ਸ੍ਰੀ ਹਰਿਮੰਦਰ ਸਾਹਿਬ ਲਈ ਵਿਦੇਸ਼ਾਂ ਤੋਂ ਦਾਨ ਭੇਜਣ ਦੀ ਆਗਿਆ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਨੂੰ ਅਗਲੇ ਪੰਜ ਸਾਲਾਂ ਲਈ ਐਫ਼ਸੀ.ਆਰ.ਏ. (ਫੌਰਨ ਕਾਂਟੀਬਿਊਸ਼ਨ ਰੈਗੂਲੇਸ਼ਨ ਐਕਟ) ਲਾਇਸੈਂਸ ਦਿੱਤਾ ਗਿਆ ਹੈ। ਇਹ ਲਾਇਸੈਂਸ ਗ੍ਰਹਿ ਮੰਤਰਾਲੇ ਵੱਲੋਂ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਲਈ ਐਫ਼ਸੀ.ਆਰ.ਏ. ਲਾਇਸੈਂਸ ਲੈਣ ਵਾਸਤੇ 27 ਮਈ, 2020 ਨੂੰ ਅਪਲਾਈ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਫਤ ਲੰਗਰ ਸੇਵਾ ਚਲਾਈ ਜਾਂਦੀ ਹੈ ਅਤੇ ਕਈ ਲੋੜਵੰਦਾਂ ਨੂੰ ਵਿੱਤੀ ਮਦਦ ਦਿੱਤੀ ਜਾਂਦੀ ਹੈ। ਹੁਣ ਤੱਕ ਇਹ ਕਾਰਜ ਘਰੇਲੂ ਦਾਨ ਰਾਹੀਂ ਪੂਰੇ ਕੀਤੇ ਜਾਂਦੇ ਸਨ। ਹੁਣ ਐਫ਼ਸੀ.ਆਰ.ਏ. ਲਾਇਸੈਂਸ ਮਿਲਣ ਤੋਂ ਬਾਅਦ ਇਨ੍ਹਾਂ ਕਾਰਜਾਂ ਲਈ ਵਿਦੇਸ਼ਾਂ ਤੋਂ ਦਾਨ ਵੀ ਪ੍ਰਾਪਤ ਕੀਤਾ ਜਾ ਸਕੇਗਾ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਵਿਦੇਸ਼ ਯੋਗਦਾਨ (ਰੈਗੂਲੇਸ਼ਨ) ਐਕਟ 2010 (ਐਫ਼.ਸੀ.ਆਰ.ਏ.) ਤਹਿਤ ਸ੍ਰੀ ਹਰਿਮੰਦਰ ਸਾਹਿਬ ਦੀ ਰਜਿਸਟ੍ਰੇਸ਼ਨ ਨੂੰ ਮਨਜ਼ੂਰੀ ਦਿੱਤੀ ਜਿਸ ਨਾਲ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਦੇਸ਼ੀ ਦਾਨ ਪ੍ਰਾਪਤ ਕਰਨ ਦੀ ਆਗਿਆ ਮਿਲ ਗਈ ਹੈ। ਐਫ਼.ਸੀ.ਆਰ.ਏ. ਰਜਿਸਟ੍ਰੇਸ਼ਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਪੰਜਾਬ ਐਸੋਸੀਏਸ਼ਨ ਦੇ ਨਾਂ ਉਤੇ ਦਿੱਤੀ ਗਈ ਹੈ। ਇਸ ਦੀ ਸਥਾਪਨਾ 1925 ‘ਚ ਹੋਈ ਸੀ। ਮਨਜ਼ੂਰੀ ਮਿਲਣ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਗ੍ਰਹਿ ਮੰਤਰਾਲੇ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਐਫ਼ਸੀ.ਆਰ.ਏ. ਤਹਿਤ ਮਨਜ਼ੂਰੀ ਦਿੱਤੀ ਹੈ। ਇਸ ਨੂੰ ਸੰਭਵ ਬਣਾਉਣ ਲਈ ਮੈਂ ਅਮਿਤ ਸ਼ਾਹ ਦਾ ਧੰਨਵਾਦ ਕਰਦੀ ਹਾਂ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਵਿਦੇਸ਼ਾਂ ਤੋਂ ਦਾਨ ਪ੍ਰਾਪਤ ਕਰਨ ਦੀ ਆਗਿਆ ਦੇਣ ਦੇ ਸਰਕਾਰ ਦੇ ਫੈਸਲੇ ਨੂੰ ਅਹਿਮ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਇਹ ਇਕ ਵਾਰ ਫਿਰ ਸਿੱਖ ਭਾਈਚਾਰੇ ਦੀ ਬੇਮਿਸਾਲ ਸੇਵਾ ਭਾਵਨਾ ਨੂੰ ਪ੍ਰਦਰਸ਼ਿਤ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਟਵੀਟ ਕਰਦਿਆਂ ਪੰਜਾਬੀ ਭਾਸ਼ਾ ‘ਚ ਲਿਖਿਆ ‘ਸੇਵਕ ਕਉ ਸੇਵਾ ਬਨਿ ਆਈ।।’ ਸ਼ਾਹ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਲਈ ਐਫ਼.ਸੀ.ਆਰ.ਏ. ਬਾਰੇ ਫੈਸਲਾ ਬਹੁਤ ਅਹਿਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਮਤ ਵਾਲੇ ਹਨ ਕਿ ‘ਵਾਹਿਗੁਰੂ ਜੀ’ ਨੇ ਉਨ੍ਹਾਂ ਤੋਂ ਸੇਵਾ ਲਈ ਹੈ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਮਨੁੱਖਤਾ ਦੀ ਸੇਵਾ ਸਿੱਖੀ ਦਾ ਇਕ ਮਹੱਤਵਪੂਰਨ ਥੰਮ੍ਹ ਹੈ। ਦੁਨੀਆਂ ਭਰ ਦੀ ਸਿੱਖ ਸੰਗਤ ਨੂੰ ਐਫ਼ਸੀ.ਆਰ.ਏ. ਰਾਹੀਂ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਵਿਚ ਯੋਗਦਾਨ ਪਾਉਣ ਦੇ ਸਮਰੱਥ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ।
_______________________________
ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਸਬੰਧੀ ਕਮੇਟੀ ਕਾਇਮ
ਅੰਮ੍ਰਿਤਸਰ: ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਸਬੰਧੀ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਇਨ੍ਹਾਂ ਮਾਮਲਿਆਂ ਨੂੰ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਨੇ ਪੰਜ ਪ੍ਰਚਾਰਕਾਂ ਦੀ ਇਕ ਟੀਮ ਬਣਾਈ ਹੈ। ਇਹ ਪ੍ਰਚਾਰਕਾਂ ਦੀ ਟੀਮ ਸ੍ਰੀ ਅਕਾਲ ਤਖਤ ਵੱਲੋਂ ਕੀਤੇ ਗਏ ਹੁਕਮਾਂ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਗਈ ਟੀਮ ਵਿਚ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਅਤੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਹੋਠੀਆਂ, ਭਾਈ ਬਲਵੰਤ ਸਿੰਘ, ਭਾਈ ਅਮਰ ਸਿੰਘ ਤੇ ਭਾਈ ਸਤਵੰਤ ਸਿੰਘ ਸ਼ਾਮਲ ਹਨ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਲੋਂ ਜਾਰੀ ਕੀਤੇ ਵੇਰਵਿਆਂ ਮੁਤਾਬਕ ਇਹ ਪੰਜ ਮੈਂਬਰੀ ਪ੍ਰਚਾਰਕਾਂ ਦੀ ਟੀਮ ਇਸ ਸਬੰਧੀ ਕੋਈ ਵੀ ਸ਼ਿਕਾਇਤ ਆਉਣ ‘ਤੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਨੂੰ ਸੂਚਿਤ ਕਰੇਗੀ ਅਤੇ ਤੁਰਤ ਨੇੜਲੇ ਗੁਰਦੁਆਰੇ ਦੇ ਮੈਨੇਜਰ ਰਾਹੀਂ ਲੋੜੀਂਦੀ ਕਾਰਵਾਈ ਸ਼ੁਰੂ ਕਰਵਾਏਗੀ। ਇਹ ਟੀਮ ਖੁਦ ਵੀ ਮੌਕੇ ਉਤੇ ਪੁੱਜੇਗੀ। ਉਨ੍ਹਾਂ ਆਖਿਆ ਕਿ ਜੇਕਰ ਕਿਸੇ ਥਾਂ ‘ਤੇ ਕੋਈ ਵੱਡਾ ਜਾਂ ਸੰਜੀਦਾ ਮਾਮਲਾ ਹੈ ਤਾਂ ਇਹ ਟੀਮ ਤਖਤ ਸਾਹਿਬਾਨ ਤੋਂ ਪੰਜ ਪਿਆਰਿਆਂ ਦਾ ਸਹਿਯੋਗ ਵੀ ਲੈ ਸਕਦੀ ਹੈ।
ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਅਕਾਲ ਤਖਤ ਦੇ ਜਥੇਦਾਰ ਨੇ ਸਤਿਕਾਰ ਕਮੇਟੀ ਦੀਆਂ ਆਈਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲਿਆ ਸੀ ਅਤੇ ਅਜਿਹੇ ਮਾਮਲੇ ਸ਼੍ਰੋਮਣੀ ਕਮੇਟੀ ਨੂੰ ਨਜਿੱਠਣ ਵਾਸਤੇ ਇਕ ਕਮੇਟੀ ਬਣਾਉਣ ਲਈ ਆਖਿਆ ਸੀ।