ਸਿੱਖ ਸੰਘਰਸ਼ ਵਿਚ ‘ਬ੍ਰਾਹਮਣ-ਬਾਣੀਆਂ’ ਨਾਲ ਲੜਾਈ ਵਾਲਾ ਖੋਟ ਕਿਸ ਨੇ ਪਾਇਆ?

ਜਗਤਾਰ ਦੀ ਕਿਤਾਬ “ਰਿਵਰਜ਼ ਔਨ ਫਾਇਰ: ਖਾਲਿਸਤਾਨ ਸਟਰਗਲ”
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਾਫੀ ਸਮਾਂ ਅੰਮ੍ਰਿਤਸਰ ‘ਚ ਅਖਬਾਰ ‘ਇੰਡੀਅਨ ਐਕਸਪ੍ਰੈਸ’ ਦੇ ਰਿਪੋਰਟਰ ਵਜੋਂ ਤਾਇਨਾਤ ਰਹੇ ਹਨ, ਜਦੋਂ ਪੰਜਾਬ ‘ਚ ਸਿੱਖ ਸੰਘਰਸ਼ ਪੂਰੀ ਤਰ੍ਹਾਂ ਉਬਾਲੇ ਮਾਰ ਰਿਹਾ ਸੀ ਤੇ ਅੰਮ੍ਰਿਤਸਰ ਇਸ ਵਰਤਾਰੇ ਦਾ ਕੇਂਦਰ ਬਿੰਦੂ ਸੀ। ਉਨ੍ਹਾਂ ਨੇ ਬਹੁਤ ਸਾਲ ਪੰਜਾਬ ਦੀ ਸਿਆਸੀ ਫਿਜ਼ਾ, ਇਸ ਦੇ ਬਦਲਦੇ ਰੂਪ, ਰੰਗ-ਢੰਗ ਤੇ ਸੁਭਾਅ ਬਾਰੇ ਸਟੀਕ ਟਿੱਪਣੀਆਂ ਸਾਹਿਤ ਲਿਖਿਆ ਹੈ। ਉਸ ਦੌਰ ਬਾਰੇ ਉਨ੍ਹਾਂ ਆਪਣੀ ਪੁਸਤਕ “ਰਿਵਰਜ਼ ਔਨ ਫਾਇਰ: ਖਾਲਿਸਤਾਨ ਸਟਰਗਲ” ਵਿਚ ਉਸ ਅੱਗ ਦੇ ਸੇਕ ‘ਚ ਝੁਲਸੇ ਗਏ ਪੰਜਾਬ ਦਾ ਲੇਖਾ-ਜੋਖਾ ਕੀਤਾ ਹੈ, ਜੋ ਪੰਜਾਬ ਨੇ ਆਪਣੇ ਪਿੰਡੇ ‘ਤੇ ਹੰਢਾਇਆ। ਲੇਖਕ ਨੇ ਕੁਝ ਚੋਣਵੀਆਂ ਘਟਨਾਵਾਂ ਦਾ ਜ਼ਿਕਰ ਇਸ ਕਿਤਾਬ ਵਿਚ ਕੀਤਾ ਹੈ, ਜੋ ਉਸ ਨੂੰ ਆਪਣੇ ਨਜ਼ਰੀਏ ਮੁਤਾਬਕ ਅਹਿਮ ਲੱਗੀਆਂ। ਸਰਬ ਧਾਲੀਵਾਲ ਨੇ ਇਸ ਕਿਤਾਬ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਹੈ ਕਿ ਇਹ ਕਿਤਾਬ, ਜੋ ਪੰਜਾਬ ਨਾਲ ਕੀਤਾ ਗਿਆ, ਉਸ ਨੂੰ ਫਰੋਲਣ, ਸਮਝਣ, ਪਕੜਨ ਤੇ ਕਲਮ ਜ਼ਰੀਏ ਸੰਭਾਲਨ ਦਾ ਯਤਨ ਹੈ। -ਸੰਪਾਦਕ

ਸਰਬ ਧਾਲੀਵਾਲ

ਮੇਰੇ ਸਾਹਮਣੇ ਪੌਣੇ ਚਾਰ ਸੌ ਪੰਨਿਆਂ ਦੀ ਮੋਟੇ ਆਕਾਰ ਵਾਲੀ ਕਿਤਾਬ ਪਈ ਹੈ। ਮੇਰੀ ਨਜ਼ਰ ਇਸ ਦੀ ਕੇਸਰੀ ਰੰਗ ਦੀ ਦਗ-ਦਗ ਕਰਦੀ ਜਿਲਦ ‘ਚ ਖੂਬੀ ਪਈ ਹੈ। ਇਸ ਉਤੇ ਅਕਾਲ ਤਖਤ ਸਾਹਿਬ ਦੀ ਦਿਲ ਨੂੰ ਪੱਛ ਦੇਣ ਵਾਲੀ ਤਸਵੀਰ ਹੈ। ਤਸਵੀਰ ‘ਚ ਅਕਾਲ ਤਖਤ ਸਾਹਿਬ ਦਾ ਮੁਹਾਂਦਰਾ ਖੂਨ ਨਾਲ ਲੱਥ ਪਥ ਲੱਗ ਰਿਹਾ ਹੈ। ਕਿਤੋਂ ਕਿਤੋਂ ਅੱਗ ਦੇ ਗੋਲੇ ਉਠਦੇ ਨਜ਼ਰ ਪੈਂਦੇ ਨੇ। ਇਮਾਰਤ ਦੇ ਸਾਹਮਣੇ ਫੌਜੀ ਟੈਂਕ ਖੜਾ ਹੈ। ਦੋ ਕੇਸਰੀ ਨਿਸ਼ਾਨ ਨਜ਼ਰ ਆ ਰਹੇ ਨੇ। ਸਮੁੱਚੀ ਤਸਵੀਰ ਸਾਕਾ ਨੀਲਾ ਤਾਰਾ ਅਤੇ ਪੰਜਾਬ ਦੀ ਲਹੂ ਭਿੱਜੀ ਦਾਸਤਾਨ ਦਾ ਸਿਰਲੇਖ ਲੱਗ ਰਹੀ ਹੈ। ਤਸਵੀਰ ਦਾ ਦਗ-ਦਗ ਕਰਦਾ ਖਾਲਸਈ ਰੰਗ ਮੇਰੀ ਜਾਂਚੇ ਪੰਜਾਬ ਦੀ ਅਣਖ ਦੀ ਸਮ੍ਰਿਤੀ ਹੈ। ਪੰਜਾਬ ਨੂੰ ਸ਼ਹਾਦਤ ਦੀ ਗੁੜਤੀ ਹੀ ਇਸ ‘ਚ ਮਿਲਦੀ ਹੈ। ਅਸਲ ਵਿਚ ਇਸ ਨੂੰ ਰੰਗ ਤਸੱਵਰ ਕਰਨਾ ਹੀ ਕੁਤਾਹੀ ਹੈ। ਇਹ ਪੰਜਾਬ ਦਾ ਸ਼ਹੀਦੀ ਬਾਣਾ ਹੈ। ਇਸ ਕਾਰਨ ਹੀ ਪੰਜਾਬ ਦਾ ਸ਼ਹਾਦਤ ਨਾਲ ਰੂਹਾਨੀ ਰਿਸ਼ਤਾ ਸਦੀਆਂ ਤੋਂ ਨਿਭਦਾ ਆ ਰਿਹਾ ਹੈ। ਕਾਲ ਰਹਿਤ ਅਕਾਲ ਤਖਤ ਸਿੱਖ ਪ੍ਰਭੂਸਤਾ ਦਾ ਧਰੋਹਰ ਹੈ। ਜਾਹਰ ਹੈ, ਕਿਤਾਬ ਅੰਦਰ ਬਹੁਤ ਕੁਝ ਅਜਿਹਾ ਹੈ, ਜੋ ਜਿਲਦ ਅਤੇ ਤਸਵੀਰ ਤੋਂ ਰੂਪਮਾਨ ਹੋ ਰਿਹਾ ਹੈ।
ਕਿਤਾਬ ਮੈਂ ਪੜ੍ਹ ਲਈ ਹੈ। ਪੜ੍ਹਨ ਤੋਂ ਪਹਿਲਾਂ ਜਿਲਦ ‘ਤੇ ਸਰਸਰੀ ਨਜ਼ਰ ਮਾਰੀ ਸੀ। ਪੜ੍ਹਨ ਪਿਛੋਂ ਹੀ ਜਿਲਦ ਅਤੇ ਇਸ ਉਪਰਲੀ ਤਸਵੀਰ ਨੂੰ ਏਨੀ ਨੀਝ ਨਾਲ ਤੱਕਿਆ, ਵਾਚਿਆ ਹੈ। ਕਿਤਾਬ ਦਾ ਲੇਖਕ ਜਗਤਾਰ ਸਿੰਘ ਹੈ। ਉਸ ਦਾ ਨਾਮ ਸਿਆਸੀ ਮਸਲਿਆਂ ਬਾਰੇ ਲਿਖਣ ਵਾਲੇ ਪੱਤਰਕਾਰਾਂ ਦੀ ਪਹਿਲੀ ਕਤਾਰ ‘ਚ ਆਉਂਦਾ ਹੈ। ਉਹ ਬਹੁਤ ਸਾਲ ਇੰਡੀਅਨ ਐਕਸਪ੍ਰੈਸ ਵਿਚ ਸੀਨੀਅਰ ਲੈਵਲ ‘ਤੇ ਬਤੌਰ ਪੱਤਰਕਾਰ ਕੰਮ ਕਰਦਾ ਰਿਹਾ ਹੈ। ਉਸ ਨੇ ਬਹੁਤ ਸਾਲ ਪੰਜਾਬ ਦੀ ਸਿਆਸੀ ਫਿਜ਼ਾ, ਇਸ ਦੇ ਬਦਲਦੇ ਰੂਪ, ਰੰਗ-ਢੰਗ ਤੇ ਸੁਭਾਅ ਬਾਰੇ ਸਟੀਕ ਟਿੱਪਣੀਆਂ ਸਾਹਿਤ ਲਿਖਿਆ ਹੈ। ਉਹ ਕਾਫੀ ਲੰਬਾ ਸਮਾਂ ਉਸ ਦੌਰ ‘ਚ ਅੰਮ੍ਰਿਤਸਰ ‘ਚ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਵਜੋਂ ਤਾਇਨਾਤ ਰਿਹਾ ਹੈ, ਜਦੋਂ ਪੰਜਾਬ ‘ਚ ਸਿੱਖ ਸੰਘਰਸ਼ ਪੂਰੀ ਤਰ੍ਹਾਂ ਉਬਾਲੇ ਮਾਰ ਰਿਹਾ ਸੀ ਤੇ ਅੰਮ੍ਰਿਤਸਰ ਇਸ ਵਰਤਾਰੇ ਦਾ ਕੇਂਦਰ ਬਿੰਦੂ ਸੀ।
ਜਿਨ੍ਹਾਂ ਘਟਨਾਵਾਂ ਦਾ ਕਿਤਾਬ ਵਿਚ ਜ਼ਿਕਰ ਹੈ, ਉਨ੍ਹਾਂ ‘ਚੋਂ ਬਹੁਤੀਆਂ ਦਾ ਲੇਖਕ ਜਾਂ ਤਾਂ ਚਸ਼ਮਦੀਦ ਗਵਾਹ ਰਿਹਾ ਹੈ ਜਾਂ ਉਸ ਨੂੰ ਇਨ੍ਹਾਂ ਨੂੰ ਨੇੜੇ ਹੋ ਕੇ ਦੇਖਣ ਤੇ ਸਮਝਣ ਦਾ ਮੌਕਾ ਮਿਲਿਆ ਹੈ। ਕਿਤਾਬ ਦੇ ਕਈ ਮੁੱਖ ਪਾਤਰਾਂ ਨਾਲ ਤਾਂ ਉਸ ਦੀ ਨਿੱਜੀ ਨੇੜਤਾ ਰਹੀ ਹੈ, ਤੇ ਬਤੌਰ ਪੱਤਰਕਾਰ ਵੀ ਸਾਂਝ ਰਹੀ ਹੈ। ਇਹ ਜਗਤਾਰ ਦੀ ਦੂਜੀ ਕਿਤਾਬ ਹੈ। ਪਹਿਲੀ ਸੀ, ‘ਖਾਲਿਸਤਾਨ ਸਟਰਗਲ: ਏ ਨਾਨ ਮੂਵਮੈਂਟ।’
ਲੱਗਦੇ ਹੱਥ ਹੱਥਲੀ ਕਿਤਾਬ ਦੇ ਨਾਮ ‘ਤੇ ਵੀ ਚਰਚਾ ਕਰ ਲਈ ਜਾਵੇ, ਠੀਕ ਰਹੇਗਾ। ਕਿਤਾਬ ਅੰਗਰੇਜ਼ੀ ‘ਚ ਹੈ ਤੇ ਨਾਮ ਹੈ, “ਰਿਵਰਜ਼ ਔਨ ਫਾਇਰ: ਖਾਲਿਸਤਾਨ ਸਟਰਗਲ।” ਜਾਹਰ ਹੈ, ਜਿੱਥੇ ਪਹਿਲੀ ਕਿਤਾਬ ਮੁੱਕਦੀ ਹੈ, ਉਥੋਂ ਇਹ ਸ਼ੁਰੂ ਹੁੰਦੀ ਹੈ। ਦੋਹਾਂ ਕਿਤਾਬਾਂ ਦਾ ਆਪਸੀ ਰਿਸ਼ਤਾ ਹੈ। ਪੰਜਾਬੀ ‘ਚ ਜੇ ਇਸ ਦੇ ਨਾਮ ਦਾ ਉਲਥਾ ਕੀਤਾ ਜਾਵੇ ਤਾਂ ਨੇੜੇ-ਤੇੜੇ ਜੋ ਪਹੁੰਚਦਾ ਹੈ, ਉਹ ਹੈ, ਬਲਦੇ ਦਰਿਆ। ਦਰਿਆਵਾਂ ਨਾਲ ਪੰਜਾਬ ਦੀ ਜਿਸਮਾਨੀ ਤੇ ਰੂਹਾਨੀ ਸਾਂਝ ਹੈ। ਪੰਜਾਬ ਦਾ ਜਨਮ ਹੀ ਇਨ੍ਹਾਂ ਦਰਿਆਵਾਂ ਦੇ ਗਰਭਪਾਤ ‘ਚੋਂ ਹੋਇਆ ਹੈ। ਪੰਜ- ਆਬਾਂ ‘ਚੋਂ ਜਨਮਿਆ ਪੰਜਾਬ। ਪਾਣੀ ਅੱਗ ਬੁਝਾਉਂਦਾ ਹੈ, ਫਿਰ ਦਰਿਆ ਕਿਵੇਂ ਬਲ ਸਕਦੇ ਨੇ? ਇਹ ਸਵਾਲ ਸਹਿਜੇ ਹੀ ਮਨ-ਮਸਤਕ ‘ਚ ਚੱਕਰ ਕੱਢਣ ਲਗਦਾ ਹੈ?
ਜਿਨ੍ਹਾਂ ਨੇ ਪਿਛਲੀ ਸਦੀ ਦੇ ਸੱਤਰਵਿਆਂ, ਅਸੀਵੀਆਂ ਤੇ ਨੱਬੇਵਿਆਂ ਦੇ ਪੰਜਾਬ ‘ਚ ਜੀਵਨ ਹੰਢਾਇਆ ਜਾਂ ਇਸ ਨੂੰ ਨੇੜਿਉਂ ਤੱਕਿਆ, ਉਹ ਸਮਝ ਸਕਦੇ ਨੇ, ਮਹਿਸੂਸ ਕਰ ਸਕਦੇ ਨੇ ਕਿ ਦਰਿਆ ਬਲ ਸਕਦੇ ਨੇ, ਇਨ੍ਹਾਂ ਚੋਂ ਭਾਂਬੜ ਨਿਕਲ ਸਕਦੇ ਨੇ! ਇਹ ਬਲਦੇ ਦਰਿਆਵਾਂ ਦੀ ਅੱਗ ਨੇ ਪੰਜਾਬ ਨੂੰ ਕਿੰਨਾ ਝੁਲਸਿਆ, ਕਿੰਨਾ ਲੁਸਿਆ, ਇਸ ਦਾ ਅੰਦਾਜ਼ਾ ਲਾਉਣਾ ਅਸਮਾਨ ਨੂੰ ਟਾਕੀ ਲਾਉਣ ਬਰਾਬਰ ਹੈ। ਇਹ ਕਿਤਾਬ ਉਸ ਅੱਗ ਦੇ ਸੇਕ ‘ਚ ਝੁਲਸੇ ਗਏ ਪੰਜਾਬ ਦਾ ਲੇਖਾ-ਜੋਖਾ ਹੈ; ਉਸ ਦਾ ਬਿਰਤਾਂਤ ਹੈ, ਜੋ ਪੰਜਾਬ ‘ਚ ਵਾਪਰਿਆ, ਜੋ ਪੰਜਾਬ ਨੇ ਹੰਢਾਇਆ। ਜੋ ਪੰਜਾਬ ਨਾਲ ਕੀਤਾ ਗਿਆ, ਉਸ ਨੂੰ ਫਰੋਲਣ, ਸਮਝਣ, ਪਕੜਨ ਤੇ ਕਲਮ ਜ਼ਰੀਏ ਸੰਭਾਲਨ ਦਾ ਯਤਨ ਹੈ।
ਕਿਤਾਬ ‘ਚ ਬਹੁਤ ਕੁਝ ਹੈ, ਜੋ ਸਾਨੂੰ ਨਹੀਂ ਪਤਾ। ਇਸ ਲਈ ਕਿਤਾਬ ਪੜ੍ਹਨੀ ਬਣਦੀ ਹੈ। ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ, ਜੋ ਇਸ ਸੰਸਾਰ ‘ਚ 1980ਵੀਆਂ ਤੋਂ ਬਾਅਦ ਸ਼ਾਮਿਲ ਹੋਏ ਨੇ। ਕਿਤਾਬ ਕਿਸ ਤਰ੍ਹਾਂ ਦੀ ਹੈ, ਇਸ ਬਾਬਤ ਮੈਂ ਆਪਣੀ ਰਾਇ ਤੁਹਾਡੇ ‘ਤੇ ਨਹੀਂ ਥੋਪਣੀ। ਮੇਰਾ ਕਿਤਾਬ ਬਾਰੇ ਨਜ਼ਰੀਆ ਜਰੂਰ ਹੈ, ਪਰ ਮੈਂ ਤੁਹਾਡੇ ‘ਤੇ ਨਹੀਂ ਲੱਦਣਾ। ਕਿਤਾਬ ਚੰਗੀ ਹੈ, ਮਾੜੀ ਹੈ-ਇਹ ਫੈਸਲਾ ਤੁਸੀਂ ਇਸ ਨੂੰ ਪੜ੍ਹ ਕੇ ਕਰਿਓ। ਲੇਖਕ ਆਪਣੇ ਯਤਨ ‘ਚ ਸਫਲ ਰਿਹਾ ਜਾਂ ਨਹੀਂ, ਇਹ ਪਾਠਕ ਹੀ ਦਸ ਸਕਦੇ ਨੇ। ਉਸ ਨੇ ਇਹ ਕਿਤਾਬ ਲਿਖਦਿਆਂ ਪੰਜਾਬ ਨਾਲ ਇਨਸਾਫ ਕੀਤਾ ਹੈ ਜਾਂ ਨਹੀਂ, ਇਹ ਤੁਸੀਂ ਹੀ ਦਸ ਸਕਦੇ ਹੋ। ਜਿਸ ਤਰ੍ਹਾਂ ਅਕਸਰ ਹੁੰਦਾ ਹੈ, ਬਹੁਤ ਸਾਰੇ ਲੇਖਕ ਨਾਲ ਸਹਿਮਤ ਹੋਣਗੇ ਤੇ ਬਹੁਤ ਸਾਰੇ ਨਹੀਂ।
ਪੰਜਾਬ ‘ਚ 1978 ਤੋਂ ਲੈ ਕੇ 1995 ਤੱਕ ਬੇਸ਼ੁਮਾਰ ਘਟਨਾਵਾਂ ਵਾਪਰੀਆਂ, ਦਿਲ ਦਹਿਲਾਉਣ ਵਾਲੇ ਕਾਰੇ ਵਾਪਰੇ, ਖੂਨ ਦੇ ਖਾਲ ਵਗੇ। ਰਾਜਨੀਤਕ ਪੱਧਰ ‘ਤੇ ਬਹੁਤ ਕੁਝ ਹੋਇਆ, ਸਮੇਂ ਦੇ ਹਾਕਮਾਂ ਅਤੇ ਚੌਧਰੀਆਂ ਦੇ ਕਾਰਨਾਮੇ ਤੇ ਚਾਲਾਂ ਕਾਰਨ ਪੰਜਾਬ, ਜਿਸ ਨੂੰ ਗੁਲਾਬ ਦੇ ਫੁੱਲ ਨਾਲ ਤਸ਼ਬੀਹ ਦਿੱਤੀ ਜਾਂਦੀ ਰਹੀ ਹੈ-ਮਸਲਿਆ ਗਿਆ, ਮਧੋਲਿਆ ਗਿਆ ਤੇ ਰੋਲਿਆ ਗਿਆ। ਸਿੱਖ ਮਾਨਸਿਕਤਾ ਤੇ ਮਨੁੱਖੀ ਮਾਨਸਿਕਤਾ ਨੂੰ ਲਹੂ ਲੁਹਾਣ ਕਰ ਦੇਣ ਵਾਲੇ ਵੱਡੇ ਸਕੇ ਹੋਏ। ਪੰਜਾਬ ਦਾ, ਪੰਜਾਬੀਆਂ ਦਾ ਪੋਟਾ ਪੋਟਾ ਪੱਛਿਆ ਗਿਆ। ਪੰਜਾਬ ਦੀ ਕੁਰਲਾਹਟ ਅੰਬਰਾਂ ਤੱਕ ਪਸਰ ਗਈ। ਇਹ ਇਕ ਅਜਿਹਾ ਦੌਰ ਸੀ, ਜੋ ਹਰ ਜਿਸਮ ‘ਤੇ ਕਿਸੇ ਨਾ ਕਿਸੇ ਰੂਪ ‘ਚ ਕੋਈ ਘਾਓ ਛੱਡ ਗਿਆ। ਲੇਖਕ ਨੇ ਕੁਝ ਚੋਣਵੀਆਂ ਘਟਨਾਵਾਂ ਦਾ ਜ਼ਿਕਰ ਇਸ ਕਿਤਾਬ ਵਿਚ ਕੀਤਾ ਹੈ, ਜੋ ਉਸ ਨੂੰ ਆਪਣੇ ਨਜ਼ਰੀਏ ਮੁਤਾਬਕ ਅਹਿਮ ਲੱਗੀਆਂ। ਅਸਲ ‘ਚ ਉਸ ਦੌਰ ਨੂੰ ਇਕ ਕਿਤਾਬ ‘ਚ ਸਮੇਟਣਾ ਮੁਸ਼ਕਿਲ ਹੀ ਨਹੀਂ, ਅਸੰਭਵ ਹੈ। ਉਨ੍ਹਾਂ ਸਮਿਆਂ ‘ਚ ਹਰ ਦਿਨ ਏਨਾ ਘਟਨਾਵਾਂ ਭਰਪੂਰ ਸੀ ਕਿ ਹਰ ਦਿਨ ‘ਤੇ ਕਿਤਾਬ ਲਿਖੀ ਜਾ ਸਕਦੀ ਹੈ।
ਕਿਤਾਬ ਦਾ ਪਹਿਲਾ ਅਧਿਆਏ ‘ਵੋਲਕੋਨਿਕ ਪੰਜਾਬ’ ਹੈ। ਪੰਜਾਬੀ ‘ਚ ਇਸ ਨੂੰ ‘ਜਵਾਲਾਮੁਖੀ ਪੰਜਾਬ’ ਕਿਹਾ ਜਾ ਸਕਦਾ। ਇਸ ਵਿਚ ਪੰਜਾਬ ਦੇ ‘ਹਿੰਸਕ ਰਾਜਨੀਤਕ ਸੰਘਰਸ਼’ ਦਾ ਬਿਰਤਾਂਤਕ ਸਾਰੰਸ਼ ਹੈ। ਇਕ ਅੰਦਾਜ਼ੇ ਮੁਤਾਬਿਕ ਇਸ ਰਾਜਨੀਤਕ ਸੰਘਰਸ਼ ‘ਚ ਕੋਈ 40,000 ਲੋਕ 1978 ਤੋਂ ਲੈ ਕੇ 1995 ਤਕ ਮਾਰੇ ਗਏ। ਇਹ ਤਾਂ ਜੱਗ ਜਾਹਰ ਹੈ ਕਿ ਪਿਛਲੇ 100 ਕੁ ਸਾਲ ਤੋਂ ਖਾਲਿਸਤਾਨ ਦਾ ਮੁੱਦਾ ਕਿਸੇ ਨਾ ਕਿਸੇ ਰੂਪ ‘ਚ ਵਾਰ ਵਾਰ ਉਭਰਦਾ ਰਿਹਾ ਹੈ। ਕੁਝ ਦਿਨ ਪਹਿਲਾਂ ਵੀ ਇਹ ਸੁਰਖੀਆਂ ‘ਚ ਰਿਹਾ। ਲੇਖਕ ਦਾ ਕਹਿਣਾ ਹੈ ਕਿ ਉਸ ਨੇ ਕਿਤਾਬ ਲਿਖਦੇ ਸਮੇਂ ਹਵਾ ‘ਚ ਤੀਰ ਨਹੀਂ ਛੱਡੇ; ਭਾਵ ਇਹ ਕਿਤਾਬ ਹਵਾ ‘ਚ ਛੱਡਿਆ ਤੀਰ ਨਹੀਂ ਹੈ। ਕਿਤਾਬ ਲਿਖਦੇ ਸਮੇਂ ਲੇਖਕ ਨੇ ਦਸਤਾਵੇਜ਼ਾਂ ਨੂੰ ਆਧਾਰ ਬਣਾਇਆ। ਉਨ੍ਹਾਂ ਦਸਤਾਵੇਜ਼ਾਂ ਦੇ ਹਵਾਲੇ ਦਿੱਤੇ ਹਨ। ਉਨ੍ਹਾਂ ਕਿਤਾਬ ਵਿਚ ਦਰਜ ਵੀ ਕੀਤਾ ਹੈ। ਉਨ੍ਹਾਂ ਦੇ ਆਧਾਰ ‘ਤੇ ਆਪਣਾ ਥੀਸਿਸ ਉਸਾਰਿਆ ਹੈ।
ਭਾਵੇਂ ਕਿਤਾਬ ‘ਚ ਪੰਜਾਬ ਦੀ ਗਾਥਾ ਆਜ਼ਾਦੀ ਤੋਂ ਪਹਿਲਾਂ ਤੋਂ ਸ਼ੁਰੂ ਹੁੰਦੀ ਹੈ ਤੇ ਉਸ ਦੌਰ ਦੀ ਸਿੱਖ ਸਿਆਸਤ ਦਾ ਜ਼ਿਕਰ ਕਾਫੀ ਹੈ, ਪਰ ਕਿਤਾਬ ਦਾ ਮੁਖ ਕੇਂਦਰ ਬਿੰਦੂ ਸਾਕਾ ਨੀਲਾ ਤਾਰਾ ਤੋਂ ਕੁਝ ਪਹਿਲਾਂ ਤੇ ਕੁਝ ਬਾਅਦ ਦੇ ਸਮੇਂ ਵਿਚ ਆਏ ਰਾਜਨੀਤਕ, ਪ੍ਰਸ਼ਾਸਨਿਕ ਭੁਚਾਲ ਹਨ। ਉਨ੍ਹਾਂ ਦੀ ਤਫਸੀਲ ਟਿੱਪਣੀਆਂ ਸਾਹਿਤ ਹੈ। ਲੇਖਕ ਦਾ ਮੰਨਣਾ ਹੈ, “ਸੰਘਰਸ਼ ਦਾ ਅਰੰਭ ਧਾਰਮਿਕ ਝਗੜੇ ਤੋਂ ਹੋਇਆ, ਫਿਰ ਇਹ ਰਾਜਨੀਤਕ ਤੂਲ ਪਕੜ ਗਿਆ ਅਤੇ ਇਸ ਦਾ ਅੰਤ ਅਮਨ ਤੇ ਕਾਨੂੰਨ ਦੀ ਸਮੱਸਿਆ ਦੇ ਰੂਪ ‘ਚ ਹੋ ਗਿਆ।”
ਇਸ ਸੰਘਰਸ਼ ਨੂੰ ਲੇਖਕ ਤਿੰਨ ਪੜਾਵਾਂ ‘ਚ ਵੰਡ ਦਾ ਹੈ। ਉਸ ਮੁਤਾਬਿਕ ਪਹਿਲਾ ਪੜਾਅ ਨਿਰੰਕਾਰੀਆਂ ਨਾਲ ਟਕਰਾ ਤੇ ਖੂਨੀ ਟੱਕਰ ਤੋਂ ਸ਼ੁਰੂ ਹੁੰਦਾ ਹੈ ਤੇ ਸਾਕਾ ਨੀਲਾ ਤਾਰਾ ‘ਤੇ ਖਤਮ ਹੋ ਜਾਂਦਾ ਹੈ। ਦੂਜਾ ਪੜਾਅ ਆਪਰੇਸ਼ਨ ਬਲੈਕ ਥੰਡਰ ‘ਤੇ ਖਤਮ ਹੋ ਜਾਂਦਾ ਹੈ ਅਤੇ ਤੀਜਾ ਪੜਾਅ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਤੋਂ ਕੁਝ ਸਮਾਂ ਬਾਅਦ ਖਤਮ ਹੋ ਜਾਂਦਾ ਹੈ।
ਲੇਖਕ ਖਾੜਕੂ ਸੰਘਰਸ਼ ਦੀ ਜੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਦੇ ਸਿਧਾਂਤਕ ਅਤੇ ਰਾਜਨੀਤਕ ਪੈਂਤੜਿਆਂ ਨਾਲ ਜੁੜੀ ਹੋਈ ਵੇਖਦਾ ਹੈ (ਪੇਜ 12)। ਸਵੈ ਨਿਰਣੇ ਦੀ ਮੰਗ ਤਾਂ ਮਾਸਟਰ ਤਾਰਾ ਸਿੰਘ, ਗੁਰਚਰਨ ਸਿੰਘ ਟੌਹੜਾ ਵੀ ਕਰਦੇ ਰਹੇ। ਲੇਖਕ ਦਾ ਕਹਿਣਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸਾਕਾ ਨੀਲਾ ਤਾਰਾ ਤੱਕ ਪੰਜਾਬ ਦੇ ਰਾਜਸੀ ਪ੍ਰਬਚਨ ‘ਤੇ ਪੂਰੀ ਤਰ੍ਹਾਂ ਛਾਇਆ ਰਿਹਾ। ਜਾਂ ਕਹਿ ਲਵੋ ਕੇ ਉਸ ਦਾ ਪ੍ਰਬਚਨ ਪੰਜਾਬ ‘ਤੇ ਛਾਇਆ ਰਿਹਾ। ਆਪਣੀ ਮੌਤ ਪਿਛੋਂ ਵੀ ਉਹ ਪੰਜਾਬ ਦੇ ਰਾਜਸੀ ਪ੍ਰਬਚਨ ਦੀ ਦਿਸ਼ਾ ਤੇ ਦਿੱਖ ਨੂੰ ਲੰਬਾ ਸਮਾਂ ਨਿਰਧਾਰਤ ਕਰਦਾ ਰਿਹਾ। ਉਸ ਦਾ ਪੰਜਾਬ ਦੀ ਲੋਕ ਮਾਨਸਿਕਤਾ ਉਤੇ ਇਨ੍ਹਾਂ ਅਸਰ ਹੋ ਗਿਆ ਸੀ ਕਿ ਉਸ ਦੇ ਸਾਹਮਣੇ ਕੋਈ ਹੋਰ ਸਮਕਾਲੀ ਅਕਾਲੀ, ਪੰਥਕ ਆਗੂ ਨਾ ਹੀ ਖੜਾ ਹੋ ਸਕਿਆ ਤੇ ਨਾ ਹੀ ਟਿਕ ਸਕਿਆ। ਅਕਾਲੀਆਂ ਨੇ ਜੋ ਲੜਾਈ ਸ਼ੁਰੂ ਕੀਤੀ, ਉਸ ਵਿਚ ਨਵੀਂ ਰੂਹ ਸੰਤ ਭਿੰਡਰਾਂਵਾਲਿਆਂ ਨੇ ਹੀ ਫੂਕੀ। ਸਿੱਖ ਇਤਿਹਾਸ ਵਿਚ ਉਸ ਦਾ ਨਾਮ ਦਰਜ ਹੋ ਗਿਆ ਹੈ। ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਗੋਲਡਨ ਟੈਂਪਲ ‘ਚ ਉਸ ਦੀ ਯਾਦਗਾਰ ਬਣ ਗਈ ਹੈ, ਜਿਸ ਦੀ ਸਿੱਖ ਇਤਿਹਾਸ ‘ਚ ਨਿਰਾਲੀ ਅਹਿਮੀਅਤ ਹੈ।
ਸਿੱਖ ਸੰਘਰਸ਼ ਬਾਰੇ ਲੇਖਕ ਦੀ ਸਭ ਤੋਂ ਅਹਿਮ ਟਿੱਪਣੀ ਇਸ ਸੰਘਰਸ਼ ਦੀ ਦਿਸ਼ਾ ਤੇ ਦਿੱਖ ਬਾਰੇ ਹੈ। ਉਹ ਲਿਖਦਾ ਹੈ, ਸਿੱਖ ਸੰਘਰਸ਼ ਨੂੰ ਸੰਤ ਭਿੰਡਰਾਂਵਾਲਿਆਂ ਦੇ ਸਮੇਂ ਤੋਂ ਹੀ ਸਿੱਖਾਂ ਅਤੇ ਬ੍ਰਾਹਮਣ-ਬਾਣੀਆ ਵਿਚਕਾਰ ਲੜਾਈ ਦਾ ਰੰਗ ਚੜ੍ਹ ਗਿਆ ਸੀ ਜਾਂ ਚੜ੍ਹਾ ਦਿੱਤਾ ਗਿਆ ਸੀ; ਭਾਵ ਇਹ ਸੰਘਰਸ਼ ਇੰਡੀਅਨ ਸਟੇਟ ਦੇ ਖਿਲਾਫ ਨਾ ਹੋ ਕੇ, ਸਿੱਖਾਂ ਦੀ ਬ੍ਰਾਹਮਣ-ਬਾਣੀਆ ਨਾਲ ਲੜਾਈ ਦੇ ਚੌਖਟੇ ‘ਚ ਫਸਿਆ ਰਿਹਾ। ਇਸ ਲੜਾਈ ‘ਚ ਇਹ ਸਿਧਾਂਤਕ ਖੋਟ ਕੀਹਨੇ ਪਾਇਆ, ਕਿਸੇ ਨੂੰ ਪਤਾ ਨਹੀਂ! ਪਰ ਇਹ ਖੋਟ ਜਾਹਰਾ ਤੌਰ ‘ਤੇ ਨਜ਼ਰ ਆਉਂਦਾ ਸੀ, ਮਹਿਸੂਸ ਹੁੰਦਾ ਸੀ। ਭਾਵੇਂ ਲੇਖਕ ਇਸ ਦਾ ਜ਼ਿਕਰ ਨਹੀਂ ਕਰਦਾ, ਪਰ ਇਸ ਸੰਘਰਸ਼ ਨੂੰ ਅਜਿਹੀ ਸਪਿਨ ਦੇਣ ਲਈ ਜਰੂਰ ਕੋਈ ਸ਼ਕਤੀ ਨੇ ਕੰਮ ਕੀਤਾ ਹੋਣਾ। ਦੇਸ਼ ਦੇ ਉਤਰੀ-ਪੂਰਬੀ ਖਿੱਤੇ ਵਿਚ ਵੀ ਕਈ ਖਾੜਕੂ ਸੰਘਰਸ਼ ਲੜੇ ਗਏ, ਪਰ ਉਥੇ ਸਿੱਧੀ ਟੱਕਰ ਭਾਰਤੀ ਸਟੇਟ ਨਾਲ ਹੁੰਦੀ ਰਹੀ ਹੈ।
ਲੇਖਕ ਇਸ ਨਿਰਣੇ ‘ਤੇ ਪਹੁੰਚਦਾ ਹੈ ਕਿ ਅਸਲ ਵਿਚ ਸ਼ੁਰੂ ਤੋਂ ਹੀ ਖਾੜਕੂ ਲਹਿਰ ਅਸੇਧਤ ਸੀ; ਦਿਸ਼ਾਹੀਣ। ਉਹ ਲਿਖਦਾ ਹੈ, “ਆਪਣੇ ਦੇਸ਼ਕਾਲ (ਹੋਮਲੈਂਡ) ਲਈ ਵਿੱਢਿਆ ਸੰਘਰਸ਼ ਕਦੇ ਭੇਦ ਭਾਵ (ਡਿਸਕ੍ਰਿਮੀਨੇਸ਼ਨ) ਵਰਗੇ ਪੇਤਲੇ ਸੰਕਲਪ ‘ਤੇ ਨਹੀਂ ਟਿਕ ਸਕਦਾ। ਪੰਜਾਬ ‘ਚ ਭੇਦ ਭਾਵ ਭਾਰਤੀ ਸਟੇਟ ਦੀ ਥਾਂ ਬਾਣੀਆ-ਬ੍ਰਾਹਮਣ ਦੇ ਸਿਰ ਹੀ ਮੜ੍ਹਿਆ ਜਾਂਦਾ ਰਿਹਾ। ਪਹਿਲੇ ਪੜਾਅ (ਸਾਕਾ ਨੀਲਾ ਤਾਰਾ) ਤੱਕ ਤਾਂ ਸੰਘਰਸ਼ ਦਾ ਰਾਜਸੀ ਮੰਤਵ ਹੀ ਸਪਸ਼ਟ ਨਹੀਂ ਸੀ। ਜੇ ਸੰਘਰਸ਼ ਹੋਮਲੈਂਡ ਲਈ ਸੀ ਤਾਂ ਸੰਤ ਭਿੰਡਰਾਂਵਾਲਿਆਂ ਨੂੰ ਇਹ ਸਪਸ਼ਟ ਕਰ ਦੇਣਾ ਚਾਹੀਦਾ ਸੀ।”
ਕਿਤਾਬ ਦੇ ਸਫਾ ਨੰਬਰ 107 ‘ਤੇ ਲਿਖਿਆ ਹੈ, “ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਦੇ ਵੀ ਸਿੱਧੇ ਤੌਰ ‘ਤੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ, ਪਰ ਉਸ ਦੇ ਸਾਰੇ ਬਿਆਨ ਅਤੇ ਤਕਰੀਰਾਂ ਇਹ ਸਪਸ਼ਟ ਇਸ਼ਾਰਾ ਕਰਦੇ ਸਨ ਕੇ ਉਸ ਦਾ ਸੰਘਰਸ਼ ਖਾਲਿਸਤਾਨ ਲਈ ਸੀ। ਅਕਸਰ ਸੰਤ ਭਿੰਡਰਾਂਵਾਲਿਆਂ ਦੀ 27 ਮਾਰਚ 1983 ਨੂੰ ਦਿੱਤੀ ਗਈ ਤਕਰੀਰ ਦਾ ਹਵਾਲਾ ਦਿੱਤਾ ਜਾਂਦਾ ਹੈ। ਸੰਤ ਨੇ ਕਿਹਾ ਸੀ, ਜਿਸ ਦਿਨ ਇਸ ਸਥਾਨ (ਗੋਲਡਨ ਟੈਂਪਲ) ‘ਤੇ ਪੁਲਿਸ ਵਾਲਿਆਂ ਦਾ ਹਮਲਾ ਹੋਇਆ, ਤੇ ਇਹ ਦੁਨੀਆਂ ‘ਚ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ। ਉਸ ਦਿਨ ਜਰੂਰ ਖਾਲਿਸਤਾਨ ਬਣੇਗਾ।”
ਇਸ ਤੋਂ ਕੁਝ ਦਿਨ ਬਾਅਦ 31 ਮਾਰਚ 1983 ਨੂੰ ਸੰਤਾਂ ਦੀ ਤਕਰੀਰ ਕੁਝ ਇਸ ਤਰ੍ਹਾਂ ਸੀ, “ਅਸੀਂ ਦੇਸ਼ ਦੀ ਏਕਤਾ ਅਤੇ ਅਖੰਡਤਾ ਵਾਸਤੇ ਹਾਂ। ਜੇ ਸਰਕਾਰ ਸ਼ਾਂਤੀ ਚਾਹੁੰਦੀ ਹੈ ਤਾਂ ਇਸ ਨੂੰ ਅਨੰਦਪੁਰ ਸਾਹਿਬ ਦੇ ਮਤੇ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰੇ ਬਗੈਰ ਪੰਜਾਬ ਵਿਚ ਸਾਂਤੀ ਨਹੀਂ ਹੋ ਸਕਦੀ। ਇਹ ਸਰਕਾਰ ਨੇ ਫੈਸਲਾ ਕਰਨਾ ਹੈ ਕੇ ਸ਼ਾਂਤੀ ਚਾਹੀਦੀ ਹੈ ਜਾਂ ਗੜਬੜ। ਨਾ ਅਸੀਂ ਖਾਲਿਸਤਾਨ ਦੇ ਹੱਕ ‘ਚ ਹਾਂ ਤੇ ਨਾ ਹੀ ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਅਸੀਂ ਇਸ ਦੇਸ਼ ਵਿਚ ਰਹਿਣਾ ਚਾਹੁੰਦੇ ਹਾਂ। ਕੇਂਦਰ ਸਰਕਾਰ ਸਾਨੂੰ ਦੱਸੇ ਕਿ ਸਾਨੂੰ ਇਸ ਦੇਸ਼ ‘ਚ ਰੱਖਣਾ ਹੈ ਜਾਂ ਨਹੀਂ! ਜੇ ਸਾਨੂੰ ਇਸ ਵਾਰ ਖਾਲਿਸਤਾਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਇਸ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰ ਲਾਵਾਂਗੇ। ਪੱਕਾ ਲਾਵਾਂਗੇ ਤੇ 1947 ‘ਚ ਹੋਈ ਗਲਤੀ ਮੁੜ ਨਹੀਂ ਦੁਹਰਾਵਾਂਗੇ। ਅਸੀਂ ਇਸ ਦੀ ਮੰਗ ਨਹੀਂ ਕਰਦੇ, ਪਰ ਇਸ ਤੋਂ ਨਾਂਹ ਵੀ ਨਹੀਂ ਕਰਾਂਗੇ।”
ਕਿਤਾਬ ‘ਚ ਸੁੱਖੇ (ਸੁਖਦੇਵ ਸਿੰਘ) ਤੇ ਜਿੰਦੇ (ਹਰਜਿੰਦਰ ਸਿੰਘ) ਬਾਰੇ ਵੀ ਪੂਰਾ ਚੈਪਟਰ ਹੈ। ਬਹੁਤ ਹੀ ਦਿਲਚਸਪ। ਸੁੱਖੇ ਤੇ ਜਿੰਦੇ ਨੂੰ ਜਨਰਲ ਵੈਦਿਆ ਕਤਲ ਕੇਸ ‘ਚ ਪੁਣੇ ਦੀ ਜੇਲ੍ਹ ‘ਚ ਫਾਂਸੀ ਲੱਗ ਗਈ ਸੀ, ਪਰ ਉਨ੍ਹਾਂ ਨਾਲ ਇਕ ਹੋਰ ਵੱਡੀ ਘਟਨਾ ਜੁੜੀ ਹੋਈ ਹੈ, ਜਿਸ ਕਾਰਨ ਉਸ ਸਮੇਂ ਮੀਡੀਆ ‘ਚ ਤਰਥੱਲੀ ਮੱਚ ਗਈ ਸੀ। ਸੁੱਖੇ ਤੇ ਜਿੰਦੇ ਦੇ ਦਸਤਖਤਾਂ ਹੇਠ ਅਖਬਾਰਾਂ ਦੇ ਨਾਂ ਪੱਤਰ ਜਾਰੀ ਕੀਤਾ ਗਿਆ ਸੀ। ਇਹ ਪੱਤਰ ਦੀ ਵਾਰਤਾ ਕੀਹਨੇ ਲਿਖੀ? ਉਸ ਨੂੰ ਕਿੰਨੇ ਦਿਨ ਪੱਤਰ ਲਿਖਣ ਨੂੰ ਲੱਗੇ, ਇਹ ਖੁਲਾਸਾ ਕਿਤਾਬ ‘ਚ ਕੀਤਾ ਗਿਆ ਹੈ। ਕਿਵੇਂ ਪੁਣੇ ਜੇਲ੍ਹ ‘ਚ ਉਨ੍ਹਾਂ ਦੇ ਪੱਤਰ ‘ਤੇ ਦਸਤਖਤ ਕਰਵਾਏ ਗਏ, ਕਿਵੇਂ ਇਸ ਨੂੰ ਅਖਬਾਰਾਂ ਵਿਚ ਹੂਬਹੂ ਛਪਵਾਇਆ ਗਿਆ, ਇਸ ਦਾ ਵੀ ਜ਼ਿਕਰ ਹੈ। ਇਸ ਪੱਤਰ ਦਾ ਅੰਗਰੇਜ਼ੀ ‘ਚ ਉਲਥਾ ਕਿਸ ਪ੍ਰੋਫੈਸਰ ਨੇ ਕੀਤਾ, ਇਸ ਬਾਰੇ ਵੀ ਜਾਣਕਾਰੀ ਹੈ।
1991 ਦੀਆਂ ਵਿਧਾਨ ਸਭਾ ਚੋਣਾਂ ਅਤੇ ਫਰਵਰੀ 1992 ਦੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਿਵੇਂ ਹੋਇਆ? ਕੌਣ ਕੌਣ ਚੋਣਾਂ ‘ਚ ਭਾਗ ਲੈਣ ਦੇ ਹੱਕ ‘ਚ ਸੀ ਤੇ ਕੌਣ ਵਿਰੁੱਧ? ਇਸ ਦਾ ਜ਼ਿਕਰ ਵੀ ਕਿਤਾਬ ‘ਚ ਪੂਰੀ ਤਫਸੀਲ ਨਾਲ ਹੈ। ਬਾਈਕਾਟ ਤੋਂ ਪਹਿਲਾਂ ਖਾੜਕੂ ਆਗੂਆਂ ਦੀਆਂ ਆਪਿਸ ਵਿਚ ਕਿੰਨੀਆਂ ਤੇ ਕਿੱਥੇ ਮੀਟਿੰਗ ਹੋਈਆਂ, ਇਸ ਦਾ ਵੀ ਪੂਰਾ ਵੇਰਵਾ ਹੈ। ਲੇਖਕ ਦਾ ਕਹਿਣਾ ਹੈ ਕੀ 1992 ਦੀਆਂ ਚੋਣਾਂ ਦਾ ਅਕਾਲੀ ਦਲ ਵਲੋਂ ਬਾਈਕਾਟ ਵੱਡੀ ਗਲਤੀ ਸੀ। ਇਸ ਨਾਲ ਹੀ ਖਾੜਕੂ ਸੰਘਰਸ਼ ਦੇ ਅੰਤ ਦੀ ਸ਼ੁਰੂਆਤ ਦਾ ਪਿੜ ਬੱਝ ਗਿਆ। ਸੁਰੱਖਿਆ ਦਸਤਿਆਂ ਨੇ ਖਾੜਕੂਆਂ ਖਿਲਾਫ ਜ਼ੋਰਦਾਰ ਮੁਹਿੰਮ ਵਿੱਢ ਦਿੱਤੀ। ਸਰਕਾਰ ਵਲੋਂ ਇਸ ਮੁਹਿੰਮ ਨੂੰ ਪੂਰੀ ਹੱਲਾਸ਼ੇਰੀ ਦਿੱਤੀ ਗਈ। ਦੋ ਸਾਲਾਂ ‘ਚ ਹੀ ਪੰਜਾਬ ‘ਚ ਰਾਜਸੀ ਹਿੰਸਾਂ ਦਾ ਕਰੀਬ ਅੰਤ ਹੋ ਗਿਆ, ਪਰ ਇਸ ਕਾਰਨ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ। ਬੱਬਰ ਖਾਲਸਾ ਦੇ ਖਾੜਕੂਆਂ ਨੇ ਉਹਨੂੰ ਪੰਜਾਬ ਸਕੱਤਰੇਤ ਵਿਖੇ ਹਿਊਮਨ ਬੰਬ ਬਲਾਸਟ ਕਰਕੇ ਮਾਰ ਕਰ ਦਿੱਤਾ ਸੀ। 1980 ‘ਚ ਸ਼ੁਰੂ ਹੋਈ ਖਾੜਕੂ ਲਹਿਰ ਦਾ ਇਹ ਆਖਰੀ ਵੱਡਾ ਹਮਲਾ ਸੀ, ਜਿਸ ਵਿਚ ਮੁੱਖ ਮੰਤਰੀ ਦੀ ਕਾਰ ਤੱਕ ਉਡਾ ਦਿੱਤੀ ਗਈ ਸੀ। ਚੋਣਾਂ ਦੇ ਬਾਈਕਾਟ ਦੇ ਆਸ-ਪਾਸ ਹੀ ਖਾੜਕੂ ਧਿਰਾਂ ‘ਚ ਆਪਸੀ ਭਰਾ ਮਾਰੂ ਜੰਗ ਦਾ ਮੁਢ ਵੀ ਬੱਝ ਚੁਕਾ ਸੀ।