ਦਿੱਲੀ ਦੰਗਿਆਂ ਬਾਰੇ ਪੁਲਿਸ ਕਾਰਵਾਈ ਉਤੇ ਉਠੇ ਸਵਾਲ

ਨਵੀਂ ਦਿੱਲੀ: ਦਿੱਲੀ ਪੁਲਿਸ ਵਲੋਂ ਸੀæਪੀæਐਮæ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ, ਅਰਥ ਸ਼ਾਸਤਰੀ ਜਯਤੀ ਘੋਸ਼, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਕਾਰਕੁਨ ਅਪੂਰਵਾਨੰਦ ਅਤੇ ਦਸਤਾਵੇਜ਼ੀ ਫਿਲਮ ਨਿਰਮਾਤਾ ਰਾਹੁਲ ਰੌਏ ਨੂੰ ਫਰਵਰੀ ਮਹੀਨੇ ਵਿਚ ਹੋਏ ਦਿੱਲੀ ਦੰਗਿਆਂ ਲਈ ਸਹਿ-ਸਾਜਿਸ਼ਘਾੜਿਆਂ ਵਜੋਂ ਨਾਮਜ਼ਦ ਤੇ ਉਮਰ ਖਾਲਿਦ ਦੀ ਗ੍ਰਿਫਤਾਰੀ ਉਤੇ ਸਵਾਲ ਉਠੇ ਹਨ।

ਉਮਰ ਖਾਲਿਦ ਨੂੰ ਦਿੱਲੀ ਪੁਲਿਸ ਵਲੋਂ ਕੇਸ ਨੰਬਰ 59/2020 ਵਿਚ ਨਾਮਜ਼ਦ ਕੀਤਾ ਗਿਆ, ਜੋ ਇਕ ਗੁੰਮਨਾਮ ਪੁਲਿਸ ਮੁਖਬਰ ਦੁਆਰਾ ਦਿੱਤੀ ਜਾਣਕਾਰੀ ‘ਤੇ ਆਧਾਰਿਤ ਹੈ ਜਿਸ ਵਿਚ ਉਮਰ ਖਾਲਿਦ ਅਤੇ ਦਿੱਲੀ ਦੀ ਭਜਨਪੁਰਾ ਆਬਾਦੀ ਦੇ ਦਾਨਿਸ਼ ਨਾਮਕ ਵਿਅਕਤੀ ‘ਤੇ ਇਹ ਦੋਸ਼ ਲਗਾਏ ਗਏ ਹਨ ਕਿ ਉਨ੍ਹਾਂ ਦਿੱਲੀ ਵਿਚ ਦੰਗੇ ਭੜਕਾਉਣ ਲਈ ਸਾਜ਼ਿਸ਼ ਰਚੀ। ਇਸ ਤੋਂ ਬਿਨਾ ਉਸ ਦਾ ਨਾਂ ਕੁਝ ਹੋਰ ਕੇਸਾਂ ਵਿਚ ਤਫਤੀਸ਼ ਤੋਂ ਬਾਅਦ ਫਾਈਲ ਕੀਤੀਆਂ ਗਈਆਂ ਚਾਰਜਸ਼ੀਟਾਂ ਵਿਚ ਵੀ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿਚ ਯੇਚੁਰੀ, ਯੋਗੇਂਦਰ ਯਾਦਵ, ਰਾਹੁਲ ਰੌਏ, ਪ੍ਰੋਫੈਸਰ ਜਯਤੀ ਘੋਸ਼, ਪ੍ਰੋæ ਅਪੂਰਵਾਨੰਦ ਆਦਿ ਵੀ ਸ਼ਾਮਲ ਹਨ।
ਉਘੇ ਸਮਾਜਿਕ ਕਾਰਕੁਨ ਅਤੇ ਸਾਬਕਾ ਆਈæਏæਐਸ਼ ਅਧਿਕਾਰੀ ਹਰਸ਼ ਮੰਦਰ, ਪ੍ਰੋæ ਅਪੂਰਵਾਨੰਦ ਅਤੇ 10 ਹੋਰ ਵਿਦਵਾਨਾਂ ਤੇ ਸਮਾਜਿਕ ਕਾਰਕੁਨਾਂ ਨੇ ਉਮਰ ਖਾਲਿਦ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ ਉਸ ਨੂੰ ਦੇਸ਼ ਦੀਆਂ ਉਨ੍ਹਾਂ ਸਾਹਸੀ ਨੌਜਵਾਨ ਆਵਾਜ਼ਾਂ ਵਿਚੋਂ ਇਕ ਦੱਸਿਆ ਹੈ ਜਿਹੜੀਆਂ ਦੇਸ਼ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਬੁਲੰਦ ਹੋ ਰਹੀਆਂ ਹਨ। ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ ਜੂਲੀਓ ਰਿਬੇਰੋ ਨੇ ਦਿੱਲੀ ਪੁਲਿਸ ਦੇ ਕਮਿਸ਼ਨਰ ਨੂੰ ਲਿਖੀ ਚਿੱਠੀ ਵਿਚ ਇਹ ਖਦਸ਼ਾ ਪ੍ਰਗਟਾਇਆ ਹੈ ਕਿ ਦਿੱਲੀ ਦੰਗਿਆਂ ਬਾਰੇ ਪੁਲਿਸ ਦੁਆਰਾ ਰਜਿਸਟਰ ਕੀਤੇ ਗਏ 753 ਕੇਸਾਂ ਵਿਚ ਹੋ ਰਹੀ ਤਫਤੀਸ਼ ਸ਼ਾਂਤਮਈ ਢੰਗ ਨਾਲ ਅੰਦੋਲਨ ਕਰਨ ਵਾਲਿਆਂ ਵਿਰੁੱਧ ਕੀਤੀ ਜਾ ਰਹੀ ਹੈ ਅਤੇ ਇਹ ਵਿਤਕਰਾ ਇਕ ਘੱਟਗਿਣਤੀ ਫਿਰਕੇ ਵਿਰੁੱਧ ਘਿਰਣਾ ਤੋਂ ਪੈਦਾ ਹੋਇਆ ਹੈ। ਰਿਬੇਰੋ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਕਪਿਲ ਮਿਸ਼ਰਾ, ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ ਵਿਰੁੱਧ ਕੇਸ ਕਿਉਂ ਨਹੀਂ ਦਰਜ ਕੀਤੇ ਗਏ। ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਫਰਤ ਫੈਲਾਉਣ ਵਾਲੇ ਭਾਸ਼ਨ ਦਿੱਤੇ ਸਨ ਜਿਨ੍ਹਾਂ ਵਿਚ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ਸਾਰੋ ਕੋ’ ਜਿਹੇ ਨਾਅਰੇ ਵੀ ਲਗਾਏ ਗਏ ਸਨ। ਰਿਬੇਰੋ ਨੇ ਹਰਸ਼ ਮੰਦਰ ਅਤੇ ਅਪੂਰਵਾਨੰਦ ਨੂੰ ਦੇਸ਼ ਭਗਤ ਦੱਸਦਿਆਂ ਅਜਿਹੇ ਵਿਅਕਤੀਆਂ ਨੂੰ ਦੰਗਿਆਂ ਬਾਬਤ ਦਰਜ ਕੀਤੇ ਕੇਸਾਂ ਵਿਚ ਘਸੀਟਣ ਨੂੰ ਚਿੰਤਾਜਨਕ ਦੱਸਿਆ ਹੈ।
ਦਿੱਲੀ ਦੰਗਿਆਂ ਬਾਰੇ ਪੁਲਿਸ ਨੇ 1500 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿਚੋਂ 1150 ਤੋਂ ਵੱਧ ਨੂੰ ਚਾਰਜਸ਼ੀਟ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਜਾਣ ਵਾਲਿਆਂ ਵਿਚ ਦਿੱਲੀ, ਜਾਮੀਆ ਮਿਲੀਆ ਇਸਲਾਮੀਆ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀਆਂ ਦੀਆਂ ਵਿਦਿਆਰਥਣਾਂ ਵੀ ਸ਼ਾਮਲ ਹਨ। ਦਿੱਲੀ ਪੁਲਿਸ ਫਾਈਲ ਕੀਤੀਆਂ ਗਈਆਂ ਚਾਰਜਸ਼ੀਟਾਂ ਵਿਚ ਅਜਿਹਾ ਬਿਰਤਾਂਤ ਬੁਣਨ ਦਾ ਯਤਨ ਕਰ ਰਹੀ ਹੈ ਜਿਸ ਵਿਚ ਇਹ ਦਰਸਾਇਆ ਜਾ ਰਿਹਾ ਹੈ ਕਿ ਸ਼ਾਹੀਨ ਬਾਗ ਅਤੇ ਹੋਰ ਥਾਵਾਂ ਉਤੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋਏ ਅੰਦੋਲਨਾਂ ਨੇ ਦਿੱਲੀ ਵਿਚ ਦੰਗਿਆਂ ਲਈ ਆਧਾਰ ਤਿਆਰ ਕੀਤਾ ਹੈ।