ਜੰਗਲ ਦੀ ਅੱਗ ਕਾਰਨ 36 ਮੌਤਾਂ, 6.7 ਮਿਲੀਅਨ ਏਕੜ ਸੜ ਕੇ ਸੁਆਹ

ਕੈਲੀਫੋਰਨੀਆ (ਬਿਊਰੋ): ਸੋਕੇ, ਗਰਮੀ ਅਤੇ ਖੁਸ਼ਕ ਮੌਸਮ ਦੇ ਚੱਲਦਿਆਂ ਅਮਰੀਕਾ ਦੀਆਂ ਕਰੀਬ 11 ਪੱਛਮੀ ਸਟੇਟਾਂ ਵਿਚ ਭਿਆਨਕ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਇਨ੍ਹਾਂ ਅੱਗਾਂ ਵਿਚ ਕਰੀਬ 6æ7 ਮਿਲੀਅਨ ਏਕੜ ਜੰਗਲ ਸੜ ਕੇ ਸੁਆਹ ਹੋ ਗਿਆ ਤੇ ਕਰੀਬ 36 ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ। ਡੇਢ ਦਰਜਨ ਦੇ ਕਰੀਬ ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ।

ਇਸ ਭਿਆਨਕ ਅੱਗ ਵਿਚ ਸੈਂਕੜੇ ਘਰ, ਦਰਜਨਾਂ ਦੇ ਹਿਸਾਬ ਨਾਲ ਬਿਜਨਸ ਸੜ ਕੇ ਸੁਆਹ ਹੋ ਗਏ। ਇਕੱਲੇ ਕੈਲੀਫੋਰਨੀਆ ਵਿਚ ਕਰੀਬ ਸਾਢੇ ਤਿੰਨ ਮਿਲੀਅਨ ਏਕੜ ਸੜੇ ਹਨ ਅਤੇ ਦੋ ਦਰਜਨ ਦੇ ਕਰੀਬ ਲੋਕ ਮਾਰੇ ਗਏ ਹਨ। ਵੱਡੀ ਗਿਣਤੀ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਗਿਆ ਹੈ।
ਇਸ ਤੋਂ ਇਲਾਵਾ ਦੂਜੀ ਸਟੇਟ ਓਰੇਗਾਨ ਵਿਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਉਥੇ 9,60,000 ਏਕੜ ਸੜੇ ਦੱਸੇ ਜਾ ਰਹੇ ਹਨ ਅਤੇ ਦਰਜਨ ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸੇ ਤਰ੍ਹਾਂ ਵਾਸ਼ਿੰਗਟਨ ਸਟੇਟ ਵਿਚ 6,40,000 ਏਕੜ ਸੜੇ ਹਨ ਅਤੇ ਉਥੇ ਵੀ ਕਈ ਮੌਤਾਂ ਹੋਣ ਦੀ ਖਬਰ ਹੈ।
ਕੈਲੀਫੋਰਨੀਆ ਵਿਚ ਕਰੀਬ 29 ਥਾਂਵਾਂ ‘ਤੇ ਇਸ ਸਮੇਂ ਭਿਆਨਕ ਅੱਗ ਨਾਲ 15,000 ਫਾਇਰ ਫਾਈਟਰ ਜੂਝ ਰਹੇ ਹਨ। ਬਹੁਤ ਸਾਰੀਆਂ ਥਾਂਵਾਂ ‘ਤੇ ਬਿਜਲੀ ਗੁੱਲ ਹੈ। ਓਰੇਗਾਨ ਸਟੇਟ ਵਿਚ ਕਈ ਪਿੰਡ ਪੂਰੇ ਦੇ ਪੂਰੇ ਸੜ ਗਏ ਹਨ। ਇਸ ਸਟੇਟ ਵਿਚ ਇੱਕ ਗੋਰੇ ਸ਼ਖਸ ਮਾਈਕਲ ਜਿਰਾਰਡ ਬਕੇਲਾ (41) ਨੂੰ ਪੁਲਿਸ ਨੇ ਜੰਗਲੀ ਅੱਗ ਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਹ ਕਥਿਤ ਦੋਸ਼ੀ ਡਰੱਗ ਵੇਚਣ ਦੇ ਮਾਮਲੇ ਵਿਚ ਜ਼ਮਾਨਤ ‘ਤੇ ਸੀ। ਇਸ ਦੇ ਨਾਲ ਹੀ ਪੁਲਿਸ ਅੱਗ ਲੱਗਣ ਦੀਆਂ ਘਟਨਾਵਾਂ ਦੀ ਕਈ ਹੋਰ ਪਹਿਲੂਆਂ ਬਾਰੇ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਬਹੁਤ ਸਾਰੀਆਂ ਸਟੇਟਾਂ ਵਿਚ ਸਟੇਟ ਆਫ ਐਮਰਜੈਂਸੀ ਐਲਾਨੀ ਜਾ ਚੁਕੀ ਹੈ।
ਇਨ੍ਹਾਂ ਅੱਗਾਂ ਦੇ ਧੂੰਏਂ ਦਾ ਗੁਬਾਰ ਕੈਲੀਫੋਰਨੀਆ, ਓਰੇਗਾਨ, ਵਾਸ਼ਿੰਗਟਨ ਤੋਂ ਬਾਅਦ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ (ਬੀæ ਸੀæ) ਇਲਾਕੇ ਤੱਕ ਪਹੁੰਚ ਗਿਆ ਹੈ। ਇਸ ਧੂੰਏਂ ਕਾਰਨ ਬਹੁਤ ਵੱਡੀ ਗਿਣਤੀ ਵਿਚ ਲੋਕ ਸਾਹ ਲੈਣ ਦੀ ਤਕਲੀਫ ਤੋਂ ਪੀੜਤ ਹਨ ਅਤੇ ਲੋਕ ਆਪੋ-ਆਪਣੇ ਤਰੀਕੇ ਨਾਲ ਪੀੜਤ ਲੋਕਾਂ ਲਈ ਫੰਡ ਇਕੱਤਰ ਕਰ ਕੇ ਦੁਖੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਫਰਿਜ਼ਨੋ ਦੇ ਗੁਰਦੁਆਰਾ ਸਿੰਘ ਸਭਾ ਵਿਚ ਸਿੱਖ ਸੰਗਤ ਫਾਇਰ ਫਾਈਟਰਜ਼ ਲਈ ਫੰਡ ਅਤੇ ਲੋੜੀਂਦਾ ਸਮਾਨ ਇਕੱਤਰ ਕਰ ਰਹੀ ਹੈ। ਇਸ ਸਮੇਂ ਅਮਰੀਕਾ ਵਿਚ ਹਰ ਕੋਈ ਫਾਇਰ ਕਰਮੀਆਂ ਦੇ ਕੰਮ ਦੀ ਸ਼ਲਾਘਾ ਕਰ ਰਿਹਾ ਹੈ।