ਅੰਮ੍ਰਿਤਸਰ: ਲੋਕ ਸੇਵਾ ਲਈ ਪਦਮਭੂਸ਼ਣ ਨਾਲ ਸਨਮਾਨਤ ਸੀæਪੀæਆਈ ਦੇ ਬਜ਼ੁਰਗ ਆਗੂ ਕਾਮਰੇਡ ਸਤਪਾਲ ਡਾਂਗ (92) ਦਾ ਲੰਬੀ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ ਹੈ। ਉਮਰ ਦੇ ਇਸ ਸਿਖਰਲੇ ਪੜਾਅ ਵਿਚ ਸ੍ਰੀ ਡਾਂਗ ਦੀ ਯਾਦ ਸ਼ਕਤੀ ਕਮਜ਼ੋਰ ਹੋ ਚੁੱਕੀ ਸੀ ਤੇ ਹੁਣ ਉਹ ਆਪਣੇ ਨੇੜਲੇ ਸਾਥੀਆਂ ਨੂੰ ਵੀ ਮੁਸ਼ਕਲ ਨਾਲ ਪਛਾਣਦੇ ਸਨ। ਕਾਮਰੇਡ ਸਤਪਾਲ ਡਾਂਗ ਦਾ ਜਨਮ ਚਾਰ ਅਕਤੂਬਰ 1920 ਨੂੰ ਗੁੱਜਰਾਂਵਾਲਾ (ਪਾਕਿਸਤਾਨ) ਵਿਚ ਹੋਇਆ ਸੀ। ਉਨ੍ਹਾਂ ਆਪਣੀ ਗਰੇਜੂਏਸ਼ਨ ਦੀ ਪੜ੍ਹਾਈ ਲਾਹੌਰ ਦੇ ਸਰਕਾਰੀ ਕਾਲਜ ਤੋਂ ਮੁਕੰਮਲ ਕੀਤੀ।
ਵਿਦਿਆਰਥੀ ਜੀਵਨ ਵੇਲੇ ਹੀ ਉਨ੍ਹਾਂ ਆਜ਼ਾਦੀ ਦੀ ਲਹਿਰ ਵਿਚ ਹਿੱਸਾ ਲੈਣਾ ਅਰੰਭ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਉਹ ਕੁਲ ਹਿੰਦ ਵਿਦਿਆਰਥੀ ਜਥੇਬੰਦੀ ਦੇ ਜਨਰਲ ਸਕੱਤਰ ਬਣੇ। ਮਗਰੋਂ ਉਹ ਵਰਲਡ ਯੂਥ ਫੈਡਰੇਸ਼ਨ ਦੇ ਮੀਤ ਪ੍ਰਧਾਨ ਵੀ ਬਣੇ। 1943 ਵਿਚ ਬੰਗਾਲ ਵਿਚ ਪਏ ਅਕਾਲ ਸਮੇਂ ਉਨ੍ਹਾਂ ਰਾਹਤ ਸਮੱਗਰੀ ਇਕੱਠੀ ਕਰਕੇ ਇਸ ਨੂੰ ਉਥੇ ਜਾ ਕੇ ਵੰਡਿਆ। 1952 ਵਿਚ ਇਨ੍ਹਾਂ ਨੇ ਸ੍ਰੀਮਤੀ ਵਿਮਲਾ ਡਾਂਗ ਨਾਲ ਮੁੰਬਈ ਵਿਚ ਵਿਆਹ ਕਰ ਲਿਆ ਤੇ ਅੰਮ੍ਰਿਤਸਰ ਸਥਿਤ ਛੇਹਰਟਾ ਵਿਚ ਆ ਕੇ ਪੱਕਾ ਬਸੇਰਾ ਕਰ ਲਿਆ। ਇਥੇ ਉਨ੍ਹਾਂ ਗਰੀਬ ਮਜਦੂਰਾਂ ਨੂੰ ਜਥੇਬੰਦ ਕੀਤਾ ਤੇ ਉਨ੍ਹਾਂ ਨੂੰ ਹੱਕ ਦਿਵਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ।
ਉਹ 1953 ਵਿਚ ਪਹਿਲੀ ਵਾਰ ਛੇਹਰਟਾ ਦੀ ਮਿਉਂਸਪਲ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ ਤੇ 1967 ਤੱਕ ਲਗਾਤਾਰ ਇਸ ਕਮੇਟੀ ਦੇ ਪ੍ਰਧਾਨ ਰਹੇ। ਇਹ ਮਿਉਂਸਪਲ ਕਮੇਟੀ ਉਸ ਵੇਲੇ ਸੂਬੇ ਵਿਚ ਇਕ ਮਾਡਲ ਕਮੇਟੀ ਵਜੋਂ ਜਾਣੀ ਜਾਂਦੀ ਸੀ। ਉਨ੍ਹਾਂ ਛੇਹਰਟਾ ਦੇ ਵਿਕਾਸ ਲਈ ਸਾਰੀਆਂ ਸਿਆਸੀ ਪਾਰਟੀਆਂ ਦਾ ਸਹਿਯੋਗ ਲਿਆ। 1967 ਤੋਂ 1980 ਤੱਕ ਸ੍ਰੀ ਡਾਂਗ ਲਗਾਤਾਰ 13 ਸਾਲ ਇਸੇ ਹਲਕੇ ਤੋਂ ਵਿਧਾਇਕ ਰਹੇ ਤੇ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਵੇਲੇ ਉਨ੍ਹਾਂ ਨੂੰ ਸੂਬੇ ਦਾ ਖੁਰਾਕ ਮੰਤਰੀ ਵੀ ਬਣਾਇਆ ਗਿਆ।
ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਵੀ ਰਹੇ। ਉਨ੍ਹਾਂ ਨੇ 1997 ਵਿਚ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਲਿਆ ਪਰ ਲੋਕ ਸੇਵਾ ਦੇ ਕਾਰਜ ਜਾਰੀ ਰੱਖੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸ੍ਰੀਮਤੀ ਵਿਮਲਾ ਡਾਂਗ 10 ਮਈ, 2009 ਨੂੰ ਸਦੀਵੀ ਵਿਛੋੜਾ ਦੇ ਗਏ। ਇਸ ਵਿਛੋੜੇ ਤੋਂ ਬਾਅਦ ਸ੍ਰੀ ਡਾਂਗ ਵਧੇਰੇ ਇਕੱਲਤਾ ਮਹਿਸੂਸ ਕਰਨ ਲੱਗ ਪਏ ਸਨ ਜਿਸ ਦਾ ਅਸਰ ਉਨ੍ਹਾਂ ਦੀ ਸਿਹਤ ਤੇ ਹੋਇਆ ਤੇ ਸਿੱਟੇ ਵਜੋਂ ਯਾਦ ਸ਼ਕਤੀ ਕਮਜ਼ੋਰ ਹੋ ਗਈ।
ਆਪਣਾ ਜੀਵਨ ਲੋਕ ਸੇਵਾ ਦੇ ਲੇਖੇ ਲਾਉਣ ਵਾਲੇ ਇਸ ਜੋੜੇ ਨੇ ਲੋਕ ਸੇਵਾ ਨੂੰ ਮੁੱਖ ਰੱਖਦਿਆਂ ਗ੍ਰਹਿਸਥ ਜੀਵਨ ਵਿਚ ਡਾਂਗ ਪਰਿਵਾਰ ਦਾ ਕੋਈ ਵਾਰਸ ਵੀ ਪੈਦਾ ਨਹੀਂ ਕੀਤਾ ਤੇ ਸਾਰਾ ਜੀਵਨ ਆਪਣਾ ਖ਼ੁਦ ਦਾ ਕੋਈ ਘਰ ਵੀ ਨਹੀਂ ਬਣਾਇਆ। ਹੁਣ ਜ਼ਿੰਦਗੀ ਦੇ ਆਖ਼ਰੀ ਪੜਾਅ ਵਿਚ ਉਹ ਕਿਸੇ ਦੇ ਘਰ ਰਹਿ ਰਹੇ ਸਨ। ਪੰਜਾਬ ਵਿਚ ਆਏ ਅਤਿਵਾਦ ਦੌਰਾਨ ਉਨ੍ਹਾਂ ਇਸ ਦਾ ਡਟ ਕੇ ਵਿਰੋਧ ਕੀਤਾ ਤੇ ਇਸੇ ਬਾਰੇ ਤਿੰਨ ਕਿਤਾਬਾਂ ਵੀ ਲਿਖੀਆਂ। ਸਾਫ ਸ਼ਫਾਕ ਦਾਮਨ ਵਾਲੇ ਸ੍ਰੀ ਡਾਂਗ ਹਰ ਵਰਗ ਵਿਚ ਸਤਿਕਾਰ ਯੋਗ ਰਹੇ ਸਨ। ਉਨ੍ਹਾਂ ਵਲੋਂ ਲੋਕ ਸੇਵਾ ਦੇ ਖੇਤਰ ਵਿਚ ਹੁਣ ਤੱਕ ਬਿਤਾਇਆ ਇਹ ਜੀਵਨ ਇਕ ਮਿਸਾਲ ਹੈ।
ਕਾਮਰੇਡ ਸੱਤਪਾਲ ਡਾਂਗ ਨੇ ਆਉਣ ਵਾਲੇ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਪਹਿਲਾਂ ਹੀ ਆਪਣੀ ਵਸੀਅਤ ਤਿਆਰ ਕਰ ਲਈ ਸੀ। ਆਪਣੀ ਇਸ ਵਸੀਅਤ ਰਾਹੀਂ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਮਰਨ ਮਗਰੋਂ ਜਦੋਂ ਉਨ੍ਹਾਂ ਦੀ ਦੇਹ ਨੂੰ ਚਿਖਾ ਵਿਚ ਰੱਖਿਆ ਜਾਵੇ ਤਾਂ ਉਸ ਵੇਲੇ ਕੋਈ ਧਾਰਮਿਕ ਰੀਤੀ ਰਿਵਾਜ਼ ਨਾ ਕੀਤੇ ਜਾਣ। ਉਨ੍ਹਾਂ ਦੀਆਂ ਅੱਖਾਂ ਦਾਨ ਕਰ ਦਿੱਤੀਆਂ ਜਾਣ ਤੇ ਸਸਕਾਰ ਤੋਂ ਬਾਅਦ ਅਸਥੀਆਂ ਨੂੰ ਕਿਸੇ ਨੇੜਲੇ ਦਰਿਆ ਵਿਚ ਪ੍ਰਵਾਹ ਕਰ ਦਿੱਤਾ ਜਾਵੇ।
Leave a Reply