1947 ਦੀ ਇੱਕ ਯਾਦ: ਤਾਏ ਗੋਪਾਲ ਦਾ ਘੋੜਾ

ਓਮਕਾਰ ਸੂਦ ਬਹੋਨਾ
ਫੋਨ: 91-96540-36080
ਉਸ ਦਿਨ ਤਾਇਆ ਗੋਪਾਲ ਚੰਦ ਨਿਮੋਝੂਣਾ ਜਿਹਾ ਉਦਾਸ ਬੈਠਾ ਸੀ। ਮੈਂ ਤਾਏ ਨੂੰ ਚਾਹ ਫੜਾਉਂਦਿਆਂ ਪੁੱਛਿਆ, “ਕੀ ਗੱਲ ਤਾਇਆ ਜੀ, ਕੁਝ ਨੀਰਸ ਜਿਹੇ ਲੱਗ ਰਹੇ ਓ!”
ਤਾਇਆ ਰਵਾਂਸੀ ਜਿਹੀ ਅਵਾਜ਼ ਵਿਚ ਪੋਲੇ ਜਿਹੇ ਮੂੰਹ ਨਾਲ ਬੋਲਿਆ, “ਨਹੀਂ ਪੁੱਤ, ਤੈਨੂੰ ਊਂ ਹੀ ਵਹਿਮ ਜਿਹਾ ਹੋ ਗਿਆ। ਊਂ ਉਦਾਸੀ ਵਾਲੀ ਕੋਈ ਗੱਲ ਨਹੀਂ ਹੈ।” ਕਹਿ ਕੇ ਸੋਚੀਂ ਡੁੱਬੇ ਤਾਏ ਨੇ ਅਚੇਤ ਹੀ ਗਿਲਾਸ ਵਿਚੋਂ ਚਾਹ ਦਾ ਸੜ੍ਹਾਕਾ ਮਾਰਿਆ। ਚਾਹ ਤੱਤੀ ਹੋਣ ਕਰਕੇ ਤਾਏ ਦਾ ਮੂੰਹ ਸੁੰਗੜ ਜਿਹਾ ਗਿਆ। ਤਾਏ ਦੀਆਂ ਅੱਖਾਂ ਮੀਚੀਆਂ ਗਈਆਂ। ਅੱਖਾਂ ‘ਚੋਂ ਪਾਣੀ ਸਿੱਮ ਆਇਆ। ਤਾਇਆ ਚਿੜੇ ਵਾਂਗ ਮੂੰਹ ਜਿਹਾ ਅੱਡ ਕੇ ਬੋੜੇ ਮੂੰਹ ਨੂੰ ਠਾਰਦਾ ਹੋਇਆ ਬੁੜਬੜਾਇਆ, “ਮੂੰਹ ਈ ਮੱਚ ਜਾਣਾ ਸੀ ਸਹੁਰੀ ਦਾ।”

ਮੈਂ ਕਿਹਾ, “ਤਾਇਆ ਜੀ। ਹੌਲੀ-ਹੌਲੀ ਘੁੱਟਾਂ ਭਰੋ। ਜ਼ਿਆਦਾ ਤੱਤਾ ਲੱਕਿਆਂ ਮੂੰਹ ਲੂਸਿਆ ਜਾਂਦਾ ਏ।”
“ਹਾਂ!” ਕਹਿ ਕੇ ਤਾਏ ਨੇ ਆਪਣੀ ਗੱਲ ਦਾ ਮੁੱਢ ਜਿਹਾ ਬੰਨ੍ਹ ਲਿਆ। ਮੈਂ ਵੀ ਸੂਤ ਹੋ ਕੇ ਤਾਏ ਦੇ ਮੰਜੇ ਦੀ ਪੈਂਦ ਵਾਲੇ ਪਾਸੇ ਬੈਠ ਗਿਆ। ਤਾਏ ਨੇ ਫੂਕ ਮਾਰ ਕੇ ਚਾਹ ਦੀ ਘੁੱਟ ਭਰੀ ਤੇ ਆਪਣੀ ਗੱਲ ਸੁਣਾ ਕੇ ਆਪਣੇ ਦਿਲ ਦਾ ਭਾਰ ਹਲਕਾ ਕਰਨਾ ਸ਼ੁਰੂ ਕਰ ਦਿੱਤਾ, “ਪੁੱਤਰਾ ਮੈਂ ਵੀ ਜਵਾਨੀ ਵੇਲੇ ਕਾਹਲਾ ਵੱਗ ਗਿਆ ਸੀ। ਤੇਰੇ ਪਿਓ ਦਾ ਕਹਿਣਾ ਮੰਨ ਲੈਂਦਾ ਤਾਂ ਮੇਰਾ ਮੁੰਡਾ ਪਾਕਿਸਤਾਨ ਜਾਣੋ ਬਚ ਜਾਂਦਾ। ਘਰ ਵਾਲੀ ਵੀ ਟਿਕੀ ਰਹਿੰਦੀ। ਮੈਂ ਸਭ ਤੋਂ ਬੇਪ੍ਰਵਾਹ ਹੋ ਕੇ ਆਪਣੇ ਘੋੜੇ ਭਜਾਉਂਦਾ ਰਿਹਾ। ਅਖੀਰ ਮੇਰਾ ਘੋੜਾ ਪਾਕਿਸਤਾਨ ਭੱਜ ਗਿਆ।” ਕਹਿ ਕੇ ਤਾਇਆ ਹੀ-ਹੀ ਕਰਕੇ ਹੱਸਣ ਲੱਗ ਪਿਆ।
ਤਾਏ ਦੀ ਅੱਧੀ-ਅਧੂਰੀ ਜਿਹੀ ਗੱਲ ਸੁਣ ਕੇ ਮੈਂ ਡੌਰ-ਭੌਰ ਜਿਹਾ ਤਾਏ ਦੇ ਮੂੰਹ ਵੱਲ ਵੇਖਣ ਲੱਗ ਪਿਆ। ਤਾਏ ਦਾ ਮੁੰਡਾ, ਘਰਵਾਲੀ, ਇੱਕ ਬੁਝਾਰਤ ਜਿਹੀ ਬਣ ਕੇ ਮੇਰੇ ਜ਼ਿਹਨ ਵਿਚ ਖੌਰੂ ਪਾਉਣ ਲੱਗ ਪਏ। ਪਹਿਲਾਂ ਤਾਂ ਮੈਨੂੰ ਕੁਝ ਪਤਾ ਨਹੀਂ ਸੀ ਇਸ ਸਭ ਕਾਸੇ ਦਾ। ਮੈਨੂੰ ਜਾਪਿਆ, ਤਾਇਆ ਠੱਠਾ ਕਰ ਰਿਹਾ ਹੈ। ਫਿਰ ਮੈਨੂੰ ਤਾਏ ਦੇ ਮੂਡ ਤੋਂ ਗੱਲ ਗੰਭੀਰ ਜਾਪੀ। ਮੇਰੀ ਦਿਲਚਸਪੀ ਵੱਧ ਗਈ। ਮੈਂ ਤਾਏ ਨੂੰ ਸਾਰੀ ਵਿਥਿਆ ਵਿਸਥਾਰ ਨਾਲ ਸੁਣਾਉਣ ਲਈ ਮਨਾ ਲਿਆ। ਇਹ ਇੱਕ ਦਿਲਚਸਪ ਤੇ ਦੁਖਦਾਈ ਘਟਨਾ ਹੈ, ਜੋ ਤਾਏ ਨੇ ਮੈਨੂੰ ਤਰੀਕਾਂ ਸਮੇਤ ਆਪਣੀ ਜ਼ਬਾਨੀ ਸੁਣਾਈ।
15 ਅਗਸਤ 1947 ਤੋਂ ਕੁਝ ਮਹੀਨੇ ਬਾਅਦ ਦੀ ਘਟਨਾ ਹੈ। ਮੇਰੇ ਪਿਤਾ ਜੀ, ਜੋ ਉਮਰ ਵਿਚ ਤਾਏ ਤੋਂ ਛੋਟੇ ਸਨ, 1941 ਵਿਚ ਵਿਆਹੇ ਗਏ ਸਨ। ਤਾਇਆ ਅਜੇ ਛੜਾ ਹੀ ਤੁਰਿਆ ਫਿਰਦਾ ਸੀ ਤੇ ਕਿਵੇਂ ਨਾ ਕਿਵੇਂ ਵਿਆਹ ਕਰਾਉਣ ਦੇ ਚੱਕਰ ਵਿਚ ਸੀ। ਜਦੋਂ ਕਦੇ ਤਾਏ ਦੇ ਵਿਆਹ ਦੀ ਗੱਲ ਤੁਰਦੀ, ਤਾਏ ਦੇ ਪੈਰ ਭੋਇੰ ਨਾ ਲੱਗਦੇ। ਉਹ ਵਿਚੋਲੇ ਦੀ ਗੁਲਾਮੀ ਕਰਨ ਤੱਕ ਤਿਆਰ ਹੋ ਜਾਂਦਾ ਸੀ, ਪਰ ਫਿਰ ਵੀ ਤਾਏ ਦੀ ਕਿਸਮਤ ਸਾਥ ਨਾ ਦਿੰਦੀ। ਤਾਏ ਦਾ ਰਿਸ਼ਤਾ ਜੁੜਦੇ-ਜੁੜਦੇ ਐਨ ਮੌਕੇ ‘ਤੇ ਆ ਕੇ ਟੁੱਟ ਜਾਂਦਾ। ਤਾਇਆ ਬੇਚਾਰਾ ਬਣ ਕੇ ਰਹਿ ਜਾਂਦਾ। ਤਾਏ ਦੀ ਕੋਈ ਵਾਹ ਨਾ ਚੱਲਦੀ। ਬੇਬਸੀ ਐਨੀ ਕਿ ਤਾਇਆ ਕਿਸੇ ਵੀ ਜਾਤ-ਧਰਮ ਵਿਚ ਵਿਆਹ ਕਰਵਾ ਲੈਣਾ ਚਾਹੁੰਦਾ ਸੀ।
ਇਸੇ ਦੌਰਾਨ ਵਿਆਹ ਕਰਾਉਣ ਦਾ ਇੱਕ ਮੌਕਾ ਤਾਏ ਨੂੰ ਮਿਲ ਹੀ ਗਿਆ। ਮੋਗੇ ਕਾਂਗਰਸ ਕਮੇਟੀ ਵਾਲਿਆਂ ਨੇ ਐਲਾਨ ਕੀਤਾ ਕਿ ਇੱਕ ਤੀਹ-ਬੱਤੀ ਸਾਲਾਂ ਦੀ ਔਰਤ ਹੈ। ਉਹ ਮਿੰਟਗੁਮਰੀ (ਪਾਕਿਸਤਾਨ) ਤੋਂ ਉੱਜੜ ਕੇ ਆਈ ਹੈ। ਉਸ ਦਾ ਸਾਰਾ ਪਰਿਵਾਰ ਫਸਾਦਾਂ ਵਿਚ ਮਾਰਿਆ ਗਿਆ ਹੈ। ਇਸ ਵਕਤ ਉਹ ਬੇਸਹਾਰਾ ਔਰਤ ਕਮੇਟੀ ਦੀ ਸ਼ਰਨ ਵਿਚ ਹੈ। ਕਾਂਗਰਸ ਕਮੇਟੀ ਵਾਲੇ ਉਸ ਦਾ ਵਿਆਹ ਕਰਨਾ ਚਾਹੁੰਦੇ ਹਨ। ਲੋੜਵੰਦ ਵਿਆਹ ਦੇ ਇਛੁੱਕ ਵਿਅਕਤੀ ਅਰਜੀ ਦੇ ਸਕਦੇ ਹਨ। ਕਮੇਟੀ ਉਸ ਔਰਤ ਦੀ ਸਹਿਮਤੀ ਨਾਲ ਵਰ ਦੀ ਚੋਣ ਖੁਦ ਕਰੇਗੀ। ਇਹ ਤਾਏ ਵਾਸਤੇ ਇੱਕ ਤਰ੍ਹਾਂ ਦੀ ਲਾਟਰੀ ਸੀ। ਲਾਟਰੀ ਨਿਕਲ ਆਈ ਤਾਂ ਮੌਜਾਂ ਲੱਗ ਜਾਣਗੀਆਂ, ਤਾਏ ਦਾ ਘਰ ਵਸ ਜਾਊ। ਛੜਾ ਤਾਇਆ ਵੀ ਵਿਆਹਿਆਂ ਵਿਚ ਸ਼ਾਮਲ ਹੋ ਜਾਵੇਗਾ।
ਪਹਿਲਾਂ ਤਾਂ ਤਾਏ ਨੇ ਨਾਂਹ-ਨੁਕਰ ਜਿਹੀ ਕੀਤੀ ਕਿ ਮੇਰੀ ਅਰਜੀ ਕਿੱਥੇ ਮਨਜ਼ੂਰ ਹੋਣੀ ਹੈ? ਪਰ ਮੇਰੇ ਪਿਓ ਅਤੇ ਦਾਦੀ ਨੇ ਕਹਿ ਕਹਾ ਕੇ ਤਾਏ ਤੋਂ ਦਰਖਾਸਤ ਦਿਵਾ ਦਿੱਤੀ। ਤਾਏ ਦੇ ਚੰਗੇ ਭਾਗਾਂ ਨੂੰ ਅਰਜੀ ਮਨਜ਼ੂਰ ਹੋ ਗਈ। ਉਸ ਵਕਤ ਤਾਏ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਤਾਇਆ ਅਸਮਾਨ ਵਿਚ ਉੱਡਦਾ ਫਿਰ ਰਿਹਾ ਸੀ। ਤਾਏ ਦਾ ਵਿਆਹ ਕਰਵਾਉਣ ਦਾ ਸੁਪਨਾ ਸਾਕਾਰ ਹੋ ਗਿਆ ਸੀ।
ਉਸ ਵਕਤ ਕਾਂਗਰਸ ਕਮੇਟੀ ਵਾਲਿਆਂ ਤਾਏ ਤੋਂ ਪੰਜ ਸੌ ਰੁਪਏ ਬਤੌਰ ਜ਼ਮਾਨਤ ਜਮ੍ਹਾਂ ਕਰਵਾ ਲਏ ਕਿ ਵਿਆਹ ਤੋਂ ਦੋ ਸਾਲ ਤੱਕ ਜੇ ਪਤੀ-ਪਤਨੀ ਵਿਚ ਕੋਈ ਝਗੜਾ ਵਗੈਰਾ ਨਹੀਂ ਹੁੰਦਾ ਤਾਂ ਉਹ ਰਕਮ ਵਿਆਜ ਸਮੇਤ ਉਸ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਵੇਗੀ। ਜੇ ਕਿਸੇ ਗੱਲੋਂ ਛੱਡ-ਛੁਡਾ ਹੋ ਜਾਂਦਾ ਹੈ ਤਾਂ ਉਹ ਰਕਮ ਉਸ ਬੇਸਹਾਰਾ ਔਰਤ ਨੂੰ ਦੇ ਦਿੱਤੀ ਜਾਵੇਗੀ ਤੇ ਮਰਦ ਦਾ ਉਨ੍ਹਾਂ ਪੈਸਿਆਂ ‘ਤੇ ਕੋਈ ਹੱਕ ਨਹੀਂ ਰਹੇਗਾ। ਇਉਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ 12 ਅਕਤੂਬਰ 1947 ਨੂੰ ਤਾਏ ਦੀ ਸ਼ਾਦੀ ਸੰਪੰਨ ਹੋ ਗਈ। ਤਾਇਆ ਵੀ ਸੁਪਨਿਆਂ ਦੀ ਦੁਨੀਆਂ ‘ਚੋਂ ਨਿਕਲ ਕੇ ਅਸਲੀ ਵਿਆਹਿਆਂ ਵਿਚ ਸ਼ਾਮਲ ਹੋ ਗਿਆ ਸੀ। ਉਸ ਔਰਤ ਯਾਨਿ ਮੇਰੀ ਤਾਈ ਨੇ ਤਾਏ ਨੂੰ ਆਪਣਾ ਨਾਂ ‘ਲਾਲ ਦੇਈ’ ਦੱਸਿਆ। ਉਸ ਨੇ ਦੱਸਿਆ ਕਿ ਉਸ ਦਾ ਸਾਰਾ ਪਰਿਵਾਰ ਫਸਾਦਾਂ ਵਿਚ ਮਾਰਿਆ ਜਾ ਚੁਕਾ ਹੈ। ਉਸ ਦਾ ਇੱਕ ਛੋਟਾ ਭਰਾ ਪੁਲਿਸ ਵਿਚ ਸਿਪਾਹੀ ਹੈ। ਉਸ ਨੂੰ ਆਪਣੇ ਉਸ ਭਰਾ ਦਾ ਵੀ ਕੋਈ ਅਤਾ-ਪਤਾ ਨਹੀਂ, ਉਹ ਮਰ ਗਿਆ ਜਾਂ ਜਿੰਦਾ ਹੈ।
ਤਾਏ ਦੀ ਜ਼ਿੰਦਗੀ ਆਪਣੀ ਤੋਰੇ ਤੁਰ ਪਈ। ਦੋਹਾਂ ਦਾ ਪਿਆਰ ਹੱਦ ਤੋਂ ਵੱਧ। ਤਾਇਆ ਦੋਧੀ ਸੀ। ਦੁੱਧ ਦਾ ਕੰਮ ਕਰਦਾ ਸੀ। ਉਹ ਪਿੰਡ ਬਹੋਨਿਓਂ ਦੁੱਧ ਇਕੱਠਾ ਕਰਕੇ ਲਿਆਉਂਦਾ ਤੇ ਮੋਗੇ ਹਲਵਾਈਆਂ ਦੀਆਂ ਦੁਕਾਨਾਂ ‘ਤੇ ਸਪਲਾਈ ਕਰਦਾ। ਖੂਬ ਕਮਾਈ ਕਰਦਾ। ਤਾਈ ਘਰ ਦੀ ਮਾਲਕਣ ਸੁਘੜ ਸੁਆਣੀ। ਉਹ ਹਾਰ-ਸ਼ਿੰਗਾਰ ਖੂਬ ਕਰਦੀ। ਮੋਗੇ ਦੇ ਬਾਜ਼ਾਰਾਂ ਵਿਚ ਘੁੰਮਦੀ। ਮਨ ਆਈਆਂ ਕਰਦੀ। ਤਾਇਆ ਕੁਝ ਨਾ ਕਹਿੰਦਾ, ਸਗੋਂ ਤਾਈ ਵੱਲੋਂ ਬੇ-ਫਿਕਰ ਬਾਗੋ-ਬਾਗ ਰਹਿੰਦਾ।
ਇੱਕ ਦਿਨ ਅਵਾਰਾ ਤੁਰੀ ਫਿਰਦੀ ਤਾਈ ਮੇਰੇ ਪਿਤਾ ਜੀ ਨੇ ਵੇਖ ਲਈ। ਤਾਈ ਦੇ ਚਾਲੇ ਵੇਖ ਕੇ ਮੇਰੇ ਪਿਓ ਦਾ ਕਿਸੇ ਅਣਜਾਣੇ ਸ਼ੱਕ ਵਿਚ ਮੱਥਾ ਠਣਕਿਆ। ਉਹਨੇ ਘਰ ਆ ਕੇ ਤਾਏ ਨੂੰ ਆਖਿਆ, “ਗੋਪਾਲ ਚੰਦ ਭਰਾ, ਲਾਲ ਦੇਈ ਨੂੰ ਐਨੀ ਖੁੱਲ੍ਹ ਨਾ ਦੇਹ। ਇਹ ਰੋਜ਼ ਬਾਜ਼ਾਰਾਂ ਵਿਚ ਅਵਾਰਾ ਘੁੰਮਦੀ ਹੈ। ਕਈ ਘਰੀਂ ਇਹਦਾ ਆਉਣਾ-ਜਾਣਾ ਵੀ ਹੈ। ਸੰਭਾਲ ਇਹਨੂੰ, ਪਛਤਾਵੇਂਗਾ!”
ਪਰ ਤਾਈ ਦੇ ਪਿਆਰ ਵਿਚ ਪਾਗਲ ਤਾਇਆ ਤਾਂ ਤਾਈ ਦੇ ਹੀ ਪੱਖ ਵਿਚ ਬੋਲਦਾ ਰਿਹਾ। ਅਖੀਰ ਕਾਫੀ ਤਕਰਾਰਬਾਜ਼ੀ ਪਿਛੋਂ ਤਾਇਆ ਮੇਰੇ ਪਿਓ ਨੂੰ ਬੋਲਿਆ, “ਯਾਰ ਤੂੰ ਆਪਣੇ ਘੋੜੇ ਭਜਾ, ਮੈਨੂੰ ਆਪਣਾ ਭਜਾਉਣ ਦੇ। ਸਾਡੀ ਵਸਦੀ-ਰਸਦੀ ਜ਼ਿੰਦਗੀ ਵਿਚ ਦਖਲ ਨਾ ਦੇਹ।” ਮੇਰਾ ਪਿਓ ਚੁੱਪ ਕਰ ਗਿਆ। ਮੁੜ ਕੁਝ ਨਹੀਂ ਬੋਲਿਆ।
ਤਾਏ ਦੇ ਵਿਆਹ ਤੋਂ ਕੁਝ ਸਾਲਾਂ ਬਾਅਦ 9 ਫਰਵਰੀ 1949 ਨੂੰ ਉਨ੍ਹਾਂ ਦੇ ਘਰ ਇੱਕ ਮੁੰਡਾ ਵੀ ਜੰਮ ਪਿਆ। ਉਸ ਮੁੰਡੇ ਦਾ ਨਾਂ ਤਾਏ ਨੇ ਅੰਮ੍ਰਿਤ ਲਾਲ ਰੱਖਿਆ। ਤਾਇਆ ਮੁੰਡੇ ਨੂੰ ਗੋਦੀ ਚੁੱਕ ਕੇ ਖਿਡਾਉਂਦਾ। ਘੋੜਾ ਬਣਿਆ ਉਹਨੂੰ ਆਪਣੀ ਪਿੱਠ ‘ਤੇ ਬਿਠਾਲ ਕੇ ਝੂਟੇ ਦਿੰਦਾ। ਇਉਂ ਜ਼ਿਦਗੀ ਆਪਣੀ ਤੋਰੇ ਤੁਰ ਰਹੀ ਸੀ। ਤਾਏ ਦੇ ਘਰ ਵਿਚ ਖੁਸ਼ੀਆਂ ਦਾ ਹੜ੍ਹ ਆਇਆ ਪਿਆ ਸੀ। ਇਨ੍ਹਾਂ ਖੁਸ਼ੀਆਂ ਨੂੰ ਪਤਾ ਨਹੀਂ ਕਿਸ ਕੁਲਹਿਣੇ ਦੀ ਨਜ਼ਰ ਲੱਗ ਗਈ। ਤਾਏ ਦੀ ਹੱਸਦੀ-ਵੱਸਦੀ ਜ਼ਿੰਦਗੀ ਸ਼ਰਾਪ ਬਣ ਗਈ। ਇੱਕ ਮੰਦਭਾਗੀ ਘਟਨਾ ਜੋ ਤਾਏ ਨਾਲ ਹੋਣੀ ਸੀ, ਉਹ ਹੋ ਕੇ ਹੀ ਰਹੀ। ਤਾਇਆ ਹਲਵਾਈਆਂ ਨੂੰ ਦੁੱਧ ਵਰਤਾ ਕੇ ਅਜੇ ਘਰੇ ਪਹੁੰਚਿਆ ਹੀ ਸੀ। ਜਦੋਂ ਘਰ ਦੇ ਮੂਹਰੇ ਇੱਕ ਤਾਂਗਾ ਆ ਕੇ ਰੁਕਿਆ। ਤਾਂਗੇ ਵਿਚ ਸਥਾਨਕ ਪੁਲਿਸ ਦੇ ਆਦਮੀ ਤੇ ਕੁਝ ਕੁ ਪਾਕਿਸਤਾਨ ਤੋਂ ਸਰਕਾਰੀ ਅਮਲੇ ਦੇ ਬੰਦੇ। ਉਨ੍ਹਾਂ ਵਿਚ ਲਾਲ ਦੇਈ ਦਾ ਉਹ ਸਿਪਾਹੀ ਭਰਾ ਵੀ ਸੀ, ਜਿਸ ਦਾ ਜ਼ਿਕਰ ਪਹਿਲਾਂ ਲਾਲ ਦੇਈ ਨੇ ਤਾਏ ਕੋਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਹ ਅਰਸ਼ਾਦ ਬੇਗਮ ਉਰਫ ਲਾਲ ਦੇਈ ਨੂੰ ਪਾਕਿਸਤਾਨ ਲੈ ਕੇ ਜਾਣ ਵਾਸਤੇ ਆਏ ਹਨ।
ਸਭ ਕੌਤਕ ਵੇਖ ਕੇ ਤਾਏ ਦੇ ਹੱਥਾਂ ਦੇ ਤੋਤੇ ਉੱਡ ਗਏ। ਤਾਇਆ ਡੌਰ-ਭੌਰ ਹੋ ਗਿਆ। ਉਸ ਦੇ ਦਿਮਾਗ ਵਿਚੋਂ ਸ਼ਾਂ-ਸ਼ਾਂ ਦੀਆਂ ਅਵਾਜ਼ਾਂ ਆਉਂਦੀਆਂ ਪ੍ਰਤੀਤ ਹੋ ਰਹੀਆਂ ਸਨ। ਇਹ ਕੀ ਭਾਣਾ ਵਾਪਰ ਰਿਹਾ ਹੈ, ਸਭ ਕੁਝ ਤਾਏ ਦੀ ਸਮਝ ਤੋਂ ਪਰ੍ਹੇ ਸੀ। ਲਾਲ ਦੇਈ ਮੁਸਲਮਾਨ ਔਰਤ ਸੀ। ਹਿੰਦੂ ਹੋਣ ਦਾ ਉਸ ਨੇ ਝੂਠ ਬੋਲਿਆ ਸੀ। ਉਹ ਆਪਣੇ ਭਰਾ ਨਾਲ ਖਤੋ-ਖਿਤਾਬਤ ਕਰਦੀ ਰਹੀ ਸੀ। ਉਸ ਨੇ ਪਿਛਲੇ ਸਾਲਾਂ ਤੋਂ ਚਿਠੀਆਂ ਰਾਹੀਂ ਆਪਣੇ ਭਰਾ ਨਾਲ ਰਾਬਤਾ ਬਣਾਈ ਰੱਖਿਆ ਸੀ। ਉਸ ਦਾ ਨਤੀਜਾ ਸਭ ਦੇ ਸਾਹਮਣੇ ਸੀ। ਉਸ ਦਿਨ ਤਾਈ ਬਿਮਾਰ ਸੀ। ਅੰਦਰ ਮੰਜੇ ‘ਤੇ ਪਈ ਸੀ। ਉਹ ਤੁਰੰਤ ਉੱਠ ਕੇ ਬਾਹਰ ਆ ਗਈ। ਬੇਵਫਾ ਔਰਤ ਤਾਏ ਦੇ ਪਿਆਰ ਨੂੰ ਪਲਾਂ ਵਿਚ ਭੁੱਲ ਗਈ। ਉਹ ਭਰਾ ਨਾਲ ਹੋ ਤੁਰੀ।
ਮੋਗੇ ਠਾਣੇ ਪਹੁੰਚ ਕੇ ਇਹ ਫੈਸਲਾ ਹੋ ਗਿਆ ਕਿ ਅਰਸ਼ਾਦ ਬੇਗਮ ਉਰਫ ਲਾਲ ਦੇਈ ਪਾਕਿਸਤਾਨ ਆਪਣੇ ਭਰਾ ਨਾਲ ਜਾਵੇਗੀ। ਰੋਣਹਾਕੇ ਹੋਏ ਤਾਏ ਦੀ ਗੋਦੀ ਚੁੱਕਿਆ ਮੁੰਡਾ ਅੰਮ੍ਰਿਤ ਲਾਲ ਅਚਾਨਕ ਰੋ ਪਿਆ। ਅਰਸ਼ਾਦ ਬੇਗਮ ਦੇ ਭਰਾ ਨੇ ਮੁੰਡਾ ਤਾਏ ਤੋਂ ਫੜ ਕੇ ਤਾਂਗੇ ‘ਚ ਬੈਠੀ ਅਰਸ਼ਾਦ ਬੇਗਮ ਦੀ ਗੋਦੀ ਵਿਚ ਬਿਠਾ ਦਿੱਤਾ। ਜੇ ਅੰਮ੍ਰਿਤ ਨਾ ਰੋਂਦਾ ਤਾਂ ਸ਼ਾਇਦ ਉਹ ਹੀ ਤਾਏ ਕੋਲ ਰਹਿ ਜਾਂਦਾ। ਇਸ ਗੱਲ ਦਾ ਮਲਾਲ ਤਾਏ ਨੂੰ ਸਾਰੀ ਜ਼ਿੰਦਗੀ ਰਿਹਾ; ਪਰ 23 ਅਗਸਤ 1950 ਦੀ ਉਹ ਮਨਹੂਸ ਘੜੀ ਜਦੋਂ ਤਾਂਗਾ ਰੇਲਵੇ ਸਟੇਸ਼ਨ ਵੱਲ ਨੂੰ ਤੁਰਿਆ ਸੀ ਤਾਂ ਤਾਏ ਨੂੰ ਉਹ ਗੱਲ ਯਾਦ ਆ ਗਈ, ਜਦੋਂ ਉਹਨੇ ਮੇਰੇ ਪਿਓ ਨੂੰ ਕਿਹਾ ਸੀ, “ਯਾਰ ਤੂੰ ਆਪਣੇ ਘੋੜੇ ਭਜਾ, ਮੈਨੂੰ ਆਪਣੇ ਭਜਾਉਣ ਦੇ।” ਤਾਏ ਨੂੰ ਜਾਪਿਆ ਕਿ ਘੋੜਾ ਸੱਚੀਂ-ਮੁੱਚੀਂ ਹੀ ਭੱਜ ਗਿਆ ਹੈ।
ਜਿਵੇਂ ਕਿਵੇਂ ਲੁਟਿਆ-ਪੱਟਿਆ ਉਦਾਸ ਡਿੱਕਡੋਲੇ ਖਾਂਦਾ ਤਾਇਆ ਠਾਣਿਓਂ ਵਾਪਸ ਘਰ ਮੁੜ ਆਇਆ। ਕਦੇ ਪੈਂਦਾ, ਕਦੇ ਬਹਿੰਦਾ ਉਦਾਸੀ ਸੰਗ ਲੜਦਾ ਰਿਹਾ। ਤਾਏ ਦੀ ਸਾਰੀ ਸਲਤਨਤ ਲੁੱਟੀ ਜਾ ਚੁਕੀ ਸੀ। ਤਾਏ ਦਾ ਉੱਚੀ-ਉੱਚੀ ਚੀਕਾਂ ਮਾਰ ਕੇ ਰੋਣ ਨੂੰ ਮਨ ਕਰ ਰਿਹਾ ਸੀ, ਪਰ ਮਰਦ ਹੋਣਾ ਤਾਏ ਨੂੰ ਰੋਕੀ ਬੈਠਾ ਸੀ। ਕਦੇ ਦੂਜਿਆਂ ਨੂੰ ਹੌਸਲਾ ਦਿੰਦਿਆਂ ਤਾਇਆ ਅਕਸਰ ‘ਮਰਦ ਹਾਂ, ਹੋਣੀ ਦੇ ਮੂਹਰੇ ਕਿਉਂ ਝੁਕਾਂ!’ ਦੀ ਨਸੀਹਤ ਦਿਆ ਕਰਦਾ ਸੀ। ਸ਼ਾਮ ਹੋ ਗਈ ਸੀ। ਕਹਿ ਕਹਾ ਕੇ ਮਾਂ ਨੇ ਰੋਟੀ ਖਵਾ ਦਿੱਤੀ। ਭਰਾ ਨੇ ਹੌਂਸਲਾ ਦਿੱਤਾ।
ਤਾਇਆ ਦਾਰੂ ਨਹੀਂ ਸੀ ਪੀਂਦਾ, ਨਹੀਂ ਤਾਂ ਹੁਣ ਨੂੰ ਇੱਕ-ਦੋ ਬੋਤਲਾਂ ਖਾਲੀ ਕਰ ਚੁਕਾ ਹੁੰਦਾ। ਰਾਤੀਂ ਸੌਣ ਦਾ ਵੇਲਾ ਹੋ ਗਿਆ। ਉਹ ਮੰਜੇ ਵੱਲ ਨੂੰ ਅਹੁਲਿਆ। ਬੀਮਾਰ ਤਾਈ ਸਾਰਾ ਦਿਨ ਮੰਜੇ ‘ਤੇ ਪਈ ਰਹੀ ਸੀ। ਮੰਜਾ ਉਵੇਂ ਹੀ ਵਿਛਿਆ ਪਿਆ ਸੀ। ਤਾਏ ਨੇ ਸਿਰ ਵਾਲੀ ਸਾਫੀ ਨਾਲ ਮੰਜਾ ਝਾੜਿਆ। ਸਿਰਹਾਣਾ ਚੁੱਕ ਕੇ ਸਿੱਧਾ ਕੀਤਾ। ਹੇਠੋਂ ਇੱਕ ਪੋਟਲੀ ਜਿਹੀ ਲੁੜਕ ਕੇ ਮੰਜੇ ਦੇ ਵਿਚਕਾਰ ਆ ਗਈ। ਤਾਏ ਨੇ ਉਹ ਪੋਟਲੀ ਖੋਲ੍ਹ ਕੇ ਵੇਖੀ। ਸਾਰੇ ਸੋਨੇ ਦੇ ਗਹਿਣੇ ਪੋਟਲੀ ਵਿਚ ਬੰਨ੍ਹ ਕੇ ਰੱਖੇ ਪਏ ਸਨ। ਤਾਇਆ ਸਮਝ ਗਿਆ ਕਿ ਲਾਲ ਦੇਈ ਦੀ ਨੀਅਤ ਸਾਰਾ ਸੋਨਾ ਨਾਲ ਲੈ ਕੇ ਜਾਣ ਦੀ ਸੀ। ਤਾਏ ਦੇ ਕੰਨ ਖਰਗੋਸ਼ ਵਾਂਗ ਖੜ੍ਹੇ ਹੋ ਗਏ। ਉਹਨੇ ਮਾਂ ਨੂੰ ਅਵਾਜ਼ ਮਾਰੀ। ਮਾਂ ਸਾਰੀ ਗੱਲ ਸਮਝ ਗਈ ਕਿ ਬਹੂ ਦਾ ਸਾਰਾ ਪਲਾਨ ਮਿਥ ਕੇ ਤਿਆਰ ਕੀਤਾ ਹੋਇਆ ਸੀ। ਉਨ੍ਹਾਂ ਸਭ ਟਰੰਕ-ਪੇਟੀਆਂ ਖੋਲ੍ਹ-ਖੋਲ੍ਹ ਕੇ ਵੇਖੀਆਂ। ਸਭ ਕੁਝ ਠੀਕ-ਠਾਕ ਸੀ। ਉੱਦਣ ਇੱਕ ਤਾਂ ਤਾਈ ਬੀਮਾਰ ਸੀ ਤੇ ਦੂਜੀ ਹਫੜਾ-ਦਫੜੀ ਵਿਚ ਗਹਿਣੇ ਚੁੱਕਣੇ ਭੁੱਲ ਗਈ ਸੀ। ਬਚਾਅ ਹੋ ਗਿਆ। ਨਹੀਂ ਤਾਂ ਤਾਏ ਦੀ ਮਿਹਨਤ ਦੀ ਕਮਾਈ ਪਾਕਿਸਤਾਨ ਚਲੀ ਜਾਣੀ ਸੀ। ਲਾਲ ਦੇਈ ਦੀ ਇਸ ਹਰਕਤ ਨੇ ਉਸ ਦਾ ਅਕਸ ਤਾਏ ਦੇ ਮਨ ਵਿਚ ਧੁੰਦਲਾ ਕਰ ਦਿੱਤਾ। ਤਾਏ ਦੇ ਮਨ ਵਿਚ ਲਾਲ ਦੇਈ ਦੀ ਯਾਦ ਕੁਝ ਮੱਠੀ ਪੈ ਗਈ। ਹੌਲੀ-ਹੌਲੀ ਉਹ ਮਨੋ ਵਿਸਰਨ ਲੱਗ ਪਈ।
ਇਸ ਪਿੱਛੋਂ ਅਰਸ਼ਾਦ ਬੇਗਮ ਦੇ ਜੀਜੇ ਅਬਦੁੱਲ ਲਤੀਫ ਦੇ ਖਤ ਤਾਏ ਨੂੰ ਆਉਣ ਲੱਗ ਪਏ। ਅਬਦੁੱਲ ਲਤੀਫ ਪਾਕਿਸਤਾਨ ਦੇ ਇੱਕ ਸ਼ਹਿਰ ‘ਪਾਕ-ਪਟਨ’ ਹਕੀਮੀ ਕਰਦਾ ਸੀ। ਅਰਸ਼ਾਦ ਬੇਗਮ ਨੇ ਆਪਣੇ ਜੀਜੇ ਅਬਦੁੱਲ ਲਤੀਫ ਨਾਲ ਵਿਆਹ ਕਰਵਾ ਲਿਆ ਸੀ। ਉਹ ਪਾਕਿਸਤਾਨ ਜਾ ਕੇ ਆਪਣੀ ਵੱਡੀ ਭੈਣ ਦੀ ਸੌਂਕਣ ਬਣ ਗਈ ਸੀ। ਪਾਕਿਸਤਾਨੋ ਦੋ-ਤਿੰਨ ਸਾਲ ਖਤ ਆਉਂਦੇ ਰਹੇ। ਖਤਾਂ ਵਿਚ ਤਾਈ ਸਭ ਦਾ ਹਾਲ-ਚਾਲ ਪੁੱਛਦੀ ਰਹੀ। ਪਹਿਲੇ ਖਤ ਵਿਚ ਤਾਈ ਨੇ ਲਿਖਿਆ ਕਿ ਆਪਣੀ ਗਵਾਂਢਣ ਰੱਖੋ ਇੱਕ ਕਿੱਲੋ ਘਿਓ ਲੈ ਗਈ ਸੀ। ਉਸ ਦੇ ਪੈਸੇ ਲੈ ਲਵੀਂ। ਖਤਾਂ ਰਾਹੀਂ ਹੀ ਤਾਏ ਨੂੰ ਪਤਾ ਚੱਲਿਆ ਕਿ ਉਹ ਫਾਜ਼ਿਲਕਾ ਦੇ ਕਿਸੇ ਪਿੰਡ ਦੀ ਮੁਸਲਮਾਨਣੀ ਸੀ। ਸੰਤਾਲੀ ਦੇ ਦੰਗਿਆਂ ਵਿਚ ਉਹਦੇ ਮਾਂ-ਪਿਓ ਮਾਰੇ ਗਏ। ਉਹ ਗੱਡੀਆਂ-ਕੈਂਪਾਂ ‘ਚ ਭਟਕਦੀ ਮੋਗੇ ਆਣ ਪੁੱਜੀ। ਉੱਥੇ ਕਾਂਗਰਸ ਕਮੇਟੀ ਵਾਲਿਆਂ ਉਹਦਾ ਵਿਆਹ ਤਾਏ ਨਾਲ ਕਰਵਾ ਦਿੱਤਾ। ਉਹਨੇ ਆਪਣੀ ਜਾਨ ਬਚਾਉਣ ਲਈ ਹਿੰਦੂ ਔਰਤ ਹੋਣ ਦਾ ਝੂਠ ਬੋਲਿਆ। ਉਹ ਮਾਸਾਹਾਰੀ ਸੀ। ਉਹਨੂੰ ਕਈ ਵਾਰ ਮੀਟ ਖਾਣ ਦੀ ਤਲਬ ਲੱਗਦੀ। ਉਹ ਬਾਜ਼ਾਰ ਵਿਚ ਨਿਕਲ ਜਾਂਦੀ। ਇੱਕ ਮੀਟ ਵਾਲੇ ਦੇ ਘਰੇ ਉਸ ਨੇ ਆਉਣਾ-ਜਾਣਾ ਬਣਾ ਲਿਆ ਸੀ। ਉਹ ਉਨ੍ਹਾਂ ਨੂੰ ਵੱਧ ਪੈਸੇ ਦੇ ਕੇ ਉਨ੍ਹਾਂ ਦੇ ਘਰੇ ਹੀ ਮੀਟ ਰਿੰਨ ਲੈਂਦੀ। ਉਨ੍ਹਾਂ ਦੇ ਘਰੋਂ ਹੀ ਉਹ ਪਾਕਿਸਤਾਨ ਆਪਣੇ ਭਰਾ ਅਤੇ ਜੀਜੇ ਨੂੰ ਖਤ ਲਿਖਦੀ। ਜੀਜੇ ਦੇ ਖਤ ਵੀ ਉਨ੍ਹਾਂ ਦੇ ਘਰ ਹੀ ਆ ਜਾਂਦੇ। ਇਉਂ ਉਸ ਦੇ ਪਾਕਿਸਤਾਨ ਜਾਣ ਦਾ ਮਨਸੂਬਾ ਸਫਲ ਹੋ ਸਕਿਆ ਸੀ।
ਅਰਸ਼ਾਦ ਬੇਗਮ ਨੇ ਕਈ ਖਤਾਂ ਵਿਚ ਤਾਏ ਨੂੰ ਪਾਕਿਸਤਾਨ ਆ ਕੇ ਮਿਲ ਜਾਣ ਬਾਰੇ ਲਿਖਿਆ। ਤਾਏ ਦਾ ਜੀ ਕਰਦਾ ਸੀ ਕਿ ਆਪਣੇ ਮੁੰਡੇ ਨੂੰ ਮਿਲ ਆਵੇ, ਪਰ ਤਾਇਆ ਡਰਦਾ ਨਹੀਂ ਗਿਆ ਕਿ ਕਿਤੇ ਉਹ ਮਾਰ ਕੇ ਖਪਾ ਹੀ ਨਾ ਦੇਣ। ਇੱਕ ਵਾਰ ਤਾਏ ਨੇ ਆਪਣੇ ਖਤ ਵਿਚ ਲਿਖ ਦਿੱਤਾ, ਤੂੰ ਮੁੰਡੇ ਨੂੰ ਲੈ ਕੇ ਭਾਰਤ ਆ ਜਾ। ਦੋ-ਚਾਰ ਦਿਨ ਰਹਿ ਜਾਵੀਂ। ਨਾਲੇ ਮੈਂ ਆਪਣੇ ਮੁੰਡੇ ਨੂੰ ਮਿਲ ਲਵਾਂਗਾ। ਉਸ ਖਤ ਦਾ ਉੱਤਰ ਉਡੀਕਦਿਆਂ-ਉਡੀਕਦਿਆਂ ਤਾਇਆ 85 ਵਰ੍ਹਿਆਂ ਦਾ ਹੋ ਗਿਆ ਸੀ। ਇਸ ਦਰਮਿਆਨ ਤਾਏ ਨੇ 28 ਅਪਰੈਲ 1954 ਨੂੰ ਵਿਆਹ ਵੀ ਕਰਵਾ ਲਿਆ ਸੀ। ਤਿੰਨ ਕੁੜੀਆਂ ਤੇ ਇੱਕ ਮੁੰਡਾ ਤਾਏ ਦੇ ਹੋ ਗਏ। ਹੁਣ ਵਾਲੇ ਮੁੰਡੇ ਦਾ ਨਾਂ ਤਾਏ ਨੇ ਸੁਸ਼ੀਲ ਕੁਮਾਰ ਉਰਫ ਮੋਹਣਾ ਰੱਖਿਆ, ਜੋ ਹੁਣ ਬਾਲ ਬੱਚੇਦਾਰ ਹੈ। ਤਾਇਆ ਆਪਣੇ ਪਾਕਿਸਤਾਨ ਚਲੇ ਗਏ ਮੁੰਡੇ ਬਾਰੇ ਅਕਸਰ ਸੋਚਦਾ ਸੀ ਕਿ ‘ਸਫੀਕ ਉਲ ਰਹਿਮਾਨ’ ਹੁਣ ਭਰ ਜਵਾਨ ਹੋ ਗਿਆ ਹੋਵੇਗਾ। ਉਹਦੇ ਬੱਚੇ ਹੋਣਗੇ; ਸਾਊ ਹੋਵੇਗਾ…ਆਦਿ, ਆਦਿ।
ਸਾਲ 1996 ਦੀ ਗੱਲ ਹੈ। ਇੱਕ ਦਿਨ ਅਚਾਨਕ ਲਾਹੌਰ ਤੋਂ ਛਪਦਾ ਇੱਕ ਬਾਲ ਰਸਾਲਾ ‘ਪੰਖੇਰੂ’ ਮੇਰੇ ਨਾਂ ‘ਤੇ ਆਇਆ। ਤਾਇਆ ਉਰਦੂ ਜਾਣਦਾ ਸੀ। ਤਾਏ ਨੇ ਰਸਾਲਾ ਪੜ੍ਹ ਕੇ ਸੁਣਾਇਆ। ਮੇਰੀ ਵੀ ਇੱਕ ਬਾਲ ਕਵਿਤਾ ਉਸ ਵਿਚ ਛਪੀ ਸੀ। ਸ਼ਾਹਮੁਖੀ ਲਿਪੀ ਵਿਚ ਛਪਿਆ ਰਸਾਲਾ ਬੜਾ ਪਿਆਰਾ ਸੀ। ਮੈਂ ਉਹਦੇ ਸੰਪਾਦਕ ਅਸ਼ਰਫ ਸੁਹੇਲ ਨੂੰ ਪੰਜਾਬੀ ਵਿਚ ਖਤ ਲਿਖਿਆ। ਮੈਨੂੰ ਪਾਕਿਸਤਾਨ ਖਤ ਲਿਖਦਿਆਂ ਵੇਖ ਤਾਏ ਅੰਦਰ ਦੱਬੀ ਕਿੰਨਿਆਂ ਹੀ ਸਾਲਾਂ ਦੀ ਯਾਦ ਪੀੜ ਬਣ ਕੇ ਜ਼ੁਬਾਨ ‘ਤੇ ਆ ਗਈ। ਬੋਲਿਆ, “ਯਾਰ ਆਪਾਂ ਵੀ ਖਤ ਲਿਖੀਏ ਤੇਰੀ ਤਾਈ ਨੂੰ…ਸ਼ਾਇਦ ਜੁਵਾਬ ਆ ਹੀ ਜਾਵੇ! ਮੇਰੇ ਪੁੱਤਰ ਦਾ ਹਾਲ-ਚਾਲ ਹੀ ਪਤਾ ਲੱਗ ਜਾਊ!”
‘ਠੀਕ ਐ ਤਾਇਆ ਜੀ’ ਕਹਿ ਕੇ ਮੈਂ ਤਾਏ ਨੂੰ ਕਾਪੀ ਤੇ ਪੈੱਨ ਪਕੜਾ ਦਿੱਤਾ। ਤਾਏ ਨੇ ਉਰਦੂ ਵਿਚ ਅਬਦੁੱਲ ਲਤੀਫ ਦੀ ਮਾਰਫਤ ਖਤ ਲਿਖਿਆ;
“22 ਜਨਵਰੀ 1997,…ਜਨਾਬ ਭਾਈ ਸਾਹਿਬ-ਅਬਦੁੱਲ ਲਤੀਫ ਜੀ, ਆਦਾਬ!… ਬਹੁਤ ਅਰਸਾ ਸੇ ਆਜ ਮੁਝੇ ਆਪ ਕੀ ਯਾਦ ਆਈ। ਹਮਕੋ ਬਰਖਰਦਾਰ ਸਫੀਕ ਉੱਲ ਰਹਿਮਾਨ ਉਰਫ ਅੰਮ੍ਰਿਤ ਲਾਲ ਔਰ ਉਸ ਕੀ ਵਾਲਿਦਾ ਅਰਸ਼ਾਦ ਬੇਗਮ ਉਰਫ ਲਾਲ ਦੇਈ ਕੀ ਰਾਜੀ-ਖੁਸ਼ੀ ਕਾ ਪਤਾ ਦੇਂ। ਹਮ ਆਪ ਕੇ ਖਤ ਕੀ ਇੰਤਜਾਰ ਫਰਮਾਏਂਗੇ। ਔਰ ਬਾਤੇਂ ਅਗਲੇ ਖਤ ਮੇ…। ਮੇਰਾ ਪਤਾ…।”
ਪ੍ਰਤੀ-ਜਨਾਬ ਸਫੀਕ ਉੱਲ ਰਹਿਮਾਨ,
ਵਲਦ-ਅਬਦੁੱਲ ਲਤੀਫ
ਮਾਰਫਤ ਲਤੀਫੀ ਦਵਾਖਾਨਾ,
ਪਾਕਪਟਨ, ਜਿਲ੍ਹਾ-ਮਿੰਟਗੁਮਰੀ (ਪਾਕਿਸਤਾਨ)”

ਇਹ ਖਤ ਮੈਂ ਡਾਕਖਾਨੇ ਜਾ ਕੇ ਰਜਿਸਟਰਡ ਡਾਕ ਰਾਹੀਂ ਪੋਸਟ ਕਰ ਆਇਆ। ਤਾਇਆ ਉਸ ਖਤ ਦਾ ਉੱਤਰ ਰੋਜ਼ ਉਡੀਕਦਾ। ਕਦੇ-ਕਦੇ ਡਾਕੀਏ ਨੂੰ ਵੀ ਪੁੱਛ ਲੈਂਦਾ ਸੀ। ਡਾਕੀਆ ਨਾਂਹ ਵਿਚ ਸਿਰ ਘੁਮਾ ਕੇ ਅਗਾਂਹ ਨਿਕਲ ਜਾਂਦਾ। ਇਉਂ ਲਗਭਗ ਇੱਕ ਮਹੀਨਾ ਬੀਤ ਗਿਆ। ਮਹੀਨੇ ਕੁ ਬਾਅਦ ਖਤ ਜਿਉਂ ਦਾ ਤਿਉਂ ਵਾਪਸ ਆ ਗਿਆ। ਖਤ ਦੇ ਉੱਪਰ ਪਾਕਿਸਤਾਨੀ ਡਾਕੀਏ ਨੇ ਉਰਦੂ ਵਿਚ ਲਿਖਿਆ ਸੀ, “ਬਾਰ ਬਾਰ ਪਤਾ ਕੀਤਾ, ਪਰ ਇਸ ਪਤੇ ‘ਤੇ ਕੋਈ ਨਹੀਂ ਮਿਲਿਆ।”
ਵਾਪਸ ਆਇਆ ਖਤ ਹੱਥ ‘ਚ ਫੜ੍ਹ ਕੇ ਉਲਟ-ਪੁਲਟ ਕੇ ਵੇਖਦਾ ਤਾਇਆ ਹਲਕਾ ਜਿਹਾ ਮੁਸਕਰਾਇਆ। ਫਿਰ ਉਹ ਖਤ ਮੰਜੇ ਦੇ ਸਿਰਹਾਣੇ ਵਾਲੇ ਪਾਸੇ ਰੱਖ ਕੇ ਚੁੱਪ-ਚਾਪ ਜਿਹਾ ਬੈਠ ਗਿਆ। ਚੁੱਪ ਬੈਠਾ ਤਾਇਆ ਮੈਨੂੰ ਇਓਂ ਲੱਗਿਆ ਜਿਵੇਂ ਆਪਣੀ ਇਹ ਅੰਦਰ ਦੱਬੀ ਪੀੜ ਜਾਹਰ ਹੋਣ ਤੋਂ ਰੋਕਣ ਲਈ ਪੀੜ ਨੂੰ ਅੰਦਰੇ-ਅੰਦਰ ਪੀ ਰਿਹਾ ਹੋਵੇ। ਇਸ ਤੋਂ ਦੋ ਕੁ ਸਾਲਾਂ ਬਾਅਦ ਤਾਏ ਨੂੰ ਅਧਰੰਗ ਹੋ ਗਿਆ। ਸਾਲ-ਡੇਢ ਸਾਲ ਤਾਇਆ ਮੰਜੇ ‘ਤੇ ਦੂਜਿਆਂ ਦੇ ਆਸਰੇ ਜ਼ਿੰਦਗੀ ਕੱਟਦਾ ਰਿਹਾ। ਫਿਰ ਤਾਇਆ ਸਭ ਕੁਝ ਭੁੱਲ-ਭੁਲਾ ਕੇ ਦੂਜੀ ਦੁਨੀਆਂ ‘ਚ ਜਾ ਪਹੁੰਚਿਆ।