ਸਿੱਖੀ, ਬੰਦਾ ਸਿੰਘ ਬਹਾਦਰ ਅਤੇ ਇਤਿਹਾਸ-4
ਹਰਪਾਲ ਸਿੰਘ
ਫੋਨ: 916-236-8830
ਬੰਦਾ ਸਿੰਘ ਬਹਾਦਰ ਸਮੇਂ ਜਾਂ ਉਸ ਤੋਂ ਬਾਅਦ ਲਿਖੇ ਗਏ ਫਾਰਸੀ ਸਰੋਤ ਸਿੱਖ ਇਤਿਹਾਸ ਦੀ ਜਾਣਕਾਰੀ ਲਈ ਅਹਿਮ ਹਨ। ਚੰਦ ਇਕ ਮੁਸਲਮਾਨ ਇਤਿਹਾਸਕਾਰਾਂ ਨੂੰ ਛੱਡ ਕੇ ਬਹੁਤੇ, ਬੰਦੇ ਦੇ ਸਮਕਾਲੀ ਸਨ। ਇਨ੍ਹਾਂ ਵਿਚੋਂ ਬਹੁਤੇ, ਚਾਹੇ ਉਹ ਸਰਹਿੰਦ ਜਾਂ ਲੋਹਗੜ੍ਹ ਦੀ ਲੜਾਈ ਸੀ, ਜਾਂ ਗੁਰਦਾਸ ਨੰਗਲ ਦਾ ਘੇਰਾ ਜਾਂ ਦਿੱਲੀ ਵਿਚ ਸਿੱਖਾਂ ਦੀ ਸ਼ਹਾਦਤ ਸੀ, ਦੇ ਚਸ਼ਮਦੀਦ ਗਵਾਹ ਸਨ। ਇਨ੍ਹਾਂ ਸਰੋਤਾਂ ਦੇ ਅਧਿਐਨ ਤੋਂ ਬੰਦਾ ਸਿੰਘ ਬਹਾਦਰ ਅਧੀਨ ਲੜੇ ਗਏ ਸਿੱਖ ਸੰਘਰਸ਼ ਦੀ ਭਰਪੂਰ ਜਾਣਕਾਰੀ ਮਿਲਦੀ ਹੈ। ਸੰਨ 1800 ਤੱਕ ਰਚੇ ਗਏ ਇਨ੍ਹਾਂ ਫਾਰਸੀ ਸਰੋਤਾਂ ਦਾ ਖ਼ਜ਼ਾਨਾ ਸਿੱਖ ਇਤਿਹਾਸ ਨੂੰ ਵੱਡਮੁੱਲੀ ਦੇਣ ਹੈ ਜੋ ਵੱਖ ਵੱਖ ਰੰਗਾਂ ਦੀ ਇਤਿਹਾਸਕਾਰੀ ਦਾ ਦੁਰਲੱਭ ਸੋਮਾ ਹੈ।
ਬੰਦਾ ਸਿੰਘ ਬਹਾਦਰ ਦੇ ਸਮੇਂ ਬਹੁਤੇ ਇਤਿਹਾਸਕਾਰ ਧਾਰਮਿਕ ਦ੍ਰਿਸ਼ਟੀ ਤੋਂ ਮੁਸਲਮਾਨ ਸਨ ਅਤੇ ਪੇਸ਼ੇ ਪੱਖੋਂ ਮੁਗਲ ਦਰਬਾਰ ਦੇ ਸਰਕਾਰੀ ਕਰਮਚਾਰੀ। ਇਨ੍ਹਾਂ ਦੇ ਦਿਲਾਂ ਵਿਚ ਬਾਦਸ਼ਾਹ ਅਤੇ ਮੁਗਲ ਸੈਨਾਪਤੀਆਂ ਲਈ ਬੜੀ ਹਮਦਰਦੀ ਅਤੇ ਵਫਾਦਾਰੀ ਸੀ, ਜਦੋਂ ਕਿ ਬੰਦਾ ਸਿੰਘ ਬਹਾਦਰ ਅਤੇ ਸਿੱਖਾਂ ਪ੍ਰਤੀ ਦੁਸ਼ਮਣੀ, ਨਫ਼ਰਤ ਤੇ ਈਰਖਾ ਕੁੱਟ ਕੁੱਟ ਕੇ ਭਰੀ ਪਈ ਸੀ। ਆਪਣੀ ਸੌੜੀ ਸੋਚ ਕਾਰਨ ਇਨ੍ਹਾਂ ਨੇ ਬੰਦਾ ਸਿੰਘ ਬਹਾਦਰ ਤੇ ਉਸ ਦੇ ਸਾਥੀ ਸਿੰਘਾਂ ਦੇ ਨੇਕ, ਸੱਚੇ ਸੁੱਚੇ, ਜੁਝਾਰੂ ਤੇ ਲੋਕਪੱਖੀ ਕਿਰਦਾਰ ਨੂੰ ਲਹੂ ਲੁਹਾਣ ਤੇ ਕਤਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਨ੍ਹਾਂ ਦੀਆਂ ਲਿਖਤਾਂ ਵਿਚ ਬੰਦਾ ਸਿੰਘ ਬਹਾਦਰ ਨੂੰ ਕੁੱਤਾ, ਜ਼ਲੀਲ, ਕਾਫਿਰ, ਬਦ-ਨਸਲ, ਬਦਜਾਤ, ਕਮੀਨਾ, ਬਹਿਰੂਪੀਆ, ਜ਼ਾਲਿਮ, ਨਾਪਾਕ, ਉੱਲੂ, ਬੇਰਹਿਮ ਫਸਾਦੀ ਅਤੇ ਰੱਬੀ ਕਹਿਰ ਦਾ ਮਾਰਿਆ ਦੱਸਿਆ ਗਿਆ ਹੈ, ਜਦੋਂ ਕਿ ਵਜ਼ੀਰ ਖਾਨ ਵਰਗੇ ਕਾਤਲ ਅਤੇ ਉਸ ਦੇ ਜ਼ਾਲਿਮ ਫੌਜਦਾਰਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਦਰਬਾਰੀਆਂ ਨੇ ਸਰਕਾਰੀ ਕਰਮਚਾਰੀ ਹੋਣ ਕਰ ਕੇ ਬੰਦਾ ਸਿੰਘ ਬਹਾਦਰ ਤੇ ਉਸ ਦੇ ਸਾਥੀ ਸਿੰਘਾਂ ਦੀ ਜੁਰਅਤ ਅਤੇ ਦਲੇਰੀ ਨੂੰ ਮੁਸਲਮਾਨਾਂ ਉਪਰ ਅੱਤਿਆਚਾਰ ਤੇ ਵਹਿਸ਼ੀ ਰੰਗਤ ਵਿਚ ਪੇਸ਼ ਕੀਤਾ ਹੈ ਕਿ ਉਸ ਦਾ ਉਦੇਸ਼ ਇਸਲਾਮ ਤੇ ਮੁਸਲਮਾਨਾਂ ਦਾ ਤੁਖਮ ਨਾਸ ਕਰਨਾ ਸੀ। ਮੁਸਲਮਾਨਾਂ ਉਪਰ ਜ਼ੁਲਮੋ ਸਿਤਮ, ਕਤਲੋ ਗਾਰਤ ਤੇ ਕੁੱਟਮਾਰ ਤੋਂ ਇਲਾਵਾ ਉਨ੍ਹਾਂ ਦੇ ਧਾਰਮਿਕ ਸਥਾਨਾਂ ਭਾਵ ਮਸਜਿਦਾਂ, ਮਕਬਰਿਆਂ, ਮਜ਼ਾਰਾਂ, ਕਬਰਾਂ ਆਦਿ ਦੀ ਵਿਆਪਕ ਪੱਧਰ ‘ਤੇ ਬਰਬਾਦੀ ਅਤੇ ਤਬਾਹੀ ਕਰਨਾ ਸੀ। ਪੱਖਪਾਤੀ ਰੁਝਾਨ ਇਨ੍ਹਾਂ ਇਤਿਹਾਸਕਾਰਾਂ ਦੀਆਂ ਲਿਖਤਾਂ ਵਿਚ ਆਮ ਦੇਖਣ ਨੂੰ ਮਿਲਦਾ ਹੈ।
ਫਾਰਸੀ ਦੇ ਇਨ੍ਹਾਂ ਲਿਖਾਰੀਆਂ ਵਿਚ ਕੁਝ ਇਕ ਹਿੰਦੂ ਇਤਿਹਾਸਕਾਰ ਵੀ ਸਨ, ਜਿਵੇਂ ਸ਼ਿਵਦਾਸ ਲਖਨਵੀ, ਬੁੱਧ ਸਿੰਘ ਅਰੋੜਾ, ਖੁਸ਼ਹਾਲ ਚੰਦ ਤੇ ਕਾਮਰਾਜ ਬਿਨ ਨੈਣ ਸਿੰਘ। ਇਨ੍ਹਾਂ ਨੇ ਤਾਂ ਬੰਦਾ ਸਿੰਘ ਬਹਾਦਰ ਤੇ ਸਿੱਖਾਂ ਲਈ ਅਪਮਾਨਜਨਕ ਸ਼ਬਦਾਵਲੀ ਦਾ ਪ੍ਰਯੋਗ ਕਰਨ ਵਿਚ ਮੁਸਲਮਾਨ ਇਤਿਹਾਸਕਾਰਾਂ ਨੂੰ ਵੀ ਪਛਾੜ ਦਿੱਤਾ ਹੈ। ਬੰਦਾ ਸਿੰਘ ਬਹਾਦਰ ਨੂੰ ਕਾਫਿਰ, ਕੁੱਤਾ, ਜ਼ਲੀਲ, ਲਾਅਣਤੀ, ਨਾਪਾਕ, ਉੱਲੂ, ਧੋਖੇਬਾਜ਼, ਮਰਦੂਦ, ਜ਼ਾਲਿਮ, ਬਾਗ਼ੀ, ਫਸਾਦੀ, ਬੇਰਹਿਮ ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਵਿਸ਼ੇਸ਼ਣ ਦਿੱਤੇ ਹਨ।
ਫਾਰਸੀ ਦੇ ਸਰੋਤਾਂ ਵਿਚੋਂ ਸਿੱਖਾਂ ਪ੍ਰਤੀ ਪ੍ਰਾਪਤ ਗਵਾਹੀ ਨੂੰ ਸਹੀ ਇਤਿਹਾਸਕ ਸੱਚ ਅਤੇ ਤੱਥ ਲੱਭਣ ਲਈ ਬੜੀ ਸਾਵਧਾਨੀ ਦੀ ਲੋੜ ਹੈ। ਸਿੱਖ ਧਰਮ ਅਤੇ ਇਤਿਹਾਸ ਸਬੰਧੀ ਇਨ੍ਹਾਂ ਸਰੋਤਾਂ ਵਿਚ ਕਈ ਦੋਸ਼ ਹਨ ਜੋ ਲਿਖਾਰੀਆਂ ਦੀ ਅਧੂਰੀ ਸੋਚ ਦੇ ਸੂਚਕ ਹਨ। ਫਾਰਸੀ ਦੇ ਬਹੁਤੇ ਇਤਿਹਾਸਕਾਰਾਂ ਨੇ ਬੰਦਾ ਬਹਾਦਰ ਦੇ ਸੰਘਰਸ਼ ਨੂੰ ਨਿਰਪੱਖਤਾ ਸਹਿਤ ਬਿਆਨ ਕਰਨ ਦੀ ਬਜਾਏ ਫਿਰਕਾਪ੍ਰਸਤੀ ਤੇ ਤੰਗ ਨਜ਼ਰੀਏ ਤੋਂ ਪੇਸ਼ ਕੀਤਾ ਹੈ ਤਾਂ ਜੋ ਉਸ ਨੂੰ ਇਸਲਾਮ ਅਤੇ ਮੁਸਲਮਾਨਾਂ ਦਾ ਕਾਤਲ ਠਹਿਰਾਇਆ ਜਾ ਸਕੇ। ਕੁਝ ਇਕ ਵੰਨਗੀਆਂ ਇਸ ਤਰ੍ਹਾਂ ਹਨ,
ਢਾਡੀ ਨੱਥ ਮਲ (ਅਮਰਨਾਮਾ 1708 ਈæ)
ਪ੍ਰੋæ ਗੰਡਾ ਸਿੰਘ ਅਨੁਸਾਰ ਨੱਥ ਮਲ, ਗੁਰੂ ਗੋਬਿੰਦ ਸਿੰਘ ਦੇ ਸਮੇਂ ਤੱਕ ਜੀਵਤ ਹੀ ਨਹੀਂ ਰਿਹਾ, ਬਲਕਿ ਦੱਖਣ ਦੇ ਸਫ਼ਰ ਸਮੇਂ ਗੁਰੂ ਸਾਹਿਬ ਦੇ ਨਾਲ ਸੀ। ਉਹ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਸਮੇਂ ਨਾਂਦੇੜ ਵਿਚ ਮੌਜੂਦ ਸੀ ਤੇ ‘ਅਮਰਨਾਮਾ’ ਦੀ ਰਚਨਾ ਨਾਂਦੇੜ ਵਿਚ ਹੀ ਕੀਤੀ ਗਈ ਸੀ। ‘ਅਮਰਨਾਮਾ’ (ਸੰਪਾਦਕ ਪ੍ਰੋæ ਗੰਡਾ ਸਿੰਘ, ਸਿੱਖ ਹਿਸਟਰੀ ਸੁਸਾਇਟੀ 1975) ਵਿਚੋਂ ਬੰਦਾ ਬਹਾਦਰ ਬਾਰੇ ਜੋ ਅੰਸ਼ ਲਏ ਗਏ ਹਨ, ਉਹ ਪ੍ਰੋæ ਗੰਡਾ ਸਿੰਘ ਦੁਆਰਾ ਸੰਪਾਦਿਤ ਐਡੀਸ਼ਨ ਵਿਚੋਂ ਲਏ ਗਏ ਹਨ,
ਬ-ਨਾਲੈਨਿ ਚੋਬੀ ਓ ਯਕ ਕੂਜ਼ਾ ਸ਼ੀਰ॥
ਬਿਆਗਸਤ ਸੱਜਾਦਾਦੇ ਚੂੰ ਸਰੀਰ॥
ਗਦਾ ਬੂਦ ਆਂ ਜਾ ਯਕੇ ਤੁੰਦ ਖੂ॥
ਕਿ ਗੂਲੇ ਬਿਆਂਬਾਂ ਬ-ਤਸਖੀਰ ਊ॥
(ਉਥੇ ਇਕ ਕੌੜੇ ਸੁਭਾਉ ਵਾਲਾ ਸਾਧੂ ਸੀ ਜਿਸ ਦੇ ਵੱਸ ਵਿਚ ਜੰਗਲੀ ਭੂਤ ਪ੍ਰੇਤ ਸਨ। ਉਸ ਕੋਲ ਲੱਕੜੀ ਦੀਆਂ ਖੜਾਵਾਂ ਤੇ ਦੁੱਧ ਦੀ ਇਕ ਗੜਵੀ ਸੀ ਤੇ ਉਸ ਨੇ ਆਪਣਾ ਆਸਣ ਸ਼ਾਹੀ ਤਖ਼ਤ (ਰਾਜ ਸਿੰਘਾਸਨ) ਵਾਂਗ ਸਜਾਇਆ ਹੋਇਆ ਸੀ।)
ਦਿਲਸ਼ ਬੇ-ਮੁਹੱਬਤ ਸਰਸ਼ ਪੁਰ ਗਰੂਰ॥
ਕਿ ਅਜ਼ ਆਬਿਦੋ ਹਕ ਪ੍ਰਸਤਾਂ ਨਫੂਰ॥
(ਉਸ ਦਾ ਦਿਲ ਪਿਆਰ ਤੋਂ ਖਾਲੀ ਤੇ ਦਿਮਾਗ ਹੰਕਾਰ ਨਾਲ ਭਰਿਆ ਹੋਇਆ ਸੀ ਤੇ ਉਹ ਭਗਤਾਂ ਤੇ ਰੱਬ ਦੇ ਉਪਾਸ਼ਕਾਂ ਨੂੰ ਘਿਰਣਾ ਕਰਦਾ ਸੀ।)
ਯਾਰ ਮੁਹੰਮਦ ਖਾਨ ਕਲੰਦਰ
(‘ਦਸਤੂਰ-ਉਲ-ਇੰਸਾ’, 1710-11 ਈæ)
‘ਦਸਤੂਰ-ਉਲ-ਇੰਸਾ’ ਨਾਮ ਦੀ ਇਕ ਰਚਨਾ ਦਾ ਸਬੰਧ ਯਾਰ ਮੁਹੰਮਦ ਖਾਨ ਕਲੰਦਰ ਨਾਲ ਹੈ ਜੋ 1710-11 ਈæ ਵਿਚ ਲਿਖੀ ਗਈ। ਇਸ ਵਿਚ ਉਹ ਬੰਦਾ ਬਹਾਦਰ ਬਾਰੇ ਲਿਖਦਾ ਹੈ, “ਬੰਦਾ ਬਹਾਦਰ ਮਕਰ, ਫਰੇਬ ਤੇ ਧੋਖਾ ਦੇਣ ਵਾਲੇ ਉਪਾਓ ਨਾਲ ਨਵੇਂ ਨਵੇਂ ਜਾਦੂ ਕਰਦਾ ਰਹਿੰਦਾ ਸੀ ਅਤੇ ਹਰ ਇਕ ਦੇ ਦਿਲ ਨੂੰ ਆਪਣੀ ਸ਼ਰਧਾ ਦੇ ਜਾਲ ਵਿਚ ਫਸਾਉਂਦਾ ਸੀ।”
ਨੂਰੂਦੀਨ ਫਾਰੂਕੀ
(ਤਾਰੀਖਿ ਜਹਾਦਰ ਸ਼ਾਹ, 1713 ਈæ)
ਇਹ ਅਜਿਹਾ ਸਮਕਾਲੀ ਸਰੋਤ ਹੈ ਜਿਸ ਵਿਚ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਦੇ ਮੁਗਲਾਂ ਵਿਰੁਧ ਮੁੱਢਲੇ ਸੰਘਰਸ਼ ਬਾਰੇ ਜਾਣਕਾਰੀ ਮਿਲਦੀ ਹੈ। ਨੂਰੂਦੀਨ ਫਾਰੂਕੀ ਮੁਗਲ ਸੈਨਾ ਵਿਚ ਹੇਠਲੇ ਦਰਜੇ ਦਾ ਫੌਜੀ ਅਫ਼ਸਰ ਸੀ। ਆਪਣੀ ਲਿਖਤ ਵਿਚ ਉਹ ਬੰਦਾ ਬਹਾਦਰ ਅਤੇ ਸਿੱਖਾਂ ਲਈ ਅਤਿ ਘ੍ਰਿਣਾਜਨਕ ਸ਼ਬਦਾਂ ਦੀ ਵਰਤੋਂ ਕਰਦਾ ਹੈ, “ਕੁੱਤੇ-ਸੁਭਾਅ ਸਿੱਖਾਂ ਦੇ ਇਕ ਗੁਰੂ (ਬੰਦਾ ਸਿੰਘ ਬਹਾਦਰ) ਨੇ ਆਪਣਾ ਨਾਮ ਬੰਦਾ ਰੱਖ ਕੇ ਤੇ ਕੋਈ ਇਕ ਲੱਖ ਕੁੱਤੇ-ਸੁਭਾਅ ਸਵਾਰਾਂ ਤੇ ਪਿਆਦਾ ਸਿੰਘਾਂ ਨੂੰ ਆਪਣੇ ਨਾਲ ਇਕੱਠਾ ਕਰ ਕੇ, ਸ਼ੋਰ-ਸ਼ਰਾਬਾ ਤੇ ਫਸਾਦ ਪੁਆ ਕੇ ਗਰੀਬਾਂ, ਮਸਕੀਨਾਂ, ਸ਼ੈਖਾਂ ਤੇ ਵੱਡੇ ਵੱਡੇ ਸੱਯਦਾਂ ਦੇ ਘਰਾਂ ਨੂੰ ਉਜਾੜ ਦਿੱਤਾ ਹੈ ਤੇ ਉਹ ਇਸਲਾਮ ਵਾਲਿਆਂ ਵਿਚੋਂ ਕਿਸੇ ਛੋਟੇ-ਵੱਡੇ ਤੇ ਜਵਾਨ ਤੇ ਬੁੱਢੇ ਨੂੰ ਜਿਉਂਦਾ ਨਹੀਂ ਛੱਡਣਾ ਚਾਹੁੰਦਾ ਹੈ।”
ਇਰਾਦਤ ਖਾਨ
(ਤਾਰੀਖ ਇਰਾਦਤ ਖਾਨ, 1714 ਈæ)
ਇਸ ਨੂੰ ਮੁਬਾਰਿਕਨਾਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਮੁਗਲ ਦਰਬਾਰ ਵਿਚ ਵੱਡੇ ਅਹੁਦਿਆਂ ‘ਤੇ ਨਿਯੁਕਤ ਸੀ। ਇਸ ਲਈ ਉਹ ਮੁਗਲ ਦਰਬਾਰ ਦੀ ਸਥਿਤੀ ਤੇ ਨੀਤੀਆਂ ਤੋਂ ਵੀ ਜਾਣੂ ਸੀ। ਮੁਗਲ ਰਾਜ ਵਿਚ ਵਾਪਰਨ ਵਾਲੀਆਂ ਮਹੱਤਵਪੂਰਨ ਘਟਨਾਵਾਂ ਦਾ ਉਹ ਚਸ਼ਮਦੀਦ ਗਵਾਹ ਸੀ। ਬਾਦਸ਼ਾਹ ਬਹਾਦਰ ਸ਼ਾਹ ਵੱਲੋਂ ਆਪਣੇ ਵਜ਼ੀਰ ਮੁਲਾਇਮ ਖਾਨ ਦੀ ਅਗਵਾਈ ਹੇਠ ਬੰਦਾ ਬਹਾਦਰ ਵਿਰੁਧ ਜੋ ਸ਼ਾਹੀ ਸੈਨਾ ਭੇਜੀ ਗਈ ਸੀ, ਇਰਾਦਤ ਖਾਨ ਉਸ ਵਿਚ ਸ਼ਾਮਲ ਸੀ। ਨਵੰਬਰ-ਦਸੰਬਰ 1710 ਵਿਚ ਮੁਗਲ ਸੈਨਾ ਦੇ ਲੋਹਗੜ੍ਹ ਉਪਰ ਹਮਲੇ ਸਮੇਂ ਇਰਾਦਤ ਖਾਨ ਮੌਕੇ ‘ਤੇ ਮੌਜੂਦ ਸੀ। ਉਸ ਨੇ ਇਸ ਲੜਾਈ ਬਾਰੇ ਜੋ ਵਰਣਨ ਕੀਤਾ ਹੈ, ਇਹ ਉਸ ਦੇ ਅੱਖੀਂ ਡਿੱਠੇ ਹਾਲ ਉਤੇ ਆਧਾਰਤ ਹੈ। ਉਹ ਸਿੱਖਾਂ ਨੂੰ ‘ਗੁੰਮਰਾਹ ਟੋਲਾ ਨਾਨਕੀਆ’ ਲਿਖਦਾ ਹੈ। ਬੰਦਾ ਬਹਾਦਰ ਨੇ ਇਸਲਾਮ ਦੀ ਬੁਨਿਆਦ ਖ਼ਤਮ ਕਰਨ ਲਈ ਮੁਲਕ ਵਿਚ ਸ਼ੋਰ-ਸ਼ਰਾਬਾ ਤੇ ਫਸਾਦ ਪਵਾ ਕੇ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਨ ਨੂੰ ਸ਼ਹੀਦ ਕਰ ਦਿੱਤਾ। ਬੰਦਾ ਬਹਾਦਰ ਇਸਲਾਮ ਨੂੰ ਨੀਚਾ ਵਿਖਾਉਣ ਤੇ ਕੁਫਰ ਨੂੰ ਤਕੜਾ ਕਰਨ ਦੇ ਇਰਾਦੇ ਨਾਲ ਇਸ ਪ੍ਰਕਾਰ ਦੇ ਫਸਾਦ ਦਾ ਭਾਗੀ ਬਣਿਆ ਹੈ। ਉਹ ਕਾਫਿਰ, ਧੋਖੇਬਾਜ਼ ਤੇ ਲੂੰਬੜ ਚਾਲ ਸੀ।
ਮਿਰਜ਼ਾ ਮੁਹੰਮਦ ਹਾਰਿਸੀ
(ਇਬਰਤਨਾਮਾ, 1718 ਈæ)
ਉਹ ਮੁਗਲ ਸੈਨਾ ਵਿਚ ਹੇਠਲੇ ਦਰਜੇ ਦਾ ਅਧਿਕਾਰੀ ਸੀ। ਉਸ ਨੇ ਮੁਗਲ ਰਾਜ ਦੀਆਂ ਰਾਜਨੀਤਕ ਅਤੇ ਇਤਿਹਾਸਕ ਘਟਨਾਵਾਂ ਦਾ ਵਰਣਨ ਗੰਭੀਰਤਾ ਨਾਲ ਕੀਤਾ ਹੈ। ਸਿੱਖਾਂ ਦੇ ਮੁਗਲਾਂ ਵਿਰੁਧ ਸੰਘਰਸ਼ ਨੂੰ ਸਮਝਣ ਲਈ ਇਹ ਸਮਕਾਲੀ ਅਤੇ ਬੁਨਿਆਦੀ ਕਿਸਮ ਦਾ ਦਸਤਾਵੇਜ਼ ਹੈ। ਜਦੋਂ ਬੰਦਾ ਬਹਾਦਰ ਤੇ ਉਸ ਦੇ ਸਾਥੀ ਸਿੱਖਾਂ ਨੂੰ ਜਲੂਸ ਦੀ ਸ਼ਕਲ ਵਿਚ ਦਿੱਲੀ ਲਿਆਂਦਾ ਗਿਆ ਤਾਂ ਲੇਖਕ ਉਸ ਸਮੇਂ ਬਜ਼ਾਰਾਂ ਵਿਚ ਤਮਾਸ਼ਾ ਦੇਖਣ ਵਾਲੀ ਭੀੜ ਵਿਚ ਸ਼ਾਮਲ ਸੀ। ਜਦੋਂ ਕੋਤਵਾਲੀ ਦੇ ਚਬੂਤਰੇ ਸਾਹਮਣੇ ਹਰ ਰੋਜ਼ ਸੌ ਸੌ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਸੀ ਤਾਂ ਉਹ ਨਜ਼ਾਰਾ ਦੇਖਣ ਲਈ ਉਥੇ ਗਿਆ ਸੀ। ਉਸ ਨੇ ਸ਼ਹੀਦ ਹੋਏ ਸਿੱਖਾਂ ਦੇ ਧੜਾਂ ਨੂੰ ਮਿੱਟੀ ਤੇ ਲਹੂ ਵਿਚ ਤੜਫਦੇ ਹੋਏ ਆਪ ਵੇਖਿਆ ਸੀ।
“ਇਸ ਆਦਮੀ (ਬੰਦਾ ਸਿੰਘ ਬਹਾਦਰ) ਨੇ ਖੁਦ ਨੂੰ ਉਹੋ ਜਿਹੀ ਪੁਸ਼ਾਕ ਪਾ ਕੇ ਗੁਰੂ ਗੋਬਿੰਦ ਸਿੰਘ ਦੱਸਿਆ ਸੀ। ਇਸ ਲਈ ਇਹ ਵਿਅਕਤੀ ਵੀ ਗੁਰੂ ਵਜੋਂ ਪ੍ਰਸਿੱਧ ਹੋ ਗਿਆ ਸੀ। ਬਦੀ ਕਰਨ ਵਾਲੇ ਕਾਫਿਰਾਂ (ਸਿੱਖਾਂ) ਨੇ ਮੁਸਲਮਾਨਾਂ ਨੂੰ ਕਤਲ ਕਰਨ ਵਿਚ ਇੰਨੀ ਜ਼ਿਆਦਤੀ ਕੀਤੀ ਕਿ ਬੱਚਿਆਂ ਨੂੰ ਵੀ ਨਾ ਛੱਡਿਆ, ਬਲਕਿ ਉਹ ਗਰਭਵਤੀ ਔਰਤਾਂ ਦੇ ਢਿੱਡ ਪਾੜ ਕੇ ਪੇਟ ਅੰਦਰਲੇ ਬੱਚਿਆਂ ਨੂੰ ਤਲਵਾਰ ਦੀ ਭੇਟਾ ਚੜ੍ਹਾ ਦਿੰਦੇ ਸਨ। ਇਨ੍ਹਾਂ ਫਸਾਦੀ ਕਾਫਿਰਾਂ (ਸਿੱਖਾਂ) ਨੇ ਉਨ੍ਹਾਂ ਸਾਰੇ ਇਲਾਕਿਆਂ ਵਿਚ ਜਿਹੜੇ ਉਨ੍ਹਾਂ ਦੇ ਹੱਥ ਲੱਗੇ, ਮਸੀਤਾਂ ਤੇ ਸ਼ੇਖਾਂ ਦੇ ਮਜ਼ਾਰ ਢਾਹੁਣ ਦਾ ਹੁਕਮ ਦਿੱਤਾ। ਘੱਟ ਹੀ ਕੋਈ ਗੁੰਬਦ, ਮਕਬਰਾ ਜਾਂ ਦਰਗਾਹ ਬਚੀ ਹੋਵੇਗੀ ਜਿਸ ਨੂੰ ਉਨ੍ਹਾਂ ਨੇ ਨੁਕਸਾਨ ਨਾ ਪਹੁੰਚਾਇਆ ਹੋਵੇ। ਲਿਖਾਰੀ ਅਨੁਸਾਰ ਗੁਰਦਾਸ ਨੰਗਲ ਦੇ ਘੇਰੇ ਸਮੇਂ ਸਿੱਖਾਂ ਨੇ ਅਬਦੁਲ ਸਮਦ ਖਾਨ ਨੂੰ ਸੁਨੇਹਾ ਭੇਜਿਆ ਕਿ ਖਾਨ ਦਲੇਰ ਜੰਗ ਸਾਡੀਆਂ ਜਾਨਾਂ ਬਚਾ ਦੇਵੇ ਤੇ ਸਾਥੋਂ ਅਸਲਾ ਲੈ ਕੇ ਸਾਨੂੰ ਬਾਦਸ਼ਾਹ ਦੀ ਸੇਵਾ ਵਿਚ ਰਵਾਨਾ ਕਰ ਦੇਵੇ। ਦੁਨੀਆਂ ਦਾ ਹੁਕਮਰਾਨ ਜੋ ਹੁਕਮ ਸਾਨੂੰ ਦੇਵੇ, ਅਸੀਂ ਤਨੋ ਮਨੋ ਉਸ ਹੁਕਮ ਨੂੰ ਕਬੂਲ ਕਰਾਂਗੇ।”
ਕਾਮਰਾਜ ਬਿਨ ਨੈਣ ਸਿੰਘ
(ਇਬਰਤਨਾਮਾ, 1719 ਈæ)
ਕਾਮਰਾਜ ਹਿੰਦੂ ਕਾਇਸਥ ਸੀ ਅਤੇ ਔਰੰਗਜ਼ੇਬ ਦੇ ਅੰਤਲੇ ਦਿਨਾਂ ਵਿਚ ਮੁਗਲਾਂ ਦੇ ਮਾਲ ਮਹਿਕਮੇ ਵਿਚ ਨੌਕਰ ਹੋ ਗਿਆ ਸੀ। ਸਿੱਖਾਂ ਪ੍ਰਤੀ ਅਸੱਭਿਆ ਤੇ ਅਪਮਾਨਜਨਕ ਸ਼ਬਦਾਵਲੀ ਵਰਤ ਕੇ ਇਸ ਨੇ ਮੁਸਲਮਾਨ ਇਤਿਹਾਸਕਾਰਾਂ ਨੂੰ ਮਾਤ ਪਾ ਦਿੱਤੀ ਹੈ। ਉਸ ਅਨੁਸਾਰ ‘ਰੱਬ ਤੋਂ ਨਿਡਰ ਹੋਏ ਗਰੋਹ ਦੇ ਕੁੱਤੇ-ਮੂੰਹੇ ਜਥੇ ਦੇ ਕਿਸੇ ਕਮੀਨੇ (ਬੰਦਾ ਬਹਾਦਰ) ਦੇ ਵਰਗਲਾਉਣ ਸਦਕਾ ਹਿੰਦੂ ਤੇ ਮੁਸਲਮਾਨਾਂ ਨੂੰ ਦੁੱਖ ਸਹਿਣੇ ਪਏ।’ ਉਸ (ਬੰਦਾ ਬਹਾਦਰ) ਬਦਜਾਤ ਦੀ ਹਾਲਤ ਮਲੀਨਤਾ ਪੱਖੋਂ ਸੂਰ ਤੇ ਕੁੱਤੇ ਤੋਂ ਵੀ ਭੈੜੀ ਹੈ ਅਤੇ ਡੱਡੂ ਤੇ ਗੈਂਡੇ ਨਾਲੋਂ ਵੀ ਅਪਵਿੱਤਰ ਹੈ, ਕਿਉਂਕਿ ਉਹ ਆਪਣੇ ਆਪ ਵੀ ਦਾੜ੍ਹੀ ਤੇ ਕੱਛਾਂ ਦੇ ਵਾਲ ਨਹੀਂ ਮੁੰਨਦਾ ਸੀ। ਉਹ ਦਿਉਆਂ ਵਰਗੇ ਪੁਰਸ਼ (ਸਿੱਖ) ਹਮੇਸ਼ਾ ਪੇਂਡੂਆਂ ਤੇ ਬਦਬੂਦਾਰ ਵਾਲ ਰੱਖਦੇ ਸਨ। ਉਹ ਚਿੜੀ, ਕਬੂਤਰ ਤੇ ਸਾਰੇ ਪੰਛੀਆਂ ਨੂੰ ਜਾਲ ਨਾਲ ਫੜ ਕੇ ਸੈਂਕੜੇ ਤਕਲੀਫਾਂ ਨਾਲ ਪੱਥਰਾਂ ਉਤੇ ਮਾਰ ਕੇ, ਤੇ ਪਾਰ ਬੁਲਾ ਕੇ ਇਸ ਨੂੰ ਜਾਇਜ਼ ਖੂਨ ਕਰਨਾ ਸਮਝਦੇ ਸਨ। ਉਹ ਮੂਰਖਤਾ ਸਦਕਾ ਰਬੀ-ਉਲ-ਇੱਜ਼ਤ ਕਹਿਣ ਦੀ ਬਜਾਏ ਵਾਹਿਗੁਰੂ ਕਹਿੰਦੇ ਹਨ। ਗੁਰਦਾਸ ਨੰਗਲ ਦੇ ਘੇਰੇ ਸਮੇਂ ਅਭਾਗੇ ਬਦਕਿਰਦਾਰ (ਬੰਦਾ ਬਹਾਦਰ) ਨੇ ਮੌਤ ਦੇ ਮੱਦੇਨਜ਼ਰ ਖਾਨ ਬਹਾਦੁਰ ਤੋਂ ਪਨਾਹ ਦੀ ਮੰਗ ਕੀਤੀ।
ਮੁਹੰਮਦ ਹਾਦੀ ਕਾਮਵਰ ਖਾਨ
(ਤਜ਼ਕਿਰਾਤੁਰਾਤ ਸਲਾਤੀਨ ਚੁਗਤਾਈਆਂ 1724)
ਬੰਦਾ ਬਹਾਦਰ ਦੀ ਅਗਵਾਈ ਹੇਠ ਮੁਗਲਾਂ ਵਿਰੁਧ ਸਿੱਖਾਂ ਦੁਆਰਾ ਲੜੇ ਗਏ ਸੰਘਰਸ਼ ਦਾ ਇਕ ਮਹੱਤਵਪੂਰਨ ਸਰੋਤ ਹੈ। ਉਸ ਅਨੁਸਾਰ ਬੰਦਾ ਸਿੰਘ ਬਹਾਦਰ ਭੰਗੀਆਂ, ਚਮਾਰਾਂ, ਵਣਜਾਰਿਆਂ, ਹੋਛੇ ਵਿਅਕਤੀਆਂ ਅਤੇ ਬੇਹੂਦਾ ਝੂਠੇ ਆਦਮੀਆਂ ਦਾ ਨੇਤਾ ਸੀ। ਉਸ ਨੇ ਆਪਣਾ ਨਾਮ ਫਤਿਹ ਸ਼ਾਹ ਰੱਖਿਆ ਹੋਇਆ ਸੀ। ਸਭ ਨਾਲੋਂ ਪਹਿਲਾ ਫਸਾਦ ਜਿਸ ਨੇ ਮੁਲਕ ਪੰਜਾਬ ‘ਚ ਗੜਬੜੀ ਪੈਦਾ ਕੀਤੀ, ਕਹਿਰ ਦੇ ਮਾਰੇ ਹੋਏ (ਬੰਦਾ ਬਹਾਦਰ) ਦਾ ਸੀ। ਉਸ ਨੇ ਧੋਖੇਬਾਜ਼ੀ ਦਾ ਲਿਬਾਸ ਪਹਿਨ ਕੇ ਖੁਦ ਨੂੰ ਨਾਨਕ ਪੰਥੀਆਂ ਦੇ ਫਿਰਕੇ ਦਾ ਆਗੂ ਮੁਕੱਰਰ ਕੀਤਾ ਅਤੇ ਇਹ ਬੇਹੂਦਾ ਗੱਲ ਧੁਮਾ ਦਿੱਤੀ ਕਿ ‘ਮੈਂ ਪ੍ਰਲੋਕ ਵਿਚ ਜਾ ਕੇ ਮੁੜ ਉਸੇ ਅਸਲੀ ਵਜੂਦ ਵਿਚ ਆਇਆ ਹਾਂ।’
ਫਤੂਹਤਨਾਮਾ-ਏ-ਸਮਦੀ (1722-23)
ਇਸ ਦਾ ਲੇਖਕ ਗੁਲਾਮ ਮੁਹੱਈਊਦੀਨ ਹੈ। ਇਹ ਬੰਦਾ ਬਹਾਦਰ ਦੀ ਸਮਕਾਲੀ ਲਿਖਤ ਹੈ। ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਿੰਘਾਂ ਸਾਥੀਆਂ ਬਾਰੇ ਬਹੁਤ ਹੀ ਮਾੜੀ ਭਾਸ਼ਾ ਵਰਤੀ ਗਈ ਹੈ। ਸਿੱਖ ਚਰਿੱਤਰ ਦੀ ਵਿਆਖਿਆ ਕਰਦਾ ਹੋਇਆ ਉਹ ਲਿਖਦਾ ਹੈ, “ਹਰ ਸਿੱਖ ਆਪਣੇ ਸਿਰ ਅਤੇ ਚਿਹਰੇ ਉਪਰ ਸੰਘਣੇ ਵਾਲ (ਦਾੜ੍ਹੀ-ਮੁੱਛਾਂ) ਹੋਣ ਕਰ ਕੇ ਰਿੱਛ ਦੀ ਤਰ੍ਹਾਂ ਲਗਦਾ ਹੈ। ਉਹ ਆਪਣੇ ਚਿਹਰਿਆਂ ‘ਤੇ ਕਦੀ ਵੀ ਉਸਤਰਾ ਨਹੀਂ ਫੇਰਦੇ ਸੀ। ਉਨ੍ਹਾਂ ਦੇ ਦਾੜ੍ਹੇ ਏਨੇ ਲੰਮੇ ਅਤੇ ਚੌੜੇ ਹੁੰਦੇ ਹਨ ਕਿ ਉਹ ਆਪਣੇ ਪਿੱਛੇ ਸਰੀਰ ਨੂੰ ਛੁਪਾ ਲੈਂਦੇ ਹਨ। ਜਦੋਂ ਉਹ ਆਪਣੇ ਸਿਰਾਂ ਦੇ ਲੰਮੇ ਤੇ ਸੰਘਣੇ ਵਾਲਾਂ ਨੂੰ ਪਿੱਛੇ ਖਲਾਰ ਕੇ ਸਿੱਟਦੇ ਹਨ ਤਾਂ ਉਹ ਚੋਰ ਦੀ ਤਰ੍ਹਾਂ ਲਗਦੇ ਹਨ। ਇਹ ਕਦੇ ਆਪਣੀਆਂ ਕੱਛਾਂ ਅਤੇ ਨਾਸਾਂ ਵਿਚੋਂ ਵੀ ਆਪਣੇ ਵਾਲ ਨਹੀਂ ਕਟਵਾਉਂਦੇ।”
ਅਸਰਾਰਿ ਸਮਦੀ (1728-29)
ਇਸ ਲਿਖਤ ਵਿਚ ਲੇਖਕ ਦਾ ਨਾਂ ਨਹੀਂ ਦਿੱਤਾ ਗਿਆ, ਪਰ ਆਮ ਤੌਰ ‘ਤੇ ਇਸ ਦੇ ਲੇਖਕ ਦਾ ਨਾਂ ਜੋਤ ਪਰਕਾਸ਼ ਮੰਨਿਆ ਗਿਆ ਹੈ। ਲੇਖਕ ਆਪਣੇ ਆਪ ਨੂੰ ਕਲਾਨੌਰ ਦਾ ਵਾਸੀ ਦੱਸਦਾ ਹੈ। ਉਹ ਲਾਹੌਰ ਦੇ ਗਵਰਨਰ (ਸੂਬੇਦਾਰ) ਅਬਦੁੱਸ ਸਮਦ ਖਾਨ ਦੇ ਦਰਬਾਰ ਵਿਚ ਮੁਨਸ਼ੀ ਦੇ ਪਦ ਉਪਰ ਨਿਯੁਕਤ ਸੀ। ਉਸ ਦੀ ਲਿਖਤ ਵਿਚ ਬੰਦਾ ਸਿੰਘ ਬਹਾਦਰ ਪ੍ਰਤੀ ਸਖ਼ਤ ਨਫ਼ਰਤ ਹੈ-ਉਸ ਨੇ ਆਪਣਾ ਨਾਮ ਭਾਵੇਂ ਬੰਦਾ ਰੱਖਿਆ ਹੈ, ਪਰ ਉਸ ਨੇ ਇਬਾਤਦਗਾਹਾਂ ਨੂੰ ਗੰਦਾ ਕਰ ਦਿੱਤਾ ਹੈ। ਉਸ ਬਦਬਖ਼ਤ ਨੇ ਭਾਵੇਂ ਆਪਣਾ ਉਪਨਾਮ ‘ਬੰਦਾ’ ਰੱਖਿਆ ਸੀ, ਪਰ ਉਸ ਨੇ ਬੰਦਗੀ ਦੇ ਘਰਾਂ ਨੂੰ ਗੰਦਾ ਕਰ ਦਿੱਤਾ। ਸਭ ਤੋਂ ਪਹਿਲੀ ਗੜਬੜ ਜਿਸ ਨੇ ਇਸ ਦੇਸ਼ ਵਿਚ ਵਿਘਨ ਪਾਇਆ, ਉਸ ਧਿੱਕਾਰੇ ਹੋਏ (ਬੰਦਾ ਸਿੰਘ) ਨੇ ਅਰੰਭੀ ਜਿਸ ਨੇ ਧੋਖੇਬਾਜ਼ੀ ਨਾਲ ਆਪਣੇ ਆਪ ਨੂੰ ਨਾਨਕਪੰਥੀ ਸੰਪਰਦਾ ਦਾ ਆਗੂ ਥਾਪਿਆ ਅਤੇ ਇਸ ਮਸ਼ਹੂਰੀ ਕਾਰਨ ਵਿਹਲੜ ਤੇ ਨਿਕੰਮੇ ਆਦਮੀਆਂ ਨੂੰ ਜੋ ਗ਼ੁਲਾਮੀ ਦੇ ਪੜਦੇ ਪਿੱਛੇ ਲੁਕੇ ਹੋਏ ਸਨ, ਫਿਰ ਆਪਣੇ ਅਸਲੀ ਰੂਪ ਵਿਚ ਲੈ ਆਂਦਾ ਅਤੇ ਉਸ ਸ਼ਾਂਤੀ ਸੁਭਾਉ ਵਾਲੀ ਭਲੀ ਤੇ ਵਿਚਾਰੀ ਸੰਪਰਦਾ ਦੇ ਬਹੁਤ ਨਿਕੰਮੇ ਆਦਮੀਆਂ ਨੂੰ ਇਕੱਠੇ ਕਰ ਕੇ ਧੋਖੇ ਤੇ ਫ਼ਰੇਬ ਨਾਲ ਉਨ੍ਹਾਂ ਦੇ ਪਹਿਰਾਵੇ ਨੂੰ ਬਦਲਿਆ ਅਤੇ ਹਿੰਦੁਸਤਾਨ ਵਿਚ ਝਗੜੇ ਫਸਾਦ ਦੀ ਅੱਗ ਭੜਕਾ ਦਿੱਤੀ ਅਤੇ ਜਨਤਾ ਦੇ ਖਲਵਾੜੇ ਨੂੰ ਅੱਤਿਆਚਾਰ ਦੇ ਚੰਗਿਆੜੇ ਨਾਲ ਭਸਮ ਕਰ ਦਿੱਤਾ। ਸਾਰੇ ਸੰਸਾਰ ਨੂੰ ਜ਼ੁਲਮ ਦੀ ਤਲਵਾਰ ਨਾਲ ਮਿੱਟੀ ਵਿਚ ਮਿਲਾ ਦਿੱਤਾ ਅਤੇ ਆਮ ਤੇ ਖਾਸ ਆਦਮੀਆਂ ਦੇ ਸੁੱਖ ਵਿਚ ਪੂਰਨ ਵਿਘਨ ਪਾ ਦਿੱਤਾ।
ਖਾਫ਼ੀ ਖਾਨ (1731 ਈæ)
ਮੁੰਤਖਾਬ-ਲ-ਲੁਬਾਬ
ਖਾਫੀ ਖਾਨ ਨੂੰ ਇਤਿਹਾਸਕਾਰ ਮੁਹੰਮਦ ਹਾਸ਼ਿਮ ਅਲੀ ਜਾਂ ਹਾਸਿਮ ਅਲੀ ਖਾਨ ਦੇ ਨਾਮ ਨਾਲ ਵੀ ਜਾਣਦੇ ਹਨ। ਉਸ ਨੇ ਮੁੰਤਖਾਬ-ਲ-ਲੁਬਾਬ ਨਾਮ ਦੀ ਮਸ਼ਹੂਰ ਕਿਤਾਬ ਦੀ ਰਚਨਾ ਕੀਤੀ ਜੋ ‘ਤਾਰੀਖਿ ਖਾਫੀ’ ਦੇ ਨਾਮ ਨਾਲ ਵੀ ਪ੍ਰਸਿੱਧ ਹੈ। ਇਹ ਸਮਕਾਲੀ ਲਿਖਤ ਹੈ, ਪਰ ਸਿੱਖਾਂ ਪ੍ਰਤੀ ਫਿਰਕੂ ਝੁਕਾਅ ਅਤਿ ਦਰਜੇ ਦਾ ਹੈ। ਉਸ ਦੀ ਲਿਖਤ ਵਿਚ ਕਈ ਥਾਂਈਂ ਸਿੱਖਾਂ ਬਾਰੇ ਅਪਮਾਨਜਨਕ ਸ਼ਬਦਾਵਲੀ, ਅਤਿ ਕਥਨੀ ਤੇ ਗਲਤ ਬਿਆਨੀ ਕੀਤੀ ਗਈ ਹੈ, ‘ਜਦ ਗੁਰੂ (ਗੋਬਿੰਦ ਸਿੰਘ) ਦੇ ਕਤਲ ਦੀ ਖ਼ਬਰ ਪੰਜਾਬ ਪੁੱਜੀ ਜੋ ਇਸ ਗੁੰਮਰਾਹ ਫਿਰਕੇ ਦਾ ਗੜ੍ਹ ਹੈ ਤਾਂ ਉਨ੍ਹਾਂ ਵਿਚੋਂ ਇਕ ਬੇਸ਼ਰਮ ਸ਼ਖ਼ਸ ਨੇ ਜਿਸ ਦੇ ਨਾਮ ਬਾਰੇ ਇਤਿਹਾਸ ਵਿਚ ਮਤਭੇਦ ਹਨ, ਇਹ ਐਲਾਨ ਕੀਤਾ ਕਿ ਉਹ ਮਕਤੂਲ (ਗੁਰੂ) ਗੋਬਿੰਦ ਸਿੰਘ ਦੀ ਰੂਹ ਦਾ ਅਵਤਾਰ ਬਣ ਕੇ ਆਇਆ ਹੈ ਤੇ ਇਸ ਨਵੇਂ ਜੀਵਨ ਵਿਚ (ਗੁਰੂ) ਗੋਬਿੰਦ ਸਿੰਘ ਨੇ ਆਪਣੀ ਸ਼ਕਲ ਬਦਲ ਲਈ ਹੈ ਅਤੇ ਉਹ ਦਾੜ੍ਹੀ ਤੇ ਸਿਰ ਦੇ ਵਾਲਾਂ ਸਹਿਤ ਇਸ ਕਹਿਰ ਦੇ ਮਾਰੇ ਸ਼ਖ਼ਸ ਦੇ ਰੂਪ ਵਿਚ ਪ੍ਰਗਟ ਹੋ ਗਿਆ ਹੈ।’
ਵਹਿਸ਼ੀ ਸਿੱਖਾਂ ਨੇ ਜੀਅ ਭਰ ਕੇ ਲੁੱਟਮਾਰ ਕੀਤੀ ਤੇ ਲੋਕਾਂ ਨੂੰ ਕਤਲ ਕੀਤਾ। ਤਿੰਨ ਚਾਰ ਦਿਨ ਉਹ ਜ਼ੁਲਮ ਕਰਦੇ ਰਹੇ। ਛੋਟੇ-ਵੱਡੇ ਘਰਾਣਿਆਂ ਦੀਆਂ ਗਰਭਵਤੀ ਔਰਤਾਂ ਦੇ ਪੇਟ ਚਾਕ ਕਰ ਕੇ ਉਨ੍ਹਾਂ ਦੇ ਬੱਚਿਆਂ ਨੂੰ ਕੱਢ ਲਿਆ ਤੇ ਜ਼ਮੀਨ ਉਪਰ ਪਟਕ ਕੇ ਮਾਰ ਦਿੱਤਾ। ਮੁਸਲਮਾਨਾਂ ਦੀਆਂ ਮਸਜਿਦਾਂ, ਮਕਬਰੇ ਤੇ ਮਜ਼ਾਰ ਜਿੱਥੇ ਕਿਧਰੇ ਵੀ ਨਜ਼ਰ ਆਏ, ਸਭ ਢਹਿ ਢੇਰੀ ਕਰ ਦਿੱਤੇ। ਇੱਥੋਂ ਤੱਕ ਕਿ ਮੁਰਦਿਆਂ ਦੀਆਂ ਕਬਰਾਂ ਪੁੱਟ ਕੇ ਉਨ੍ਹਾਂ ਦੀਆਂ ਹੱਡੀਆਂ ਵੀ ਖਿੰਡਾ ਦਿੱਤੀਆਂ। ਸਿੱਖਾਂ ਦੇ ਬਦਨਸੀਬ ਆਗੂ (ਬੰਦਾ ਬਹਾਦਰ) ਨੇ ਆਪਣੇ ਬਦਕਾਰ ਤੇ ਅਭਾਗੇ ਸਾਥੀਆਂ ਨੂੰ ਜੋ ਧਨ ਮਾਲ ਦੇ ਲਾਲਚ ਅਤੇ ਅੰਨ੍ਹੇ ਵਿਸ਼ਵਾਸ ਕਾਰਨ ਗੁੰਮਰਾਹ ਹੋਏ ਸਨ, ਲੜਾਈ ਲਈ ਉਕਸਾਇਆ ਅਤੇ ਹੌਸਲਾ ਅਫ਼ਜ਼ਾਈ ਲਈ ਅਜਿਹੇ ਸੁਪਨੇ ਵਿਖਾਏ ਕਿ ਜੋ ਵੀ ਇਸ ਲੜਾਈ ਵਿਚ ਮਾਰਿਆ ਜਾਵੇਗਾ, ਬਿਨਾਂ ਕਿਸੇ ਦੇਰ ਦੇ ਮੁੜ ਉਸੇ ਸ਼ਕਲ ਵਿਚ ਜਨਮ ਲਏਗਾ, ਅਤੇ ਇਸ ਨਾਸ਼ਵਾਨ ਸੰਸਾਰ ਤੋਂ ਮੁਕਤ ਹੋ ਜਾਏਗਾ ਅਤੇ ਇਸ ਦੇ ਸਿਲੇ ਵਿਚ ਉਸ ਨੂੰ ਉਚਾ ਰੂਹਾਨੀ ਦਰਜਾ ਪ੍ਰਾਪਤ ਹੋਵੇਗਾ। ਉਸ ਦੇ ਸ਼ਰਧਾਲੂ ਐਸੇ ਜਾਹਿਲ ਸਨ ਕਿ ਉਹ ਉਸ ਨੂੰ ਸ਼ਰਧਾ ਨਾਲ ਸੁਣਦੇ ਅਤੇ ਸਤਿ ਕਰ ਕੇ ਮੰਨਦੇ ਸਨ।
ਮੁਹੰਮਦ ਸ਼ਫੀ ਵਾਰਿਦ
ਮੀਰਾਤਿ-ਵਾਰਿਦਾਤ (1734 ਈæ)
ਇਸ ਪੁਸਤਕ ਵਿਚ ਫਰਖਸੀਅਰ ਦੇ ਅਹਿਦ ਤੇ ਬੰਦਾ ਸਿੰਘ ਬਹਾਦਰ ਦੇ ਮੁਗਲਾਂ ਨਾਲ ਸੰਘਰਸ਼ ਬਾਰੇ ਇਤਿਹਾਸਕ ਜਾਣਕਾਰੀ ਮਿਲਦੀ ਹੈ। ਬਾਕੀ ਮੁਸਲਮਾਨ ਲਿਖਾਰੀਆਂ ਦੀ ਤਰ੍ਹਾਂ ਇਸ ਨੇ ਵੀ ਸਿੱਖਾਂ ਤੇ ਬੰਦਾ ਸਿੰਘ ਬਹਾਦਰ ਬਾਰੇ ਅਪਮਾਨਜਨਕ ਅਤੇ ਘ੍ਰਿਣਾਪੂਰਣ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ‘ਚੂਹੜੇ ਤੇ ਚਮਾਰ ਜਿਨ੍ਹਾਂ ਨਾਲੋਂ ਹਿੰਦੁਸਤਾਨ ਵਿਚ ਕੋਈ ਹੋਰ ਕੌਮ ਵਧੇਰੇ ਨਾਪਾਕ ਨਹੀਂ ਹੈ, ਉਸ ਮਰਦੂਦ (ਬੰਦਾ ਸਿੰਘ ਬਹਾਦਰ) ਦੀ ਸੇਵਾ ਵਿਚ ਹਾਜ਼ਰ ਹੋ ਰਹੇ ਸਨ।’ ਉਸ ਦੀ ਦੁਸ਼ਮਣੀ ਦੀ ਤਲਵਾਰ ਨੇ ਬਗ਼ਾਵਤ ਦੇ ਅਜਿਹੇ ਰੰਗ ਵਿਖਾਏ ਕਿ ਉਹ ਕਲੀਆਂ ਵਰਗੇ ਮਾਸੂਮ ਬੱਚਿਆਂ ਨੂੰ ਜਿਹੜੇ ਆਰਾਮ ਦੇ ਪੰਘੂੜਿਆਂ ਤੇ ਗੋਦੀਆਂ ਵਿਚ ਦੁੱਧ ਚੁੰਘਣ ਵਾਲੇ ਸਨ, ਪਹਿਲਾਂ ਧੱਕੇ ਨਾਲ ਉਨ੍ਹਾਂ ਦੇ ਮਾਪਿਆਂ ਤੋਂ ਖੋਹ ਕੇ, ਫਿਰ ਨੇਜ਼ਿਆਂ ‘ਤੇ ਟੰਗ ਦਿੰਦੇ ਸਨ। ਉਸ ਸ਼ਿਕਾਰੀ ਕੁੱਤੇ ਦੀ ਬਗ਼ਾਵਤ ਨਾਲ ਮੁਸਲਮਾਨਾਂ ਦਾ ਖੂਨ, ਸ਼ਹਿਰ ਸ਼ਹਿਰ ਤੇ ਜੰਗਲ ਜੰਗਲ ਵਿਚ ਧਰਤੀ ਉਤੇ ਡੁੱਲ੍ਹਿਆ। ਇਸ ਨਿਡਰ ਮਰਦੂਦ ਦਾ ਜ਼ੁਲਮ ਜਿਉਂਦੇ ਲੋਕਾਂ ‘ਤੇ ਵੀ ਸੀ ਤੇ ਮੁਰਦਾ ਲੋਕਾਂ ‘ਤੇ ਵੀ, ਬਲਕਿ ਇਨ੍ਹਾਂ ਦੋਹਾਂ ਤੋਂ ਵੀ ਟੱਪ ਕੇ ਬਨਸਪਤੀ ਤੇ ਪੱਥਰਾਂ ‘ਤੇ ਹੋਣ ਲੱਗਾ। ਬੰਦਾ ਸਿੰਘ ਬਹਾਦਰ ਨੂੰ ਉਹ ਸੂਰ ਦੀ ਤਬੀਅਤ ਵਾਲਾ ਕੁੱਤਾ ਕਹਿੰਦਾ ਹੈ। ਸਿੱਖਾਂ ਲਈ ਉਹ ਚੂਹੇ, ਬਿੱਲੀਆਂ ਤੇ ਕੁੱਤੇ ਲਫ਼ਜ਼ਾਂ ਦਾ ਇਸਤੇਮਾਲ ਕਰਦਾ ਹੈ।
ਅਖ਼ਬਾਰਾਤ-ਏ-ਦਰਬਾਰ-ਏ-ਮੁੱਅਲਾ
ਬੰਦਾ ਸਿੰਘ ਬਹਾਦਰ ਬਾਰੇ ਸਭ ਤੋਂ ਪਹਿਲੀ ਜਾਣਕਾਰੀ ਦੇਣ ਵਾਲੀ ਪਰਸ਼ੀਅਨ ਲਿਖਤ ਅਖ਼ਬਾਰਾਤ-ਏ-ਦਰਬਾਰ-ਏ-ਮੁਅੱਲਾ ਹੈ। ਇਹ ਲਿਖਤ ਬੰਦਾ ਸਿੰਘ ਬਹਾਦਰ ਦੀਆਂ ਰੋਜ਼ਾਨਾ ਗਤੀਵਿਧੀਆਂ ਦਾ ਸਰਕਾਰੀ ਰੋਜ਼ਨਾਮਚਾ ਹੈ। ਇਸ ਲਿਖਤ ਵਿਚ ਹਰ ਥਾਂ ‘ਤੇ ਸਿੱਖਾਂ ਨੂੰ ਫਸਾਦੀ, ਦੋਜ਼ਖੀ ਜਾਂ ਲੁਟੇਰੇ ਲਿਖਿਆ ਗਿਆ ਹੈ। ਬੰਦਾ ਸਿੰਘ ਨੂੰ ਮੱਕਾਰ ਗੁਰੂ ਵੀ ਲਿਖਿਆ ਗਿਆ ਹੈ।
ਫਾਰਸੀ ਦੇ ਇਨ੍ਹਾਂ ਸਰੋਤਾਂ ਵਿਚ ਭਾਵੇਂ ਬਹੁਤ ਸਾਰੀਆਂ ਖਾਮੀਆਂ ਹਨ, ਪਰ ਗਾਹੇ-ਬਗਾਹੇ, ਜਾਣੇ-ਅਨਜਾਣੇ, ਸਿੱਧੇ ਤੇ ਅਸਿੱਧੇ ਤਰੀਕੇ ਰਾਹੀਂ ਇਹ ਇਤਿਹਾਸਕਾਰ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਅਧੀਨ ਲੜੇ ਗਏ ਸਿੱਖ ਸੰਘਰਸ਼ ਦੀ ਸਹੀ ਤਸਵੀਰ ਵੀ ਪੇਸ਼ ਕਰ ਜਾਂਦੇ ਹਨ। ਬੰਦਾ ਸਿੰਘ ਬਹਾਦਰ ਦੀ ਦਲੇਰੀ, ਬਹਾਦਰੀ ਅਤੇ ਹੈਰਾਨੀਜਨਕ ਕਾਰਨਾਮਿਆਂ ਨੂੰ ਇਨ੍ਹਾਂ ਨੇ ਆਪਣੀਆਂ ਲਿਖਤਾਂ ਵਿਚ ਥਾਂ ਦਿੱਤੀ ਹੈ। ਕੁਝ ਇਕ ਦਾ ਮੰਨਣਾ ਹੈ ਕਿ ਮੁਗਲ ਸੈਨਾਪਤੀਆਂ ਦੇ ਦਿਲੋ ਦਿਮਾਗ ਉਤੇ ਬੰਦਾ ਸਿੰਘ ਬਹਾਦਰ ਦੀ ਦਹਿਸ਼ਤ ਇਸ ਕਦਰ ਫੈਲੀ ਹੋਈ ਸੀ ਕਿ ਉਹ ਪੰਜਾਬ ਵੱਲ ਮੂੰਹ ਨਹੀਂ ਸੀ ਕਰਦੇ। ਇਸੇ ਕਰ ਕੇ ਬਾਦਸ਼ਾਹ ਨੂੰ ਖੁਦ ਬੰਦਾ ਸਿੰਘ ਬਹਾਦਰ ਵਿਰੁਧ ਮੁਹਿੰਮ ਦੀ ਅਗਵਾਈ ਕਰਨੀ ਪਈ। ਇਕ ਸੈਨਾਪਤੀ ਵਜੋਂ ਉਸ ਦੀ ਜੰਗੀ ਕਲਾ ਤੇ ਪ੍ਰਤਿਭਾ ਕਮਾਲ ਦੀ ਸੀ। ਉਹ ਬੜੇ ਹੌਸਲੇ ਵਾਲਾ ਅਤੇ ਆਤਮਿਕ ਤੌਰ ‘ਤੇ ਏਨਾ ਬਲਵਾਨ ਸੀ ਕਿ ਦੁਨੀਆਂ ਦੀਆਂ ਚੀਜ਼ਾਂ ਉਸ ਨੂੰ ਆਪਣੇ ਇਰਾਦੇ ਅਤੇ ਸਿਦਕ ਤੋਂ ਡੇਗ ਨਹੀਂ ਸਕਦੀਆਂ ਸਨ।
ਫਾਰਸੀ ਦੇ ਇਨ੍ਹਾਂ ਇਤਿਹਾਸਕਾਰਾਂ ਨੂੰ ਵੀ ਇਹ ਹੈਰਾਨੀ ਸੀ ਕਿ ਉਸ ਨੇ ਐਨੀ ਹਿੰਮਤ ਤੇ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ ਸੀ! ਕੁਝ ਇਤਿਹਾਸਕਾਰ ਉਸ ਨੂੰ ਗੈਬ ਤੋਂ ਉਤਰਿਆ ਸੱਯਦ ਕਹਿੰਦੇ ਸਨ ਤੇ ਕੁਝ ਉਸ ਨੂੰ ਅਸਮਾਨੀ ਆਫਤ ਦਾ ਨਾਮ ਦਿੰਦੇ ਸਨ। ਕੋਈ ਉਸ ਨੂੰ ਜਾਦੂਗਰ ਕਹਿੰਦਾ ਸੀ ਤੇ ਕੋਈ ਕਹਿੰਦਾ ਸੀ ਕਿ ਦਰਿਆਵਾਂ ਦਾ ਪਾਣੀ ਵੀ ਉਸ ਨੂੰ ਰਾਹ ਦੇ ਦਿੰਦਾ ਸੀ। ਉਸ ਦੀ ਅਦਭੁੱਤ ਸ਼ਖ਼ਸੀਅਤ ਦੇ ਕਾਰਨਾਮੇ ਮੁਗਲ ਸੈਨਾ ਲਈ ਬੁਝਾਰਤ ਬਣ ਗਏ ਸਨ। ਕੁਝ ਮਿਸਾਲਾਂ ਹਨ,
ਇਰਾਦਤ ਖਾਨ: ਉਸ ਦੇ ਨੇੜੇ ਤੇੜੇ ਦੇ ਇਲਾਕਿਆਂ ਵਿਚ ਕੋਈ ਵਿਅਕਤੀ ਨਹੀਂ ਹੈ ਜਿਹੜਾ ਰੱਬੀ ਕਹਿਰ ਦੇ ਮਾਰੇ ਉਸ (ਬੰਦਾ ਬਹਾਦਰ) ਦੇ ਫਸਾਦ ਨੂੰ ਰੋਕ ਸਕੇ ਅਤੇ ਉਸ ਫਿਤਨੇ ਦੇ ਮੁਕਾਬਲੇ ਦੀ ਤਾਬ ਝੱਲ ਸਕੇ।
ਮੁਹੰਮਦ ਸਫੀ ਫਾਰਿਦ: ਚੂਹੜੇ ਤੇ ਚਮਾਰ ਜਿਨ੍ਹਾਂ ਨਾਲੋਂ ਹਿੰਦੁਸਤਾਨ ਵਿਚ ਕੋਈ ਹੋਰ ਕੌਮ ਵਧੇਰੇ ਨਾਪਾਕ ਨਹੀਂ ਹੈ, ਉਸ ਮਰਦੂਦ (ਬੰਦਾ ਬਹਾਦਰ) ਦੀ ਸੇਵਾ ਵਿਚ ਹਾਜ਼ਰ ਹੋ ਕੇ ਆਪਣੇ ਸ਼ਹਿਰ ‘ਤੇ ਹਕੂਮਤ ਕਰਨ ਲਈ ਨਿਯੁਕਤ ਹੋ ਰਹੇ ਸਨ। ਜੋ ਭਾਰਤ ਵਿਚ ਨੀਚਾਂ ਤੋਂ ਨੀਚ ਗਿਣੇ ਜਾਂਦੇ ਸਨ, ਉਨ੍ਹਾਂ ਨੂੰ ਵੀ ਹਕੂਮਤ ਕਰਨ ਦਾ ਅਧਿਕਾਰ ਦਿੱਤਾ।
ਮਿਰਜ਼ਾ ਮੁਹੰਮਦ ਹਾਰਿਸੀ: ਦਿੱਲੀ ਵਿਚ ਕਿਸੇ ਦਾ ਏਨਾ ਗੁਰਦਾ ਨਹੀਂ ਸੀ ਜਿਹੜਾ ਉਨ੍ਹਾਂ ਬਦਬਖ਼ਤ (ਸਿੱਖਾਂ) ਨੂੰ ਰੋਕ ਸਕਦਾ।
ਦਿੱਲੀ ਵਿਚ ਸਿੱਖਾਂ ਦੇ ਕਤਲ ਦੀ ਵਿਆਖਿਆ ਕਰਦਾ ਉਹ ਲਿਖਦਾ ਹੈ, “ਜੇ ਕੋਈ ਗਲੀ ਤੇ ਬਾਜ਼ਾਰ ਵਾਲਾ ਉਨ੍ਹਾਂ ਨੂੰ ਕਹਿੰਦਾ ਸੀ, ਤੁਹਾਡੇ ਕੀਤੇ ਹੋਏ ਜ਼ੁਲਮਾਂ ਨੇ ਆਖਿਰਕਾਰ ਤੁਹਾਡਾ ਇਹ ਹਾਲ ਕਰ ਛੱਡਿਆ ਹੈ, ਉਹ ਬਹਾਦਰੀ ਨਾਲ ਜਵਾਬ ਦਿੰਦੇ ਸਨ ਅਤੇ ਆਪਣੇ ਗ੍ਰਿਫਤਾਰ ਤੇ ਖੁਆਰ ਹੋਣ ਨੂੰ ਰੱਬ ਦਾ ਭਾਣਾ ਸਮਝਦੇ ਸਨ। ਜੇ ਕੋਈ ਕਹਿੰਦਾ ਸੀ, ‘ਹੁਣ ਤੁਹਾਨੂੰ ਜਾਨੋਂ ਮਾਰਨਗੇ’ ਤਾਂ ਉਹ ਕਹਿੰਦੇ ਸਨ, ਉਹ ਸਾਨੂੰ ਜਾਨੋਂ ਮਾਰਨ, ਅਸੀਂ ਜਾਨੋਂ ਮਰਨ ਤੋਂ ਕਦੇ ਡਰਦੇ ਹਾਂ। ਜੇ ਡਰਦੇ ਹੁੰਦੇ ਤਾਂ ਤੁਹਾਡੇ ਨਾਲ ਇੰਨੀਆਂ ਜੰਗਾਂ ਕਿਉਂ ਕਰਦੇ। ਅਸੀਂ ਤਾਂ ਕੇਵਲ ਭੁੱਖ ਤੇ ਰਸਦ ਦੀ ਕਮੀ ਕਾਰਨ ਤੁਹਾਡੇ ਹੱਥ ਲੱਗ ਗਏ। ਨਹੀਂ ਤਾਂ ਸਾਡੀ ਬਹਾਦਰੀ ਦੀ ਅਸਲੀਅਤ ਦਾ ਤੁਹਾਨੂੰ ਇਸ ਨਾਲੋਂ ਜ਼ਿਆਦਾ ਪਤਾ ਲੱਗ ਜਾਂਦਾ ਜਿਹੜੀ ਤੁਸੀਂ ਵੇਖੀ ਹੈ।”
ਅਸਰਾਰਿ ਸਮਦੀ
‘ਕਹਿਰ ਦੇ ਮਾਰੇ ਸਿੰਘਾਂ ਨੇ ਬਾਵਜੂਦ ਇਸ ਦੇ ਕਿ ਉਨ੍ਹਾਂ ਦੇ ਪੈਰ ਛਾਲਿਆਂ ਨਾਲ ਭਰੇ ਸਨ ਅਤੇ ਉਨ੍ਹਾਂ ਕੋਲ ਭੋਜਨ ਤੇ ਸਵਾਰੀ ਵਾਲੇ ਜਾਨਵਰ ਨਹੀਂ ਸਨ, ਕਿਹੜੀ ਦਲੇਰੀ ਤੇ ਕਿਹੜੀ ਨਿਡਰਤਾ ਨਹੀਂ ਦਿਖਾਈ?
ਉਹ ਸ਼ੇਰਾਂ ਵਾਂਗ ਹਾਥੀਆਂ ਉਤੇ ਚੜ੍ਹ ਗਏ, ਅਤੇ ਹੌਦੇ ‘ਚ ਬੈਠੇ ਵਿਅਕਤੀਆਂ ਨੂੰ ਹੇਠਾਂ ਵਗਾਹ ਮਾਰਿਆ, ਜਿਸ ਥਾਂ ਪੁੱਜਣ ਲਈ ਤੇਜ਼ ਤਰਾਰ ਘੋੜੇ ਨੇ ਦੇਰੀ ਕੀਤੀ, ਉਹ (ਸਿੰਘ) ਚੀਤੇ ਵਾਂਗ ਪੈਦਲ ਹੀ ਉਥੇ ਪੁੱਜ ਗਏ।’
ਖਾਫੀ ਖਾਨ (1731 ਈæ)
‘ਜਿਨ੍ਹਾਂ ਲੋਕਾਂ ਨੂੰ ਜੰਗੀ ਤਜਰਬਾ ਹੈ, ਉਹ ਇਸ ਹਕੀਕਤ ਨੂੰ ਭਲੀ ਭਾਂਤ ਜਾਣਦੇ ਹਨ ਕਿ ਜੇ ਦੋ ਤਿੰਨ ਹਜ਼ਾਰ ਸੈਨਿਕਾਂ ਵਿਚੋਂ 100-200 ਸਵਾਰ ਅਜਿਹੇ ਹੋਣ ਜੋ ਬਹਾਦਰੀ, ਕੁਰਬਾਨੀ ਤੇ ਨਮਕ ਹਲਾਲੀ ਦਾ ਜਜ਼ਬਾ ਰੱਖਦੇ ਹੋਣ ਤਾਂ ਉਹ ਉਸ ਫੌਜ ਦੀ ਫਤਿਹ ਦਾ ਸਬੱਬ ਬਣ ਜਾਂਦੇ ਹਨ। ਇਸ ਗਰੋਹ (ਸਿੱਖਾਂ) ਵਿਚ ਐਸਾ ਜਜ਼ਬਾ ਮੌਜੂਦ ਸੀ ਭਾਵੇਂ ਉਨ੍ਹਾਂ ਵਿਚ ਬਹੁ-ਗਿਣਤੀ ਪਿਆਦਿਆਂ ਦੀ ਸੀ। ਉਨ੍ਹਾਂ (ਸਿੱਖਾਂ) ਵਿਚ ਐਸੇ ਘੱਟ ਹੀ ਸਵਾਰ ਜਾਂ ਪਿਆਦੇ ਹੋਣਗੇ ਜੋ ਕੁਰਬਾਨੀ ਦੇ ਬੱਕਰੇ ਵਾਂਗ ਆਪਣੇ ਗੁਰੂ (ਬੰਦਾ ਸਿੰਘ ਬਹਾਦਰ) ਉਪਰ ਜਾਨ ਨਿਛਾਵਰ ਕਰਨ ਵਿਚ ਢਿੱਲ ਮੱਠ ਕਰਦੇ ਹੋਣ।’
ਸਢੌਰਾ ਦੀ ਲੜਾਈ ਦਾ ਜ਼ਿਕਰ ਕਰਦਾ ਹੋਇਆ ਖਾਫੀ ਖਾਨ ਲਿਖਦਾ ਹੈ, ਜੰਗ ਦਾ ਕੀ ਹਾਲ ਲਿਖਾਂ, ਭਾਵ ਬਿਆਨ ਤੋਂ ਬਾਹਰ ਹੈ। ਫਕੀਰਾਂ ਵਾਲੇ ਲਿਬਾਸ ਤੇ ਖੂੰਖਾਰ ਸ਼ਕਲਾਂ ਵਾਲੇ ਸਿੱਖ 1000-2000 ਆਦਮੀਆਂ ਨੂੰ ਵੱਢਦੇ ਹੋਏ ਅਤੇ ਹਮਲੇ ਉਪਰ ਹਮਲਾ ਕਰਦੇ ਹੋਏ ਵੇਖ ਕੇ ਸ਼ਾਹੀ ਲਸ਼ਕਰ ਭੈਅ-ਭੀਤ ਹੋ ਗਿਆ। ਇਕ ਵਾਰ ਤਾਂ ਇਉਂ ਮਹਿਸੂਸ ਹੋਇਆ ਜਿਵੇਂ ਸ਼ਾਹੀ ਫੌਜ ਦੀ ਹਾਰ ਹੋ ਰਹੀ ਹੈ।
ਉਹ ਕਮਾਲ ਦੀ ਫੁਰਤੀ ਤੇ ਜ਼ੋਸ ਨਾਲ ਕਿਲੇ ਵਿਚੋਂ ‘ਫਤਹਿ ਦਰਸ਼ਨ’ ਤੇ ‘ਸੱਚਾ ਪਾਤਸ਼ਾਹ’ ਦੇ ਨਾਹਰੇ ਮਾਰਦੇ ਬਾਹਰ ਨਿਕਲਦੇ ਸਨ ਅਤੇ ਪਤੰਗਿਆਂ ਵਾਂਗ ਬਾਵਰੇ ਹੋਏ ਬਹਾਦਰੀ ਨਾਲ ਤੋਪਾਂ ਦੇ ਗੋਲਿਆਂ ਦੀ ਅੱਗ ਵਿਚ ਆਪਣੇ ਆਪ ਨੂੰ ਝੋਕਦੇ, ਤੇਗ ਦੀ ਤਿੱਖੀ ਧਾਰ ਅਤੇ ਬਾਣਾਂ ਤੇ ਨੇਜ਼ਿਆਂ ਦੀ ਤਿੱਖੀ ਨੋਕ ਉਪਰ ਚੜ੍ਹ ਜਾਂਦੇ ਸਨ, ਭਾਵ ਸ਼ਹੀਦ ਹੋ ਜਾਂਦੇ ਸਨ।
ਮੁਹੰਮਦ ਸਫੀ ਵਾਰਿਦ
‘ਜੇ ਹੋਰ ਦਸ ਸਾਲ ਉਸ ਬਾਗ਼ੀ (ਬੰਦਾ ਬਹਾਦਰ) ਦੇ ਜ਼ੁਲਮ ਦਾ ਝੰਡਾ ਇਸ ਧਰਤੀ ‘ਤੇ ਝੂਲਦਾ ਰਹਿੰਦਾ ਤਾਂ ਹਿੰਦੁਸਤਾਨ ਦੇ ਵਾਸੀਆਂ ਵਿਚੋਂ ਕਿਸੇ ਸੁੰਨੀ ਮੁਸਲਮਾਨ ਨੇ ਸਤਿਕਾਰਯੋਗ ਕਾਅਬਾ ਦਾ ਸਫ਼ਰ ਇਖਤਿਆਰ ਨਹੀਂ ਕਰਨਾ ਸੀ ਅਤੇ ਮਹਾਨ ਕਾਅਬੇ ਦੇ ਹੱਜ ਦੀ ਰਸਮ ਖ਼ਤਮ ਹੋ ਜਾਣੀ ਸੀ।’
ਮੁਹੰਮਦ ਕਾਸਿਮ ਲਾਹੌਰੀ
ਉਸ ਬਾਗ਼ੀ ਆਦਮੀ (ਬੰਦਾ ਬਹਾਦਰ) ਦੀ ਜਾਦੂਗਰੀ ਦਾ ਇਸ (ਸ਼ਾਹੀ) ਲਸ਼ਕਰ ਦੇ ਸਰਦਾਰਾਂ ਦੇ ਦਿਲਾਂ ਵਿਚ ਏਨਾ ਜ਼ਿਆਦਾ ਡਰ ਬੈਠ ਗਿਆ ਸੀ ਕਿ ਉਹ ਹਮੇਸ਼ਾ ਦੋਵੇਂ ਹੱਥ ਜੋੜ ਕੇ ਖੁਦਾ ਤੋਂ ਦੁਆ ਮੰਗਦੇ ਸਨ-ਕਾਸ਼ ਉਹ ਗੜ੍ਹੀ ਵਿਚੋਂ ਬਾਹਰ ਨਿਕਲ ਕੇ ਪਹਿਲਾਂ ਵਾਂਗ ਫਰਾਰ ਹੋ ਜਾਵੇ ਤਾਂ ਕਿ ਨੌਕਰੀ ਦੇ ਸਮੇਂ ਤੱਕ ਉਨ੍ਹਾਂ ਦਾ ਵੱਕਾਰ ਤੇ ਇਤਬਾਰ ਵਸਦਾ ਰਹੇ।
Leave a Reply