਰਵਾਈ ਸੀ। ਸਾਰੀ ਜ਼ਮੀਨ ਨੂੰ ਪਾਣੀ ਮਿਲਣ ਲੱਗਾ। ਜ਼ਮੀਨੀ ਪਾਣੀ ਦਾ ਪੱਧਰ ਉਚਾ ਹੋ ਗਿਆ।
ਮੁਰੱਬਾਬੰਦੀ ਵਿਚ ਪਟਵਾਰੀਆਂ ਦੀ ਤਾਕਤ ਦੀ ਦੁਰਵਰਤੋਂ ਹੋਣ ਦੀ ਪੂਰੀ ਸੰਭਾਵਨਾ ਸੀ। ਡਾ. ਰੰਧਾਵਾ ਲਿਖਦਾ ਹੈ, “ਕੈਰੋਂ ਨੇ ਆਪਣੀ ਖੁਫੀਆ ਏਜੰਸੀ ਬਣਾਈ ਹੋਈ ਸੀ ਜਿਸ ਦਾ ਮੋਢੀ ਮਾਸਟਰ ਚਰਨਜੀਤ ਸਿੰਘ ਇਕ ਕਾਂਗਰਸੀ ਸੋਸ਼ਲ ਵਰਕਰ ਸੀ। ਜਦ ਕੋਈ ਸ਼ਿਕਾਇਤ ਆਉਂਦੀ, ਚਰਨਜੀਤ ਅਤੇ ਉਸ ਦੇ ਸਾਥੀ ਸਾਧੂ ਦੇ ਭੇਸ ਵਿਚ ਉਥੇ ਪਹੁੰਚ ਜਾਂਦੇ ਅਤੇ ਪੁੱਛਗਿੱਛ ਕਰਦੇ। ਇਸ ਤੋਂ ਇਲਾਵਾ ਇੱਕ ਫਲਾਇੰਗ ਸਕੁਐਡ ਬਣਾਇਆ ਜਿਸ ਕੋਲ ਦੋ-ਤਿੰਨ ਮੋਟਰ-ਗੱਡੀਆਂ ਸਨ। ਇਸ ਸਕੁਐਡ ਵਿਚ ਅਜਿਹੇ ਅਫਸਰ ਰੱਖੇ ਜੋ ਇਮਾਨਦਾਰੀ ਲਈ ਮਸ਼ਹੂਰ ਸਨ। ਜਦ ਕੋਈ ਸ਼ਿਕਾਇਤ ਆਉਂਦੀ ਤਾਂ ਉਹ ਮੌਕੇ ‘ਤੇ ਜਾ ਕੇ ਤਫਤੀਸ਼ ਕਰਦੇ। ਕੈਰੋਂ ਦੇ ਇਸ ਕਦਮ ਨੇ ਪੰਜਾਬ ਨੂੰ ਬਾਕੀ ਸੂਬਿਆਂ ਤੋਂ ਕਈ ਕਦਮ ਅੱਗੇ ਕਰ ਦਿੱਤਾ।” ਡਾ. ਰੰਧਾਵਾ ਕੈਰੋਂ ਨੂੰ ‘ਉਹ ਜੋਤ’ ਕਹਿੰਦਾ ਹੈ “ਜਿਸ ਨੇ ਪੰਜਾਬ ਦਾ ਨਾਂ ਭਾਰਤ ਵਿਚ ਉਜਾਗਰ ਕੀਤਾ।”
ਇਸ ਸਭ ਦੌਰਾਨ ਕੈਰੋਂ ‘ਤੇ ਦੋਸ਼ ਲਗਦੇ ਰਹੇ ਪਰ ਕੋਈ ਸਿੱਧ ਨਾ ਹੋਇਆ। ਦਰਅਸਲ ਕੈਰੋਂ ਦੀ ਸ਼ਕਤੀ ਦਾ ਆਧਾਰ ਜਵਾਹਰਲਾਲ ਨਹਿਰੂ ਸੀ ਅਤੇ ਦੋਹੇਂ ਮੁਲਕ ਲਈ ਸੁਨਹਿਰੀ ਭਵਿੱਖ ਦਾ ਸੁਪਨਾ ਵੇਖਦੇ ਸਨ। ਆਖਰ ਦਾਸ ਕਮਿਸ਼ਨ ਬੈਠਾ ਤਾਂ ਕੈਰੋਂ ‘ਤੇ ਇਹ ਮਾਮੂਲੀ ਦੋਸ਼ ਸਾਬਿਤ ਕਰ ਸਕਿਆ ਕਿ ਉਹ ਸ਼ੂਗਰ ਦਾ ਮਰੀਜ਼ ਹੋਣ ਕਾਰਨ 1956 ਦੇ ਚੋਣ ਦੌਰਿਆਂ ਦੌਰਾਨ ਅਸਿਸਟੈਂਟ ਸਰਜਨ ਡਾ. ਢਿੱਲੋਂ ਨੂੰ ਆਪਣੇ ਨਾਲ ਰੱਖਦਾ ਸੀ ਜਿਸ ਨੇ ਆਪਣੇ ਦਫਤਰੋਂ ਛੁੱਟੀ ਨਹੀਂ ਸੀ ਲਈ। 27 ਮਈ 1964 ਦੇ ਦਿਨ ਪੰਡਤ ਨਹਿਰੂ ਦੀ ਮੌਤ ਹੋ ਗਈ। 21 ਜੂਨ 1964 ਨੂੰ ਕੈਰੋਂ ਨੇ ਅਸਤੀਫਾ ਦੇ ਦਿੱਤਾ। ਲਾਲ ਬਹਾਦਰ ਸ਼ਾਸਤਰੀ ਨਵਾਂ ਪ੍ਰਧਾਨ ਮੰਤਰੀ ਬਣ ਗਿਆ। ਉਸ ਨੂੰ ਮਿਲ ਕੇ 6 ਫਰਵਰੀ 1965 ਨੂੰ ਜਦ ਕੈਰੋਂ ਦਿੱਲੀ ਤੋਂ ਚੰਡੀਗੜ੍ਹ ਵਾਪਸ ਆ ਰਿਹਾ ਸੀ ਤਾਂ ਜੀ.ਟੀ.ਰੋਡ ‘ਤੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਰਸੋਈ ਨੇੜੇ ਘਾਤ ਲਾ ਕੇ ਬੈਠੇ ਚਾਰ ਕਾਤਲਾਂ ਨੇ ਉਸ ਨੂੰ ਗੋਲੀਆਂ ਨਾਲ ਹਲਾਕ ਕਰ ਦਿੱਤਾ। ਚਾਰੇ ਹਮਲਾਵਰ ਫੜੇ ਗਏ। ਸਾਰੀ ਜਾਂਚ ਮਗਰੋਂ ਸਰਕਾਰ ਇਸ ਸਿੱਟੇ ‘ਤੇ ਹੀ ਪੁੱਜੀ ਕਿ ਪ੍ਰਤਾਪ ਸਿੰਘ ਕੈਰੋਂ ਦਾ ਕਤਲ ਵਿਅਕਤੀਗਤ ਰੰਜਿਸ਼ ਦਾ ਨਤੀਜਾ ਸੀ, ਭਾਵੇਂ ਜੀਵਨੀ ਵਿਚ ਲੇਖਕ ਸ਼ੱਕ ਕਰਦਾ ਹੈ ਕਿ ਕੈਰੋਂ ਨੂੰ ਕਤਲ ਕਰਵਾਉਣ ਪਿੱਛੇ ਉਸ ਦੇ ਵਿਰੋਧੀ ਕਾਂਗਰਸੀ ਸਿਆਸੀ ਆਗੂ ਦਾ ਹੱਥ ਹੋਣ ਦੀ ਸੰਭਾਵਨਾ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਸ਼ੱਕ ਦਾ ਮੁੱਖ ਆਧਾਰ ਇਹ ਹੈ ਕਿ ਜਿੱਥੇ ਕੈਰੋਂ ਦੇ ਚਾਰ ਕਾਤਲਾਂ ‘ਚੋਂ ਤਿੰਨਾਂ ਨੂੰ ਫਾਹੇ ਲਾ ਦਿੱਤਾ ਗਿਆ ਸੀ, ਚੌਥੇ ਕਾਤਲ ਦਯਾ ਸਿੰਘ ਨੂੰ ਉਸ ਸਿਆਸੀ ਆਗੂ ਦੇ ਕੇਂਦਰ ਵਿਚ ਸੱਤਾ ਵਿਚ ਆਉਣ ‘ਤੇ ਰਿਹਾਅ ਕਰ ਦਿੱਤਾ ਗਿਆ ਸੀ।
ਕਿਤਾਬ ਬਹੁਤ ਸਾਦੀ ਸ਼ੈਲੀ ਵਿਚ ਲਿਖੀ ਗਈ ਹੈ। ਵਾਰਤਕ ਵਿਚ ਰਵਾਨੀ ਹੈ। ਪੰਜਾਬ ਦੇ ਇਤਿਹਾਸ ਵਿਚ ਰੁਚੀ ਰੱਖਣ ਵਾਲੇ ਹਰ ਪਾਠਕ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ। ਪੰਜਾਬ ਦੇ ਪਾਠਕਾਂ ਦੇ ਵਡੇਰੇ ਦਾਇਰੇ ਵਿਚ ਪਹੁੰਚਾਉਣ ਲਈ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਵੀ ਹੋਣਾ ਚਾਹੀਦਾ ਹੈ।