ਚਿਹਰਿਆਂ ਤੋਂ ਪਾਰ ਸ਼ਖਸੀਅਤ ਦਾ ਖਾਕਾ ‘ਪਰਸੋਨਾ’

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸਵੀਡਨ ਦੇ ਸਰਕਰਦਾ ਫਿਲਮਸਾਜ਼ ਇੰਗਮਾਰ ਬਰਗਮੈਨ ਦੀ ਫਿਲਮ ‘ਪਰਸੋਨਾ’ ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਵਿਚ ਸ਼ਖਸੀਅਤਾਂ ਦੇ ਰਹੱਸ ਅਤੇ ਧੜਕਦੀ ਜ਼ਿੰਦਗੀ ਦੀਆਂ ਦਾਰਸ਼ਨਿਕ ਗੱਲਾਂਬਾਤਾਂ ਹਨ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330

ਫਿਲਮਸਾਜ਼ ਇੰਗਮਾਰ ਬਰਗਮੈਨ ਦਾ ਸਿਨੇਮਾ ਆਤਮਾ ਅੰਦਰ ਝਾਕਣ ਦਾ ਸਿਨੇਮਾ ਹੈ। ਉਸ ਦੀ ਬੇਹੱਦ ਚਰਚਿਤ ਰਹੀ ਅਤੇ ਦਾਰਸ਼ਨਿਕ ਸਚਾਈਆਂ ਨੂੰ ਪ੍ਰਨਾਈ ਫਿਲਮ ‘ਪਰਸੋਨਾ’ (ਲੁਕੀ ਸ਼ਖਸੀਅਤ) ਵਿਚ ਉਹ ਮਨੁੱਖ ਦੀ ਪਛਾਣ ਅਤੇ ਆਪਣੀ ਪਛਾਣ ਨੂੰ ਗਵਾ ਲੈਣ ਦੇ ਡਰਾਂ ਅਤੇ ਖਦਸ਼ਿਆਂ ਨੂੰ ਸੰਬੋਧਿਤ ਹੁੰਦਾ ਹੈ। ਉਸ ਦੀ ਇਸ ਫਿਲਮ ਦੇ ਦੋਵੇਂ ਮੁੱਖ ਕਿਰਦਾਰਾਂ ਨੇ ਇਸ ਫਿਲਮ ਰਾਹੀਂ ਬਰਗਮੈਨ ਦੁਆਰਾ ਕਲਪਿਤ ਅਧੂਰੀਆਂ ਕਲਪਨਾਵਾਂ, ਖਾਹਿਸ਼ਾਂ ਅਤੇ ‘ਖੁਦ ਦੇ ਗੁਆਚ ਜਾਣ’ ਦੇ ਡਰਾਂ ਨੂੰ ਜਿੰਨੇ ਖੂਬਸੂਰਤ ਢੰਗ ਨਾਲ ਜੀਵਿਆ ਹੈ, ਉਸ ਕਾਰਨ ਇਸ ਫਿਲਮ ਨੇ ਸਿਨੇਮਾ ਦੇ ਇਤਿਹਾਸ ਵਿਚ ਖਾਸ ਮੁਕਾਮ ਹਾਸਿਲ ਕਰ ਲਿਆ। ਇਸ ਫਿਲਮ ਨੇ ਰਿਲੀਜ਼ ਹੁੰਦਿਆਂ ਹੀ ਫਿਲਮੀ ਆਲੋਚਕਾਂ ਨੂੰ ਬਹੁਤ ਹੈਰਾਨ-ਪ੍ਰੇਸ਼ਾਨ ਕਰ ਦਿੱਤਾ। ਇਸ ਦਾ ਕਾਰਨ ਬਹੁਤ ਹੱਦ ਤੱਕ ਇੰਗਮਾਰ ਬਰਗਮੈਨ ਦੀ ਫਿਲਮਸਾਜ਼ ਦੇ ਤੌਰ ‘ਤੇ ਸ਼ਖਸੀਅਤ ਸੀ ਜਿਸ ਦੇ ਚੱਲਦਿਆਂ ਉਸ ਨੇ ਨਾ ਸਿਰਫ ਫਿਲਮਾਂ ਵਿਚ ਫਾਰਮ ਦੇ ਤੌਰ ‘ਤੇ ਵੰਨ-ਸਵੰਨੇ ਤਜਰਬੇ ਕੀਤੇ ਸਗੋਂ ਉਸ ਨੇ ਇਹ ਫਿਲਮ ਬਣਾਉਣ ਦੇ ਤਜਰਬੇ ਰਾਹੀਂ ਸਿਨੇਮਾ ਵਰਗੇ ਕਲਾ-ਮਾਧਿਅਮ ਵਿਚ ਜਜ਼ਬਾਤ ਅਤੇ ਭਾਵਨਾਵਾਂ ਨੂੰ ਪ੍ਰਗਟਾਉਣ ਦੀ ਅਥਾਹ ਸਮਰੱਥਾ ਨੂੰ ਵੀ ਸਾਬਿਤ ਕੀਤਾ।
ਇਹ ਫਿਲਮ ਦੇਖਦਿਆਂ ਬਰਗਮੈਨ ਦੀਆਂ ਦੋ ਹੋਰ ਫਿਲਮਾਂ ਦੀ ਵਾਰ-ਵਾਰ ਯਾਦ ਆAਂਦੀ ਹੈ, ਪਹਿਲੀ ‘ਵਿਸਪਰ ਐਂਡ ਕਰਾਈਜ਼’ ਅਤੇ ਦੂਜੀ ‘ਸਾਇਲਨਜ਼’। ਇਹਨਾਂ ਫਿਲਮਾਂ ਵਿਚ ਉਸ ਨੇ ਕਿਰਦਾਰਾਂ ਦੇ ਉਲਝੇ ਹੋਏ ਮਨੋਵਿਗਿਆਨਕ ਖਾਕਿਆਂ ਅਤੇ ਉਹਨਾਂ ਪ੍ਰਤੀ ਸਾਧਾਰਨਤਾ ਦੇ ਗੜੀ-ਗੇਧ ਵਿਚ ਉਲਝੀ ਦੁਨੀਆ ਨਾਲ ਟਕਰਾਉ ਨੂੰ ਬੇਹੱਦ ਸੰਵੇਦਨਸ਼ੀਲਤਾ ਨਾਲ ਫਿਲਮਾਇਆ ਹੈ। ਬਰਗਮੈਨ ਇਹ ਅੜਾਉਣੀ ਵੀ ਇੱਥੇ ਹੀ ਨਹੀਂ ਸੁਲਝਾਉਂਦਾ ਬਲਕਿ ਇਸ ਦੀਆਂ ਵੱਖੋ-ਵੱਖਰੀਆਂ ਪਰਤਾਂ ਨੂੰ ਉਘਾੜਦਿਆਂ ਉਹਨਾਂ ਦੀ ਰੂਹ ਤੱਕ ਨੂੰ ਵੀ ਛਿੱਲ ਦਿੰਦਾ ਹੈ। ਉਸ ਦੇ ਕਿਰਦਾਰ ਚੁੱਪ ਅਤੇ ਆਵਾਜ਼ ਦੀ ਥਾਂ ਸੋਚ ਅਤੇ ਵਿਸ਼ਲੇਸ਼ਣ ਦਾ ਔਖਾ ਰਾਹ ਚੁਣਦੇ ਹਨ। ਉਹ ਬਹੁਤ ਸਾਰੀਆਂ ਥਾਵਾਂ ‘ਤੇ ਆਪਣੇ ਕਿਰਦਾਰਾਂ ਨੂੰ ਬਹੁਤ ਔਖੇ ਹਾਲਾਤ ਵਿਚ ਫਸਾ ਦਿੰਦਾ ਹੈ। ਇਹ ਹਾਲਾਤ ਮੁਹੱਬਤ ਵਿਚ ਪਾਗਲਪਣ ਰਲਣ ਦੇ ਹਨ; ਇਹ ਹਾਲਾਤ ਪਿਆਰ ਵਿਚ ਦੂਜੇ ਨੂੰ ਨੁਕਸਾਨ ਪਹੁਚਾਉਣ ਦੀ ਥਾਂ ਖੁਦ ਨੂੰ ਜ਼ਖਮੀ ਕਰ ਲੈਣ ਦੀਆਂ ਹਨ; ਇਹ ਹਾਲਾਤ ਖੁਦ ਨੂੰ ਦੂਜੇ ਵਰਗਾ ਸਮਝਣ ਜਾਂ ਉਸ ਵਰਗਾ ਹੋ ਜਾਣ ਵਰਗੀ ਅਸੰਭਵ ਆਸ ਪਾਲ ਲੈਣ ਦੇ ਹਨ। ਇਹਨਾਂ ਹਾਲਾਤ ਵਿਚ ਬਹੁਤੀ ਵਾਰ ਤਰਕ ਅਤੇ ਦਲੀਲ ਖੋਖਲੇ ਅਤੇ ਵਿਅਰਥ ਭਾਸਦੇ ਹਨ। ਬੇਵਸੀ ਅਤੇ ਖਾਲੀਪਣ ਦਾ ਪਰਛਾਵਾਂ ਬੰਦੇ ਦੀ ਹੋਂਦ ਨੂੰ ਨਿਗਲ ਲੈਂਦਾ ਹੈ। ਅਜਿਹੀ ਫਿਲਮ ਲਿਖਣ ਬਾਰੇ ਸੋਚਣਾ ਅਤੇ ਫਿਰ ਉਸ ਨੂੰ ਕੈਮਰੇ ਰਾਹੀਂ ਸਾਕਾਰ ਕਰਨਾ ਜਿੱਥੇ ਬੌਧਿਕਤਾ ਦੀ ਮੰਗ ਕਰਦਾ ਹੈ, ਉਥੇ ਫਿਲਮਸਾਜ਼ ਅਤੇ ਉਸ ਦੀ ਟੀਮ ਲਈ ਭਾਵਨਾਤਮਿਕ ਤੌਰ ‘ਤੇ ਖਾਲੀ ਕਰ ਦੇਣ ਵਾਲਾ ਕੰਮ ਹੁੰਦਾ ਹੈ। ਇਹ ਫਿਲਮ ਦਰਸ਼ਕਾਂ ਨੂੰ ਵਾਰ-ਵਾਰ ਅਸਹਿਜ ਕਰਦੀ ਹੈ। ਉਹਨਾਂ ਦੀਆਂ ਭਾਵਨਾਵਾਂ ਨੂੰ ਟਕੋਰਦੀ ਹੈ ਅਤੇ ਉਹਨਾਂ ਨੂੰ ਖੁਦ ਦੇ ਮਨਾਂ ਵਿਚ ਪਈ ਕਾਲਖ ਵਲ ਧੱਕਦੀ ਹੈ।
ਇਸ ਫਿਲਮ ਦੀ ਕਹਾਣੀ ਮੁਤਾਬਿਕ ਨਰਸ ਅਲਮਾ (ਬੀਬੀ ਐਂਡਰਸਨ) ਨੂੰ ਮਸ਼ਹੂਰ ਅਭਿਨੇਤਰੀ ਐਲਿਜ਼ਬਥ (ਲੂ ਉਲਮਾਨ) ਦੇ ਇਲਾਜ ਅਤੇ ਮਾਨਸਿਕ ਵਸੇਬੇ ਲਈ ਉਸ ਨਾਲ ਰਹਿਣ ਲਈ ਭੇਜਿਆ ਜਾਂਦਾ ਹੈ। ਐਲਿਜ਼ਬਥ ਸਾਧਾਰਨ ਮਰੀਜ਼ ਨਹੀਂ। ਉਹਨੇ ਬੋਲਣਾ ਬੰਦ ਕਰ ਦਿੱਤਾ ਹੈ ਅਤੇ ਉਹ ਇਸ ਨੂੰ ਸਮਾਜ ਵਲੋਂ ਉਸ ਤੋਂ ਮਾਂ ਅਤੇ ਵਿਅਕਤੀ ਦੇ ਤੌਰ ‘ਤੇ ਕੀਤੀਆਂ ਮੰਗਾਂ ਰੱਦ ਕਰਨ ਦੀ ਬਗਾਵਤ ਦੇ ਤੌਰ ‘ਤੇ ਦੇਖਦੀ ਹੈ। ਫਿਲਮ ਦੇ ਪਹਿਲੇ ਦ੍ਰਿਸ਼ ਵਿਚ ਪ੍ਰਾਜੈਕਟਰ ਚਲ ਰਿਹਾ ਹੈ ਅਤੇ ਛੋਟੀ ਉਮਰ ਦਾ ਬੱਚਾ ਪਰਦੇ ‘ਤੇ ਦੋ ਔਰਤਾਂ ਦੇ ਚਿਹਰਿਆਂ ਨੂੰ ਆਪਸ ਵਿਚ ਰਲ-ਗੱਡ ਹੁੰਦੇ ਦੇਖਦਾ ਹੈ। ਇਸੇ ਸਕਰੀਨ ‘ਤੇ ਮੱਕੜੀ ਤੁਰ ਰਹੀ ਹੈ, ਫਿਰ ਕਿਸੇ ਨੂੰ ਸਲੀਬ ‘ਤੇ ਲਟਕਾਉਣ ਦਾ ਦ੍ਰਿਸ਼ ਉਭਰਦਾ ਹੈ ਅਤੇ ਨਿੱਕੇ ਲੇਲੇ ਨੂੰ ਜ਼ਿਬਾਹ ਕਰਨ ਦੀ ਘਟਨਾ ਵਾਪਰ ਰਹੀ ਹੈ। ਫਿਲਮ ਦੇ ਸ਼ੁਰੂਆਤੀ ਦ੍ਰਿਸ਼ਾਂ ਵਿਚ ਵੀਅਤਨਾਮ ਦੀ ਜੰਗ ਦੇ ਦਿਨਾਂ ਵਿਚ ਇੱਕ ਲਾਮਾ ਦੁਆਰਾ ਆਤਮਦਾਹ ਕਰਨ ਦਾ ਦ੍ਰਿਸ਼ ਹੈ ਜਿਸ ਨੂੰ ਦੇਖਦਿਆਂ ਐਲਿਜ਼ਬਥ ਨੂੰ ਭਾਸਦਾ ਹੈ ਕਿ ਉਸ ਦੀ ਖੁਦ ਦੀ ਬਗਾਵਤ ਬੌਧਿਕ ਪੱਖੋਂ ਸੱਖਣੀ ਅਤੇ ਖੌਖਲੀ ਹੈ ਪਰ ਉਸ ਵਿਚ ਉਸ ਬੋਧੀ ਜਿੰਨਾ ਬਲੀਦਾਨ ਤੇ ਵਿਰੋਧ ਦਾ ਜਜ਼ਬਾ ਕਿੱਥੇ ਹੈ? ਇਸ ਦ੍ਰਿਸ਼ ਨੂੰ ਬਹੁਤ ਸਾਰੇ ਆਲੋਚਕਾਂ ਨੇ ਫਿਲਮਸਾਜ਼ ਦੀ ਅਮਰੀਕਾ ਦੁਆਰਾ ਵੀਅਤਨਾਮ ਦੀ ਜੰਗ ਬਾਰੇ ਆਪਣੀ ਸਿਆਸੀ ਸਮਝ ਦੇ ਨੁਕਤੇ ਤੋਂ ਵਿਚਾਰਿਆ ਹੈ।
ਇਸੇ ਦੌਰਾਨ ਨਰਸ ਅਲਮਾ ਆਪਣੀ ਮਰੀਜ਼ ਐਲਿਜ਼ਬਥ ਨੂੰ ਉਸ ਦੇ ਪਤੀ ਦੀ ਭੇਜੀ ਚਿੱਠੀ ਪੜ੍ਹ ਕੇ ਸੁਣਾਉਂਦੀ ਹੈ ਜਿਸ ਨਾਲ ਉਸ ਦੇ ਪੁੱਤਰ ਦੀ ਫੋਟੋ ਵੀ ਹੈ। ਐਲਿਜ਼ਬਥ ਫੋਟੋ ਪਾੜ ਦਿੰਦੀ ਹੈ। ਇਲਾਜ ਕਰ ਰਹੇ ਡਾਕਟਰ ਦੀ ਸਲਾਹ ‘ਤੇ ਉਹਨਾਂ ਦੋਵਾਂ ਨੂੰ ਸਮੁੰਦਰ ਕਿਨਾਰੇ ਬਣੇ ਘਰ ਵਿਚ ਰਹਿਣ ਲਈ ਭੇਜ ਦਿੱਤਾ ਜਾਂਦਾ ਹੈ। ਉਥੇ ਜਾ ਕੇ ਅਲਮਾ ਆਪਣੀ ਮਰੀਜ਼ ਨੂੰ ਦੱਸਦੀ ਹੈ ਕਿ ਉਸ ਨੂੰ ਪੂਰੀ ਉਮਰ ਕਿਸੇ ਨੇ ਨਹੀਂ ਸੁਣਿਆ। ਉਹ ਐਲਿਜ਼ਬਥ ਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਉਂਦਿਆਂ ਇਸ ਗੱਲ ਦੀ ਸ਼ਰਮ ਅਤੇ ਪਛਤਾਵੇ ਵਿਚੋਂ ਗੁਜ਼ਰਦੀ ਹੈ ਕਿ ਕਿਵੇਂ ਉਸ ਨੇ ਆਪਣੇ ਪ੍ਰੇਮੀ ਕਾਰਲ-ਹੈਨਰਿਕ ਨਾਲ ਚੰਗੇ ਪ੍ਰੇਮ ਸਬੰਧ ਹੋਣ ਦੇ ਬਾਵਜੂਦ ਕਿਸੇ ਅਣਜਾਣ ਮੁੰਡੇ ਨਾਲ ਸਬੰਧ ਬਣਾਏ ਅਤੇ ਨਤੀਜੇ ਵਜੋਂ ਉਸ ਨੂੰ ਗਰਭਪਾਤ ਕਰਵਾAਣਾ ਪਿਆ।
ਉਹਨਾਂ ਦੀ ਇਸ ਗੱਲਬਾਤ ਤੋਂ ਬਾਅਦ ਅਲਮਾ ਜਦੋਂ ਐਲਿਜ਼ਬਥ ਦੀ ਦਿੱਤੀ ਚਿੱਠੀ ਡਾਕ ਵਿਚ ਪਾਉਣ ਲਈ ਸ਼ਹਿਰ ਡਾਕਖਾਨੇ ਜਾ ਰਹੀ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਚਿੱਠੀ ਤਾਂ ਖੁੱਲ੍ਹੀ ਹੈ। ਕੀ ਐਲਿਜ਼ਬਥ ਨੇ ਇਸ ਨੂੰ ਜਾਣ-ਬੁੱਝ ਕੇ ਖੁੱਲ੍ਹੀ ਰੱਖਿਆ ਹੈ? ਜਦੋਂ ਉਹ ਚਿੱਠੀ ਪੜ੍ਹਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਅਸਲ ਵਿਚ ਤਾਂ ਐਲਿਜ਼ਬਥ ਉਸ ਦਾ ‘ਅਧਿਐਨ’ ਕਰ ਰਹੀ ਹੈ ਅਤੇ ਉਹ ਉਸ ਦੀ ਜਗਿਆਸਾ ਦਾ ਧੁਰਾ ਹੈ। ਚਿੱਠੀ ਵਿਚ ਉਹ ਸਾਰਾ ਕੁਝ ਲਿਖਿਆ ਗਿਆ ਜਿਹੜਾ ਅਲਮਾ ਨੇ ਵਿਸ਼ਵਾਸ ਦੇ ਪਲਾਂ ਵਿਚ ਐਲਿਜ਼ਬਥ ਨਾਲ ਸਾਂਝਾ ਕੀਤਾ ਸੀ। ਅਲਮਾ ਨੂੰ ਇਹ ਸਭ ਪੜ੍ਹ ਕੇ ਮਾਨਸਿਕ ਧੱਕਾ ਲੱਗਦਾ ਹੈ ਅਤੇ ਉਹ ਐਲਿਜ਼ਬਥ ਨੂੰ ਬੁਰਾ-ਭਲਾ ਆਖਦੀ ਹੈ। ਇਥੋਂ ਤੱਕ ਕਿ ਉਹ ਉਸ ਨੂੰ ਗਰਮ ਪਾਣੀ ਨਾਲ ਜਲਾ ਦੇਣ ਦੀ ਧਮਕੀ ਤੱਕ ਦੇ ਦਿੰਦੀ ਹੈ। ਐਲਿਜ਼ਬਥ ਦੇ ਬੋਲ ਸੁਣ ਕੇ ਅਲਮਾ ਚੁੱਪ ਹੋ ਜਾਂਦੀ ਹੈ। ਐਲਿਜ਼ਬਥ ਇਸ ਸਮੁੱਚੇ ਹਾਲਾਤ ਤੋਂ ਭੱਜ ਜਾਣਾ ਚਾਹੁੰਦੀ ਹੈ। ਜਦੋਂ ਅਲਮਾ ਉਸ ਨੂੰ ਰੋਕ ਲੈਂਦੀ ਹੈ ਤਾਂ ਅਚਾਨਕ ਐਲਿਜ਼ਬਥ ਹਿਟਲਰ ਦੇ ਬੇਹੱਦ ਬਦਨਾਮ ਤਸੀਹਾ ਕੈਂਪ ਵਾਰਸਾ ਘਾਟੋ ਵਿਚ ਨਾਜ਼ੀਆਂ ਦੁਆਰਾ ਘੇਰੇ ਯਹੂਦੀਆਂ ਦੀ ਤਸਵੀਰ ਦੇਖਦੀ ਹੈ।
ਇੱਕ ਰਾਤ ਐਲਿਜ਼ਬਥ ਦਾ ਪਤੀ ਉਸ ਨੂੰ ਮਿਲਣ ਆਉਂਦਾ ਹੈ ਅਤੇ ਐਲਿਜ਼ਬਥ ਦੇ ਭੁਲੇਖੇ ਅਲਮਾ ਨਾਲ ਸਬੰਧ ਬਣਾ ਲੈਂਦਾ ਹੈ। ਇਹ ਸਾਰਾ ਕੁਝ ਬਹੁਤ ਅਣਘੜ ਅਤੇ ਅਜੀਬ ਢੰਗ ਨਾਲ ਵਾਪਰਦਾ ਹੈ। ਦਰਸ਼ਕਾਂ ਲਈ ਇਥੇ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਿਥੇ ਫਿਲਮ ਵਿਚ ਐਲਿਜ਼ਬਥ ਦੀ ਕਲਪਨਾ ਕੰਮ ਕਰ ਰਹੀ ਹੈ, ਕਿਥੇ ਅਲਮਾ ਦਾ ਸੁਪਨਾ ਸ਼ੁਰੂ ਹੋ ਜਾਂਦਾ ਹੈ, ਕਿਥੇ ਫਿਲਮਸਾਜ਼ ਦੀ ਆਪਣੀ ਸੋਚ ਦੇ ਦ੍ਰਿਸ਼ ਵਾਪਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਪੂਰੀ ਫਿਲਮ ਤਿੰਨ ਕਿਰਦਾਰਾਂ ਦੀਆਂ ਗੁੰਝਲਦਾਰ ਸੋਚਾਂ ਵਿਚ ਉਲਝਦੀ ਚਲੀ ਜਾਂਦੀ ਹੈ। ਜਦੋਂ ਅਲਮਾ ਐਲਿਜ਼ਬਥ ਨੂੰ ਪੁੱਛਦੀ ਹੈ ਕਿ ਉਸ ਨੇ ਆਪਣੇ ਪੁੱਤਰ ਦੀ ਫੋਟੋ ਕਿਉਂ ਪਾੜੀ ਤਾਂ ਉਹ ਇਹ ਜਾਣ ਕੇ ਹੈਰਾਨ ਰਹਿ ਜਾਂਦੀ ਹੈ ਕਿ ਦਰਅਸਲ ਉਹ ਇਹ ਬੱਚਾ ਪੈਦਾ ਨਹੀਂ ਸੀ ਕਰਨਾ ਚਾਹੁੰਦੀ ਅਤੇ ਉਸ ਨੇ ਖੁਦ ਗਰਭਪਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਸ ਵਿਚ ਨਾਕਾਮ ਰਹਿਣ ‘ਤੇ ਉਹ ਇਸ ਬੱਚੇ ਨੂੰ ਜ਼ਿਆਦਾ ਪਸੰਦ ਨਹੀਂ ਕਰਦੀ। ਬੱਚੇ ਲਈ ਮਾਂ ਦਾ ਪਿਆਰ ਜ਼ਰੂਰੀ ਹੈ। ਬਹੁਤ ਸਾਰੇ ਆਲੋਚਕਾਂ ਨੇ ਇਸ ਸਾਰੇ ਘਟਨਾਕ੍ਰਮ ‘ਤੇ ਟਿੱਪਣੀ ਕਰਦਿਆ ਕਿਹਾ ਹੈ ਕਿ ਕਿਉਂਕਿ ਬਤੌਰ ਫਿਲਮਸਾਜ਼ ਬਰਗਮੈਨ ਵੱਡੀਆਂ ਤਰਾਸਦੀਆਂ ਜਿਵੇਂ ਯਹੂਦੀਆਂ ਦੇ ਕਤਲੇਆਮ ਅਤੇ ਵੀਅਤਨਾਮ ਦੀ ਜੰਗ ਦਾ ਕਿਸੇ ਵੀ ਤਰੀਕੇ ਨਾਲ ਵਿਰੋਧ ਨਹੀਂ ਕਰ ਸਕਿਆ, ਉਹ ਇਸ ਫਿਲਮ ਰਾਹੀਂ ਉਸ ਸ਼ਰਮ ਤੇ ਪਛਤਾਵੇ ਨੂੰ ਫਿਲਮ ਰਾਹੀ ਕਿਸੇ ਢੁਕਵੇਂ ਪ੍ਰਸੰਗ ਵਿਚ ਦਰਜ ਕਰਨ ਦੀ ਕੋਸ਼ਿਸ ਕਰ ਰਿਹਾ ਹੈ।
ਇਸ ਫਿਲਮ ਦਾ ਮਨੋਵਿਗਿਆਨਕ ਅਧਿਐਨ ਕਰਦਿਆਂ ਕੁਝ ਆਲੋਚਕਾਂ ਨੇ ਇਸ ਤੱਥ ਦੀ ਤਸਦੀਕ ਵੀ ਕੀਤੀ ਕਿ ਇਹ ਫਿਲਮ ਦਰਅਸਲ ਐਲਿਜ਼ਬਥ ਦੇ ਮਾਧਿਅਮ ਰਾਹੀ ਇੱਕ ਗੈਰ ਜ਼ਿੰਮੇਵਾਰ ਅਦਾਕਾਰ ਦੁਆਰਾ ਦਰਸ਼ਕਾਂ ਅੱਗੇ ਮਹਿਸੂਸ ਕੀਤੀ ਜਾਣ ਵਾਲੀ ਸ਼ਰਮ ਵਾਲੀ ਫਿਲਮ ਹੈ। ਇਸ ਵਿਚ ਐਲਿਜ਼ਬਥ ਦਾ ਕਿਰਦਾਰ ਰੂਹ ਨੂੰ ਖਾਣ ਵਾਲੀ ਅਤੇ ਸਰੀਰ ਦਾ ਖੂਨ ਪੀ ਜਾਣ ਵਾਲੀ ਪ੍ਰੇਮ-ਆਤਮਾ ਦੇ ਤੌਰ ‘ਤੇ ਸਿਰਜਿਆ ਗਿਆ ਹੈ ਜਿਸ ਵਿਚ ਐਲਿਜ਼ਬਥ, ਅਲਮਾ ਦੀ ਸਾਰੀ ਸ਼ਖਸੀਅਤ ਨੂੰ ਹੀ ਨਿਗਲ ਜਾਂਦੀ ਹੈ ਅਤੇ ਉਸ ਦੀ ਆਜ਼ਾਦ ਦਿਲ-ਦਿਮਾਗ ਵਜੋਂ ਹੋਂਦ ਖਤਮ ਕਰ ਦਿੰਦੀ ਹੈ। ਇਕ ਇੰਟਰਵਿਊ ਵਿਚ ਬਰਗਮੈਨ ਇਸ ਤੱਥ ਦਾ ਜਵਾਬ ਦਿੰਦਿਆਂ ਆਖਦਾ ਹੈ ਕਿ ਐਲਿਜ਼ਬਥ, ਅਲਮਾ ਦੀ ਸੰਪੂਰਨ ਹੋਂਦ ਨਹੀਂ ਨਿਗਲ ਸਕਦੀ ਕਿਉਂਕਿ ਉਸ ਦੇ ਅੰਦਰ ਬੌਧਿਕਤਾ ਬਚੀ ਹੋਈ ਹੈ, ਉਸ ਅੰਦਰ ਕਿਤੇ ਨਾ ਕਿਤੇ ਸੰਵੇਦਨਸ਼ੀਲਤਾ ਬਚੀ ਪਈ ਹੈ। ਇਹ ਉਸ ਦੇ ਅੰਦਰਲਾ ਖਾਲੀਪਣ ਹੈ ਜਿਹੜਾ ਉਸ ਨੂੰ ਨਿਹੱਥਾ ਅਤੇ ਬੇਵੱਸ ਇਨਸਾਨ ਵਿਚ ਬਦਲ ਦਿੰਦਾ ਹੈ। ਇਸ ਸਾਰੇ ਹਾਲਾਤ ਨੂੰ ਬਰਗਮੈਨ ਨੇ ਜਿਸ ਕਲਾਤਮਿਕ ਗਹਿਰਾਈ ਨਾਲ ਫਿਲਮਾਇਆ ਹੈ, ਉਸ ਨੇ ਇਸ ਫਿਲਮ ਨੂੰ ਕਲੋਜ਼-ਅੱਪ ਦੀ ਮਿਸਾਲੀ ਉਦਾਹਰਨ ‘ਸਿਟੀਜ਼ਨ ਕੇਨ’ (1941) ਤੋਂ ਬਾਅਦ ਸਭ ਤੋਂ ਜ਼ਿਆਦਾ ਪੱਖਾਂ ਨਾਲ ਵਿਚਾਰੀ ਜਾਣ ਵਾਲੀ ਫਿਲਮ ਬਣਾ ਦਿੱਤਾ ਹੈ। ਫਿਲਮ ਸਿਰਫ ਦ੍ਰਿਸ਼ਾਂ ਵਿਚ ਹੀ ਨਹੀਂ ਸਗੋਂ ਚੁੱਪ, ਸੰਗਤੀਕ ਧੁਨੀਆਂ, ਵੱਖ-ਵੱਖ ਚਿੱਤਰਕਾਰਾਂ ਦੇ ਚਿੱਤਰਾਂ ਨਾਲ ਰੰਗ-ਰੂਪ ਪੱਖੋਂ ਮਿਲਦੀ-ਜੁਲਦੀ ਹੋਣ ਦੇ ਰੂਪ ਵਿਚ ਵੀ ਵਾਪਰਦੀ ਹੈ। ਬਰਗਮੈਨ ਨੇ ਇਹ ਫਿਲਮ ਹਸਪਤਾਲ ਦੇ ਬੈੱਡ ‘ਤੇ ਨਮੂਨੀਏ ਨਾਲ ਲੜਦਿਆਂ ਲਿਖੀ, ਤੇ ਉਸ ਅਨੁਸਾਰ, “ਇਸ ਫਿਲਮ ਨੇ ਮੈਨੂੰ ਮਰਨ ਤੋਂ ਬਚਾ ਲਿਆ।”