ਕੋਵਿਡ ਕਿੱਟਾਂ: ਕੈਪਟਨ ‘ਆਪ’ ਆਗੂਆਂ ਨਾਲ ਮਿਹਣੋ-ਮਿਹਣੀ

ਚੰਡੀਗੜ੍ਹ: ਕੋਵਿਡ ਕਿੱਟਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਚ ਸ਼ਬਦੀ ਜੰਗ ਭਖੀ ਹੋਈ ਹੈ। ਕੈਪਟਨ ਨੇ ਕੋਵਿਡ ਸੰਭਾਲ ਕਿੱਟਾਂ ਦੇ ਟੈਂਡਰ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ‘ਆਪ’ ਵਲੋਂ ਇਸ ਖਰੀਦ ਵਿਚ ਘਪਲੇਬਾਜ਼ੀ ਦੇ ਦੋਸ਼ ਲਾਉਣ ਨੂੰ ਹਾਸੋਹੀਣਾ ਤੇ ਬੇਤੁਕਾ ਕਰਾਰ ਦਿੱਤਾ ਹੈ।

ਮੁੱਖ ਮੰਤਰੀ ਨੇ ‘ਆਪ’ ਵਿਧਾਇਕ ਅਮਨ ਅਰੋੜਾ ਵਲੋਂ ਕਿੱਟਾਂ ਖਰੀਦਣ ਵਿਚ ਘਪਲੇਬਾਜ਼ੀ ਦੇ ਲਾਏ ਦੋਸ਼ਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ‘ਤੇ ਹਰ ਵੇਲੇ ਹਮਲਾ ਕਰਨ ਦੀ ਤਾਂਘ ਵਿਚ ਰਹਿੰਦੀ ਆਮ ਆਦਮੀ ਪਾਰਟੀ ਗਲਤ ਤੇ ਸਹੀ ਵਿਚ ਪਰਖ ਕਰਨਾ ਹੀ ਭੁੱਲ ਗਈ ਹੈ। ਸਿਹਤ ਵਿਭਾਗ ਵਲੋਂ ਕਿੱਟਾਂ ਦੀ ਖਰੀਦ ਲਈ ਟੈਂਡਰ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਅਮਨ ਅਰੋੜਾ ਨੇ ਘਪਲੇਬਾਜ਼ੀ ਦੇ ਦੋਸ਼ ਲਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 360 ਰੁਪਏ (ਜੀ.ਐਸ਼ਟੀ. ਵੱਖਰੀ) ਦੇ ਨਬਜ਼ ਔਕਸੀਮੀਟਰ ਦੇ ਨਾਲ ਕਿੱਟ ਦੀ 748 ਰੁਪਏ ਲਾਗਤ ਨੂੰ ਅੰਤਿਮ ਰੂਪ ਦਿੱਤਾ ਹੈ।
ਆਪ ਵਿਧਾਇਕ ਨੇ ਇਕ ਰੇਟ ਲਿਸਟ (ਜਿਹੜੀ ਉਨ੍ਹਾਂ ਨੇ ਵੀ ਸਿਹਤ ਵਿਭਾਗ ਨੂੰ ਭੇਜੀ ਹੈ) ਉਤੇ ਆਧਾਰਿਤ ਦੋਸ਼ ਲਾਏ ਹਨ, ਜਿਸ ਵਿਚ ਅਸਲ ‘ਚ 13 ਆਈਟਮਾਂ ਦੀ ਸੂਚੀ ਦਿੱਤੀ ਗਈ ਹੈ ਜਦੋਂ ਕਿ ਸਰਕਾਰੀ ਕਿੱਟ ਲਈ 16 ਆਈਟਮਾਂ ਖਰੀਦੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਰੋੜਾ ਦੀ ਸੂਚੀ ਵਿਚ ਕੈਪਸੂਲ ਵਿਟਾਮਿਨ ਡੀ, ਬੀਟਾਡਿਨ ਗਾਰਗਿਲ ਤੇ ਬੈਲੂਨਜ਼ ਸ਼ਾਮਲ ਹੀ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਸੂਚੀ ਵਿਚ 100 ਮਿਲੀਲਿਟਰ ਦਾ ਸੈਨੀਟਾਈਜ਼ਰ ਹੈ ਜਦੋਂ ਕਿ ਸਰਕਾਰੀ ਕਿੱਟ ਵਿਚ 500 ਮਿਲੀਲਿਟਰ ਦਾ ਸੈਨੀਟਾਈਜ਼ਰ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ 10 ਰੁਪਏ ਦਾ ਤਰਲ ਕਾੜ੍ਹਾ ਮੌਜੂਦ ਹੀ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦਰਅਸਲ ਥੋਕ ਖਰੀਦ ਦੀ ਘੱਟ ਕੀਮਤ ਨੂੰ ਦੇਖਦਿਆਂ ਸਰਕਾਰ ਜੋ ਕਿੱਟਾਂ ਪ੍ਰਾਪਤ ਕਰਨ ਵਿਚ ਕਾਮਯਾਬ ਰਹੀ ਹੈ, ਉਨ੍ਹਾਂ ਨੂੰ ਸਰਕਾਰ ਨੇ ਪ੍ਰਵਾਨਿਤ ਵਿਕਰੇਤਾਵਾਂ ਰਾਹੀਂ ਬਿਨਾਂ ਮੁਨਾਫੇ-ਘਾਟੇ ਦੇ ਆਧਾਰ ‘ਤੇ ਔਕਸੀਮੀਟਰ ਦੇ ਨਾਲ ਉਪਲਬਧ ਕਰਾਉਣ ਦਾ ਫੈਸਲਾ ਕੀਤਾ ਹੈ, ਜੋ ਉਨ੍ਹਾਂ ਵਲੋਂ ਬੀਤੇ ਦਿਨ ਕੀਤੇ ਗਏ ਐਲਾਨ ਅਨੁਸਾਰ 514 ਰੁਪਏ ਨਾਲੋਂ ਘੱਟ ਕੀਮਤ ‘ਤੇ ਵੇਚੇ ਜਾਣਗੇ।
ਉਧਰ, ਆਮ ਆਦਮੀ ਪਾਰਟੀ ‘ਚ ਸ਼ਾਮਲ ਡਾਕਟਰਾਂ ਦੀ ਟੀਮ ਨੇ ‘ਆਪ’ ਵਲੋਂ ਰਾਜ ਅੰਦਰ ਕਰੋਨਾ ਰੋਕਣ ਲਈ ਚਲਾਈ ਜਾ ਰਹੀ ਔਕਸੀਮੀਟਰ ਮੁਹਿੰਮ ਵਿਰੁੱਧ ਸਰਕਾਰੀ ਬਿਆਨਬਾਜ਼ੀ ਨੂੰ ਬੇਲੋੜਾ ਕਰਾਰ ਦਿੰਦਿਆਂ ਸਰਕਾਰ ਨੂੰ ਕਿਹਾ ਹੈ ਕਿ ਉਹ ਔਕਸੀਮੀਟਰ ਮੁਹਿੰਮ ਤੋਂ ਘਬਰਾਉਣ ਦੀ ਥਾਂ ਇਸ ਨੂੰ ਮਦਦ ਵਜੋਂ ਪ੍ਰਵਾਨ ਕਰਨ। ਆਮ ਆਦਮੀ ਪਾਰਟੀ ਦੇ ਡਾਕਟਰੀ ਪੇਸ਼ੇ ਨਾਲ ਸਬੰਧਤ ਆਗੂਆਂ ਡਾ. ਬਲਬੀਰ ਸਿੰਘ (ਪਟਿਆਲਾ), ਡਾ. ਸੰਜੀਵ ਸ਼ਰਮਾ, ਡਾ. ਸ਼ਿਵ ਦਿਆਲ ਮਾਲੀ (ਜਲੰਧਰ), ਡਾ. ਇੰਦਰਬੀਰ ਸਿੰਘ ਨਿੱਝਰ (ਅੰਮ੍ਰਿਤਸਰ), ਡਾ. ਕੇ.ਜੇ. ਸਿੰਘ (ਕਾਦੀਆਂ), ਡਾ. ਕਸ਼ਮੀਰ ਸਿੰਘ ਸੋਹਲ (ਤਰਨ ਤਾਰਨ) ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਹੋਰ ਕਾਂਗਰਸੀਆਂ ਵਲੋਂ ‘ਆਪ’ ਦੀ ਔਕਸੀਮੀਟਰ ਮੁਹਿੰਮ ਬਾਰੇ ਜਿਸ ਤਰ੍ਹਾਂ ਦੀਆਂ ਗੁਮਰਾਹਕੁੰਨ ਅਤੇ ਨਕਾਰਾਤਮਿਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਇਹ ਬੇਤੁਕੀਆਂ ਅਤੇ ਬੌਖਲਾਹਟ ਭਰੀਆਂ ਹਨ।
________________________________________
ਪੰਜਾਬ ਨਾਲੋਂ ਦਿੱਲੀ ‘ਚ ਹਾਲਾਤ ਕਿਤੇ ਵੱਧ ਖਰਾਬ: ਕੈਪਟਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਆਖਿਆ ਕਿ ਮਹਾਮਾਰੀ ਦੇ ਮਾਮਲੇ ‘ਚ ਪੰਜਾਬ ਨਾਲੋਂ ਦਿੱਲੀ ‘ਚ ਹਾਲਾਤ ਕਿਤੇ ਵੱਧ ਖਰਾਬ ਹਨ ਪਰ ‘ਆਪ’ ਪੰਜਾਬ ‘ਚ ਮਹਾਮਾਰੀ ਦੇ ਨਾਂ ਉਤੇ ਘਟੀਆ ਸਿਆਸਤ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 2.90 ਕਰੋੜ ਦੀ ਆਬਾਦੀ ‘ਚ 18,000 ਸਰਗਰਮ ਕੇਸ ਹਨ ਜਦੋਂਕਿ 1.80 ਕਰੋੜ ਦੀ ਆਬਾਦੀ ਵਾਲੀ ਦਿੱਲੀ ਵਿਚ ਅਜਿਹੇ ਕੇਸਾਂ ਦੀ ਗਿਣਤੀ 25,000 ਤੋਂ ਵੀ ਵੱਧ ਹੈ। ਮੁੱਖ ਮੰਤਰੀ ਨੇ ਕਾਂਗਰਸੀ ਵਿਧਾਇਕਾਂ ਨਾਲ ਕੋਵਿਡ-19 ਬਾਰੇ ਵਰਚੁਅਲ ਮੀਟਿੰਗ ਦੌਰਾਨ ਕਿਹਾ ਕਿ ‘ਆਪ’ ਨੂੰ ਪੰੰਜਾਬ ਵਿਚ ਨਕਾਰਾਤਮਕ ਪ੍ਰਚਾਰ ਕਰਨ ਦੀ ਥਾਂ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ।
_________________________________________
ਕੈਪਟਨ ਫਾਰਮ ਹਾਊਸ ‘ਚੋਂ ਨਿਕਲ ਕੇ ਹਾਲਾਤ ਦੇਖਣ: ਸੁਖਬੀਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪੰਜਾਬ ਵਿਚ ਕਰੋਨਾ ਸੰਕਟ ਨਾਲ ਨਜਿੱਠਣ ਵਿਚ ਫੇਲ੍ਹ ਹੋ ਗਈ ਹੈ। ਇਸ ਕਾਰਨ ਦੇਸ਼ ਵਿਚ ਸਭ ਤੋਂ ਵੱਧ ਮੌਤ ਦਰ ਪੰਜਾਬ ਵਿਚ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਆਪਣੇ ਫਾਰਮ ਹਾਊਸ ਵਿਚ ਆਰਾਮ ਨਾਲ ਬੈਠ ਕੇ ਕਰੋਨਾ ਨੂੰ ਰਿਮੋਟ ਕੰਟਰੋਲ ਨਾਲ ਕਾਬੂ ਕਰਨ ਦੀ ਥਾਂ ਮੁੱਖ ਮੰਤਰੀ ਨੂੰ ਜ਼ਮੀਨੀ ਹਕੀਕਤ ਜਾਣਨ ਲਈ ਮੌਕੇ ‘ਤੇ ਹਾਲਾਤ ਦਾ ਜਾਇਜ਼ਾ ਲੈਣਾ ਚਾਹੀਦਾ ਹੈ। ਉੁਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਸੇ ਰਵੱਈਏ ਕਾਰਨ ਉਨ੍ਹਾਂ ਦੇ ਅਖੌਤੀ ‘ਮਿਸ਼ਨ ਫਤਿਹ’ ਦੀ ਪ੍ਰਾਪੇਗੰਡਾ ਕਰਨ ਵਾਲੀ ਮੁਹਿੰਮ ‘ਤੇ ਰੋਜ਼ਾਨਾ ਕਰੋੜਾਂ ਰੁਪਏ ਖਰਚ ਹੋ ਰਹੇ ਹਨ ਜਦਕਿ ਇਸ ਨਾਲ ਸੂਬੇ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।