ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਅਨੁਸੂਈਆ ਦਾ ਤੁਰ ਜਾਣਾ

ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਸਾਹਿਤ ਦੇ ਮਹਾਰਥੀ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਧੀਆਂ ਪੁੱਤਰਾਂ ਵਿਚੋਂ ਸਭ ਤੋਂ ਛੋਟੀ ਅਨੁਸੂਈਆ 84 ਵਰ੍ਹੇ ਦਾ ਰੰਗਾ-ਰੰਗ ਜੀਵਨ ਭੋਗ ਕੇ 6 ਸਤੰਬਰ ਨੂੰ ਵੈਨਜ਼ੂਏਲਾ ਦੇ ਮੈਰੀਡਾ ਸ਼ਹਿਰ ਵਿਚ ਅਕਾਲ ਚਲਾਣਾ ਕਰ ਗਈ ਹੈ। ਉਸ ਨੇ ਆਪਣੇ ਪਿਤਾ ਦੇ ‘ਪਿਆਰ ਸਿਧਾਂਤ ਨੂੰ ਅਪਨਾਇਆ। ਪੀਪਲਜ਼ ਫਰੈਂਡਸ਼ਿਪ ਯੂਨੀਵਰਸਟੀ ਰਸ਼ੀਆ ਤੋਂ ਅੰਗਰੇਜ਼ੀ ਦੀ ਐਮ. ਏ. ਕਰਦਿਆਂ ਉਸ ਦਾ ਵੈਨਜ਼ੂਏਲਾ ਨਿਵਾਸੀ ਰਾਓਲ ਜੀਸਸ ਲੇਪਰੀਆਂ ਨਾਲ ਪਿਆਰ ਹੋ ਗਿਆ। ਅੰਤ 1965 ਵਿਚ ਦੋਨੋਂ ਵੈਨਜ਼ੂਏਲਾ ਦੀ ਮੈਰੀਡਾ ਯੂਨੀਵਰਸਟੀ ਵਿਚ ਅਧਿਆਪਕ ਜਾ ਲੱਗੇ। ਖੁਦ ਅੰਗਰੇਜ਼ੀ ਪੜ੍ਹਾਉਂਦੀ ਤੇ ਪਤੀ ਫਿਜ਼ਿਕਸ। ਉਨ੍ਹਾਂ ਦੇ ਘਰ ਦੋ ਪੁੱਤਰਾਂ ਤੇ ਇੱਕ ਧੀ ਨੇ ਜਨਮ ਲਿਆ। ਤਿੰਨ ਬੱਚਿਆਂ ਦਾ ਜਨਮ ਸਥਾਨ ਵੀ ਪ੍ਰੀਤ ਨਗਰ ਹੀ ਹੈ। ਜਦੋਂ ਵੱਡੇ ਪੁੱਤਰ ਦਾ ਵਿਆਹ ਹੋਇਆ ਤਾਂ ਅਨੁਸੂਈਆ ਦੀ ਵੱਡੀ ਭੈਣ ਉਮਾ ਤੇ ਭਰਾ ਹਿਰਦੇਪਾਲ ਨੇ ਉਸ ਦੀ ਸ਼ਾਦੀ ਦੀ ਰਸਮ ਏਥੇ ਵੀ ਕੀਤੀ। ਸਾਰਾ ਪਰਿਵਾਰ ਹਰ ਦੂਜੇ ਤੀਜੇ ਸਾਲ ਪ੍ਰੀਤ ਨਗਰ ਆਉਂਦਾ ਰਿਹਾ ਹੈ।

ਪਿਛਲੇ 5-7 ਵਰ੍ਹਿਆਂ ਤੋਂ ਵੈਨਜ਼ੂਏਲਾ ਦੀ ਅਰਥ ਵਿਵਸਥਾ ਚੰਗੀ ਨਾ ਰਹਿਣ ਕਾਰਨ ਉਹ ਪ੍ਰੀਤ ਨਗਰ ਤਾਂ ਨਹੀਂ ਆਏ, ਪਰ ਟੈਲੀਫੋਨ ਤੇ ਸੰਪਰਕ ਚਲਦਾ ਰਿਹਾ ਹੈ। ਆਖਰੀ ਵਾਰਤਾਲਾਪ 23 ਮਈ 2020 ਨੂੰ ਉਮਾ ਦੀ ਮੌਤ ਸਮੇਂ ਹੋਈ ਸੀ। ਉਮਾ, ਅਨੁਸੂਈਆ ਦੀ ਸਭ ਤੋਂ ਵੱਡੀ ਭੈਣ ਸੀ।
ਵੈਨਜ਼ੂਏਲਾ ਦੀ ਆਰਥਕਤਾ ਦਾ ਮੁੱਖ ਆਧਾਰ ਉਥੋਂ ਦਾ ਤੇਲ, ਮੂੰਗੇ ਤੇ ਹੋਰ ਖਣਿਜ ਪਦਾਰਥ ਹਨ। ਇੱਕ ਦਹਾਕਾ ਪਹਿਲਾਂ ਅਮਰੀਕਾ ਵਲੋਂ ਤੇਲ ਦੀ ਨਾਕਾਬੰਦੀ ਕਰਨ ਉਪਰੰਤ ਉਥੋਂ ਦੀ ਅਰਥ-ਵਿਵਸਥਾ ਅਸਤ-ਵਿਅਸਤ ਹੋ ਗਈ, ਪਰ ਦੇਸ਼ ਵਲੋਂ ਸਵੈ ਨਿਰਭਰ ਹੋਣ ਦੀ ਕਸ਼ਮਕਸ਼ ਦੌਰਾਨ ਵੀ ਅਨੁਸੂਈਆ ਤੇ ਰਾਓਲ ਸੁਖਾਵਾਂ ਜੀਵਨ ਜਿਉਂਦੇ ਰਹੇ ਹਨ। ਮੈਰੀਡਾ ਸ਼ਹਿਰ ਕੋਲੰਬੀਆ ਸਰਹੱਦ ਦੇ ਨੇੜੇ ਪੈਂਦਾ ਹੈ ਤੇ ਚੰਗੇ ਪੌਣ ਪਾਣੀ ਤੇ ਬਨਸਪਤ ਲਈ ਜਾਣਿਆ ਜਾਂਦਾ ਹੈ। ਅਨੁਸੂਈਆ ਦਾ ਜੀਵਨ ਸਾਥੀ ਰਾਓਲ ਅਨੁਸੂਈਆ ਵਾਂਗ ਬੜਾ ਸੁਹਣਾ। ਉਸ ਦੇ ਸੁਹਪਣ ਦਾ ਰਾਜ਼ ਹਿਰਦੇਪਾਲ ਦੀ ਪਤਨੀ ਪ੍ਰਵੀਨ ਨੂੰ ਉਦੋਂ ਖੁਲ੍ਹਿਆ, ਜਦੋਂ 1980 ਵਿਚ ਪ੍ਰਵੀਨ ਮੈਰੀਡਾ ਗਈ ਸੀ ਤੇ ਰਾਓਲ ਦੀ ਮਾਂ ਉਸ ਨੂੰ ਹਵਾਈ ਅੱਡੇ ਤੋਂ ਲੈਣ ਆਈ ਸੀ। ਉਹ ਅਤਿਅੰਤ ਖੂਬਸੂਰਤ ਤੇ ਬਣਦੀ ਫਬਦੀ ਮਹਿਲਾ ਸੀ। ਪ੍ਰਵੀਨ ਨੇ ਦੱਸਿਆ, ਡਾ. ਅਨੁਸੂਈਆ ਦੇ ਸਹੁਰਾ ਪਰਿਵਾਰ ਦੀ ਰਹਿਣੀ ਸਹਿਣੀ ਕਈ ਗੱਲਾਂ ਵਿਚ ਪ੍ਰੀਤ ਨਗਰੀਆਂ ਨਾਲ ਮਿਲਦੀ-ਜੁਲਦੀ ਹੈ। ਅਨੁਸੂਈਆ ਦੀ ਮ੍ਰਿਤਕ ਦੇਹ ਦਾ ਉਸ ਦੀ ਇੱਛਾ ਅਨੁਸਾਰ ਦਾਹ ਸਸਕਾਰ ਕੀਤਾ ਗਿਆ ਤੇ ਉਸ ਦੇ ਫੁੱਲ ਨੇੜਲੀ ਨਦੀ ਵਿਚ ਜਲ ਪਰਵਾਹ ਕੀਤੇ ਗਏ। ਉਹ ਸਦਾ ਆਪਣਾ ਪੂਰਾ ਨਾਂ ਲਿਖਦੀ ਸੀ, ਅਨੁਸੂਈਆ ਸਿੰਘ।
ਜ਼ਿਕਯੋਗ ਹੈ ਕਿ ਅਨੁਸੂਈਆ ਦੀ ਇੱਕ ਭੈਣ ਉਰਮਿਲਾ ਨੇ ਅਗਾਂਹਵਧੂ ਚਿੰਤਕ ਜਗਜੀਤ ਸਿੰਘ ਆਨੰਦ ਨਾਲ ਵਿਆਹ ਕਰਵਾਇਆ ਸੀ ਤੇ ਦੂਜੀ ਪ੍ਰਤਿਮਾ ਨੇ ਬੰਗਾਲੀ ਪੱਤਰਕਾਰ ਪਾਤਰਾ ਨਾਲ।
ਮੈਂ ਅਨੁਸੂਈਆ ਨੂੰ ਦੇਖਿਆ ਤਾਂ ਨਹੀਂ, ਪਰ ਗੂਗਲ ਉਤੇ ਉਸ ਦਾ ਚਿਹਰਾ ਬੜਾ ਮਨਮੋਹਣਾ ਤੇ ਖਿੱਚ ਪਾਉਂਦਾ ਹੈ ਅਤੇ ਨੈਣ ਨਕਸ਼ ਪਿਤਾ ਵਰਗੇ। ਆਪਣੀ ਜੁਆਨੀ ਸਮੇਂ ਸ਼ਿਵ ਕੁਮਾਰ ਬਟਾਲਵੀ ਦਾ ਉਹਦੇ ਵੱਲ ਖਿੱਚਿਆ ਜਾਣਾ ਕੁਦਰਤੀ ਸੀ। ਉਸ ਵਲੋਂ ਉਚੇਰੀ ਵਿਦਿਆ ਪ੍ਰਾਪਤ ਕਰਨ ਲਈ ਰੂਸ ਤੁਰ ਜਾਣ ਤੋਂ ਪਿੱਛੋਂ ਸ਼ਿਵ ਨੇ ਜਿਹੜੀ ਕਵਿਤਾ ਲਿੱਖੀ, ਇਸ ਦੀ ਪੁਸ਼ਟੀ ਕਰਦੀ ਹੈ। ਕਵਿਤਾ ਦਾ ਇੱਕ ਬੰਦ ਅੰਤਿਕਾ ਵਿਚ ਦਰਜ ਹੈ।
ਕਰਮ ਸਿੰਘ ਮਾਨ ਦੀਆਂ ਕਹਾਣੀਆਂ ਦਾ ਸੱਚ: ਇਨ੍ਹੀਂ ਦਿਨੀਂ ਅਮਰੀਕਾ ਨਿਵਾਸੀ ਕਰਮ ਸਿੰਘ ਮਾਨ ਦਾ ਕਹਾਣੀ ਸੰਗ੍ਰਿਹ ‘ਬੋਸਕੀ ਦਾ ਪਜਾਮਾ’ ਪੜ੍ਹਨ ਨੂੰ ਮਿਲਿਆ। ਉਸ ਦੇ ਸਾਰੇ ਦੇ ਸਾਰੇ ਪਾਤਰ ਵਿਹਾਰਕ ਸੱਚ ਨੂੰ ਪ੍ਰਨਾਏ ਹੋਏ ਹਨ। ਸਭ ਤੋਂ ਪਹਿਲੀ ਕਹਾਣੀ ‘ਦਰਦ ਵਿਛੋੜੇ ਦਾ’ ਵਿਚਲੇ ਪੈਨਸ਼ਨੀਏ ਨਾਇਕ ਦਾ ਆਪਣੀ ਪਤਨੀ ਨੂੰ ‘ਜੇ ਮੈਂ ਪਹਿਲਾਂ ਮਰਿਆ ਤਾਂ ਤੈਨੂੰ ਪੈਨਸ਼ਨ ਮਿਲੂਗੀ ਤੇ ਜੇ ਤੂੰ ਪਹਿਲਾਂ ਤੁਰ ਗਈ ਤਾਂ ਮੈਨੂੰ ਟੈਨਸ਼ਨ’ ਕਹਿਣਾ ਇਸ ਦਾ ਪ੍ਰਮਾਣ ਹੈ। ਉਂਜ ਸਭ ਤੋਂ ਵਧੀਆ ਕਹਾਣੀ ਧੂੰਆਂ ਹੈ। ਇਸ ਦਾ ਨਾਇਕ ਰਘਬੀਰ ਸਿੰਘ ਪੁਲਿਸ ਦੀ ਨੌਕਰੀ ਕਰਦਾ ਖਾੜਕੂ ਮੁੰਡਿਆਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ। ਪਤਨੀ ਦਲਜੀਤ ਸਭ ਕੁਝ ਸਹਿ ਲੈਂਦੀ ਹੈ, ਪਰ ਜਦੋਂ ਉਹ ਆਪਣੇ ਪੁੱਤਰ ਨੂੰ ਬਿਲਾਨਾਗਾ ਗੁਰਦੁਆਰੇ ਜਾਂਦਾ ਦੇਖਦੀ ਹੈ ਤਾਂ ਉਸ ਦੇ ਮਨ ਵਿਚ ਇਹ ਵਹਿਮ ਪੈਂਦਾ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਵੱਡਾ ਹੋ ਕੇ ਖਾੜਕੂਆਂ ਦਾ ਬਦਲਾ ਲੈਣ ਲਈ ਤਿਆਰ ਕਰ ਰਿਹਾ ਹੈ। ਇਸ ਦਾ ਨਤੀਜਾ ਸਾਰੇ ਪਰਿਵਾਰ ਲਈ ਦੁਖਦਾਈ ਹੋਵੇਗਾ।
ਕਰਮ ਸਿੰਘ ਦੀਆਂ ਹੋਰ ਕਹਾਣੀਆਂ ਵੀ ਸਾਫ ਤੇ ਸਪਸ਼ਟ ਹਨ। ਭਾਵੇਂ ਬੋਲੀ ਤੇ ਵਾਕ ਬਣਤਰ ਰੜਕਦੀ ਹੈ, ਜੋ ਪੰਜਾਬ ਤੋਂ ਟੁੱਟਣ ਕਾਰਨ ਆ ਗਈ ਜਾਪਦੀ ਹੈ। ਇਹੋ ਹਾਲ ਕਹਾਣੀ ਕਲਾ ਦਾ ਹੈ। ਪ੍ਰਮੁੱਖ ਕਹਾਣੀ ‘ਬੋਸਕੀ ਵਾਲਾ ਪਜਾਮਾ’ ਵਿਚ ਕਹਾਣੀ ਦਾ ਸੱਚ ਬੋਸਕੀ ਦੇ ਕੱਪੜੇ ਨਾਲ ਨਹੀਂ ਜੁੜਿਆ ਹੋਇਆ, ਸਗੋਂ ਪਜਾਮੇ ਦੀਆਂ ਫਾਂਟਾਂ ਨਾਲ ਬਧਾ ਹੋਇਆ ਹੈ। ਇਸ ਕਹਾਣੀ ਦਾ ਨਾਂ ‘ਫਾਂਟਾਂ ਵਾਲਾ ਪਜਾਮਾ’ ਵਧੇਰੇ ਢੁਕਣਾ ਸੀ, ਪਰ ਨਾਂ ਵਿਚ ਕੀ ਪਿਆ ਏ! ਇਸ ਨਾਲ ਕਥਾ ਦੀ ਸਿਰਫ ਰਵਾਨੀ ਵਧਦੀ ਹੈ, ਅਰਥ ਨਹੀਂ ਬਦਲਦੇ। ਕਰਮ ਸਿੰਘ ਮਾਨ ਦੇ ਚੰਗੇ ਅਰਥਾਂ ਵਾਲੀਆਂ ਕਹਾਣੀਆਂ ਦਾ ਸਵਾਗਤ ਹੈ।
ਅੰਤਿਕਾ: ਸ਼ਿਵ ਕੁਮਾਰ ਬਟਾਲਵੀ
ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁੰਮ ਹੈ…ਗੁੰਮ ਹੈ…ਗੁੰਮ ਹੈ।
ਸਾਦ ਮੁਰਾਦੀ ਸੋਹਣੀ ਫੱਬਤ
ਗੁੰਮ ਹੈ…ਗੁੰਮ ਹੈ…ਗੁੰਮ ਹੈ।

ਸੂਰਤ ਉਸ ਦੀ ਪਰੀਆਂ ਵਰਗੀ
ਸੀਰਤ ਦੀ ਉਹ ਮੁਰੀਅਮ ਲਗਦੀ
ਹੱਸਦੀ ਹੈ ਤਾਂ ਫੁੱਲ ਝੜਦੇ ਨੇ
ਤੁਰਦੀ ਹੈ ਤਾਂ ਗਜ਼ਲ ਹੈ ਲਗਦੀ।