ਸ਼੍ਰੋਮਣੀ ਸਟੰਟ?

ਘਾਲੇ-ਮਾਲੇ ਸੁਣੇ ਤਾਂ ਸੀ ਲੰਗਰਾਂ-ਇਮਾਰਤਾਂ ਦੇ, ਖੱਟਿਆ ਕਲੰਕ ਗੁਰੂ ਬਾਣੀ ਛਪਵਾਣੇ ਵਿਚ।
ਜਾਂਚ-ਪੜਤਾਲ ਕਰਵਾ ਕੇ ‘ਦਮਗਜੇ’ ਮਾਰੇ, ਕਰਾਂਗੇ ਕਾਨੂੰਨ ਦੇ ਹਵਾਲੇ ਦੋਸ਼ੀ ਠਾਣੇ ਵਿਚ।
ਆ ਗਿਆ ਹੁਕਮ ‘ਉੱਤੋਂ’ ਬਦਲੋ ਬਿਆਨ ਛੇਤੀ, ਇਹ ਵੀ ਲੇਖੇ ਲਾ ਦਿਉ ਗੁਰੂ ਦੇ ਹੀ ਭਾਣੇ ਵਿਚ।
ਨਾਨਕ ਨਾਮ ਲੇਵਾ ਚਾਹੁੰਦੇ ਸੱਚ ਬਾਹਰ ਆਵੇ, ਭੇਤ ਕੋਈ ਖੋਲ੍ਹੇ ਨਾ ‘ਮਸੰਦਾਂ’ ਵਾਲੇ ਲਾਣੇ ਵਿਚ।
ਅੱਖੀਂ ਘੱਟਾ ਪਾਉਣਾ ਐ ਕਰਕੇ ਪਖੰਡ ਹੁਣ, ਭਰਿਆ ਕਪਟ ਹੁੰਦਾ ਬੰਦੇ ਢਿੱਡੋਂ ਕਾਣੇ ਵਿਚ।
ਕਰਨਗੇ ‘ਸ਼੍ਰੋਮਣੀ ਸਟੰਟ’ ਮੁਆਫੀ ਮੰਗਣੇ ਦਾ, ਹੋਈ ਐ ਜੇ ਭੁੱਲ ਕੋਈ ‘ਜਾਣੇ ਅਣਜਾਣੇ’ ਵਿਚ!