ਸ਼ਗਨ-ਸੁਗਾਤ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਖੇਡਣ ਦੇ ਦਸਤੂਰ ਦੱਸੇ ਸਨ ਕਿ ਜਿੱਤ ਕਦੇ ਵੀ ਸਿਰ ਨੂੰ ਨਾ ਚੜ੍ਹੇ ਅਤੇ ਹਾਰ ਕਦੇ ਵੀ ਨਿਰਾਸ਼ਾ ਜਾਂ ਉਦਾਸੀ ਦੇ ਆਲਮ ਨੂੰ ਤਾਰੀ ਨਾ ਹੋਣ ਦੇਵੇ। ਸਗੋਂ ਜਿੱਤ ਨਵੇਂ ਦਿਸਹੱਦਿਆਂ ਦੀ ਪ੍ਰਾਪਤੀ ਲਈ ਵੰਗਾਰਦੀ ਰਹੇ, ਜਦੋਂ ਕਿ ਹਾਰਨਾ, ਹੋਰ ਮਿਹਨਤ ਤੇ ਤਾਕਤ ਨਾਲ ਹਾਰਾਂ ਨੂੰ ਜਿੱਤਾਂ ਵਿਚ ਬਦਲਣ ਦਾ ਨਾਮ।

ਉਨ੍ਹਾਂ ਦੀ ਨਸੀਹਤ ਕੀਤੀ ਸੀ ਕਿ ਕਦੇ ਵੀ ਕਿਸੇ ਹਾਮੀ ਭਰਨ ਵਾਲੇ ਹਮਦਰਦ ਦੀਆਂ ਭਾਵਨਾਵਾਂ ਨਾਲ ਨਾ ਖੇਡੋ, ਕਿਉਂਕਿ ਭਲੇ ਹੀ ਤੁਸੀਂ ਜਿੱਤ ਜਾਵੋ, ਪਰ ਤੁਸੀਂ ਇਕ ਹਮਦਰਦ ਨੂੰ ਸਦਾ ਲਈ ਗਵਾ ਲੈਂਦੇ ਹੋ। ਇਹ ਜਿੱਤਣਾ, ਹਾਰਨ ਨਾਲੋਂ ਮਾੜਾ ਹੁੰਦਾ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਸ਼ਗਨਾਂ ਦੇ ਸ਼ਗਨ ਮਨਾਉਂਦਿਆਂ ਕਿਹਾ ਹੈ ਕਿ ਜਿਉਣਾ ਹੀ ਸ਼ਗਨ ਹੈ ਤਾਂ ਸ਼ਗਨ ਮਨਾਉਣ ਤੋਂ ਕਾਹਦੀ ਕੁਤਾਹੀ! ਸ਼ਗਨ ਦੇ ਬਹੁਤ ਸਾਰੇ ਰੂਪ। ਕਿਸੇ ਨਾ ਕਿਸੇ ਰਸਮ, ਰਿਵਾਜ਼ ਜਾਂ ਹੋਰ ਰੂਪ ਵਿਚ ਹਾਜ਼ਰ-ਨਾਜ਼ਰ। ਸ਼ਗਨ ਨੂੰ ਕਿਹੜੇ ਰੂਪ ਵਿਚ, ਕਿਸ ਨੇ ਅਤੇ ਕਿਹੜੇ ਮੌਕਿਆਂ ‘ਤੇ ਮਨਾਉਣਾ, ਇਹ ਸ਼ਗਨ ਦੇ ਕਾਰਨਾਂ ‘ਤੇ ਨਿਰਭਰ। ਉਹ ਕਹਿੰਦੇ ਹਨ, “ਦਰਅਸਲ ਸ਼ਗਨ ਮਨ ਵਿਚ ਹੋਵੇ ਤਾਂ ਮੌਸਮ, ਰੁੱਤਾਂ, ਤਿੱਥਾਂ ਜਾਂ ਦਿਨ-ਦਿਹਾਰ ਦੇ ਕੋਈ ਅਰਥ ਨਹੀਂ ਹੁੰਦੇ। ਹਰ ਦਿਨ ਹੀ ਸ਼ਗਨਾਂ ਭਰੀ ਚੰਗੇਰ ਬਣ ਬਰੂਹਾਂ ਟੱਪਦਾ ਅਤੇ ਥਿੰਧੀਆਂ ਬਰੂਹਾਂ ਨੂੰ ਆਪਣੀ ਅਉਧ ਤੇ ਆਸਥਾ ਉਤੇ ਮਾਣ ਹੁੰਦਾ।” ਡਾ. ਭੰਡਾਲ ਦੇ ਇਹ ਸ਼ਬਦ ਸਦਭਾਵਨਾ ਦਾ ਭਾਵ ਪ੍ਰਗਟਾਉਂਦੇ ਹਨ, ਜਦੋਂ ਉਹ ਕਹਿੰਦੇ ਹਨ, “ਸ਼ਗਨ ਮਨਾਉਣ ਲਈ ਆਪਣਿਆਂ-ਬਿਗਾਨਿਆਂ ਦਾ ਫਰਕ ਨਾ ਰੱਖੋ। ਵਖਰੇਵਾਂ ਨਾ ਪਾਲੋ। ਜਦ ਕਿਸੇ ਸ਼ਗਨ ਵਿਚ ਸ਼ਮੂਲੀਅਤ ਕਰਦੇ ਹੋ ਤਾਂ ਤੁਹਾਡੀ ਅੰਦਰਲੀ ਸ਼ਗਨ-ਕਿਰਨ, ਅੰਤਰੀਵ ਨੂੰ ਚਾਨਣ ਨਾਲ ਭਰਦੀ, ਸ਼ਗਨਾਂ ਨੂੰ ਹੋਰ ਰੌਣਕ ਅਤੇ ਰੌਸ਼ਨੀ ਨਾਲ ਲਬਰੇਜ਼ ਕਰਦੀ।” ਨਾਲ ਹੀ ਉਨ੍ਹਾਂ ਸੁਚੇਤ ਕੀਤਾ ਹੈ ਕਿ ਕੁਝ ਕੁਸ਼ਗਨੇ ਲੋਕ ਵੀ ਹੁੰਦੇ, ਜੋ ਸ਼ਗਨਾਂ ਦੀ ਸੁਲੱਖਣੀ ਘੜੀ ਵਿਚੋਂ ਵੀ ਨਿੱਜੀ ਮੁਫਾਦ ਦੀ ਭਾਅ ਕਿਆਸਦੇ, ਜੜ੍ਹੀਂ ਤੇਲ ਦੇਣ ਤੋਂ ਬਾਜ ਨਹੀਂ ਆਉਂਦੇ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਸ਼ਗਨ ਸੁਪਨਿਆਂ, ਸੰਭਾਵਨਾਵਾਂ, ਸਫਲਤਾਵਾਂ, ਸਬੰਧਾਂ, ਸਰੋਕਾਰਾਂ, ਸਾਂਝੇਦਾਰੀਆਂ ਅਤੇ ਸਰਬ-ਸੁੱਖਨਤਾ ਦੇ ਮਨਾਏ ਜਾਂਦੇ, ਜਿਨ੍ਹਾਂ ਦੀ ਧਰਾਤਲ ਵਿਚ ਸੇਧ, ਸਾਧਨਾ, ਸੰਦੇਸ਼, ਸਿਰੜ ਅਤੇ ਸਾਫਗੋਈ ਹੁੰਦੀ।
ਸ਼ਗਨ ਮਨ ਦਾ ਚਾਅ, ਮਨੋਦਸ਼ਾ ਵਿਚਲਾ ਉਤਸ਼ਾਹ, ਸ਼ੁਭ-ਕਾਰਜ ਦੀ ਅਰੰਭਤਾ, ਪਾਕ ਕਾਰਜ ਦੀ ਸੰਪੂਰਨਤਾ ਅਤੇ ਮਾਨਵੀ ਮੁਹਿੰਮ ਦਾ ਆਗਾਜ਼।
ਸ਼ਗਨ ਸੰਵੇਦਨਾ ਭਰਪੂਰ ਕਿਰਿਆ, ਸਮਾਜਕ ਸਰੋਕਾਰਾਂ ਦੀ ਸ਼ੁਰੂਆਤ ਅਤੇ ਭਾਵਨਾਤਮਕਤਾ ਨੂੰ ਹੁਲਾਰ।
ਸ਼ਗਨ ਰੂਹ ਦੀ ਸਕੂਨਤਾ, ਖੁਸ਼ੀ ਨੂੰ ਅਪਨਾਉਣ ਤੇ ਮਨਾਉਣ ਦੀ ਰੀਤ, ਖੁਦ ਸੰਗ ਚਾਅ-ਪ੍ਰੀਤ ਅਤੇ ਆਪਣੇ ‘ਤੇ ਆਪਣੀ ਜੀਤ।
ਸ਼ਗਨ ਮਨੁੱਖ ਦੇ ਜੀਵਨ ਵਿਚ ਹਰ ਪਲ ਹੀ ਦਸਤਕ ਦਿੰਦਾ। ਇਹ ਦਸਤਕ ਜਨਮ ਤੋਂ ਸ਼ੁਰੂ ਹੋ ਕੇ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਆਪਣੀ ਰੰਗਤ ਵਿਚ ਰੰਗਦਾ। ਸ਼ਗਨ ਦੀ ਰੁੱਤ ਘਰ ਦੇ ਵਿਹੜੇ ਦਾ ਭਾਗ ਬਣਦਾ, ਜਦ ਬੱਚੇ ਦੀ ਪਹਿਲੀ ਕਿਲਕਾਰੀ ਘਰ ਦੀਆਂ ਕੰਧਾਂ ਨੂੰ ਜਿਉਣ ਜੋਗਾ ਕਰਦੀ। ਔਰਤ ਦੀ ਸੰਪੂਰਨਤਾ ਦਾ ਰਾਗ ਅਲਾਪਿਆ ਜਾਂਦਾ। ਸਰੀਂਹ ਅਤੇ ਨਿੰਮ ਦੇ ਪੱਤੇ ਦਰਾਂ ਨੂੰ ਸਜਾਉਂਦੇ। ਇਸ ਨਾਲ ਮਿਲਦਾ ਨਵਜਨਮੇ ਬੱਚੇ ਦੇ ਆਗਮਨ ਦਾ ਸੰਦੇਸ਼। ਦਰਾਂ ‘ਤੇ ਚੋਏ ਤੇਲ ਅਤੇ ਡੋਲੇ ਪਾਣੀ ਦੀ ਤਰਤਾ ਘਰ ਦੇ ਲੇਖਾਂ ਦੀ ਕਲਾਕਾਰੀ ਕਰਦੀ। ਲਾਗੀ ਦੀ ਤਲੀ ‘ਤੇ ਧਰੀ ਗੁੜ ਦੀ ਭੇਲੀ ਸ਼ਗਨ ਦਾ ਪਹਿਲਾ ਪੜਾਅ।
ਸ਼ਗਨ ਮਨਾਏ ਜਾਂਦੇ ਜਦ ਮਾਂ ਤੇ ਬੱਚੇ ਦਾ ਤੇਰਵਾਂ ਮਨਾਇਆ ਜਾਂਦਾ। ਸਵਾਣੀ ਨੂੰ ਚੌਂਕੇ ‘ਤੇ ਚੜ੍ਹਾਇਆ ਜਾਂਦਾ ਅਤੇ ਘਰ ਦੀਆਂ ਰੌਣਕਾਂ ਨੂੰ ਭਾਗ ਲੱਗਦੇ।
ਸ਼ਗਨ ਦੀ ਲੋਰ ਬਾਪ ਦੀ ਪੱਗ ਨੂੰ ਹੋਰ ਉਚੇਰਾ ਕਰਦੀ, ਜਦ ਲਾਡਲੇ ਦੀ ਦਸਤਾਰਬੰਦੀ ਹੁੰਦੀ। ਵਿਰਾਸਤ ਨੂੰ ਅੱਗੇ ਤੋਰਨ ਅਤੇ ਪਰੰਪਰਾਵਾਂ ਤੇ ਰਵਾਇਤਾਂ ਨੂੰ ਹੋਰ ਨਵੀਨਤਾ ਤੇ ਤਾਜ਼ਗੀ ਬਖਸ਼ਣ ਦਾ ਹੀਆ ਤੇ ਹੌਂਸਲਾ ਮਿਲਦਾ।
ਸ਼ਗਨ ਜਸ਼ਨ ਤੋਂ ਵੱਖਰੇ। ਸ਼ਗਨ ਤਾਂ ਕਿਸੇ ਪਾਕ-ਪਵਿੱਤਰ ਕਿਰਿਆ ਦੀ ਸ਼ੁਰੂਆਤ ਜਾਂ ਸੰਪਨ ਹੋਣਾ। ਜਸ਼ਨ ਤਾਂ ਕਿਸੇ ਨੂੰ ਹਰਾਉਣ, ਨੀਵਾਂ ਦਿਖਾਉਣਾ, ਕਤਲ ਕਰਨ, ਕਬਜ਼ਾ ਲੈਣ ਆਦਿ ਕਮੀਨਗੀ ਵਿਚੋਂ ਵੀ ਪੈਦਾ ਹੁੰਦਾ। ਜਸ਼ਨ ਸਦਾ ਸ਼ਗਨ ਨਹੀਂ ਹੁੰਦਾ, ਭਾਵੇਂ ਸ਼ਗਨ ਕਦੇ ਕਦਾਈਂ ਜਸ਼ਨ ਦਾ ਰੂਪ ਵਟਾਵੇ।
ਸ਼ਗਨ ਦੇ ਬਹੁਤ ਸਾਰੇ ਰੂਪ। ਕਿਸੇ ਨਾ ਕਿਸੇ ਰਸਮ, ਰਿਵਾਜ਼ ਜਾਂ ਹੋਰ ਰੂਪ ਵਿਚ ਹਾਜ਼ਰ-ਨਾਜ਼ਰ। ਸ਼ਗਨ ਨੂੰ ਕਿਹੜੇ ਰੂਪ ਵਿਚ, ਕਿਸ ਨੇ ਅਤੇ ਕਿਹੜੇ ਮੌਕਿਆਂ ‘ਤੇ ਮਨਾਉਣਾ, ਇਹ ਸ਼ਗਨ ਦੇ ਕਾਰਨਾਂ ‘ਤੇ ਨਿਰਭਰ।
ਸ਼ਗਨ ਸੁਹਾਗ, ਘੋੜੀਆਂ, ਸਿੱਠਣੀਆਂ ਦੇ ਰੂਪ ਵਿਚ ਵੀ ਮਨਾਏ ਜਾਂਦੇ। ਮਹਿੰਦੀ ਦੀ ਰਸਮ, ਚੂੜਾ ਚੜ੍ਹਾਉਣਾ, ਸੁਰਮਾ ਪਾਉਣਾ, ਵਾਗ ਫੜਨੀ, ਘੋੜੀ ਚੜ੍ਹਾਉਣਾ, ਜੰਝ ਦਾ ਚੜ੍ਹਨਾ, ਜੰਝ ਦਾ ਢੁੱਕਣਾ ਅਤੇ ਜੰਝ ਦੀ ਆਓ-ਭਗਤ ਵਿਚ ਵੀ ਸ਼ਗਨਾਂ ਦੀ ਭਰਮਾਰ। ਇਨ੍ਹਾਂ ਸ਼ਗਨਾਂ ਵਿਚ ਸਮੁੱਚੇ ਭਾਈਚਾਰੇ ਦੀ ਸ਼ਮੂਲੀਅਤ।
ਸ਼ਗਨ ਸਿਰਫ ਸ਼ਗਨ ਹੀ ਹੋਵੇ ਤਾਂ ਇਸ ਦੀ ਉਚਮਤਾ ਅਤੇ ਸੁੱਚਮਤਾ ਦੇ ਬਲਿਹਾਰੇ ਜਾਈਦੇ, ਪਰ ਕੁਝ ਕੁਸ਼ਗਨੇ ਲੋਕ ਵੀ ਹੁੰਦੇ, ਜੋ ਸ਼ਗਨਾਂ ਦੀ ਸੁਲੱਖਣੀ ਘੜੀ ਵਿਚੋਂ ਵੀ ਨਿੱਜੀ ਮੁਫਾਦ ਦੀ ਭਾਅ ਕਿਆਸਦੇ, ਜੜ੍ਹੀਂ ਤੇਲ ਦੇਣ ਤੋਂ ਬਾਜ ਨਹੀਂ ਆਉਂਦੇ।
ਸ਼ਗਨ ਤਾਂ ਵੀਰੇ ਦੀ ਲਾਗ ਫੜਾਈ, ਧੀ ਦੀ ਡੋਲੀ ਤੋਰਨਾ, ਬਾਪ ਵਲੋਂ ਧੀ ਦਾ ਲੜ ਫੜਾਉਣਾ ਅਤੇ ਸੱਸ ਦਾ ਨੂੰਹ ਦੇ ਸਿਰ ਤੋਂ ਪਾਣੀ ਵਾਰ ਕੇ ਪਾਣੀ ਪੀਣਾ ਵੀ ਹੁੰਦਾ। ਅਜਿਹੇ ਸ਼ਗਨਾਂ ਵਾਲੇ ਮੌਸਮ ਦਹਿਲੀਜ਼ਾਂ ਦਾ ਮਾਣ ਬਣੇ ਰਹਿਣ ਤਾਂ ਘਰ ਵੱਸਦੇ, ਰੱਸਦੇ ਤੇ ਹੱਸਦੇ ਅਤੇ ਘਰਾਂ ਦੇ ਬਾਸ਼ਿੰਦਿਆਂ ਨੂੰ ਮਿਲਦੀਆਂ ਦਰਾਂ ਦੀਆਂ ਦੁਆਵਾਂ।
ਸ਼ਗਨ ਸੁੱਚਮ, ਸਪੱਸ਼ਟਤਾ, ਸਾਦਗੀ ਅਤੇ ਸੁੰਦਰਤਾ ਨਾਲ ਭਰਪੂਰ ਹੋਵੇ ਤਾਂ ਸ਼ਗਨਾਂ ਦੀ ਉਮਰ ਲੰਮੇਰੀ। ਕੂੜ-ਕਪਟ ਵਿਚ ਲਿਪਟੇ ਸ਼ਗਨ, ਕੁਸ਼ਗਨ ਬਣਨ ਲੱਗਿਆਂ ਦੇਰ ਨਹੀਂ ਲਾਉਂਦੇ।
ਸ਼ਗਨ ਰੂਹ ਦਾ ਅੰਦਾਜ਼, ਮਨ ਦੀਆਂ ਤਰ ਬਰੂਹਾਂ, ਸੱਚੇ ਭਾਵਾਂ ‘ਚ ਸੁਰ ਕੀਤਾ ਸਾਜ਼ ਅਤੇ ਸੁੱਖਣਾ ਭਰੀ ਲੋਚਾ ਦਾ ਖੁਆਬ।
ਸ਼ਗਨ ਮਨਾਓ, ਸਾਹਾਂ ਵਿਚ ਘੁੱਲੀ ਸੁਗੰਧ ਦਾ, ਮੱਸਿਆਂ ਦੀ ਰਾਤੇ ਉਗਦੇ ਚੰਦ ਦਾ, ਹੋਠੀਂ ਧਰੀ ਮੁਸਕਰਾਹਟੀ ਮੰਦ-ਮੰਦ ਦਾ, ਰਿਸ਼ਤੇ ਵਿਚਲੀ ਢਹਿ-ਢੇਰੀ ਕੰਧ ਦਾ ਅਤੇ ਸੋਚਾਂ ‘ਚੋਂ ਦੂਰ ਹੋਏ ਦੁਵੰਧ ਦਾ।
ਸ਼ਗਨ ਮਨਾਓ ਬਸਤਿਆਂ ਵਿਚ ਉਗਦੇ ਸੂਰਜਾਂ ਦਾ, ਵਰਕਿਆਂ ‘ਤੇ ਮੋਮਬੱਤੀਆਂ ਦੀ ਕਤਾਰਬੰਦੀ ਦਾ। ਹਰਫਾਂ ਵਿਚ ਜਗ ਰਹੇ ਚਿਰਾਗਾਂ ਦਾ, ਪੱਤਝੜ ਦੀ ਰੁੱਤੇ ਵੀ ਮੌਲ ਰਹੇ ਬਾਗਾਂ ਦਾ ਅਤੇ ਉਦਾਸ ਮੌਸਮਾਂ ਵਿਚ ਗੂੰਜਦੇ ਸੂਹੇ ਰਾਗਾਂ ਦਾ।
ਸ਼ਗਨ ਮਨਾਓ ਅੰਤਰੀਵ ਵਿਚ ਜਗਮਾਉਂਦੀ ਲੋਅ ਦਾ, ਆਪਣਿਆਂ ਲਈ ਪੈਂਦੀ ਖੋਅ ਦਾ, ਸੋਚ-ਸੁਗੰਧੀਆਂ ਦੇ ਚੋਅ ਦਾ ਅਤੇ ਆਪਣਿਆਂ ਦੀ ਗਲਵੱਕੜੀ ਦੇ ਢੋਅ ਦਾ।
ਸ਼ਗਨ ਮਨਾਓ ਮਨ ਦੀਆਂ ਸੁੱਚੀਆਂ ਤਰਜ਼ੀਹਾਂ ਦਾ, ਬੇਮੌਸਮਾਂ ਨੂੰ ਦਿਤੀਆਂ ਤਾਰਿਆਂ ਦੀਆਂ ਤਸ਼ਬੀਹਾਂ ਦਾ, ਨਵੀਆਂ ਸਿਰਜੀਆਂ ਲੀਹਾਂ ਦਾ ਅਤੇ ਫਕੀਰਾਂ ਦੇ ਸੱਦ-ਬੋਲਾਂ ਨਾਲ ਲਰਜ਼ਦੀਆਂ ਬੀਹਾਂ ਦਾ।
ਸ਼ਗਨ ਮਨਾਓ ਸ਼ਗਨਾਂ ਦੀ ਦਸਤਕ ਲੋਚਦੇ ਹਾਕ-ਹੁੰਗਾਰਿਆਂ ਦਾ, ਮਨ ਵਿਚ ਪਨਪ ਰਹੇ ਚਾਅ-ਕੁਆਰਿਆਂ ਦਾ ਅਤੇ ਚੌਪਟ ਖੁਲ੍ਹਣਾ ਲੋਚਦੇ ਬੰਦ ਦੁਆਰਿਆਂ ਦਾ।
ਸ਼ਗਨ ਮਨਾਓ ਉਸ ਸੋਚ ਦਾ ਜੋ ਕਦਰਾਂ ਕੀਮਤੀ ਦੀ ਰਹਿਨੁਮਾਈ ਕਰੇ, ਦਰਦਮੰਦਾਂ ਦਾ ਦਰਦ ਹਰੇ, ਦੁਖੀਆਂ ਦੇ ਜਖ਼ਮ ਭਰੇ, ਨਿਆਸਰਿਆਂ ਦੇ ਕਸ਼ਟ ਜਰੇ ਅਤੇ ਮਰਨਾਉ ਭਾਵਨਾਵਾਂ ਦੀ ਤੰਦਰੁੱਸਤੀ ਲਈ ਆਹਰ ਕਰੇ।
ਸ਼ਗਨ ਮਨਾਓ ਕੁਦਰਤੀ ਦੀਆਂ ਅਨਾਇਤਾਂ ਦਾ, ਬਖਸ਼ਿਸ਼-ਬਹੁਲਤਾ ਦਾ, ਜੀਵਨ ਦਾਨ ਦਾ, ਮਨੁੱਖ ਨੂੰ ਮਿਲੀ ਆਰਜ਼ਾ ਦਾ, ਸਰੀਰਕ ਅੰਗਾਂ ਦੀ ਸੁਚੱਜਤਾ ਅਤੇ ਸਿਹਤਯਾਬੀ ਦਾ।
ਕਦੇ ਵੀ ਸ਼ਗਨ ਨਾ ਮਨਾਓ ਕਿਸੇ ਦੇ ਟੁੱਟੇ ਸੁਪਨੇ ਦੀ ਚੀਸ ਦਾ, ਅਨਾਥ ਦੀ ਲੇਰ ਦਾ, ਬਸਤਾ-ਹੀਣਾਂ ਦੀ ਅੱਖਰ ਵਿਲਕਣੀ ਦਾ, ਚੁੰਨੀਆਂ ਦੀਆਂ ਲੀਰਾਂ ਦਾ, ਕਿੱਕਰ ਤੇ ਟੰਗੇ ਬਦਨਸੀਬ ਬਾਪ ਦੇ ਪਰਨੇ ਦਾ, ਪੇਟ ਲਈ ਬਾਜ਼ਾਰ ਵਿਚ ਜਿਸਮ ਦੀ ਬੋਲੀ ਲਾ ਰਹੀ ਬੇਵਾ ਦਾ, ਆਪਣਿਆਂ ਦੀ ਦੁਰਕਾਰੀ ਅਨਾਥ ਆਸ਼ਰਮ ਵਿਚ ਸਾਹਾਂ ਨੂੰ ਕੋਸਦੀ ਮਾਂ ਦਾ ਜਾਂ ਆਪਣੀ ਕਬਰ ਲਈ ਜ਼ਮੀਨ ਭਾਲਦੇ ਬਾਪ ਦਾ ਜੋ ਜ਼ਮੀਨ ਤੋਂ ਬੇਦਖਲ ਏ।
ਸ਼ਗਨ ਨਾ ਮਨਾਓ ਟੁੱਟੀਆਂ ਚੂੜੀਆਂ ਦੀ ਵੇਦਨਾ ਦਾ, ਪੂੰਝੇ ਸੰਧੂਰ ਦਾ ਜਾਂ ਮੋਢਿਆਂ ‘ਤੇ ਪੁੱਤ ਦੀ ਲਾਸ਼ ਢੋਅ ਰਹੇ ਬਾਪ ਦਾ। ਕਿਸੇ ਦੀ ਬੇਵਾ ਰੁੱਤ ਵਿਚ ਸ਼ਗਨ ਨਹੀਂ ਸ਼ੋਭਦੇ। ਕੀਰਨਿਆਂ ਵਿਚ ਗੀਤਾਂ ਲਈ ਕੋਈ ਥਾਂ ਨਹੀਂ ਹੁੰਦੀ।
ਸ਼ਗਨ ਜਰੂਰ ਮਨਾਓ, ਆਪਣੇ ਫਰਜ਼ੰਦ ਦੀਆਂ ਪ੍ਰਾਪਤੀਆਂ ਦਾ, ਸੁਪਨਿਆਂ ਦੀ ਸੰਪੂਰਨਤਾ ਦਾ, ਨਵੇਂ ਦਿਸਹੱਦਿਆਂ ਦੀ ਸਿਰਜਣਹਾਰੀ ਚੇਤਨਾ ਦਾ ਅਤੇ ਜਾਗਦੀ ਜ਼ਮੀਰ ਦਾ।
ਸ਼ਗਨ ਤਾਂ ਮਨਾਉਣਾ ਹੀ ਚਾਹੀਦਾ ਕਿਸੇ ਦੇ ਦੀਦਿਆਂ ਵਿਚ ਉਤਰ ਜਾਣ ਦਾ, ਅਛੋਹ ਭਾਵਾਂ ਦੀ ਤਰਜਮਾਨੀ ਕਰਨ ਦਾ, ਸੋਚ-ਸੁਪਨਿਆਂ ਵਿਚ ਸੰਦਲੀ ਆਭਾ ਭਰਨ ਦਾ, ਕਿਸੇ ਲਈ ਜੀਣ-ਥੀਣ ਨੂੰ ਪਰ ਦੇਣ ਅਤੇ ਪਰਵਾਜ਼ ਦਾ ਸਬੱਬ ਬਣਨ ਦਾ।
ਸ਼ਗਨ ਤਾਂ ਤਿਓਹਾਰਾਂ, ਗੁਰਪੁਰਬਾਂ ਜਾਂ ਸ਼ਤਾਬਦੀਆਂ ‘ਤੇ ਵੀ ਮਨਾਏ ਜਾਂਦੇ, ਪਰ ਲੋੜ ਹੈ ਕਿ ਇਨ੍ਹਾਂ ਸ਼ਗਨਾਂ ਦੇ ਓਹਲੇ ਵਿਚ ਹੋ ਰਹੀਆਂ ਖੁਨਾਮੀਆਂ ਨੂੰ ਖਤਮ ਕਰ ਕੇ, ਇਸ ਦੀ ਸਮੁੱਚਤਾ ਅਤੇ ਸਾਰਥਕਤਾ ਨੂੰ ਅਪਨਾਇਆ ਜਾਵੇ।
ਸ਼ਗਨ ਮਨਾਉਣ ਲਈ ਆਪਣਿਆਂ-ਬਿਗਾਨਿਆਂ ਦਾ ਫਰਕ ਨਾ ਰੱਖੋ। ਵਖਰੇਵਾਂ ਨਾ ਪਾਲੋ। ਜਦ ਕਿਸੇ ਸ਼ਗਨ ਵਿਚ ਸ਼ਮੂਲੀਅਤ ਕਰਦੇ ਹੋ ਤਾਂ ਤੁਹਾਡੀ ਅੰਦਰਲੀ ਸ਼ਗਨ-ਕਿਰਨ, ਅੰਤਰੀਵ ਨੂੰ ਚਾਨਣ ਨਾਲ ਭਰਦੀ, ਸ਼ਗਨਾਂ ਨੂੰ ਹੋਰ ਰੌਣਕ ਅਤੇ ਰੌਸ਼ਨੀ ਨਾਲ ਲਬਰੇਜ਼ ਕਰਦੀ।
ਸ਼ਗਨ ਕਿਹੜੇ ਰੂਪ ਵਿਚ ਮਨਾਏ ਹੋਣਗੇ ਇਕ ਬਾਪ ਨੇ, ਜਦ ਆਪਣੇ ਬੇਟਿਆਂ ਨੂੰ ਯੁੱਧ ਵਿਚ ਮੌਤ ਨੂੰ ਵਿਹਾਜਣ ਲਈ ਤੋਰਿਆ ਹੋਵੇਗਾ? ਦਾਦੀ ਮਾਂ ਨੇ ਜਦ ਮਾਸੂਮ ਪੋਤਿਆਂ ਨੂੰ ਕੰਧਾਂ ਵਿਚ ਚਿਣਵਾਏ ਜਾਣ ਲਈ ਹੱਥੀਂ ਲਾਡਾਂ ਨਾਲ ਵਿਦਾ ਕੀਤਾ ਹੋਵੇਗਾ? ਉਨ੍ਹਾਂ ਸਾਥੀਆਂ ਨੇ ਜਦ ਉਨ੍ਹਾਂ ਦਾ ਸਾਥੀ ਫਾਂਸੀ ਦੇ ਰੱਸੇ ਨੂੰ ਚੁੰਮਣ ਦੀ ਕਾਹਲ ਵਿਚ ਹੋਵੇਗਾ?
ਸ਼ਗਨ ਤਾਂ ਦਰਦਾਂ ਦੇ ਜਾਂ ਸੁਖਨਵੰਤੀਆਂ ਮਨੋਕਾਮਨਾਵਾਂ ਦੇ ਵੀ ਮਨਾਏ ਜਾਂਦੇ। ਸਿਰਫ ਸ਼ਗਨ ਦੀ ਤਾਸੀਰ ਹੀ ਬਦਲਦੀ। ਸ਼ਗਨ ਹਉਕਾ ਬਣ ਜਾਂਦਾ ਜਦ ਸ਼ਗਨਾਂ ਨਾਲ ਤੋਰੀ ਧੀ ਦੀ ਡੋਲੀ, ਸੜੀ-ਗਲੀ ਲਾਸ਼ ਬਣ ਕੇ ਪੇਕਿਆਂ ਦਾ ਦਰ ਠਕੋਰਦੀ।
ਸ਼ਗਨ ਦੀ ਆਤਮਾ ਕੁਰਲਾਉਂਦੀ ਜਦ ਸ਼ਗਨ ਦੇ ਨਾਮ ‘ਤੇ ਬਲੀ ਦਿਤੀ ਜਾਂਦੀ। ਸ਼ਗਨ ਸਿੱਸਕਦਾ, ਜਦ ਸ਼ਗਨ ਵਿਚ ਵੀ ਕੁਸ਼ਗਨਾ ਕਰਨ ਤੋਂ ਮਨ ਬਾਜ਼ ਨਹੀਂ ਆਉਂਦਾ। ਸ਼ਗਨ ਖੁਦਕੁਸ਼ੀ ਕਰ ਲੈਂਦੇ, ਜਦ ਸ਼ਗਨਾਂ ਨੂੰ ਸ਼ਰਾਬ, ਸ਼ੁਹਰਤ, ਸ਼ਬਾਬ ਅਤੇ ਸ਼ਰਾਰਤਾਂ ਦਾ ਸੰਗਮ ਬਣਾ ਕੇ ਇਸ ਦੀ ਤੌਹੀਨ ਕੀਤੀ ਜਾਂਦੀ।
ਸ਼ਗਨ ਵਿਚ ਸੁੱਚਮ, ਸਫਾਫਤਾ ਸਾਫਗੋਈ, ਸੁਹਜਤਾ ਅਤੇ ਸਕੂਨਤਾ ਦਾ ਹੋਣਾ ਅਤਿ ਜਰੂਰੀ। ਵਰਨਾ ਸ਼ਗਨਾਂ ਦੀ ਆਹਟ ਨੂੰ ਕਿੰਜ ਮੁਖਾਤਬ ਹੋਵੋਗੇ?
ਸ਼ਗਨ ਆਪਣੇ ਪਰਿਵਾਰ, ਮਾਂ-ਬਾਪ, ਸਾਥੀਆਂ, ਹਮਉਮਰਾਂ ਅਤੇ ਹਮਜੋਲੀਆਂ ਨਾਲ ਮਨਾਓ, ਕਿਉਂਕਿ ਆਪਣਿਆਂ ਨਾਲ ਵੰਡੀਆਂ ਖੁਸ਼ੀਆਂ ਦੂਣ-ਸਵਾਈਆਂ ਹੁੰਦੀਆਂ।
ਸ਼ਗਨ ਜਿੰਨੀ ਰੂਹਦਾਰੀ ਅਤੇ ਜਿੰਦਾਦਿਲੀ ਨਾਲ ਮਨਾਓਗੇ, ਉਨੇ ਹੀ ਜ਼ਿਆਦਾ ਸ਼ਗਨ ਤੁਹਾਡੀ ਝੋਲੀ ਭਰ ਜਾਣਗੇ ਅਤੇ ਸ਼ਗਨਾਂ ਦੀ ਬਰਸਾਤ ਤੁਹਾਨੂੰ ਤਰੋ-ਤਾਜ਼ਾ ਰੱਖੇਗੀ।
ਸ਼ਗਨ ਮਨਾਉਣ ਲਈ ਸਮਾਂ ਜਰੂਰ ਕੱਢੋ, ਕਿਉਂਕਿ ਜੇ ਤੁਹਾਡੇ ਕੋਲ ਸ਼ਗਨ ਮਨਾਉਣ ਲਈ ਵੀ ਸਮਾਂ ਨਹੀਂ ਹੈ ਤਾਂ ਸ਼ਗਨ ਵੀ ਤੁਹਾਡੇ ਦਰ ‘ਤੇ ਦਸਤਕ ਦੇਣ ਤੋਂ ਮੁਨਕਰ ਹੋ ਜਾਣਗੇ।
ਸ਼ਗਨ ਹਰ ਰੋਜ਼ ਅਤੇ ਹਰ ਪਲ ਮਨਾਓ, ਕਿਉਂਕਿ ਬੀਤਿਆ ਅੱਜ, ਕੱਲ ਨੂੰ ਵਾਪਸ ਨਹੀਂ ਪਰਤਣਾ। ਜਦ ਜਿਉਣਾ ਹੀ ਸ਼ਗਨ ਹੈ ਤਾਂ ਸ਼ਗਨ ਮਨਾਉਣ ਤੋਂ ਕਾਹਦੀ ਕੁਤਾਹੀ?
ਸ਼ਗਨਾਂ ਦੇ ਪਲ ਬਹੁਤ ਯਾਦਗਾਰੀ ਹੁੰਦੇ। ਇਨ੍ਹਾਂ ਨੂੰ ਹੋਰ ਯਾਦਗਾਰੀ ਬਣਾਓ ਤਾਂ ਕਿ ਇਹ ਤੁਹਾਡੇ ਚੇਤਿਆਂ ਦੀ ਚੰਗੇਰ ਵਿਚ ਸਦਾ ਸੰਭਾਲੇ ਰਹਿਣ। ਕਦੇ ਕਦਾਈ ਇਨ੍ਹਾਂ ਪਲਾਂ ਦੀ ਸਾਂਝ ਵਿਚੋਂ ਬੀਤੇ ਨੂੰ ਮੁੜ ਜੀਵਿਆ ਜਾ ਸਕੇ।
ਸ਼ਗਨ ਰੂਹ ਦੀ ਖੁਰਾਕ ਅਤੇ ਹਰੇਕ ਦੀ ਲੋੜ। ਇਸ ਦੀ ਅਮੁੱਲਤਾ ਵਿਚ ਬਹੁਤ ਵਾਧਾ ਹੁੰਦਾ, ਜਦ ਸਾਰੇ ਰਲ ਕੇ ਸ਼ਗਨ ਨੂੰ ਸ਼ੁਭ-ਸ਼ਗਨ ਬਣਾ, ਇਸ ਦੀ ਅਸੀਮਤਾ ਨੂੰ ਭਾਗ ਲਾਉਂਦੇ। ਸ਼ਗਨ ਦੇ ਰੰਗਾਂ ਨੂੰ ਬਿਖਰਨ ਦਿਓ ਤਾਂ ਹੀ ਇਹ ਚਾਵਾਂ ਦੀ ਬਗੀਚੀ ਖਿੜਾਉਣਗੇ, ਰੰਗ-ਮਹਿਕ ਦੀ ਹੱਟ ਸਜਾਉਣਗੇ ਅਤੇ ਤੁਹਾਨੂੰ ਨਿਖਾਰਨਗੇ।
ਸ਼ਗਨ ਹੀ ਤਾਂ ਮਨਾਉਂਦੀਆਂ ਨੇ ਜਦ ਭੈਣਾਂ ਬੰਨਦੀਆਂ ਨੇ ਵੀਰਾਂ ਦੇ ਰੱਖੜੀ ਜਾਂ ਕਰਵਾ ਚੌਥ ਦੇ ਸਮੇਂ ਪਤਨੀਆਂ ਮੰਗਦੀਆਂ ਨੇ ਪਤੀਆਂ ਦੀ ਲੰਮੇਰੀ ਉਮਰ ਦੀ ਦੁਆ। ਹੋਲੀ ਵਰਗੇ ਰੰਗ, ਜੀਵਨ ਵਿਚ ਭਰਨ ਲਈ ਮਨਾਏ ਜਾਂਦੇ ਨੇ ਸ਼ਗਨ ਤੇ ਜਸ਼ਨ।
ਸ਼ਗਨ ਬਹੁਤ ਹੀ ਪਾਕ ਕਾਰਜ, ਸ਼ਰਧਾ ਪੂਰਵਕ ਧਾਰਨਾਵਾਂ ਦੀ ਪੇਸ਼ਕਾਰੀ, ਸੁੱਚੀਆਂ ਸੱਧਰਾਂ ਦੀ ਸੱਧਰਾਈ ਸਮੂਹਿਕਤਾ ਅਤੇ ਮਨੁੱਖ ਦੀ ਮਨੁੱਖ ਨਾਲ ਸਾਂਝ ਦੀ ਗਵਾਹੀ।
ਸ਼ਗਨ ਸਮਝ, ਸਿਆਣਪ, ਸੰਜਮ, ਭਾਈਵਾਲਤਾ ਅਤੇ ਸਦੀਵਤਾ ਦਾ ਹਾਮੀ। ਸ਼ਗਨ ਕਦੇ ਥੋੜ੍ਹ-ਚਿਰੇ ਜਾਂ ਪਲ ਭਰ ਦੇ ਨਹੀਂ ਹੁੰਦੇ। ਮਨ ਵਿਚ ਸ਼ਗਨ ਹਾਵੀ ਰਹਿਣ ਤਾਂ ਸਾਰੀ ਉਮਰ ਹੀ ਸ਼ਗਨਾਂ ਭਰੀ ਹੁੰਦੀ।
ਸ਼ਗਨਾਂ ਭਰੀ ਰਾਤ ਵਿਚ ਤਾਰਿਆਂ ਦਾ ਸਾਥ ਹੋਵੇ। ਚਾਨਣੀ ਵਿਚ ਰੰਗੇ ਪਲ ਹੋਣ। ਸੰਦਲੀ ਸਾਹਾਂ ਵਿਚ ਮਹਿਕ ਦੀ ਲਬਰੇਜ਼ਤਾ ਹੋਵੇ। ਸੰਦਲੀ ਗੁਫਤਗੂ ਦੌਰਾਨ ਦੋ-ਜਿੰਦ ਇਕ ਜਾਨ ਦਾ ਪੈਗਾਮ ਬਣ ਜਾਣ ਤਾਂ ਸ਼ਗਨ ਉਮਰ ਜੇਡੇ ਹੁੰਦੇ।
ਯਾਦ ਰੱਖਣਾ! ਜੇ ਸ਼ਗਨ ਜਿਉਂਦੇ ਰਹੇ ਤਾਂ ਵਿਰਾਸਤ ਜਿਉਂਦੀ ਰਹੇਗੀ, ਰਸਮਾਂ ਜਿਉਣਗੀਆਂ, ਰਿਵਾਜ਼ ਚਿਰੰਜੀਵ ਰਹਿਣਗੇ ਅਤੇ ਤਵਾਰੀਖ ਨੂੰ ਨਵੀ ਤਹਿਰੀਕ ਦਾ ਵਰ ਮਿਲੇਗਾ। ਇਸ ਲਈ ਸ਼ਗਨਾਂ ਦਾ ਸਾਥ ਬਹੁਤ ਜਰੂਰੀ ਹੈ, ਜੇ ਅਸੀਂ ਆਪਣੇ ਵਿਰਸੇ ਨੂੰ ਸੰਭਾਲਣਾ, ਭਲਿਆਈ ਨੂੰ ਕਾਇਮ ਰੱਖਣਾ ਅਤੇ ਇਸ ਦੀ ਤੰਦਰੁਸਤੀ ਲਈ ਸਦ-ਦੁਆ ਬਣਨਾ ਹੈ।
ਸ਼ਗਨ ਸਤਹੀ ਨਹੀਂ ਹੁੰਦਾ। ਨਾ ਹੀ ਇਕਹਿਰੇ, ਇਕ ਰੰਗੇ ਜਾਂ ਇਕੱਲ ਵਿਚ ਨਿਭਾਏ ਜਾਂਦੇ। ਇਸ ਵਿਚ ਸਰਬ ਸ਼ਮੂਲੀਅਤ ਅਤੇ ਭਾਗੇਦਾਰੀ ਬਹੁਤ ਅਹਿਮ।
ਸ਼ਗਨ ਜਿਉਣ ਦਾ ਵੀ ਹੁੰਦਾ ਤੇ ਮਰਨ ਦਾ ਵੀ; ਪਾਉਣ ਦਾ ਵੀ ਤੇ ਗਵਾਉਣ ਦਾ ਵੀ; ਜਿੱਤ ਦਾ ਵੀ ਤੇ ਹਾਰ ਦਾ ਵੀ; ਆਪਣਿਆਂ ਦਾ ਵੀ ਤੇ ਬੇਗਾਨਿਆਂ ਦਾ ਵੀ; ਅਪਣੱਤ ਵਿਚ ਵੀ ਤੇ ਬੇਗਾਨਗੀ ਵਿਚ ਵੀ। ਦਰਅਸਲ ਸ਼ਗਨ ਮਨ ਵਿਚ ਹੋਵੇ ਤਾਂ ਮੌਸਮ, ਰੁੱਤਾਂ, ਤਿੱਥਾਂ, ਥਿੱਤ ਜਾਂ ਦਿਨ-ਦਿਹਾਰ ਦੇ ਕੋਈ ਅਰਥ ਨਹੀਂ ਹੁੰਦੇ। ਹਰ ਦਿਨ ਹੀ ਸ਼ਗਨਾਂ ਭਰੀ ਚੰਗੇਰ ਬਣ ਬਰੂਹਾਂ ਟੱਪਦਾ ਅਤੇ ਥਿੰਧੀਆਂ ਬਰੂਹਾਂ ਨੂੰ ਆਪਣੀ ਅਉਧ ਅਤੇ ਆਸਥਾ ‘ਤੇ ਮਾਣ ਹੁੰਦਾ।
ਸ਼ਗਨ ਸ਼ੁਭ ਭਾਵਨਾਵਾਂ ਦਾ ਦਾਨ-ਪ੍ਰਦਾਨ, ਸੂਖਮ ਸੋਚਾਂ ਦੀ ਸਾਂਝ, ਚੰਗੇਰੀਆਂ ਇੱਛਾਵਾਂ ਤੇ ਆਸ਼ਾਵਾਂ ਦੀ ਅਰਪਣਾ ਅਤੇ ਸ਼ੁਭ-ਕਰਮਨ ਤੇ ਕਰਮ-ਧਰਮ ਦੀ ਭਾਵਨੀ ਭੇਟ।
ਸ਼ਗਨ ਸਮਰੱਥਾ, ਸਾਧਨ, ਸੰਜੀਦਗੀ, ਸੂਖਮਤਾ, ਸੰਵੇਦਨਾ, ਸ਼ੁਭ ਵਿਚਾਰਾਂ ਅਤੇ ਸਾਰਥਕ ਸਰੋਕਾਰਾਂ ਦਾ ਵੀ ਦੇਣਦਾਰ, ਕਿਉਂਕਿ ਸ਼ਗਨ ਨੇ ਕਿਹੜਾ ਰੂਪ ਇਖਤਿਆਰ ਕਰਨਾ, ਇਹ ਸ਼ਗਨ ਮਨਾਉਣ ਵਾਲਿਆਂ ਦੇ ਉਪਰੋਕਤ ਗੁਣਾਂ ‘ਤੇ ਨਿਰਭਰ।
ਸ਼ਗਨਾਂ ਭਰੀ ਰੁੱਤ ਦੀ ਦਸਤਕ ਜਦ ਪੱਤਝੜ ਬੂਹੇ ਹੋਈ
ਤਾਂ ਨੰਗੀਆਂ ਲੱਗਰਾਂ ਦੇ ਪਿੰਡੇ, ਕਰੂਬਲਾਂ ਦੀ ਗੱਲ ਹੋਈ।
ਪੱਤਿਆਂ ਦੀ ਰੁਮਕਣੀ ਨੇ ਤੋੜੀ ਪਸਰੀ ਹੋਈ ਖਾਮੋਸ਼ੀ,
ਛਹਿ ਕੇ ਬੈਠੀਆਂ ਡੋਡੀਆਂ ਹੱਸੀਆਂ ਤੇ ਫੁੱਲਾਂ ਵਿਚ ਸ਼ਰਗੋਸ਼ੀ।
ਪੌਣ ਨੇ ਮਹਿਕ ਨੂੰ ਗੱਲ ਨਾਲ ਲਾ ਕੇ ਆਪਣੇ ਵਿਚ ਸਮਾਇਆ,
ਤੇ ਬਾਗ ਦੀ ਖਾਲੀ ਝੋਲੀ ਦੇ ਵਿਚ ਚਾਅ-ਸੰਧਾਰਾ ਪਾਇਆ।
ਕੁਦਰਤ ਵਿਹੜੇ ਕਿਰਨਾਂ ਹੱਸੀਆਂ ਤੇ ਚਾਨਣ ਦਰਾਂ ‘ਚ ਚੋਇਆ,
ਤੇ ਕਾਇਨਾਤ ਦੀ ਅੱਖ ਦਾ ਸੁਪਨਾ ਨੂਰੋ-ਨੂਰ ਸੀ ਹੋਇਆ।
ਸਾਹਾਂ ਨੇ ਸਾਹਾਂ ਨਾਲ ਰੱਲ ਸਾਹਾਂ ਦੇ ਸ਼ਗਨ ਮਨਾਏ,
ਤੇ ਟੁੱਟਦੇ ਸਾਹਾਂ ਦੀ ਝੋਲੀ ਸਾਹ-ਸੁਲੱਖਣੇ ਪਾਏ।
ਸ਼ਗਨ ਜਿਉਂਦੇ ਰਹਿਣਗੇ ਜਿੰਨਾ ਚਿਰ ਮਨੁੱਖ ਜਿਉਂਦਾ ਹੈ, ਮਨੁੱਖਤਾ ਜਿਉਂਦੀ ਹੈ ਅਤੇ ਮਨੁੱਖੀ ਭਾਵਨਾਵਾਂ ਜਿਉਂਦੀਆਂ ਨੇ। ਸ਼ਗਨ ਹਰ ਕੌਮ, ਦੇਸ਼, ਕਬੀਲਾ ਅਤੇ ਹਰ ਸਭਿਅਤਾ ਮਨਾਉਂਦੀ, ਭਾਵੇਂ ਇਨ੍ਹਾਂ ਦਾ ਰੂਪ, ਤਾਸੀਰ, ਤਰੀਕਾ, ਤਰਬੀਅਤ, ਸਮਾਂ, ਸਥਾਨ, ਸਾਧਨ ਅਤੇ ਸਮਰੱਥਾ ਵੱਖ ਵੱਖ ਹੁੰਦੀ।
ਸ਼ਗਨ ਮਨਾਉਣਾ ਤਾਂ ਮਨੁੱਖੀ ਦਸਤੂਰ। ਚਾਵਾਂ ਭਰਪੂਰ। ਜੀਵਨ ਸ਼ੈਲੀ ਦਾ ਅੰਗ। ਜਿਉਣ ਦਾ ਢੰਗ, ਖੁਸ਼ੀਆਂ ਖੇੜਿਆਂ ਦਾ ਅੰਗ-ਸੰਗ ਅਤੇ ਮਨ-ਮੁਖੜੇ ਦਾ ਸੰਦਲੀ ਰੰਗ। ਭਲਾ ਸੰਧੂਰੀਪੁਣੇ ਤੋਂ ਬਿਨਾ ਸ਼ਗਨ ਦੇ ਕੀ ਅਰਥ ਹੋਣਗੇ?
ਸ਼ਗਨ ਵਿਚ ਤਾਂ ਸ਼ਾਮਲ ਹੈ ਚੌਂਕੇ ਵਿਚ ਤਾਜੇ ਗੋਹੇ ਦਾ ਪਰੋਲਾ, ਓਟਿਆਂ ‘ਤੇ ਫੇਰਿਆ ਪੋਚਾ, ਜਗਾਏ ਹੋਏ ਦੀਵੇ, ਬਲਦੀਆਂ ਮੋਮਬੱਤੀਆਂ, ਲਕਸ਼ਮੀ ਦੀ ਪੂਜਾ, ਖਵਾਜੇ ਨੂੰ ਨਿਵਾਜਿਆ ਦਲੀਆ, ਪੀਰ ਦੀ ਦਰਗਾਹ ‘ਤੇ ਜਗਾਇਆ ਚਿਰਾਗ, ਧਾਰਮਿਕ ਅਸਥਾਨ ‘ਤੇ ਕਰਵਾਈ ਅਰਦਾਸ ਜਾਂ ਬਜੁਰਗਾਂ ਤੋਂ ਲਈ ਅਸੀਸ।
ਸ਼ਗਨ ਤਾਂ ਘਰੋਂ ਤੁਰਨ ਲੱਗਿਆਂ ਮਾਂ ਦਾ ਡੋਲਿਆ ਪਾਣੀ ਵੀ ਹੁੰਦਾ, ਮੂੰਹ ਨੂੰ ਲਾਇਆ ਲੂਣ ਵੀ ਹੁੰਦਾ ਜਾਂ ਦੂਰ ਜਾਂਦੀਆਂ ਪੈੜਾਂ ਨੂੰ ਦੂਰ ਤੀਕ ਨਿਹਾਰਨਾ ਵੀ ਸੁ.ਭ ਸ਼ਗਨ ਸਮਝਿਆ ਜਾਂਦਾ। ਮਾਂਵਾਂ ਤਾਂ ਮਨ ਵਿਚ ਹਰਦਮ ਆਪਣਿਆਂ ਦੇ ਸ਼ਗਨ ਹੀ ਮਨਾਉਂਦੀਆਂ। ਉਨ੍ਹਾਂ ਦੀ ਤਮੰਨਾ ਵੀ ਹੁੰਦੀ ਕਿ ਉਹ ਸ਼ਗਨ ਮਨਾਉਂਦੀਆਂ ਹੀ ਇਸ ਜਹਾਨ ਤੋਂ ਰੁਖਸਤ ਹੋਣ ਤਾਂ ਹੀ ਉਹ ਆਪਣੇ ਪੋਤਰਿਆਂ, ਦੋਹਤਰਿਆਂ ਜਾਂ ਪੜ-ਪੋਤਰਿਆਂ ਦੇ ਵਿਆਹ ਜਿਉਂਦੇ ਜੀ ਦੇਖਣ ਲਈ ਕਾਹਲੀਆਂ ਹੁੰਦੀਆਂ।
ਸ਼ਗਨ ਸਾਹਾਂ ਤੋਂ ਕਰੀਬ, ਆਜ਼ਜ਼ੀ ਤੇ ਅਦੀਬ, ਜੀਵਨ ਦੀ ਤਰਤੀਬ, ਰੂਹ ਦੀ ਤਰਕੀਬ। ਸਦਭਾਵੀ, ਸਮਭਾਵੀ, ਸਰਬ-ਭਾਵੀ ਅਤੇ ਹਰਦਿਲ-ਅਜ਼ੀਜ਼। ਸ਼ਗਨ ਸਮੇਂ ਦਾ ਮਨਾਓ, ਸੰਗੀਆਂ ਸਾਥੀਆਂ ਦੇ ਮਨਾਓ, ਸੂਝਵਾਨਾਂ ਦੀ ਸੰਗਤ ਦੇ ਮਨਾਓ, ਸਹਿਕਰਮੀਆਂ ਤੇ ਸਹਿਪਾਠੀਆਂ ਦੇ ਮਨਾਓ, ਕਿਉਂਕਿ ਜੋ ਕੁਝ ਵੀ ਹੋ ਇਹ ਉਨ੍ਹਾਂ ਦੀ ਬਦੌਲਤ ਹੀ ਹੋ।
ਸ਼ਗਨ ਸੰਭਾਵਨਾਵਾਂ, ਸੁਪਨਿਆਂ, ਸਾਰਥਤਕਾਵਾਂ, ਸਾਧਨਾਂ ਅਤੇ ਸ਼ੁਕਰਗੁਜਾਰੀ ਦੇ ਮਨਾਓ ਤਾਂ ਕਿ ਤੁਹਾਡੇ ਮਨ ਵਿਚ ਕ੍ਰਿਤਾਰਥਤਾ, ਨਿਮਰਤਾ ਅਤੇ ਹਲੀਮੀ ਦਾ ਤਪ-ਤੇਜ ਸਦਾ ਬਰਕਰਾਰ ਰਹੇ।
ਸ਼ਗਨਾਂ ਦੇ ਹੀ ਸ਼ਗਨ ਮਨਾਏ ਜਾਂਦੇ। ਸੋ ਲੋੜ ਹੈ, ਸ਼ਗਨਾਂ ਲਈ ਸ਼ਗਨਾਂ ਦੇ ਸ਼ਗਨ ਜਰੂਰ ਮਨਾਉਂਦੇ ਰਹੋ, ਕਿਉਂਕਿ ਸ਼ਗਨ ਤਾਂ ਜੀਵਨ ਦਾ ਉਹ ਹਾਸਲ, ਜਿਨ੍ਹਾਂ ਨੂੰ ਲੋਚਦਿਆਂ ਕੁਝ ਲੋਕਾਂ ਦੀ ਉਮਰ ਹੀ ਲੰਘ ਜਾਂਦੀ।