ਗੁੰਮ ਸਰੂਪਾਂ ਦੇ ਮਾਮਲੇ ‘ਤੇ ਅਕਾਲੀ ਦਲ ਦੀ ਚੁੱਪ ਉਤੇ ਉਠੇ ਸਵਾਲ

ਚੰਡੀਗੜ੍ਹ: ਗੁਰੂ ਗ੍ਰੰਥ ਸਾਹਿਬ ਦੇ 300 ਤੋਂ ਵਧੇਰੇ ਸਰੂਪਾਂ ਦੇ ਗੁੰਮ ਹੋਣ ਦਾ ਮਾਮਲਾ ਇਸ ਸਮੇਂ ਭਖਿਆ ਹੋਇਆ ਹੈ। ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਉਤੇ ਜ਼ਿੰਮੇਵਾਰੀ ਤੋਂ ਭੱਜਣ ਤੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਾ ਕੇ ਸੰਘਰਸ਼ ਵਿੱਢਿਆ ਹੋਇਆ ਹੈ। ਪਰ ਇਸ ਮਾਮਲੇ ਉਤੇ ਸਭ ਤੋਂ ਵੱਡੇ ਸਵਾਲ ਆਪਣੇ ਆਪ ਨੂੰ ਪੰਥਕ ਧਿਰ ਅਖਵਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਠ ਰਹੇ ਹਨ।

ਇਸ ਧਿਰ ਨੇ ਗੰਭੀਰ ਮਸਲੇ ਤੋਂ ਹੁਣ ਤੱਕ ਦੂਰੀ ਹੀ ਬਣਾ ਕੇ ਰੱਖੀ ਹੋਈ ਹੈ। ਅਕਾਲੀ ਦਲ ਦੇ ਅੰਦਰ ਵੀ ਲੀਡਰਸ਼ਿਪ ਵੱਲੋਂ ਅਪਣਾਏ ਵਤੀਰੇ ਉਪਰ ਵੱਡੀ ਪੱਧਰ ‘ਤੇ ਹੈਰਾਨਗੀ ਪ੍ਰਗਟਾਈ ਜਾ ਰਹੀ ਹੈ ਤੇ ਇਸ ਤੋਂ ਨਾਖੁਸ਼ ਨਜ਼ਰ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦਾ ਤਰਕ ਹੈ ਕਿ ਸ਼੍ਰੋਮਣੀ ਕਮੇਟੀ ਕਾਨੂੰਨ ਹੇਠ ਬਣੀ ਇਕ ਖੁਦਮੁਖਤਿਆਰ ਸੰਸਥਾ ਹੈ। ਉਹ ਆਪਣੇ ਕਾਨੂੰਨ ਤੇ ਵਿਧੀ ਵਿਧਾਨ ਮੁਤਾਬਕ ਕੰਮ ਕਰ ਰਹੀ ਹੈ। ਹਾਲਾਂਕਿ ਸਿੱਖ ਜਥੇਬੰਦੀਆਂ ਸਵਾਲ ਕਰ ਰਹੀਆਂ ਹਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਲੈ ਕੇ ਹਰ ਮਸਲੇ ਵਿਚ ਬਾਦਲਾਂ ਵਾਲੇ ਅਕਾਲੀ ਦਲ ਦੀ ਦਖਲਅੰਦਾਜ਼ੀ ਹੁੰਦੀ ਹੈ, ਫਿਰ ਐਡੇ ਗੰਭੀਰ ਮਸਲੇ ਤੋਂ ਟਾਲਾ ਵੱਟਣ ਕੁਝ ਹੋਰ ਹੀ ਇਸ਼ਾਰਾ ਕਰਦਾ ਹੈ।
ਇਹ ਗੱਲ ਵੀ ਵੱਡੀ ਗਿਣਤੀ ਸੰਗਤ ਦੇ ਮਨਾਂ ‘ਚ ਬੁਰੀ ਤਰ੍ਹਾਂ ਚੁੱਭ ਰਹੀ ਹੈ ਕਿ ਧਰਮ ਦਾ ਰਾਖਾ ਬਣ ਕੇ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਕਰਦੀ ਆ ਰਹੀ ਅਕਾਲੀ ਲੀਡਰਸ਼ਿਪ ਇਤਿਹਾਸ ਵਿਚ ਪਹਿਲੀ ਵਾਰ ਇਸ ਸੰਕਟ ਨੂੰ ਹੱਲ ਕਰਨ ਤੋਂ ਪੂਰੀ ਤਰ੍ਹਾਂ ਟਾਲਾ ਵੱਟ ਰਹੀ ਹੈ।
ਇਸ ਮਸਲੇ ਉਤੇ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਦਾ ਸ਼੍ਰੋਮਣੀ ਕਮੇਟੀ ‘ਚ ਦਖਲ ਇੰਨਾ ਜ਼ਿਆਦਾ ਹੈ ਕਿ ਉਸ ਦੀ ਖੁਦਮੁਖਤਾਰ ਹਸਤੀ ਹੀ ਮਿਟਾ ਦਿੱਤੀ ਗਈ ਹੈ। ਅੱਜ ਸ਼੍ਰੋਮਣੀ ਕਮੇਟੀ ‘ਚ ਜੋ ਨਿਘਾਰ ਸਾਹਮਣੇ ਆ ਰਿਹਾ ਹੈ, ਉਹ ਇਸ ਦਖਲ ਦਾ ਹੀ ਸਿੱਟਾ ਹੈ। ਵਿੱਦਿਅਕ ਅਦਾਰਿਆਂ ‘ਚ ਬਦਲੀਆਂ, ਤਰੱਕੀਆਂ ਦਾ ਕੰਮ ਕਮੇਟੀ ਪ੍ਰਧਾਨ ਦੀ ਥਾਂ ਅਕਾਲੀ ਦਲ ਦਾ ਪ੍ਰਧਾਨ ਕਰਦਾ ਹੈ। ਹਰ ਰੋਜ਼ ਨਵੇਂ ਤੋਂ ਨਵੇਂ ਘਪਲੇ ਸਾਹਮਣੇ ਆ ਰਹੇ ਹਨ। ਇਸ ਵੇਲੇ ਅਕਾਲੀ ਲੀਡਰਸ਼ਿਪ ਤੇ ਸ਼੍ਰੋਮਣੀ ਕਮੇਟੀ ਅਹੁਦੇਦਾਰ ਸੰਗਤ ਦੀ ਭਰੋਸੇਯੋਗਤਾ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸਲ ‘ਚ ਹੁਣ ਤੱਕ ਕੀ ਵਾਪਰਦਾ ਰਿਹਾ ਹੈ, ਉਸ ਬਾਰੇ ਸਾਰਾ ਮਾਮਲਾ ਤਾਂ ਖੁੱਲ੍ਹ ਕੇ ਉਸ ਵੇਲੇ ਸਾਹਮਣੇ ਆਵੇਗਾ ਜਦ ਚੋਣਾਂ ਰਾਹੀਂ ਨਵਾਂ ਪ੍ਰਬੰਧ ਕਾਇਮ ਹੋਵੇਗਾ ਹਾਲ ਦੀ ਘੜੀ ਤਾਂ ਜਾਂਚ ਦੇ ਨਾਂ ਉਪਰ ਲਿੱਪਾ-ਪੋਚੀ ਹੀ ਕੀਤੀ ਜਾ ਰਹੀ ਹੈ।
________________________________________
ਅਕਾਲੀ ਦਲ ਡੈਮੋਕ੍ਰੈਟਿਕ ਨੇ ਲੌਂਗੋਵਾਲ ਤੋਂ ਜਵਾਬ ਮੰਗਿਆ
ਮਸਤੂਆਣਾ ਸਾਹਿਬ: ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂਆਂ ਨੇ ਲਾਪਤਾ ਹੋਏ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਬਾਰੇ ਸਚਾਈ ਜਨਤਕ ਕਰਨ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਜਵਾਬ ਮੰਗਿਆ ਹੈ। ਇਸ ਮੌਕੇ ਪਾਰਟੀ ਆਗੂਆਂ ਤੋਂ ਇਲਾਵਾ ਧਾਰਮਿਕ, ਸਮਾਜਿਕ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਚਾਇਤਾਂ ਤੇ ਕਲੱਬਾਂ ਦੇ ਨੁਮਾਇੰਦਿਆਂ ਨੇ ਸ੍ਰੀ ਲੌਂਗੋਵਾਲ ਦੀ ਰਿਹਾਇਸ਼ ਵੱਲ ਚਾਲੇ ਪਾਏ। ਇਸ ਤੋਂ ਇਲਾਵਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਸੁਖਦੇਵ ਸਿੰਘ ਢੀਂਡਸਾ ਦੀ ਸਿਹਤਯਾਬੀ ਲਈ ਕਰਵਾਏ ਗਏ ਅਖੰਡ ਪਾਠ ਦੇ ਭੋਗ ਪਾਏ ਗਏ।
ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਵਿਚ ਇਕ ਜਥੇ ਦੇ ਰੂਪ ਵਿਚ ਰਵਾਨਾ ਹੋਈਆਂ ਸੰਗਤਾਂ ਨੇ ਗੁਰਬਾਣੀ ਦਾ ਜਾਪ ਕੀਤਾ। ਸੇਖਵਾਂ ਨੇ ਕਿਹਾ ਕਿ ਸੰਗਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸੁੱਤੀ ਪਈ ਜ਼ਮੀਰ ਨੂੰ ਜਗਾਉਣ ਆਈ ਹੈ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪਾਵਨ ਸਰੂਪਾਂ ਦੇ ਗੁੰਮ ਹੋਣ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦੀ ਜਵਾਬਦੇਹੀ ਬਣਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਅਕਾਲ ਤਖਤ ਸਾਹਿਬ ‘ਤੇ ਪੇਸ਼ ਕਰਨ ਦੀ ਬਜਾਏ ਕਿਸੇ ਏਜੰਸੀ ਕੋਲ ਭੇਜਿਆ ਜਾਵੇ ਤਾਂ ਕਿ ਨਿਰਪੱਖ ਜਾਂਚ ਹੋ ਸਕੇ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਦੇ ਗ੍ਰਹਿ ਵਿਖੇ ਪਾਵਨ ਸਰੂਪਾਂ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਮੰਗ ਪੱਤਰ ਦਿੱਤਾ ਗਿਆ।