‘ਕਾਗਹੁ ਹੰਸੁ ਕਰੇਇ’

ਮਾਣਯੋਗ ਸੰਪਾਦਕ ਜੀ,
‘ਪੰਜਾਬ ਟਾਈਮਜ਼’ ਦੇ 19 ਸਤੰਬਰ ਦੇ ਪਰਚੇ ਵਿਚ ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’ ਦਾ ਇੱਕ ਲੇਖ ਛਪਿਆ ਹੈ, ਜਿਸ ਵਿਚ ਪ੍ਰੋ. ਧਰਮਵੀਰ ਸਿੰਘ ਚੱਠਾ ਦੀ ਲਿਖੀ ਪੁਸਤਕ ‘ਕਾਗਹੁ ਹੰਸੁ ਕਰੇਇ’ ਬਾਰੇ ਬਹੁਤ ਵਧੀਆ ਚਰਚਾ ਕੀਤੀ ਗਈ ਹੈ। ਪੁਸਤਕ ਦੇ ਟਾਈਟਲ ਦੀ ਦਿੱਤੀ ਫੋਟੋ ਅਨੁਸਾਰ ਪੁਸਤਕ ਦੇ ਲੇਖਕ ਨੇ ਟਾਈਟਲ ਦਾ ਨਾਂ ਗੁਰਬਾਣੀ ਦੀ ਲਿਖਤ ਅਨੁਸਾਰ ‘ਕਾਗਹੁ ਹੰਸੁ ਕਰੇਇ’ ਠੀਕ ਲਿਖਿਆ ਹੈ। ਲੇਖ ਦੇ ਮਾਣਯੋਗ ਲਿਖਾਰੀ ਵਲੋਂ ਇਸ ਟਾਈਟਲ ਨੂੰ ‘ਕਾਗਹੁ ਹੰਸ ਕਰਹਿ’ ਲਿਖ ਕੇ ਗੱਲ ਤੋਰੀ ਹੈ ਅਤੇ ਇਹ ਵਾਕ ਅੰਸ਼ ਦੋ ਵਾਰੀ ਵਰਤਿਆ ਹੈ।

ਲੇਖ ਦੇ ਆਖਰੀ ਪਹਿਰੇ ਵਿਚ ਇਹ ਵਾਕ ਅੰਸ਼ ਠੀਕ ‘ਕਾਗਹੁ ਹੰਸੁ ਕਰੇਇ’ ਵੀ ਲਿਖਿਆ ਹੋਇਆ ਹੈ। ਗੁਰਬਾਣੀ ਦੀ ਲਿਖਤ ਅਨੁਸਾਰ ਪ੍ਰੋ. ਸਾਹਿਬ ਸਿੰਘ ਦੀ ਖੋਜ ਨੂੰ ਸਾਹਮਣੇ ਰੱਖੀਏ ਤਾਂ ‘ਕਰਹਿ’ ਬਹੁ ਵਚਨ ਕਿਰਿਆ ਨੂੰ ਪ੍ਰਗਟ ਕਰਦਾ ਸ਼ਬਦ ਹੈ, ਜਦੋਂ ਕਿ ਕਿਰਿਆ ਦਾ ਕਰਤਾ ਸਿਰਫ ਇੱਕ ਹੈ। ਪ੍ਰੋ. ਸਾਹਿਬ ਸਿੰਘ ਦੇ ਕੀਤੇ ਅਰਥਾਂ ਅਨੁਸਾਰ ਉਸ ਕਰਤਾ ਪੁਰਖ ਨੂੰ ਭਾਵੇ ਤਾਂ ਉਹ ਕਾਂ ਬਿਰਤੀ ਵਾਲੇ ਨੂੰ ਹੰਸ ਬਿਰਤੀ ਵਾਲਾ ਬਣਾ ਦਿੰਦਾ ਹੈ। ਇੱਕ ਵਚਨ ਕਰਤਾ ਪੁਰਖ ਵਾਸਤੇ ‘ਕਰੇਇ’ ਕਿਰਿਆ ਬਣਦੀ ਹੈ, ‘ਕਰਹਿ’ ਨਹੀਂ। ਲੇਖਕ ਵਲੋਂ ਇਸ ਕਿਤਾਬ ਉਪਰ ਸੈਮੀਨਾਰ ਕਰਵਾਉਣ ਅਤੇ ਇਸ ਨੂੰ ਜਾਗ੍ਰਿਤੀ ਵਜੋਂ ਨੌਜਵਾਨਾਂ ਵਿਚ ਵੰਡਣ ਦੀ ਵਧੀਆ ਗੱਲ ਲਿਖੀ ਹੈ। ‘ਕਾਗਹੁ ਹੰਸੁ ਕਰੇਇ’ ਵਾਕ ਅੰਸ਼ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 91 ਉਪਰ ਹੁੰਦੇ ਹਨ, ਜਦੋਂ ਕਿ ‘ਕਾਗਹੁ ਹੰਸ ਕਰਹਿ’ ਵਾਕ ਅੰਸ਼ ਗੁਰਬਾਣੀ ਵਿਚ ਨਹੀਂ ਹੈ।
ਇਸੇ ਪਰਚੇ ਵਿਚ ਡਾ. ਅਮਰਜੀਤ ਸਿੰਘ ਟਾਂਡਾ ਦਾ ਇੱਕ ਲੇਖ ‘ਨਵੀਨਤਮ ਸ਼ਬਦ ਸੋਚ ਅਤੇ ਵਿਲੱਖਣਤਾ ਦੀ ਪੈੜ’ ਵੀ ਛਪਿਆ ਹੈ। ਲੇਖਕ ਦਾ ਇਹ ਲੇਖ ਲਿਖਣ ਲਈ ਅਤੇ ਸੰਪਾਦਕ ਦਾ ਲੇਖ ਛਾਪਣ ਲਈ ਧੰਨਵਾਦ ਕਰਨਾ ਬਣਦਾ ਹੈ। ਸਿੱਖ ਜਗਤ ਵਿਚ ਭਰਪੂਰ ਨਾਮਣਾ ਖੱਟਣ ਵਾਲੇ ਵਿਦਵਾਨ ਪ੍ਰੋ. ਸਾਹਿਬ ਸਿੰਘ ਬਾਰੇ ਲੇਖਕ ਵਲੋਂ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ। ਲੇਖਕ ਨੇ ਲਿਖਿਆ ਹੈ ਕਿ ਪ੍ਰੋ. ਸਾਹਿਬ ਸਿੰਘ ਦੀਆਂ ਲਿਖਤਾਂ ਨਾਲ ਲੱਖਾਂ ਪ੍ਰਾਣੀ ਗੁਰੂ ਨਾਲ ਜੁੜੇ ਹਨ ਅਤੇ ਹੋਰ ਲੱਖਾਂ ਹੀ ਗੁਰੂ ਨਾਲ ਜੁੜ ਰਹੇ ਹਨ ਤੇ ਗੁਰਬਾਣੀ ਦੀ ਸ਼ੁੱਧਤਾ ਦਾ ਪ੍ਰਚਾਰ ਕਰ ਰਹੇ ਹਨ। ਇਹ ਕੋਈ ਅਤਿਕਥਨੀ ਨਹੀਂ ਹੈ, ਸਗੋਂ ਲੇਖਕ ਵਲੋਂ ਸੱਚਾਈ ਬਿਆਨ ਕੀਤੀ ਗਈ ਹੈ। ਸਿੱਖ ਇਤਿਹਾਸ ਦੀ ਖੋਜ ਅਤੇ ਗੁਰਬਾਣੀ ਦੇ ਗੁਰਬਾਣੀ ਵਿਆਕਰਣ ਦੀ ਪੁਸਤਕ ਰਚ ਕੇ ਕੀਤੇ ਗਏ ਅਰਥਾਂ ਤੋਂ ਵੱਡੇ ਵੱਡੇ ਕਥਾਵਾਚਕ ਅਗਵਾਈ ਲੈ ਕੇ ਸਿੱਖ ਸੰਗਤਾਂ ਵਿਚ ਗੁਰਬਾਣੀ ਰਾਹੀਂ ਦਿੱਤਾ ਠੀਕ ਸੰਦੇਸ਼ ਪਹੁੰਚਾ ਰਹੇ ਹਨ। ਪ੍ਰਸਿੱਧ ਸਿੱਖ ਵਿਦਵਾਨਾਂ ਬਾਰੇ ਅਜਿਹੇ ਲੇਖ ਲਿਖ ਕੇ ਜਾਣਕਾਰੀ ਦੇਣ ਦਾ ਯਤਨ ਸ਼ਲਾਘਾਯੋਗ ਹੈ, ਜੋ ਖੋਜ ਵਿਚ ਸਿੱਖੀ ਜੀਵਨ ਦੇ ਪਾਂਧੀਆਂ ਲਈ ਪ੍ਰੇਰਨਾ ਸ੍ਰੋਤ ਬਣ ਸਕਦਾ ਹੈ।
-ਪ੍ਰੋ. ਕਸ਼ਮੀਰਾ ਸਿੰਘ