ਸੁਮੇਧ ਸੈਣੀ ਦੀ ਭਾਲ ਵਿਚ ਪੰਜਾਬ ਪੁਲਿਸ ਹੋਈ ਸਾਹੋ-ਸਾਹ

ਚੰਡੀਗੜ੍ਹ: ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿਚ ਲਾਪਤਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਗ੍ਰਿਫਤਾਰੀ ਪੰਜਾਬ ਪੁਲਿਸ ਲਈ ਚੁਣੌਤੀ ਬਣ ਗਈ ਹੈ।

ਵਾਰੰਟ ਜਾਰੀ ਹੋਣ ਮਗਰੋਂ ਭਾਵੇਂ ਪੁਲਿਸ ਨੇ ਉਸ ਦੀ ਭਾਲ ਤੇਜ਼ ਕਰ ਦਿੱਤੀ ਹੈ ਪਰ ਪੁਲਿਸ ਦੀ ਸਾਰੀ ਕਾਰਵਾਈ ਨਾਟਕੀ ਲੱਗ ਰਹੀ ਹੈ। ਪੁਲਿਸ ਦੀ ਅਸਫਲਤਾ ਦੀ ਹੁਣ ਕਾਂਗਰਸ ਦੇ ਹਲਕਿਆਂ ਵਲੋਂ ਵੀ ਨੁਕਤਾਚੀਨੀ ਸ਼ੁਰੂ ਹੋ ਗਈ ਹੈ। ਸੈਣੀ ਜੋ ਕਿ ਜ਼ੈੱਡ ਪਲੱਸ ਸੁਰੱਖਿਆ ਛੱਤਰੀ ਅਧੀਨ ਹਨ, ਦੇ ਸੁਰੱਖਿਆ ਅਮਲੇ ਲਈ ਜ਼ੈੱਡ ਪਲੱਸ ਸੁਰੱਖਿਆ ਨਿਯਮਾਂ ਅਨੁਸਾਰ ਇਹ ਜ਼ਰੂਰੀ ਹੈ ਕਿ ਉਹ ਸੁਰੱਖਿਅਤ ਵਿਅਕਤੀ ਨੂੰ ਸੁਰੱਖਿਆ ਘੇਰੇ ਤੋਂ ਬਾਹਰ ਨਾ ਹੋਣ ਦੇਣ ਅਤੇ ਅਜਿਹਾ ਹੋਣ ਦੀ ਸੂਰਤ ‘ਚ ਸੁਰੱਖਿਆ ਦੀ ਨਾਕਾਮੀ ਨੂੰ ਪ੍ਰਵਾਨ ਕਰਦਿਆਂ ਸੁਰੱਖਿਆ ਅਮਲੇ ਦੇ ਮੁਖੀਆਂ ਦੀ ਜਵਾਬ ਤਲਬੀ ਅਤੇ ਕਾਰਵਾਈ ਕੀਤੀ ਜਾਂਦੀ ਹੈ, ਪਰ ਸੁਮੇਧ ਸੈਣੀ ਜੋ ਉਨ੍ਹਾਂ ਵਿਰੁੱਧ ਮੁਹਾਲੀ ਪੁਲਿਸ ਵਲੋਂ ਕੇਸ ਦਰਜ ਹੋਣ ਵਾਲੇ ਦਿਨ ਵੀ ਉਸੇ ਰਾਤ ਸੁਰੱਖਿਆ ਨੂੰ ਛੱਡ ਕੇ ਹਿਮਾਚਲ ਅਤੇ ਫਿਰ ਦਿੱਲੀ ਵਲ ਚਲਾ ਗਿਆ ਅਤੇ ਹੁਣ ਦੁਬਾਰਾ ਸੁਰੱਖਿਆ ਨੂੰ ਛੱਡ ਕੇ ਅਲੋਪ ਹੋ ਗਿਆ।
ਦੱਸ ਦਈਏ ਕਿ 1991 ਵਿਚ ਇਕ ਸਾਬਕਾ ਆਈ.ਏ.ਐਸ਼ ਅਧਿਕਾਰੀ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ‘ਚ ਨਾਮਜ਼ਦ ਸਾਬਕਾ ਡੀ.ਜੀ.ਪੀ. ਪੰਜਾਬ ਸੁਮੇਧ ਸੈਣੀ ਖਿਲਾਫ ਮੁਹਾਲੀ ਅਦਾਲਤ ਵਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।
ਇਸ ਦੇ ਨਾਲ ਹੀ ਡਿਊਟੀ ਮੈਜਿਸਟ੍ਰੇਟ ਫਸਟ ਕਲਾਸ ਰਵਿਤੇਸ਼ ਸਿੰਘ ਨੇ ਮੁਹਾਲੀ ਪੁਲਿਸ ਨੂੰ ਸੈਣੀ ਨੂੰ 25 ਸਤੰਬਰ ਤੱਕ ਗ੍ਰਿਫਤਾਰ ਕਰਨ ਅਤੇ ਅਦਾਲਤ ਵਿਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਸਰਤੇਜ ਸਿੰਘ ਨਰੂਲਾ ਅਤੇ ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ‘ਚ ਸੁਮੇਧ ਸੈਣੀ ਦੀ ਗ੍ਰਿਫਤਾਰੀ ‘ਤੇ ਰੋਕ ਖਤਮ ਹੋ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਸੈਣੀ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਉਸ ਦੇ ਗ੍ਰਿਫਤਾਰੀ ਵਾਰੰਟ ਜਾਰੀ ਨਾ ਹੋਣ ਕਾਰਨ ਵਿਸ਼ੇਸ਼ ਜਾਂਚ ਟੀਮ ਨੂੰ ਹੋਰਨਾਂ ਸ਼ਹਿਰਾਂ ਦੀ ਪੁਲਿਸ ਵਲੋਂ ਸਹਿਯੋਗ ਨਾ ਮਿਲਣ ਕਰਕੇ ਸੈਣੀ ਦੀ ਗ੍ਰਿਫਤਾਰੀ ‘ਚ ਰੁਕਾਵਟ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਮੇਧ ਸੈਣੀ ਦੀ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕਰਨ ਸਬੰਧੀ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਸਰਤੇਜ ਸਿੰਘ ਨਰੂਲਾ ਅਤੇ ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ ਨੇ ਅਦਾਲਤ ਦੇ ਧਿਆਨ ‘ਚ ਲਿਆਂਦਾ ਸੀ ਕਿ ਸੈਣੀ ਨੂੰ ਅਗਾਊਂ ਜ਼ਮਾਨਤ ਦੇਣ ਮੌਕੇ ਅਦਾਲਤ ਵਲੋਂ ਕੁਝ ਸ਼ਰਤਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਦੌਰਾਨ ਕਿਹਾ ਗਿਆ ਸੀ ਉਹ ਅਦਾਲਤ ਨੂੰ ਬਿਨਾਂ ਦੱਸੇ ਆਪਣੇ ਘਰ ਤੋਂ ਬਾਹਰ ਨਹੀਂ ਜਾਵੇਗਾ। ਇਸ ਤੋਂ ਇਲਾਵਾ ਉਹ ਘਰ ਤੋਂ ਬਾਹਰ ਸਿਰਫ ਸਿਹਤ ਜਾਂਚ ਜਾਂ ਐਸ਼ਆਈ.ਟੀ. ਕੋਲ ਪੇਸ਼ ਹੋਣ ਲਈ ਹੀ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸੈਣੀ ਖਿਲਾਫ ਧਾਰਾ 302 ਲਗਾਉਣ ਤੋਂ ਬਾਅਦ ਅਦਾਲਤੀ ਹੁਕਮਾਂ ਅਨੁਸਾਰ ਜਦੋਂ ਪੁਲਿਸ ਸੈਣੀ ਨੂੰ ਤਿੰਨ ਦਿਨਾਂ ਦਾ ਨੋਟਿਸ ਦੇਣ ਲਈ ਉਸ ਦੇ ਘਰ ਗਈ ਤਾਂ ਉਥੋਂ ਪਤਾ ਲੱਗਾ ਕਿ ਉਹ ਪਹਿਲਾਂ ਹੀ ਘਰ ਤੋਂ ਜਾ ਚੁੱਕਾ ਸੀ ਅਤੇ ਇਸ ਸਬੰਧੀ ਘਰ ‘ਚ ਮੌਜੂਦ ਸੈਣੀ ਦੇ ਗੰਨਮੈਨ ਵਲੋਂ ਵੀ ਜਾਂਚ ਟੀਮ ਨੂੰ ਕੋਈ ਸਹਿਯੋਗ ਨਾ ਦਿੰਦਿਆਂ ਕਿਹਾ ਗਿਆ ਕਿ ਉਹ ਸੁਮੇਧ ਸੈਣੀ ਬਾਰੇ ਕੁਝ ਨਹੀਂ ਜਾਣਦਾ। ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ‘ਚ ਹਾਈਕੋਰਟ ਵਲੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਲੋਂ ਸੁਪਰੀਮ ਕੋਰਟ ‘ਚ ਗ੍ਰਿਫਤਾਰੀ ਤੋਂ ਬਚਣ ਲਈ ਅਰਜ਼ੀ ਦਾਇਰ ਕੀਤੀ ਗਈ ਸੀ ਪਰ ਸੁਪਰੀਮ ਕੋਰਟ ਵਲੋਂ ਇਸ ਅਰਜ਼ੀ ਵਿਚਲੀਆਂ ਖਾਮੀਆਂ ਕਾਰਨ ਇਸ ਨੂੰ ਖਾਰਜ ਕਰ ਦਿੱਤਾ ਗਿਆ ਸੀ ਅਤੇ ਨਾਲ ਹੀ ਕਿਹਾ ਗਿਆ ਸੀ ਕਿ ਸਾਰੀਆਂ ਖਾਮੀਆਂ ਪੂਰੀਆਂ ਕਰਨ ਤੋਂ ਬਾਅਦ ਦੁਬਾਰਾ ਅਰਜ਼ੀ ਦਾਇਰ ਕੀਤੀ ਜਾਵੇ।
_____________________________________
ਬਹਿਬਲ ਕਾਂਡ: ਸੁਮੇਧ ਸੈਣੀ ਤੇ ਉਮਰਾਨੰਗਲ ਵਲ ਉਠੀ ਉਂਗਲ
ਫਰੀਦਕੋਟ: ਪੰਜਾਬ ਪੁਲਿਸ ਦਾ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਜੋ ਕਿ ਬਲਵੰਤ ਸਿੰਘ ਮੁਲਤਾਨੀ ਕੇਸ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਫਰਾਰ ਹੈ, ਲਈ ਬਹਿਬਲ ਕਲਾਂ ‘ਚ 2015 ਵਿਚ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਕੇਸ ਵਿਚ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀ ਕਾਂਡ ਵਿਚ ਵੱਡਾ ਤੱਥ ਸਾਹਮਣੇ ਆਇਆ ਹੈ। ਅਦਾਲਤ ਵਿਚ ਸੁਣਵਾਈ ਦੌਰਾਨ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਬਹਿਬਲ ਗੋਲੀ ਕਾਂਡ ਦੀ ਸਾਜਿਸ਼ ਉਸ ਵੇਲੇ ਦੇ ਡੀ.ਜੀ.ਪੀ. ਸੁਮੇਧ ਸੈਣੀ ਅਤੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਰਚੀ ਸੀ ਅਤੇ ਇਨ੍ਹਾਂ ਅਧਿਕਾਰੀਆਂ ਨੇ ਸਾਜ਼ਿਸ਼ ਤਹਿਤ ਸ਼ਾਂਤਮਈ ਧਰਨਾ ਦੇ ਰਹੀ ਸੰਗਤ ਉੱਪਰ ਗੋਲੀਆਂ ਚਲਾਈਆਂ ਸਨ, ਜਿਸ ਕਾਰਨ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਬਹਿਸ ਦੌਰਾਨ ਰੇਸ਼ਮ ਸਿੰਘ ਦੇ ਵਕੀਲ ਨੇ ਦਾਅਵਾ ਕੀਤਾ ਕਿ ਪ੍ਰਦੀਪ ਸਿੰਘ ਬਹਿਬਲ ਗੋਲੀ ਕਾਂਡ ਦਾ ਮੁੱਖ ਮੁਲਜ਼ਮ ਅਤੇ ਸਾਜਿਸ਼ਕਾਰ ਹੈ ਜਿਸ ਦੇ ਜਵਾਬ ਵਿਚ ਜਾਂਚ ਟੀਮ ਦੇ ਆਈਜੀ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਪ੍ਰਦੀਪ ਸਿੰਘ ਮੁੱਖ ਸਾਜਿਸ਼ਕਾਰ ਨਹੀਂ ਬਲਕਿ ਇਹ ਸਾਜਿਸ਼ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਰਚੀ ਗਈ ਸੀ। ਮੁੱਖ ਮੁਲਜ਼ਮ ਤੋਂ ਬਾਅਦ ਵਾਅਦਾ ਮੁਆਫ ਗਵਾਹ ਬਣਨ ਲਈ ਅਦਾਲਤ ਵਿਚ ਅਰਜ਼ੀ ਦੇਣ ਵਾਲੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਵੀ ਆਪਣੇ ਬਿਆਨ ਵਿਚ ਦਾਅਵਾ ਕੀਤਾ ਹੈ ਕਿ ਬਹਿਬਲ ਗੋਲੀ ਕਾਂਡ ਦੀ ਸਾਜਿਸ਼ ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਵਲੋਂ ਰਚੀ ਗਈ ਸੀ। ਪਹਿਲੀ ਵਾਰੀ ਇੰਸਪੈਕਟਰ ਪ੍ਰਦੀਪ ਸਿੰਘ ਦਾ 18 ਪੰਨਿਆਂ ਦਾ ਬਿਆਨ ਅਦਾਲਤ ਵਿਚ ਸੀਲ ਬੰਦ ਲਿਫਾਫ਼ੇ ‘ਚੋਂ ਕੱਢਿਆ ਗਿਆ।
ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਅਦਾਲਤ ਨੇ ਸੁਣਵਾਈ ਦੌਰਾਨ ਉਨ੍ਹਾਂ ਨੂੰ ਪੁੱਛਿਆ ਸੀ ਕਿ ਬਹਿਬਲ ਗੋਲੀ ਕਾਂਡ ਦੇ ਮੁੱਖ ਮੁਲਜ਼ਮ ਅਤੇ ਸਾਜ਼ਿਸ਼ਕਾਰ ਕੌਣ ਹਨ ਜਿਸ ‘ਤੇ ਉਨ੍ਹਾਂ ਅਦਾਲਤ ਨੂੰ ਮੁਲਜ਼ਮਾਂ ਤੇ ਸਾਜ਼ਿਸ਼ਕਾਰਾਂ ਦੇ ਨਾਂ ਦੱਸ ਦਿੱਤੇ ਸਨ, ਪਰ ਉਹ ਅਦਾਲਤ ਦੇ ਬਾਹਰ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਉਨ੍ਹਾਂ ਅਦਾਲਤ ਦੇ ਬਾਹਰ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਅਦਾਲਤ ਵਿੱਚ ਹੋਈ ਕਾਰਵਾਈ ‘ਤੇ ਕੋਈ ਟਿੱਪਣੀ ਕੀਤੀ।