ਪਾਵਨ ਸਰੂਪ: ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਘੇਰਾ ਪਾਇਆ

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੀ ਪੜਤਾਲ ਵਿਚ ਪਾਏ ਗਏ ਦੋਸ਼ੀਆਂ ਖਿਲਾਫ ਪੁਲਿਸ ਕੇਸ ਦਰਜ ਕਰਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਸਤਿਕਾਰ ਕਮੇਟੀਆਂ ਤੇ ਹੋਰ ਸਿੱਖ ਜਥੇਬੰਦੀਆਂ ਨੇ ਹਰਿਮੰਦਰ ਸਾਹਿਬ ਸਮੂਹ ਸਥਿਤ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਬਾਹਰ ਅਣਮਿਥੇ ਸਮੇਂ ਲਈ ਧਰਨਾ ਲਾ ਦਿੱਤਾ।

ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਕਾਰਕੁਨ ਮੁੱਖ ਦਫਤਰ ਦੇ ਦਰਵਾਜ਼ੇ ਦੇ ਬਾਹਰ ਪੱਕਾ ਧਰਨਾ ਲਾ ਕੇ ਬੈਠ ਗਏ। ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਪੂਰੀਆਂ ਹੋਣ ਤਕ ਸੰਘਰਸ਼ ਜਾਰੀ ਰਹੇਗਾ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ 11 ਮੈਂਬਰੀ ਕਮੇਟੀ ਵਿਚਾਲੇ ਮੀਟਿੰਗ ਬੇਸਿੱਟਾ ਰਹੀ ਅਤੇ ਇਸ ਤੋਂ ਬਾਅਦ ਪੱਕੇ ਧਰਨੇ ਦਾ ਐਲਾਨ ਕੀਤਾ ਗਿਆ। ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਕੋਲ ਆਪਣੀਆਂ 9 ਮੰਗਾਂ ਰੱਖੀਆਂ ਗਈਆਂ ਸਨ ਜਿਨ੍ਹਾਂ ਵਿਚ 328 ਸਰੂਪਾਂ ਦੀ ਜਾਂਚ ਵਿਚ ਦੋਸ਼ੀ ਪਾਏ ਵਿਅਕਤੀਆਂ ਖਿਲਾਫ ਪੁਲਿਸ ਕੇਸ ਦਰਜ ਕਰਨ ਦੀ ਮੰਗ, ਰਿਕਾਰਡ ਵਿਚੋਂ ਘੱਟ ਗਏ ਸਰੂਪਾਂ ਦੀ ਮੌਜੂਦਾ ਸਥਿਤੀ, ਦੇਸ਼ ਵਿਦੇਸ਼ ਵਿਚ ਸਰੂਪ ਛਾਪਣ ਉਤੇ ਰੋਕ ਲਾਉਣ, ਪ੍ਰਾਈਵੇਟ ਪ੍ਰੈਸਾਂ ਵਿਚ ਛਪਦੇ ਗੁਟਕੇ, ਪੋਥੀਆਂ ਅਤੇ ਧਾਰਮਿਕ ਸਾਹਿਤ ਨੂੰ ਛਾਪਣ ‘ਤੇ ਰੋਕ ਲਾਉਣ, ਸਰੂਪਾਂ ਨੂੰ ਅਗਨ ਭੇਟ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਉਤੇ ਰੋਕ ਲਾਉਣ, ਕੈਨੇਡਾ ਵਿਚ 450 ਸਰੂਪਾਂ ਦਾ ਨਿਰਾਦਰ ਕਰਨ ਵਾਲੇ ਦੋਸ਼ੀਆਂ ਨੂੰ ਸੰਗਤ ਸਾਹਮਣੇ ਲਿਆਉਣ, ਇਕ ਹਜ਼ਾਰ ਪੰਨੇ ਵਾਲੀ ਜਾਂਚ ਰਿਪੋਰਟ ਜਨਤਕ ਕਰਨ ਸਮੇਤ ਹੋਰ ਮੰਗਾਂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਇਨ੍ਹਾਂ ਮੰਗਾਂ ਬਾਰੇ ਕੋਈ ਵੀ ਠੋਸ ਜਵਾਬ ਨਹੀਂ ਦਿੱਤਾ ਪਰ ਦੋਸ਼ੀਆਂ ਖਿਲਾਫ ਕੇਸ ਦਰਜ ਕਰਾਉਣ ਦੇ ਮਾਮਲੇ ਨੂੰ ਵਿਚਾਰਨ ਲਈ 18 ਸਤੰਬਰ ਨੂੰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੱਦਣ ਸਮੇਤ ਕਈ ਮਾਮਲੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਪ੍ਰਵਾਨਗੀ ਲਈ ਭੇਜਣ ਦਾ ਭਰੋਸਾ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਵਾਲੀ ਸਿੱਖ ਆਗੂਆਂ ਦੀ 11 ਮੈਂਬਰੀ ਕਮੇਟੀ ਵਿਚ ਤਰਲੋਚਨ ਸਿੰਘ ਸੋਹਲ, ਦਿਲਬਾਗ ਸਿੰਘ, ਬਲਬੀਰ ਸਿੰਘ ਮੁੱਛਲ, ਪਰਮਜੀਤ ਸਿੰਘ ਅਕਾਲੀ, ਹਰਪਾਲ ਸਿੰਘ, ਮਨਜੀਤ ਸਿੰਘ ਝਬਾਲ, ਬਲਜਿੰਦਰ ਸਿੰਘ ਪਰਵਾਨਾ, ਰਣਜੀਤ ਸਿੰਘ, ਹਰਪ੍ਰੀਤ ਸਿੰਘ ਮੱਖੂ, ਪ੍ਰਦੀਪ ਸਿੰਘ ਲੁਧਿਆਣਾ, ਲਖਬੀਰ ਸਿੰਘ ਸ਼ਾਮਲ ਸਨ। ਦੱਸਣਯੋਗ ਹੈ ਕਿ ਸਤਿਕਾਰ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਨੂੰ ਲੈ ਕੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਠ ਕਰਨ ਅਤੇ ਇਸ ਮਾਮਲੇ ਵਿਚ ਅਗਲੇਰੀ ਰਣਨੀਤੀ ਵਿਚਾਰਨ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਸੰਸਥਾ ਖਿਲਾਫ ਵਿਰੋਧ ਪ੍ਰਗਟਾਉਣ ਲਈ ਇਤਿਹਾਸਕ ਸਥਾਨ ਮੰਜੀ ਸਾਹਿਬ ਦੀਵਾਨ ਹਾਲ ਦੀ ਵਰਤੋਂ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਸਵੇਰੇ ਮੰਜੀ ਸਾਹਿਬ ਦੀਵਾਨ ਹਾਲ ਵਿਚ ਕਥਾ ਤੋਂ ਬਾਅਦ ਇਸ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਅਤੇ ਦਰਵਾਜ਼ੇ ਦੇ ਬਾਹਰ ਵੱਡੀ ਗਿਣਤੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਦਾਖਲ ਹੋਣ ਵਾਲੇ ਹੋਰ ਵੀ ਰਸਤਿਆਂ ਉਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਅਮਲਾ ਤੇ ਚਿੱਟ ਕੱਪੜੀਏ ਪੁਲਿਸ ਵਾਲੇ ਵੀ ਤਾਇਨਾਤ ਸਨ।
_________________________________________
ਜਥੇਦਾਰ ਨੇ ਅਸਿੱਧੇ ਤੌਰ ‘ਤੇ ਲਾਏ ਬਾਦਲਾਂ ਉਤੇ ਨਿਸ਼ਾਨੇ
ਪਟਿਆਲਾ: ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਸਿੱਧੇ ਤੌਰ ‘ਤੇ ਬਾਦਲਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੂੰ ਸਵੈ-ਪੜਚੋਲ ਕਰਨ ਦੀ ਸਲਾਹ ਦਿੰਦਿਆਂ ਆਖਿਆ ਹੈ ਕਿ ਪੰਥਕ ਸੰਸਥਾਵਾਂ ‘ਚ ਗੈਰ ਸਥਾਪਿਤ ਧਿਰਾਂ ਦੀ ਬੇਭਰੋਸਗੀ ਦੂਰ ਕਰਨ ਲਈ ਸਥਾਪਿਤ ਧਿਰਾਂ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ।
ਇਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ‘ਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਕਰਵਾਏ ਗਏ 76ਵੇਂ ਸਥਾਪਨਾ ਦਿਵਸ ਸਮਾਰੋਹ ‘ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਜ਼ਾਹਿਰ ਕੀਤੀ ਕਿ ਪੰਥ ‘ਚ ਸਿਆਸੀ ਵਖਰੇਵਿਆਂ ਮਗਰੋਂ ਹੁਣ ਸਿਧਾਂਤਕ ਵਖਰੇਵੇਂ ਵੀ ਪੈਦਾ ਹੋਣ ਲੱਗ ਪਏ ਹਨ, ਜਿਸ ਦਾ ਕੌਮ ਨੂੰ ਵੱਡਾ ਨੁਕਸਾਨ ਹੋਣ ਦਾ ਡਰ ਹੈ। ਉਨ੍ਹਾਂ ਪੰਥਕ ਸਫਾਂ ਵਿਚੋਂ ਮਤਭੇਦ ਦੂਰ ਕਰਨ ਸਬੰਧੀ ਚਰਚਾ ਕਰਦਿਆਂ ਬਾਦਲਾਂ ਦਾ ਨਾਂ ਲਏ ਬਗੈਰ ਆਖਿਆ ਕਿ ਸੰਸਥਾਵਾਂ ‘ਤੇ ਸਥਾਪਿਤ ਧਿਰਾਂ ਲਈ ਸੁਨਹਿਰੀ ਮੌਕਾ ਹੈ ਕਿ ਜਿਥੇ ਵੀ ਉਨ੍ਹਾਂ ਦੀਆਂ ਗਲਤੀਆਂ ਜਾਂ ਕਮੀਆਂ ਰਹੀਆਂ ਹਨ, ਉਹ ਸਵੈ-ਪੜਚੋਲ ਕਰਨ ਤਾਂ ਕਿ ਗੈਰ ਸਥਾਪਿਤ ਧਿਰਾਂ ਅੰਦਰ ਬੇਵਿਸ਼ਵਾਸੀ ਦੂਰ ਹੋ ਸਕੇ।
ਸਮਾਗਮ ‘ਚ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਬਰਗਾੜੀ ਮੋਰਚੇ ਦੇ ਆਗੂ ਭਾਈ ਬਲਜੀਤ ਸਿੰਘ ਦਾਦੂਵਾਲ ਸਮੇਤ ਹੋਰ ਪੰਥਕ ਸਫਾਂ ਦੀਆਂ ਅਹਿਮ ਹਸਤੀਆਂ ਸ਼ਾਮਲ ਸਨ। ਇਹ ਪ੍ਰੋਗਰਾਮ ਕਰਨੈਲ ਸਿੰਘ ਪੀਰ ਮੁਹੰਮਦ ਦੀ ਸਰਪ੍ਰਸਤੀ ਹੇਠਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਕਰਵਾਇਆ ਗਿਆ। ਪੀਰ ਮੁਹੰਮਦ ਖੁਦ ਸਿਆਸੀ ਤੌਰ ‘ਤੇ ਬਾਦਲਾਂ ਦੀ ਵਿਰੋਧੀ ਸ਼੍ਰੋਮਣੀ ਅਕਾਲੀ ਦਲ ‘ਟਕਸਾਲੀ’ ਧਿਰ ਦੇ ਆਗੂ ਵਜੋਂ ਵਿਚਰ ਰਹੇ ਹਨ।
ਪੀਰ ਮੁਹੰਮਦ ਨੇ ਪ੍ਰੋਗਰਾਮ ਮਗਰੋਂ ਗੱਲਬਾਤ ਦੌਰਾਨ ਮੰਨਿਆ ਕਿ ਜਥੇਦਾਰ ਦਾ ਅਸਿੱਧਾ ਇਸ਼ਾਰਾ ਬਾਦਲਾਂ ਵੱਲ ਹੀ ਸੀ। ਪਹਿਲਾਂ ਮੰਚ ਤੋਂ ਫੈਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਫੈਡਰੇਸ਼ਨਾਂ ‘ਚ ਸਮੁੱਚੀ ਏਕਤਾ ਕਰਵਾਉਣ ਦੇ ਸਾਰੇ ਅਧਿਕਾਰ ਜਥੇਦਾਰ ਨੂੰ ਸੌਂਪ ਦਿੱਤੇ। ਜਥੇਦਾਰ ਨੇ ਫੈਡਰੇਸ਼ਨ ਦੇ ਆਗੂਆਂ ਪੀਰ ਮੁਹੰਮਦ ਤੇ ਚੀਮਾ ਦੀ ਫੈਡਰੇਸ਼ਨਾਂ ‘ਚ ਏਕਤਾ ਦੀ ਕੀਤੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਸਿੱਖ ਕੌਮ ਨੂੰ ਕੇਸਰੀ ਨਿਸ਼ਾਨ ਹੇਠ ਇਕੱਤਰ ਕਰਨ ਲਈ ਸਿਰਤੋੜ ਯਤਨ ਕਰ ਰਹੇ ਹਨ।