ਢਾਈ ਦਿਨ ਦਾ ਇਸ਼ਕ

ਸੰਤੋਖ ਸਿੰਘ ਧੀਰ ਪੰਜਾਬੀ ਦਾ ਬਹੁ-ਵਿਧਾਈ ਲਿਖਾਰੀ ਸੀ ਜਿਸ ਨੇ ਕਵਿਤਾ, ਕਹਾਣੀ, ਨਾਵਲ ਅਤੇ ਵਾਰਤਕ ਵਿਚ ਚੋਖਾ ਨਾਮਣਾ ਖੱਟਿਆ। ਇਹ ਵਰ੍ਹਾ (2020) ਉਨ੍ਹਾਂ ਦਾ ਜਨਮ ਸ਼ਤਾਬਦੀ ਵਰ੍ਹਾ ਹੈ। ਉਨ੍ਹਾਂ ਦਾ ਜਨਮ 2 ਦਸੰਬਰ 1920 ਨੂੰ ਹੋਇਆ ਸੀ। ਉਨ੍ਹਾਂ ਦੇ ਜਨਮ ਸ਼ਤਾਬਦੀ ਵਰ੍ਹੇ ਮੌਕੇ ਉਨ੍ਹਾਂ ਦੇ ਬੇਲੀ ਡਾ. ਗੁਰੂਮੇਲ ਸਿੰਘ ਸਿੱਧੂ ਨੇ ਉਨ੍ਹਾਂ ਦੇ ਇਸ਼ਕ ਬਾਰੇ ਲੰਮਾ ਲੇਖ ‘ਪੰਜਾਬ ਟਾਈਮਜ਼’ ਲਈ ਭੇਜਿਆ ਹੈ, ਜੋ ਅਸੀਂ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ।

ਇਸ ਲੇਖ ਵਿਚ ਸੰਤੋਖ ਸਿੰਘ ਧੀਰ ਅਤੇ ਉਨ੍ਹਾਂ ਦੀ ਮੁਹੱਬਤ ਦੇ ਨਾਲ-ਨਾਲ ਪੰਜਾਬੀ ਸਾਹਿਤ ਜਗਤ ਦੀਆਂ ਕਈ ਝਾਕੀਆਂ ਪੇਸ਼ ਹੋਈਆਂ ਹਨ। -ਸੰਪਾਦਕ

ਡਾ. ਗੁਰੂਮੇਲ ਸਿੰਘ ਸਿੱਧੂ

ਸੰਤੋਖ ਸਿੰਘ ਧੀਰ ਨੇ ਜੀਵਨ ਵਿਚ ਕਈ ਇਸ਼ਕ ਕਮਾਏ ਤੇ ਗੁਆਏ। ਇਨ੍ਹਾਂ ‘ਚੋਂ ਕੁਝ ਦੀ ਦਾਸਤਾਂ ਆਪਣੇ ਨਾਵਲਾਂ ‘ਉਹ ਦਿਨ’ ਅਤੇ ‘ਯਾਦਗਾਰ’ ਰਾਹੀਂ ਲੋਕਾਂ ਨੂੰ ਵੀ ਸੁਣਾਈ। ਇਹ ਇਸ਼ਕ ਸਾਧਾਰਨ ਔਰਤਾਂ ਨਾਲ ਸਨ ਅਤੇ ਬਹੁ-ਚਿਰੇ ਸਨ ਪਰ ਇਕ ਥੋੜ੍ਹ-ਚਿਰਾ ਇਸ਼ਕ ਅੰਮ੍ਰਿਤਾ ਪ੍ਰੀਤਮ ਨਾਲ ਵੀ ਕੀਤਾ ਜਿਸ ਨੇ ਉਸ ਦੇ ਜੀਵਨ ਵਿਚ ਹਲਚਲ ਮਚਾਈ। ਇਸ ਸੰਬੰਧ ਨੇ ਧੀਰ ਨੂੰ ਮਾਨਸਿਕ ਰੋਗੀ ਬਣਾਇਆ ਜਿਸ ਦਾ ਸੰਤਾਪ ਉਹ ਰਹਿੰਦੀ ਉਮਰ ਤਕ ਭੋਗਦਾ ਰਿਹਾ। ਅੰਮ੍ਰਿਤਾ ਪ੍ਰੀਤਮ ਨਾਲ ਦੋ ਕੁ ਹਫਤੇ ਦੀ ਇਹ ਨਜ਼ਦੀਕੀ, ਇਸ਼ਕ (ਲੋਵe) ਸੀ ਜਾਂ ਮਹਿਜ਼ ਸਹਿਜ਼ ਪ੍ਰੀਤ (ੀਨਾਅਟੁਅਟਿਨ) ਸੀ, ਇਕ ਪਾਸੜਾ ਸੀ ਜਾਂ ਦੁਵੱਲਾ ਸੀ, ਕਿਵੇਂ ਅਤੇ ਕਿਉਂ ਹੋਇਆ? ਇਨ੍ਹਾਂ ਸਵਾਲਾਂ ਦਾ ਉਤਰ ਧੀਰ ਵਲੋਂ ਉਨ੍ਹਾਂ ਦਿਨਾਂ ਵਿਚ ਲਿਖੀਆਂ ਕੁਝ ਚਿੱਠੀਆਂ ‘ਚੋਂ ਕਸ਼ੀਦਿਆ ਜਾ ਸਕਦਾ ਹੈ। ਥੋੜ੍ਹ-ਚਿਰਾ ਹੋਣ ਦੇ ਨਾਤੇ ਇਸ ਨੂੰ ‘ਢਾਈ ਦਿਨ ਦਾ ਇਸ਼ਕ’ ਗਰਦਾਨਿਆ ਗਿਆ ਹੈ।
ਧੀਰ ਦੀਆਂ ਚਿੱਠੀਆਂ
ਧੀਰ ਜਦ ਵੀ ਦਿੱਲੀ ਜਾਂਦਾ, ਗਾਰਗੀ ਦੇ ਘਰੋਂ ਫੋਨ ਕਰ ਕੇ ਅਦਬ ਨਾਲ ਅੰਮ੍ਰਿਤਾ ਪ੍ਰੀਤਮ ਦਾ ਹਾਲਚਾਲ ਪੁੱਛਦਾ। ਕਦੇ ਕਦਾਈਂ ਚਾਹ ਪਾਣੀ ਲਈ ਅੰਮ੍ਰਿਤਾ ਉਸ ਨੂੰ ਘਰ ਵੀ ਬੁਲਾ ਲੈਂਦੀ ਕਿਉਂਕਿ ਉਹ ਧੀਰ ਦੀ ਸਾਹਿਤਕ ਦੇਣ ਦੀ ਕਦਰਦਾਨ ਸੀ। ਜਦ ਉਹ ਦਿੱਲੀ ਰੇਡਿਉ ਸਟੇਸ਼ਨ ਤੋਂ 15 ਮਿੰਟ ਦਾ ਪੰਜਾਬੀ ਪ੍ਰੋਗਰਾਮ ਪ੍ਰਸਾਰਤ ਕਰਦੀ ਸੀ ਤਾਂ ਉਸ ਨੇ ਧੀਰ ਦੇ ਕੁਝ ਗੀਤ ਰੇਡਿਉ ਆਰਟਿਸਟਾਂ ਤੋਂ ਗਵਾ ਕੇ ਇਸ ਪ੍ਰੋਗਰਾਮ ਵਿਚ ਸੁਣਾਏ ਸਨ। ਅੰਮ੍ਰਿਤਾ ਦਾ ਇਹ ਪ੍ਰੋਗਰਾਮ ਮੈਂ ਲਗਾਤਾਰ ਸੁਣਦਾ ਸੀ ਅਤੇ ਇਸ ਰਾਹੀਂ ਧੀਰ ਦੇ ਕਈ ਗੀਤ ਸੁਣਨ ਨੂੰ ਮਿਲੇ, ਜਿਵੇਂ:
ਦਿਲ ਤਾਂ ਸਾਡਾ ਕੱਚ ਦੀ ਸ਼ੀਸ਼ੀ,
ਹੋ ਜਾਊ ਟੁਕੜੇ-ਟੁਕੜੇ ਵੇ ਹੋ।
ਨਾ ਇੰਜ ਤਰਕਾਂ ਮਾਰ ਜ਼ਾਲਮਾਂ,
ਬੋਲ ਨਾ ਬੋਲੀਂ ਰੁਖੜੇ ਵੇ ਹੋ।
ਜਾਂ
ਕਿਤੋਂ ਭਿੰਨੀ-ਭਿੰਨੀ ਆਉਂਦੀ ਖੁਸ਼ਬੋ
ਕਿ ਜਦੋਂ ਤੇਰੀ ਗੱਲ ਕਰੀਏ।
ਅਕਤੂਬਰ 1961 ਵਿਚ ਮੈਂ ਪਾਣੀਪਤ ਵਿਚ ਬਲਾਕ ਵਿਕਾਸ ਦਫਤਰ ਵਿਚ ਇੰਸਪੈਕਟਰ ਲਗਿਆ ਹੋਇਆ ਸੀ, ਧੀਰ ਮੇਰੇ ਪਾਸ ਆਇਆ ਤੇ ਦੋ ਕੁ ਦਿਨ ਠਹਿਰ ਕੇ ਕਹਿਣ ਲੱਗਾ, “ਕੁਝ ਹਫਤਿਆਂ ਲਈ ਮੈਂ ਦਿੱਲੀ ਚੱਲਿਆਂ, ਬਲਬੰਤ ਗਾਰਗੀ ਨੇ ਆਪਣੀ ਪੁਸਤਕ ‘ਰੰਗ ਮੰਚ’ ਦੇ ਪਰੂਫ ਪੜ੍ਹਨ ਲਈ ਬੁਲਾਇਆ ਹੈ। ਕਾਫੀ ਵੱਡੀ ਕਿਤਾਬ ਹੈ, ਪਰੂਫ ਪੜ੍ਹਨ ਲਈ ਮਹੀਨਾ ਜਾਂ ਵੱਧ ਸਮਾਂ ਵੀ ਲੱਗ ਸਕਦਾ ਹੈ। ਆਰਸੀ ਪ੍ਰਕਾਸ਼ਨ ਵਾਲਾ ਭਾਪਾ ਪ੍ਰੀਤਮ ਸਿੰਘ ਪਰੂਫ ਪੜ੍ਹਨ ਦੇ ਨਾਲੋ-ਨਾਲ ਪੁਸਤਕ ਛਾਪ ਰਿਹਾ ਹੈ। ਬਲਵੰਤ ਨੇ ਕੁਝ ਚਿਰ ਲਈ ਪੰਜਾਬ ਜਾਣਾ ਹੈ, ਪਰੂਫ ਪੜ੍ਹਨ ਦਾ ਸਾਰਾ ਕੰਮ ਮੇਰੇ ‘ਤੇ ਛੱਡ ਕੇ ਜਾ ਰਿਹਾ ਹੈ।” ਮੈਂ ਕਿਹਾ, “ਚਲੋ ਇਸੇ ਬਹਾਨੇ ਤੇਰੀ ਹਵਾ-ਬਦਲੀ ਹੋ ਜਾਵੇਗੀ, ਨਾਲੇ ਪਿੰਡ ਦੀਆਂ ਗਲੀਆਂ ਦੀ ਧੂੜ ਅਤੇ ਰੂੜੀਆਂ ਦੀ ਦੁਰਗੰਧ ਤੋਂ ਬਚ ਜਾਵੇਂਗਾ।” ਉਦਾਸ ਹੋ ਕੇ ਧੀਰ ਕਹਿਣ ਲੱਗਾ, “ਘਰਦਿਆਂ ਦਾ ਫਿਕਰ ਹੈ, ਮੇਰੇ ਬਗੈਰ ਗੁਜ਼ਾਰਾ ਕਿੱਕਣ ਕਰਨਗੇ।” ਮੈਂ ਪੁੱਛਿਆ, “ਮੈਂ ਕੁਝ ਕਰ ਸਕਦਾਂ?” ਉਸ ਨੇ ਕਿਹਾ, “ਜੇ ਓਧਰ ਗਿਆ ਤਾਂ ਡਡਹੇੜੀ ਵਿਚੀਂ ਲੰਘਦਾ ਆਈਂ।” ਮੈਂ ਕਿਹਾ, “ਤੂੰ ਫਿਕਰ ਨਾ ਕਰ, ਜਦ ਵੀ ਗਿਆ, ਤੇਰੇ ਪਿੰਡੋਂ ਜ਼ਰੂਰ ਹੋ ਕੇ ਆਵਾਂਗਾ, ਕਿਸੇ ਲੋੜ-ਥੋੜ੍ਹ ਦਾ ਵੀ ਖਿਆਲ ਰੱਖਾਂਗਾ।” ਉਨ੍ਹਾਂ ਦਿਨਾਂ ਵਿਚ ਧੀਰ ਦੇ ਵਾਰੰਟ ਨਿਕਲੇ ਹੋਏ ਸਨ, ਇਸ ਕਰ ਕੇ ਉਸ ਦਾ ਸ਼ਰੇਆਮ ਪਿੰਡ ਜਾਣਾ ਮੁਸ਼ਕਿਲ ਸੀ। ਘਰ ਦੀ ਮਾਇਕ ਹਾਲਤ ਅਤੇ ਸਰਕਾਰੀ ਵਾਰੰਟ ਕਰ ਕੇ ਉਹ ਬਹੁਤ ਪਰੇਸ਼ਾਨ ਸੀ।
ਦੋ ਕੁ ਹਫਤਿਆਂ ਬਾਅਦ ਧੀਰ ਦਾ ਦਿੱਲੀ ਤੋਂ ਪੋਸਟ ਕਾਰਡ ਮਿਲਿਆ, “ਦਿੱਲੀ ਨੇ ਮੇਰਾ ਦਿਲ ਜਿੱਤ ਲਿਆ ਹੈ, ਹੁਣ ਮੈਨੂੰ ਦਿੱਲੀ ਬਹਿਸ਼ਤ ਵਰਗੀ ਲਗਦੀ ਹੈ, ਮੈਂ ਦਿੱਲੀ ਦਾ ਬਾਦਸ਼ਾਹ ਹਾਂ, ਸਮਝੇ ਮੇਰੇ ਗੁਲਾਮ।” ਧੀਰ ਪਹਿਲਾਂ ਵੀ ਦਿੱਲੀ ਜਾਂਦਾ ਸੀ ਪਰ ਇਸ ਵਾਰ ਕਿਹੜੀ ਮਮੀਰੇ ਦੀ ਗੱਠੀ ਉਸ ਦੇ ਹੱਥ ਲੱਗ ਗਈ ਸੀ ਜਿਸ ਕਰ ਕੇ ਐਨਾ ਖੁਸ਼ ਸੀ! ਇਸ ਦਾ ਭੇਤ ਉਸ ਵਲੋਂ ਗੁਰਚਰਨ ਰਾਮਪੁਰੀ ਅਤੇ ਮੈਨੂੰ ਲਿਖੀਆਂ ਕੁਝ ਚਿੱਠੀਆਂ ਵਿਚੋਂ ਖੁਲ੍ਹਦਾ ਹੈ। ਇਨ੍ਹਾਂ ਚਿੱਠੀਆਂ ਦਾ ਮਿਤੀਆਂ ਸਮੇਤ ਸਿਲਸਲੇਵਾਰ ਵੇਰਵਾ ਇਉਂ ਹੈ:
ਚਿੱਠੀ-1 (ਮਿਤੀ 11.10.1961)
“ਅੱਜ ਦਿਲ ਬਹੁਤ ਖੁਸ਼ ਹੈ। ਮੌਸਮ ਸੁਹਣਾ ਲੱਗ ਰਿਹਾ ਹੈ। ਮੇਰੇ ਦਿਲ ਦੀ ਖਿਜ਼ਾਂ ਵਿਚੋਂ ਇਕ ਸਾਵਾ ਪੱਤਾ ਫੁਟ ਪਿਆ ਹੈ ਪਰ ਅਜੇ ਇਕੋ ਪੱਤਾ ਫੁੱਟਿਆ ਹੈ। ਸ਼ਾਇਦ ਹੋਰ ਵੀ ਗੰਢਾਂ ਖੁੱਲ੍ਹ ਜਾਣ। ਕਲ੍ਹ ਇਕ ਨਵੀਂ ਕਵਿਤਾ ਲਿਖੀ ਹੈ, ‘ਫਰਹਾਦ’। ਮਿਲਣ ਉਤੇ ਬਹੁਤ ਸਾਰੀਆਂ ਗੱਲਾਂ ਕਰਾਂਗੇ।”
ਚਿੱਠੀ-2 (ਮਿਤੀ 16.10.1961):
“ਬਲਵੰਤ ਐਤਵਾਰ ਸਵੇਰੇ ਪੰਜਾਬ ਜਾ ਰਿਹਾ ਹੈ, ਚੰਡੀਗੜ੍ਹ ਤੇ ਬਠਿੰਡੇ ਆਦਿ, 20 ਤ੍ਰੀਕ ਤਕ ਵਾਪਸ ਆਵੇਗਾ।”
ਚਿੱਠੀ-3 (ਮਿਤੀ 20.10.1961)
“ਮੇਰੇ ਦਿਲ ਦੀ ਖਿਜ਼ਾਂ ‘ਚੋਂ ਜਿਹੜਾ ਸਾਵਾ ਪੱਤਾ ਫੁੱਟਿਆ ਹੈ, ਉਹ ਦੂਰ ਪਹਾੜਾਂ ਦੀ ਕਿਸੇ ਨਵੇਕਲੀ ਨੁੱਕਰ ਵਿਚ ਕੈਦ ਸੀ। ਹੁਣ ਅਸੀਂ ਇਸ ਕੋਲ ਪਹੁੰਚ ਵੀ ਸਕਦੇ ਹਾਂ, ਉਹ ਸਾਡੇ ਕੋਲ ਆ ਵੀ ਸਕਦਾ ਹੈ। ਫਰਹਾਦ ਜਿੰਨੀ ਤਾਕਤ ਤੋਂ ਵਗੈਰ ਇਹ ਕਵਿਤਾ (ਫਰਹਾਦ) ਲਿਖੀ ਹੀ ਨਹੀਂ ਸੀ ਜਾ ਸਕਦੀ। ਮੇਰਾ ਤੇਸਾ ਉਚਾ ਹੋ ਗਿਆ ਹੈ, ਮੈਂ ਫਰਹਾਦ ਬਣ ਗਿਆ ਹਾਂ ਪਰ ਇਹ ਫਰਹਾਦ ਸ਼ੀਰੀਂ ਨੇ ਬਣਾਇਆ ਹੈ। ਇਹ ਸ਼ੀਰੀਂ ਦੀ ਰਚਨਾ ਹੈ, ਸ਼ੀਰੀਂ ਨੇ ਮੋਈ ਹੋਈ ਮਿੱਟੀ ਨੂੰ ਮੁਹੱਬਤ ਦੇ ਪਾਣੀ ਨਾਲ ਗੁੰਨ੍ਹ ਕੇ ਫਰਹਾਦ ਬਣਾ ਲਿਆ ਹੈ। ਫਰਹਾਦ ਦਾ ਤੇਸਾ ਉਚਾ ਕਰ ਦਿਤਾ ਹੈ। ਹੁਣ ਇਹ ਤੇਸਾ ਝੁਕੇਗਾ ਨਹੀਂ। ਜੇ ਇਹ ਝੁਕ ਗਿਆ, ਬਰਬਾਦੀ ਹੋ ਜਾਏਗੀ, ਇਹ ਦੁਨੀਆ ਰਹੇਗੀ ਨਹੀਂ। ਇਹ ਤੇਸਾ ਸਿਰਫ ਸ਼ੀਰੀਂ ਦੇ ਹੁਸਨ ਦੀ ਦਰਗਾਹ ਵਿਚ ਹੀ ਨੀਵਾਂ ਹੋ ਸਕਦਾ ਹੈ। ਉਸ ਦੇ ਅੱਗੇ ਝੁਕ ਸਕਦਾ ਹੈ ਕਿਉਂਕਿ ਇਸ ਦੇ ਝੁਕਣ ਨਾਲ ਉਹ ਹੋਰ ਉਚਾ ਹੋ ਜਾਂਦਾ ਹੈ। ਇਹ ਸ਼ੀਰੀਂ ਫਰਹਾਦ ਦੀ ਨਹੀਂ, ਇਹ ਫਰਹਾਦ ਸ਼ੀਰੀਂ ਦਾ ਹੈ।
ਬਲਵੰਤ ਦੇ ਕਮਰੇ ਵਿਚ ਬੈਠਾ ਖਤ ਲਖ ਰਿਹਾ ਹਾਂ। ਬੂਹੇ ਬਾਰੀਆਂ ਬੰਦ ਹਨ ਤਾਂ ਕਿ ਬਾਹਰ ਜਹਾਨ ਨੂੰ ਇਹ ਗੱਲਾਂ ਨਾ ਸੁਣ ਜਾਣ। ਕਮਰੇ ਵਿਚ ਬੱਤੀ ਜਗਾ ਕੇ ਬਿਲਕੁਲ ਇਕੱਲਾ ਬੈਠਾ ਹਾਂ, ਪੂਰੀ ਸਮਾਧੀ ਵਿਚ। ਬਾਹਰ ਦਿੱਲੀ ਦਾ ਸ਼ੋਰ ਹੈ ਪਰ ਮੈਂ ਕਮਰੇ ਵਿਚ ਏਨਾ ਸ਼ਾਂਤ ਤੇ ਇਕਾਗਰ ਹਾਂ ਜਿੰਨਾ ਕੋਈ ਰਿਸ਼ੀ ਪਹਾੜ ਦੀ ਕੁੰਦਰ ਵਿਚ ਹੋ ਸਕਦਾ ਹੈ। ਇਕ ਬੜੇ ਪਿਆਰੇ ਫੂਨ ਦੀ ਇੰਤਜ਼ਾਰ ਵਿਚ ਬੈਠਾ ਹਾਂ, ਬੜੀ ਪਿਆਰੀ ਆਵਾਜ਼ ਦੀ, ਇਹ ਆਵਾਜ਼ ਕੰਨਾਂ ਵਿਚ ਪੈਂਦੀ ਹੈ ਤਾਂ ਸੀਨੇ ਦੀ ਸਾਰੀ ਖਿਲਾ ਵਿਚ ਜਲਤ੍ਰੰਗ ਵਜ ਉਠਦੇ ਹਨ। ਮਿੱਠੇ-ਮਿੱਠੇ ਹੌਕਿਆਂ ਨਾਲ ਦਿਲ ਦਾ ਸਾਰਾ ਹਨ੍ਹੇਰਾ ਕਾਫੂਰ ਹੋ ਰਿਹਾ ਹੈ ਤੇ ਹਿੱਕ ਵਿਚ ਨਿੰਮਾ-ਨਿੰਮਾ ਚਾਨਣ ਫੁੱਟ ਰਿਹਾ ਹੈ।
ਗਗਾਰਨ (ਪੁਲਾੜ ਵਿਚ ਉੜਾਨ ਭਰਨ ਵਾਲਾ ਪਹਿਲਾ ਰੂਸੀ ਐਸਟ੍ਰੋਨਾਟ) ਦਿੱਲੀ ਆ ਰਿਹਾ ਹੈ ਕੁਝ ਦਿਨਾਂ ਤੱਕ। ਅੰਮ੍ਰਿਤ ਜੀ ਨੇ ਮੈਨੂੰ ਆਖਿਆ ਹੈ ਕਿ ਮੈਂ ਗਗਾਰਨ ਬਾਰੇ ਕਵਿਤਾ ਲਿਖਾਂ। ਮੈਨੂੰ ਇਹ ਗੱਲ ਅਜੀਬ ਜਿਹੀ ਲੱਗੀ। ਚੰਨ ਉਤੇ ਗਗਾਰਨ ਪਹੁੰਚਿਆ ਹੈ, ਤੁਸੀਂ ਵੀ, ਅੰਮ੍ਰਿਤ ਜੀ ਵੀ ਅਤੇ ਸਾਰੀ ਦੁਨੀਆਂ ਇਹੋ ਆਖੇਗੀ। ਇਹ ਕਿੰਨੀ ਵੱਡੀ ਇਤਿਹਾਸਕ ਗਲਤੀ ਕਰ ਰਹੇ ਹੋ ਤੁਸੀਂ ਸਾਰੇ; ਇੰਨੇ ਉਚੇ ‘ਤੇ ਸਿਆਣੇ ਹੋਕੇ ਵੀ। ਮੈਂ ਹੈਰਾਨ ਹਾਂ ਗਗਾਰਨ ਮੇਰੇ ਉਤੇ ਰਸ਼ਕ ਕਿਉਂ ਨਹੀਂ ਕਰਦਾ। ਮੈਂ ਉਸ ਚੰਨ ਉਤੇ ਪਹੁੰਚਿਆ ਹਾਂ ਜਿਸ ‘ਤੇ ਪਹੁੰਚਣ ਲਈ ਚੰਨ ਉਤੋਂ ਉਡਣਾ ਪੈਂਦਾ ਹੈ।”
ਚਿੱਠੀ-4 (ਮਿਤੀ 26.10.1961)
“ਕਲ੍ਹ ਦਸ ਵਜੇ ਅੰਮ੍ਰਿਤ ਜੀ ਨੂੰ ਮਿਲਣ ਜਾ ਰਿਹਾ ਹਾਂ। ਤੇਰੀਆਂ (ਗੁਰਚਰਨ ਰਾਮਪੁਰੀ) ਤੇ ਆਪਣੀਆਂ ਚਿੱਠੀਆਂ ਸੁਨਾਣ ਲਈ। ਦੋ ਕਵਿਤਾਵਾਂ ਹੋਰ ਲਿਖੀਆਂ ਹਨ: ‘ਕਿਤਨਾ ਉਚਾ ਹੋ ਗਿਆ ਮੈਂ’ ਅਤੇ ‘ਦਿੱਲੀ ਨੂੰ’। ਅਜੇ ਇਹ ਪੂਰੀਆਂ ਨਹੀਂ ਹੋਈਆਂ। ਬਹੁਤ ਕੁਝ ਫੁਰ ਰਿਹਾ ਹੈ। ਗੁਸਲਖਾਨੇ ਵਿਚ ਨਹਾਉਂਦਿਆਂ, ਤੁਰਦਿਆਂ-ਫਿਰਦਿਆਂ, ਜਾਂ ਕੰਮ ਕਰਦਿਆਂ ਤੁਕਾਂ ਮੇਰੇ ਕੋਲ ਆਉਂਦੀਆਂ ਹਨ। ਕਈ-ਕਈ ਕਵਿਤਾਵਾਂ ਮੈਨੂੰ ਲੱਭਦੀਆਂ ਫਿਰਦੀਆਂ ਹਨ। ਜਦੋਂ ਮੈਂ ਉਨ੍ਹਾਂ ਨੂੰ ਮਿਲ ਜਾਂਦਾ ਹਾਂ ਤਾਂ ਉਹ ਮੇਰੇ ਦੁਆਲੇ ਇਸ ਤਰ੍ਹਾਂ ਝੁਰਮਟ ਪਾ ਲੈਂਦੀਆਂ ਹਨ, ਜਿਵੇਂ ਕ੍ਰਿਸ਼ਨ ਦੁਆਲੇ ਗੋਪੀਆਂ। ਮੈਂ ਮਸਤ ਹੋ ਜਾਂਦਾ ਹਾਂ ਤੇ ਕਾਨ੍ਹ ਵਾਂਗ ਮੇਰੇ ਹੋਠ ਮੁਰਲੀ ਨੂੰ ਛੁਹ ਲੈਂਦੇ ਹਨ।
ਬਲਵੰਤ ਦਾ ਘਰ ਮੇਰੇ ਲਈ ਤਖਤ ਹਜ਼ਾਰਾ ਹੈ। ਇਹ ਉਹ ਤਖਤ ਹਜ਼ਾਰਾ ਹੈ ਜਿੱਥੇ ਹੀਰ ਦੀ ਰੂਹ ਵਸਦੀ ਹੈ। ਕਿਤਨੀ ਖਸ਼ਬੋ ਹੈ ਇਸ ਘਰ ਦੀਆਂ ਕੰਧਾਂ ਵਿਚ! ਇਸ ਤਖਤ ਹਜ਼ਾਰਿਉਂ ਸਿਆਲਾਂ ਦਾ ਰਾਹ ਕਿਤਨਾ ਸੌਖਾ ਹੈ। ਮੇਰੇ ਵਿਚਲਾ ਆਸ਼ਿਕ ਰਹਿੰਦੀ ਦੁਨੀਆਂ ਤਕ ਇਸ ਹਜ਼ਾਰੇ ਨੂੰ ਸਲਾਮ ਕਰੇਗਾ।
ਅੰਮ੍ਰਿਤ ਜੀ ਨੇ ਇਨ੍ਹਾਂ ਦਿਨਾਂ ਵਿਚ ਇਕ ਨਵੀਂ ਕਵਿਤਾ ਲਿਖੀ ਹੈ, ਬਹੁਤ ਦੇਰ ਪਿੱਛੋਂ, ਨਾਂ ਹੈ ‘ਆਸ਼ਿਕ’। ਬੜੀ ਪਿਆਰੀ ਕਵਿਤਾ ਹੈ, ਬਿਲਕੁਲ ਨਵੇਂ ਝੁਕਾ ਦੀ। ਲਿਖਦਿਆਂ ਹੀ ਉਨ੍ਹਾਂ ਫੂਨ ਉਤੇ ਸੁਣਾ ਦਿੱਤੀ ਸੀ।
ਬਲਵੰਤ ਬੜਾ ਪਿਆਰਾ ਹੈ। ਅੱਜ ਕਲ੍ਹ, ਜਦਕਿ ਮੈਂ ਕਵਿਤਾ ‘ਦਿੱਲੀ’ ਲਿਖ ਰਿਹਾ ਹਾਂ, ਉਸ ਦਾ ਨਾਂ ਮੈਂ ਦਿੱਲੀ ਦਾ ਲਾਲ ਕਿਲ੍ਹਾ ਪਾ ਦਿਤਾ ਹੈ। ਉਹ ਮੇਰਾ ਲਾਲ ਕਿਲ੍ਹਾ ਹੈ। ਉਸ ਦੇ ਕਮਰੇ ਵਿਚ ਡਿਹਾ ਹੋਇਆ ਗੱਦੇ ਵਾਲਾ ਤਖਤ ਜਿਸ ਉਤੇ ਸੁਰਖ ਰੰਗ ਦੀ ਫੁੱਲਾਂ ਵਾਲੀ ਚਾਦਰ ਵਿਛੀ ਹੋਈ ਹੈ, ਮੇਰਾ ‘ਤਖਤੇ ਤਾਊਸ’ ਹੈ। ਕਿਸੇ ਮੁਗਲ ਸ਼ਹਿਨਸ਼ਾਹ ਨਾਲੋਂ ਮੇਰੀ ਅਨੁਮਤ ਘੱਟ ਨਹੀਂ ਹੈ!
ਬਹੁਤ ਕੁਝ ਲਿਖਣ ਨੂੰ ਜੀ ਕਰਦਾ ਹੈ, ਏਨਾ ਕੁਝ ਕਿ ਸਾਰਾ ਲਿਖਿਆ ਨਹੀਂ ਜਾ ਸਕਦਾ। ਇਸ ਲਈ ਬਾਕੀ ਜ਼ੁਬਾਨੀ ਸਹੀ।”
ਚਿੱਠੀ-5 (ਮਿਤੀ 28.10.1961)
“ਕਲ੍ਹ ਸਾਰਾ ਦਿਨ ਅੰਮ੍ਰਿਤ ਜੀ ਕੋਲ ਬਿਤਾ ਕੇ ਰਾਤ ਸਾਢੇ ਨੌਂ ਵਜੇ ਵਾਪਸ ਘਰ ਆਇਆ ਸੀ। ਤੇਰੀਆਂ (ਗੁਰਚਰਨ ਰਾਮਪੁਰੀ ਦੀਆਂ) ਤੇ ਮੇਰੀਆਂ ਸਾਰੀਆਂ ਚਿੱਠੀਆ ਸੁਣਾ ਆਇਆ ਹਾਂ। ਉਹ ਬਹੁਤ ਖੁਸ਼ ਹੋਏ ਤੇ ਇਕ ਤਰ੍ਹਾਂ ਝੂਮ ਉਠੇ। ਸਾਡੀ ਇਕ ਦੂਜੇ ਨਾਲ ਖੁੱਲ੍ਹ, ਮੁਹੱਬਤ ਅਤੇ ਬੇ-ਬਾਕੀ ਉਨ੍ਹਾਂ ਨੂੰ ਬਹੁਤ ਪਿਆਰੀ ਲੱਗੀ। ਕਈ ਥਾਂ ਉਹ ਹੱਸੇ ਅਤੇ ਕਈ ਥਾਂ ਅੱਖੀਆਂ ਭਰ ਆਈਆਂ। ਗਾਹਲਾਂ ਸੁਣ ਕੇ ਉਹ ਬਹੁਤ ਹੱਸੇ ਜਿਹੜੀਆਂ ਮੈਂ ਤੈਨੂੰ ਪਹਿਲੀ ਚਿਠੀ ਵਿਚ ਕੱਢੀਆਂ ਸਨ। ਉਨ੍ਹਾਂ ਅੰਤ ਵਿਚ ਆਖਿਆ, ‘ਦੋਸਤੀ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ’।
ਜਦੋਂ ਮੈਂ ਚਿਠੀਆਂ ਸੁਣਾਉਣ ਲੱਗਾ ਤਾਂ ਬੂਹੇ-ਬਾਰੀਆਂ ਬੰਦ ਕਰ ਕੇ ਉਨ੍ਹਾਂ ਪਰਦੇ ਖਿੱਚ ਦਿਤੇ। ਫਰਸ਼ ਉਤੇ ਕਾਲੀਨ ਸੀ। ਇਕ ਹਲਕੀ ਜਿਹੀ ਲੋਅ ਵਾਲਾ ਲੈਂਪ ਅਸੀਂ ਫਰਸ਼ ਉਤੇ ਰੱਖ ਲਿਆ। ਕਮਰੇ ਵਿਚ ਕਾਲੀਨ ਦੀ ਨਿੰਮੀ-ਨਿੰਮੀ ਸੁਰਖੀ ਫੈਲ ਗਈ। ਬਸ, ‘ਲਾ-ਬੋਹੀਮ’ (ਦਿੱਲੀ ਦਾ ਮਸ਼ਹੂਰ ਕੌਫੀ ਹਾਊਸ) ਬਣ ਗਿਆ- ਅਰੇ ਲਾ-ਬੋਹੀਮ ਕੀ ਹੈ ਵਿਚਾਰਾ ਸਵਰਗ ਦੇ ਉਸ ਟੁਕੜੇ ਅੱਗੇ?
ਅੱਜ ਫੇਰ ਉਨ੍ਹਾਂ ਕੋਲ ਜਾ ਰਿਹਾ ਹਾਂ। ਹੁਣੇ ਫੂਨ ਕਰਾਂਗਾ। ਇਨ੍ਹਾਂ ਖਤਾਂ ਦੀ ਰੌਸ਼ਨੀ ਵਿਚ ਉਹ ਮੇਰੀ ‘ਮੁਲਾਕਾਤ’ ਲਿਖਣਾ ਚਾਹੁੰਦੇ ਹਨ। ਇਸ ਮੁਲਾਕਾਤ ਲਈ, ਉਹ ਕਹਿੰਦੇ ਹਨ, ਮੇਰਾ ਉਨ੍ਹਾਂ ਦੇ ਕੋਲ ਬੈਠਣਾ ਜ਼ਰੂਰੀ ਹੈ।
‘ਕਿਤਨਾ ਉਚਾ ਹੋ ਗਿਆ ਮੈਂ’ ਨਜ਼ਮ ਦੀਆਂ ਕੁਝ ਸਤਰਾਂ ਤੈਨੂੰ ਅੱਜ ਦੀ ਹਾਲਤ ਸਮਝਾ ਸਕਣ ਲਈ ਲਿਖਦਾ ਹਾਂ:
ਹੁਸਨ ਦੀ ਦਰਗਾਹ ਤੇਰੀ
ਮੈਂ ਜ਼ਿਆਰਤ ਕਰਨ ਆਵਾਂ,
ਜਿਸ ਜਗ੍ਹਾ ਮੈਂ ਕਦਮ ਰੱਖਾਂ
ਉਸ ਜਗ੍ਹਾ ਵਿਚ ਜਾਨ ਪਾਵਾਂ।
ਇਕ ਕਦਮ ਧਰਤੀ ਦੇ ਉਤੇ,
ਦੂਸਰਾ ਗਗਨਾਂ ਦੇ ਮੱਥੇ,
ਤੀਸਰਾ ਚੰਨੇ ਦੀ ਛਾਤੀ,
ਫੇਰ ਸੂਰਜ ਛੋਹ ਲਿਆ ਮੈਂ,
ਤਾਰਿਆਂ ਦੀ ਧੂੜ ਉਡੀ – –
ਕਿਤਨਾ ਉਚਾ ਹੋ ਗਿਆ ਮੈਂ!
ਇਕ ਕਵਿਤਾ ਅੱਜ ਸਵੇਰੇ ਉਠ ਕੇ ਪੰਜਾਂ ਮਿੰਟਾਂ ਵਿਚ ਲਿਖੀ ਹੈ। ਮੈਨੂੰ ਇਸ ਸੰਸਾਰ ਉਤੇ ਡਾਢਾ ਤਰਸ ਆ ਰਿਹਾ ਹੈ। ਮੈਂ ਆਪਣੀ ਮਹਿਬੂਬਾ ਨੂੰ ਆਖਿਆ ਹੈ ਕਿ ਆ, ਇਸ ਸੰਸਾਰ ਨੂੰ ਜ਼ਿੰਦਗੀ ਦੇ ਦਈਏ। ਇਹ ਵਿਚਾਰਾ ਬਹੁਤ ਗਰੀਬ ਹੈ। ਇਸ ਦੀ ਇਕ ਗੱਲ੍ਹ ਤੂੰ ਚੁੰਮ ਲੈ, ਇਕ ਮੈਂ ਚੁੰਮਦਾ ਹਾਂ ਤਾਂ ਕਿ ਇਹ ਵਿਚਾਰਾ ਚਾਰ ਦਿਨ ਮੁਸਕਰਾ ਕੇ ਜੀ ਸਕੇ। ਦੇਖ ਲੈ ਜ਼ਿੰਦਗੀ ਦੀ ਅਜ਼ਮਤ! ਕਦੇ ਮੈਨੂੰ ਗਿਲਾ ਸੀ ਕਿ ਇਹ ਸੰਸਾਰ ਮੇਰੇ ‘ਤੇ ਤਰਸ ਨਹੀਂ ਕਰਦਾ। ਅੱਜ ਮੈਨੂੰ ਇਸ ਸੰਸਾਰ ਉਤੇ ਤਰਸ ਆ ਰਿਹਾ ਹੈ। ਕਿਤਨੀ ਬੁਲੰਦੀ ਤੋਂ ਬੋਲ ਰਿਹਾ ਹਾਂ ਮੈਂ!”
ਚਿੱਠੀ-6 (ਮਿਤੀ 29.10.1961)
“ਕਲ੍ਹ ਅੰਮ੍ਰਿਤ ਜੀ ਵਲ ਜਾ ਨਹੀਂ ਸਕਿਆ। ਹੁਣ ਸ਼ਾਇਦ ਭਲਕੇ ਜਾਵਾਂਗਾ। ਉਨ੍ਹਾਂ ਨੂੰ ਕੋਈ ਰੁਝੇਵਾਂ ਹੋ ਗਿਆ ਸੀ ਪਰ ਇਕ ਦਿਲ ਕੰਬਾ ਜਾਣ ਵਾਲਾ ਭਿਆਨਕ ਸੱਚ ਹੋਰ ਵੀ ਹੈ। ਬਲਵੰਤ ਨੂੰ ਅੱਜਕੱਲ੍ਹ ਆਪ ਅਜਿਹੇ ਘੋੜੇ ਦੀ ਲੋੜ ਹੈ। ਉਹ ਮਰ-ਮਰ ਕੇ ਜੀਂਦਾ ਅਤੇ ਜੀ-ਜੀ ਕੇ ਮਰ ਰਿਹਾ ਹੈ। ਉਸ ਦੀਆਂ ਖਾਲੀ ਅੱਖਾਂ ਵਿਚ ਭਿਆਨਕ ਅੱਥਰੂ ਭਰੇ ਹੋਏ ਹਨ। ਇਹ ਅੱਥਰੂ ਮੋਤੀ ਨਹੀਂ, ਪੱਥਰ ਦੇ ਤਿੱਖੇ ਰੋੜ ਹਨ। ਮੈਨੂੰ ਉਸ ਦਾ ਚਿਹਰਾ ਦੇਖ ਕੇ ਤਰਸ ਆ ਰਿਹਾ ਹੈ।
ਇਕ ਦਿਨ ਉਹ ਤੇ ਮੈਂ ‘ਲਾ-ਬੋਹੀਮ’ ਵਿਚ ਬੈਠੇ ਸੀ। ਬੜੇ ਖੁਸ਼ ਤੇ ਟਹਿਕੇ ਹੋਏ। ਲੌਂਗੋਵਾਲ ਨੂੰ ਟਿੱਚ ਜਾਣ ਕੇ। ਇਕ ਅਜਿਹੀ ਘਟਨਾ ਹੋਈ ਕਿ ਦੱਸਣ ਲੱਗਿਆਂ ਦਿਲ ਕੰਬਦਾ ਹੈ। ਹਰੀ ਮੂੰਗੀਆ ਸਾੜ੍ਹੀ ਵਾਲੀ ਇਕ ਸੁੰਦਰ ਔਰਤ ਆਈ ਤੇ ਸਾਡੇ ਕੋਲੋਂ ਡੁਮਕ-ਡੁਮਕ ਤੁਰਦੀ ਅੱਗੇ ਲੰਘ ਗਈ। ਮੈਂ ਬਲਵੰਤ ਨੂੰ ਕੂਹਣੀ ਮਾਰੀ। ਦੂਰੋਂ ਉਹਦੀ ਪਿੱਠ ‘ਤੇ ਵਾਲ ਹੀ ਉਹਨੂੰ ਨਜ਼ਰ ਆਏ। ਝੱਟ ਹੀ ਉਹ ਉਸ ਔਰਤ ਦੀ ਪਿੱਠ ਨੂੰ ਪਛਾਣ ਗਿਆ ਤੇ ਕਾਉਂਟਰ ਕੋਲ ਜਾ ਕੇ ਉਸ ਦਾ ਇੰਤਜ਼ਾਰ ਕਰਨ ਲੱਗਾ। ਉਹ ਬਾਥਰੂਮ ਵਲ ਗਈ ਸੀ। ਜਦ ਉਹ ਵਾਪਸ ਆਈ, ਬਲਵੰਤ ਉਸ ਨੂੰ ਅੰਤਾਂ ਦਾ ਨਿਮਾਣਾ ਹੋ ਕੇ ਮਿਲਿਆ; ਜਿਵੇਂ ਆਸ਼ਕ ਪ੍ਰੇਮਿਕਾ ਦੇ ਪੈਰਾਂ ਵਿਚ ਡਿਗ ਕੇ ਅਰਜੋਈਆਂ ਕਰਦਾ ਹੋਵੇ। ਉਹ ਔਰਤ ਬਲਵੰਤ ਦੀ ਮਹਿਬੂਬਾ ਸੀ, ਬੜੀ ਪਿਆਰੀ ਮਹਿਬੂਬਾ, ਬਲਵੰਤ ਨੇ ਆਪਣਾ ਦਿਲ ਉਸ ਔਰਤ ‘ਤੇ ਨਸ਼ਾਵਰ ਕਰ ਦਿੱਤਾ ਸੀ। ਉਹ ਉਸ ਔਰਤ ‘ਤੇ ਮਰ ਮਿਟਿਆ ਸੀ।”
ਟਿਪਣੀ: ਧੀਰ ਦੀ ਉਪਰੋਕਤ ਚਿੱਠੀ ਵਿਚ ਗਾਰਗੀ ਜਿਸ ਔਰਤ ਨੂੰ ‘ਲਾ-ਬੋਹੀਮ’ ਵਿਚ ਮਿਲ ਕੇ ਬਹੁਤ ਉਦਾਸ ਹੋ ਗਿਆ ਸੀ, ਉਹ ਅਚਲਾ ਸਚਦੇਵ ਸੀ। ਕਿਸੇ ਵੇਲੇ ਬਲਵੰਤ ਗਾਰਗੀ ਦੇ ਵਿਆਹ ਦੀ ਗੱਲ ਅਚਲਾ ਸਚਦੇਵ ਨਾਲ ਚੱਲੀ ਸੀ। ਕਿਹਾ ਜਾਂਦਾ ਹੈ ਕਿ ਅਚਲਾ ਸਚਦੇਵ ਗਾਰਗੀ ਨਾਲ ਵਿਆਹ ਕਰਾਉਣ ਦੇ ਸਬੰਧ ਵਿਚ ਖੁਸ਼ਵੰਤ ਸਿੰਘ ਤੋਂ ਸਲਾਹ ਲੈਣ ਗਈ। ਖੁਸ਼ਵੰਤ ਸਿੰਘ ਨੇ ਉਸ ਤੋਂ ਪੁੱਛਿਆ ਕਿ ਉਹ ਗਾਰਗੀ ਨਾਲ ਵਿਆਹ ਕਰਾਉਣ ‘ਚ ਕਿਉਂ ਦਿਲਚਸਪੀ ਰਖਦੀ ਹੈ? ਉਤਰ ਵਿਚ ਅਚਲਾ ਸਚਦੇਵ ਨੇ ਕਿਹਾ ਕਿ ਬਲਵੰਤ ਮਸ਼ਹੂਰ ਨਾਟਕਕਾਰ ਹੈ, ਨਾਮਵਰ ਨਿਰਦੇਸ਼ਕ ਹੈ ਅਤੇ ਕਈ ਪੁਸਤਕਾਂ ਦਾ ਲੇਖਕ ਹੈ। ਉਤਰ ਵਿਚ ਖੁਸ਼ਵੰਤ ਨੇ ਕਿਹਾ, ‘ਾ ੁ ੱਅਨਟ ਟੋ ਮਅਰਰੇ ਅ ਬੋਕ, ਹe ਸਿ ਅ ਗੋਦ ਬੋਕ, ਿ ੁ ੱਅਨਟ ਟੋ ਮਅਰਰੇ ਅ ਮਅਨ, ਹe ਸਿ ਅ ਬੋਗੁਸ ਪeਰਸੋਨḔ। ਇਸ ਤੋਂ ਬਾਅਦ ਉਨ੍ਹਾਂ ਦਾ ਵਿਆਹ ਨੇਪਰੇ ਨਾ ਚੜ੍ਹ ਸਕਿਆ ਜਿਸ ਕਰ ਕੇ ਗਾਰਗੀ ਉਦਾਸ ਅਤੇ ਗਮਗੀਨ ਸੀ।
ਬਲਵੰਤ ਗਾਰਗੀ ਦੀ ਭਾਨੀ
ਇਨ੍ਹਾਂ ਦਿਨਾਂ ਵਿਚ ਬਲਵੰਤ ਗਾਰਗੀ ਪੰਜਾਬ ਤੋਂ ਵਾਪਸ ਦਿੱਲੀ ਆ ਗਿਆ। ਉਹ ਜਦ ਵੀ ਵਾਪਸ ਮੁੜਦਾ ਸੀ ਤਾਂ ਆ ਕੇ ਪਹਿਲਾਂ ਆਪਣੇ ਨੌਕਰ ਤੋਂ ਇਹ ਦਰਿਆਫਤ ਕਰਦਾ ਸੀ ਕਿ ਚਿੱਠੀਆਂ ਕਿੱਥੇ ਹਨ, ਫੂਨ ਕਿਸ-ਕਿਸ ਦਾ ਆਇਆ, ਕੌਣ-ਕੌਣ ਮਿਲਣ ਆਇਆ? ਨੌਕਰ ਨੇ ਉਸ ਨੂੰ ਆਏ-ਗਏ ਬਾਰੇ ਦੱਸਿਆ; ਖਾਸ ਕਰ ਕੇ ਅੰਮ੍ਰਿਤਾ ਪ੍ਰੀਤਮ ਦੀ ਫੇਰੀ ਅਤੇ ਧੀਰ ਨਾਲ ਫੂਨ ‘ਤੇ ਗੱਲਾਂ ਕਰਨ ਬਾਰੇ ਦੱਸਿਆ। ਗਾਰਗੀ ਚੌਂਕ ਉਠਿਆ ਅਤੇ ਨੌਕਰ ਤੋਂ ਸਾਰੀ ਗੱਲ ਪੁੱਛੀ। ਨੌਕਰ ਨੇ ਦੱਸਿਆ ਕਿ ਬੀਬੀ ਜੀ ਧੀਰ ਸਾਹਿਬ ਨਾਲ ਕਾਫੀ ਚਿਰ ਗੱਲਾਂ ਕਰਦੇ ਰਹਿੰਦੇ ਸਨ। ਜਿਗਰੀ ਦੋਸਤ ਸਮਝ ਕੇ ਧੀਰ ਨੇ ਵੀ ਅੰਮ੍ਰਿਤਾ ਨਾਲ ਫੂਨਾਂ ਦਾ ਜ਼ਿਕਰ ਗਾਰਗੀ ਨਾਲ ਸਾਂਝਾ ਕੀਤਾ। ਉਹ ਚਿੱਠੀਆਂ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ ਵਿਚ ਅੰਮ੍ਰਿਤਾ ਪ੍ਰੀਤਮ ਨਾਲ ਬਿਤਾਏ ਪਲਾਂ ਬਾਰੇ ਲਿਖਿਆ ਸੀ। ਚਿੱਠੀਆਂ ਸੁਣ ਕੇ ਗਾਰਗੀ ਉਤੋਂ-ਉਤੋਂ ਤਾਂ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਸੀ ਪਰ ਅੰਦਰੋਂ ਗਿੱਲੇ ਬਾਲਣ ਵਾਂਗ ਧੁਖ ਰਿਹਾ ਸੀ। ਉਸ ਦੀ ਨਾਕਾਮ ਮੁਹੱਬਤ ਦੀ ਧੁਖਦੀ ਧੂਣੀ ‘ਤੇ ਧੀਰ ਦੀਆਂ ਗੱਲਾਂ ਨੇ ਤੇਲ ਪਾਇਆ। ਪੰਜਾਬੀ ਦੇ ਕਈ ਨਾਮਵਰ ਸਾਹਿਤਕਾਰਾਂ ਵਾਂਗ ਗਾਰਗੀ ਵੀ ਅੰਮ੍ਰਿਤਾ ਦੇ ਨਜ਼ਦੀਕ ਹੋਣ ਲਈ ਤਰਸਦਾ ਤੇ ਤਾਂਘਦਾ ਸੀ। ਅੰਮ੍ਰਿਤਾ ਨੇ ਲੇਖਕਾਂ ਪ੍ਰਤੀ ਉਤੋਂ-ਉਤੋਂ ਫੋਕੀ ਜਿਹੀ ਨੇੜਤਾ ਤਾਂ ਭਾਵੇਂ ਦਿਖਾਈ ਹੋਵੇ ਪਰ ਆਪਣੇ ਨਜ਼ਦੀਕ ਕਿਸੇ ਨੂੰ ਨਹੀਂ ਢੁੱਕਣ ਦਿੱਤਾ। ਇਸ ਗੱਲ ਦੀ ਤਸਦੀਕ ਅੰਮ੍ਰਿਤਾ ਦੀ ਸਵੈ-ਜੀਵਨੀ ‘ਰਸੀਦੀ ਟਿਕਟ’ ਵਿਚੋਂ ਭਲੀਭਾਂਤ ਹੋ ਜਾਂਦੀ ਹੈ। ਲੇਖਕਾਂ ਦੇ ਨਜ਼ਦੀਕ ਆਉਣ ਦੀ ਗੱਲ ਤਾਂ ਇਕ ਪਾਸੇ ਰਹੀ, ਉਨ੍ਹਾਂ ਬਾਰੇ ਅੰਮ੍ਰਿਤਾ ਪ੍ਰੀਤਮ ਦੇ ਵਿਚਾਰ ਬੜੇ ਅਪਮਾਨਜਨਕ ਸ਼ਬਦਾਂ ਅਤੇ ਤਨਜ਼ੀਆ ਅੰਦਾਜ਼ ਵਿਚ ਪੇਸ਼ ਕੀਤੇ ਗਏ ਹਨ। ਪ੍ਰੋ. ਮੋਹਨ ਸਿੰਘ ਬਾਰੇ ਲਿਖਦੀ ਹੈ, “ਮੋਹਨ ਸਿੰਘ ਜੀ ਬਾਰੇ ਮੇਰੀ ਰਾਏ ਸੀ ਕਿ ਉਹ ਚੰਗੇ ਸ਼ਾਇਰ ਦੇ ਨਾਲ ਚੰਗੇ ਦਿਲ ਦੇ ਬੰਦੇ ਹਨ ਪਰ ਕਮਜ਼ੋਰ। ਕਦਰਾਂ ਕੀਮਤਾਂ ਲਈ ਅੜ ਜਾਣ ਵਾਲੇ ਨਹੀਂ। ਮੇਰੀ ਇਹ ਸੋਚ ਵੀ ਵੇਲਾ ਪਾ ਕੇ ਠੀਕ ਸਾਬਤ ਹੋਈ।” ਸੰਤ ਸਿੰਘ ਸੇਖੋਂ ਬਾਰੇ ਲਿਖਿਆ ਹੈ, “ਸੰਤ ਸਿੰਘ ਸੇਖੋਂ ਬਾਰੇ ਮੇਰੀ ਮੁਢਲੇ ਦਿਨ ਤੋਂ ਰਾਏ ਸੀ ਕਿ ਇਕ ਆਲੋਚਕ ਦੇ ਨਾਤੇ ਉਹਦਾ ਜ਼ਿੰਮੇਵਾਰੀ ਅਤੇ ਈਮਾਨਦਾਰੀ ਜਿਹੀਆਂ ਬੁਨਿਆਦੀ ਕੀਮਤਾਂ ਨਾਲ ਉਕਾ ਕੋਈ ਵਾਸਤਾ ਨਹੀਂ।” ਹਰਿਭਜਨ ਸਿੰਘ ਬਾਰੇ ਕਿਹਾ, “ਹਰਿਭਜਨ ਸਿੰਘ ਨਾਲ ਆਸ ਜੋੜੀ ਸੀ ਪਰ ਬਹੁਤੀ ਨਹੀਂ। ਉਹਨੇ ਜਦੋਂ ਆਪਣੇ ਪਿਛਲੱਗਾਂ ਕੋਲੋਂ ਮੇਰੇ ਬਾਰੇ ਘਟੀਆ ਲੇਖ ਲਿਖਵਾ-ਲਿਖਵਾ ਕੇ ਉਨ੍ਹਾਂ ਵਿਚੋਂ ਇਕ ਲੱਜ਼ਤ ਲੈਣੀ ਸ਼ੁਰੂ ਕੀਤੀ, ਮੈਨੂੰ ਬਹੁਤੀ ਹੈਰਾਨੀ ਨਹੀਂ ਸੀ ਹੋਈ, ਸਿਰਫ ਤਰਸ ਆਇਆ ਸੀ ਕਿ ਆਪਣੇ ਅੰਦਰਲੇ ਸ਼ਾਇਰ ਦੀ ਸ਼ਖਸੀਅਤ ਨੂੰ ਆਪਣੇ ਹੱਥੀਂ ਮੈਲਾ ਕਰ ਰਿਹਾ ਹੈ।”
ਧੀਰ ਵਰਗੇ ਸਾਧਾਰਨ ਬੰਦੇ ਦਾ ਅੰਮ੍ਰਿਤਾ ਪ੍ਰੀਤਮ ਵਰਗੀ ਨਾਮਵਾਰ ਤੇ ਸੋਹਣੀ ਔਰਤ ਨਾਲ ਲਗਾਉ ਹੋ ਜਾਣਾ ਬਲਵੰਤ ਗਾਰਗੀ ਦੇ ਹਲਕ ਤੋਂ ਹੇਠਾਂ ਕਿਵੇਂ ਉਤਰ ਸਕਦਾ ਸੀ! ਉਸ ਨੂੰ ਹੁਣ ਧੀਰ ਵਿਚੋਂ ਰਕੀਬ ਨਜ਼ਰ ਆਉਣ ਲੱਗਾ ਜਿਸ ਕਰ ਕੇ ਈਰਖਾ ਜਾਗੀ। ਈਰਖਾ ਬੰਦੇ ਦੀ ਹੀਣਭਾਵਨਾ ਦਾ ਚਿੰਨ੍ਹ ਹੈ, ਕਮਜ਼ੋਰੀ ਅਤੇ ਹਾਰ ਦੀ ਨਿਸ਼ਾਨੀ ਹੈ। ਹਾਰਿਆ ਹੋਇਆ ਆਸ਼ਕ ਕੁਝ ਵੀ ਕਰ ਸਕਦਾ ਹੈ, ਜਿਸਮਾਨੀ ਨੁਕਸਾਨ ਵੀ ਪੁਚਾ ਸਕਦਾ ਹੈ। ਗਾਰਗੀ ਵਰਗਾ ਪੜ੍ਹਿਆ ਲਿਖਿਆ ਤੇ ਸੁਲਝਿਆ ਹੋਇਆ ਪਰ ਕਮਜ਼ੋਰ ਦਿਲ ਬੰਦਾ, ਧੀਰ ਨੂੰ ਜਿਸਮਾਨੀ ਨੁਕਸਾਨ ਨਹੀਂ ਸੀ ਪੁਚਾ ਸਕਦਾ। ਉਸ ਨੇ ਭਾਨੀ ਮਾਰੀ। ਅੰਮ੍ਰਿਤਾ ਪ੍ਰੀਤਮ ਨੂੰ ਫੂਨ ਕਰ ਕੇ ਉਸ ਦੇ ਕੰਨ ਭਰੇ ਕਿ ਤੁਹਾਡਾ ਧੀਰ ਨਾਲ ਜੋ ਕੁਝ ਵੀ ਅੱਜਕੱਲ੍ਹ ਚੱਲ ਰਿਹਾ ਹੈ, ਇਸ ਵਿਚ ਉਸ ਦਾ ਕੁਝ ਨਹੀਂ ਜਾਣਾ, ਤੁਹਾਡੀ ਇਜ਼ਤ ‘ਤੇ ਜ਼ਰੂਰ ਹਰਫ ਆਵੇਗਾ। ਕਿੱਥੇ ਤੂੰ ਅਤੇ ਕਿੱਥੇ ਧੀਰ, ਰਾਜਾ ਭੋਜ ਅਤੇ ਗੰਗੂ ਤੇਲੀ ਵਾਲੀ ਗੱਲ ਹੈ। ਧੀਰ ਤੁਹਾਨੂੰ ਆਪਣੀ ਪ੍ਰੇਮਿਕਾ ਸਮਝਦਾ ਹੈ ਅਤੇ ਦੋਸਤਾਂ ਵਲ ਲਿਖੀਆਂ ਚਿੱਠੀਆਂ ਵਿਚ ਇਸ ਦਾ ਖੁੱਲ੍ਹਮ-ਖੁੱਲ੍ਹਾ ਇਜ਼ਹਾਰ ਕਰਦਾ ਹੈ। ਉਹ ਸਮਝਦਾ ਹੈ ਕਿ ਅੰਮ੍ਰਿਤਾ ਤਾਂ ਉਸ ਦੀ ਝੋਲੀ ਵਿਚ ਹੈ।
ਅੰਮ੍ਰਿਤਾ ਪ੍ਰੀਤਮ ਉਤੇ ਬਲਵੰਤ ਗਾਰਗੀ ਦੀ ਭਾਨੀ ਦਾ ਅਸਰ ਕਿਸੇ ਭੈੜੇ ਸੁਪਨੇ ਵਾਂਗ ਹੋਇਆ। ਇਸ ਦਾ ਪ੍ਰਮਾਣ ਧੀਰ ਵਲੋਂ ਮਿਤੀ 29.10.1961 ਨੂੰ ਲਿਖੀ ਚਿੱਠੀ ਤੋਂ ਮਿਲਦਾ ਹੈ। ਧੀਰ ਲਿਖਦਾ ਹੈ, “ਕੱਲ੍ਹ ਅੰਮ੍ਰਿਤ ਜੀ ਵਲ ਜਾ ਨਹੀਂ ਸਕਿਆ। ਹੁਣ ਸ਼ਾਇਦ ਕੱਲ੍ਹ ਜਾਵਾਂਗਾ। ਉਨ੍ਹਾਂ ਨੂੰ ਕੋਈ ਰੁਝੇਵਾਂ ਹੋ ਗਿਆ ਸੀ।” ਇਹ ਚਿੱਠੀ ਉਸ ਨੇ ਸਵੇਰੇ ਦੇ ਸਾਢੇ ਪੰਜ ਵਜੇ ਲਿਖਣੀ ਸ਼ੁਰੂ ਕੀਤੀ ਅਤੇ ਸ਼ਾਮ ਦੇ ਪੰਜ ਵਜ ਕੇ ਨੌਂ ਮਿੰਟ ‘ਤੇ ਖਤਮ ਕੀਤੀ। ਇਨ੍ਹਾਂ ਬਾਰਾਂ ਘੰਟਿਆਂ ਵਿਚ ਸਾਰਾ ਭਾਣਾ ਵਰਤ ਚੁਕਿਆ ਸੀ, ਗਾਰਗੀ ਨੇ ਅੰਮ੍ਰਿਤਾ ਦੇ ਕੰਨ ਭਰੇ ਦਿੱਤੇ ਸਨ। ਅੰਮ੍ਰਿਤਾ ਨੇ ਇਸ ਥੋੜ੍ਹ-ਚਿਰੇ ਇਸ਼ਕ ਦਾ ਭੋਗ ਪਾਉਣ ਬਾਰੇ ਸੋਚ ਲਿਆ। ਦੂਜੇ ਦਿਨ ਅੰਮ੍ਰਿਤਾ ਨੇ ਧੀਰ ਨੂੰ ਘਰ ਬੁਲਇਆ। ਉਥੇ ਜੋ ਵਾਪਰਿਆ, ਧੀਰ ਨੇ ਉਸ ਦਾ ਮੂੰਹ-ਜ਼ੁਬਾਨੀ ਜ਼ਿਕਰ ਗੁਰਚਰਨ ਰਾਮਪੁਰੀ ਅਤੇ ਮੇਰੇ ਨਾਲ ਸਾਂਝਾ ਕੀਤਾ। ਇਸ ਵਾਕਿਆ ਦਾ ਸਾਰੰਸ਼ ਚੇਤੇ ਚੋਂ ਕਸ਼ੀਦ ਕੇ ਹੇਠ ਦਿੱਤਾ ਜਾਂਦਾ ਹੈ:
ਅੰ੍ਿਰਮਤਾ ਪ੍ਰੀਤਮ ਨੂੰ ਧੀਰ ਮਿਲਣ ਗਿਆ। ਘਰ ਵੜਦਿਆਂ ਸਾਰ ਕੁਰਸੀ ‘ਤੇ ਮੋਕਲਾ ਹੋ ਕੇ ਘਰਦਿਆਂ ਵਾਂਗ ਬਹਿ ਗਿਆ ਅਤੇ ਪੱਗ ਲਾਹ ਕੇ ਲਾਗਲੇ ਮੇਜ਼ ‘ਤੇ ਧਰ ਦਿੱਤੀ। ਅੰਮ੍ਰਿਤਾ ਪ੍ਰੀਤਮ ਨੇ ਪਹਿਲਾਂ ਨਾਲੋਂ ਜ਼ਰਾ ਹਟਵੀਂ ਅਤੇ ਰਸਮੀ ਜਿਹੀ ਆਓ ਭਗਤ ਕੀਤੀ ਅਤੇ ਚਾਹ ਲਈ ਸੁਲਾਹ ਮਾਰੀ। ਪਿਆਰ ਵਿਚ ਅੰਨ੍ਹੇ ਹੋਏ ਧੀਰ ਨੇ ਅੰਮ੍ਰਿਤਾ ਦੇ ਇਸ ਰਵੱਈਏ ਦਾ ਕੋਈ ਨੋਟਿਸ ਨਾ ਲਿਆ। ਅੰਮ੍ਰਿਤਾ ਨੇ ਨੌਕਰ ਨੂੰ ਚਾਹ ਬਣਾ ਕੇ ਲਿਆਉਣ ਲਈ ਕਿਹਾ ਅਤੇ ਖੁਦ ਸਾਹਮਣੇ ਵਾਲੇ ਸੋਫੇ ‘ਤੇ ਬੈਠ ਗਈ। ਹਸੂੰ-ਹਸੂੰ ਕਰਦੀਆਂ ਸੁਰਮੇ ਵਾਲੀਆਂ ਅੱਖਾਂ ਥਾਣੀਂ ਧੀਰ ਪਹਿਲਾਂ ਵਾਂਗ ਮੋਹ ਪਿਆਰ ਦਾ ਇਜ਼ਹਾਰ ਕਰਨ ਲੱਗਾ। ਐਨੇ ਨੂੰ ਚਾਹ ਆ ਗਈ। ਚਾਹ ਦੀ ਪਿਆਲੀ ਧੀਰ ਨੂੰ ਫੜਾਉਂਦਿਆਂ ਅੰਮ੍ਰਿਤਾ ਨੇ ਧੀਮੀ ਜਿਹੀ ਆਵਾਜ਼ ਵਿਚ ਕਿਹਾ, ‘ਧੀਰ ਜੀ! ਤੁਹਾਡੇ ਨਾਲ ਇਕ ਗੱਲ ਕਰਨੀ ਸੀ’। ਧੀਰ ਨੇ ਕਿਹਾ, ‘ਤੁਸੀਂ ਮੇਰੇ ਹੁਕਮਰਾਨ ਹੋ, ਆਪਣੇ ਗੁਲਾਮ ਤੋਂ ਜੋ ਜੀ ਚਾਹੇ ਪੁੱਛੋ’। ਅੰਮ੍ਰਿਤਾ ਨੇ ਸਹਿੰਦੇ-ਸਹਿੰਦੇ ਕਿਹਾ, ‘ਦੇਖੋ ਅਸੀਂ ਅੱਛੇ ਦੋਸਤ ਹਾਂ, ਇਸ ਤੋਂ ਵੱਧ ਸਾਨੂੰ ਇਕ ਦੂਜੇ ਤੋਂ ਹੋਰ ਕੋਈ ਤਵੱਕੋ ਨਹੀਂ ਰੱਖਣੀ ਚਾਹੀਦੀ। ਦੋਸਤੀ ਆਪਣੇ ਆਪ ਵਿਚ ਇਕ ਵਰਦਾਨ ਹੈ, ਨਿਆਮਤ ਹੈ, ਸਾਨੂੰ ਇਸ ‘ਤੇ ਮਾਣ ਕਰਨਾ ਚਾਹੀਦਾ ਹੈ। ਤੁਹਾਡੇ ਪ੍ਰਤੀ ਮੇਰਾ ਦੋਸਤਾਨਾ ਰਵੱਈਆ ਸਾਹਿਤਕ ਲਗਾਉ ਕਰਕੇ ਹੈ, ਤੁਸੀਂ ਇਸ ਨੂੰ ਕੁਝ ਹੋਰ ਨਾ ਸਮਝ ਲੈਣਾ। ਪਿਆਰ ਦੇ ਵੀ ਕਈ ਰੰਗ-ਰੂਪ ਹੁੰਦੇ ਹਨ, ਜਿਵੇਂ ਖਾਵੰਦ-ਬੀਵੀ, ਮਾਂ-ਬੇਟੇ ਤੇ ਭੈਣ-ਭਰਾ ਦਾ ਪਿਆਰ’।
ਸੁਣ ਕੇ ਧੀਰ ਦੇ ਸਿਰ ਸੌ ਘੜੇ ਪਾਣੀ ਪੈ ਗਿਆ, ਸੀਨੇ ਵਿਚ ਬਰਛੀ ਖੁੱਭ ਗਈ, ਉਹ ਇਕ ਦਮ ਸੁੰਨ ਹੋ ਗਿਆ ਤੇ ਅੱਖਾਂ ਭਵੱਤਰ ਗਈਆਂ। ਉਸ ਨੂੰ ਇਉਂ ਜਾਪਿਆ, ਜਿਵੇਂ ਕਿਸੇ ਨਿਰਦੋਸ਼ੇ ਨੂੰ ਬਰੀ ਕਰਦਿਆਂ ਸਾਰ ਦੁਬਾਰਾ ਫੜ ਕੇ ਸੂਲੀ ‘ਤੇ ਚਾੜ੍ਹ ਦਿੱਤਾ ਹੋਵੇ। ਉਸ ਨੂੰ ਇਹ ਉਮੀਦ ਹੀ ਨਹੀਂ ਸੀ ਕਿ ਅੰਮ੍ਰਿਤਾ ਘਰ ਬੁਲਾ ਕੇ ਅਜਿਹਾ ਮਜ਼ਾਕ ਕਰੇਗੀ। ਅਚੰਭਤ ਹੋਏ ਧੀਰ ਨੇ ਪੱਗ ਚੁੱਕੀ, ਸਿਰ ‘ਤੇ ਧਰੀ ਅਤੇ ਝੋਲਾ ਚੁੱਕ ਕੇ ਬੂਹੇ ਵਲ ਤੁਰ ਪਿਆ। ਪਿਛਿਓਂ ਅੰਮ੍ਰਿਤਾ ਨੇ ਕੁਝ ਕਹਿਣਾ ਚਾਹਿਆ ਪਰ ਡੰਗ ਖਾਧੇ ਧੀਰ ਨੇ ਬੂਹਾ ਬੰਦ ਕਰਦਿਆਂ ਭਰੀ ਹੋਈ ਆਵਾਜ਼ ਵਿਚ ਸਿਰਫ ਏਨਾ ਕਿਹਾ: “ਅੱਛਾ ਭੈਣ ਜੀ, ਸਤਿ ਸ੍ਰੀ ਆਕਾਲ।”
ਚਿੱਠੀ-7 (ਮਿਤੀ 30.10.1961)
ਅੰਮ੍ਰਿਤਾ ਪ੍ਰੀਤਮ ਨਾਲ ਧੀਰ ਦੀ ਦੁਖਭਰੀ ਮੁਲਾਕਾਤ 30.10.1961 ਦੀ ਸਵੇਰ ਨੂੰ ਹੋਈ। ਇਸ ਘਟਨਾ ਤੋਂ ਬਾਅਦ ਉਸ ਨੇ ਵਾਪਸ ਆ ਕੇ ਗਾਰਗੀ ਦੇ ਘਰੋਂ ਸ਼ਾਮ ਵੇਲੇ ਗੁਰਚਰਨ ਰਾਮਪੁਰੀ ਨੂੰ ਕੇਵਲ ਇਕ-ਸਤਰੀ ਚਿੱਠੀ ਲਿਖੀ:
“ਤੇਸਾ ਨੀਵਾਂ ਹੋ ਗਿਆ ਗੁਰਚਰਨ! ਤੇਸਾ ਨੀਵਾਂ ਹੋ ਗਿਆ! ਕਾਲਜੇ ਵਿਚ ਬਰਛੀ ਲੱਗੀ, ਮੇਰੀ ਕਿਸਮਤ।”
ਇਸ ਘਟਨਾ ਤੋਂ ਬਾਅਦ ਧੀਰ ਨੇ ਮੈਨੂੰ ਪਾਣੀਪਤ ਦੇ ਪਤੇ ‘ਤੇ ਕਾਰਡ ਲਿਖਿਆ, “ਮੈਂ ਕਲ੍ਹ ਨੂੰ ਗੱਡੀ ਰਾਹੀਂ ਵਾਪਸ ਮੁੜ ਰਿਹਾ ਹਾਂ, ਸਟੇਸ਼ਨ ਤੋਂ ਲੈ ਲਈਂ। ਬਾਕੀ ਦੀ ਗੱਲ ਆ ਕੇ ਦੱਸਾਂਗਾ।” ਦੂਜੇ ਦਿਨ ਮੈਂ ਉਸ ਨੂੰ ਪਾਣੀਪਤ ਦੇ ਰੇਲਵੇ ਸਟੇਸ਼ਨ ਤੋਂ ਲੈਣ ਗਿਆ। ਉਹ ਹੱਥ ਵਿਚ ਬੈਗ ਫੜੀ ਢਿੱਲੀ ਜਿਹੀ ਚਾਲੇ ਗੱਡੀ ਤੋਂ ਉਤਰਿਆ। ਪਹਿਲਾਂ ਜਦ ਉਹ ਆਉਂਦਾ ਸੀ ਤਾਂ ਬੈਗ ਖੁਦ ਨਹੀਂ ਸੀ ਉਤਾਰਦਾ, ਮੈਨੂੰ ਲਿਆਉਣ ਲਈ ਹੁਕਮ ਚਾੜ੍ਹਦਾ ਸੀ। ਇਸ ਵਾਰੀ ਕੁਝ ਅਜੀਬ ਜਿਹਾ ਲੱਗਿਆ। ਮੈਂ ਪੁਛਿਆ, “ਦਿੱਲੀ ਦਾ ਕੀ ਹਾਲ ਹੈ?” ਖਾਲੀ ਜਿਹੀ ਹਾਸੀ ਹਸਦਿਆਂ, ਹਾਰੇ ਹੋਏ ਆਸ਼ਕ ਵਾਂਗ, ਕੰਬਦੀ ਆਵਾਜ਼ ਵਿਚ ਕਹਿਣ ਲੱਗਾ, “ਬਸ! ਠੀਕ ਹੀ ਹੈ।” ਮੈਂ ਸਮਝ ਗਿਆ, ਕੋਈ ਭਾਣਾ ਵਰਤ ਗਿਆ ਹੈ। ਉਹ ਚੁੱਪ-ਚਾਪ ਸਾਈਕਲ ‘ਤੇ ਬਹਿ ਗਿਆ ਤੇ ਅਸੀਂ ਘਰ ਪਹੁੰਚ ਗਏ। ਉਸ ਦੇ ਚਿਹਰੇ ‘ਤੇ ਪਿਲੱਤਣ ਛਾਈ ਹੋਈ ਸੀ, ਮੂੰਹ ਉਡਿਆ ਹੋਇਆ ਅਤੇ ਅੱਖਾਂ ਵਿਚ ਸੋਗਵਾਰ ਉਦਾਸੀ ਸੀ। ਆਵਾਜ਼ ਵਿਚ ਪਹਿਲਾਂ ਵਾਲੀ ਮੜਕ ਤੇ ਗੜ੍ਹਕ ਨਹੀਂ ਸੀ, ਉਂਗਲੀ ਤਾਣੀ ਹੋਈ ਨਹੀਂ ਸੀ, ਅੱਖ ਵੀ ਸੁਰਮੇ ਵਾਲੀ ਨਹੀਂ ਸੀ। ਮੈਨੂੰ ਸ਼ੱਕ ਹੋ ਗਿਆ ਕਿ ਉਸ ਦੀ ਮੁਹੱਬਤ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਪੁੱਛਣ ‘ਤੇ ਉਸ ਨੇ ਕੇਵਲ ਇਨਾ ਕਿਹਾ, “ਬਸ ਭਾਣਾ ਵਰਤ ਗਿਆ, ਨਿਅਰਥ ਹੋ ਗਿਆ।” ਇਸ ਹਾਲਤ ਵਿਚ ਮੈਂ ਉਸ ਤੋਂ ਬਹੁਤਾ ਕੁਝ ਹੋਰ ਪੁਛਣਾ ਗਨੀਮਤ ਨਾ ਸਮਝਿਆ।
ਪਹਿਲਾਂ ਉਹ ਮੇਰੇ ਪਾਸ ਕਈ ਦਿਨ ਠਹਿਰਦਾ ਹੁੰਦਾ ਸੀ, ਇਸ ਵਾਰੀ ਦੂਜੇ ਦਿਨ ਹੀ ਪਿੰਡ ਚਲਿਆ ਗਿਆ। ਪਿੰਡ ਪਹੁੰਚ ਕੇ ਮਿਤੀ 7.11.1961 ਨੂੰ ਗੁਰਚਰਨ ਰਾਮਪੁਰੀ ਦੇ ਨਾਂ ਪੋਸਟ ਕਾਰਡ ਲਿਖਿਆ, “ਮੈਨੂੰ ਆ ਕੇ ਮਿਲ ਕਦੇ, ਮੈਨੂੰ ਤੇਰੀ ਲੋੜ ਹੈ। ਕੰਮ ਵਿਚ ਤੇਰੀ ਮਦਦ ਦੀ ਅਤੇ ਦਿਲ ਨੂੰ ਤੇਰੇ ਧਰਵਾਸ ਦੀ। ਸੰਭਲ ਕੇ ਆਈਂ ਮੇਰੇ ਸਾਹਮਣੇ, ਨਹੁੰ ਨਾ ਲਿਆ ਕਰ ਮੇਰੇ ਨਾਲ ਬਹੁਤਾ, ਜਿਵੇਂ ਆਖਾਂ ਮੰਨੀ ਜਾਇਆ ਕਰ। ਮੈਂ ਉਹ ਸ਼ਹਿਨਸ਼ਾਹ ਹਾਂ ਜਿਸ ਨੂੰ ਤੇਰੇ ਵਰਗੇ ਗੁਲਾਮ ਦੀ ਲੋੜ ਹੈ।” ਇਸ ਪੋਸਟ ਕਾਰਡ ਤੋਂ ਜ਼ਾਹਿਰ ਹੁੰਦਾ ਹੈ ਕਿ ਧੀਰ ਅਜੇ ਵੀ ਆਪਣੇ ਆਪ ਨੂੰ ਦਿੱਲੀ ਦਾ ਸ਼ਹਿਨਸ਼ਾਹ ਸਮਝਦਾ ਸੀ, ਦਿਲ ਵਿਚ ਅਜੇ ਵੀ ਅੰਮ੍ਰਿਤਾ ਦੇ ਪਿਆਰ ਦੀ ਧੂਣੀ ਧੁਖ ਰਹੀ ਹੈ। ਉਹ ਯਕੀਨ ਨਹੀਂ ਸੀ ਕਰਨਾ ਚਾਹੁੰਦਾ ਕਿ ਉਸ ਨਾਲ ਅਜਿਹਾ ਕੁਝ ਹੋਇਆ ਵੀ ਹੈ। ਕੁਝ ਦਿਨਾਂ ਤੋਂ ਬਾਅਦ ਧੀਰ ਫੇਰ ਮੇਰੇ ਪਾਸ ਪਾਣੀਪਤ ਆ ਗਿਆ। ਆ ਕੇ ਗੁਰਚਰਨ ਰਾਮਪੁਰੀ ਨੂੰ ਚਿੱਠੀ ਲਿਖੀ।
ਚਿੱਠੀ-8: (ਮਿਤੀ 16.5.62)
“ਮੈਂ ਕਲ੍ਹ ਸ਼ਾਮ ਤੋਂ ਇਥੇ (ਪਾਣੀਪਤ) ਗੁਰਮੇਲ ਰਾਹੀ (ਉਦੋਂ ਮੈਂ ਨਾਂ ਨਾਲ ‘ਰਾਹੀ’ ਲਿਖਦਾ ਹੁੰਦਾ ਸੀ) ਕੋਲ ਆਇਆ ਹੋਇਆ ਹਾਂ। ਦਸ ਕੁ ਦਿਨ ਇਧਰ ਹੀ ਠਹਿਰਾਂਗਾ। 25 ਮਈ ਤੱਕ ਵਾਪਸ ਚਲਾ ਜਾਵਾਂਗਾ। ਦਿੱਲੀ ਵੀ ਜਾਵਾਂਗਾ ਤੇ ਤਿੰਨ, ਚਾਰ ਜਾਂ ਪੰਜ ਦਿਨ ਰਹਾਂਗਾ। ਕੰਮ ਤਾਂ ਕੋਈ ਨਹੀਂ, ਐਵੇਂ ਜ਼ਰਾ ਦਿੱਲੀ ਦੀਆਂ ਸੜਕਾਂ ਉਤੇ ਤੁਰਨ ਨੂੰ ਜੀ ਕਰਦਾ ਹੈ। ਦੇਖਾਂ, ਮੇਰੇ ਜਾਣ ਨਾਲ ਦਿੱਲੀ ਦੀ ਤੇ ਦਿੱਲੀ ਵਾਲਿਆਂ ਦੀ ਧੜਕਣ ਤੇਜ਼ ਹੁੰਦੀ ਹੈ ਕਿ ਨਹੀਂ। ਜਾਂ ਦਿੱਲੀ ਤੇ ਦਿੱਲੀ ਵਾਲੇ ਸਿਰਫ ਬਰਫ ਦੀ ਸਿਲ ਹੀ ਹਨ, ਠੰਢੇ ਠਾਰ ਤੇ ਚਾਂਦਨੀ ਚੌਕ ਵਰਗੇ ਚਿੱਟੇ, ਅੰਦਰੋਂ ਵੀ ਤੇ ਬਾਹਰੋਂ ਵੀ। ਯਾਨੀ ਅੰਦਰੋਂ ਲਹੂ ਚਿੱਟਾ, ਤੇ ਬਾਹਰੋਂ ਕੱਪੜੇ ਚਿੱਟੇ। ਖਤ ਇਥੇ ਹੀ ਲਿਖੀਂ, ਦਿੱਲੀ ਕੋਈ ਟਿਕਾਣਾ ਨਹੀਂ ਮੇਰਾ।”
ਇਸ ਚਿੱਠੀ ਤੋਂ ਜਾਪਦਾ ਹੈ ਕਿ ਧੀਰ ਤਨਜ਼ੀਆ ਅੰਦਾਜ਼ ਵਿਚ ‘ਦਿੱਲੀ’ ਅਤੇ ‘ਦਿੱਲੀ ਵਾਲਿਆਂ’ ਨੂੰ ਟਕੋਰ ਲਾ ਰਿਹਾ ਹੈ। ਸੰਕੇਤਕ ਤੌਰ ‘ਤੇ ਅੰਮ੍ਰਿਤਾ ਨੂੰ ਦਿੱਲੀ ਕਹਿੰਦਾ ਹੈ ਅਤੇ ਦਿੱਲੀ ਵਾਲਿਆਂ ਵਿਚ ਬਲਵੰਤ ਗਾਰਗੀ ਸ਼ਾਮਲ ਹੈ। ਦੋਹਾਂ ਧਿਰਾਂ ਨੂੰ ਪੱਥਰ ਵਰਗੇ ਠੰਢੇ ਸੀਤ ਦਿਲਾਂ ਵਾਲੇ ਬੰਦੇ ਗਰਦਾਨਦਾ ਹੈ; ਚਿੱਟੇ ਲਿਬਾਸ ਅਤੇ ਚਿੱਟੇ ਲਹੂ ਵਾਲੇ ਕਹਿ ਕੇ ਆਪਣੇ ਦਿਲ ਦੀ ਭੜਾਸ ਕੱਢਦਾ ਹੈ। ਇਕ ਹਾਰਿਆਂ ਹੋਇਆ, ਬੇਵੱਸ ਅਤੇ ਕਮਜ਼ੋਰ ਇਨਸਾਨ ਹੋਰ ਕਰ ਵੀ ਕੀ ਸਕਦਾ ਹੈ!
ਪਾਣੀਪਤ ਤੋਂ ਦਿੱਲੀ ਲਈ ਰਵਾਨਾ ਹੋਣ ਸਮੇਂ ਧੀਰ ਕਹਿਣ ਲੱਗਾ, “ਮੈਂ ਮੁੜ ਕੇ ਤੇਰੇ ਕੋਲ ਕੁਝ ਦਿਨ ਠਹਿਰ ਕੇ ਪਿੰਡ ਜਾਵਾਂਗਾ। ਦਿੱਲੀ ਜਾ ਕੇ ਦਿੱਲੀ ਵਾਲਿਆਂ ਦਾ ਰਵੱਈਆ ਦੇਖ ਕੇ ਕਾਰਡ ਲਿਖਾਂਗਾ ਕਿ ਦਿੱਲੀ ਮੈਨੂੰ ਕਿੰਨੇ ਕੁ ਦਿਨ ਝਲਦੀ ਹੈ। ਪਤਾ ਨਹੀਂ ਕੱਲ੍ਹ ਨੂੰ ਹੀ ਮੁੜ ਆਵਾਂ, ਪਰਸੋਂ ਵੀ ਮੁੜ ਸਕਦਾ ਹਾਂ ਜਾਂ ਕਾਫੀ ਦਿਨ ਵੀ ਲੱਗ ਸਕਦੇ ਹਨ।” ਪਰ ਧੀਰ ਦਾ ਤੀਜੇ ਦਿਨ ਹੀ ਕਾਰਡ ਆ ਗਿਆ, “ਮੈਂ ਕਲ੍ਹ ਨੂੰ ਮੁੜ ਰਿਹਾ ਹਾਂ, ਉਸੇ ਗੱਡੀ ਰਾਹੀਂ।” ਆਉਣ ਸਾਰ ਮੈਂ ਪੁੱਛਿਆ ਕਿ ਹੋਈ ਕੋਈ ਗੱਲ ਅੰਮ੍ਰਿਤਾ ਜੀ ਨਾਲ? ਕਹਿਣ ਲੱਗਾ, “ਅੰਮ੍ਰਿਤਾ ਦਿੱਲੀ ਵਿਚ ਨਹੀਂ ਸੀ ਤੇ ਗਾਰਗੀ ਦੇ ਘਰ ਮੈਂ ਠਹਿਰਨਾ ਨਹੀਂ ਸੀ ਚਾਹੁੰਦਾ, ਇਕ ਹੋਰ ਦੋਸਤ ਕੋਲ ਰਿਹਾ। ਦਿੱਲੀ ਵਿਚ ਦਿੱਲੀ ਹੀ ਨਹੀਂ ਸੀ ਤਾਂ ਠਹਿਰਨਾ ਕਾਹਨੂੰ ਸੀ।” ਦੋ ਚਾਰ ਦਿਨ ਮੇਰੇ ਪਾਸ ਠਹਿਰਿਆ ਪਰ ਬੁਝਿਆ-ਬੁਝਿਆ, ਉਦਾਸ ਅਤੇ ਬੱਧਾ-ਰੁੱਧਾ। ਫੇਰ ਪਿੰਡ ਚਲਿਆ ਗਿਆ ਅਤੇ ਜਾ ਕੇ ਬਿਮਾਰ ਹੋ ਗਿਆ।
ਚਿੱਠੀ-9: (ਮਿਤੀ 18.7.63)
“ਮੇਰੀ ਤਬੀਅਤ ਫੇਰ ਖਰਾਬ ਹੋ ਗਈ ਹੈ। ਸ਼ਾਇਦ ਹੁਣ ਅੰਮ੍ਰਿਤਸਰ ਜਾਣਾ ਪਵੇ। ਦੌਰਾ ਜਿਹਾ ਪੈ ਗਿਆ ਹੈ, ਦੌਰਾ ਭਾਵੇਂ ਹਲਕਾ ਹੈ ਪਰ ਹੈ ਤਾਂ ਆਖਿਰ ਨੂੰ ਦੌਰਾ। ਮਨ ਉਤੇ ਬੋਝ ਹੈ। ਉਤਸ਼ਾਹ ਤੇ ਜਾਨ ਨਹੀਂ।”
ਅੰਮ੍ਰਿਤਸਰ ਉਹ ਡਾ. ਜਸਵੰਤ ਸਿੰਘ ਨੇਕੀ ਪਾਸ ਗਿਆ ਸੀ ਜੋ ਮਾਨਸਿਕ ਰੋਗੀਆਂ ਦਾ ਇਲਾਜ ਕਰਦਾ ਸੀ। ਉਥੋਂ ਚੋਰੀ ਨੱਠ ਕੇ ਇਕ ਦਿਨ ਅਚਾਨਕ ਫੇਰ ਮੇਰੇ ਪਾਸ ਪਾਣੀਪਤ ਆ ਗਿਆ। ਮੇਰੀ ਨਿਯੁਕਤੀ ਬਤੌਰ ਲੈਕਚਰਾਰ ਐਗਰੀਕਲਚਰ ਯੂਨੀਵਰਿਸਟੀ, ਲੁਧਿਆਣੇ ਹੋ ਚੁਕੀ ਸੀ ਅਤੇ ਮੈਂ ਆਪਣਾ ਸਾਮਾਨ ਬੰਨ੍ਹ ਰਿਹਾ ਸੀ। ਧੀਰ ਨੂੰ ਦੱਸਿਆ ਕਿ ਮੈਂ ਫੇਰ ਤੇਰੇ ਲਾਗੇ ਲੁਧਿਆਣੇ ਆ ਰਿਹਾ ਹਾਂ। ਪਹਿਲੀ ਤਾਰੀਕ ਨੂੰ ਹਾਜ਼ਰ ਹੋਣਾ ਹੈ। ਕਹਿਣ ਲੱਗਾ, “ਜਾਣ ਤੋਂ ਪਹਿਲਾਂ ਮੇਰੇ ਨਾਲ ਦਿੱਲੀ ਚੱਲ।” ਮੈਂ ਪੁੱਛਿਆ, “ਕੋਈ ਖਾਸ ਕੰਮ ਹੈ?” “ਖਾਸ ਹੀ ਸਮਝ ਪਰ ਦਿੱਲੀ ਚੱਲ ਕੇ ਦੱਸਾਂਗਾ।” ਅਸੀਂ ਸ਼ਾਮ ਨੂੰ ਪਾਣੀਪਤ ਤੋਂ ਗੱਡੀ ਫੜ ਕੇ ਗਾਰਗੀ ਦੇ ਘਰ ਪਹੁੰਚ ਗਏ। ਗਾਰਗੀ ਕਿਤੇ ਗਿਆ ਹੋਇਆ ਸੀ ਪਰ ਅੰਮ੍ਰਿਤਾ ਪ੍ਰੀਤਮ ਦਿੱਲੀ ਵਿਚ ਹੀ ਸਨ। ਦੂਜੇ ਦਿਨ ਮੈਨੂੰ ਕਹਿਣ ਲੱਗਾ, “ਤੂੰ ਅੰਮ੍ਰਿਤਾ ਜੀ ਦੇ ਘਰ ਜਾ ਕੇ ਪਤਾ ਕਰ, ਉਹ ਮੇਰੇ ਬਾਰੇ ਕੀ ਸੋਚਦੀ ਹੈ।” ਮੈਂ ਕਿਹਾ, “ਧੀਰ ਸਾਹਿਬ, ਅੰਮ੍ਰਿਤਾ ਪ੍ਰੀਤਮ ਨਾ ਮੈਨੂੰ ਜਾਣੇ, ਨਾ ਪਛਾਣੇ, ਮੈਂ ਉਨ੍ਹਾਂ ਪਾਸ ਜਾ ਕੇ ਭਲਾ ਕੀ ਗੱਲ ਕਰਾਂਗਾ?” ਧੀਰ ਕਹਿਣ ਲੱਗਾ, “ਉਹ ਨਵੇਂ ਲੇਖਕਾਂ ਨੂੰ ਮਿਲ ਕੇ ਹਮੇਸ਼ਾ ਖੁਸ਼ ਹੁੰਦੇ ਹਨ, ਡਰ ਨਾ, ਚਲਾ ਜਾ।”
ਅੰਮ੍ਰਿਤਾ ਪ੍ਰੀਤਮ ਨਾਲ ਮੇਰੀ ਪਹਿਲੀ ਮੁਲਾਕਾਤ
ਧੀਰ ਦੇ ਕਹਿਣ ‘ਤੇ ਮੈਂ ਬੱਧਾ-ਰੁੱਧਾ ਸਵੇਰੇ ਮੋਟਰ-ਰਿਕਸ਼ਾ ਫੜ ਕੇ ਅੰਮ੍ਰਿਤਾ ਪ੍ਰੀਤਮ ਦੇ ਘਰ ਪਹੁੰਚ ਗਿਆ। ਰਾਹ ਵਿਚ ਕਈ ਕੁਝ ਸੋਚਦਾ ਗਿਆ ਕਿ ਐਡੀ ਵੱਡੀ ਲੇਖਕਾ ਮੈਨੂੰ ਅੰਦਰ ਵੀ ਵੜਨ ਦੇਵੇਗੀ! ਉਨ੍ਹਾਂ ਨਾਲ ਕੀ ਗੱਲ ਕਰਾਂਗਾ! ਇਹ ਜਾਣਦਿਆਂ ਕਿ ਧੀਰ ਨਾਲ ਤੋੜ-ਫੋੜ ਹੋ ਗਈ ਹੈ, ਉਸ ਬਾਰੇ ਕਿਵੇਂ ਗੱਲ ਤੋਰਾਂਗਾ! ਵਗੈਰਾ ਵਗੈਰਾ। ਦਰਵਾਜ਼ੇ ਤੋਂ ਬਾਹਰ ਫਰਸ਼ ਦੀ ਰਗੜਾਈ ਹੋ ਰਹੀ ਸੀ, ਤਿਲਕਣ ਕਰ ਕੇ ਬੂਹੇ ਤਕ ਪਹੁੰਚਣਾ ਮੁਸ਼ਕਿਲ ਸੀ। ਮਜ਼ਦੂਰਾਂ ਨੂੰ ਕਿਹਾ, “ਮੈਂ ਅੰਦਰ ਕਿਵੇਂ ਜਾਵਾਂ?” ਉਨ੍ਹਾਂ ਨੇ ਦੋ-ਤਿੰਨ ਇੱਟਾਂ ਰੱਖ ਦਿੱਤੀਆਂ ਤਾਂ ਮੈਂ ਬੂਹੇ ‘ਤੇ ਜਾ ਦਸਤਕ ਦਿੱਤੀ। ਨੌਕਰ ਨੇ ਬੂਹਾ ਖੋਲ੍ਹਿਆ ਤਾਂ ਮੈਂ ਕਿਹਾ, “ਅੰਮ੍ਰਿਤਾ ਜੀ ਨੂੰ ਮਿਲਣਾ ਹੈ?” ਉਹ ਅੰਦਰ ਗਿਆ ਅਤੇ ਉਨ੍ਹੀ ਪੈਰੀਂ ਆ ਕੇ ਪੁੱਛਣ ਲੱਗਾ, “ਤੁਸੀਂ ਕੌਣ ਹੋ?” ਹੁਣ ਮੈਂ ਕੀ ਦੱਸਾਂ, ਘਬਰਾਏ ਹੋਏ ਨੇ ਕਿਹਾ, “ਲੇਖਕ ਹਾਂ, ਅੰਮ੍ਰਿਤਾ ਜੀ ਦੇ ਦਰਸ਼ਨ ਕਰਨੇ ਹਨ।” ਉਹ ਗਿਆ ਅਤੇ ਵਾਪਸ ਆ ਕੇ ਮੈਨੂੰ ਅੰਦਰ ਲੈ ਗਿਆ। ਅੰਮ੍ਰਿਤਾ ਜੀ ਆਏ, ਮੈਨੂੰ ਨਵਾਰੀ ਪੀੜ੍ਹੀ ‘ਤੇ ਬਹਿਣ ਲਈ ਕਿਹਾ। ਮੈਂ ਪੀੜ੍ਹੀ ‘ਤੇ ਸੁੰਗੜ ਕੇ ਬਹਿ ਗਿਆ। ਸਾਡੇ ਵਿਚਕਾਰ ਜੋ ਗੱਲਬਾਤ ਹੋਈ, ਉਸ ਨੂੰ ਆਪਣੀ ਯਾਦਾਸ਼ਤ ਵਿਚੋਂ ਦੁਹਰਾਉਣ ਦੀ ਕੋਸ਼ਿਸ਼ ਕਰਦਾ ਹਾਂ:
ਅੰਮ੍ਰਿਤਾ: ਕੀ ਨਾਂ ਹੈ ਤੁਹਾਡਾ?
ਮੈਂ: ਜੀ, ਗੁਰਮੇਲ ਰਾਹੀ।
ਅੰਮ੍ਰਤਾ: ਕੀ ਲਿਖਦੇ ਹੋ?
ਮੈਂ: ਜੀ, ਕਵਿਤਾ।
ਅੰਮ੍ਰਿਤਾ: ਮੈਂ ਇਹ ਨਾਂ ਕਿਤੇ ਪੜ੍ਹਿਆ ਤਾਂ ਹੈ ਪਰ ਯਾਦ ਨਹੀਂ ਕਿੱਥੇ।
ਮੈਂ: ਜੀ, ਮੇਰੀਆਂ ਕੁਝ ਕਵਿਤਾਵਾਂ ‘ਪੰਜ ਦਰਿਆ’ ਵਿਚ ਅਤੇ ਕੁਝ ਗੀਤ ‘ਕਵਿਤਾ’ ਰਸਾਲਿਆਂ ਵਿਚ ਛਪੇ ਹਨ।
ਅੰਮ੍ਰਤਾ: ਅੱਛਾ! ਅੱਛਾ! ਕੀ ਪੀਓਗੇ, ਚਾਹ ਜਾਂ ਕਾਫੀ?
ਮੈਂ: ਨਹੀਂ, ਬੱਸ ਤੁਹਾਡੇ ਦਰਸ਼ਨ ਹੀ ਕਰਨ ਆਇਆ ਸੀ।
ਅੰਮ੍ਰਿਤਾ: (ਨੌਕਰ ਨੂੰ ਚਾਹ ਲਿਆਉਣ ਲਈ ਕਹਿੰਦਿਆਂ) ਕਿੱਥੋਂ ਦੇ ਹੋ?
ਮੈਂ: ਮੇਰਾ ਪਿੰਡ ਜਲੰਧਰ ਜ਼ਿਲ੍ਹੇ ਵਿਚ ਹੈ, ਅੱਜਕੱਲ੍ਹ ਮੈਂ ਪਾਣੀਪਤ ਨੌਕਰੀ ਕਰਦਾ ਹਾਂ।
ਅੰਮ੍ਰਤਾ: ਕੀ ਕਰਦੇ ਹੋ?
ਮੈਂ: ਬਲਾਕ ਵਿਕਾਸ ਦੇ ਦਫਤਰ ਵਿਚ ਇੰਸਪੈਕਟਰ ਹਾਂ।
ਅੰਮ੍ਰਿਤਾ: ਕਵਿਤਾ ਲਿਖਣ ਦਾ ਸ਼ੌਕ ਕਦੋਂ ਤੋਂ ਹੈ?
ਮੈਂ: ਹਾਈ ਸਕੂਲ ਦੇ ਦਿਨਾਂ ਵਿਚ ਤੁਕਬੰਦੀ ਕਰਨੀ ਸ਼ੁਰੂ ਕੀਤੀ ਸੀ।
ਅੰਮ੍ਰਿਤਾ: ਕਵਿਤਾ ਦਾ ਸ਼ੌਕ ਅਕਸਰ ਕਿਸ਼ੋਰ ਉਮਰ ਵਿਚ ਪੈਦਾ ਹੁੰਦਾ ਹੈ।
ਮੈਂ: ਤੁਹਾਨੂੰ ਕਿਹੜੇ-ਕਿਹੜੇ ਕਵੀ ਚੰਗੇ ਲਗਦੇ ਹਨ?
ਅੰਮ੍ਰਿਤਾ: ਮੈਨੂੰ ਸਾਰੇ ਅੱਛਾ ਲਿਖਣ ਵਾਲੇ ਕਵੀ ਪਸੰਦ ਹਨ।
ਮੈਂ: ਹੁਣ ਅਗਾਂਹ ਵਧੂ ਕਵਿਤਾ ਦਾ ਦੌਰ ਹੈ, ਕੀ ਤੁਹਾਨੂੰ ਪ੍ਰਗਤੀਵਾਦੀ ਕਵਿਤਾ ਪਸੰਦ ਹੈ?
ਅੰਮ੍ਰਿਤਾ: ਹਾਂ, ਕੁਝ ਕੁ ਪਸੰਦ ਹੈ।
ਮੈਂ: ਅੱਜਕੱਲ੍ਹ ਪ੍ਰਗਤੀਵਾਦੀ ਕਵੀਆਂ ਦੀ ਚੌਕੜੀ ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਅਜਾਇਬ ਚਿਤਰਕਾਰ ਤੇ ਖਾਸ ਕਰ ਕੇ ਸੰਤੋਖ ਸਿੰਘ ਧੀਰ ਸਟੇਜ ‘ਤੇ ਛਾਏ ਹੋਏ ਹਨ।
ਬਗੈਰ ਕੋਈ ਉਤਰ ਦਿੱਤਿਆਂ ਅੰਮ੍ਰਿਤਾ ਜੀ ਕਹਿਣ ਲੱਗੇ, “ਮੇਰੀ ਮੀਟਿੰਗ ਹੈ, ਮੈਨੂੰ ਹੁਣ ਜਾਣਾ ਪੈਣਾ, ਤੁਸੀਂ ਕਦੇ ਫੇਰ ਆਉਣਾ।”
ਮੈਨੂੰ ਲੱਗਿਆ, ਧੀਰ ਦਾ ਨਾਂ ਸੁਣ ਕੇ ਉਹ ਮੈਥੋਂ ਛੁਟਕਾਰਾ ਪਾ ਰਹੀ ਸੀ। ਮੈਂ ਵਾਪਸ ਰਿਕਸ਼ਾ ਫੜੀ ਅਤੇ ਰਾਹ ਵਿਚ ਸੋਚਦਾ ਆਇਆ, “ਧੀਰ ਨੂੰ ਕੀ ਦੱਸਾਂਗਾ?”
ਗਾਰਗੀ ਦੇ ਘਰ ਪਹੁੰਚਿਆ ਤਾਂ ਧੀਰ ਵਿਹੜੇ ਵਿਚ ਏਧਰ-ਓਧਰ ਗੇੜੇ ਲਾ ਰਿਹਾ ਸੀ। ਮੈਨੂੰ ਦੇਖ ਕੇ ਕਹਿਣ ਲੱਗਾ, “ਅੱਛਾ ਮਿਲ ਆਇਆਂ?” ਮੈਂ ਕਿਹਾ, “ਹਾਂ”। ਅਸੀਂ ਦੋਵੇਂ ਅਜੀਬ ਕਿਸਮ ਦੀ ਦੁਬਿਧਾ ਵਿਚ ਫਸੇ ਹੋਏ ਸੀ। ਉਸ ਨੂੰ ਦੁਬਿਧਾ ਸੀ ਕਿ ਅੰਮ੍ਰਿਤਾ ਨੇ ਕੀ ਕਿਹਾ ਹੋਵੇਗਾ, ਮੈਨੂੰ ਦੁਬਿਧਾ ਸੀ ਕਿ ਧੀਰ ਨੂੰ ਕੀ ਦੱਸਾਂ! ਕੁਝ ਦੇਰ ਬਾਅਦ ਧੀਰ ਨੇ ਪੁੱਛਿਆ, “ਕੋਈ ਗੱਲ ਹੋਈ?” ਮੈਂ ਕਿਹਾ, “ਹਾਂ ਹੋਈ।” ਹੁਣ ਉਹ ਡਰਦਾ ਮਾਰਾ ਇਹ ਨਾ ਪੁੱਛੇ ਕਿ, ਕੀ ਗੱਲ ਹੋਈ ਅਤੇ ਮੈਂ ਡਰਦਾ ਇਹ ਨਾ ਦੱਸਾਂ ਕਿ ਉਸ ਦਾ ਨਾਂ ਲੈਂਦਿਆਂ ਸਾਰ ਅੰਮ੍ਰਿਤਾ ਨੇ ਕਿਵੇਂ ਮੇਰਾ ਪੱਤਾ ਕੱਟਿਆ। ਜੇ ਮੈਂ ਧੀਰ ਨੂੰ ਸੱਚ ਦੱਸ ਦਿੰਦਾ ਤਾਂ ਉਸ ਦੇ ਬਿਮਾਰ ਹੋਣ ਦਾ ਤੌਖਲਾ ਸੀ। ਇਸ ਲਈ ਮੈਂ ਗੱਲ ਨੂੰ ਗੋਲ-ਮੋਲ ਕਰਦਿਆਂ ਕਿਹਾ ਕਿ ਜਦ ਮੈਂ ਉਸ (ਧੀਰ) ਦਾ ਨਾਂ ਲਿਆ ਤਾਂ ਅੰਮ੍ਰਿਤਾ ਨੇ ਗੁੱਸਾ ਨਹੀਂ ਕੀਤਾ, ਮੇਰੇ ਨਾਲ ਕਵਿਤਾ ਬਾਰੇ ਗੱਲਾਂ ਕਰਦੇ ਰਹੇ। ਧੀਰ ਨੇ ਪੁੱਛਿਆ, “ਜਦ ਮੇਰਾ ਨਾਂ ਲਿਆ ਤਾਂ ਅੰਮ੍ਰਿਤਾ ਜੀ ਦੇ ਹਾਵ-ਭਾਵ ਕਿੱਦਾਂ ਦੇ ਸਨ?” ਮੈਂ ਝਿਜਕਦੇ ਨੇ ਕਿਹਾ, “ਠੀਕ-ਠਾਕ ਸਨ।” ਮੇਰੀ ਦੁਚਿੱਤੀ ਅਤੇ ਮੁਖਤਸਰ ਜਿਹੇ ਉਤਰ ਤੋਂ ਧੀਰ ਭਾਂਪ ਗਿਆ ਕਿ ਅੰਮ੍ਰਿਤਾ ਨੇ ਉਸ ਪ੍ਰਤੀ ਕੋਈ ਹਮਦਰਦੀ ਨਹੀਂ ਦਿਖਾਈ ਹੋਣੀ। ਮਾਯੂਸੀ ਵਿਚ ਸ਼ਾਮ ਦੀ ਗੱਡੀ ਫੜ ਕੇ ਧੀਰ ਤੇ ਮੈਂ ਵਾਪਸ ਪਾਣੀਪਤ ਮੁੜ ਆਏ।
ਮੈਂ ਵਾਕਈ ਬਿਮਾਰ ਹਾਂ
ਧੀਰ ਆਪਣੇ ਪਿੰਡ ਡਡਹੇੜੀ ਚਲਾ ਗਿਆ ਅਤੇ ਮੈਂ ਪਾਣੀਪਤ ਤੋਂ ਲੁਧਿਆਣੇ ਆ ਗਿਆ। ਮਾਡਲ ਟਾਊਨ ਵਿਚ ਡਾ. ਤੇਜਵੰਤ ਗਿੱਲ ਦੇ ਘਰ ਦੇ ਲਾਗਲਾ ਮਕਾਨ ਕਿਰਾਏ ‘ਤੇ ਲੈ ਲਿਆ। ਮਹੀਨੇ ਕੁ ਬਾਅਦ ਧੀਰ ਮੈਨੂੰ ਮਿਲਣ ਆਇਆ ਤੇ ਦਿੱਲੀ ਤੋਂ ਲਿਖੀਆਂ ਚਿੱਠੀਆਂ ਦੀ ਫਾਇਲ ਵੀ ਲੈ ਆਇਆ। ਕਹਿਣ ਲੱਗਾ, “ਪੜ੍ਹ ਕੇ ਦੇਖ, ਇਨ੍ਹਾਂ ‘ਚੋਂ ਮੇਰੇ ਬਾਰੇ ਅੰਮ੍ਰਿਤਾ ਜੀ ਦੇ ਪਿਆਰ ਦੀ ਕੋਈ ਝਲਕ ਪੈਂਦੀ ਹੈ!” ਵਿਹੜੇ ਵਿਚ ਮੰਜੇ ‘ਤੇ ਬੈਠਾ ਜਦ ਮੈਂ ਚਿੱਠੀਆਂ ਪੜ੍ਹ ਰਿਹਾ ਸੀ ਤਾਂ ਧੀਰ ਆਲੇ ਦੁਆਲੇ ਗੇੜੇ ਮਾਰੀ ਜਾਂਦਾ ਸੀ। ਹਰ ਗੇੜੇ ਝਾਤ ਮਾਰ ਕੇ ਦੇਖ ਲੈਂਦਾ ਕਿ ਚਿੱਠੀਆਂ ਕਿਥੋਂ ਤੱਕ ਪੜ੍ਹੀਆਂ ਗਈਆਂ ਹਨ। ਉਸ ਨੂੰ ਅੱਚਵੀ ਜਿਹੀ ਲੱਗੀ ਹੋਈ ਸੀ ਕਿ ਚਿੱਠੀਆਂ ਪੜ੍ਹ ਕੇ ਮੈਂ ਉਸ ਨੂੰ ਕੋਈ ਸੁਖਾਵੀਂ ਗੱਲ ਦੱਸਾਂ। ਇਸ ਤੜਫ ਕਰ ਕੇ ਉਹ ਮੰਜੇ ਦੁਆਲੇ ਗੇੜੇ ਲਾਈ ਜਾਂਦਾ ਸੀ। ਜਦ ਸਾਰੀਆਂ ਚਿੱਠੀਆਂ ਪੜ੍ਹ ਲਈਆਂ ਤਾਂ ਧੀਰ ਨੇ ਸਹਿਮੀ ਜਿਹੀ ਆਵਾਜ਼ ਵਿਚ ਪੁੱਛਿਆ, “ਕਿੱਕਣ ਲਗਦਾ, ਹੈ ਕੋਈ ਗੱਲ ਜਿਸ ਤੋਂ ਅੰਮ੍ਰਿਤਾ ਜੀ ਦੇ ਪਿਆਰ ਦਾ ਥੋੜ੍ਹਾ-ਬਾਹਲਾ ਝੌਲਾ ਪੈਂਦਾ ਹੋਵੇ।” ਮੈਂ ਕਿਹਾ, “ਲਗਦਾ ਤਾਂ ਹੈ।” ਅੰਦਰੋਂ ਮੈਨੂੰ ਪਤਾ ਸੀ ਕਿ ਮੈਂ ਧੀਰ ਦਾ ਦਿਲ ਰੱਖਣ ਲਈ ਝੂਠ ਬੋਲ ਰਿਹਾ ਹਾਂ। ਚਿੱਠੀਆਂ ਤਾਂ ਧੀਰ ਵਲੋਂ ਲਿਖੀਆਂ ਹੋਈਆਂ ਸਨ, ਜਵਾਬ ਵਿਚ ਅੰਮ੍ਰਿਤਾ ਦੀ ਤਾਂ ਇਕ ਵੀ ਚਿੱਠੀ ਨਹੀਂ ਸੀ, ਉਸ ਦੀ ਦਿਲੀ ਭਾਵਨਾ ਦਾ ਕਿਵੇਂ ਪਤਾ ਲੱਗ ਸਕਦਾ ਸੀ!
ਦੂਜੇ ਦਿਨ ਧੀਰ ਦਾ ਜਲੰਧਰ ਰੇਡਿਉ ਸਟੇਸ਼ਨ ਤੋਂ ਕਵਿਤਾ ਪਾਠ ਸੀ। ਕਹਿਣ ਲੱਗਾ, “ਤੂੰ ਵੀ ਨਾਲ ਚੱਲ।” ਮੈਨੂੰ ਉਸ ਦੀ ਮਾਨਸਿਕ ਹਾਲਤ ‘ਤੇ ਤਰਸ ਆਇਆ ਤੇ ਸੋਚਿਆ ਕਿ ਔਖੀ ਘੜੀ ਵਿਚ ਦੋਸਤ ਦੇ ਕੰਮ ਆਉਣਾ ਚਾਹੀਦਾ ਹੈ। ਆਪਣਾ ਕੰਮ ਛੱਡ ਕੇ ਮੈਂ ਉਸ ਨਾਲ ਜਲੰਧਰ ਤੁਰ ਗਿਆ। ਉਸੇ ਦਿਨ ਕੰਪਨੀ ਬਾਗ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਫੰਕਸ਼ਨ ਸੀ। ਰੇਡਿਓ ‘ਤੇ ਧੀਰ ਦਾ ਕਵਿਤਾ ਪਾਠ ਸ਼ਾਮ ਨੂੰ ਸੀ, ਅਸੀਂ ਪਹਿਲਾਂ ਕੰਪਨੀ ਬਾਗ ਚਲੇ ਗਏ। ਉਥੇ ਸੰਤ ਸਿੰਘ ਸੇਖੋਂ, ਮੋਹਨ ਸਿੰਘ, ਸੁਜਾਨ ਸੰਘ, ਅਵਤਾਰ ਸਿੰਘ ਆਜ਼ਾਦ ਅਤੇ ਹਰਿਭਜਨ ਸਿੰਘ ਖੜ੍ਹੇ ਗੱਲਾਂ ਕਰ ਰਹੇ ਸਨ। ਅਸੀਂ ਵਾਰੋ-ਵਾਰੀ ਸਾਰਿਆਂ ਨਾਲ ਹੱਥ ਮਿਲ਼ਾਏ। ਹੱਥ ਮਿਲਾ ਕੇ ਬਿਨਾ ਕੁਝ ਕਿਹਾਂ, ਧੀਰ ਨੱਕ ਦੀ ਸੇਧੇ ਜਲੰਧਰ ਦੇ ਕਾਫੀ ਹਾਊਸ ਵਲ ਤੁਰ ਪਿਆ। ਮੈਂ ਵੀ ਮਗਰ-ਮਗਰ ਹੋ ਲਿਆ। ਥੋੜ੍ਹੀ ਦੂਰ ਖੜ੍ਹਾ ਹੋ ਕੇ ਬੋਲਿਆ, “ਗੁਰਮੇਲ, ਮੈਂ ਵਾਕਈ ਬਿਮਾਰ ਹਾਂ।”
“ਨਹੀਂ! ਨਹੀਂ! ਤੂੰ ਤਾਂ ਚੰਗਾ ਭਲਾ ਏਂ, ਐਵੇਂ ਤੈਨੂੰ ਵਹਿਮ ਹੈ।” ਮੈਂ ਦਿਲਾਸਾ ਦਿੱਤਾ।
“ਨਹੀਂ, ਇਹ ਕੋਈ ਵਹਿਮ ਨਹੀਂ।”
“ਤੈਨੂੰ ਯਕਦਮ ਅਜਿਹਾ ਕਿਉਂ ਮਹਿਸੂਸ ਹੋਣ ਲੱਗ ਪਿਆ?” ਮੈਂ ਪੁੱਛਿਆ।
“ਆਉਂਦਾ ਹੋਇਆ ਮੈਂ ਹਰਿਭਜਨ ਸਿੰਘ ਨਾਲ ਵੀ ਹੱਥ ਮਿਲਾ ਆਇਆਂ।” ਧੀਰ ਨੇ ਬੜੀ ਮਜਬੂਰੀ ਵਿਚ ਕਿਹਾ।
ਮੈਨੂੰ ਹਾਸਾ ਵੀ ਆਇਆ ਅਤੇ ਤਰਸ ਵੀ ਕਿ ਬਿਮਾਰੀ ਵਿਚ ਵੀ ਧੀਰ ਦੀ ਘਿਰਣਾ ਅਤੇ ਈਰਖਾ ਪਿੱਛਾ ਨਹੀਂ ਛੱਡਦੀਆਂ। ਕੁਝ ਵਰ੍ਹਿਆਂ ਬਾਅਦ ਹਰਿਭਜਨ ਨੇ ਧੀਰ ਦੇ ਨਾਵਲ ‘ਯਾਦਗਾਰ’ ਦਾ ਬਹੁਤ ਵਧੀਆ ਰੀਵਿਊ ਲਿਖਿਆ। ਪੜ੍ਹ ਕੇ ਧੀਰ ਨੂੰ ਇਹ ਕਹਿੰਦਿਆਂ ਸੁਣਿਆਂ ਗਿਆ ਕਿ ਪੰਜਾਬੀ ਸਾਹਿਤ ਵਿਚ ਡਾ. ਹਰਿਭਜਨ ਸਿੰਘ ਵਰਗਾ ਹੋਰ ਕੋਈ ਵਿਦਵਾਨ ਨਹੀਂ। ਜਦ ਮੈਂ ਧੀਰ ਨੂੰ ਹਰਿਭਜਨ ਬਾਰੇ ਪੁਰਾਣੀ ਰਾਏ ਬਾਰੇ ਯਾਦ ਕਰਾਇਆ ਤਾਂ ਕਹਿਣ ਲੱਗਾ, “ਦੋ ਦਾਨਿਸ਼ਮੰਦਾਂ ਦੀਆਂ ਗੱਲਾਂ ਵਿਚ ਮੂਰਖਤਾ ਨਹੀਂ ਦਿਖਾਈਦੀ।”
ਅੰਮ੍ਰਿਤਾ ਨਾਲ ਆਖਰੀ ਮੁਲਾਕਾਤ
ਅਪਰੈਲ 2001 ਵਿਚ ਮੈਨੂੰ ਅਤੇ ਲੌਸ ਐਂਜਲਸ ਦੇ ਡਾਕਟਰ ਜਸਬੀਰ ਸਿੰਘ ਮਾਨ ਨੂੰ ਸਨਮਾਨਿਤ ਕਰਨ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸੱਦਿਆ। ਡਾ. ਮਾਨ ਨੂੰ ਪੱਛਮੀ ਖਿੱਤੇ ਵਿਚ ਸਿੱਖ ਧਰਮ ਅਤੇ ਸਿੱਖ ਫਿਲਾਸਫੀ ਦੇ ਖੇਤਰ ਵਿਚ ਪਾਏ ਯੋਗਦਾਨ ਕਰ ਕੇ ‘ਔਨਰੇਰੀ ਡੀ. ਲਿਟ’ ਅਤੇ ਮੈਨੂੰ ਪੰਜਾਬੀ ਸਾਹਿਤ ਤੇ ਵਿਗਿਆਨ ਵਿਚ ਪਾਈਆਂ ਨਵੀਆਂ ਲੀਹਾਂ ਕਰ ਕੇ ‘ਮਹਾਰਾਜਾ ਰਣਜੀਤ ਸਿੰਘ ਕੌਰੋਨੇਸ਼ਨ ਬਾਈਸੈਨਟਿਨਰੀ ਅਵਾਰਡ’ ਨਾਲ ਸਨਮਾਨਣਾ ਸੀ। ਦਿੱਲੀ ਹਵਾਈ ਅੱਡੇ ‘ਤੇ ਉਤਰ ਕੇ ਅਸੀਂ ਡਾ. ਮਾਨ ਦੇ ਕਿਸੇ ਦੋਸਤ ਦੇ ਘਰ ਠਹਿਰੇ। ਸਵੇਰੇ ਅੰਮ੍ਰਿਤਾ ਜੀ ਦੇ ਘਰ ਫੂਨ ਕੀਤਾ ਤਾਂ ਇਮਰੋਜ਼ ਹੋਰਾਂ ਉਠਾਇਆ। ਮੈਂ ਆਪਣਾ ਨਾਂ ਦੱਸਿਆ ਅਤੇ ਕਿਹਾ, “ਤੁਸੀਂ ਸ਼ਾਇਦ ਮੈਨੂੰ ਨਹੀਂ ਜਾਣਦੇ, ਮੈਂ ਅਮਰੀਕਾ ਤੋਂ ਆਇਆਂ, ਇਸ ਵੇਲੇ ਦਿੱਲੀ ਵਿਚ ਹਾਂ, ਜੇ ਹੋ ਸਕੇ ਤਾਂ ਅੰਮ੍ਰਿਤਾ ਜੀ ਨੂੰ ਮਿਲਣਾ ਚਾਹਵਾਂਗਾ।” ਇਮਰੋਜ਼ ਨੇ ਕਿਹਾ, “ਗੁਰਮੇਲ, ਤੇਰੇ ਨਾਂ ਤੋਂ ਮੈਂ ਵਾਕਿਫ ਹਾਂ, ਅੰਮ੍ਰਿਤਾ ਜੀ ਦੀ ਤਬੀਅਤ ਕੁਝ ਬਾਹਲੀ ਚੰਗੀ ਨਹੀਂ…।” ਵਿਚੋਂ ਗੱਲ ਕੱਟਦਿਆਂ ਮੈਂ ਕਿਹਾ, “ਬੱਸ 15-20 ਮਿੰਟ ਹੀ ਮਿਲਣਾ ਚਾਹੁੰਦਾ ਹਾਂ।” ਉਸ ਨੇ ਅੰਮ੍ਰਿਤਾ ਜੀ ਨਾਲ ਗੱਲ ਕਰ ਕੇ ਸਾਨੂੰ ਮਿਲਣ ਲਈ ਆਖ ਦਿੱਤਾ। ਮੈਂ ਤੇ ਡਾ. ਮਾਨ ਅੱਧੇ ਕੁ ਘੰਟੇ ਬਾਅਦ 25 ਹੌਜ਼ ਖਾਸ ‘ਤੇ ਪਹੁੰਚ ਕੇ ਘੰਟੀ ਖੜਕਾਈ।
ਇਮਰੋਜ਼ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਨੂੰ ਉਪਰ ਲੈ ਗਿਆ। ਅੰਮ੍ਰਿਤਾ ਜੀ ਨੂੰ ਅੰਦਰੋਂ ਉਠਾ ਕੇ ਲੈ ਆਇਆ। ਵਾਕਈ ਉਹ ਬੜੀ ਕਮਜ਼ੋਰ ਅਤੇ ਹੱਡੀਆਂ ਦੀ ਮੁੱਠ ਦਿਸ ਰਹੀ ਸੀ। ਅੰਮ੍ਰਿਤਾ ਬੜੇ ਤਪਾਕ ਨਾਲ ਮਿਲੀ। ਮੈਂ ਆਪਣਾ ਤੇ ਡਾ. ਮਾਨ ਦਾ ਤੁਆਰਫ ਕਰਾਇਆ। ਅੰਮ੍ਰਿਤਾ ਜੀ ਨੇ ਪੁੱਛਿਆ, “ਗੁਰਮੇਲ, ਕੈਲੀਫੋਰਨੀਆਂ ਤੋਂ ਕਦ ਆਏ ਹੋ?” ਮੈਂ ਹੈਰਾਨ ਰਹਿ ਗਿਆ, ਉਨ੍ਹਾਂ ਨੂੰ ਮੇਰੇ ਨਾਂ ਅਤੇ ਕੈਲੀਫੋਰਨੀਆ ਵਿਚ ਰਹਿਣ ਬਾਰੇ ਕਿਵੇਂ ਪਤਾ ਸੀ! ਪੁੱਛਿਆ ਤਾਂ ਉਸ ਨੇ ਦੱਸਿਆ, “ਅਮਰੀਕਾ ਵਿਚ ਦੋ ਕਹਾਣੀਕਾਰਾ ਰਹਿੰਦੀਆਂ ਹਨ, ਇਕ ਤਾਂ ਕੈਲੀਫੋਰਨੀਆ ਵਿਚ ਹੈ, ਦੂਜੀ ਟੈਕਸਸ ਵਿਚ ਹੈ, ਉਨ੍ਹਾਂ ਤੋਂ ਤੁਹਾਡੇ ਬਾਰੇ ਪਤਾ ਲਗਦਾ ਰਹਿੰਦਾ ਹੈ।” ਮੈਂ ਪੁੱਛਿਆ, “ਕੀ ਨਾਂ ਹਨ ਉਨ੍ਹਾਂ ਦੇ?” ਕਹਿਣ ਲੱਗੇ, “ਅਮਰਜੀਤ ਪੰਨੂੰ ਅਤੇ ਜਸਵੀਰ।”
ਅਸੀਂ ਅੱਧਾ ਕੁ ਘੰਟਾ ਬਹਿ ਕੇ ਵਾਪਸ ਆਉਣ ਤੋਂ ਪਹਿਲਾਂ ਮੈਂ ਪੁੱਛਿਆ, “ਅਸੀਂ ਤੁਹਾਡੇ ਨਾਂ ‘ਤੇ ਕੋਈ ਪੁਰਸਕਾਰ ਕਾਇਮ ਕਰਨਾ ਚਾਹੁੰਦੇ ਹਾਂ, ਕੋਈ ਸਲਾਹ ਦਿਉ।” ਅੰਮ੍ਰਿਤਾ ਜੀ ਨੇ ਬੜੇ ਠਰੰਮੇ ਨਾਲ ਕਿਹਾ, “ਪੰਜਾਬੀ ਸਾਹਿਤ ਵਿਚ ਨੇਕਨਾਮੀ ਨਾਲ ਕੰਮ ਕਰਨ ਵਾਲੇ ਬੰਦੇ ਚਾਹੀਦੇ ਹਨ, ਤੁਸੀਂ ਸੁਹਿਰਦਤਾ ਨਾਲ ਕੰਮ ਕਰੀ ਜਾਓ, ਇਹੋ ਮੇਰਾ ਮਾਣ-ਤਾਣ ਤੇ ਇਹੋ ਮੇਰਾ ਇਨਾਮ ਹੋਵੇਗਾ।”
ਅੰਮ੍ਰਿਤਾ ਜੀ ਨੂੰ ਇਨਾਮਾਂ ਸਨਮਾਨਾਂ ਦੀ ਕੋਈ ਲੋੜ-ਥੋੜ੍ਹ ਨਹੀਂ ਸੀ। ਉਸ ਨੂੰ ਭਾਰਤੀ ਸਾਹਿਤ ਅਕਾਡਮੀ, ਗਿਆਨਪੀਠ, ਪੰਜਾਬੀ ਅਕਾਡਮੀ ਲਾਹੌਰ ਵਰਗੀਆਂ ਨਾਮਵਰ ਸੰਸਥਾਵਾਂ ਨੇ ਸਨਮਾਨਿਤ ਕੀਤਾ। ਸੰਸਾਰ ਪੱਧਰ ‘ਤੇ ਬਲਗਾਰਿਆ ਦਾ ‘ਸਿਰਲ ਅਤੇ ਮੈਥੋਡੀਅਸ ਪੁਰਸਕਾਰ’ ਅਤੇ ਫਰਾਂਸ ਨੇ ‘ਔਰਡਰ ਡੀ ਆਰਟਸ ਐਂਡ ਡੀ ਲੈਟਰਜ਼’ ਨਾਲ ਸਨਮਾਨਿਆ। ਅੰਮ੍ਰਿਤਾ ਵਰਗੇ ਸਾਹਿਤਕਾਰ ਕਦੇ-ਕਦੇ ਜੰਮਦੇ ਹਨ; ਉਹ ਨਿਰਸੰਦੇਹ ਯੁਗ ਪੁਰਸ਼ ਸੀ ਪਰ ਮੰਦੇ ਭਾਗਾਂ ਨੂੰ ਪੰਜਾਬ ਅਤੇ ਪੰਜਾਬੀ ਸਾਹਿਤ ਨੇ ਉਸ ਦਾ ਨਾ ਤਾਂ ਜਿਉਂਦੇ ਜੀ ਅਤੇ ਨਾ ਹੀ ਮਰਨ ਤੋਂ ਬਾਅਦ ਕੋਈ ਯੋਗ ਮੁੱਲ ਪਾਇਆ। ਇਥੋਂ ਤਕ ਕਿ ਉਸ ਦੇ ਮੱਕੇ ਵਰਗੇ ਨਿਵਾਸ ਸਥਾਨ ਕੇ-25 ਹੌਜ਼ ਖਾਸ ਨੂੰ ਮਲੀਆ ਮੇਟ ਕਰ ਦਿੱਤਾ। ਮੁਕਾਬਲੇ ਤੇ ਪੱਛਮੀ ਸਾਹਿਤਕਾਰਾਂ ਵਲ ਨਜ਼ਰ ਮਾਰੋ ਤਾਂ ਜੌਨ੍ਹ ਕੀਟਸ, ਵਿਲੀਅਮ ਵਰਡਵਰਥ ਅਤੇ ਵਿਲੀਅਮ ਬਟਲਰ ਯੇਟਸ ਵਰਗੇ ਕਵੀਆਂ ਦੇ ਨਿਵਾਸ ਸਥਾਨ ਅੱਜ ਵੀ ਸਾਂਭੇ ਹੋਏ ਹਨ। ਅੰਮ੍ਰਿਤਾ ਪ੍ਰੀਤਮ ਦੀ ਵਿਰਾਸਤ ਨੂੰ ਨਾ ਸਾਂਭਣ ਦੀ ਊਜ ਪੰਜਾਬ, ਪੰਜਾਬੀ ਸਾਹਿਤ ਅਤੇ ਪੰਜਾਬੀਅਤ ਦੇ ਮੱਥੇ ‘ਤੇ ਮਿਹਣਾ ਬਣ ਕੇ ਚਮਕਦੀ ਰਹੇਗੀ।
ਅੰਮ੍ਰਿਤਾ ਜੀ ਦੇ ਸਵਰਗਵਾਸ ਹੋਣ ਦਾ ਧੀਰ ਨੂੰ ਅਤਿਅੰਤ ਦੁੱਖ ਹੋਇਆ। ਮੈਂ ਉਸ ਨੂੰ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਨਾਲ ਢਾਈ ਦਿਨ ਦੇ ਇਸ਼ਕ ਬਾਰੇ ਹੁਣ ਤਾਂ ਸਾਰੀ ਗੱਲ ਖੋਲ੍ਹ ਦੇ। ਉਸ ਨੇ ਕਿਹਾ, “ਜਿਨ੍ਹਾਂ ਨਾਲ ਮੋਹ ਪਿਆਰ ਕਰੀਦਾ, ਉਨ੍ਹਾਂ ਬਾਰੇ ਮੰਦਾ ਨਹੀਂ ਬੋਲੀਦਾ।” ਮੈਨੂੰ ਪੰਜਾਬੀ ਦੇ ਅਖਾਣ ‘ਮੇਰੇ ਯਾਰ ਨੂੰ ਮੰਦਾ ਨਾ ਆਖੀਂ, ਮੇਰੀ ਭਾਵੇਂ ਜਿੰਦ ਕੱਢ ਲੈ’ ਦਾ ਮਤਲਬ ਸਮਝ ਆ ਗਿਆ।