ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸਦਾ ਨਾ ਬਾਗੀਂ ਬੁਲਬੁਲ ਬੋਲੇ,
ਸਦਾ ਨਾ ਮੌਜ ਬਹਾਰਾਂ।
ਜੁਗੜਿਆਂ ਤੋਂ ਚਲੀਆਂ ਆਉਂਦੀਆਂ ਕਹਾਵਤਾਂ ਵਰਗਾ ਕਿਸੇ ਗੀਤ ਦਾ ਇਹ ਮੁਖੜਾ ਮੇਰੇ ਬੁੱਲ੍ਹਾਂ ‘ਚੋਂ ਆਪ ਮੁਹਾਰੇ ਉਸ ਸਮੇਂ ਨਿਕਲ ਗਿਆ ਜਦੋਂ ਮੈਂ ਆਪਣੇ ਪਿੰਡੋਂ ਆਈਆਂ ਫੋਟੋਆਂ ਵਿਚ ਸ਼ਾਮਲ ਸੋਢੀਆਂ ਦੇ ਖੂਹ ਦੀ ਦੁਰਦਸ਼ਾ ਵਾਲੀ ਫ਼ੋਟੋ ਦੇਖ ਰਿਹਾ ਸਾਂ। ਅੱਜ ਜਿਹੜਾ ਖੂਹ ਖੰਡਰ ਬਣਿਆ ਨਜ਼ਰ ਆ ਰਿਹਾ ਸੀ ਅਤੇ ਜਿਸ ਦਾ ਆਲਾ-ਦੁਆਲਾ ਦੇਖ ਕੇ ਇੰਜ ਜਾਪਦਾ ਹੈ ਕਿ ਇਹ ਸਾਰਾ ਕੁਝ ਕਿਸੇ ਭੁਚਾਲ ਕਾਰਨ ਤਹਿਸ-ਨਹਿਸ ਹੋ ਗਿਆ ਹੋਵੇਗਾ; ਇਹੀ ਖੂਹ ਕਿਸੇ ਸਮੇਂ ਸਾਡੇ ਪਿੰਡ ਦੀ ਸਾਰੀ ਖਲਕਤ ਨੇ ਸੋਢੀ ਖਾਨਦਾਨ ਦੀ ਬਜ਼ੁਰਗ ਮਾਤਾ ਭਗਵਾਨ ਕੌਰ ਦੀਆਂ ਮਿੰਨਤਾਂ ਕਰ ਕੇ ਖੁਦਵਾਇਆ ਸੀ। ਦਇਆਲੂ ਕ੍ਰਿਪਾਲੂ ਸੁਭਾਅ ਦੀ ਉਸ ਮਾਤਾ ਨੇ ਵੀ ਪੂਰੀ ਰੀਝ ਨਾਲ ਲੋਕਾਈ ਦੀ ਮੰਗ ਪੂਰੀ ਕੀਤੀ।
ਖੂਹ ਦੀ ਫੁੱਟ ਕੁ ਉਚੀ ਮੌਣ ਅਤੇ ਆਲੇ-ਦੁਆਲੇ ਸੀਮਿੰਟ ਨਾਲ ਲਿੱਪਿਆ ਗੋਲ ਦਾਇਰਾ ਬਣਵਾਇਆ। ਗੋਲ ਦਾਇਰੇ ਵਿਚ ਗੋਲਾਕਾਰ ਤਿੰਨ-ਚਾਰ ਚਲ੍ਹੇ ਬਣਵਾਏ। ਮੌਣ ਉਪਰ ਤਿੰਨ ਥਮਲੇ ਬਣਾ ਕੇ ਉਪਰ ਛੇ-ਭੁਜੀ ਆਕਾਰ ਦੀ ਲੈਂਟਰ ਵਾਲੀ ਛੱਤ ਪੁਆਈ। ਬੀਬੀਆਂ ਦੇ ਨਹਾਉਣ ਵਾਸਤੇ ਇਕ ਪਾਸੇ ਦਰਵਾਜ਼ੇ ਵਾਲਾ ਖੁਰਾ ਬਣਵਾਇਆ। ਆਂਢ-ਗੁਆਂਢ ਦੇ ਪਿੰਡਾਂ ਵਾਲੇ ਲੋਕ ਇਸ ਖੂਹ ਨੂੰ ਦੇਖਣ ਆਏ ਅਸ਼ ਅਸ਼ ਕਰ ਉਠਦੇ! ਕੰਨਾਂ ਵਿਚ ਰਸ ਘੋਲਦਾ ਲਾਲ ਚੰਦ ਯਮਲੇ ਦਾ ਮਿੱਠਾ ਜਿਹਾ ਗਾਉਣ ਤਾਂ ਅਸੀਂ ਨਿੱਕੇ ਹੁੰਦੇ ਵੀ ਸੁਣਦੇ ਹੁੰਦੇ ਸਾਂ,
ਜੰਗਲ ਦੇ ਵਿਚ ਖੂਹਾ ਲਵਾ ਦੇ
ਉਤੇ ਲਵਾ ਦੇ ਡੋਲ,
ਸਖੀਆ ਨਾਮ ਸਾਈਂ ਦਾ ਬੋਲ।
ਪਰ ਮਾਤਾ ਭਗਵਾਨ ਕੌਰ ਨੇ ਪੁੰਨ ਦਾ ਇਹ ਕੰਮ ਇਸ ਗੀਤ ਦੇ ਜਨਮ ਤੋਂ ਕਿਤੇ ਪਹਿਲਾਂ ਦਾ ਹੀ ਕੀਤਾ ਹੋਇਆ ਸੁਣਿਆਂ ਹੈ। ਪਿੰਡ ਵਿਚੋਂ ਆਰ-ਪਾਰ ਜਾਂਦੇ ਮੁੱਖ ਰਾਹ ‘ਤੇ ਇਹ ਖੂਹ ਸਥਿਤ ਹੋਣ ਕਰ ਕੇ ਹਾਲੀ-ਪਾਲੀ ਆਪਣੇ ਬਲਦਾਂ ਨੂੰ ਇਥੇ ਚਲ੍ਹਿਆਂ ਵਿਚ ਹੀ ਪਾਣੀ ਪਿਆਉਂਦੇ ਹੁੰਦੇ ਸਨ। ਦਰਿਆ ਵੱਲ ਨੂੰ ਚੁਗਣ ਵਾਸਤੇ ਛੱਡਿਆ ਜਾਂਦਾ ਸਾਡੇ ਪਿੰਡ ਦਾ ਸਾਰਾ ਵੱਗ ਵੀ ਇੱਥੇ ਪਾਣੀ ਪੀਂਦਾ ਹੁੰਦਾ ਸੀ। ਸ਼ਾਮ ਸਵੇਰੇ ਲੱਜਾਂ ਡੋਲ ਖੜਕਦੇ, ਕੁੜੀਆਂ-ਕੱਤਰੀਆਂ ਦੇ ਹਾਸੇ ਗੂੰਜਦੇ। ਘੁੰਮਦੀਆਂ ਘਿਰਲੀਆਂ ਦੀ ‘ਘੀਂ ਘੀਂ-ਚੀਂ ਚੀਂ’ ਦਾ ਸੰਗੀਤ, ਉਥੇ ਕੁੜੀਆਂ-ਚਿੜੀਆਂ ਦੀ ਹਾਜਰੀ ਦਾ ਸੰਕੇਤ ਦਿੰਦਾ ਰਹਿੰਦਾ। ਸਕੂਲੋਂ ਆਉਂਦੇ-ਜਾਂਦੇ ਅਸੀਂ ਚਲ੍ਹਿਆਂ ਦੇ ਗੰਦੇ-ਮੰਦੇ ਪਾਣੀ ਵਿਚ ਫੱਟੀਆਂ ਧੋ ਕੇ ਗਾਚਨੀ ਨਾਲ ਪੋਚਦੇ। ਕਦੇ ਕਦੇ ਇੱਲਤਾਂ ਕਰਦਿਆਂ ਮੌਣ ‘ਤੇ ਖਲੋ ਕੇ ਖੂਹ ਵਿਚ ਝਾਕ ਕੇ ‘ਹੂਅ-ਹੂਅ’ ਵੀ ਕਰਦੇ। ਮੈਨੂੰ ਯਾਦ ਹੈ ਕਿ ਮੌਣ ਤੋਂ ਪੰਜ-ਛੇ ਕੁ ਫੁੱਟ ਹੇਠਾਂ ਬਣੇ ਹੋਏ ਆਲੇ ਜਿਹੇ ਵਿਚ ਪੱਥਰ ਦੀ ਸਲੇਟ ਲੱਗੀ ਹੁੰਦੀ ਸੀ ਜਿਸ ਦੇ ਉਪਰ ਗੁਰਮੁਖੀ ਦੇ ਜੁੜਵੇਂ ਅੱਖਰਾਂ ਵਿਚ ਤਿੰਨ-ਚਾਰ ਕੁ ਸਤਰਾਂ ਲਿਖੀਆਂ ਹੁੰਦੀਆਂ ਸਨ। ਅਸੀਂ ਇਕ-ਦੂਜੇ ਨਾਲ ਜ਼ਿਦ-ਜ਼ਿਦ ਕੇ ਤੇ ਔਖੇ ਹੋ-ਹੋ ਕੇ ਕਾਲੇ ਅੱਖਰਾਂ ਵਿਚ ਲਿਖੀ ਹੋਈ ਉਹ ਇਬਾਰਤ ਪੜ੍ਹਨ ਦੀ ਕੋਸ਼ਿਸ਼ ਕਰਦੇ। ਕੁੱਝ ਖੂਹ ਵਿਚ ਹਨ੍ਹੇਰਾ ਹੋਣ ਕਾਰਨ, ਤੇ ਕੁੱਝ ‘ਲੜੀਵਾਰ’ ਲਿਖਣ ਦੀ ਪੁਰਾਤਨ ਸ਼ੈਲੀ ਉਦੋਂ ਪੜ੍ਹਨ ਦੀ ਸੋਝੀ ਨਾ ਹੋਣ ਕਰ ਕੇ, ਅਸੀਂ ਸਾਰਾ ਜ਼ੋਰ ਲਾ ਕੇ ਵੀ ਸਿਰਫ ਮਾਤਾ ਜੀ ਦਾ ਅੱਧ-ਪਚੱਧਾ ਨਾਂ ਹੀ ਉਠਾਲ ਸਕਦੇ। ਇਸ ਤੋਂ ਅੱਗੇ ਸਾਡੇ ਕੁੱਝ ਪੱਲੇ ਨਾ ਪੈਂਦਾ।
ਤਬਦੀਲੀ ਆਖੋ ਜਾਂ ਵਿਕਾਸ, ਖੂਹਾਂ ਦਾ ਵਿਨਾਸ਼ ਹੋ ਗਿਆ ਤੇ ਨਲਕੇ ਆ ਗਏ। ਸਾਡੇ ਦੇਖਦਿਆਂ-ਦੇਖਦਿਆਂ ਇਕ ਲੱਤ ਭਾਰ ਖੜ੍ਹੇ ਵਿਚਾਰੇ ਨਲਕੇ ਵੀ ਖੁੱਡੇ ਲਾਈਨ ਲੱਗਣ ਨੂੰ ਫਿਰਦੇ ਹਨ। ਖੇਤੀ ਦੀ ਸਿੰਜਾਈ ਵਾਸਤੇ ਬੰਬੀਆਂ-ਮੋਟਰਾਂ ਲੱਗ ਗਈਆਂ, ਪਰ ਖੂਹ ਸਾਡੇ ਸੱਭਿਆਚਾਰ ਵਿਚ ਇੰਜ ਖੂਹ ਵਾਂਗ ਹੀ ਡੂੰਘਾ ਧਸਿਆ ਹੋਇਆ ਹੈ ਕਿ ਖੇਤਾਂ ਵਿਚਲੇ ਖੂਹ ਭਾਵੇਂ ਪੂਰੇ ਜਾ ਚੁੱਕੇ ਹਨ, ਪਰ ਪਿੰਡਾਂ ਵਿਚ ਹਾਲੇ ਵੀ ‘ਖੂਹ ‘ਤੇ ਜਾਣਾ’ ਹੀ ਆਖਿਆ ਜਾਂਦਾ ਹੈ। ਬੰਬੀਆਂ-ਸਬਮਰਸੀਬਲ ਟਿਊਬਵੈਲ ਸਾਰਾ ਜੋਰ ਲਾ ਕੇ ਵੀ, ਖੂਹ ਦੇ ਨਾਮ ਨੂੰ ਹੜੱਪ ਨਹੀਂ ਕਰ ਸਕੇ!
ਗੱਲ ਕਰ ਰਹੇ ਸਾਂ ਸੋਢੀਆਂ ਦੇ ਖੂਹ ਦੀ। ‘ਜਿਤ ਆਸਣ ਹਮ ਬੈਠੇ ਕੇਤੇ ਬੈਸ ਗਏ’ ਵਾਲੇ ਬਾਬੇ ਫਰੀਦ ਦੇ ਬੋਲਾਂ ਮੁਤਾਬਕ ਇਸ ਖੂਹ ‘ਤੇ ਪਤਾ ਨਹੀਂ ਕਿੰਨੀ ਕੁ ਦੁਨੀਆਂ ਆਪੋ-ਆਪਣੀ ਪਿਆਸ ਬੁਝਾ ਗਈ ਹੋਵੇਗੀ। ਖੂਹ ਦੀ ਮੌਣ ਉਪਰ ਪਤਾ ਨਹੀਂ ਕਿੰਨੀਆਂ ਕੁ ਧੀਆਂ-ਧਿਆਣੀਆਂ, ਸੱਜ ਵਿਆਹੀਆਂ ਜਾਂ ਬੁੱਢੀਆਂ ਮਾਈਆਂ ਨੇ ਆਪਣੇ ਪੱਬ ਧਰ ਧਰ ਕੇ ਪਾਣੀ ਦੇ ਘੜੇ ਘਰੋਟੀਆਂ ਭਰੇ ਹੋਣਗੇ। ਕਿਸ ਕਿਸ ਬੰਦੇ ਨੇ ਖੂਹ ਵਿਚ ਡੋਲ ਫਰਾਹੇ ਹੋਣਗੇ? ਇਹ ਰੱਬ ਜਾਣੇ ਜਾਂ ਉਹ ਖੂਹ; ਪਰ ਇਸ ਖੂਹ ਨਾਲ ਜੁੜੀਆਂ ਦੋ ਘਟਨਾਵਾਂ ਦਾ ਜ਼ਿਕਰ, ਸਾਡੇ ਪਿੰਡ ਜੁੜਦੀ ਹਰ ਖੁੰਢ ਚਰਚਾ ਵਿਚ ਕਦੇ ਕਦਾਈਂ ਹੁੰਦਾ ਰਹਿੰਦਾ ਹੈ।
ਪਹਿਲੀ, ਮੇਰੇ ਸੁਰਤਿ ਸੰਭਾਲਣ ਤੋਂ ਵੀ ਕਿਤੇ ਪਹਿਲੇ ਵੇਲਿਆਂ ਦੀ ਸੁਣੀਂਦੀ ਹੈ। ਕਹਿੰਦੇ ਨੇ, ਇਕ ਸ਼ਾਮ ਸੂਰਜ ਛਿਪਦੇ ਹੀ ਪਾਣੀ ਭਰਨ ਆਈਆਂ ਕੁੜੀਆਂ-ਬੁੜ੍ਹੀਆਂ ਦਾ ਖੂਹ ਦੁਆਲੇ ਝੁਰਮਟ ਪੈ ਗਿਆ। ਇਕ ਮਾਈ ਨੇ (ਮੈਨੂੰ ਉਸ ਦਾ ਨਾਮ ਵਿਸਰ ਗਿਆ ਹੈ, ਉਸ ਨੂੰ ਅਸੀਂ ‘ਬੋਬੋ’ ਭਾਵ ਦਾਦੀ ਕਹਿ ਕੇ ਬੁਲਾਉਂਦੇ ਹੁੰਦੇ ਸਾਂ) ਜਿਉਂ ਹੀ ਮੌਣ ‘ਤੇ ਗੱਡੇ ਹੋਏ ਘਿਰਲੀ ਵਾਲੇ ਸਤਾਂਗੜ ਉਤੇ ਪੱਬ ਦਾ ਭਾਰ ਪਾ ਕੇ ਭਰੀ ਹੋਈ ਬਾਲਟੀ ਉਪਰ ਵੱਲ ਖਿੱਚੀ, ਸਣੇ ਸਤਾਂਗੜ, ਲੱਜ-ਬਾਲਟੀ ਬੁੜ੍ਹੀ ਖੂਹ ‘ਚ ਧੜੰਮ ਜਾ ਡਿੱਗੀ। ਕਿਉਂਕਿ ਸਤਾਂਗੜ ਦੀ ਲੱਕੜੀ ਨੂੰ ਘੁਣ ਲੱਗਾ ਹੋਇਆ ਸੀ। ਉਹ ਜੜ੍ਹੋਂ ਹੀ ਉਖੜ ਗਿਆ। ਸਾਰੇ ਪਿੰਡ ਵਿਚ ਰੌਲਾ ਪੈ ਗਿਆ। ਫਲਾਣਿਆਂ ਦੀ ਬੁੜ੍ਹੀ ਖੂਹ ਵਿਚ ਡਿੱਗ ਪਈ। ਪਿੰਡ ਦਾ ਜੀਆ-ਜੰਤ ਰੱਸੇ, ਲੱਜਾਂ, ਟੋਕਰੇ ਲੈ ਕੇ ਖੂਹ ਵੱਲ ਭੱਜਾ ਆਇਆ। ਮਾਈ ਦੀਆਂ ਦਰਾਣੀਆਂ-ਜੇਠਾਣੀਆਂ ਅਤੇ ਧੀਆਂ-ਪੁੱਤਾਂ ਨੇ ਰੋਣਾ-ਧੋਣਾ ਸ਼ੁਰੂ ਕਰ ਦਿੱਤਾ।
‘ਹਟੋ ਪਿੱਛੇ, ਹਟੋ ਪਿੱਛੇ’ ਕਰਦਾ ਹੋਇਆ ਸਾਡੇ ਪਿੰਡ ਦਾ ਇਕ ਗਾਲੜੀ ਜਿਹੇ ਸੁਭਾਅ ਦਾ ਬੰਦਾ ਅੱਗੇ ਵਧਿਆ। ਉਸ ਨੇ ਪੇਸ਼ਕਸ਼ ਕੀਤੀ ਕਿ ਉਹਨੂੰ ਟੋਕਰੇ ਵਿਚ ਬਿਠਾ ਕੇ ਖੂਹ ਵਿਚ ਫਰਾਹੋ, ਉਹ ਮਾਈ ਨੂੰ ਕੱਢ ਲਿਆਏਗਾ। ਮੋਟੇ ਰੱਸਿਆਂ ਨਾਲ ਟੋਕਰਾ ਬੰਨ੍ਹ ਕੇ ਉਸ ਨੂੰ ਖੂਹ ਵਿਚ ਉਤਾਰਿਆ ਗਿਆ। ਸਾਰਾ ਨਗਰ ਬਾਹਰ ਖੜ੍ਹਾ ਮਾਈ ਦੀ ਸਲਾਮਤੀ ਦੀਆਂ ਅਰਦਾਸਾਂ ਕਰਨ ਲੱਗਾ। ਖੂਹ ਵਿਚ ਉਤਾਰੇ ਗਏ ਬੰਦੇ ਨੇ ਪਾਣੀ ਦੇ ਤਲ ‘ਤੇ ਜਾ ਕੇ ਗੋਤਾ ਮਾਰਿਆ। ਖੂਹ ਦੇ ਥੱਲੜੇ ਗੰਡ ਤੱਕ ਉਸ ਨੇ ਫੋਲਾ-ਫਾਲੀ ਕੀਤੀ। ਲੰਮੀ ਚੁੱਭੀ ਤੋਂ ਬਾਅਦ ਟੋਕਰੇ ਨੂੰ ਹੱਥ ਪਾਉਂਦਿਆਂ ਉਸ ਨੇ ਉਪਰ ਖੜ੍ਹਿਆਂ ਨੂੰ ਉਚੀ ਆਵਾਜ਼ ਮਾਰ ਕੇ ਦੱਸਿਆ ਕਿ ਫਲਾਣੀ ਕੌਰ ਤਾਂ ਖੂਹ ਵਿਚ ਹੈ ਈ ਨਹੀਂ।
ਪਿੰਡ ਦੇ ਬਜ਼ੁਰਗ ਚਟਖਾਰੇ ਲਾ-ਲਾ ਇਹ ਕਿੱਸਾ ਸੁਣਾਉਂਦਿਆਂ ਦੱਸਦੇ ਹੁੰਦੇ ਐ ਕਿ ਉਸ ਦੀ ਇਹ ਗੱਲ ਸੁਣ ਕੇ ਸਾਡੇ ਪਿੰਡ ਦਾ ਬਹੁਤ ਹੀ ਹਿੰਮਤੀ, ਪਰ ਗਾਲ-ਖੰਡਾ (ਗੱਲ ਗੱਲ ‘ਤੇ ਗਾਲਾਂ ਕੱਢਣ ਵਾਲਾ ਕੁਰਖਤ ਸੁਭਾਅ ਵਾਲਾ) ਬੁੜ੍ਹਾ ਫੇਰੂ, ਇਕ ਦਮ ਆਪਣੇ ਗਲੋਂ ਕੱਪੜੇ ਲਾਹੁੰਦਾ ਹੋਇਆ ਤੀਵੀਂਆਂ ਦੇ ਝੁਰਮਟ ਵੱਲ ਇਸ਼ਾਰਾ ਕਰਦਿਆਂ ਗੱਜਿਆ, “ਮਾਂ ਦਿਓ ਖਸਮੋ, ਆਹ ਸਾਰਾ ‘ਤਮ੍ਹੌੜ’ ਕਹਿੰਦਾ ਕਿ ਉਹ ਸਾਡੇ ਸਾਹਮਣੇ ਖੂਹ ਵਿਚ ਡਿੱਗੀ ਐæææਇਹæææਸਿੰਹੁ ਕਹਿੰਦੈ ਖੂਹ ਵਿਚ ਹੈ ਈ ਨ੍ਹੀਂæææਉਹਨੂੰ ਫ਼ਿਰ ਭੈਣ ਦੇਣਾ ਖੁਆਜਾ ਨਿਗਲ ਗਿਐ?” ਫਟਾ-ਫਟ ਪਹਿਲੇ ਨੂੰ ਬਾਹਰ ਕੱਢ ਕੇ ਪੀੜ੍ਹੀ ‘ਤੇ ਬਹਾ ਕੇ ਫੇਰੂ ਨੂੰ ਉਤਾਰਿਆ ਗਿਆ। ਜਾਂਦਿਆਂ ਹੀ ਉਸ ਨੇ ਡੂੰਘੇ ਪਾਣੀ ਵਿਚ ਟੁੱਭੀ ਮਾਰੀ। ਕੁਝ ਪਲਾਂ ਬਾਅਦ ਹੀ ਉਤਲਿਆਂ ਨੇ ਖੂਹ ਵਿਚੋਂ ਆਈ ਆਵਾਜ਼ ਸੁਣੀ, “ਖਿੱਚੋ ਖਿੱਚੋ ਬਈ ‘ਤਾਂਹ ਨੂੰæææਲੱਭ ਗਈ ਐæææਕੁਰ!”
ਗੱਲ ਦਾ ਅਗਲਾ ਹਿੱਸਾ ਸ਼ਾਇਦ ਮੰਨਣ ਵਿਚ ਆਵੇ ਨਾ, ਪਰ ਇਹ ਦਾਸਤਾਂ ਉਨ੍ਹਾਂ ਸਮਿਆਂ ਦੀ ਹੈ, ਜਦ ਲੋਕਾਂ ਨੂੰ ਹਾਲੇ ਨਾਟਕਾਂ-ਫਿਲਮਾਂ ਦਾ ‘ਪਾਹ’ ਨਹੀਂ ਸੀ ਲੱਗਾ; ਭਾਵ ਉਦੋਂ ਲਗਦੀ ਵਾਹ ਝੂਠ ਫਰੇਬ ਤੋਂ ਗੁਰੇਜ਼ ਕੀਤਾ ਜਾਂਦਾ ਸੀ। ਖਾਸ ਕਰਕੇ ਸਾਂਝੀਆਂ ਮੁਹਿੰਮਾਂ ਜਾਂ ਲੋਕ-ਸੇਵਾ ਵਾਲੇ ਕੰਮਾਂ ਵੇਲੇ। ਇਸ ਲਈ ਇਸ ਨੂੰ ਗੱਪ ਨਹੀਂ ਮੰਨਿਆ ਜਾ ਸਕਦਾ। ਕਹਿੰਦੇ ਨੇ ਜਦੋਂ ਪਿੰਡ ਵਾਸੀ ਫੇਰੂ ਬੁੜ੍ਹੇ ਤੇ ਉਸ ਮਾਈ ਨੂੰ ਉਪਰ ਵੱਲ ਖਿੱਚ ਰਹੇ ਸਨ ਤਾਂ ਫੇਰੂ ਦੇ ਹੱਥਾਂ ਵਿਚ ਬਲੂੰਗੜੇ ਵਾਂਗ ਫੜੀ ਹੋਈ ਪੀੜ੍ਹੀ ‘ਤੇ ਬੈਠੀ ਉਸ ਮਾਈ ਨੇ ਬੇਸੁਰਤੀ ਜਿਹੀ ‘ਚ ਅੱਖ ਪੁੱਟੀ! ਖੁਦ ਨੂੰ ਸਮਾਜੀ ਤੌਰ ‘ਤੇ ਪਿੰਡ ਵਿਚ ਜੇਠ ਲਗਦੇ ਬੰਦੇ ਦੇ ‘ਇੰਨੀ ਨਜ਼ਦੀਕ’ ਬੈਠੀ ਦੇਖ ਕੇ ਉਹ ਸ਼ਰਮਾਉਂਦੀ ਹੋਈ ਬੁੜ-ਬੁੜਾਈ, “ਆæææਓæææਪæææਪæææਭਾਈਆ।”
ਕਹਿੰਦੇ, ਇਸੇ ਸ਼ਰਮਿੰਦਗੀ ਦੇ ‘ਮਣਾਂ ਮੂੰਹੀਂ ਭਾਰ ਵਾਲੇ ਅਹਿਸਾਸ’ ਕਾਰਨ, ਜਿਉਂ ਹੀ ਉਸ ਨੂੰ ਬਾਹਰ ਕੱਢਿਆ ਗਿਆæææਉਸ ਨੇ ਆਪਣੇ ਗਿੱਲੇ ਕੱਪੜੇ ਛੰਡੇ ਅਤੇ ਚਿਹਰੇ ‘ਤੇ ਗਿੱਲਾ ਦੁਪੱਟਾ ਖਿੱਚਦੀ ਬਿਨਾਂ ਆਲੇ-ਦੁਆਲੇ ਵੱਲ ਝਾਕਿਆਂ, ਅਹੁ ਗਈæææਅਹੁ ਗਈ!
ਦੂਜੇ ਵਾਕਿਆ ਦੇ ਅਸੀਂ ਚਸ਼ਮਦੀਦ ਗਵਾਹ ਹਾਂ। ਉਸੇ ਖੂਹ ਦੇ ਲਾਗੇ ਵਸਦੇ ਇਕ ਘਰ-ਪਰਿਵਾਰ ਵਿਚ ਉਪਰੋਥਲੀ ਤਿੰਨ-ਚਾਰ ਕੁੜੀਆਂ ਬਾਅਦ ਲੜਕਾ ਪੈਦਾ ਹੋਇਆ। ਮੁੰਡਾ ਸੋਹਣਾ ਸੁਨੱਖਾ ਰੱਜ ਕੇ, ਸਭ ਦੇ ਮਨ ਨੂੰ ਮੋਹਣ ਵਾਲਾ। ਉਸ ਦੇ ਤਿੱਖੇ ਤਿੱਖੇ ਨੈਣ-ਨਕਸ਼ ਦੇਖਦਿਆਂ ਅਸੀਂ ਉਹਦੀ ਤੁਲਨਾ ‘ਮਰਫੀ’ ਰੇਡੀਓ ‘ਤੇ ਛਪੀ ਸੁੰਦਰ ਕਾਕੇ ਦੀ ਫੋਟੋ ਨਾਲ ਕਰਦੇ ਹੁੰਦੇ ਸਾਂ।
ਇਕ ਦੁਪਹਿਰ ਢਲੀ ‘ਤੇ ਮਾਂ-ਬਾਪ ਖੇਤਾਂ ਨੂੰ ਚਲੇ ਗਏ। ਪਿਛੋਂ ਕੁੜੀਆਂ ਆਪਣੀਆਂ ਹੋਰ ਸਹੇਲੀਆਂ ਨੂੰ ਨਾਲ ਲੈ ਕੇ ਵਿਹੜੇ ਵਿਚ ਖੇਡਣ ਲੱਗ ਪਈਆਂ। ਖੇਡਦੀਆਂ ਖੇਡਦੀਆਂ ਉਹ ਆਪਣੇ ਤਿੰਨ, ਸਾਢੇ ਤਿੰਨ ਕੁ ਸਾਲ ਦੇ ਸੁੱਖਾਂ ਲੱਧੇ ਭਰਾ ਨੂੰ ਨਾਲ ਲੈ ਕੇ ਘਰ ਤੋਂ ਬਾਹਰ ਵੱਲ ਆ ਗਈਆਂ ਤੇ ਖੇਡਣ ਵਿਚ ਮਸਤ ਹੋ ਗਈਆਂ। ਅਚਾਨਕ ਇਕ ਜਣੀ ਨੇ ਇੱਦਾਂ ਦਾ ਖੜਾਕ ਸੁਣਿਆ, ਜਿੱਦਾਂ ਖੂਹ ਵਿਚ ਇੱਟ ਡਿੱਗੀ ਹੋਵੇ। ਉਹਨੇ ਝੱਟ ਆਲੇ-ਦੁਆਲੇ ਨਜ਼ਰ ਦੁੜਾਉਂਦਿਆਂ ਭੈਣਾਂ ਨੂੰ ਪੁੱਛਿਆ, “ਕੁੜੇ, ਸਾਡਾ ਕਾਕਾ ਕਿੱਥੇ ਐ?” ਕੋਲੋਂ ਲੰਘ ਰਹੇ ਇਕ ਬੰਦੇ ਨੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ‘ਮੁੰਡਾ ਡੁੱਬ ਗਿਆæææਉਏ ਲੋਕੋ ਮੁੰਡਾ ਖੂਹ ਵਿਚ ਡਿੱਗ ਪਿਆ’ ਉਚੀ ਉਚੀ ਰੌਲਾ ਪਾਇਆ। ਉਸ ਦਾ ਰੌਲਾ ਸੁਣ ਕੇ ਸਾਰਾ ਮੁਲਖਈਆ ਖੂਹ ‘ਤੇ ‘ਕੱਠਾ ਹੋ ਗਿਆ। ਲਾਗਲੇ ਘਰਾਂ ਵਿਚ ਕਿਸੇ ਦੇ ਸ਼ੇਖੂਪੁਰੀਆ ਤਰਸੇਮ ਮਿਸਤਰੀ ਲੱਕੜੀ ਦਾ ਕੰਮ ਕਰ ਰਿਹਾ ਸੀ। ਸਿਰੇ ਦੇ ਫੁਰਤੀਲੇ ਸੇਮ ਨੇ ਸਣੇ ਕੱਪੜੀਂ ਖੂਹ ਵਿਚ ਛਾਲ ਮਾਰ ਦਿੱਤੀ। ਬੰਦਿਆਂ ਨੇ ਰੱਸਿਆਂ ਨਾਲ ਬੰਨ੍ਹ ਕੇ ਪੀੜ੍ਹੀ ਥੱਲੇ ਨੂੰ ਫਰਾਹੀ। ਥੱਲਿਉਂ ਆਵਾਜ਼ ਆਈ ਕਿ ਮੁੰਡਾ ਲੱਭ ਪਿਐ। ਪਿੰਡ ਦੇ ਦੋ-ਤਿੰਨ ਹੋਰ ਨੌਜਵਾਨ ਗੱਭਰੂ ਫਟਾ-ਫਟ ਆਪਣੇ ਸਾਈਕਲ ਤਿਆਰ ਕਰ ਕੇ ਖੜ੍ਹ ਗਏ ਤਾਂ ਕਿ ਬਿਨਾਂ ਦੇਰ ਕੀਤਿਆਂ ਮੁੰਡੇ ਨੂੰ ਜਾਡਲੇ ਜਾ ਕੇ ਡਾਕਟਰੀ ਸਹਾਇਤਾ ਦਿਵਾਈ ਜਾ ਸਕੇ।
ਤਰਸੇਮ ਦੇ ਦੱਸੇ ਹੋਏ ਤਰੀਕੇ ਅਨੁਸਾਰ ਇਕ ਜਨਾਨੀ ਮੁੰਡੇ ਨੂੰ ਆਪਣੇ ਪੱਟਾਂ ‘ਤੇ ਮੂੰਧੇ ਮੂੰਹ ਲਿਟਾ ਕੇ, ਸਾਈਕਲ ਦੇ ਕੈਰੀਅਰ ‘ਤੇ ਬੈਠੀ ਅਤੇ ਇਹ ਸਾਈਕਲ ਸਵਾਰ, ਵਾਹੋ-ਦਾਹੀ ਜਾਡਲੇ ਡਾਕਟਰ ਮਲਕੀਅਤ ਸਿੰਘ ਦੀ ਦੁਕਾਨ ‘ਤੇ ਜਾ ਪਹੁੰਚੇ। ਖੇਤਾਂ ਵਿਚ ਕੰਮ ਕਰਦੇ ਮਾਂ-ਬਾਪ ਨੂੰ ਪਤਾ ਲੱਗਿਆ, ਉਹ ਵੀ ਜਾਡਲੇ ਨੂੰ ਭੱਜ ਉਠੇ।
ਉਸ ਵੇਲੇ ਸਾਰੇ ਪਿੰਡ ਵਿਚ ਸੰਨਾਟਾ ਛਾਇਆ ਹੋਇਆ ਸੀ। ਸੋਢੀਆਂ ਦਾ ਉਹ ਖੂਹ ਲਵਾਉਣ ਵਾਲੀ ਮਾਤਾ ਭਗਵਾਨ ਕੌਰ ਦੀ ਪੋਤੀ ਜਾਂ ਪੜਪੋਤੀ ਨੌਜਵਾਨ ਲੜਕੀ ਬੀਬੀ ਪਾਲੋ ਗਲ ਵਿਚ ਚੁੰਨੀ ਪਾ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਮੂੰਹ ਕਰ ਕੇ ਅਰਦਾਸ ‘ਤੇ ਅਰਦਾਸ ਕਰੀ ਜਾ ਰਹੀ ਸੀ, “ਹੇ ਮੇਰੇ ਪਿਤਾ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ! ਬੱਚਾ ਰਾਜ਼ੀ ਖੁਸ਼ੀ ਆਪਣੇ ਘਰ ਆਵੇ।” ਇੰਨੇ ਨੂੰ ਜਾਡਲੇ ਗਏ ਸਾਈਕਲ ਸਵਾਰ ਵਾਪਸ ਪਿੰਡ ਆ ਗਏ। ਵਿਹੜੇ ਵਿਚ ਅਲਾਣੀ ਮੰਜੀ ‘ਤੇ ਫੁੱਲ ਜਿਹੇ ਬੱਚੇ ਦੀ ਲਾਸ਼ ਪਾ ਦਿੱਤੀ ਗਈ। ਡਾਕਟਰ ਦੇ ਕਹੇ ਮੁਤਾਬਕ ਉਹ ਪਾਣੀ ਵਿਚ ਅੱਧਾ ਘੰਟਾ ਡੁੱਬਿਆ ਰਿਹਾ ਹੋਣ ਕਰ ਕੇ ਖੂਹ ਵਿਚ ਹੀ ਉਸ ਦੀ ਮੌਤ ਹੋ ਗਈ ਸੀ। ਬੱਚੇ ਦੀ ਮਾਂ ਜਦ ਦੁਹੱਥੜਾਂ ਮਾਰਦੀ ਹੋਈ ਪੁੱਤ ਦੀ ਲਾਸ਼ ਨਾਲ ਲਿਪਟ ਰਹੀ ਸੀ, ਤਾਂ ਮੁੰਡੇ ਦੀ ਜੇਬ ਵਿਚੋਂ ਉਹੀ ਮੱਕੀ ਦੀ ਰੋਟੀ ਦਾ ਚੱਪਾ ਕੁ ਟੁੱਕ ਸਿੱਗਲਿਆ-ਫੁੱਲਿਆ ਹੋਇਆ ਨਿਕਲਿਆ, ਜਿਹੜਾ ਉਹ ਖੇਤਾਂ ਨੂੰ ਜਾਣ ਵਾਲੇ ਚੰਦਰੇ ਸਮੇਂ, ਪੁੱਤ ਨੂੰ ਪਰਚਾਉਣ ਲਈ ਦੇ ਗਈ ਸੀ।
Leave a Reply