ਸਾਕਾ ਨੀਲਾ ਤਾਰਾ: ਸਰਕਾਰ ਗਾਇਬ ਕਿਤਾਬਾਂ ਬਾਰੇ ਚੁੱਪ

ਅੰਮ੍ਰਿਤਸਰ: ਦਰਬਾਰ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਦੌਰਾਨ ਕਵੀ ਸੰਤੋਖ ਸਿੰਘ ਲਾਇਬਰੇਰੀ ਵਿਚਲੀਆਂ ਤਕਰੀਬਨ 15000 ਕਿਤਾਬਾਂ ਬਾਰੇ ਅੱਜ 29 ਸਾਲ ਬਾਅਦ ਵੀ ਕੋਈ ਉਘ-ਸੁਘ ਨਹੀਂ ਮਿਲ ਰਹੀ। ਇਸ ਬਾਰੇ ਸਾਰੇ ਹੀ ਕੇਂਦਰੀ ਅਦਾਰੇ ਖ਼ਾਮੋਸ਼ ਹਨ ਜਾਂ ਇਕ ਦੂਜੇ ‘ਤੇ ਜ਼ਿੰਮੇਵਾਰੀ ਸੁੱਟ ਰਹੇ ਹਨ। ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਦੀ ਆਟਾ ਮੰਡੀ ਵਾਲੀ ਬਾਹੀ ‘ਤੇ ਸਥਿਤ ਰੈਫ਼ਰੈਂਸ ਲਾਇਬਰੇਰੀ ਵਿਚ ਮੌਜੂਦ ਦੁਰਲਭ ਕਿਤਾਬਾਂ, ਖਰੜੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਕਰੀਬਨ 2500 ਹੱਥ ਲਿਖਤ ਸਰੂਪਾਂ ਦੀ ਕੋਈ ਉਘ ਸੁਘ ਹੀ ਨਹੀਂ ਨਿਕਲਣ ਦਿੱਤੀ।
ਉਸ ਵੇਲੇ ਲਾਇਬਰੇਰੀ ਵਿਚ ਤਾਇਨਾਤ ਅਧਿਕਾਰੀ ਦਵਿੰਦਰ ਸਿੰਘ ਦੁਗਲ ਮੁਤਾਬਕ ਜੂਨ 1984 ਵਿਚ ਭਾਰਤੀ ਫ਼ੌਜ ਲਾਇਬਰੇਰੀ ਵਿਚਲੀਆਂ ਦੁਰਲਭ ਪੁਸਤਕਾਂ ਨੂੰ ਰੱਦੀ ਦੇ ਢੇਰ ਮੰਨ ਕੇ ਅੰਮ੍ਰਿਤਸਰ ਦੇ ਯੂਥ ਹੋਸਟਲ ਵਿਚ ਲੈ ਗਈ ਜਿਥੇ ਅੰਮ੍ਰਿਤਸਰ ਪੁਲਿਸ ਦੇ ਦੋ ਕਰਮਚਾਰੀਆਂ ਨਰਿੰਦਰਜੀਤ ਸਿੰਘ ਤੇ ਸ਼ਬਦਲ ਸਿੰਘ ਦੀ ਡਿਉਟੀ ਲਾ ਕੇ ਇਨ੍ਹਾਂ ਇਤਿਹਾਸਕ ਪੁਸਤਕਾਂ ਨੂੰ ਟਰੰਕਾਂ ਵਿਚ ਬੰਦ ਕਰਵਾਇਆ ਗਿਆ।
ਇਸ ਬਾਰੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਨਾਲ ਚਿੱਠੀ ਪੱਤਰ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਨੇ ਦੱਸਿਆ ਕਿ ਫ਼ੌਜ ਇਹ ਪੁਸਤਕਾਂ ਲਾਇਬਰੇਰੀ ਵਿਚੋਂ ਬੋਰੀਆਂ ਵਿਚ ਭਰ ਕੇ ਲੈ ਕੇ ਗਈ ਤੇ ਕਬਾੜ ਵਿਚ ਖ਼ਰੀਦੀ ਰੱਦੀ ਵਾਂਗ ਯੂਥ ਹੋਸਟਲ ਵਿਚ ਸੁੱਟ ਦਿੱਤੀਆਂ। ਇਸ ਗੱਲ ਦੀ ਤਸਦੀਕ ਨਰਿੰਦਰਜੀਤ ਸਿੰਘ ਤੇ ਸ਼ਬਦਲ ਸਿੰਘ ਵੀ ਕਰਦੇ ਹਨ। ਉਨ੍ਹਾਂ ਦਸਿਆ ਕਿ ਇਸ ਦੁਰਲਭ ਵਿਰਾਸਤੀ ਖ਼ਜ਼ਾਨੇ ਨੂੰ ਮੁੜ ਹਾਸਲ ਕਰਨ ਦੀਆਂ ਕੋਸ਼ਿਸ਼ਾਂ 1984 ਤੋਂ ਹੀ ਜਾਰੀ ਹਨ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ।
ਫ਼ੌਜੀ ਅਧਿਕਾਰੀ ਕਹਿੰਦੇ ਰਹੇ ਕਿ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਾਰਾ ਸਾਮਾਨ ਸੀæਬੀæਆਈ ਨੂੰ ਸੌਂਪ ਦਿੱਤਾ ਤੇ ਸੀæਬੀæਆਈ ਫ਼ੌਜ ‘ਤੇ ਗੱਲ ਸੁਟਦੀ ਰਹੀ ਹੈ। ਸੀæਬੀæਆਈ ਦਾ ਇਕ ਇੰਸਪੈਕਟਰ ਕਾਫ਼ੀ ਸਾਲ ਪਹਿਲਾਂ ਉਨ੍ਹਾਂ ਕੋਲ ਜਾਂਚ ਦੇ ਨਾਂ ‘ਤੇ ਗੱਲਬਾਤ ਕਰਨ ਆਇਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵੱਲੋਂ ਇਕ ਟਰੰਕ ਦਰਬਾਰ ਸਾਹਿਬ ਭੇਜਿਆ ਗਿਆ ਜਿਸ ਵਿਚ ਇਕ ਸੜਿਆ ਹੋਇਆ ਰਿਵਾਲਵਰ ਤੇ ਕੁਝ ਕਰੰਸੀ ਦੇ ਨੋਟ ਸਨ। ਹੁਣ ਤੱਕ ਕਮੇਟੀ ਹਰ ਅਧਿਕਾਰੀ ਤੇ ਮੰਤਰੀ ਨਾਲ ਇਸ ਮਾਮਲੇ ‘ਤੇ ਗੱਲਬਾਤ ਕਰ ਚੁੱਕੀ ਹੈ।
ਅੰਮ੍ਰਿਤਸਰ ਵਿਚ ਸਾਲ 2004 ਵਿਚ ਮਨਾਏ ਗਏ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਪਹਿਲੇ ਪ੍ਰਕਾਸ਼ ਪੁਰਬ ਮੌਕੇ ਤਤਕਾਲੀ ਰਾਸ਼ਟਰਪਤੀ ਅਬਦੁਲ ਕਲਾਮ ਸ਼ਾਮਲ ਹੋਣ ਲਈ ਆਏ ਸਨ ਤਾਂ ਕਮੇਟੀ ਵੱਲੋਂ ਉਨ੍ਹਾਂ ਨੂੰ ਪੱਤਰ ਸੌਂਪ ਕੇ ਲਾਇਬਰੇਰੀ ਦੀਆਂ ਪੁਸਤਕਾਂ ਵਾਪਸ ਦੇਣ ਦੀ ਗੱਲ ਕੀਤੀ ਗਈ ਸੀ। ਮੌਜੂਦਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ਕਈ ਵਾਰ ਪੱਤਰ ਲਿਖ ਕੇ ਜਾਂ ਨਿੱਜੀ ਤੌਰ ‘ਤੇ ਮਿਲ ਕੇ ਪੁਸਤਕਾਂ ਵਾਪਸ ਦੇਣ ਬਾਰੇ ਅਪੀਲਾਂ ਕੀਤੀਆਂ ਪਰ ਕੁਝ ਹੱਥ ਪੱਲੇ ਨਹੀਂ ਪਿਆ। ਉਨ੍ਹਾਂ ਡਰ ਜ਼ਾਹਰ ਕੀਤਾ ਕਿ ਹੋ ਸਕਦਾ ਹੈ ਕਿ ਇਹ ਕਿਤਾਬਾਂ ਖ਼ਰਾਬ ਹੋ ਚੁੱਕੀਆਂ ਹੋਣ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਕੁਝ ਕੁਆਰਟਰ ਦਰਬਾਰ ਸਾਹਿਬ ਵਿਚ ਸਨ। ਫ਼ੌਜੀਆਂ ਨੇ ਉਨ੍ਹਾਂ ਕੁਆਰਟਰਾਂ ਵਿਚ ਰਹਿਣ ਵਾਲੇ ਕਰਮਚਾਰੀਆਂ ਦੇ ਬੱਚਿਆਂ ਦੀਆਂ ਸਕੂਲੀ ਕਿਤਾਬਾਂ ਵੀ ਆਪਣੇ ਕਬਜ਼ੇ ਵਿਚ ਲੈ ਲਈਆਂ। ਇਕ ਮੀਟਿੰਗ ਵਿਚ ਉਨ੍ਹਾਂ ਨੂੰ ਕਾਫ਼ੀ ਲੰਮੀ ਚੌੜੀ ਸੂਚੀ ਵਿਖਾਈ ਗਈ ਸੀ ਜਿਸ ਵਿਚੋਂ ਕੁਝ ‘ਤੇ ਨਿਸ਼ਾਨੀਆਂ ਲਾਈਆਂ ਸਨ ਪਰ ਫਿਰ ਮੁੱਕਰ ਗਏ ਕਿ ਇਹ ਸਾਮਾਨ ਲੱਭ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਣ ਤੱਕ ਦੇ ਵਤੀਰੇ ਤੋਂ ਨਹੀ ਲੱਗਦਾ ਕਿ ਇਨਸਾਫ਼ ਮਿਲੇਗਾ।

Be the first to comment

Leave a Reply

Your email address will not be published.