ਡਰੇ ਹੋਏ ਫੁੱਲ

ਗੁਰਮੇਲ ਬੀਰੋਕੇ
ਫੋਨ: 1-604-825-8053
ਮੈਂ ਨਿੱਕੀ ਹੁੰਦੀ ਤਿਤਲੀਆਂ ਮਗਰ ਬਹੁਤ ਭੱਜਦੀ ਸਾਂ। ਉਨ੍ਹਾਂ ਨੂੰ ਫੜਨਾ ਲੋਚਦੀ ਸਾਂ। ਮੇਰੇ ਅੰਦਰਲੀ ਸੋਝੀ ਮੈਨੂੰ ਰੋਕ ਦਿੰਦੀ। ਸੋਝੀ ਕਹਿੰਦੀ, “ਨਾ ਮੇਰੀ ਅੜੀਏ, ਇਹ ਮਰ ਜਾਣਗੀਆਂ!” ਪਰ ਮਨ ਕੁਝ ਹੋਰ ਕਹਿੰਦਾ, “ਫੜ ਲੈ, ਲੈ ਲਾ ਨਜ਼ਾਰੇ! ਹਰ ਸ਼ੈਅ ਨੇ ਮਰਨਾ ਈ ਐ।” ਮੈਂ ਆਪਣੇ ਮਨ ਨੂੰ ਧੱਕੇ ਨਾਲ ਰੋਕ ਲੈਂਦੀ ਤੇ ਹੋਰ ਪਾਸੇ ਮੋੜ ਲੈਂਦੀ।

ਹੁਣ ਮੈਂ ਵੱਡੀ ਹੋ ਗਈ ਹਾਂ। ਮੈਂ ਹਰ ਚੀਜ਼ ਨੂੰ, ਹਰ ਵਸਤ ਨੂੰ ਤੇ ਹਰ ਜੀਵ ਨੂੰ ਅਸਾਨੀ ਨਾਲ ਖਤਮ ਕਰ ਦਿੰਦੀ ਹਾਂ। ਮੇਰੀ ਸੋਝੀ ਵੀ ਹੁਣ ਮੇਰੇ ਮਨ ਨਾਲ ਰਲ ਗਈ ਹੈ। ਮਨ ਪੂਰਾ ਤਾਕਤਵਰ ਹੈ। ਆਪਣੀ ਮਰਜ਼ੀ ਕਰਦਾ ਹੈ।
ਫਰੇਜ਼ਰ ਦਰਿਆ ਦਾ ਕੰਢਾ ਸੀ। ਪਹਾੜਾਂ ਦੀ ਗੋਦ ਸੀ। ਖਿੜੀ ਹੋਈ ਦੁਪਹਿਰ ਤੇ ਗਰਮੀ ਦਾ ਮਹੀਨਾ ਸੀ। ਮਿਨੀ-ਮਿਨੀ ਪੱਛਮ ਵੱਲੋਂ ਪੌਣ ਵਗਦੀ ਸੀ। ਮੇਰੇ ਪੈਰ ਪਾਣੀ ‘ਚ ਸਨ। ਮੇਰਾ ਮਨ ਚੁੱਪ ਸੀ। ਮੇਰੀ ਨਿਗਾਹ ਸਾਹਮਣੇ ਖੜ੍ਹੇ ਹਾਈਡਰੇਂਜੀਆ ਦੇ ਬੂਟੇ ਵੱਲ ਚਲੀ ਗਈ। ਮੇਰੀ ਸੋਝੀ ਕਹਿਣ ਲੱਗੀ ਕਿ ਮਨੁੱਖ ਦਾ ਮਨ ਇਸ ਪੌਦੇ ਜਿਹਾ ਹੈ, ਜੋ ਸਮੇਂ ਸਮੇਂ ਰੰਗ ਬਦਲਦਾ ਰਹਿੰਦਾ ਹੈ। ਇਹ ਪੌਦਾ ਵੀ ਮਿੱਟੀ ਦੀ ਖਾਰੀ ਤੇ ਤੇਜ਼ਾਬੀ ਤਾਸੀਰ ਮੁਤਾਬਿਕ ਆਪਣੇ ਫੁੱਲਾਂ ਦਾ ਰੰਗ ਬਦਲਦਾ ਰਹਿੰਦਾ ਹੈ। ਹੁਣ ਇਹ ਲਾਲ ਫੁੱਲਾਂ ਨਾਲ ਇੰਜ ਲੱਦਿਆ ਖੜ੍ਹਾ ਹੈ, ਜਿਵੇਂ ਮੁਕਲਾਵੇ ਜਾਣ ਵਾਲੀ ਮੁਟਿਆਰ ਤਿਆਰ ਹੋਈ ਖੜ੍ਹੀ ਹੋਵੇ ਤੇ ਹੋ ਸਕਦਾ ਹੈ, ਆਥਣ ਤੱਕ ਜਾਂ ਕੱਲ੍ਹ ਤੱਕ ਫੁੱਲਾਂ ਦਾ ਰੰਗ ਪਿਆਜੀ ਹੋ ਜਾਵੇ ਜਾਂ ਨੀਲਾ ਹੋ ਜਾਵੇ।
ਅੱਜ ਮਨ ‘ਚ ਕੋਈ ਉਦਾਸੀ ਦਾ ਰੰਗ ਸੀ। ਉਸੇ ਮਨ ‘ਚ, ਜੋ ਆਪਣੇ ਆਪ ਨੂੰ ਤਾਕਤਵਰ ਸਮਝਦਾ ਸੀ। ਉਦਾਸੀ ਦੇ ਰੰਗ ਵਿਚ ਰਾਤ ਦੇ ਗੈਰ-ਕੁਦਰਤੀ ਰੰਗ ਵਾਲੀਆਂ ਗੱਲਾਂ ਘੁਲ ਰਹੀਆਂ ਸਨ। ਰਾਤ ਜੋ ਵਾਪਰਿਆ ਸੀ, ਇਹ ਕੋਈ ਪਹਿਲੀ ਵਾਰ ਨਹੀਂ ਵਾਪਰਿਆ ਸੀ। ਪਹਿਲਾਂ ਵੀ ਬਹੁਤ ਵਾਰ ਮੈਂ ਇਹ ਕਰ ਚੁਕੀ ਸਾਂ।
ਉਹ ਇੱਕ ਕੁੜੀ ਸੀ, ਜਿਸ ਨਾਲ ਮੈਂ ਸੌਂ ਜਾਂਦੀ ਸਾਂ। ਉਸ ਦੇ ਸਾਰੇ ਅੰਗ ਮੇਰੇ ਵਰਗੇ ਹੀ ਸਨ। ਪਰ ਫਿਰ ਵੀ ਉਹ ਮੇਰੇ ਸਰੀਰ ਨੂੰ ਮੁੰਡਿਆਂ ਵਾਂਗਰ ਵਰਤਦੀ ਸੀ। ਮੈਂ ਇਸ ਤਰ੍ਹਾਂ ਦੀ ਕਿਉਂ ਹੋ ਗਈ ਸਾਂ? ਕਿਉਂ ਉਸ ਕੁੜੀ ਨਾਲ ਇਹ ਕਰਦੀ ਸਾਂ?

ਮੇਰੀ ਮੰਮੀ ਨੇ ਮੇਰੇ ਨਾਨਕਿਆਂ ਨੂੰ ਕੈਨੇਡਾ ਬੁਲਾਉਣ ਵਾਸਤੇ ਸਪਾਂਸਰ ਕੀਤਾ ਹੋਇਆ ਸੀ। ਮੇਰੀ ਨਾਨੀ ਦੇ ਨਾਲ ਮੇਰੀ ਮਾਸੀ ਤੇ ਮਾਮਾ ਆਉਣੇ ਸਨ। ਮੇਰਾ ਨਾਨਾ ਮੇਰੀ ਮੰਮੀ ਦੇ ਵਿਆਹ ਤੋਂ ਪਹਿਲਾਂ ਦਾ ਹੀ ਮੁੱਕਿਆ ਹੋਇਆ ਸੀ। ਮੇਰਾ ਮਾਮਾ ਤੇ ਮਾਸੀ ਹਾਲੇ ਪੜ੍ਹਦੇ ਸਨ। ਉਹ ਮੇਰੀ ਨਾਨੀ ਨਾਲ ਕੈਨੇਡਾ ਆ ਸਕਦੇ ਸਨ।
ਮੈਨੂੰ ਮੇਰੀ ਮੰਮੀ ਨੇ ਇੱਕ ਦਿਨ ਸਵਖਤੇ ਹੀ ਜਗਾ ਲਿਆ ਤੇ ਸੋਹਣੇ ਕੱਪੜੇ ਪਾ ਦਿੱਤੇ। ਮੈਂ ਪੁੱਛਿਆ, “ਮੰਮੀ ਕਿਥੇ ਚੱਲੇ ਆਂ, ਆਪਾਂ?” ਉਹ ਦੱਸਣ ਲੱਗੀ, “ਅੱਜ ਤੇਰੀ ਨਾਨੀ, ਮਾਸੀ ਤੇ ਮਾਮਾ ਆ ਰਹੇ ਨੇ। ਆਪਾਂ ਏਅਰਪੋਰਟ ਚੱਲੇ ਆਂ ਉਨ੍ਹਾਂ ਨੂੰ ਲੈਣ।” ਮੇਰੇ ਡੈਡੀ ਨੇ ਕਿਸੇ ਦੀ ਵੱਡੀ ਵੈਨ ਮੰਗੀ ਤੇ ਅਸੀਂ ਚਲੇ ਗਏ। ਹਵਾਈ ਅੱਡੇ ‘ਤੇ ਮੇਰੀ ਮਾਂ ਨੇ ਮੇਰੇ ਨਾਨਕਿਆਂ ਦੇ ਸਵਾਗਤ ਲਈ ਢੋਲ ਵਾਲੇ ਦਾ ਪ੍ਰਬੰਧ ਵੀ ਕੀਤਾ ਸੀ। ਅਸੀਂ ਫੁੱਲਾਂ ਦੇ ਗੁਲਦਸਤੇ ਵੀ ਲੈ ਕੇ ਗਏ ਸਾਂ।
ਮੇਰੇ ਨਾਨਕੇ ਕੈਨੇਡਾ ਆ ਉਤਰੇ। ਮੇਰੀ ਮੰਮੀ ਨੂੰ ਗੋਡੇ-ਗੋਡੇ ਚਾਅ ਸੀ। ਸਾਡਾ ਘਰ ਭਰਿਆ-ਭਰਿਆ ਜਾਪਣ ਲੱਗਾ ਸੀ। ਕਈ ਦਿਨਾਂ ਤੱਕ ਮਿਲਣ ਵਾਲੇ ਆਉਂਦੇ ਰਹੇ ਤੇ ਅਸੀਂ ਵੀ ਬਹੁਤ ਸਾਰੇ ਘਰਾਂ ‘ਚ ਜਾਂਦੇ ਰਹੇ। ਹੌਲੀ-ਹੌਲੀ ਮੇਰੇ ਨਾਨਕਿਆਂ ਦੀ ਗੱਡੀ ਕੰਮਾਂ ਵੱਲ ਰੁੜ੍ਹ ਪਈ।
ਮੇਰੇ ਜਨਮ ਤੋਂ ਪੰਜ ਸਾਲਾਂ ਮਗਰੋਂ ਮੇਰੀ ਛੋਟੀ ਭੈਣ ਆ ਗਈ। ਮੇਰੀ ਨਾਨੀ ਕਈ ਦਿਨ ਰੋਂਦੀ ਰਹੀ। ਛੋਟੀ ਨੂੰ ਪਰ੍ਹਾਂ ਸੁੱਟਦੀ ਰਹੀ। ਮੇਰੇ ਡੈਡੀ ਨੇ ਚੁੰਘਣੀ ਨਾਲ ਦੁੱਧ ਪਿਲਾ ਕੇ ਛੋਟੀ ਨੂੰ ਪਾਲ ਲਿਆ। ਮੈਂ ਵੀ ਆਪਣੇ ਡੈਡੀ ਦੇ ਨਾਲ ਛੋਟੀ ਨੂੰ ਪਾਲਣ ‘ਚ ਮਦਦ ਕੀਤੀ।
ਜਿਵੇਂ-ਜਿਵੇਂ ਛੋਟੀ ਵੱਡੀ ਹੁੰਦੀ ਗਈ ਤਾਂ ਮੇਰੀ ਨਾਨੀ ਮੇਰੇ ਡੈਡੀ ਦੇ ਵਿਰੁੱਧ ਹੁੰਦੀ ਗਈ। ਉਹ ਨਿੱਕੀ-ਨਿੱਕੀ ਗੱਲ ‘ਤੇ ਮੇਰੇ ਮੰਮੀ-ਡੈਡੀ ਨੂੰ ਆਪਸ ਵਿਚ ਲੜਾ ਦਿੰਦੀ।
ਮੇਰਾ ਡੈਡੀ ਸਿੱਧਾ ਤੇ ਸਾਫ ਬੰਦਾ ਸੀ। ਉਹ ਪੰਜਾਬੀ ਪੜ੍ਹ-ਲਿਖ ਲੈਂਦਾ ਸੀ ਤੇ ਥੋੜ੍ਹੀ-ਥੋੜ੍ਹੀ ਅੰਗਰੇਜ਼ੀ ਵੀ ਜਾਣਦਾ ਸੀ। ਉਹ ਪੰਜਾਬ ‘ਚੋਂ ਖੇਤੀ ਕਰਦਾ ਆਇਆ ਸੀ ਤੇ ਕੈਨੇਡਾ ‘ਚ ਵੀ ਖੇਤਾਂ ਤੇ ਨਰਸਰੀਆਂ ‘ਚ ਜੌਬ ਕਰਦਾ ਰਿਹਾ ਸੀ। ਉਹ ਸਾਨੂੰ ਦੋਹਾਂ ਭੈਣਾਂ ਨੂੰ ਭਾਂਤ-ਭਾਂਤ ਦੀਆਂ ਗੱਲਾਂ ਸੁਣਾਉਂਦਾ। ਉਹ ਦੱਸਦਾ ਹੁੰਦਾ ਕਿ ਅੱਜ ਮੈਂ ਕੀ ਕੀਤਾ? ਅੱਜ ਮੈਨੂੰ ਕੌਣ ਮਿਲਿਆ? ਅੱਜ ਕੌਣ ਕੀ ਕਹਿੰਦਾ ਸੀ? ਅੱਜ ਦੀਆਂ ਖਬਰਾਂ ਕੀ ਨੇ? ਬਹੁਤ ਵਾਰ ਉਹ ਸਾਡੇ ਪਿੰਡ ਦੀਆਂ ਗੱਲਾਂ ਛੇੜ ਲੈਂਦਾ ਤੇ ਸੁਣਾਉਂਦਾ ਹੀ ਰਹਿੰਦਾ। ਅਸੀਂ ਪਿੰਡ ਕਦੇ ਨਹੀਂ ਗਈਆਂ, ਪਰ ਡੈਡੀ ਨੇ ਗੱਲਾਂ ਨਾਲ ਹੀ ਸਾਨੂੰ ਪਿੰਡ ਦੇ ਅੱਧਿਓਂ ਵੱਧ ਲੋਕਾਂ ਨਾਲ ਮਿਲਾ ਦਿੱਤਾ ਸੀ।
ਜਦ ਡੈਡੀ ਸਾਡੇ ਨਾਲ ਗੱਲਾਂ ਕਰਦਾ ਹੁੰਦਾ, ਉਸ ਵਕਤ ਮੇਰੀ ਨਾਨੀ ਅੰਦਰੇ ਅੰਦਰ ਪਤਾ ਨਹੀਂ ਕੁੜ੍ਹਦੀ ਕਿਉਂ ਰਹਿੰਦੀ? ਕਈ ਵਾਰ ਅਵਾਜ਼ ਵੀ ਕੱਢਦੀ, “ਹੂੰ!”
ਮੇਰੇ ਡੈਡੀ ਦੇ ਕੰਮ ‘ਤੇ ਜਾਣ ਪਿਛੋਂ ਮੇਰੀ ਮਾਸੀ ਤੇ ਨਾਨੀ ਉਸ ਦੇ ਵਿਰੁੱਧ ਬਹੁਤ ਅਬਾ-ਤਬਾ ਬੋਲਦੀਆਂ। ਕਈ ਵਾਰ ਤਾਂ ਸਾਨੂੰ ਦੋਹਾਂ ਭੈਣਾਂ ਨੂੰ ਵੀ ਕਹਿ ਦਿੰਦੀਆਂ, “ਥੋਡਾ ਡੈਡੀ ਗੰਦਾ…।”
ਛੋਟੀ ਜਦ ਤੋਤਲੇ ਜਿਹੇ ਸ਼ਬਦ ਬੋਲਣ ਲੱਗ ਪਈ ਤਾਂ ਉਹ ਕਈ ਗੱਲਾਂ ਡੈਡੀ ਨੂੰ ਦੱਸ ਦਿੰਦੀ। ਫਿਰ ਘਰ ‘ਚ ਕਲੇਸ਼ ਵੱਧ ਜਾਂਦਾ। ਇੱਕ ਦਿਨ ਡੈਡੀ ਕਹਿੰਦਾ, “ਮੈਂ ਥੋਡੀ ਧੀ ਨੂੰ ਧੱਕੇ ਨਾਲ ਨ੍ਹੀਂ ਏਥੇ ਲਿਆਇਆ। ਤੁਸੀਂ ਮੇਰੀਆਂ ਮਿੰਨਤਾਂ ਕੀਤੀਆਂ ਸੀ। ਤੁਸੀਂ ਕਹਿੰਦੇ ਸੀ, ਸਾਡਾ ਪਾਰ-ਉਤਾਰਾ ਹੋ’ਜੂ। ਸਾਡੇ ਛੋਟੇ ਨਿਆਣੇ ਇਹਦੇ ਮਗਰ ਕਨੇਡੇ ਪਹੁੰਚ ਜਾਣਗੇ…।”
ਹੌਲੀ-ਹੌਲੀ ਮੇਰੀ ਮੰਮੀ, ਮੇਰੀ ਨਾਨੀ ਦੇ ਮਗਰ ਲੱਗਣ ਲੱਗ ਪਈ ਤੇ ਡੈਡੀ ਤੋਂ ਦੂਰ ਹੋਣ ਲੱਗ ਪਈ। ਫਿਰ ਅੱਡੋ-ਅੱਡ ਸੌਣ ਲੱਗ ਪਏ। ਘਰ ਦਾ ਹਰ ਕੰਮ ਮੇਰੀ ਨਾਨੀ ਆਪਣੇ ਮੁਤਾਬਿਕ ਕਰਨ ਲੱਗ ਪਈ। ਇੰਜ ਕਹਿ ਲਓ ਕਿ ਘਰ ਦੀ ਗੱਡੀ ਦਾ ਸਟੇਅਰਿੰਗ ਉਸ ਨੇ ਆਪਣੇ ਹੱਥਾਂ ‘ਚ ਫੜ ਲਿਆ। ਜੋ ਕੁਝ ਮੇਰਾ ਡੈਡੀ ਕਰਦਾ, ਉਸ ਨੂੰ ਮੇਰੀ ਨਾਨੀ ਨਕਾਰ ਦਿੰਦੀ। ਕਈ ਵਾਰ ਤਾਂ ਉਸ ਦੀਆਂ ਲਿਆਂਦੀਆਂ ਚੀਜ਼ਾਂ-ਵਸਤਾਂ ਵੀ ਕੂੜੇ ‘ਚ ਸੁੱਟ ਦਿੰਦੀ।
ਮੈਨੂੰ ਸਮਝ ਨਹੀਂ ਲਗਦੀ ਸੀ ਕਿ ਸਾਡੇ ਘਰ ‘ਚ ਚੱਲ ਕੀ ਰਿਹਾ ਹੈ? ਮੇਰੀ ਮੰਮੀ ਰਾਤਾਂ ਨੂੰ ਕਿਉਂ ਰੋਂਦੀ ਰਹਿੰਦੀ ਹੈ? ਡੈਡੀ ਨਾਲ ਕਿਉਂ ਨਹੀਂ ਬੋਲਦੀ?… ਤੇ ਨਾਨੀ ਦਾ ਹੁਕਮ ਘਰ ‘ਚ ਕਿਉਂ ਚੱਲਦਾ ਹੈ?
ਮੇਰਾ ਡੈਡੀ ਇੱਕ ਦਿਨ ਸ਼ਰਾਬ ਪੀ ਕੇ ਘਰ ਆ ਗਿਆ। ਨਾਨੀ ਨੇ ਉਸ ਨੂੰ ਬਹੁਤ ਗਾਲ੍ਹਾਂ ਕੱਢੀਆਂ ਤੇ ਕਹਿਣ ਲੱਗੀ, “ਮੇਰੀ ਧੀ ਦੇ ਘਰੋਂ ਬਾਹਰ ਹੋ ਜਾਹ ਚੌਰਿਆ।” ਉਸ ਰਾਤ ਮੇਰਾ ਡੈਡੀ ਗੈਰਾਜ ਵਿਚ ਸੁੱਤਾ।
ਉਸ ਤੋਂ ਬਾਅਦ ਡੈਡੀ ਰਾਤ ਨੂੰ ਲੇਟ ਘਰੇ ਆਉਣ ਲੱਗ ਪਿਆ। ਅਸੀਂ ਦੋਹੇਂ ਭੈਣਾਂ ਸੌਂ ਜਾਂਦੀਆਂ ਸਾਂ। ਸਵੇਰ ਨੂੰ ਕਦੇ-ਕਦੇ ਸਾਨੂੰ ਡੈਡੀ ਜਗਾਉਂਦਾ। ਉਂਜ ਛੁੱਟੀ ਵਾਲੇ ਦਿਨ ਸਾਨੂੰ ਨਾਲ ਹੀ ਰੱਖਦਾ।
ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਕਈ ਦਿਨਾਂ ਤੱਕ ਅਸੀਂ ਡੈਡੀ ਨੂੰ ਨਾ ਮਿਲੀਆਂ। ਪਤਾ ਨਹੀਂ ਉਹ ਰਾਤ ਨੂੰ ਕਦ ਆਉਂਦਾ ਸੀ ਤੇ ਕਦ ਸਵੇਰੇ ਚਲਾ ਜਾਂਦਾ ਸੀ? ਮੈਂ ਆਪਣੀ ਮੰਮੀ ਨੂੰ ਡੈਡੀ ਬਾਰੇ ਪੁੱਛਿਆ ਤਾਂ ਉਸ ਨੇ ਮੈਨੂੰ ਕੁੱਟਿਆ। ਰੋਂਦੀ-ਰੋਂਦੀ ਮੈਂ ਸੋਚਦੀ ਰਹੀ ਕਿ ਇਹ ਕੀ ਹੋ ਗਿਆ? ਉਦੋਂ ਮੈਂ ਸੱਤਵੀਂ ਜਮਾਤ ‘ਚ ਪੜ੍ਹਦੀ ਸਾਂ।
ਸਕੂਲ ‘ਚ ਸਾਡੀ ਗੁਆਂਢਣ ਨੇ ਮੈਨੂੰ ਦੱਸਿਆ ਕਿ ਤੇਰਾ ਡੈਡੀ ਪੁਲਿਸ ਨੇ ਫੜ ਲਿਆ ਸੀ। ਇਹ ਸਭ ਕੁਝ ਸਾਡੇ ਸੁੱਤੀਆਂ ਪਈਆਂ ਤੋਂ ਵਾਪਰਿਆ। ਪਤਾ ਲੱਗਾ ਕਿ ਰੋਜ਼ ਵਾਂਗ ਮੇਰਾ ਡੈਡੀ ਘਰ ਵੜਿਆ। ਪਹਿਲਾਂ ਬਣਾਈ ਹੋਈ ਸਕੀਮ ਮੁਤਾਬਿਕ ਮੇਰੀ ਮਾਸੀ ਨੇ ਮੇਰੇ ਡੈਡੀ ਨੂੰ ਬਾਂਹਾਂ ‘ਚ ਘੁੱਟ ਲਿਆ। ਉਹ ਛੁਡਾਉਣ ਲੱਗਾ ਤਾਂ ਤਿੰਨਾਂ ਔਰਤਾਂ ਨੇ ਫੜ ਲਿਆ। ਉਹ ਸ਼ਰਾਬੀ ਸੀ, ਡਿਗ ਪਿਆ। ਮੇਰੀ ਮਾਸੀ ਨੇ ਪੁਲਿਸ ਬੁਲਾ ਕੇ ਮੇਰੇ ਡੈਡੀ ‘ਤੇ ਝੂਠਾ ਕੇਸ ਦਰਜ ਕਰਵਾ ਦਿੱਤਾ।
ਮੈਂ ਘਰ ਦੇ ਹਾਲਾਤ ਬਾਰੇ ਹਰ ਵਕਤ ਸੋਚਦੀ ਰਹਿੰਦੀ, ਮੇਰੀ ਨਾਨੀ ਨੇ ਇੰਜ ਕਿਉਂ ਕੀਤਾ ਹੈ? ਮੇਰੀ ਮਾਸੀ ਨੂੰ ਕੀ ਮਿਲਿਆ, ਇਹ ਕਰਕੇ? ਮੇਰੀ ਮਾਂ ਨੂੰ ਫਾਇਦਾ ਹੋਇਆ ਜਾਂ ਨੁਕਸਾਨ?
ਸਾਡਾ ਵੱਸਦਾ-ਰਸਦਾ ਘਰ ਉਜੜ ਗਿਆ ਤੇ ਸਾਡਾ, ਦੋਹਾਂ ਭੈਣਾਂ ਦਾ ਬਚਪਨ ਮਿੱਧਿਆ ਗਿਆ। ਮੈਂ ਸੋਚਣਾ ਕਿ ਛੋਟੀ ਤਾਂ ਹਾਲੇ ਕਈ ਗੱਲਾਂ ਵੱਲੋਂ ਅਣਜਾਣ ਹੈ। ਮੈਨੂੰ ਇੰਜ ਲੱਗਣਾ ਜਿਵੇਂ ਸਾਡੀ ਧੁੱਪ ਵਾਲੀ ਛੱਤਰੀ ‘ਚ ਮੋਰੇ ਹੋ ਗਏ ਹੋਣ। ਸੁਰੱਖਿਆ ਵਾਲਾ ਕੰਬਲ ਪਾਟ ਗਿਆ ਹੋਵੇ ਤੇ ਪਿਆਰ ਦੇ ਨਿੱਘ ‘ਤੇ ਬਰਫ ਪੈ ਗਈ ਹੋਵੇ।
ਛੋਟੀ ਪਹਿਲਾਂ ਬਹੁਤ ਚੰਚਲ ਹੁੰਦੀ ਸੀ। ਬਹੁਤ ਬੇਪਰਵਾਹ ਸੀ, ਪਰ ਹੌਲੀ-ਹੌਲੀ ਉਹ ਬਹੁਤ ਹੀ ਸੰਵੇਦਨਸ਼ੀਲ ਕੁੜੀ ਬਣ ਗਈ ਤੇ ਮੇਰਾ ਸੁਭਾਅ ਬਹੁਤਾ ਸੰਗਾਊ ਹੋ ਗਿਆ। ਮੈਂ ਡਰਾਕਲ ਬਣ ਗਈ। ਸਕੂਲ ‘ਚ ਮੈਂ ਬਹੁਤ ਗੱਲਾਂ ‘ਚ ਪਿੱਛੇ ਰਹਿਣ ਲੱਗੀ। ਬਹੁਤ ਵਾਰ ਕਲਾਸ ਦੇ ਮੁੰਡੇ-ਕੁੜੀਆਂ ਮੇਰਾ ਮਖੌਲ ਉਡਾਉਂਦੇ, ਕਿਉਂਕਿ ਮੈਂ ਬਹੁਤ ਹੀ ਮਾਮੂਲੀ ਸਵਾਲਾਂ ਦੇ ਜਵਾਬ ਵੀ ਗਲਤ ਦੇ ਦਿੰਦੀ। ਮੇਰਾ ਮਨ ਹਰ ਵਕਤ ਡੈਡੀ ਦੇ ਖਿਆਲਾਂ ‘ਚ ਘੁੰਮਦਾ ਰਹਿੰਦਾ। ਭੈੜੇ-ਭੈੜੇ ਸੁਪਨੇ ਆਉਂਦੇ। ਗੱਲ-ਗੱਲ ‘ਤੇ ਰੋਣਾ ਅਤੇ ਲੜਨਾ-ਝਗੜਨਾ ਮੇਰੀ ਆਦਤ ਬਣ ਗਈ। ਮੈਂ ਆਪਣੇ ਨਿੱਕੇ-ਨਿੱਕੇ ਫੈਸਲੇ ਲੈਣੋਂ ਅਸਮਰਥ ਹੋਣ ਲੱਗੀ।
ਮੈਂ ਆਲੇ-ਦੁਆਲੇ ਵਿਚੋਂ ਖੁਸ਼ੀ ਭਾਲਣ ਲੱਗੀ। ਇੰਟਰਨੈਟ ਨਾਲ ਦੋਸਤੀ ਕਰ ਲਈ। ਅਣਜਾਣ ਲੋਕਾਂ ਨਾਲ ਗੱਲਾਂ ਕਰਕੇ ਮਨ ਸਕੂਨ ਲੱਭਣ ਲੱਗਾ। ਸਭ ਕਾਸੇ ਤੋਂ ਮਗਰੋਂ ਆਪਣੇ ਆਪ ਨਾਲ ਘ੍ਰਿਣਾ ਹੋਣ ਲੱਗ ਜਾਂਦੀ। ਰੋਣ ਆਉਂਦਾ। ਇੱਕ ਦੋ ਵਾਰ ਤਾਂ ਆਪਣੇ ਆਪ ਨੂੰ ਖਤਮ ਕਰਨ ਦੀ ਵੀ ਸੋਚੀ।
ਮੇਰੀ ਕੋਈ ਸੁਣਨ ਵਾਲਾ ਨਹੀਂ ਸੀ। ਨਾ ਹੀ ਕਿਸੇ ਨੂੰ ਮੈਂ ਦੱਸ ਸਕਦੀ ਸੀ ਕਿ ਮੇਰੇ ਅੰਦਰ ਕੀ ਚੱਲ ਰਿਹਾ ਹੈ? ਮੇਰਾ ਦਿਲ ਹਰ ਪਲ ਟੁੱਟਦਾ ਸੀ। ਮੇਰੇ ਅੰਦਰ ਕੁਝ ਮੱਚ ਰਿਹਾ ਸੀ। ਮੈਨੂੰ ਘਾਟ ਸੀ ਕਿਸੇ ਚੀਜ਼ ਦੀ…।
ਮੈਂ ਅਠਾਰਾਂ ਵਰ੍ਹਿਆਂ ਦੀ ਹੋ ਗਈ ਸਾਂ। ਮੇਰੀ ਨਾਨੀ ਮੇਰਾ ਵਿਆਹ ਆਪਣੀ ਮਰਜ਼ੀ ਦੇ ਮੁੰਡੇ ਨਾਲ ਭਾਰਤ ‘ਚ ਕਰਨਾ ਚਾਹੁੰਦੀ ਸੀ। ਮੈਂ ਇਸ ਤਰ੍ਹਾਂ ਨਹੀਂ ਚਾਹੁੰਦੀ ਸਾਂ। ਮੈਂ ਘਰੋਂ ਭੱਜ ਗਈ। ਇੱਕ ਸਹੇਲੀ ਨਾਲ ਰਹਿਣ ਲੱਗ ਪਈ। ਉਹ ਵੀ ਮਾਪਿਆਂ ਦੀ ਲੜਾਈ ਦਾ ਸੇਕ ਹੰਢਾ ਚੁਕੀ ਸੀ। ਇਸ ਤੋਂ ਵੀ ਅਗਾਂਹ, ਉਸ ਦੇ ਮਤਰੇਏ ਬਾਪ ਨੇ ਉਸ ਨਾਲ ਜ਼ਬਰਦਸਤੀ ਵੀ ਕੀਤੀ ਸੀ। ਮੇਰੀ ਸਹੇਲੀ ਨੂੰ ਮੇਰੇ ਨਾਲ ਬਹੁਤ ਹਮਦਰਦੀ ਸੀ।

ਮੇਰੇ ਮੰਮੀ ਡੈਡੀ ਦੇ ਪਿਛੋਕੜ ਦਾ ਮੈਨੂੰ ਹੁਣ ਪਤਾ ਲੱਗਾ ਹੈ। ਹੁਣ ਮੈਂ ਸਮਝਣ ਜੋਗ ਹੋਈ ਹਾਂ। ਮੇਰਾ ਡੈਡੀ ਪੰਜਾਬ ਤੋਂ ਬਹੁਤ ਹੀ ਔਖ ਝੱਲ ਕੇ ਕੈਨੇਡਾ ਆਇਆ ਸੀ। ਇੱਥੇ ਆ ਕੇ ਉਸ ਨੇ ਬਹੁਤ ਮਿਹਨਤ ਕੀਤੀ। ਬਹੁਤ ਕੁਝ ਬਣਾਇਆ। ਕਈ ਵਰ੍ਹਿਆਂ ਪਿੱਛੋਂ ਵਿਆਹ ਕਰਾਉਣ ਪੰਜਾਬ ਗਿਆ। ਮੇਰੇ ਨਾਨਕਿਆਂ ਨੇ ਮਿੰਨਤਾਂ ਕਰਕੇ ਮੇਰੀ ਮੰਮੀ ਦਾ ਰਿਸ਼ਤਾ ਮੇਰੇ ਡੈਡੀ ਨੂੰ ਕੀਤਾ ਸੀ। ਮੇਰਾ ਡੈਡੀ ਕਹਿੰਦਾ ਸੀ ਕਿ ਸਾਡਾ ਕੋਈ ਮੇਲ ਨਹੀਂ ਹੈ, ਪਰ ਮੇਰੀ ਨਾਨੀ ਨੇ ਤਰਲੇ ਕਰਦਿਆਂ ਕਿਹਾ ਸੀ ਕਿ ਸਾਊ ਮੇਰੀ ਧੀ ਸਿਆਣੀ ਹੈ। ਇਹ ਸਾਡੇ ਘਰ ਦੇ ਹਾਲਾਤ ਸਮਝਦੀ ਹੈ। ਮੇਲ ਤਾਂ ਧੁਰੋਂ ਲਿਖੇ ਆਉਂਦੇ ਨੇ।
ਮੇਰਾ ਡੈਡੀ ਜਿਸ ਦਿਨ ਮੇਰੀ ਮੰਮੀ ਨੂੰ ਪਹਿਲੀ ਵਾਰ ਮਿਲਿਆ ਤਾਂ ਉਹ ਦੇਖਣ ਨੂੰ ਬਾਹਰੋਂ ਪੂਰੀ ਤਰ੍ਹਾਂ ਕੁਦਰਤੀ ਤੇ ਸੁਭਾਵਿਕ ਵਿਹਾਰ ਕਰਦੀ ਰਹੀ। ਮੇਰੇ ਨਾਨਕਿਆਂ ਦੀਆਂ ਕਈ ਔਰਤਾਂ ਕੋਲੋਂ ਮੈਂ ਸੁਣਿਆ ਹੈ, “ਜਿਸ ਦਿਨ ਮੁੰਡੇ ਆਲੇ ਰਿਸ਼ਮ ਦੀ ਰੋਕ ਕਰਕੇ ਗਏ ਤਾਂ ਅਸੀਂ ਪੁੱਛਿਆ, ਰਿਸ਼ਮ ਤੇਰਾ ਹੋਣ ਆਲਾ ਪ੍ਰਾਹੁਣਾ ਕਿਹਾ ਜ੍ਹਾ ਐ, ਕੁੜੇ?” ਤਾਂ ਇਹਨੇ ਭਰੇ ਮਨ ਨਾਲ ਜਵਾਬ ਦਿੱਤਾ ਸੀ, “ਠੀਕ ਈ ਐ?”
ਮੇਰੇ ਮੰਮੀ-ਡੈਡੀ ਦਾ ਵਿਆਹ ਹੋ ਗਿਆ ਤੇ ਸਭ ਕੁਝ ਸੁੱਖੀਂ-ਸਾਂਦੀਂ ਨੇਪਰੇ ਚੜ੍ਹ ਗਿਆ। ਮੇਰੀ ਮੰਮੀ ਕੈਨੇਡਾ ਆ ਗਈ। ਕੰਮਾਂ ਧੰਦਿਆਂ ‘ਚ ਜੁੜ ਗਈ। ਕੁਝ ਸਮੇਂ ਮਗਰੋਂ ਮੈਂ ਆ ਗਈ। ਮੇਰਾ ਡੈਡੀ ਬਹੁਤ ਖੁਸ਼ ਹੋਇਆ। ਮੇਰੇ ਦਾਦਕੇ ਕੁਝ ਨਾ ਬੋਲੇ। ਮੇਰੀ ਨਾਨੀ ਮੇਰੇ ਜੰਮਣ ‘ਤੇ ਬਹੁਤ ਦੁਖੀ ਹੋਈ।
ਕੁਝ ਵਰ੍ਹਿਆਂ ਮਗਰੋਂ ਮੇਰੇ ਦਾਦਾ ਤੇ ਦਾਦੀ ਕੈਨੇਡਾ ਆ ਗਏ। ਉਸ ਵੇਲੇ ਦੀ ਮੈਨੂੰ ਥੋੜ੍ਹੀ-ਥੋੜ੍ਹੀ ਸੁਰਤ ਹੈ। ਜਦ ਉਹ ਇੱਥੇ ਆਏ ਤਾਂ ਮੇਰੀ ਮੰਮੀ ਮੇਰੇ ਡੈਡੀ ਨਾਲ ਗੱਲ-ਗੱਲ ‘ਤੇ ਲੜਨ ਲੱਗੀ ਤੇ ਰੁੱਸਣ ਲੱਗੀ। ਘਰ ਦੇ ਮਾਹੌਲ ‘ਚ ਕੁੜੱਤਣ ਵੱਧ ਗਈ। ਛੇ ਕੁ ਮਹੀਨਿਆਂ ‘ਚ ਮੇਰੇ ਦਾਦਾ-ਦਾਦੀ ਸਭ ਸਮਝ ਗਏ। ਉਹ ਵਾਪਸ ਭਾਰਤ ਮੁੜ ਗਏ।
ਇਹ ਗੱਲ ਮੇਰੀ ਦਾਦੀ ਨੇ ਮੈਨੂੰ ਹੁਣ ਇੱਕ ਦਿਨ ਫੋਨ ‘ਤੇ ਦੱਸੀ ਸੀ ਕਿ ਮੇਰੀ ਨਾਨੀ ਨੂੰ ਕੈਨੇਡਾ ਆ ਕੇ ਪਤਾ ਲੱਗਾ ਕਿ ਮੇਰੀ ਮੰਮੀ ਦੇ ਦੂਜਾ ਨਿਆਣਾ ਹੋਣ ਵਾਲਾ ਹੈ। ਮੇਰੀ ਨਾਨੀ ਕਹਿਣ ਲੱਗੀ, “ਆਪਾਂ ਚੈੱਕ ਕਰਾਵਾਂਗੇ ਬਈ ਮੁੰਡੈ ਜਾਂ ਕੁੜੀ ਐ?” ਬਾਰਡਰ ਤੋਂ ਪਾਰ ਜਾ ਕੇ ਚੈੱਕ ਕਰਾਇਆ। ਡਾਕਟਰ ਕਹਿਣ ਲੱਗਾ, “ਹੁਣ ਕੁਝ ਨ੍ਹੀਂ ਹੋ ਸਕਦਾ। ਮਹੀਨੇ ਉਪਰਦੀ ਲੰਘ ਗਏ। ਹੁਣ ਸਫਾਈ ਨ੍ਹੀਂ ਹੋ ਸਕਦੀ। ਇਹ ਕਰਨਾ, ਬਹੁਤ ਖਤਰਨਾਕ ਹੋ ਸਕਦੈ।” ਮੇਰੀ ਨਾਨੀ ਨੂੰ ਅੰਤਾਂ ਦਾ ਦੁੱਖ ਹੋਇਆ।
ਇਹ ਗੱਲਾਂ ਮੇਰੀ ਨਾਨੀ ਦੇ ਮੂੰਹੋਂ ਮੈਂ ਕਈ ਵਾਰ ਸੁਣੀਆਂ ਸਨ, ਜਦ ਉਹ ਮੇਰੇ ਨਾਨਕਿਆਂ ਦੀ ਕਿਸੇ ਔਰਤ ਨਾਲ ਗੱਲਾਂ ਕਰਦੀ ਸੀ, “ਕੀ ਮੁਕਾਬਲੈ ਮੇਰੀ ਧੀ ਦਾ ਓਸ ਬੂਝੜ ਜੱਟ ਨਾਲ? ਉਹ ਅਣਘੜ ਜਾਤੂ ਤੇ ਮੇਰੀ ਧੀ ਗੰਨੇ ਦੀ ਪੋਰੀ। ਹੈਂ? ਅਸੀਂ ਤਾਂ ਕੁੜੀ ਨੂੰ ਖੂਹ ‘ਚ ਧੱਕਾ ਦੇ ਬੈਠੇ…।” ਨਿੱਕੀ ਹੁੰਦੀ ਨੂੰ ਮੈਨੂੰ ਇਹ ਗੱਲਾਂ ਸਮਝ ਨਹੀਂ ਆਈਆਂ ਸਨ। ਹੁਣ ਪਤਾ ਚਲਦਾ ਹੈ ਕਿ ਮੇਰੀ ਨਾਨੀ ਮਾਂ ਦੇ ਮਗਰੋਂ ਮੇਰੇ ਬਾਪ ਨੂੰ ਲਾਹ ਕੇ ਕੋਈ ਸੋਨੇ ਵਰਗਾ ਗੱਭਰੂ ਪੰਜਾਬ ਤੋਂ ਲਿਆਉਣਾ ਚਾਹੁੰਦੀ ਸੀ।
ਮੈਨੂੰ ਹੁਣ ਸਮਝ ਆਉਂਦਾ ਹੈ ਕਿ ਬੱਚਿਆਂ ਨੂੰ ਤਵੱਜੋ ਦੀ, ਧਿਆਨ ਦੀ, ਸਨੇਹ ਦੀ, ਲਾਡ ਦੀ, ਨਿੱਤ ਨਵੇਂ ਗਿਆਨ ਦੀ, ਸ਼ਾਂਤੀ ਦੀ ਤੇ ਮਾਪਿਆਂ ਦੀ ਇਕਸੁਰਤਾ ਦੀ ਬਹੁਤ ਲੋੜ ਹੁੰਦੀ ਹੈ। ਇਨ੍ਹਾਂ ਸਭਨਾਂ ਵੱਲੋਂ ਸਾਡਾ ਘਰ ਸੱਖਣਾ ਸੀ। ਸਾਨੂੰ ਦੋਹਾਂ ਭੈਣਾਂ ਨੂੰ ਇਨ੍ਹਾਂ ਸਭਨਾਂ ਗੱਲਾਂ ਦੀ ਘਾਟ ਰਹੀ।
ਸਿਆਣੇ ਕਹਿੰਦੇ ਨੇ; ਵੱਖਰੀਆਂ ਕਦਰਾਂ-ਕੀਮਤਾਂ, ਵੱਖੋ-ਵੱਖਰੇ ਸੋਚਣ ਦੇ ਢੰਗਾਂ ਦਾ ਹੋਣਾ, ਤਲਾਕ ਦਾ ਕਾਰਨ ਬਣਦਾ ਹੈ। ਇੱਕ ਦੂਜੇ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਨਾ ਵੀ ਇੱਕ ਕਾਰਨ ਹੈ। ਨਸ਼ੇ ਵੀ ਤਲਾਕ ਕਰਾਉਂਦੇ ਹਨ। ਪਤੀ ਜਾਂ ਪਤਨੀ ਵਿਚੋਂ ਕਿਸੇ ਇੱਕ ਦਾ ਧੋਖੇਬਾਜ ਹੋਣਾ ਤੇ ਕਈ ਵਾਰ ਕੰਮ-ਕਾਜ ਜਾਂ ਨੌਕਰੀਆਂ ਵੀ ਤਲਾਕ ਦਾ ਕਾਰਨ ਬਣਦੀਆਂ ਹਨ। ਮੇਰੇ ਮਨ ‘ਚ ਆਉਂਦਾ ਹੈ ਕਿ ਮੇਰੇ ਮੰਮੀ-ਡੈਡੀ ਦਾ ਇਹੋ ਜਿਹਾ ਕੋਈ ਰੌਲਾ ਨਹੀਂ ਸੀ। ਸਭ ਕੁਝ ਠੀਕ ਸੀ। ਬੱਸ ਮੇਰੀ ਨਾਨੀ ਨੂੰ ਜਵਾਈ ਪਸੰਦ ਨਹੀਂ ਸੀ। ਇਸੇ ਕਾਰਨ ਹੀ, ਜਦ ਅਸੀਂ ਦੋਹੇਂ ਭੈਣਾਂ ਡੈਡੀ ਵਾਸਤੇ ਕੋਈ ਚੰਗੀ ਗੱਲ ਕਰਦੀਆਂ ਸਾਂ ਤਾਂ ਸਾਡੀ ਨਾਨੀ ਮੱਚ ਕੇ ਕੋਲਾ ਹੋ ਜਾਂਦੀ ਸੀ।
ਮੇਰੀ ਮਾਂ ਜੇ ਤਕੜੀ ਹੁੰਦੀ, ਜੇ ਹੌਸਲਾ ਕਰਦੀ ਤਾਂ ਬਚਾ ਹੋ ਸਕਦਾ ਸੀ, ਪਰ ਉਹ ਇੰਜ ਨਾ ਕਰ ਸਕੀ।
ਘਰੋਂ ਕੱਢੇ ਜਾਣ ਮਗਰੋਂ ਡੈਡੀ ਨੇ ਲੁਕ ਕੇ ਸਾਨੂੰ ਦੋਹਾਂ ਭੈਣਾਂ ਨੂੰ ਮਿਲਣ ਦੀ ਕੋਸ਼ਿਸ਼ ਕਈ ਵਾਰ ਕੀਤੀ ਸੀ। ਉਹ ਸਾਨੂੰ ਸਕੂਲ ਤੋਂ ਆਉਂਦੀਆਂ ਤੇ ਜਾਂਦੀਆਂ ਨੂੰ ਦੂਰ ਖੜ੍ਹ ਕੇ ਦੇਖਦਾ ਰਹਿੰਦਾ। ਮੇਰਾ ਬਹੁਤ ਜੀਅ ਕਰਦਾ ਹੁੰਦਾ ਉਹਨੂੰ ਮਿਲਣ ਨੂੰ। ਛੋਟੀ ਇੱਕ ਵਾਰ ਭੱਜ ਕੇ ਡੈਡੀ ਕੋਲ ਚਲੀ ਗਈ ਸੀ। ਨਾਨੀ ਨੇ ਘਰ ਆ ਕੇ ਉਸ ਨੂੰ ਮਾਰਿਆ ਸੀ। ਮੈਂ ਬਹੁਤ ਡਰ ਗਈ ਸਾਂ।
ਮੇਰਾ ਮਾਮਾ ਘਰ ਤੋਂ ਬਾਹਰ ਰਹਿਣ ਲੱਗ ਪਿਆ ਸੀ। ਉਸ ਦੇ ਚਾਲੇ ਪੁੱਠੇ ਹੀ ਸਨ। ਉਹ ਮਹਿੰਗੀਆਂ ਕਾਰਾਂ ਦਾ ਤੇ ਗੋਰੀਆਂ ਦਾ ਸ਼ੌਕੀਨ ਸੀ। ਨਸ਼ੇ ਵੀ ਕਰਦਾ ਸੀ। ਮੇਰੀ ਨਾਨੀ ਨੇ ਬਿਠਾ ਕੇ ਉਸ ਨੂੰ ਕਈ ਵਾਰ ਸਮਝਾਇਆ ਸੀ।
ਮਾਸੀ ਵੀ ਰੰਗੀਨ ਸੁਭਾਅ ਦੀ ਮਾਲਕ ਬਣ ਗਈ ਸੀ। ਕਹਿਣ ਨੂੰ ਤਾਂ ਉਹ ਪੀਐਚ. ਡੀ. ਦੀ ਪੜ੍ਹਾਈ ਵਿਚਾਲੇ ਛੱਡ ਕੇ ਕੈਨੇਡਾ ਆਈ ਸੀ, ਪਰ ਉਸ ਦਾ ਮਾਨਸਿਕ ਪੱਧਰ ਅੱਠਵੀਂ ਵਾਲੇ ਵਿਦਿਆਰਥੀ ਜਿੰਨਾ ਕੁ ਹੀ ਸੀ। ਪੜ੍ਹਾਈ ਵਾਲਾ ਪਾਸਾ ਮਾਮੇ ਦਾ ਵੀ ਜ਼ੀਰੋ ਦੇ ਨੇੜੇ ਹੀ ਸੀ। ਮਾਮਾ ਕਿਸੇ ਪਾਸੇ ਹੋਰ ਤੁਰ ਰਿਹਾ ਸੀ ਤੇ ਮਾਸੀ ਕਿਸੇ ਪਾਸੇ ਹੋਰ। ਮਾਸੀ ਲੁਕ ਕੇ ਵੋਧਕਾ ਦਾ ਪੈੱਗ ਲਾ ਲੈਂਦੀ ਸੀ। ਇਹ ਆਦਤ ਉਸ ਨੂੰ ਪਤਾ ਨਹੀਂ ਕਦ ਤੇ ਕਿਵੇਂ ਪਈ ਸੀ? ਭਾਂਤ-ਭਾਂਤ ਦੇ ਕੱਪੜੇ ਖਰੀਦਣਾ ਤੇ ਦੋ ਕੁ ਦਿਨ ਪਾਉਣਾ, ਫਿਰ ਸੁੱਟ ਦੇਣਾ, ਉਸ ਦਾ ਸ਼ੌਂਕ ਸੀ। ਬਿਊਟੀ-ਪਾਰਲਰ ‘ਤੇ ਜਾ ਕੇ ਖਰਚਾ ਕਰਨਾ ਮਾਣ ਸਮਝਦੀ ਸੀ। ਇਹ ਗੱਲਾਂ ਪਹਿਲਾਂ-ਪਹਿਲਾਂ ਦੀਆਂ ਸਨ। ਉਸ ਤੋਂ ਮਗਰੋਂ ਤਾਂ ਉਹ ਰਾਤਾਂ ਨੂੰ ਘਰੋਂ ਬਾਹਰ ਰਹਿਣ ਲੱਗ ਪਈ ਸੀ।
ਕੁਝ ਸਮੇਂ ਮਗਰੋਂ ਮੇਰਾ ਮਾਮਾ ਡਰੱਗਾਂ ਵਾਲੇ ਗੈਂਗ ਨਾਲ ਰਲ ਗਿਆ ਸੀ ਤੇ ਘਰ ਛੱਡ ਗਿਆ ਸੀ। ਫਿਰ ਪਤਾ ਲੱਗਾ ਕਿ ਉਸ ਨੂੰ ਕਿਸੇ ਨੇ ਮਾਰ ਦਿੱਤਾ ਹੈ। ਉਸ ਦੀ ਲਾਸ਼ ਨਹੀਂ ਲੱਭੀ ਸੀ।
ਮੇਰੀ ਮਾਸੀ ਇੱਕ ਦਿਨ ਕੰਮ ‘ਤੇ ਗਈ ਘਰ ਨਾ ਆਈ। ਕਈ ਦੱਸਦੇ ਹਨ ਕਿ ਉਹ ਅਮਰੀਕਾ ‘ਚ ਕਿਸੇ ਕਾਲੇ ਨਾਲ ਰਹਿੰਦੀ ਹੈ।
ਮੈਨੂੰ ਛੋਟੀ ਦੱਸਦੀ ਸੀ ਕਿ ਨਾਨੀ ਹੁਣ ਨਿੱਤ ਬਿਮਾਰ ਰਹਿੰਦੀ ਹੈ। ਉਸ ਦੀ ‘ਹਾਏ ਹਾਏ’ ਨੂੰ ਮੰਮੀ ਬਹੁਤ ਨਫਰਤ ਕਰਦੀ ਹੈ। ਹੁਣ ਤਾਂ ਮੰਮੀ ਉਸ ਨੂੰ ਕਈ ਵਾਰ ਗੰਦੀਆਂ ਗਾਲ੍ਹਾਂ ਕੱਢ ਦਿੰਦੀ ਹੈ।
ਮੇਰਾ ਡੈਡੀ ਪਤਾ ਨਹੀਂ ਕਿਥੇ ਹੈ? ਮੇਰਾ ਉਸ ਨੂੰ ਮਿਲਣ ਨੂੰ ਬਹੁਤ ਚਿੱਤ ਕਰਦਾ ਹੈ। ਮੇਰਾ ਜੀਅ ਕਰਦਾ ਹੈ ਕਿ ਮੈਂ ਉਸ ਦੇ ਕੱਪੜਿਆਂ ਦੀ ਮਹਿਕ ਲਵਾਂ ਤੇ ਉਸ ਦੇ ਸਖਤ ਤੇ ਖੁਰਦਰੇ ਹੱਥਾਂ ‘ਚ ਖੇਡਦੀ ਹੋਵਾਂ।
ਕਈ ਸਾਲਾਂ ਬਾਅਦ ਮੇਰੇ ਮਨ ਦੇ ਕੁਦਰਤੀ ਫੁੱਲਾਂ ਵਿਚ ਅਸਲੀ ਰੰਗ ਖਿੜਨ ਲੱਗ ਪਏ ਹਨ। ਮਨ ਸੋਝੀ ਦੇ ਆਖੇ ਲੱਗਣ ਲੱਗ ਪਿਆ ਹੈ, ਪਰ ਕਦੇ-ਕਦੇ ਮਨ ਦੇ ਕਿਸੇ ਖੂੰਜੇ ‘ਚ ਉਗਿਆ ਕਾਲੀ ਰਾਤ ਦੇ ਰੰਗ ਵਰਗਾ ਫੁੱਲ ਚੀਕ ਪੈਂਦਾ ਹੈ ਕਿ ਜੇ ਕਿਤੇ ਏਸ ਕੁੜੀ ਦੀ ਜ਼ਿੰਦਗੀ ਵੀ ਇਹਦੀ ਜੰਮਣ ਵਾਲੀ ਵਾਂਗ਼..। ਉਸੇ ਵੇਲੇ ਦੂਜੇ ਪਾਸਿਓਂ ਹੁਸੀਨ ਵਿਚਾਰਾਂ ਦੀ ਬੁੱਕਲ ‘ਚ ਖੇਡਦੀ ਮੇਰੀ ਸੋਝੀ ਮਨ ਦੇ ਬਰਾਬਰ ਖੜੋ ਜਾਂਦੀ ਹੈ ਤੇ ਦਿਨ ਦੇ ਚਾਨਣ ਵਰਗੇ ਫੁੱਲਾਂ ਹੇਠ ਕਾਲੇ ਫੁੱਲ ਨੂੰ ਦੱਬ ਲੈਂਦੀ ਹੈ।