ਕਲੀਰੇ ਬੰਨ੍ਹਣਾ ਅਤੇ ਵੰਡਣਾ

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਪੰਜਾਬੀ ਸਭਿਆਚਾਰ ਦੀ ਆਪਣੀ ਬੋਲੀ, ਪਹਿਰਾਵੇ, ਸੁਭਾਅ, ਸਮਾਜਕ ਕਦਰ ਪ੍ਰਣਾਲੀ ਤੇ ਰਸਮਾਂ ਰਿਵਾਜਾਂ ਕਾਰਨ ਵਿਸ਼ਵ ਵਿਚ ਵੱਖਰੀ ਪਛਾਣ ਹੈ। ਪਹਿਲੇ ਸਮਿਆਂ ਵਿਚ ਇਥੋਂ ਦੇ ਵਿਆਹਾਂ ਵਿਚ ਪ੍ਰਚਲਿਤ ਰਹੇ ਰੀਤੀ ਰਿਵਾਜਾਂ ਦੀਆਂ ਗੱਲਾਂ ਹੁਣ ਤੱਕ ਕੀਤੀਆਂ ਜਾਂਦੀਆਂ ਹਨ। ਕੁੜੀ ਦੇ ਵਿਆਹ ਦੇ ਮੌਕੇ ਵਿਆਹ ਵਾਲੀ ਕੁੜੀ ਨੂੰ ਕਲੀਰੇ ਬੰਨ੍ਹਣ ਤੇ ਉਸ ਪਿੱਛੋਂ ਕਲੀਰੇ ਵੰਡਣ ਦੀ ਰਸਮ ਬੜੀ ਪੁਰਾਣੀ ਹੈ। ਇਹ ਰਸਮ ਪੰਜਾਬੀ ਸਭਿਆਚਾਰ ਦਾ ਹਿੱਸਾ ਬਣੀ ਰਹੀ ਹੈ। ਕਲੀਰਾ ਨਾਰੀਅਲ ਤੇ ਗਿਰੀ ਗੋਲੇ ਦੀਆਂ ਠੂਠੀਆਂ ਨੂੰ ਸਜਾ ਕੇ ਲਾਲ ਸੂਤੀ ਡੋਰਾਂ ਵਿਚ ਪਰੋਇਆ/ਗੁੰਦਿਆ ਜਾਂਦਾ ਹੈ। ਕਲੀਰਿਆਂ ਨੂੰ ਸਜਾਉਣ ਲਈ ਲਾਲ ਸੂਤੀ ਮੌਲ਼ੀ ਦੇ ਧਾਗਿਆਂ ਵਿਚ ਕੌਡੀਆਂ ਪਰੋਈਆਂ ਜਾਂਦੀਆਂ ਹਨ। ਉਨ੍ਹਾਂ ਨੂੰ ਮਖਾਣਿਆਂ ਅਤੇ ਵਿਸ਼ੇਸ਼ ਤਰ੍ਹਾਂ ਦੀਆਂ ਫੁੱਲੀਆਂ ਨਾਲ ਸਜਾਇਆ ਜਾਂਦਾ ਹੈ ਤੇ ਕਲੀਰਿਆਂ ਨਾਲ ਬੰਨ੍ਹਿਆ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਘਰ ਦੀਆਂ, ਸਕੇ-ਸਬੰਧੀਆਂ, ਗਲੀ ਮੁਹੱਲੇ ਤੇ ਪਿੰਡ ਦੀਆਂ ਔਰਤਾਂ/ਕੁੜੀਆਂ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਕੁੜੀ ਲਈ ਕਲੀਰੇ ਪਰੋ ਲੈਂਦੀਆਂ ਸਨ।

ਚਾਂਦੀ ਦੇ ਬਣੇ ਕਲੀਰਿਆਂ ਨੂੰ ਗਹਿਣਿਆਂ ਵਾਂਗ ਕੀਮਤੀ ਕਲੀਰੇ ਸਮਝਿਆ ਜਾਂਦਾ ਹੈ। ਉਨ੍ਹਾਂ ਵਿਚ ਨਿੱਕੀਆਂ ਗੋਲਾਈਦਾਰ ਕਟੋਰੀਆਂ ਤੇ ਘੁੰਗਰੂ ਲੱਗੇ ਹੁੰਦੇ ਹਨ। ਘੁੰਗਰੂਆਂ ਨਾਲ ਜੜੇ ਕਲੀਰਿਆਂ, ਫੁੱਲਾਂ ਵਾਲੇ ਕਲੀਰਿਆਂ, ਰੰਗ-ਬਰੰਗੇ ਧਾਗਿਆਂ ਦੇ ਕੰਮ ਵਾਲੇ ਕਲੀਰਿਆਂ, ਰੰਗਦਾਰ ਚਮਕੀਲੇ ਕਾਗਜ਼ਾਂ ਨਾਲ ਸਜਾਏ ਗਏ ਕਲੀਰਿਆਂ, ਭਾਰੇ ਜਾਂ ਹਲਕੇ ਝੂਮਰ ਵਾਲੇ ਕਲੀਰਿਆਂ ਦੀਆਂ ਵੰਨਗੀਆਂ ਨੂੰ ਕੁੜੀਆਂ ਵਧੇਰੇ ਪਸੰਦ ਕਰਦੀਆਂ ਹਨ। ਵਿਆਹ ਵਾਲੇ ਦਿਨ ਕੁੜੀ ਨੂੰ ਵਰੀ ਦਾ ਸੂਟ ਪਹਿਨਾਉਣ ਪਿੱਛੋਂ ਉਸ ਦੇ ਨੇੜਲੇ ਰਿਸ਼ਤੇਦਾਰ ਉਸ ਨੂੰ ਕਲੀਰੇ ਬੰਨ੍ਹਦੇ ਹਨ। ਕੁੜੀ ਨੂੰ ਚੂੜਾ ਪਹਿਨਾਉਣ ਪਿੱਛੋਂ ਉਸ ਨੂੰ ਕਲੀਰੇ ਬੰਨ੍ਹੇ ਜਾਂਦੇ ਹਨ। ਕੁੜੀ ਦੀ ਮਾਂ ਤੇ ਮਾਮਿਆਂ ਵੱਲੋਂ ਸਭ ਤੋਂ ਪਹਿਲਾਂ ਬੰਨ੍ਹੇ ਜਾਣ ਵਾਲੇ ਕਲੀਰਿਆਂ ਨੂੰ ਜੇਠੇ ਕਲੀਰੇ ਕਿਹਾ ਜਾਂਦਾ ਹੈ। ਫਿਰ ਬਾਕੀ ਰਿਸ਼ਤੇਦਾਰਾਂ, ਸ਼ਰੀਕੇ- ਭਾਈਚਾਰੇ ਦੀਆਂ ਔਰਤਾਂ/ਕੁੜੀਆਂ ਵੱਲੋਂ ਕੁੜੀ ਨੂੰ ਕਲੀਰੇ ਬੰਨ੍ਹੇ ਜਾਂਦੇ ਹਨ। ਵਿਆਹ ਵਾਲੀ ਕੁੜੀ ਆਪਣੀਆਂ ਦੋਹਾਂ ਬਾਹਾਂ ਦੀਆਂ ਕਲਾਈਆਂ ਉਤੇ ਕਲੀਰੇ ਬੰਨ੍ਹਦੀ ਹੈ।
ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ਇਸ ਨੂੰ ‘ਸੁੱਖ ਮੰਗਲ ਦਾ ਸੂਚਕ’ ਸਮਝਿਆ ਜਾਂਦਾ ਹੈ (ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਪੰਨਾ 1060 )। ਕੁੜੀ ਦੀਆਂ ਕਲਾਈਆਂ ਨਾਲ ਲਟਕਦੇ ਚਾਂਦੀ ਦੇ ਕਲੀਰੇ, ਨਾਰੀਅਲ ਦੇ ਕਲੀਰੇ, ਕੌਡੀਆਂ ਆਦਿ ਨਾਲ ਸਜਾਏ ਗਏ ਕਲੀਰੇ ਬਹੁਤ ਸੁੰਦਰ ਲੱਗਦੇ ਹਨ। ਕੁੜੀ ਨੂੰ ਕਲੀਰੇ ਬੰਨ੍ਹਣ ਦੀ ਇਸ ਰਸਮ ਦਾ ਵਿਸ਼ੇਸ਼ ਮਹੱਤਵ ਹੈ ਤੇ ਇਸ ਨੂੰ ਸ਼ੁੱਭ ਸ਼ਗਨ ਸਮਝਿਆ ਜਾਂਦਾ ਹੈ।
ਕਲੀਰੇ ਵੰਡਣ ਦੀ ਰਸਮ ਕੁੜੀ ਦੀ ਡੋਲੀ ਤੁਰਨ ਤੋਂ ਪਹਿਲਾਂ ਹੁੰਦੀ ਹੈ। ਕੁੜੀ ਕੋਲ ਉਸ ਦੀਆਂ ਭੈਣਾਂ, ਭਾਬੀਆਂ, ਵੀਰਾਂ ਨੂੰ ਬੁਲਾਇਆ ਜਾਂਦਾ ਹੈ। ਬੰਨ੍ਹੇ ਗਏ, ਇਕੱਠੇ ਹੋਏ ਕਲੀਰਿਆਂ ਵਿਚੋਂ ਕੁਝ ਨੂੰ ਤੋੜ ਕੇ ਕੁੜੀ ਆਪਣੀਆਂ ਭੈਣਾਂ, ਭਰਾਵਾਂ, ਭਾਬੀਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਵੰਡਦੀ ਹੈ। ਇਸ ਰਸਮ ਨੂੰ ਵਿਆਹ ਪਿੱਛੋਂ ਘਰ ਵਿਚ ਪਿਆਰ, ਇਤਫਾਕ, ਖੁਸ਼ਹਾਲੀ, ਬਰਕਤਾਂ ਆਦਿ ਬਣੀਆਂ ਰਹਿਣ ਲਈ ਦੁਆ ਕਰਨ ਵਜੋਂ ਨਿਭਾਇਆ ਜਾਂਦਾ ਹੈ। ਘਰ ਵਿਚ ਖੁਸ਼ੀਆਂ ਨਾਲ ਭਰਪੂਰ ਤੇ ਸ਼ੁੱਭ ਕਾਰਜ ਹੁੰਦੇ ਰਹਿਣ ਲਈ ਵੀ ਦੁਆ ਕੀਤੀ ਜਾਂਦੀ ਹੈ। ਕਲੀਰੇ ਵੰਡਦਿਆਂ ਕੁੜੀ ਆਪਣੇ ਪੇਕੇ ਘਰ ਲਈ ਵੀ ਖੈਰ-ਸੁੱਖ ਮੰਗਦੀ ਹੈ। ਬਾਹਾਂ ਵਿਚ ਪਾਏ ਕਲੀਰਿਆਂ ਦੇ ਕੁਝ ਹਿੱਸੇ ਨੂੰ ਕੁੜੀ ਆਪਣੇ ਸਹੁਰੇ ਘਰ ਲੈ ਕੇ ਜਾਂਦੀ ਹੈ।
ਹੁਣ ਸਮਾਂ ਬਦਲ ਗਿਆ ਹੈ। ਹੁਣ ਬਣੇ-ਬਣਾਏ ਕਲੀਰੇ ਬਾਜ਼ਾਰ ਵਿਚੋਂ ਖਰੀਦੇ ਜਾ ਸਕਦੇ ਹਨ। ਉਨ੍ਹਾਂ ਬਣੇ-ਬਣਾਏ ਸੁੰਦਰ ਕਲੀਰਿਆਂ ਵਿਚੋਂ ਬੇਸ਼ੱਕ ਆਪਣੇਪਨ ਦਾ ਅਹਿਸਾਸ ਗੈਰਹਾਜ਼ਰ ਹੁੰਦਾ ਹੈ, ਪਰ ਬਦਲਦੇ ਸਮੇਂ ਨੇ ਚੀਜ਼ਾਂ ਦੇ ਵਿਕਲਪ ਦੀ ਤਲਾਸ਼ ਵੀ ਕਰਨੀ ਹੁੰਦੀ ਹੈ। ਕਲੀਰੇ ਬੰਨ੍ਹਣ ਤੇ ਵੰਡਣ ਦੀ ਰਸਮ ਹੁਣ ਬੇਸ਼ੱਕ ਘਟਦੀ ਜਾ ਰਹੀ ਹੈ, ਪਰ ਉਸ ਦਾ ਮਹੱਤਵ ਅਜੇ ਤੱਕ ਵੀ ਬਣਿਆ ਹੋਇਆ ਹੈ। ਪਹਿਲਾਂ ਜਿਹੜੇ ਸ਼ਗਨ-ਵਿਹਾਰ ਗਲੀ ਮੁਹੱਲਾ ਰਲ-ਮਿਲ ਕੇ ਕਰਦਾ ਸੀ, ਹੁਣ ਸਿਰਫ ਘਰ ਵਾਲਿਆਂ ਜਾਂ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਤੱਕ ਸਿਮਟ ਕੇ ਰਹਿ ਗਏ ਹਨ। ਕਲੀਰੇ ਬੰਨ੍ਹਣ ਤੇ ਵੰਡਣ ਦੀ ਰਸਮ ਦੇ ਮਹੱਤਵ ਨੂੰ ਵਿਸਾਰਿਆ ਨਹੀਂ ਜਾ ਸਕਦਾ। ਕਲੀਰਿਆਂ ਨਾਲ ਕਈ ਲੋਕ ਵਿਸ਼ਵਾਸ ਤੇ ਰਵਾਇਤਾਂ ਵੀ ਜੁੜੀਆਂ ਹੋਈਆਂ ਹਨ। ਕੁਝ ਵੀ ਹੋਵੇ ਪੰਜਾਬੀ ਸਭਿਆਚਾਰ ਵਿਚ ਕਲੀਰਿਆਂ ਦੇ ਮਹੱਤਵ ਨੇ ਆਪਣਾ ਸਥਾਨ ਬਣਾਈ ਰੱਖਣਾ ਹੈ।