ਭਾਰਤ ਤੇ ਚੀਨ ਸਰਹੱਦ ਉਤੇ ਅਮਨ ਬਹਾਲੀ ਲਈ ਸਹਿਮਤ

ਨਵੀਂ ਦਿੱਲੀ: ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ ਉਤੇ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੇ ਟਕਰਾਅ ਨੂੰ ਸੁਲਝਾਉਣ ਲਈ ਭਾਰਤ ਅਤੇ ਚੀਨ ਪੰਜ ਨੁਕਾਤੀ ਖਾਕੇ ਉਤੇ ਸਹਿਮਤ ਹੋ ਗਏ ਹਨ। ਇਨ੍ਹਾਂ ‘ਚ ਪੂਰਬੀ ਲੱਦਾਖ ਦੇ ਸਰਹੱਦੀ ਇਲਾਕਿਆਂ ‘ਚੋਂ ਫੌਜਾਂ ਨੂੰ ਫੌਰੀ ਪਿੱਛੇ ਹਟਾਉਣਾ, ਅਜਿਹੀ ਕਿਸੇ ਕਾਰਵਾਈ ਤੋਂ ਗੁਰੇਜ਼ ਕਰਨਾ ਜਿਸ ਨਾਲ ਤਣਾਅ ਵਧੇ ਅਤੇ ਅਸਲ ਕੰਟਰੋਲ ਰੇਖਾ ਉਤੇ ‘ਅਮਨੋ ਅਮਾਨ’ ਦੀ ਬਹਾਲੀ ਜਿਹੇ ਕਦਮ ਸ਼ਾਮਲ ਹਨ।

ਦੋਵੇਂ ਮੁਲਕਾਂ ਨੇ ਮੰਨਿਆ ਕਿ ਸਰਹੱਦ ਉਤੇ ਮੌਜੂਦਾ ਹਾਲਾਤ ਕਿਸੇ ਵੀ ਧਿਰ ਦੇ ਹਿੱਤ ‘ਚ ਨਹੀਂ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਾਂਗ ਯੀ ਵਿਚਕਾਰ ਮਾਸਕੋ ‘ਚ ‘ਖੁੱਲ੍ਹੀ ਅਤੇ ਉਸਾਰੂ’ ਵਾਰਤਾ ਦੌਰਾਨ ਇਹ ਸਹਿਮਤੀ ਬਣੀ। ਉਨ੍ਹਾਂ ਦੱਸਿਆ ਕਿ ਭਾਰਤ ਨੇ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ ਨੇੜੇ ਚੀਨ ਵੱਲੋਂ ਵੱਡੀ ਗਿਣਤੀ ‘ਚ ਫੌਜ ਅਤੇ ਸਾਜ਼ੋ-ਸਾਮਾਨ ਦੀ ਤਾਇਨਾਤੀ ਦਾ ਮਾਮਲਾ ਉਠਾਇਆ। ਸੂਤਰਾਂ ਨੇ ਦੱਸਿਆ ਕਿ ਚੀਨੀ ਧਿਰ ਇਸ ਸਬੰਧੀ ਭਰੋਸੇ ਲਾਇਕ ਜਵਾਬ ਨਹੀਂ ਦੇ ਸਕੀ। ਸ੍ਰੀ ਜੈਸ਼ੰਕਰ ਅਤੇ ਵਾਂਗ ਯੀ ਨੇ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਤੋਂ ਵੱਖਰੇ ਤੌਰ ਉਤੇ ਮੁਲਾਕਾਤ ਕੀਤੀ ਜੋ ਕਰੀਬ ਢਾਈ ਘੰਟੇ ਤੱਕ ਚੱਲੀ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪੰਜ-ਸੂਤਰੀ ਸਮਝੌਤਾ ਮੌਜੂਦਾ ਹਾਲਾਤ ਨੂੰ ਲੈ ਕੇ ਦੋਵੇਂ ਮੁਲਕਾਂ ਦੇ ਨਜ਼ਰੀਏ ਦਾ ਮਾਰਗ ਦਰਸ਼ਨ ਕਰੇਗਾ। ਦੋਵੇਂ ਮੁਲਕਾਂ ਵਿਚਕਾਰ ਇਸ ਗੱਲ ਉਤੇ ਵੀ ਸਹਿਮਤੀ ਬਣੀ ਕਿ ਫੌਜ ਇਕ-ਦੂਜੇ ਤੋਂ ਢੁਕਵੀਂ ਦੂਰੀ ਬਣਾ ਕੇ ਰੱਖੇਗੀ ਅਤੇ ਅਸਲ ਕੰਟਰੋਲ ਰੇਖਾ ਦੇ ਪ੍ਰਬੰਧਨ ਸਬੰਧੀ ਸਾਰੇ ਮੌਜੂਦਾ ਸਮਝੌਤਿਆਂ ਤੇ ਪ੍ਰੋਟੋਕੋਲ ਦਾ ਪਾਲਣ ਹੋਣਾ ਚਾਹੀਦਾ ਹੈ। ਸਾਂਝੇ ਬਿਆਨ ਮੁਤਾਬਕ ਜੈਸ਼ੰਕਰ ਅਤੇ ਵਾਂਗ ਨੇ ਸਹਿਮਤੀ ਜਤਾਈ ਕਿ ਦੋਵੇਂ ਧਿਰਾਂ ਨੂੰ ਭਾਰਤ-ਚੀਨ ਸਬੰਧਾਂ ਨੂੰ ਵਿਕਸਤ ਕਰਨ ਲਈ ਆਪਣੇ ਆਗੂਆਂ ਵਿਚਕਾਰ ਬਣੀ ਆਮ ਸਹਿਮਤੀ ਤੋਂ ਮਾਰਗ ਦਰਸ਼ਨ ਲੈਣਾ ਚਾਹੀਦਾ ਹੈ ਜਿਸ ‘ਚ ਮੱਤਭੇਦਾਂ ਨੂੰ ਵਿਵਾਦ ਨਹੀਂ ਬਣਨ ਦੇਣਾ ਸ਼ਾਮਲ ਹੈ। ਇਸ ਗੱਲ ਦਾ ਇਸ਼ਾਰਾ 2018 ਅਤੇ 2019 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਏ ਗੈਰ-ਰਸਮੀ ਸਿਖਰ ਸੰਮੇਲਨ ਵੱਲ ਸੀ। ਸਾਂਝੇ ਬਿਆਨ ‘ਚ ਕਿਹਾ ਗਿਆ ਕਿ ਦੋਵੇਂ ਧਿਰਾਂ ਨੇ ਭਾਰਤ-ਚੀਨ ਸਰਹੱਦੀ ਮਾਮਲਿਆਂ ਉਤੇ ਵਿਸ਼ੇਸ਼ ਪ੍ਰਤੀਨਿਧ ਤੰਤਰ ਰਾਹੀਂ ਸੰਵਾਦ ਅਤੇ ਸੰਚਾਰ ਜਾਰੀ ਰੱਖਣ ‘ਤੇ ਵੀ ਸਹਿਮਤੀ ਜਤਾਈ।
ਉਧਰ, ਪੇਈਚਿੰਗ ‘ਚ ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਵਾਂਗ ਨੇ ਜੈਸ਼ੰਕਰ ਨੂੰ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਮੱਤਭੇਦ ਹੋਣਾ ਆਮ ਗੱਲ ਹੈ ਪਰ ਉਸ ਨੂੰ ਢੁਕਵੇਂ ਸੰਦਰਭ ‘ਚ ਸਮਝਣਾ ਅਤੇ ਆਗੂਆਂ ਤੋਂ ਮਾਰਗ ਦਰਸ਼ਨ ਲੈਣਾ ਅਹਿਮ ਹੈ। ਵਾਂਗ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਦੋਵੇਂ ਵੱਡੇ ਵਿਕਾਸਸ਼ੀਲ ਮੁਲਕ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਅਤੇ ਅਜਿਹੇ ‘ਚ ਭਾਰਤ ਅਤੇ ਚੀਨ ਨੂੰ ਟਕਰਾਅ ਦੀ ਬਜਾਏ ਸਹਿਯੋਗ ਅਤੇ ਅੰਦੇਸ਼ਿਆਂ ਦੀ ਬਜਾਏ ਆਪਸੀ ਭਰੋਸੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਦੇ ਸਬੰਧ ਇਕ ਵਾਰ ਫਿਰ ਲੀਹ ਤੋਂ ਲੱਥ ਗਏ ਹਨ ਪਰ ਜੇਕਰ ਦੋਵੇਂ ਧਿਰਾਂ ਸਹੀ ਦਿਸ਼ਾ ਵੱਲ ਅੱਗੇ ਵਧਣਾ ਜਾਰੀ ਰੱਖਦੇ ਹਨ ਤਾਂ ਅਜਿਹੀ ਕੋਈ ਮੁਸ਼ਕਲ ਜਾਂ ਚੁਣੌਤੀ ਨਹੀਂ ਹੋਵੇਗੀ ਜਿਸ ਦਾ ਹੱਲ ਨਾ ਕੱਢਿਆ ਜਾ ਸਕੇ। ਭਾਰਤ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਵਾਰਤਾ ਦੌਰਾਨ ਭਾਰਤੀ ਧਿਰ ਨੇ ਅਸਲ ਕੰਟਰੋਲ ਰੇਖਾ ਨੇੜੇ ਚੀਨੀ ਫੌਜ ਦੀ ਤਾਇਨਾਤੀ ਉਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਹ 1993 ਅਤੇ 1996 ਦੇ ਦੁਵੱਲੇ ਸਮਝੌਤਿਆਂ ਮੁਤਾਬਕ ਨਹੀਂ ਹੈ।
____________________________________________
ਭਾਰਤ-ਜਾਪਾਨ ਇਕ-ਦੂਜੇ ਦੀਆਂ ਸੈਨਿਕ ਸਹੂਲਤਾਂ ਵਰਤਣਗੇ
ਨਵੀਂ ਦਿੱਲੀ: ਭਾਰਤ ਅਤੇ ਜਾਪਾਨ ਨੇ ਇਕ ਸਮਝੌਤੇ ਉਤੇ ਦਸਤਖਤ ਕੀਤੇ ਹਨ, ਜਿਸ ਅਨੁਸਾਰ ਸਪਲਾਈ ਅਤੇ ਸਰਵਿਸਿਜ਼ ਦੇ ਲਈ ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਇਕ ਦੂਸਰੇ ਦੀਆਂ ਸੈਨਿਕ ਸਹੂਲਤਾਂ ਦੀ ਵਰਤੋਂ ਕਰ ਸਕਦੇ ਹਨ। ਭਾਰਤੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਹਾਲ ਹੀ ‘ਚ ਕੁਝ ਸਾਲਾਂ ਵਿਚ ਦੋਵੇਂ ਦੇਸ਼ਾਂ ਵਿਚਕਾਰ ਰੱਖਿਆ ਸਮਝੌਤਿਆਂ ਨੂੰ ਲੈ ਕੇ ਨਜ਼ਦੀਕੀਆਂ ਵਧੀਆਂ ਹਨ। ਜਿਸ ਨੂੰ ਵਿਸ਼ਲੇਸ਼ਕ ਖੇਤਰ ‘ਚ ਚੀਨ ਦੀ ਵਧਦੀ ਦਖ਼ਲ-ਅੰਦਾਜ਼ੀ ਨੂੰ ਖਤਮ ਕਰਨ ਨੂੰ ਲੈ ਕੇ ਇਕ ਯਤਨ ਦੱਸਿਆ ਜਾ ਰਿਹਾ ਹੈ। ਭਾ
ਰਤ ਅਤੇ ਜਾਪਾਨ ਨੇ ਦੋਵੇਂ ਦੇਸ਼ਾਂ ਵਿਚਕਾਰ ਸਪਲਾਈ ਅਤੇ ਸੇਵਾਵਾਂ ਦੇ ਆਦਾਨ-ਪ੍ਰਦਾਨ ਲਈ ਸਮਝੌਤਾ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਇਸ ਸਮਝੌਤੇ ‘ਚ ਨੇੜਲੇ ਸਹਿਯੋਗ ਲਈ ਰੂਪ ਰੇਖਾ ਬਣਾਉਣ ਅਤੇ ਸੂਚਨਾ ਦੇ ਆਦਾਨ-ਪ੍ਰਦਾਨ ਅਤੇ ਦੋਵੇਂ ਦੇਸ਼ਾਂ ਦੇ ਹਥਿਆਰਬੰਦ ਜਵਾਨਾਂ ਵੱਲੋਂ ਇਕ-ਦੂਸਰੇ ਦੀਆਂ ਸੈਨਿਕ ਸਹੂਲਤਾਂ ਦੀ ਵਰਤੋਂ ਦੀ ਗੱਲ ਕੀਤੀ ਗਈ ਹੈ।
________________________________________________
ਗਲਵਾਨ ‘ਚ ਮਾਰੇ ਗਏ ਸਨ ਚੀਨ ਦੇ 60 ਫੌਜੀ
ਵਾਸ਼ਿੰਗਟਨ: ਅਮਰੀਕਾ ਦੀ ਇਕ ਮੋਹਰੀ ਮੈਗਜ਼ੀਨ ਨੇ ਦਾਅਵਾ ਕੀਤਾ ਹੈ ਕਿ ਚੀਨ ਵੱਲੋਂ ਭਾਰਤ ਖਿਲਾਫ ਹਮਲਾਵਰ ਨੀਤੀ ਉਥੋਂ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਇਸ਼ਾਰੇ ‘ਤੇ ਅਪਣਾਈ ਗਈ ਜੋ ਕਿ ਭਾਰਤ ਵੱਲੋਂ ਮੂੰਹ ਤੋੜ ਜਵਾਬ ਦੇਣ ਕਾਰਨ ਫੇਲ੍ਹ ਸਾਬਤ ਹੋਈ ਹੈ।
ਮੈਗਜ਼ੀਨ ਅਨੁਸਾਰ ਸ਼ੀ ਜਿਨਪਿੰਗ ਨੇ ਆਪਣਾ ਭਵਿੱਖ ਵੀ ਦਾਅ ‘ਤੇ ਲਗਾ ਲਿਆ ਹੈ। ਇਸ ਦੇ ਨਾਲ ਹੀ ਮੈਗਜ਼ੀਨ ਨਿਊਜ਼ਵੀਕ ਨੇ ਦਾਅਵਾ ਕੀਤਾ ਹੈ ਕਿ ਲੱਦਾਖ ਦੀ ਗਲਵਾਨ ਘਾਟੀ ‘ਚ ਬੀਤੀ 15 ਜੂਨ ਨੂੰ ਭਾਰਤ ਤੇ ਚੀਨੀ ਫੌਜੀਆਂ ਵਿਚਾਲੇ ਹੋਈ ਝੜਪ ‘ਚ ਚੀਨ ਦੇ 60 ਤੋਂ ਵੱਧ ਫੌਜੀ ਮਾਰੇ ਗਏ ਸਨ। ਰਿਪੋਰਟ ਅਨੁਸਾਰ ਚੀਨ ਦੇ ਰਾਸ਼ਟਰਪਤੀ ਸਰਹੱਦ ਉਤੇ ਮਿਲੀ ਅਸਫਲਤਾ ਕਾਰਨ ਗੁੱਸੇ ‘ਚ ਹਨ ਤੇ ਭਾਰਤ ਖਿਲਾਫ ਵੱਡੇ ਕਦਮ ਚੁੱਕ ਸਕਦੇ ਹਨ ਜਦੋਂ ਕਿ ਭਾਰਤ ਚੀਨ ਨੂੰ ਕੋਈ ਮੌਕਾ ਨਹੀਂ ਦੇ ਰਿਹਾ। ਇਸ ਦੇ ਲੇਖ ‘ਚ ਕਿਹਾ ਗਿਆ ਹੈ ਕਿ ਚੀਨੀ ਫੌਜ ਦੀ ਸਰਹੱਦ ‘ਤੇ ਅਸਫਲਤਾ ਦੇ ਨਤੀਜੇ ਨਿਕਲਣਗੇ।
ਚੀਨੀ ਫੌਜ ਨੇ ਸ਼ੁਰੂਆਤ ‘ਚ ਸ਼ੀ ਨੂੰ ਇਸ ਅਸਫਲਤਾ ਤੋਂ ਬਾਅਦ ਫੌਜ ਵਿਚ ਵਿਰੋਧੀਆਂ ਨੂੰ ਬਾਹਰ ਕਰਨ ਅਤੇ ਵਫਾਦਾਰਾਂ ਨੂੰ ਭਰਤੀ ਕਰਨ ਦੀ ਗੱਲ ਕਹੀ ਜਿਸ ਕਾਰਨ ਵੱਡੇ ਅਧਿਕਾਰੀਆਂ ‘ਤੇ ਗਾਜ ਡਿੱਗੇਗੀ। ਇਸ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸਫਲਤਾ ਦੇ ਚਲਦੇ ਚੀਨ ਦੇ ਹਮਲਾਵਰ ਸ਼ਾਸਕ ਸ਼ੀ ਜੋ ਪਾਰਟੀ ਦੇ ਸੈਂਟਰਲ ਮਿਲਟਰੀ ਕਮਿਸ਼ਨ ਦੇ ਪ੍ਰਧਾਨ ਵੀ ਹਨ ਤੇ ਇਸ ਨਾਤੇ ਚੀਨੀ ਫੌਜ ਦੇ ਲੀਡਰ ਵੀ ਹਨ, ਭਾਰਤ ਦੇ ਜਵਾਨਾਂ ਖਿਲਾਫ ਇਕ ਹੋਰ ਹਮਲਾਵਰ ਕਦਮ ਉਠਾ ਸਕਦੇ ਹਨ।