ਨਵੀਆਂ ਨਿਯੁਕਤੀਆਂ: ਕਾਂਗਰਸ ਹਾਈਕਮਾਨ ਵਲੋਂ ਕੈਪਟਨ ਨੂੰ ਵੱਡੇ ਸੰਕੇਤ

ਚੰਡੀਗੜ੍ਹ: ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਢਾਂਚੇ ਵਿਚ ਕੀਤੀਆਂ ਗਈਆਂ ਅਹਿਮ ਤਬਦੀਲੀਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਲਈ ਖੁਸ਼ਗਵਾਰ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ਵਾਸਪਾਤਰ ਅਤੇ ਪੰਜਾਬ ਮਾਮਲਿਆਂ ਦੀ ਜਨਰਲ ਸਕੱਤਰ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਜਿਨ੍ਹਾਂ ਨੂੰ ਕੈਪਟਨ ਦੇ ਵਿਰੋਧੀਆਂ ਦੀਆਂ ਸ਼ਿਕਾਇਤਾਂ ਕਾਰਨ ਲੰਬੇ ਸਮੇਂ ਤੋਂ ਪੰਜਾਬ ਤੋਂ ਤਬਦੀਲ ਕਰਨ ਦੇ ਚਰਚੇ ਸਨ, ਨੂੰ ਪੰਜਾਬ ਕਾਂਗਰਸ ਤੋਂ ਤਾਂ ਬਾਹਰ ਕਰ ਹੀ ਦਿੱਤਾ ਗਿਆ ਸਗੋਂ ਨਵੀਆਂ ਨਿਯੁਕਤੀਆਂ ਵਿਚ ਆਸ਼ਾ ਕੁਮਾਰੀ ਨੂੰ ਪਾਰਟੀ ਵਿਚ ਕਿਸੇ ਵੀ ਥਾਂ ਹੋਰ ਨਿਯੁਕਤੀ ਨਹੀਂ ਦਿੱਤੀ ਗਈ।

ਪੰਜਾਬ ਲਈ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਜੋ ਇੰਚਾਰਜ ਜਨਰਲ ਸਕੱਤਰ ਹਰੀਸ਼ ਰਾਵਤ ਲਗਾਏ ਗਏ ਹਨ, ਉਹ ਉਤਰਾਖੰਡ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਪਾਰਟੀ ਹਾਈਕਮਾਂਡ ਵਿਚ ਵੀ ਕਾਫੀ ਸੀਨੀਅਰ ਸਮਝੇ ਜਾਂਦੇ ਹਨ। ਕਾਂਗਰਸ ਹਲਕਿਆਂ ਦਾ ਮੰਨਣਾ ਹੈ ਕਿ ਸ੍ਰੀ ਰਾਵਤ ਨੂੰ ਨਾ ਤਾਂ ਸਰਕਾਰੀ ਹਲਕਿਆਂ ਵਲੋਂ ਆਪਣੇ ਪੱਖ ਵਿਚ ਕਰਨਾ ਸੰਭਵ ਹੋਵੇਗਾ ਅਤੇ ਨਾ ਹੀ ਕਿਸੇ ਲਾਲਚ ਵਿਚ ਹੀ ਫਸਾਇਆ ਜਾ ਸਕੇਗਾ ਜਦੋਂਕਿ ਉਹ ਪੰਜਾਬ ਕਾਂਗਰਸ ਦੀ ਧੜੇਬੰਦੀ ਤੋਂ ਵੀ ਦੂਰ ਅਤੇ ਉਪਰ ਸਮਝੇ ਜਾਂਦੇ ਹਨ ਕਿਉਂਕਿ ਪੰਜਾਬ ਵਿਚ ਉਨ੍ਹਾਂ ਦਾ ਪਹਿਲਾਂ ਕੋਈ ਰੋਲ ਨਹੀਂ ਰਿਹਾ ਅਤੇ ਮੁੱਖ ਤੌਰ ਉਤੇ ਉਹ ਕਾਂਗਰਸ ਪ੍ਰਧਾਨ ਦੇ ਇਸ਼ਾਰਿਆਂ ‘ਤੇ ਹੀ ਕੰਮ ਕਰਨਗੇ। ਇਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੋ ਕਿ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਲਈ ਪਰਮਾਨੈਂਟ ਇਨਵਾਇਟੀ ਸਨ, ਨੂੰ ਇਸ ਵਾਰ ਵਰਕਿੰਗ ਕਮੇਟੀ ਤੋਂ ਵੀ ਬਾਹਰ ਕਰ ਦਿੱਤਾ ਗਿਆ। ਕਾਂਗਰਸ ਪ੍ਰਧਾਨ ਵਲੋਂ ਬਣਾਈ ਗਈ ਨਵੀਂ 22 ਮੈਂਬਰੀ ਵਰਕਿੰਗ ਕਮੇਟੀ ਜਿਸ ਵਿਚ 26 ਪਰਮਾਨੈਂਟ ਇਨਵਾਇਟੀ ਅਤੇ 10 ਸਪੈਸ਼ਲ ਇਨਵਾਇਟੀ ਵੀ ਰੱਖੇ ਗਏ, ਜਿਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਥਾਂ ਨਹੀਂ ਮਿਲ ਸਕੀ। ਵਰਕਿੰਗ ਕਮੇਟੀ ਵਿਚ ਪੰਜਾਬ ਵਲੋਂ ਸ੍ਰੀਮਤੀ ਅੰਬਿਕਾ ਸੋਨੀ ਅਤੇ ਪਰਮਾਨੈਂਟ ਇਨਵਾਇਟੀਆਂ ਵਿਚ ਪੰਜਾਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ (ਫਤਹਿਗੜ੍ਹ ਸਾਹਿਬ) ਨੂੰ ਸ਼ਾਮਲ ਕੀਤਾ ਗਿਆ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੀ ਕੱਦ-ਬੁੱਤ ਦੀ ਸ਼ਖਸੀਅਤ ਦੇ ਹੱਥ ਸੂਬੇ ਦੀ ਕਮਾਨ ਦੇ ਕੇ ਪਾਰਟੀ ਨੇ ਇਕੋ ਨਿਯੁਕਤੀ ਨਾਲ ਹੀ ਕਈ ਸੰਕੇਤ ਦੇਣ ਦੇ ਯਤਨ ਕੀਤੇ ਹਨ। ਪਹਿਲਾ ਕਾਂਗਰਸ ਸ਼ਾਸਿਤ ਸੂਬਿਆਂ ‘ਚੋਂ ਅਹਿਮ ਸੂਬੇ ਪੰਜਾਬ ਨੂੰ ਪਾਰਟੀ ਦੇ ਅੰਦਰੂਨੀ ਝਗੜਿਆਂ ਦੇ ਚਲਦੇ ਅਣਗੌਲਿਆ ਨਹੀਂ ਜਾ ਸਕਦਾ, ਜਿਸ ਸੂਬੇ ‘ਚ ਵਿਧਾਨ ਸਭਾ ਚੋਣਾਂ ਵਿਚ ਸਿਰਫ 18 ਮਹੀਨੇ ਹੀ ਦੂਰ ਹੋਣ, ਦੂਜਾ ਕੈਪਟਨ ਅਮਰਿੰਦਰ ਸਿੰਘ ਦੇ ਵੱਕਾਰ ਦੇ ਸੀਨੀਅਰ ਆਗੂ ਨੂੰ ਜੋ ਪੰਜ ਵਾਰ ਦੇ ਸੰਸਦ ਮੈਂਬਰ ਸਾਬਕਾ ਕੇਂਦਰੀ ਮੰਤਰੀ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ, ਨੂੰ ਪ੍ਰਦੇਸ਼ ਦੀ ਕਮਾਨ ਸੌਂਪ ਕੇ ਕੈਪਟਨ ਨੂੰ ਇਹ ਸੰਕੇਤ ਵੀ ਦਿੱਤੇ ਗਏ ਹਨ ਕਿ ਆਪਣਾ ਪੱਖ ਸੁਣੇ ਜਾਣ ਦੇ ਨਾਲ-ਨਾਲ ਉਨ੍ਹਾਂ ਨੂੰ ਆਹਮੋ-ਸਾਹਮਣੇ ਬੈਠ ਕੇ ਸੂਬੇ ‘ਚ ਪਾਰਟੀ ਪੱਧਰ ਦੇ ਸਰੋਕਾਰ ਵੀ ਸੁਣਨੇ ਪੈਣਗੇ। ਤੀਜਾ ਕਾਂਗਰਸ ਵਰਕਰ ਜੋ ਕਿ ਲੰਮੇ ਸਮੇਂ ਤੋਂ ਸਾਬਕਾ ਇੰਚਾਰਜ ਆਸ਼ਾ ਕੁਮਾਰੀ ਤੋਂ ਨਾਰਾਜ਼ ਚੱਲ ਰਿਹਾ ਸੀ ਅਤੇ ਉਨ੍ਹਾਂ ਉਤੇ ਕੈਪਟਨ ਦੇ ਨਜ਼ਰੀਏ ਨਾਲ ਫੈਸਲੇ ਲੈਣ ਅਤੇ ਵਰਕਰਾਂ ਨੂੰ ਮਿਲਣ ਦੇ ਦੋਸ਼ ਵੀ ਲਾ ਰਿਹਾ ਸੀ, ਉਨ੍ਹਾਂ ਵਰਕਰਾਂ ‘ਚ ਵੀ ਇਹ ਸੰਦੇਸ਼ ਭੇਜਿਆ ਗਿਆ ਹੈ ਕਿ ਉਨ੍ਹਾਂ ਨੂੰ ਸੁਣਿਆ ਗਿਆ ਹੈ। ਰਾਵਤ ਨੂੰ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਆਉਣ ਵਾਲੇ ਦਿਨਾਂ ‘ਚ ਸੰਗਠਨ ਪੱਧਰ ਉਤੇ ਹੋਰ ਬਦਲਾਅ ਦੇ ਵੀ ਸੰਕੇਤ ਦਿੱਤੇ ਗਏ ਹਨ। ਕੁਝ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਹੁਣ ਛੇਤੀ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ‘ਚ ਵੀ ਸੰਭਾਵਿਤ ਬਦਲਾਅ ਨਜ਼ਰ ਆ ਸਕਦੇ ਹਨ। ਇਹ ਬਦਲਾਅ ਸਿਰਫ ਪ੍ਰਦੇਸ਼ ਕਾਂਗਰਸ ਤੱਕ ਹੀ ਸੀਮਤ ਨਹੀਂ ਹੋਣਗੇ ਸਗੋਂ ਮੰਤਰੀ ਮੰਡਲ ਪੱਧਰ ਤੱਕ ਵੀ ਨਜ਼ਰ ਆਉਣਗੇ। ਰਾਵਤ ਦੀ ਅਹਿਮ ਜ਼ਿੰਮੇਵਾਰੀ ਪਾਰਟੀ ਦੀਆਂ ਬਾਗੀ ਸੁਰਾਂ ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਇਕ ਮੰਚ ‘ਤੇ ਲਿਆਉਣ ਦੀ ਵੀ ਹੈ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਹਾਲੀਆ ਸਿਆਸੀ ਹਾਲਾਤ ਤੋਂ ਬਾਅਦ ਪਾਰਟੀ ਹਾਈਕਮਾਨ ਕੋਈ ਜੋਖਮ ਲੈਣਾ ਜਰ ਨਹੀਂ ਸਕਦੀ। ਇਸ ਲਈ ਰਾਵਤ ਦੀ ਜ਼ਿੰਮੇਵਾਰੀ ਬਾਗੀ ਸੁਰਾਂ ਨੂੰ ਇਕੋ ਮੰਚ ‘ਤੇ ਲਿਆਉਣ ਦੀ ਹੋਵੇਗੀ।
ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਦੀ ਆਪਸੀ ਰੰਜਿਸ਼ ਵੀ ਕੋਈ ਲੁਕੀ ਗੱਲ ਨਹੀਂ ਹੈ। ਨਵਜੋਤ ਸਿੰਘ ਸਿੱਧੂ ਜੋ ਰਾਹੁਲ ਗਾਂਧੀ ਕੈਂਪ ਦੇ ਹਨ, ਨੂੰ ਆਸ਼ਾ ਕੁਮਾਰੀ ਵਲੋਂ ਖਾਸ ਤਵੱਜੋ ਨਹੀਂ ਦਿੱਤੀ ਗਈ, ਸਗੋਂ ਕੈਪਟਨ ਵਲੋਂ ਸਿੱਧੂ ਦਾ ਵਿਰੋਧ ਕਰਨ ਸਮੇਂ ਉਹ ਕੈਪਟਨ ਵਲ ਹੀ ਖੜ੍ਹੀ ਨਜ਼ਰ ਆਈ। ਆਸ਼ਾ ਕੁਮਾਰੀ ਵਲੋਂ ਕੈਪਟਨ ਅਤੇ ਸਿੱਧੂ ਦਰਮਿਆਨ ਪਾੜ ਨੂੰ ਭਰਨ ਦਾ ਕੋਈ ਵੀ ਯਤਨ ਨਹੀਂ ਕੀਤਾ ਗਿਆ, ਜਦਕਿ ਸੂਬਾ ਇੰਚਾਰਜ ਵਜੋਂ ਨਾਰਾਜ਼ਗੀਆਂ ਦਾ ਸਮਾਂ ਰਹਿੰਦੇ ਨਿਪਟਾਰਾ ਕਰਨ ਦੀ ਵੱਡੀ ਭੂਮਿਕਾ ਹੁੰਦੀ ਹੈ।
_____________________________________________
ਧਰਮਸੋਤ ਖਿਲਾਫ ਕਾਰਵਾਈ ਲਈ ਸਰਕਾਰ ਨੂੰ ਅਲਟੀਮੇਟਮ
ਨਾਭਾ: ਵਜ਼ੀਫਾ ਘਪਲੇ ‘ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਆਮ ਆਦਮੀ ਪਾਰਟੀ (ਆਪ) ਆਗੂਆਂ ਨੇ ਵਿਧਾਇਕਾ ਬਲਜਿੰਦਰ ਕੌਰ ਦੀ ਅਗਵਾਈ ਹੇਠ ਅਰਥੀ ਫੂਕ ਮੁਜ਼ਾਹਰਾ ਕੀਤਾ। ਉਹ ਕੈਬਨਿਟ ਮੰਤਰੀ ਦੀ ਰਿਹਾਇਸ਼ ਵਲ ਜਾ ਰਹੇ ਸਨ ਪਰ ਭਾਰੀ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਲਿਆ। ਉਪਰੰਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀਆਂ ਹਦਾਇਤਾਂ ਉਤੇ ਪੰਜਾਬ ਸਰਕਾਰ ਨੂੰ ਧਰਮਸੋਤ ਖਿਲਾਫ ਕਾਰਵਾਈ ਕਰਨ ਦਾ 20 ਦਿਨਾਂ ਦਾ ਅਲਟੀਮੇਟਮ ਦੇ ਕੇ ਧਰਨਾ ਚੁੱਕ ਲਿਆ ਗਿਆ। ‘ਆਪ’ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਕਾਰਵਾਈ ਨਾ ਹੋਈ ਤਾਂ ਮੁੱਖ ਮੰਤਰੀ ਦਾ ਫਾਰਮ ਹਾਊਸ ਘੇਰਿਆ ਜਾਵੇਗਾ।
ਜਾਣਕਾਰੀ ਅਨੁਸਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਸਬੰਧੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਨੇੜੇ ਧਰਨੇ ਉਤੇ ਬੈਠੇ ‘ਆਪ’ ਆਗੂਆਂ ਨੂੰ ਪੁਲਿਸ ਨੇ ਕਰੋਨਾ ਟੈਸਟ ਕਰਵਾਉਣ ਦੇ ਬਹਾਨੇ ਚੁੱਕ ਕੇ ਸਾਰਾ ਦਿਨ ਥਾਣੇ ਵਿਚ ਬੰਦ ਰੱਖਿਆ। ਉਪਰੰਤ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਪ੍ਰੋ. ਬਲਜਿੰਦਰ ਕੌਰ ਸਣੇ ਸੀਨੀਅਰ ਆਗੂ ਨਾਭੇ ਪੁੱਜੇ ਤੇ ਥਾਣਾ ਕੋਤਵਾਲੀ ਦੇ ਗੇਟ ਮੂਹਰੇ ਧਰਨਾ ਲਾ ਦਿੱਤਾ। ਉਹ ਪਾਰਟੀ ਆਗੂਆਂ ਨੂੰ ਬਿਨਾਂ ਸ਼ਰਤ ਛੱਡਣ ਦੀ ਮੰਗ ਕਰਦੇ ਰਹੇ। ਅਖੀਰ ਪੁਲਿਸ ਨੇ ਥਾਣੇ ‘ਚ ਬੰਦ ਗੁਰਦੇਵ ਸਿੰਘ ਮਾਨ, ਚੇਤਨ ਜੌੜੇਮਾਜਰਾ, ਕਰਨਵੀਰ ਟਿਵਾਣਾ, ਜੱਸੀ ਸੋਹੀਆਂ ਤੇ ਬਰਿੰਦਰ ਬਿੱਟੂ ਨੂੰ ਛੱਡ ਦਿੱਤਾ। ਰਿਹਾਈ ਮਗਰੋਂ ‘ਆਪ’ ਆਗੂ ਮੁੜ ਮੰਤਰੀ ਦੇ ਰਿਹਾਇਸ਼ ਨੇੜਲੇ ਧਰਨੇ ਵਾਲੀ ਥਾਂ ਉਤੇ ਆ ਕੇ ਬੈਠ ਗਏ।
ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਧਰਮਸੋਤ ਨੇ ਕਰੋੜਾਂ ਰੁਪਏ ਦਾ ਵਜ਼ੀਫਾ ਘਪਲਾ ਕਰ ਕੇ ਗਰੀਬ ਵਿਦਿਆਰਥੀਆਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਬਿਠਾਈ ਜਾਂਚ ਟੀਮ ਮੰਤਰੀ ਨੂੰ ਕਲੀਨ ਚਿੱਟ ਦੇਵੇਗੀ। ਇਸ ਲਈ ਘਪਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਉਨ੍ਹਾਂ ਆਖਿਆ ਕਿ ਪਾਰਟੀ ਲੀਡਰਸ਼ਿਪ ਦੀਆਂ ਹਦਾਇਤਾਂ ਮੁਤਾਬਕ ਧਰਨਾ ਚੁੱਕਿਆ ਜਾ ਰਿਹਾ ਹੈ ਅਤੇ ਜੇਕਰ ਮੁੱਖ ਮੰਤਰੀ ਅਗਲੇ ਵੀਹ ਦਿਨਾਂ ਤੱਕ ਮੰਤਰੀ ਧਰਮਸੋਤ ਨੂੰ ਬਰਖਾਸਤ ਕਰਕੇ ਉਸ ‘ਤੇ ਕਰਵਾਈ ਨਹੀਂ ਕਰਦੇ ਤਾਂ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕੀਤਾ ਜਾਵੇਗਾ।