ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਖੁੱਲ੍ਹੀ ਚਿੱਠੀ

ਨਰਿੰਦਰ ਮੋਦੀ ਦੇ ਰਾਜ ਅੰਦਰ ਭਾਰਤ ਤੇਜ਼ੀ ਨਾਲ ਬਦਲ ਰਿਹਾ ਹੈ। ਜਮਹੂਰੀਅਤ ਨੂੰ ਲੱਗਿਆ ਖੋਰਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਕਰੀਬਨ ਹਰ ਸੰਸਥਾ ਹਿੰਦੂਤਵੀ ਸੱਤਾ ਅੱਗੇ ਗੋਡਿਆਂ ਪਰਨੇ ਹੋਈ ਹੈ। ਇਸ ਹਾਲਾਤ ਵਿਚ ਕੈਨੇਡਾ ਵੱਸਦੇ ਪੱਤਰਕਾਰ ਅਤੇ ਕਾਰਕੁਨ ਗੁਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਦੇ ਨਾਂ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਉਨ੍ਹਾਂ ਮੋਦੀ ਦੀ ਸਿਆਸਤ ਦੀ ਨਿਸ਼ਾਨਦੇਹੀ ਕੀਤੀ ਹੈ। ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਇਸ ਚਿੱਠੀ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

-ਸੰਪਾਦਕ
ਗੁਰਪ੍ਰੀਤ ਸਿੰਘ
ਅਨੁਵਾਦ: ਬੂਟਾ ਸਿੰਘ

ਵਿਸ਼ਾ: ਤੁਹਾਡੀ ਲੰਮੀ ਉਮਰ ਲਈ ਸ਼ੁਭ ਇਛਾਵਾਂ ਤਾਂ ਜੋ ਤੁਸੀਂ ਆਪਣੀਆਂ ਕਾਰਵਾਈਆਂ ਦੇ ਨਤੀਜੇ ਦੇਖਣ ਲਈ ਜ਼ਿੰਦਾ ਰਹਿ ਸਕੋ।

ਸ੍ਰੀਮਾਨ ਮੋਦੀ ਜੀ,
ਆਸ ਹੈ ਕਿ ਤੁਸੀਂ ਕਾਮਯਾਬੀ ਨਾਲ ਆਪਣੇ ਕੰਮਾਂ ਨੂੰ ਅੰਜਾਮ ਦੇ ਰਹੇ ਹੋ। ਇਹਨਾਂ ਮੁਸ਼ਕਿਲ ਹਾਲਾਤ ‘ਚ ਵੀ ਜਦ ਤੁਹਾਡਾ ਮੁਲਕ ਇਸ ਵਕਤ ਦੁਨੀਆ ਦਾ ਕੋਵਿਡ-19 ਤੋਂ ਪੀੜਤ ਦੂਜਾ ਸਭ ਤੋਂ ਵੱਡਾ ਪੀੜਤ ਮੁਲਕ ਹੈ। ਅਫਸੋਸ ਕਿ ਲੰਮੇ-ਚੌੜੇ ਦਾਅਵਿਆਂ ਦੇ ਬਾਵਜੂਦ ਤੁਹਾਡੇ ਥੋਪੇ ਲੌਕਡਾਊਨ ਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਗਰੀਬਾਂ ਤੇ ਹਾਸ਼ੀਏ ‘ਤੇ ਵਿਚਰਦੇ ਹਿੱਸੇ ਸਗੋਂ ਸਭ ਤੋਂ ਇਸ ਦੇ ਨਤੀਜੇ ਭੁਗਤਣ ਲਈ ਇਸ ਦੇ ਹਵਾਲੇ ਕਰ ਦਿੱਤੇ ਗਏ; ਲੇਕਿਨ ਉਹਨਾਂ ਵਲ ਕਦੇ ਵੀ ਤੁਹਾਡੀ ਨਜ਼ਰ ਨਹੀਂ ਗਈ।
ਅਗਾਂਹ ਵਧਣ ਤੋਂ ਪਹਿਲਾਂ ਮੈਂ ਆਪਣੇ ਬਾਰੇ ਸੰਖੇਪ ‘ਚ ਦੱਸ ਦਿਆਂ…
ਮੈਂ ਭਾਰਤੀ ਪਿਛੋਕੜ ਵਾਲਾ ਕੈਨੇਡੀਅਨ ਨਾਗਰਿਕ ਹਾਂ ਅਤੇ ਮੈਂ ਆਪਣੇ ਵਤਨ ਦੀ ਬਿਹਤਰੀ ਬਾਰੇ ਡੂੰਘਾ ਸਰੋਕਾਰ ਰੱਖਦਾ ਹਾਂ। ਕੈਨੇਡਾ ਵਿਚ ਕਿਉਂਕਿ ਤੁਹਾਡੇ ਬਹੁਤ ਸਾਰੇ ਸ਼ਰਧਾਲੂ ਹਨ ਜੋ ਲਗਾਤਾਰ ਤੁਹਾਡੀ ਅਤੇ ਤੁਹਾਡੀ ਪਾਰਟੀ ਦੀ ਹਮਾਇਤ ਕਰ ਰਹੇ ਹਨ, ਇਸ ਕਰ ਕੇ ਮੈਨੂੰ ਵੀ ਉਸ ਬਾਰੇ ਘੱਟੋ-ਘੱਟ ਕੁਝ ਕਹਿਣ ਦਾ ਹੱਕ ਹੈ ਜੋ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ। ਠੀਕ ਹੈ ਨਾ?
ਮੈਂ ਮੀਡੀਆ ਵਿਚ ਜੋ ਦੇਖ ਰਿਹਾ ਹਾਂ, ਉਸ ਤੋਂ ਪਤਾ ਲੱਗਦਾ ਹੈ ਕਿ ਕੁਲ ਆਲਮ ਵਿਚ ਤੁਹਾਡੇ ਕਦਰਦਾਨ 17 ਸਤੰਬਰ ਨੂੰ ਤੁਹਾਡਾ 70ਵਾਂ ਜਨਮ ਦਿਨ ਬਹੁਤ ਹੀ ਜੋਸ਼-ਖਰੋਸ਼ ਨਾਲ ਮਨਾਉਣਗੇ। ਭਾਰਤ ਵਿਚ, ਉਹ ਕੁਝ ਦਿਆਲੂ ਕੰਮ ਕਰ ਰਹੇ ਹਨ ਅਤੇ ਉਹਨਾਂ ਨੇ ਲੋੜਵੰਦਾਂ ਨੂੰ ਬਨਾਉਟੀ ਅੰਗ ਦੇਣ ਦਾ ਫੈਸਲਾ ਕੀਤਾ ਹੈ, ਉਹਨਾਂ ਦੀ ਭਲਾਈ ਖਾਤਰ। ਕਰਨ ਵੀ ਕਿਉਂ ਨਾ? ਆਖਿਰਕਾਰ, ਤੁਸੀਂ ਆਪਣੇ ਵੋਟਰਾਂ ਨਾਲ ਕੀਤਾ ‘ਸਭ ਕਾ ਵਿਕਾਸ’ ਦਾ ਵਾਅਦਾ ਨਿਭਾ ਰਹੇ ਹੋ; ਜਦਕਿ, ਹੁਣ ਤੱਕ ਇਹ ਜ਼ਿਆਦਾਤਰ ਤੁਹਾਡੀ ਪਾਰਟੀ ਦੇ ਹਮਾਇਤੀ ਹੀ ਹਨ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਲਾਭ ਮਿਲਿਆ ਹੈ। ਚਾਹੇ ਇਹ ਇਕੋ-ਇਕ ਮੁਸਲਿਮ ਬਹੁਗਿਣਤੀ ਵਾਲੇ ਰਾਜ ਕਸ਼ਮੀਰ ਨੂੰ ਦਿੱਤਾ ਵਿਸ਼ੇਸ਼ ਦਰਜਾ ਖਤਮ ਕਰਨ ਦਾ ਸਵਾਲ ਸੀ, ਜਾਂ ਪੁਰਾਤਨ ਮਸਜਿਦ ਦੇ ਸਥਾਨ ‘ਤੇ ਮੰਦਰ ਬਣਾਉਣ ਦਾ ਸਵਾਲ ਜਿਸ ਨੂੰ ਤੁਹਾਡੀ ਪਾਰਟੀ ਦੇ ਹਮਾਇਤੀਆਂ ਨੇ 1992 ‘ਚ ਢਾਹ ਦਿੱਤਾ ਸੀ, ਤੁਸੀਂ ਆਪਣੇ ਮੂਲ ਵਾਅਦੇ ਪੂਰੇ ਕਰ ਦਿਖਾਏ ਹਨ। ਜਦ 2019 ‘ਚ ਤੁਸੀਂ ਅੰਨ੍ਹੀ ਬਹੁਮਤ ਨਾਲ ਦੁਬਾਰਾ ਚੁਣੇ ਜਾ ਚੁੱਕੇ ਹੋ ਤਾਂ ਤੁਹਾਨੂੰ ਐਸਾ ਕਰਨ ਤੋਂ ਕੌਣ ਰੋਕ ਸਕਦਾ ਹੈ?
ਤੁਸੀਂ ਭਾਰਤ ਨੂੰ ਪਹਿਲਾਂ ਹੀ ਹਿੰਦੂ ਰਾਸ਼ਟਰ ਵਿਚ ਬਦਲ ਦਿੱਤਾ ਹੈ। ਲਿਹਾਜ਼ਾ ਉਹ ਕੀ ਹੈ ਜੋ ਤੁਹਾਨੂੰ ਇਸ ਮੁਲਕ ਨੂੰ ਅਧਿਕਾਰਕ ਤੌਰ ‘ਤੇ ਹਿੰਦੂ ਰਾਜ ਐਲਾਨਣ ਤੋਂ ਰੋਕ ਰਿਹਾ ਹੈ? ਸ਼ਾਇਦ ਤੁਸੀਂ ਆਪਣੇ ਉਸ ਬਹੁਤ ਹੀ ਗੰਭੀਰ ਸਮੱਸਿਆਵਾਂ ਪੈਦਾ ਕਰਨ ਵਾਲੇ ਨਾਗਰਿਕਤਾ ਕਾਨੂੰਨ ਵਿਰੁਧ ਇੰਨੀ ਵੱਡੀ ਤਾਦਾਦ ‘ਚ ਸੜਕਾਂ ਉਪਰ ਲੋਕਾਂ ਨੂੰ ਦੇਖ ਕੇ ਥੋੜ੍ਹਾ ਡਰੇ ਹੋਏ ਹੋ ਜੋ ਗੁਆਂਢੀ ਮੁਲਕਾਂ ਤੋਂ ਆਉਣ ਵਾਲੇ ਮੁਸਲਿਮ ਸ਼ਰਨਾਰਥੀਆਂ ਨਾਲ ਸ਼ਰੇਆਮ ਵਿਤਕਰਾ ਕਰਦਾ ਹੈ। ਲਿਹਾਜ਼ਾ ਤੁਸੀਂ ਪਹਿਲਾਂ ਹੀ ਦੇਖ ਲਿਆ ਹੈ ਕਿ ਲੋਕ ਇਸ ਨੂੰ ਸੌਖਿਆਂ ਨੂੰ ਸਵੀਕਾਰ ਨਹੀਂ ਕਰਨਗੇ।
ਲੇਕਿਨ ਇਸ ਵਿਰੋਧ ਨੂੰ ਦਬਾਉਣ ਲਈ ਤੁਹਾਨੂੰ ਗੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਵਰਗੇ ਕਾਲੇ ਕਾਨੂੰਨਾਂ ਦੀ ਵਰਤੋਂ ਕਰਨ ਤੋਂ ਕੌਣ ਰੋਕ ਸਕਦਾ ਹੈ ਜੋ ਸੌਖਿਆਂ ਹੀ ਪ੍ਰਦਰਸ਼ਨਕਾਰੀਆਂ ਵਿਰੁਧ ਵਰਤੇ ਜਾ ਸਕਦੇ ਹਨ?
ਹਾਂ ਸੱਚ, ਤੁਹਾਡੇ ਜਨਮ ਦਿਨ ਬਾਰੇ ਗੱਲ ਕਰੀਏ। ਮੇਰੀ ਇੱਛਾ ਹੈ ਕਿ ਤੁਹਾਡੀ ਤੰਦਰੁਸਤ ਲੰਮੀ ਉਮਰ ਹੋਵੇ ਅਤੇ ਇਸ ਦੀ ਇਕ ਵਜ੍ਹਾ ਹੈ।
ਸਭ ਤੋਂ ਪਹਿਲਾਂ ਤਾਂ ਮੇਰਾ ਵਿਸ਼ਵਾਸ ਹੈ ਕਿ ਕਿਸੇ ਦੇ ਦੁਸ਼ਮਣ ਦੀ ਉਮਰ ਉਦੋਂ ਤਕ ਲੰਮੀ ਹੋਣੀ ਚਾਹੀਦੀ ਹੈ, ਜਦ ਤੱਕ ਤੁਸੀਂ ਆਪਣੇ ਵਿਰੋਧੀ ਦੇ ਦਿਲ ਅਤੇ ਆਤਮਾ ਨੂੰ ਜਿੱਤ ਨਹੀਂ ਲੈਂਦੇ। ਸੱਚੀ ਜਿੱਤ ਇਹੀ ਹੁੰਦੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨਾਲ ਸਹਿਮਤ ਹੋਵੋਗੇ।
ਮੈਂ ਚਾਹੁੰਦਾ ਹਾਂ ਕਿ ਤੁਹਾਡੇ ਸੱਚੇ ਆਲੋਚਕ, ਨਾ ਕਿ ਜਾਅਲੀ, ਆਪਣੇ ਵਿਚਾਰਾਂ ਦੀ ਤਾਕਤ ਨਾਲ ਤੁਹਾਡੇ ਦਿਲ ਅਤੇ ਆਤਮਾ ਨੂੰ ਜਿੱਤ ਲੈਣ। ਜਾਅਲੀ ਆਲੋਚਕਾਂ ਤੋਂ ਮੇਰੀ ਮੁਰਾਦ ਉਹਨਾਂ ਤੋਂ ਹੈ ਜਿਹਨਾਂ ਬਾਰੇ ਤੁਸੀਂ ਆਪਣੇ ਤਾਜ਼ਾ ਜੇਤੂ ਭਾਸ਼ਨ ਵਿਚ ਠੀਕ ਹੀ ਕਿਹਾ ਸੀ ਕਿ ਜਿਹਨਾਂ ਨੇ ਝੂਠੀ ਧਰਮ-ਨਿਰਪੱਖਤਾ ਦੇ ਬਿੱਲੇ ਲਗਾਏ ਹੇ ਹਨ। ਲਿਹਾਜ਼ਾ, ਤਸੱਲੀ ਰੱਖੋ, ਮੈਂ ਉਹਨਾਂ ਬਾਰੇ ਗੱਲ ਨਹੀਂ ਕਰਾਂਗਾ। ਬਹੁਤ ਸਾਰੀਆਂ ਚੀਜ਼ਾਂ ਬਾਰੇ ਮੇਰੀ ਤੁਹਾਡੇ ਨਾਲ ਸਹਿਮਤੀ ਬਿਲਕਲ ਨਹੀਂ, ਲੇਕਿਨ ਵਿਰੋਧੀ-ਧਿਰ ਕਾਂਗਰਸ ਪਾਰਟੀ ਬਾਰੇ ਤੁਹਾਡੀ ਰਾਇ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਜਿਸ ਉਪਰ ਤੁਸੀਂ ਬੇਕਸੂਰ ਸਿੱਖਾਂ ਵਿਰੁਧ ਦਹਿਸ਼ਤਵਾਦ ਦਾ ਦੋਸ਼ ਲਗਾਇਆ ਹੈ। ਜਿਹਨਾਂ ਦਾ 1984 ‘ਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਮੁਲਕ ਵਿਚ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ।
ਲੇਕਿਨ ਸਮੱਸਿਆ ਇਹ ਹੈ ਕਿ ਇਹੀ ਤਾਂ ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਖੁਦ ਕੀਤਾ ਸੀ। ਜਿਸ ਰੇਲ ਗੱਡੀ ਵਿਚ ਹਿੰਦੂ ਤੀਰਥ ਯਾਤਰੀ ਸਵਾਰ ਸਨ, ਉਸ ਵਿਚ ਵਾਪਰੇ ਅਗਨੀਕਾਂਡ ਵਿਚ 50 ਤੋਂ ਵਧੇਰੇ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਇਹੀ ਤਾਂ ਵਾਪਰਿਆ ਸੀ। ਹਾਲਾਂਕਿ ਇਕ ਜਾਂਚ ਕਮਿਸ਼ਨ ਇਸ ਨਤੀਜੇ ‘ਤੇ ਪਹੁੰਚਿਆ ਸੀ ਕਿ ਇਹ ਹਾਦਸਾ ਸੀ, ਫਿਰ ਵੀ ਤੁਸੀਂ ਇਸ ਲਈ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਆਪਣੇ ਲੋਕਾਂ ਨੂੰ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਇਸ ਦਾ ਬਦਲਾ ਲੈਣ ਦੀ ਇਜਾਜ਼ਤ ਦਿੱਤੀ। ਤੁਹਾਡੀ ਹੀ ਦਹਿਸ਼ਤਵਾਦ ਦੀ ਪ੍ਰੀਭਾਸ਼ਾ ਇਸਤੇਮਾਲ ਕਰਦੇ ਹੋਏ ਮੈਂ ਇਸ ਨੂੰ ਕੀ ਨਾਂ ਦੇਵਾਂ?
ਤੁਸੀਂ ਇਹ ਦਲੀਲ ਦੇ ਸਕਦੇ ਹੋ ਕਿ ਤੁਹਾਨੂੰ ਕਿਸੇ ਜੁਰਮ ਲਈ ਕਦੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ; ਲੇਕਿਨ ਸ੍ਰੀਮਾਨ ਮੋਦੀ, ਭਾਰਤੀ ਕਾਨੂੰਨ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ, ਇਹ ਤੁਸੀਂ ਹੋਰ ਕਿਸੇ ਨਾਲੋਂ ਬਿਹਤਰ ਸਮਝਦੇ ਹੋ। ਇਹੀ ਦਲੀਲ ਕਾਂਗਰਸ ਵੀ ਦੇ ਸਕਦੀ ਹੈ, ਕਿਉਂਕਿ ਤੱਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸਿੱਖ ਕਤਲੇਆਮ ਵਿਚ ਮਿਲੀਭੁਗਤ ਦੇ ਬਾਵਜੂਦ ਕਦੇ ਵੀ ਉਸ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ।
ਆਪਾਂ ਇਹ ਗੱਲ ਨਾ ਕਰੀਏ ਕਿ ਕਾਂਗਰਸ ਤੁਹਾਡੇ ਬਾਰੇ ਕੀ ਕਹਿੰਦੀ ਹੈ। ਉਹ ਤਾਂ ਪਹਿਲਾਂ ਹੀ ਆਪਣੀ ਪ੍ਰਤੀਤ ਬਥੇਰੀ ਗੁਆ ਚੁੱਕੀ ਹੈ। ਦਰਅਸਲ ਮੈਂ ਤਾਂ ਉਹਨਾਂ ਲੋਕਾਂ ਵਲੋਂ ਤੁਹਾਡੇ ਨਾਲ ਦੋ ਗੱਲਾਂ ਕਰ ਰਿਹਾ ਹਾਂ ਜਿਹਨਾਂ ਨੂੰ ਤੁਹਾਡੀ ਪਾਰਟੀ ਅਤੇ ਤੁਹਾਡੀ ਸਰਕਾਰ ਬੁਰੀ ਤਰ੍ਹਾਂ ਸਤਾ ਰਹੀ ਹੈ।
ਮੁਸਲਮਾਨ ਸਭ ਤੋਂ ਜ਼ਿਆਦਾ ਸਤਾਏ ਜਾ ਰਹੇ ਸਮੂਹਾਂ ਵਿਚੋਂ ਇਕ ਹਨ। ਇਸ ਗੱਲ ਦੀ ਕੋਈ ਵੁਕਅਤ ਨਹੀਂ ਕਿ ਮੁੱਠੀ ਭਰ ਮੁਸਲਮਾਨ ਤੁਹਾਡੇ ਨਾਲ ਹਨ, ਬਹੁਤ ਸਾਰੇ ਸਿੱਖ ਵੀ ਇਸੇ ਤਰ੍ਹਾਂ ਕਾਂਗਰਸ ਦੇ ਨਾਲ ਸਨ; ਲੇਕਿਨ ਜਦ ਭਾਰਤ ਵਰਗੇ ਲੋਕਤੰਤਰ ਵਿਚ ਆਖਿਰਕਾਰ ਬਹੁਗਿਣਤੀ ਹੀ ਮਹੱਤਵਪੂਰਨ ਗਿਣੀ ਜਾਂਦੀ ਹੈ ਤਾਂ ਐਸੇ ਢਕਵੰਜ ਜਾਂ ਚਿੰਨ੍ਹਾਤਮਕ ਗੱਲਾਂ ਦੀ ਕੌਣ ਪ੍ਰਵਾਹ ਕਰਦਾ ਹੈ?
ਤੁਸੀਂ ਸੰਨ 2002 ‘ਚ ਮੁਸਲਮਾਨਾਂ ਉਪਰ ਜ਼ੁਲਮ ਕੀਤੇ। ਉਸ ਤੋਂ ਵੀ ਪਹਿਲਾਂ, ਤੁਹਾਡੀ ਪਾਰਟੀ ਦੇ ਹਮਾਇਤੀਆਂ ਨੇ 1992 ‘ਚ ਉਹਨਾਂ ਦੀ ਮਸਜਿਦ ਢਾਹ ਦਿੱਤੀ ਸੀ। 2019 ‘ਚ, ਤੁਸੀਂ ਇਕੋ-ਇਕ ਮੁਸਲਿਮ ਬਹੁਗਿਣਤੀ ਵਾਲੇ ਰਾਜ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ, ਜਦਕਿ ਇਸ ਦੌਰਾਨ ਤੁਹਾਡੇ ਬੰਦੇ ਬੇਖੌਫ ਹੋ ਕੇ ਮੁਸਲਮਾਨਾਂ ਦੇ ਹਜੂਮੀ ਕਤਲ ਕਰਦੇ ਰਹੇ। ਕੁਝ ਲੋਕਾਂ ਨੇ ਉਹਨਾਂ ਦੇ ਹਿੰਸਕ ਕਾਰਿਆਂ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਪਰ ਪਾਈਆਂ।
ਹਾਂ ਸ੍ਰੀਮਾਨ ਮੋਦੀ, ਜਿਹਨਾਂ ਨੂੰ ਤੁਸੀਂ ਟਵਿੱਟਰ ਉਪਰ ਫਾਲੋ ਕਰਦੇ ਹੋ, ਉਹਨਾਂ ‘ਚੋਂ ਕੁਝ ਸੱਚੀਮੁੱਚੀ ਬਹੁਤ ਹੀ ਦਿਲਚਸਪ ਲੋਕ ਹਨ। ਉਹਨਾਂ ਵਿਚੋਂ ਇਕ ਸ਼ਖਸ ਨੇ ਤਾਂ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਤਾਰੀਫ ਵੀ ਕੀਤੀ ਜਿਸ ਦੀ ਤੁਹਾਡੀ ਵਿਚਾਰਧਾਰਾ ਦੇ ਹਮਾਇਤੀਆਂ ਨੇ 2017 ‘ਚ ਹੱਤਿਆ ਕਰ ਦਿੱਤੀ ਸੀ।
ਮੇਰੀ ਸਮਝ ਤੋਂ ਬਾਹਰ ਹੈ ਕਿ ਤੁਸੀਂ ਕਿਸ ਆਧਾਰ ‘ਤੇ ਇਸਲਾਮਿਕ ਦਹਿਸ਼ਤਵਾਦ ਬਾਰੇ ਇੰਨੀ ਬਿਆਨਬਾਜ਼ੀ ਕਰਦੇ ਹੋ, ਜਦ ਤੁਹਾਡੇ ਆਪਣੇ ਹੀ ਫਿਰਕੇ ਦੇ ਲੋਕ ਐਸੀਆਂ ਕਾਰਵਾਈਆਂ ਵਿਚ ਸ਼ਾਮਲ ਹਨ? ਇਕ ਪਾਸੇ, ਤੁਸੀਂ ਮੋਹਨਦਾਸ ਕਰਮਚੰਦ ਗਾਂਧੀ ਦੀਆਂ ਤਾਰੀਫਾਂ ਕਰਦੇ ਹੋ, ਜਦਕਿ ਦੂਜੇ ਪਾਸੇ ਤੁਹਾਡੀ ਹੀ ਪਾਰਟੀ ਦੇ ਮੈਂਬਰ ਉਸ ਦੇ ਕਾਤਲ ਨੱਥੂਰਾਮ ਗੌਡਸੇ ਦੇ ਸੋਹਲੇ ਗਾਉਂਦੇ ਹਨ। ਇਕ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ, ਜੋ 2008 ‘ਚ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਕੀਤੇ ਬੰਬ ਧਮਾਕਿਆਂ ਦੀ ਦੋਸ਼ੀ ਸੀ, ਗੌਡਸੇ ਨੂੰ ਦੇਸ਼ਭਗਤ ਕਹਿੰਦੀ ਹੈ। ਤੁਸੀਂ ਖੁਦ ਉਸ ਨੂੰ ਸਿਆਸਤ ਵਿਚ ਲੈ ਕੇ ਆਏ ਅਤੇ ਲੰਘੀਆਂ ਆਮ ਚੋਣਾਂ ਵਿਚ ਉਸ ਦੀ ਜਿੱਤ ਯਕੀਨੀ ਬਣਾਈ। ਇਉਂ ਲੱਗਦਾ ਹੈ ਕਿ ਦਹਿਸ਼ਤਵਾਦ ਬਾਰੇ ਤੁਹਾਡੇ ਦੋ ਵੱਖੋ-ਵੱਖਰੇ ਪੈਮਾਨੇ ਹਨ। ਸ਼ਾਇਦ ਹਿੰਦੂ ਦਹਿਸ਼ਤਗਰਦ ਹੋਣਾ ਬਹੁਤ ਵਧੀਆ ਗੱਲ ਹੈ, ਜੋ ਮੁਸਲਮਾਨਾਂ ਦੀਆਂ ਹੱਤਿਆਵਾਂ ਕਰ ਸਕਦਾ ਹੈ, ਉਹਨਾਂ ਦੇ ਪੂਜਾ ਸਥਾਨਾਂ ਨੂੰ ਨਸ਼ਟ ਕਰ ਸਕਦਾ ਹੈ ਅਤੇ ਫਿਰ ਤੁਹਾਡੇ ਆਸ਼ੀਰਵਾਦ ਨਾਲ ਚੋਣਾਂ ਵਿਚ ਖੜ੍ਹਾ ਹੋ ਕੇ ਚੁਣਿਆ ਜਾ ਸਕਦਾ ਹੈ; ਲੇਕਿਨ ਜੇ ਦਹਿਸ਼ਤਗਰਦ ਮੁਸਲਮਾਨ ਜਾਂ ਸਿੱਖ ਹੈ ਤਾਂ ਪੁਲਿਸ ਬਿਨਾ ਮੁਕੱਦਮਾ ਚਲਾਏ ਉਸ ਦੀ ਹੱਤਿਆ ਕਰ ਦੇਵੇਗੀ ਜਾਂ ਉਸ ਉਪਰ ਯੂ.ਏ.ਪੀ.ਏ. ਲਗਾ ਦਿੱਤਾ ਜਾਵੇਗਾ ਜਿਸ ਨੂੰ ਹਿੰਦੂ ਅਤਿਵਾਦੀਆਂ ਉਪਰ ਕਦੇ ਨਹੀਂ ਲਗਾਇਆ ਜਾਂਦਾ। ਵਾਹ!
1992 ਤੋਂ ਲੈ ਕੇ ਹਿੰਸਾ ਦੀਆਂ ਇਹਨਾਂ ਤਮਾਮ ਕਾਰਵਾਈਆਂ ਨੂੰ ਤੁਸੀਂ ਜਿਸ ਤਰ੍ਹਾਂ ਵਾਜਬ ਠਹਿਰਾਉਂਦੇ ਹੋ, ਇਸ ਦਾ ਨਤੀਜਾ ਆਖਿਰਕਾਰ ਹੋਰ ਜ਼ਿਆਦਾ ਖੂਨ-ਖਰਾਬੇ ਵਿਚ ਨਿਕਲੇਗਾ। ਅਸੀਂ ਕੁਲ ਆਲਮ ਵਿਚ ਬਦਲਾਖੋਰੀ ਅਤੇ ਦਹਿਸ਼ਤਵਾਦ ਦੇ ਇਤਿਹਾਸ ਦਾ ਵਾਰ-ਵਾਰ ਦੁਹਰਾਓ ਹੁੰਦਾ ਦੇਖਿਆ ਹੈ ਅਤੇ ਭਾਰਤ ਇਸ ਤੋਂ ਵੱਖਰਾ ਨਹੀਂ ਹੈ। ਆਖਿਰਕਾਰ, ਭਾਰਤ ਖੁਦ ਇਸ ਦਾ ਗਵਾਹ ਹੈ ਕਿਵੇਂ 1984 ਦੀਆਂ ਘਿਨਾਉਣੀਆਂ ਘਟਨਾਵਾਂ ਨੇ ਸਿੱਖ ਵੱਖਵਾਦ ਨੂੰ ਹਵਾ ਦਿੱਤੀ, ਜਿਸ ਨੂੰ ਤੁਸੀਂ ਇੰਨਾ ਜ਼ਿਆਦਾ ਭੰਡਦੇ ਹੋ। ਇਹਨਾਂ ਸਾਲਾਂ ‘ਚ ਤੁਹਾਡੇ ਕਰ ਕੇ ਜਿਹਨਾਂ ਲੋਕਾਂ ਨੂੰ ਇੰਨਾ ਕੁਝ ਝੱਲਣਾ ਪਿਆ, ਜਦ ਤੁਹਾਡੇ ਰਾਜ ਵਿਚ ਅਦਾਲਤਾਂ ਵਿਚ ਉਹਨਾਂ ਪੀੜਤਾਂ ਨੂੰ ਨਿਆਂ ਦੇਣ ਦੀ ਇੱਛਾ ਸ਼ਕਤੀ ਹੀ ਨਹੀਂ, ਤਾਂ ਉਹ ਨਿਆਂ ਲੈਣ ਦੀ ਖਾਤਰ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਤੋਂ ਸਿਵਾਏ ਹੋਰ ਕਰ ਵੀ ਕੀ ਸਕਦੇ ਹਨ?
ਇਹ ਨਾ ਸੋਚੋ ਕਿ ਤੁਹਾਡੇ ਨੱਕ ਹੇਠ ਜੋ ਵਾਪਰ ਰਿਹਾ ਹੈ, ਉਸ ਦੇ ਕੋਈ ਮਾੜੇ ਨਤੀਜੇ ਨਹੀਂ ਹੋਣਗੇ। ਤੁਹਾਡੇ ਪਵਿੱਤਰ ਗ੍ਰੰਥ ਭਾਗਵਦ ਗੀਤਾ ਦੇ ਹਵਾਲੇ ਨਾਲ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਹਾਨੂੰ ਆਪਣੇ ਕੀਤੇ ਦਾ ਫਲ ਭੁਗਤਣਾ ਹੀ ਪੈਂਦਾ ਹੈ। ਇਹ ਨਾ ਭੁੱਲੋ ਕਿ ਤੁਸੀਂ ਖੁਦ ਨਿਊਟਨ ਦੇ ਗਤੀ ਦੇ ਨਿਯਮ ਦਾ ਹਵਾਲਾ ਦੇ ਕੇ ਰੇਲ ਅੱਗਜ਼ਨੀ ਕਾਂਡ ਦੇ ਹਵਾਲੇ ਨਾਲ 2002 ਦੇ ਮੁਸਲਿਮ ਵਿਰੋਧੀ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ, ਜੋ ਕਹਿੰਦਾ ਹੈ ਕਿ ਹਰ ਕਿਰਿਆ ਦੀ ਬਰਾਬਰ ਪ੍ਰਤੀਕਿਰਿਆ ਹੁੰਦੀ ਹੈ ਅਤੇ ਇਹ ਉਲਟ ਦਿਸ਼ਾ ਵਿਚ ਹੁੰਦੀ ਹੈ। ਬਦਕਿਸਮਤੀ ਨਾਲ, ਤੁਹਾਡੇ ਕੋਲ ਨਿਊਟਨ ਦੇ ਨਿਯਮ ਦਾ ਕਾਪੀਰਾਈਟ ਨਹੀਂ ਹੈ। ਤੁਹਾਡੀਆਂ ਕਾਰਵਾਈਆਂ ਦੇ ਬਦਲਾਲਊ ਪ੍ਰਤੀਕਰਮ ਵਜੋਂ ਕੋਈ ਵੀ ਇਸ ਨਿਯਮ ਦਾ ਹਵਾਲਾ ਦੇ ਕੇ ਇਉਂ ਕਹਿ ਸਕਦਾ ਹੈ। ਛੇਤੀ ਹੀ ਤੁਸੀਂ ਆਪਣੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਇਹ ਕੁਝ ਵਾਪਰਦਾ ਖੁਦ ਦੇਖੋਗੇ। ਲਿਹਾਜ਼ਾ, ਇਹ ਮਹੱਤਵਪੂਰਨ ਹੈ ਕਿ ਤੁਸੀਂ ਜ਼ਿੰਦਾ ਰਹੋ ਅਤੇ ਤੁਹਾਨੂੰ ਆਪਣੇ ਕੀਤੇ ਦਾ ਪਛਤਾਵਾ ਹੋਵੇ।
ਮੈਂ ਪਹਿਲਾਂ ਹੀ ਜਾਣਦਾ ਹਾਂ ਕਿ ਤੁਸੀਂ ਅੱਤਿਆਚਾਰੀ ਤਾਨਾਸ਼ਾਹ ਹੋ। ਧਾਰਮਿਕ ਘੱਟਗਿਣਤੀਆਂ ਅਤੇ ਆਪਣੇ ਵਿਰੋਧੀਆਂ ਪ੍ਰਤੀ ਦਿਆਲੂ ਹੋ ਕੇ ਮੈਨੂੰ ਗਲਤ ਸਿੱਧ ਕਰਨਾ ਤੁਹਾਡਾ ਕੰਮ ਹੈ। ਆਪਣੇ ਜਨਮ ਦਿਨ ‘ਤੇ ਘੱਟੋ-ਘੱਟ ਇਹ ਸ਼ੁਰੂਆਤ ਤੁਸੀਂ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐਨ. ਸਾਈਬਾਬਾ ਨੂੰ ਰਿਹਾਅ ਕਰ ਕੇ ਕਰ ਸਕਦੇ ਹੋ। ਵ੍ਹੀਲਚੇਅਰ ਦੇ ਮੁਹਤਾਜ ਇਸ ਪ੍ਰੋਫੈਸਰ ਦਾ ਕਮਰ ਤੋਂ ਹੇਠਲਾ ਹਿੱਸਾ ਪੂਰੀ ਤਰ੍ਹਾਂ ਨਕਾਰਾ ਹੈ ਅਤੇ ਉਸ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਉਸ ਨੂੰ ਕਾਂਗਰਸ ਦੇ ਰਾਜ ਦੇ ਸਮੇਂ ਤੋਂ ਹੀ ਜੇਲ੍ਹ ਵਿਚ ਡੱਕਿਆ ਹੋਇਆ ਹੈ, ਸਿਰਫ ਇਸ ਕਾਰਨ ਕਿ ਉਹ ਆਦਿਵਾਸੀਆਂ ਦੇ ਹੱਕ ਵਿਚ ਖੜ੍ਹਦਾ ਸੀ ਜਿਹਨਾਂ ਨੂੰ ਖਣਨ ਕਾਰੋਬਾਰੀਆਂ ਵਲੋਂ ਵਿਕਾਸ ਦੇ ਨਾਂ ਹੇਠ ਜ਼ਮੀਨਾਂ ਤੋਂ ਬੇਦਖਲ ਕੀਤਾ ਜਾ ਰਿਹਾ ਹੈ। ਜਿੱਥੋਂ ਤੱਕ ਜਮਹੂਰੀ ਵਿਰੋਧ ਦੇ ਹੱਕ ਨੂੰ ਕੁਚਲਣ ਦਾ ਸਵਾਲ ਹੈ, ਕਾਂਗਰਸ ਦੀ ਕੁਲ ਆਲੋਚਨਾ ਦੇ ਬਾਵਜੂਦ ਤੁਸੀਂ ਦੋਨੋਂ ਇਸ ਜੁਰਮ ਦੇ ਭਾਗੀਦਾਰ ਹੋ।
ਜਦ ਕੋਵਿਡ-19 ਮਹਾਮਾਰੀ ਫੈਲੀ ਤਾਂ ਤੁਸੀਂ ਕਰੋਨਾ ਨਾਲ ਕਰੁਣਾ (ਹਮਦਰਦੀ) ਨਾਲ ਲੜਨ ਦਾ ਸੱਦਾ ਦਿੱਤਾ; ਲੇਕਿਨ ਜੇਲ੍ਹ ਅਧਿਕਾਰੀਆਂ ਨੇ ਹੱਦੋਂ ਵੱਧ ਭੀੜ-ਭੜੱਕੇ ਵਾਲੀਆਂ ਜੇਲ੍ਹਾਂ ਵਿਚ ਮਹਾਮਾਰੀ ਫੈਲਣ ਦੇ ਖਤਰੇ ਦੇ ਮੱਦੇਨਜ਼ਰ ਕੋਈ ਹਮਦਰਦੀ ਨਹੀਂ ਦਿਖਾਈ, ਉਹਨਾਂ ਨੇ ਤਾਂ ਪ੍ਰੋਫੈਸਰ ਸਾਈਬਾਬਾ ਨੂੰ ਆਪਣੀ ਮਰਨ-ਬਿਸਤਰ ‘ਤੇ ਪਈ ਮਾਂ ਨੂੰ ਮਿਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ, ਆਮ ਸਜ਼ਾ ਮਾਫੀ ਦੇਣ ਦੀ ਤਾਂ ਗੱਲ ਛੱਡੋ।
ਤੁਹਾਨੂੰ ਲੋਕਾਂ ਨੂੰ ਆਪਣੇ ਜਨਮ ਦਿਨ ਉਪਰ ਕਿਸੇ ਨੂੰ ਬਨਾਉਟੀ ਅੰਗ ਦਾਨ ਕਰਨ ਦੀ ਲੋੜ ਨਹੀਂ ਹੈ। ਬਸ ਸਾਈ ਬਾਬਾ ਨੂੰ ਰਿਹਾਅ ਕਰ ਦਿਓ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹੋਵਾਂਗੇ। ਤੁਹਾਡੇ ਬਾਕੀ ਰਿਪੋਰਟ ਕਾਰਡ ਲਈ ਅਸੀਂ ਅਗਲੀ ਵਾਰ ਦੀ ਇੰਤਜ਼ਾਰ ਕਰ ਸਕਦੇ ਹਾਂ। ਚਾਹੇ ਮੈਨੂੰ ਤੁਹਾਡੇ ਜਾਂ ਤੁਹਾਡੇ ਪ੍ਰਸ਼ਾਸਕਾਂ ਤੋਂ ਕੋਈ ਉਮੀਦ ਨਹੀਂ ਹੈ, ਫਿਰ ਵੀ ਮੈਨੂੰ ਤੁਹਾਡੀ ਕਾਰਵਾਈ ਦੀ ਉਤਸੁਕਤਾ ਨਾਲ ਉਡੀਕ ਰਹੇਗੀ।
ਤੁਹਾਨੂੰ ਜਨਮ ਦਿਨ ਦੀ ਪੇਸ਼ਗੀ ਮੁਬਾਰਕਬਾਦ।
-ਗੁਰਪ੍ਰੀਤ ਸਿੰਘ