ਭੈਅ ਦਾ ਅੰਤ

ਹਰਕੰਵਲ ਸਿੰਘ
ਫੋਨ: 91-94632-22943
ਮੌਕੇ ਦੇ ਕਾਂਗਰਸੀ ਐੱਮ. ਐੱਲ਼ ਏ. ਦੇ ਪਿੰਡ ਨੂੰ ਜਾਂਦੀ ਡੇਢ ਕੁ ਕਿੱਲੋਮੀਟਰ ਦੀ ਕੱਚੀ ਸੜਕ ਨੂੰ ਪੱਕਾ ਕਰਵਾਉਣ ਵਾਸਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਮਿੱਟੀ ਪੁਆਉਣ ਦੀ ‘ਕਾਰ ਸੇਵਾ’ ਕਰਵਾਈ ਜਾਣੀ ਸੀ। ‘ਭਾਰਤ ਸੇਵਕ ਸਮਾਜ’ ਦੇ ਬੈਨਰ ਹੇਠ ਇਸ ਮੰਤਵ ਲਈ ਹੁਸ਼ਿਆਰਪੁਰ ਤਹਿਸੀਲ ਦੇ ਪ੍ਰਾਇਮਰੀ ਸਕੂਲਾਂ ਦੇ 30 ਕੁ ਅਧਿਆਪਕਾਂ ਦਾ ਇਕ 10 ਰੋਜ਼ਾ ਕੈਂਪ ਲਾਇਆ ਗਿਆ। ਇਸ ਕੈਂਪ ਦੇ ਆਖਰੀ ਦਿਨ, ਪ੍ਰਬੰਧਕਾਂ ਨਾਲ ਹੋਏ ਬੋਲ-ਬੁਲਾਰੇ ਕਾਰਨ ਕੈਂਪਰਾਂ ਵੱਲੋਂ ਖਾਣੇ ਦਾ ਬਾਈਕਾਟ ਕਰ ਦਿੱਤਾ ਗਿਆ। ਇਹ ਖਬਰ ਅਗਲੇ ਦਿਨ ਕੁਝ ਅਖਬਾਰਾਂ ਦੀ ਸੁਰਖੀ ਬਣ ਗਈ।

ਇਸ ਹਲਕੀ ਜਿਹੀ ਹੜਤਾਲ ਲਈ ਮੁੱਖ ਦੋਸ਼ੀ ਗਰਦਾਨੇ ਜਾਣ ਦੇ ਕਸੂਰ ਵਿਚ ਮੇਰੀ ਘਰ ਤੋਂ ਦੂਰ-ਦੁਰਾਡੇ ਦੀ ਬਦਲੀ ਦੇ ਹੁਕਮ ਜਾਰੀ ਹੋ ਗਏ; ਜਿਲੇ ਅੰਦਰ ਦਰਿਆ ਸਤਲੁਜ ਦੇ ਲਹਿੰਦੇ ਕੰਢੇ ਦੇ ਸਭ ਤੋਂ ਆਖਰੀ ਸਰਕਾਰੀ ਮਿਡਲ ਸਕੂਲ ਬਜਰੂੜ ਵਿਚ, ਜਿਸ ਨੂੰ ਉਦੋਂ, ਇਕ ਤਰ੍ਹਾਂ ਨਾਲ ਅਧਿਆਪਕਾਂ ਲਈ ਖੁੱਲ੍ਹੀ ਜੇਲ੍ਹ ਸਮਝਿਆ ਜਾਂਦਾ ਸੀ।
ਪਿਛਲੀ ਸਦੀ ਦੇ ਸੱਠਵਿਆਂ ਦਾ ਅਰੰਭ ਸੀ। ਅਧਿਆਪਕ ਜਥੇਬੰਦੀ ਅਜੇ ਬਹੁਤੀ ਮਜ਼ਬੂਤ ਨਹੀਂ ਸੀ, ਜਦੋਂ ਕਿ ਅਫਸਰਸ਼ਾਹੀ ਹੰਕਾਰ ਨਾਲ ਆਫਰੀ ਹੋਈ ਫਿਰਦੀ ਸੀ। ਜਥੇਬੰਦੀ ਦੇ ਵੱਡੇ-ਵੱਡੇ ਆਗੂਆਂ ਨੂੰ ਵੀ ਅਜਿਹੀਆਂ ਸਜ਼ਾਵਾਂ ਮਿਲ ਰਹੀਆਂ ਸਨ। ਉਹ ਵੀ ਦੂਰ-ਦੁਰਾਡੇ ਬਦਲ ਕੇ ਘਰੋਂ-ਬੇਘਰ ਕੀਤੇ ਜਾ ਰਹੇ ਸਨ। ਮੈਂ ਤਾਂ ਅਜੇ ਯੂਨੀਅਨ ਦਾ ਇਕ ਛੋਟਾ ਜਿਹਾ ਸਿਪਾਹੀ ਹੀ ਸਾਂ, ਇਸ ਲਈ ਮੇਰੀ ਇਹ ਬਦਲੀ ਰੁਕਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਇਸ ਮਜਬੂਰੀ ਵਿਚ ਨਵੇਂ ਥਾਂ ਜਾਣਾ ਹੀ ਪੈਣਾ ਸੀ।
ਉਦੋਂ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਤਨਖਾਹਾਂ ਏ. ਡੀ. ਆਈ. (ਅਸਿਸਟੈਂਟ ਡਿਸਟ੍ਰਿਕਟ ਇੰਸਪੈਕਟਰ) ਦੇ ਦਫਤਰ ਵਿਚ ਬੁਲਾ ਕੇ ਵੰਡੀਆਂ ਜਾਂਦੀਆਂ ਸਨ। ਹੁਸ਼ਿਆਰਪੁਰ ਸ਼ਹਿਰ ‘ਚ ਸੁਤਹਿਰੀ ਰੋਡ, ‘ਤੇ ਇਕ ਵੱਡੀ ਕੋਠੀ ਵਿਚ ਚੱਲ ਰਹੇ ਏ. ਡੀ. ਆਈ. ਸ੍ਰੀ ਐਲ਼ ਡੀ. ਸ਼ਰਮਾ ਦੇ ਦਫਤਰ ਦੇ ਵਿਹੜੇ ਵਿਚ ਤਨਖਾਹ ਲੈਣ ਲਈ ਆਏ ਹੋਏ ਅਧਿਆਪਕਾਂ ਦਾ ਤਕੜਾ ਮਜਮਾ ਲੱਗਾ ਹੋਇਆ ਸੀ। 10 ਕੁ ਵਜੇ ਚਪੜਾਸੀ ਗੁਰਦੇਵ ਚੰਦ ਵੱਲੋਂ ਮੈਨੂੰ ਅਵਾਜ਼ ਮਾਰ ਕੇ ਅੰਦਰ ਆਉਣ ਲਈ ਕਿਹਾ ਗਿਆ। ਮੇਰਾ ਮੱਥਾ ਤਾਂ ਠਣਕਿਆ, ਪਰ ਤਨਖਾਹ ਤਾਂ ਵਸੂਲ ਕਰਨੀ ਹੀ ਸੀ। ਮੇਰੇ ਦਫਤਰ ਦੇ ਅੰਦਰ ਜਾਂਦਿਆਂ ਸਾਰ ਹੀ ਏ. ਡੀ. ਆਈ. ਸਾਹਿਬ ਨੇ ਨਾਲ ਦੇ ਕਮਰੇ ‘ਚ ਬੈਠੇ ਕਲਰਕ ਬੈਜਨਾਥ, ਜੋ ਇਕ ਸੇਵਾ ਮੁਕਤ ਨਾਇਬ ਸੂਬੇਦਾਰ ਸੀ, ਨੂੰ ਮੇਰੀ ਤਨਖਾਹ ਲਿਆਉਣ ਦਾ ਆਦੇਸ਼ ਦਿੱਤਾ। ਉਨ੍ਹਾਂ ਨੇ ਤੁਰੰਤ 112 ਰੁਪਏ ਲਿਆ ਕੇ ਮੇਰੇ ਹੱਥ ‘ਚ ਫੜਾ ਦਿੱਤੇ, ਰਜਿਸਟਰ ‘ਤੇ ਲੱਗੀ ਟਿਕਟ ‘ਤੇ ਦਸਤਖਤ ਕਰਵਾਏ ਅਤੇ ਨਾਲ ਹੀ ਇਕ ਫਾਰਗੀ ਰਿਪੋਰਟ ਵੀ ਮੈਨੂੰ ਥਮਾ ਦਿੱਤੀ। ਏ. ਡੀ. ਆਈ. ਸਾਹਿਬ, ਜਿਨ੍ਹਾਂ ਦੀ ਪਹਿਲ-ਕਦਮੀ ‘ਤੇ ਮੈਨੂੰ ਇਹ ਸਜ਼ਾ ਮਿਲ ਰਹੀ ਸੀ, ਨੇ ਫਰਮਾਇਆ, “ਤੁਹਾਡੀ ਸਹੂਲਤ ਲਈ ਫਾਰਗੀ ਅੱਜ ਬਾਅਦ ਦੁਪਹਿਰ ਦੀ ਪਾਈ ਗਈ ਹੈ। ਤੁਹਾਨੂੰ ਕੱਲ ਸਵੇਰੇ 12 ਵਜੇ ਤੋਂ ਪਹਿਲਾਂ ਨਵੇਂ ਸਕੂਲ ‘ਚ ਹਾਜ਼ਰ ਹੋਣਾ ਪਵੇਗਾ, ਕਿਉਂਕਿ ਤੁਹਾਡੇ ਕਸੂਰ ਕਰਕੇ ਪ੍ਰਬੰਧਕੀ ਅਧਾਰ ‘ਤੇ ਹੋਈ ਬਦਲੀ ਕਾਰਨ, ਤੁਹਾਡੇ ਲਈ ਜੁਆਇਨਿੰਗ ਟਾਈਮ ਦੀ ਕੋਈ ਵਿਵਸਥਾ ਨਹੀਂ ਹੈ।”
ਤਨਖਾਹ ਤੇ ਫਾਰਗੀ ਰਿਪੋਰਟ ਹੱਥ ‘ਚ ਫੜ ਕੇ ਜਦੋਂ ਮੈਂ ਦਫਤਰੋਂ ਬਾਹਰ ਨਿਕਲਿਆ ਤਾਂ ਮੇਰੇ ਅੰਦਰ ਘਬਰਾਹਟ ਦਾ ਹੋਣਾ ਤਾਂ ਲਾਜ਼ਮੀ ਹੀ ਸੀ। ਅਜੇ ਉਮਰ ਵੀ ਥੋੜ੍ਹੀ ਹੀ ਸੀ। ਘਰੋਂ ਬਾਹਰ ਜਾ ਕੇ ਇਸ ਤਰ੍ਹਾਂ ਇੱਕਲੇ ਰਹਿਣ ਦਾ ਤਜ਼ਰਬਾ ਵੀ ਕੋਈ ਨਹੀਂ ਸੀ। ਤਿੰਨ ਦਿਨ ਬਾਅਦ ਹੋਣ ਵਾਲਾ ਬੀ. ਏ. ਫਾਈਨਲ ਦਾ ਫਿਲਾਸਫੀ ਦਾ ‘ਬੀ’ ਪੇਪਰ ਵੀ ਅਜੇ ਰਹਿੰਦਾ ਸੀ। ਬਦਲੀ ਦੇ ਅਜਿਹੇ ਕੇਸਾਂ ਵਿਚ 7 ਦਿਨਾਂ ਦੇ ਜੁਆਇਨਿੰਗ ਟਾਈਮ ਦੇ ਨਿਯਮ ਹੋਣ ਬਾਰੇ ਵੀ ਪੂਰਾ ਗਿਆਨ ਨਹੀਂ ਸੀ। ਇਨ੍ਹਾਂ ਹਾਲਾਤਾਂ ਵਿਚ ਕੁਦਰਤੀ ਤੌਰ ‘ਤੇ, ਭਵਿੱਖ ਹਨੇਰਾ ਜਿਹਾ ਦਿਸਿਆ।
ਦਫਤਰੋਂ ਬਾਹਰ ਆ ਕੇ ਮੈਂ ਆਪਣੇ ਗੁਰੂ ਤੇ ਪਰਮ ਮਿੱਤਰ ਚੌਧਰੀ ਗੁਰਬਚਨ ਸਿੰਘ ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਦੇ ਨਾਲ ਆਪਣੇ ਸਾਰੇ ਤੌਖਲੇ ਸਾਂਝੇ ਕੀਤੇ। ਉਹ ਕਾਫੀ ਤਜ਼ਰਬੇਕਾਰ, ਸਿਆਣੇ ਤੇ ਸੁਹਿਰਦ ਸਾਥੀ ਸਨ। ਉਨ੍ਹਾਂ ਨੇ ਬਜਰੂੜ ਦੇ ਸਟੇਸ਼ਨ ਬਾਰੇ ਕੁਝ ਸਿਆਣੇ ਸਾਥੀਆਂ ਕੋਲੋਂ ਜਾਣਕਾਰੀ ਹਾਸਲ ਕੀਤੀ। ਫਾਸਲਾ ਕਾਫੀ ਸੀ ਅਤੇ ਬੜੀ ਮੁਸ਼ਕਿਲ ਨਾਲ ਹੀ ਸ਼ਾਮ ਤੱਕ ਉਥੇ ਪੁੱਜਿਆ ਜਾ ਸਕਦਾ ਸੀ। ਫਿਰ ਵੀ ਉਨ੍ਹਾਂ ਮੈਨੂੰ ਹੌਂਸਲਾ ਦਿੱਤਾ, “ਕੋਈ ਗੱਲ ਨਹੀਂ, ਮੈਂ ਵੀ ਤਨਖਾਹ ਲੈ ਲੈਂਦਾ ਹਾਂ ਅਤੇ ਤੈਨੂੰ ਉਥੇ ਛੱਡ ਕੇ ਆਉਦਾ ਹਾਂ।”
ਇਹ ਕਹਿ ਕੇ ਉਹ ਕਲਰਕ ਦੇ ਦਫਤਰ ਵਿਚ ਚਲੇ ਗਏ ਅਤੇ ਬਾਬੂ ਬੈਜਨਾਥ ਨੂੰ ਤਨਖਾਹ ਦੀ ਅਦਾਇਗੀ ਜ਼ਰਾ ਛੇਤੀ ਕਰਨ ਲਈ ਬੇਨਤੀ ਕੀਤੀ। ਚੌਧਰੀ ਸਾਹਿਬ ਆਪ ਵੀ ਸਾਬਕਾ ਫੌਜੀ ਸਨ ਅਤੇ ਉਨ੍ਹਾਂ ਨੇ ਬਾਬੂ ਬੈਜ ਨਾਥ ਅਧੀਨ ਹੌਲਦਾਰ ਵਜੋਂ ਕੰਮ ਵੀ ਕੀਤਾ ਹੋਇਆ ਸੀ; ਪ੍ਰੰਤੂ ਬਾਬੂ ਬੈਜ ਨਾਥ ਨੇ ਅਫਸਰ ਤੋਂ ਡਰਦਿਆਂ ਇਸ ਲਿਹਾਜਦਾਰੀ ਨੂੰ ਵੀ ਅਣਡਿੱਠ ਕਰ ਦਿੱਤਾ ਅਤੇ ਉਨ੍ਹਾਂ ਨੂੰ ਸਾਫ ਜਵਾਬ ਦੇ ਦਿੱਤਾ, “ਸਾਹਿਬ ਦਾ ਹੁਕਮ ਹੈ ਕਿ ਤੁਹਾਨੂੰ ਤਨਖਾਹ ਸਭ ਤੋਂ ਬਾਅਦ ਵਿਚ ਦੇਣੀ ਹੈ।”
ਇਸ ਤਰ੍ਹਾਂ, ਉਹ ਵੀ ਨਿਰਾਸ਼ ਜਿਹੇ ਹੋ ਕੇ ਬਾਹਰ ਆ ਗਏ ਅਤੇ ਮੇਰੇ ਨਾਲ ਬੱਸ ਸਟੈਂਡ ਵੱਲ ਤੁਰ ਪਏ। ਮੇਰੇ ਕੋਲ ਸਮਾਨ ਵੀ ਕੋਈ ਨਹੀਂ ਸੀ। ਇਕ ਕਾਮਰੇਡੀ ਝੋਲਾ ਸੀ, ਜਿਸ ਵਿਚ ‘ਪ੍ਰੀਤ ਲੜੀ’ ਮੈਗਜ਼ੀਨ, ਡਾਇਰੀ ਤੇ ਕੁਝ ਹੋਰ ਕਾਗਜ਼-ਪੱਤਰ ਸਨ। ਕੱਪੜਾ ਕੋਈ ਨਹੀਂ ਸੀ, ਲੋੜ ਹੀ ਨਹੀਂ ਸੀ ਸਮਝੀ, ਘਰੋਂ ਇਸ ਕੰਮ ਲਈ ਤਿਆਰ ਹੋ ਕੇ ਥੋੜ੍ਹੋ ਆਏ ਸੀ। ਜੇਬ ਵਿਚ ਤਨਖਾਹ ਦੇ 112 ਰੁਪਏ ਜ਼ਰੂਰ ਸਨ। ਫਿਰ ਵੀ ਭਵਿੱਖ ਵਿਚ ਇਕ ਬਹੁਤ ਵੱਡੀ ਮੁਸੀਬਤ ਮੂੰਹ ਅੱਡੀ ਖੜੀ ਦਿਖਾਈ ਦਿੰਦੀ ਸੀ। ਸ਼ਾਮ ਤੱਕ ਬਜਰੂੜ ਪੁੱਜਣਾ ਸੀ, ਤੇ ਉਹ ਵੀ ਇੱਕਲਿਆਂ।
ਖੈਰ! ਚੌਧਰੀ ਸਾਹਿਬ ਨੇ ਕਾਫੀ ਹੌਂਸਲਾ ਦਿੱਤਾ ਅਤੇ ਉਹ ਗੜਸ਼ੰਕਰ ਤੱਕ ਮੇਰੇ ਨਾਲ ਗਏ, ਪਰ ਬੜੇ ਉਦਾਸ ਜਿਹੇ ਮੂਡ ਵਿਚ। ਉਥੇ ਉਹ ਮੈਨੂੰ ਬਜਰੂੜ ਜਾਣ ਵਾਲੀ ਵਿਕਟਰੀ ਟਰਾਂਸਪੋਰਟ ਦੀ ਬੱਸ ਵਿਚ ਬਿਠਾ ਆਏ। 45 ਸੀਟਾਂ ਵਾਲੀ ਪੁਰਾਣੇ ਮਾਡਲ ਦੀ ਬੱਸ ਛੇਤੀ ਹੀ ਨੱਕੋ-ਨੱਕ ਭਰ ਗਈ। ਮੈਂ ਵਿਚਾਲੇ ਜਿਹੇ ਖਿੜਕੀ ਨਾਲ ਲੱਗਦੀ ਸੀਟ ‘ਤੇ ਬੈਠ ਗਿਆ ਤਾਂ ਜੋ ਨਵੇਂ ਇਲਾਕੇ ਬਾਰੇ ਕੁਝ ਜਾਣਕਾਰੀ ਮਿਲਦੀ ਰਹੇ ਅਤੇ ਰਾਹ-ਖਹਿੜਾ ਵੀ ਦੇਖਦਾ ਜਾਵਾਂ। ਦੋ-ਢਾਈ ਵਜੇ ਗੜਸ਼ੰਕਰੋਂ ਤੁਰੀ ਬੱਸ ਪੈਰ-ਪੈਰ ‘ਤੇ ਰੁਕਦੀ ਰਹੀ। ਹਰ ਪਿੰਡ ਦੇ ਅੱਡੇ ‘ਤੇ ਸਵਾਰੀਆਂ ਉਤਰਦੀਆਂ ਤਾਂ ਸਨ, ਪਰ ਚੜ੍ਹਦੀ ਕੋਈ ਟਾਵੀਂ-ਟੱਲੀ ਹੀ ਸੀ। ਇੰਜ, ਪੌਣੇ ਕੁ ਘੰਟੇ ਵਿਚ ਸਿੰਘਪੁਰ ਦੇ ਅੱਡੇ ‘ਤੇ ਜਾ ਕੇ, ਬੱਸ ‘ਚੋਂ ਸਾਰੀਆਂ ਹੀ ਸਵਾਰੀਆਂ ਉਤਰ ਗਈਆਂ। ਸਵਾਰੀ ਵਜੋਂ, ਬੱਸ ਵਿਚ ਮੈਂ ਇੱਕਲਾ ਹੀ ਰਹਿ ਗਿਆ। ਜਾਂ ਫਿਰ ਅੱਗੇ ਬੱਸ ਦਾ ਚਾਲਕ ਸੀ ਅਤੇ ਪਿੱਛੇ ਆਖਰੀ ਸੀਟ ‘ਤੇ ਬੈਠਾ ਹੋਇਆ ਇਕ ਸਰਦਾਰ ਜੀ ਕੰਡਕਟਰ।
ਖਾਲੀ ਹੋਈ ਬੱਸ ਦੇਖ ਕੇ ਮੇਰੀ ਘਬਰਾਹਟ ਤਾਂ ਹੋਰ ਵਧਣੀ ਹੀ ਸੀ। ਅੱਗੇ ਸੜਕ ਵੀ ਕੋਈ ਨਹੀਂ ਸੀ, ਬੱਸ ਖੱਡੋ-ਖੱਡ ਡਿੱਕੇ-ਡੋਲੇ ਖਾਂਦੀ ਹੋਈ ਜਾ ਰਹੀ ਸੀ। ਹੋਰ ਨਾ ਕੋਈ ਆ ਰਿਹਾ ਸੀ, ਨਾ ਜਾ ਰਿਹਾ ਸੀ। ਢੋਲਵਾਹੇ ਜੇ. ਬੀ. ਟੀ. ਕਰਦਿਆਂ ਅਤੇ ਸਕੂਲ ਵੱਲੋਂ ਮਾਤਾ ਚਿੰਤਪੁਰਨੀ ਤੇ ਜਵਾਲਾ ਜੀ ਦੇ ਟੂਰ ‘ਤੇ ਜਾਣ ਸਮੇਂ ਪਹਾੜਾਂ ਦੇ ਮਨਮੋਹਣੇ ਦ੍ਰਿਸ਼ ਤਾਂ ਕਈ ਦੇਖੇ ਸਨ, ਪਰ ਐਨੀ ਦੂਰ ਤੱਕ ਖੱਡ ‘ਚ ਚੱਲਦੀ ਬੱਸ ਪਹਿਲੀ ਵਾਰ ਦੇਖ ਰਿਹਾ ਸੀ। ਮੈਂ ਹੌਂਸਲਾ ਜਿਹਾ ਕਰਕੇ ਪਿਛਲੀ ਸੀਟ ‘ਤੇ ਬੈਠੇ ਅਤੇ ਕੁਝ ਗੁਣਗੁਣਾ ਰਹੇ ਕੰਡਕਟਰ ਕੋਲ ਗਿਆ ਤੇ ਉਸ ਕੋਲੋਂ ਪੁੱਛਿਆ, “ਭਾਅ ਜੀ! ਕੀ ਹੁਸ਼ਿਆਰਪੁਰ ਜਿਲੇ ਦੀ ਹੱਦ ਹੁਣ ਮੁੱਕ ਚੱਲੀ ਹੈ?”
ਮੈਨੂੰ ਦੱਸਿਆ ਗਿਆ ਸੀ ਕਿ ਬਜਰੂੜ ਜਿਲੇ ਦੇ ਆਖਰੀ ਸਿਰੇ ‘ਤੇ ਹੈ।
ਮੇਰੀ ਇਸ ਉਤਸਕਤਾ ਨੂੰ ਦੇਖਦਿਆਂ ਕੰਡਕਟਰ ਨੇ ਸਹਿਜੇ ਹੀ ਉਤਰ ਦਿੱਤਾ,
“ਨਹੀਂ, ਤੁਸੀਂ ਕਿੱਥੇ ਜਾਣਾ?”
“ਬਜਰੂੜ!” ਮੇਰਾ ਹਉਕਾ ਜਿਹਾ ਨਿਕਲ ਗਿਆ।
“ਉਹ ਤਾਂ ਅਜੇ ਬਹੁਤ ਦੂਰ ਹੈ। ਪਹਿਲੀ ਵਾਰ ਜਾ ਰਹੇ ਹੋ ਉਥੇ?”
“ਹਾਂ ਜੀ। ਮੇਰੀ ਉਥੇ ਬਤੌਰ ਅਧਿਆਪਕ ਬਦਲੀ ਹੋਈ ਹੈ।”
“ਕੋਈ ਗੱਲ ਨਹੀਂ।” ਮੇਰੀ ਘਬਰਾਹਟ ਨੂੰ ਭਾਂਪਦਿਆਂ ਉਨ੍ਹਾਂ ਦਿਲਾਸਾ ਦਿੱਤਾ, “ਉਥੇ ਤੁਹਾਨੂੰ ਕਿਸੇ ਅਧਿਆਪਕ ਨਾਲ ਮਿਲਾ ਦੇਵਾਂਗੇ।”
ਇਸ ਤਰ੍ਹਾਂ ਦੇ ਹਮਦਰਦੀ ਭਰੇ ਜਵਾਬ ਨਾਲ ਮੇਰਾ ਮਾਨਸਿਕ ਤਣਾਅ ਕੁਝ ਘਟ ਤਾਂ ਗਿਆ, ਪਰ ਨਵੇਂ ਥਾਂ ਦੇ ਲੋਕਾਂ ਬਾਰੇ, ਉਥੇ ਆਉਣ ਵਾਲੀਆਂ ਮੁਸ਼ਕਿਲਾਂ ਆਦਿ ਬਾਰੇ ਮਨ ਅੰਦਰ ਉਧੇੜ-ਬੁਣ ਨਿਰੰਤਰ ਜਾਰੀ ਰਹੀ। ਮੈਂ ਮੁੜ ਆਪਣੀ ਸੀਟ ‘ਤੇ ਜਾ ਕੇ ਬੈਠ ਚੁਕਾ ਸਾਂ। ਗੁਰਬਖਸ਼ ਸਿੰਘ ਪ੍ਰੀਤ ਲੜੀ ਦੀਆਂ ਲਿਖਤਾਂ ਵਿਚ, ਢਹਿੰਦੇ ਮਨ ਨੂੰ ਧਰਵਾਸਾ ਦੇਣ ਲਈ ਵਾਰ-ਵਾਰ ਲਿਖੇ ਜਾਂਦੇ ਸ਼ਬਦ: ‘ਹਰ ਹਨੇਰੇ ਤੋਂ ਬਾਅਦ ਰੌਸ਼ਨ ਰਿਸ਼ਮਾਂ ਹਮੇਸ਼ਾ ਉਜਾਗਰ ਹੁੰਦੀਆਂ ਹਨ’ ਯਾਦ ਤਾਂ ਆ ਰਹੇ ਸਨ, ਪਰ ਆਪਣੀ ਇਸ ਅਣਕਿਆਸੀ ਮੁਸੀਬਤ ਵਿਚ ਇਹ ਮੈਨੂੰ ਐਵੇਂ ਹਵਾਈ ਗੱਲਾਂ ਹੀ ਜਾਪ ਰਹੀਆਂ ਸਨ।
ਚੰਗੇ ਭਾਗਾਂ ਨੂੰ ਘਾਟਾਂ ਟੱਪਦਿਆਂ ਹੀ ਕਾਹਨਪੁਰ ਖੂਹੀ ਤੋਂ ਬੱਸ ਵਿਚ ਨਵੀਆਂ ਸਵਾਰੀਆਂ ਚੜ੍ਹਨੀਆਂ ਸ਼ੁਰੂ ਹੋ ਗਈਆਂ। ਸ਼ਿਵਾਲਿਕ ਦੀ ਸਭ ਤੋਂ ਨਿਚਲੀ ਧਾਰ ਰਾਹੀਂ ਪਈ ਹੋਈ ਇਸ ਕੁਦਰਤੀ ਵੰਡ ਕਾਰਨ ਇਹ ਇਲਾਕਾ, ਓਪਰੀ ਨਜ਼ਰੇ ਦੇਖਿਆਂ ਥੋੜ੍ਹਾ ਵੱਖਰਾ ਜਿਹਾ ਹੀ ਜਾਪਦਾ ਸੀ। ਸੜਕ ਤਾਂ ਅਸਲੋਂ ਹੀ ਕੱਚੀ, ਚਿੱਬ-ਖੜਿੱਬੀ ਤੇ ਧੂੜ ਨਾਲ ਭਰੀ ਪਈ ਸੀ। ਹੁਣ ਹਰ ਅੱਡੇ ਤੋਂ ਸਵਾਰੀ ਬਿਠਾਈ ਜਾ ਰਹੀ ਸੀ ਅਤੇ ਬੱਸ ਅੰਦਰ ਰੌਣਕ ਮੁੜ ਪਰਤਣੀ ਸ਼ੁਰੂ ਹੋ ਗਈ। ਨੂਰਪੁਰ ਬੇਦੀ ਜਾ ਕੇ ਤਾਂ ਬੱਸ ਮੁੜ ਪੂਰੀ ਤਰ੍ਹਾਂ ਭਰ ਗਈ। ਸੁੱਖਣਾ ਸੁੱਖਦਿਆਂ, ਅੰਤ ਨੂੰ 7 ਕੁ ਵਜੇ, ਬਜਰੂੜ ਵੀ ਆ ਗਿਆ। ਇਥੇ ਕਾਫੀ ਸਵਾਰੀਆਂ ਉਤਰੀਆਂ। ਉਂਜ ਬੱਸ ਨੇ ਅਜੇ ਥੋੜ੍ਹਾ ਹੋਰ ਅੱਗੇ ਜਾਣਾ ਸੀ। ਮੈਨੂੰ ਵੀ ਉਤਰਨ ਦਾ ਇਸ਼ਾਰਾ ਮਿਲਿਆ। ਕੰਡਕਟਰ ਸਾਹਿਬ ਨੇ ਪਿਛਲੀ ਬਾਰੀ ‘ਚ ਖੜੋ ਕੇ, ਕੁਝ ਕੁ ਦੂਰੀ ‘ਤੇ ਖੜੇ ਤਿੰਨ-ਚਾਰ ਸੱਜਣਾਂ ਨੂੰ ਅਵਾਜ਼ ਦਿੱਤੀ, “ਇਹ ਤੁਹਾਡੇ ਨਵੇਂ ਅਧਿਆਪਕ ਆਏ ਹਨ, ਇਨਾਂ ਨੂੰ ਸਾਂਭ ਲਵੋ।”
ਉਨ੍ਹਾਂ ਸੱਜਣਾਂ ਵਿਚ ਸਕੂਲ ਦੇ 2 ਅਧਿਆਪਕ ਵੀ ਸਨ। ਉਨ੍ਹਾਂ ਨੇ ਮੈਨੂੰ ਰਸਮੀ ਜਿਹਾ ‘ਜੀ ਆਇਆਂ’ ਕਿਹਾ। ਮੇਰੇ ਪਿਛਲੇ ਇਲਾਕੇ ਬਾਰੇ ਮੁਢਲੀ ਪੁੱਛ-ਪੜਤਾਲ ਕੀਤੀ ਅਤੇ ਮੈਨੂੰ ਪਿੰਡ ਵੱਲ ਲੈ ਤੁਰੇ। ਬੜਾ ਵੱਡਾ ਪਿੰਡ ਸੀ ਬਜਰੂੜ, ਇਸ ਪੱਛੜੇ ਹੋਏ ਇਲਾਕੇ ਵਿਚ ਵੀ। ਗਿਆਨੀ ਸੋਹਣ ਸਿੰਘ, ਜੋ ਬੁੱਲੋਵਾਲ ਲਾਗਲੇ ਇਕ ਪਿੰਡ ਦੇ ਹੀ ਸਨ, ਮੈਨੂੰ ਆਪਣੇ ਘਰ ਲੈ ਗਏ। ਉਨ੍ਹਾਂ ਦੀ ਪਹਿਲੀ ਨਿਯੁਕਤੀ ਹੀ ਇਥੇ ਹੋਈ ਸੀ। ਉਹ ਕਈ ਵਰਿਆਂ ਤੋਂ ਇਕ ਵੱਡੇ ਜਿਮੀਂਦਾਰ, ਜੋ ਆਪ ਪਰਿਵਾਰ ਸਮੇਤ ਹਿਮਾਚਲ ਪ੍ਰਦੇਸ਼ ਵਿਚ ਬਿਲਾਸਪੁਰ ਰਹਿੰਦਾ ਸੀ, ਦੇ ਪੁਰਾਣੀ ਕਿਸਮ ਦੇ ਦੋ ਮੰਜ਼ਿਲੇ ਮਕਾਨ ‘ਚ ਰਹਿੰਦੇ ਸਨ। ਜਿਮੀਂਦਾਰ ਸਥਾਨਕ ਮੁਜਾਰਿਆਂ ਤੋਂ ਫਸਲ ਦਾ ਹਿਸਾਬ-ਕਿਤਾਬ ਲੈਣ ਹੀ ਆਇਆ ਕਰਦਾ ਸੀ। ਉਸ ਦੇ ਘਰ ਦੀ ਸਮੁੱਚੀ ਸਾਂਭ-ਸੰਭਾਲ ਗਿਆਨੀ ਜੀ ਦੇ ਸਪੁਰਦ ਹੀ ਸੀ। ਕਣਕ ਦੀ ਫਸਲ ਆ ਚੁਕੀ ਸੀ, ਇਸ ਲਈ ਜਿਮੀਂਦਾਰ ਵੀ ਆਇਆ ਹੋਇਆ ਸੀ ਅਤੇ ਆਪਣੀ ਰੋਟੀ-ਪਾਣੀ ਦੇ ਇੰਤਜਾਮ ਲਈ ਉਸ ਨੇ ਆਪਣਾ ਇਕ ਗਰੀਬੜਾ ਜਿਹਾ ਰਿਸ਼ਤੇਦਾਰ ਵੀ ਨੌਕਰ ਵਜੋਂ ਨਾਲ ਲਿਆਂਦਾ ਹੋਇਆ ਸੀ। ਇਸ ਲਈ ਮੈਨੂੰ ਰਾਤ ਦੀ ਰੋਟੀ ਸੌਖਿਆਂ ਹੀ ਮਿਲ ਗਈ। ਸਵੇਰੇ ਚਾਹ ਨਾਲ ਰਾਤ ਦੀ ਬਚੀ ਹੋਈ ਦਾਲ ਨਾਲ ਬਰੇਕ-ਫਾਸਟ ਵੀ ਮਿਲ ਗਿਆ। ਉਪਰੰਤ ਮੈਂ ਤੇ ਗਿਆਨੀ ਜੀ ਸਕੂਲ ਚਲੇ ਗਏ।
ਸਕੂਲ ਜਾ ਕੇ ਜਦੋਂ ਮੈਂ ਆਪਣੀ ਹਾਜ਼ਰੀ ਰਿਪੋਰਟ ਦਿੱਤੀ ਤਾਂ ਸਕੂਲ ਮੁਖੀ ਪੰਡਿਤ ਵਿਸ਼ਵਾਨਾਥ ਜੀ ਮੈਨੂੰ ਦੇਖ ਕੇ ਬੇਹੱਦ ਦੁਖੀ ਹੋਏ। ਮੇਰੇ ਹਾਜ਼ਰ ਹੋਣ ਨਾਲ ਉਨ੍ਹਾਂ ਨੂੰ ਆਪਣੇ ਇਕ ਬਹੁਤ ਹੀ ਵਫਾਦਾਰ ਅਧਿਆਪਕ ਨੂੰ ਤੁਰੰਤ ਰਿਲੀਵ ਕਰਨਾ ਪੈਣਾ ਸੀ। ਇਸ ਲਈ ਉਹ ਬੇਹੱਦ ਘਬਰਾਹਟ ‘ਚ ਘਿਰੇ ਹੋਏ ਦਿਖਾਈ ਦੇ ਰਹੇ ਸਨ, ਪਰ ਸਿੱਧੂ ਰਾਮ ਬਹੁਤ ਖੁਸ਼ ਦਿਖਾਈ ਦੇ ਰਿਹਾ ਸੀ। ਉਸ ਦੀ ਬਦਲੀ ਉਸ ਦੀ ਮਰਜੀ ਅਨੁਸਾਰ ਉਸ ਦੇ ਪਿੰਡ ਹਰੋਲੀ ਦੀ ਹੋਈ ਸੀ। ਇਸ ਲਈ ਉਸ ਨੂੰ ਵੀ ਉਸੇ ਦਿਨ ਨਵੇਂ ਸਕੂਲ ‘ਚ ਹਾਜ਼ਰ ਹੋਣਾ ਪੈਣਾ ਸੀ। ਇਸ ਕਰਕੇ ਉਸ ਨੇ ਤੁਰੰਤ ਆਪਣੇ ਚਾਰਜ ਵਜੋਂ, ਇਕ ਪੁਰਾਣੇ ਜਿਹੇ ਟਰੰਕ ਦੀਆਂ ਚਾਬੀਆਂ, ਕੁਝ ਰਜਿਸਟਰ, ਕੁਝ ਸਫੈਦ ਕਾਗਜ਼ ਤੇ ਹੋਰ ਲਕਾ-ਤੁਕਾ ਹੈਡਮਾਸਟਰ ਸਾਹਿਬ ਦੀ ਮੇਜ ‘ਤੇ ਰੱਖਣਾ ਸ਼ੁਰੂ ਕਰ ਦਿੱਤਾ।
ਜਿਲੇ ਅੰਦਰ, ਔਝੜੇ ਰਾਹਾਂ ਵਾਲੇ, ਦੂਰ-ਦੁਰਾਡੇ ਦਾ ਸਕੂਲ ਹੋਣ ਕਰਕੇ ਇਥੇ ਕਿਸੇ ਉਪਰਲੇ ਅਫਸਰ ਦੀ ਛਾਪੇਮਾਰੀ ਦੀਆਂ ਤਾਂ ਕੋਈ ਸੰਭਾਵਨਾਵਾਂ ਹੀ ਨਹੀਂ ਸਨ ਦਿਖਾਈ ਦਿੰਦੀਆਂ, ਜਿਸ ਕਰਕੇ ਸਕੂਲ ਦਾ ਆਪਣਾ ਹੀ ਇਕ ‘ਰਾਮ ਰਾਜ’ ਸੀ, ਜੋ ਸਕੂਲ ਮੁਖੀ ਨੇ ਆਪਣੀ ਸ਼ਰਾਫਤ ਤੇ ਸਮਝਦਾਰੀ ਨਾਲ ਸਿਰਜਿਆ ਹੋਇਆ ਸੀ। ਇਹ ਕਈ ਪੱਖਾਂ ਤੋਂ ਹੈਰਾਨੀਜਨਕ ਵੀ ਸੀ ਤੇ ਅਰਾਮਦਾਇਕ ਵੀ। ਮਿਸਾਲ ਵਜੋਂ ਮੈਂ ਦੇਖਿਆ ਕਿ ਸਕੂਲ ਦੇ ਪੀ. ਟੀ. ਸਾਹਿਬ ਨੇ ਆਉਂਦਿਆਂ ਹੀ ਵਿਸਲ ਵਜਾ ਕੇ ਵਿਦਿਆਰਥੀਆਂ ਨੂੰ ਜਮਾਤਵਾਰ ਖੜ੍ਹੇ ਕਰ ਲਿਆ। ਇੰਦਰ ਸਿੰਘ ਪੀ. ਟੀ. ਆਈ. ਸਾਬਕਾ ਫੌਜੀ ਸਨ, ਪਰ ਸਕੂਲ ਵਿਚ ਉਹ ਤੇੜ ਲੂੰਗੀ ਬੰਨ੍ਹ ਕੇ ਆਏ ਹੋਏ ਸਨ। ਪਹਿਲਾਂ ਉਨ੍ਹਾਂ ਹਾਰਮੋਨੀਅਮ ਨਾਲ ਰਾਸ਼ਟਰੀ ਗੀਤ ‘ਜਨ ਗਨ ਮਨ’ ਕਰਵਾਇਆ ਅਤੇ ਫਿਰ ਇਕ ਗਜ਼ਲਨੁਮਾ ਗੀਤ ਦਾ ਉਚਾਰਨ ਕਰਵਾਇਆ, ਜਿਸ ਦੇ ਕੁਝ ਬੋਲ ਇਸ ਤਰ੍ਹਾਂ ਸਨ,
“ਤੂੰ ਕਦਮ ਵਧਾ ਲੈ ਇਕ ਪਾਸੇ,
ਤੂੰ ਧਿਆਨ ਲਗਾ ਲੈ ਇਕ ਪਾਸੇ,
ਦੋ ਬੇੜੀਆਂ ਵਾਲਾ ਡੁੱਬ ਮਰਦਾ,
ਤੂੰ ਪੈਰ ਟਕਾ ਲੈ ਇਕ ਪਾਸੇ।”
ਅਜਿਹੇ ਹੀ ਦੋ ਕੁ ਹੋਰ ਬੰਦ ਉਨ੍ਹਾਂ ਐਨੀ ਦਮਦਾਰ ਅਵਾਜ਼ ਵਿਚ ਆਪ ਗਾਏ ਤੇ ਬੱਚਿਆਂ ਤੋਂ ਗਵਾਏ ਕਿ ਸਕੂਲ ਦੇ ਆਲੇ-ਦੁਆਲੇ ਦੇ, ਦੂਰ ਤੱਕ ਹਰਿਆਲੀ ਬਿਖੇਰਦੇ, ਅੰਬਾਂ ਦੇ ਬਾਗ ਸੱਚੀਂ-ਮੁੱਚੀਂ ਝੂਮ ਉਠੇ। ਇਸ ਨਾਲ ਮਨ ਇਕ ਵਾਰ ਤਾਂ ਅਸਲੋਂ ਹੀ ਅਨੰਦਿਤ ਜਿਹਾ ਹੋ ਗਿਆ। ਇਸ ਪਿਛੋਂ ਕਲਾਸਾਂ ਨੂੰ ਆਪੋ-ਆਪਣੇ ਟਿਕਾਣਿਆਂ ਵੱਲ ਮਾਰਚ ਕਰਨ ਦਾ ਹੁਕਮ ਦੇ ਕੇ ਪੀ. ਟੀ. ਸਾਬ੍ਹ ਪਤਾ ਨਹੀਂ ਕਿੱਧਰ ਚਲੇ ਗਏ ਤੇ ਮੁੜ ਉਹ ਦੁਪਹਿਰੋਂ ਬਾਅਦ ਹੀ ਬਾਕਾਇਦਾ ਸਿਵਲ ਡਰੈੱਸ ਵਿਚ ਪਰਤੇ।
ਬਾਕੀ ਸਾਰਾ ਸਟਾਫ ਤੁਰੰਤ ਹੀ ਸਾਥੀ ਸਿੱਧੂ ਰਾਮ ਨੂੰ ਵਿਦਾਇਗੀ ਪਾਰਟੀ ਦੇਣ ‘ਚ ਰੁੱਝ ਗਿਆ। ਸਮਾਂ ਥੋੜ੍ਹਾ ਹੋਣ ਕਰਕੇ ਮਿਠਾਈ-ਸ਼ਿਠਾਈ ਦਾ ਤਾਂ ਬਹੁਤਾ ਪ੍ਰਬੰਧ ਨਹੀਂ ਸੀ, ਚਾਹ ਦਾ ਕੱਪ ਜ਼ਰੂਰ ਸਾਰਿਆਂ ਨੂੰ ਮਿਲਿਆ ਅਤੇ ਸਿੱਧੂ ਰਾਮ ਦੀਆਂ ਇਕ ਹਰਮਨ ਪਿਆਰੇ ਅਧਿਆਪਕ ਵਜੋਂ ਸਿਫਤਾਂ ਸੁਣਨ ਨੂੰ ਮਿਲੀਆਂ। ਉਹ ਪਹਿਲੀ ਜਮਾਤ ਨੂੰ ਪੜ੍ਹਾਉਂਦੇ ਸਨ ਤੇ ਸਕੂਲ ਦੀ ਕਲਰਕੀ ਦਾ ਕੰਮ ਵੀ ਸੰਭਾਲਦੇ ਸਨ।
ਉਨ੍ਹਾਂ ਬਾਰੇ ਬੋਲਦਿਆਂ ਸਕੂਲ ਮੁਖੀ ਤਾਂ ਕੁਝ ਵਧੇਰੇ ਹੀ ਭਾਵੁਕ ਹੋ ਗਏ। ਕਹਿਣ ਲੱਗੇ, “ਮੈਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਮੇਰਾ ਇਹ ਸਕੂਲ ਚੱਲੇਗਾ ਕਿਵੇਂ? ਸਕੂਲ ਦੀ ਤਾਂ ਮਾਂ ਹੀ ਤੁਰ ਚੱਲੀ ਹੈ।”
ਉਨ੍ਹਾਂ ਦੀਆਂ ਤੇ ਹੋਰ ਬੁਲਾਰਿਆਂ ਦੀਆਂ ਅਜਿਹੀਆਂ ਦੁਖੀ ਭਾਵਨਾਵਾਂ ਨੂੰ ਮਹਿਸੂਸ ਕਰਕੇ ਮੈਨੂੰ ਬਹੁਤ ਹੀ ਗਿਲਾਨੀ ਜਿਹੀ ਮਹਿਸੂਸ ਹੋ ਰਹੀ ਸੀ। ਇਸ ਵਾਸਤੇ ਮੈਂ ਆਪਣੇ-ਆਪ ਨੂੰ ਵੱਡਾ ਦੋਸ਼ੀ ਸਮਝ ਰਿਹਾ ਸਾਂ। ਮੇਰੇ ਕੋਲ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਵੀ ਕੋਈ ਸ਼ਬਦ ਨਹੀਂ ਸਨ। ਵਿਦਾਇਗੀ ਪਾਰਟੀ ਪਿਛੋਂ ਸਾਰੇ 7-8 ਅਧਿਆਪਕ ਸਿੱਧੂ ਰਾਮ ਨੂੰ ਤੋਰ ਕੇ ਬੜੇ ਹੀ ਗਮਗੀਨ ਜਿਹੇ ਮਾਹੌਲ ਵਿਚ ਅੱਧੀ ਛੁੱਟੀ ਦੀ ਘੰਟੀ ਵਜਾ ਕੇ ਆਪੋ-ਆਪਣੇ ਘਰਾਂ ਨੂੰ ਦੁਪਹਿਰ ਦਾ ਖਾਣਾ ਖਾਣ/ਅਰਾਮ ਕਰਨ ਲਈ ਚਲੇ ਗਏ। ਸਕੂਲ ਵਿਚ ਮੈਂ ਇੱਕਲਾ ਹੀ ਰਹਿ ਗਿਆ। ਕਿਸੇ ਨੇ ਮੈਨੂੰ ਬੁਲਾਇਆ ਤੱਕ ਨਹੀਂ, ਗਿਆਨੀ ਸੋਹਣ ਸਿੰਘ ਨੇ ਵੀ ਨਹੀਂ। ਇਥੋਂ ਤੱਕ ਕਿ ਸਕੂਲ ਦੇ ਚਪੜਾਸੀ ਸਰਵਣ ਸਿੰਘ ਨੇ ਵੀ, ਜੋ ਪ੍ਰਾਇਮਰੀ ਹਿੱਸੇ ਦੇ ਇਕ ਕੋਨੇ ਵਿਚ ਬਣੀ ਹੋਈ ਕੋਠੜੀ ‘ਚ ਰਹਿੰਦਾ ਸੀ।
ਅਜਿਹੀ ਸ਼ਰਮਸਾਰੀ ਤੇ ਉਦਾਸੀ ਦੇ ਮਾਹੌਲ ਵਿਚ ਮੈਂ ਸਕੂਲ ਦੇ ਦਫਤਰ ਵਿਚ ਜਾ ਬੈਠਾ। ਸਕੂਲ ਮੁਖੀ ਦੀ ਮੇਜ ‘ਤੇ ਕੁਝ ਸਫੈਦ ਕਾਗਜ਼, ਕਾਰਬਨ ਪੇਪਰ, ਇਕ ਸਰਕਾਰੀ ਚਿੱਠੀ, ਗੱਤਿਆਂ ਨਾਲ ਚਿਪਕਾਏ ਹੋਏ ਟਾਈਮ-ਟੇਬਲ ਤੇ ਹਾਜ਼ਰੀ ਰਜਿਸਟਰ ਆਦਿ ਪਏ ਸਨ। ਵਿਹਲਿਆਂ ਵਜੋਂ ਮੈਂ ਸਰਕਾਰੀ ਚਿੱਠੀ ਚੁੱਕ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ। ਸਿੱਖਿਆ ਵਿਭਾਗ ਦੇ ਜਿਲੇ ਦੇ ਦਫਤਰ ਤੋਂ ਆਇਆ ਹੋਇਆ ਇਕ ਸਰਕੂਲਰ ਸੀ, ਜਿਸ ਰਾਹੀਂ 15 ਮਈ ਦੀ ਸਟੇਟਮੈਂਟ ਮੰਗੀ ਗਈ ਸੀ; ਪੰਜ ਪਰਤਾਂ ਵਿਚ, 10 ਤਾਰੀਖ ਤੱਕ। ਇਹ ਸਾਰਾ ਕੰਮ ਸ਼ਾਇਦ ਸਿੱਧੂ ਰਾਮ ਨੇ ਹੀ ਕਰਨਾ ਸੀ। ਮੈਂ ਹਿਸਾਬ ਲਾਇਆ ਕਿ ਇਹ ਡਾਕ ਭੇਜਣ ਦੀ ਨਿਯਤ ਮਿਤੀ ‘ਚ ਸਿਰਫ 4 ਦਿਨ ਹੀ ਬਾਕੀ ਸਨ। ਹੋ ਸਕਦਾ ਇਸੇ ਲਈ ਹੈਡਮਾਸਟਰ ਸਾਹਿਬ ਨੂੰ ਸਿੱਧੂ ਰਾਮ ਦੇ ਚਲੇ ਜਾਣ ਕਾਰਨ ਐਨੀ ਘਬਰਾਹਟ ਮਹਿਸੂਸ ਹੋ ਰਹੀ ਹੋਵੇ। ਮੈਂ ਸੋਚਿਆ, “ਇਹ ਕੰਮ ਤਾਂ ਮੈਂ ਵੀ ਕਰ ਸਕਦਾ ਹਾਂ।”
ਸਰਕੂਲਰ ਨੂੰ ਦੋ ਵਾਰ ਪੜ੍ਹ ਕੇ ਮੈਂ ਕਾਗਜ਼, ਕਾਰਬਨ ਪੇਪਰ, ਪੱਕੀ ਪੈਨਸਿਲ ਤੇ ਰੂਲਰ ਆਦਿ ਚੁੱਕੇ ਅਤੇ ਸਾਰੇ ਮੰਗੇ ਹੋਏ ਕਾਗਜ਼ਾਤ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਟੀਚਰਜ਼ ਟਾਈਮ-ਟੇਬਲ ਤੇ ਸਟਾਫ ਸਟੇਟਮੈਂਟ ਵਿਚ ਸਿੱਧੂ ਰਾਮ ਦੀ ਥਾਂ ਮੈਂ ਆਪਣਾ ਨਾਂ ਤੇ ਹੋਰ ਆਪਣੇ ਸਾਰੇ ਸਬੰਧਿਤ ਵੇਰਵੇ ਭਰ ਦਿੱਤੇ। ਕਲਾਸ ਟਾਈਮ-ਟੇਬਲ ਦੀਆਂ ਤਾਂ ਪੰਜ ਕਾਪੀਆਂ ਹੀ ਬਣਾਉਣੀਆਂ ਸਨ, ਵਿਦਿਆਰਥੀਆਂ ਦੀ ਜਮਾਤਵਾਰ ਗਿਣਤੀ, ਹਾਜ਼ਰੀ ਰਜਿਸਟਰਾਂ ਵਿਚੋਂ ਦੇਖ ਕੇ ਲਿਖ ਦਿੱਤੀ। ਇਸ ਤਰ੍ਹਾਂ ਹਰ ਡਾਕੂਮੈਂਟ ਦੀਆਂ ਕਾਰਬਨ ਪੇਪਰਾਂ ਦੀ ਮਦਦ ਨਾਲ 5 ਦੀ ਥਾਂ 6-6 ਕਾਪੀਆਂ ਬਣਾ ਕੇ ਅਤੇ ਨਾਲ ਫਾਰਵਰਡਿੰਗ ਲੈਟਰ ਵੀ ਲਿਖ ਕੇ, ਸਾਰਾ ਕੰਮ ਐਨ ਟਿੱਚ ਕਰਕੇ ਮੁੱਖ ਅਧਿਆਪਕ ਦੀ ਮੇਜ਼ ‘ਤੇ ਰੱਖ ਦਿੱਤਾ।
ਦੋ ਕੁ ਘੰਟੇ ਦੀ ਅੱਧੀ ਛੁੱਟੀ ਮਨਾ ਕੇ ਜਦੋਂ ਪੰਡਿਤ ਜੀ ਵਾਪਸ ਆਏ ਤਾਂ ਮੇਜ਼ ‘ਤੇ ਪਏ ਉਪਰੋਕਤ ਕਾਗਜਾਂ ਵੱਲ ਦੇਖ ਕੇ ਥੋੜ੍ਹਾ ਹੈਰਾਨ ਹੋ ਗਏ। ਮੈਨੂੰ ਪੁੱਛਣ ਲੱਗੇ, “ਇਹ ਕੰਮ ਕਿਸ ਨੇ ਕੀਤਾ ਹੈ?”
“ਜੀ ਮੈਂ ਕੀਤਾ ਹੈ।” ਮੈਂ ਕਿਹਾ।
“ਇਹ ਹੈਂਡਰਾਈਟਿੰਗ ਤੁਹਾਡਾ ਹੈ?”
“ਹਾਂ ਜੀ!”
ਬਸ ਫਿਰ ਕੀ ਸੀ, ਪੰਡਿਤ ਜੀ ਨੂੰ ਤਾਂ ਜਿਵੇਂ ਇਕ ਨਿਵੇਕਲਾ ਜਿਹਾ ਚਾਅ ਚੜ੍ਹ ਗਿਆ ਹੋਵੇ। ਉਹ ਦੂਜੇ ਅਧਿਆਪਕਾਂ ਨੂੰ ਵੀ ਅਵਾਜ਼ਾਂ ਮਾਰਨ ਲੱਗ ਪਏ, “ਸ਼ਾਸਤਰੀ ਜੀ!, ਗਿਆਨੀ ਜੀ! ਏਧਰ ਆਓ, ਦੇਖੋ ਹਮਨੇ ਕੁਛ ਖੋਹਿਆ ਨਹੀਂ, ਕੁਛ ਪਾਇਆ ਹੈ।”
ਤਿੰਨ-ਚਾਰ ਹੋਰ ਅਧਿਆਪਕ ਮੇਜ਼ ਦੁਆਲੇ ਇੱਕਠੇ ਹੋ ਗਏ, ਉਹ ਵੀ ਹੈਰਾਨ ਸਨ। ਕਾਗਜਾਂ ਦੀ ਫਰੋਲਾ-ਫਰਾਲੀ ਕਰਨ ਲੱਗੇ। ਇਕ ਜਣੇ ਨੇ ਸਵਾਲ ਕੀਤਾ, “ਤੁਸੀਂ ਕਦੇ ਪਹਿਲਾਂ ਵੀ ਇਹ ਸਟੇਟਮੈਂਟ ਤਿਆਰ ਕੀਤੀ ਹੈ?”
“ਨਹੀਂ ਜੀ! ਮੈਂ ਤਾਂ ਪ੍ਰਾਇਮਰੀ ਸਕੂਲ ਵਿਚ ਹੀ ਕੰਮ ਕੀਤਾ ਹੈ।”
ਨਾਲ ਹੀ ਮੁੱਖ ਅਧਿਆਪਕ ਜੀ ਨੇ ਤੁਰੰਤ ਮੈਨੂੰ ਇਹ ਪੁੱਛ ਲਿਆ, “ਤੁਸੀਂ ਅੱਧੀ ਛੁੱਟੀ ਵਿਚ ਰੋਟੀ ਖਾਣ ਨਹੀਂ ਗਏ?”
ਮੈਂ ਨਾਂਹ ਵਿਚ ਉਤਰ ਦਿੱਤਾ ਅਤੇ ਕਿਹਾ, “ਅਜੇ ਇਥੇ ਮੇਰਾ ਕੋਈ ਟਿਕਾਣਾ ਹੀ ਨਹੀਂ ਹੈ ਜੀ।”
ਇਸ ਗੱਲ ‘ਤੇ ਉਹ ਐਨੇ ਭਾਵੁਕ ਹੋਏ ਕਿ ਉਨ੍ਹਾਂ ਆਪਣੇ ਬੱਚਿਆਂ ਨੂੰ ਅਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, “ਓਏ ਅਸ਼ਵਨੀ, ਕੁੜੇ ਪੁੱਸ਼ਾਂ (ਉਨ੍ਹਾਂ ਦੀ ਬੇਟੀ ਪੁਸ਼ਪਾ ਦਾ ਛੋਟਾ ਨਾਂ) ਦੌੜ ਕੇ ਘਰ ਨੂੰ ਜਾਵੋ ਅਤੇ ਆਪਣੀ ਮੰਮੀ ਕੋਲੋਂ ਛੇਤੀ ਰੋਟੀ ਬਣਵਾ ਕੇ ਲਿਆਓ ਮਾਸਟਰ ਜੀ ਲਈ।”
ਦੋਵੇਂ ਬੱਚੇ ਦੌੜਦੇ ਹੋਏ ਗਏ ਅਤੇ 20-25 ਮਿੰਟਾਂ ‘ਚ ਰੋਟੀ ਵਾਲਾ ਇਕ ਟਿਫਨ ਲੈ ਆਏ। ਛੋਲਿਆਂ ਦੀ ਤਰੀ ਨਾਲ ਮੈਂ 3 ਫੁਲਕੇ ਖਾਧੇ ਤੇ 2 ਵਾਪਸ ਕਰ ਦਿੱਤੇ।
ਐਨੇ ‘ਚ ਦੂਜੇ ਅਧਿਆਪਕਾਂ ਨੇ, ਵਿਸ਼ੇਸ਼ ਤੌਰ ‘ਤੇ ਮੈਥ ਮਾਸਟਰ ਸਾਹਿਬ ਨੇ, ਜੋ ਕੁਝ ਵਧੇਰੇ ਹੀ ਖੁਸ਼ਕ-ਮਿਜਾਜ਼ ਸਨ, ਨੇ ਮੇਰੇ ਬਣਾਏ ਹੋਏ ਸਾਰੇ ਦਸਤਾਵੇਜ਼ ਚੈਕ ਕਰ ਲਏ ਸਨ। ਸਾਰੇ ਹੀ ਪੂਰੀ ਤਰ੍ਹਾਂ ਦਰੁਸਤ ਪਾਏ ਗਏ।
ਵੇਲਾ ਸੰਭਾਲਦਿਆਂ ਮੈਂ ਮੁੱਖ ਅਧਿਆਪਕ ਜੀ ਨੂੰ ਬੇਨਤੀ ਕੀਤੀ, “ਮੈਂ ਕਾਹਲੀ-ਕਾਹਲੀ ਵਿਚ ਆਪਣਾ ਕੋਈ ਸਮਾਨ ਨਾਲ ਨਹੀਂ ਲਿਆ ਸਕਿਆ, ਇਸ ਲਈ ਮੈਨੂੰ ਤਿੰਨ ਦਿਨ ਦੀ ਛੁੱਟੀ ਚਾਹੀਦੀ ਹੈ।”
ਬੱਸ ਤਾਂ ਅਗਲੇ ਦਿਨ 7 ਵਜੇ ਸਵੇਰੇ ਜਾਣੀ ਸੀ, ਕਿਉਂਕਿ ਉਦੋਂ ਬਜਰੂੜ ਨੂੰ ਵਿਕਟਰੀ ਟਰਾਂਸਪੋਰਟ ਦੀਆਂ ਸ਼ਾਮ ਨੂੰ ਸਿਰਫ 2 ਬੱਸਾਂ ਹੀ ਆਉਂਦੀਆਂ ਸਨ। ਇਕ ਗੜਸ਼ੰਕਰ ਤੋਂ ਅਤੇ ਦੂਜੀ ਊਨੇ ਤੋਂ। ਇਹ ਦੋਵੇਂ ਅਗਲੇ ਦਿਨ ਸਵੇਰੇ 7 ਵਜੇ ਮੁੜਦੀਆਂ ਸਨ। ਇਸ ਬੇਲੋੜੀ ਦੇਰੀ ‘ਤੇ ਕਾਬੂ ਪਾਉਣ ਲਈ ਮੁੱਖ ਅਧਿਆਪਕ ਨੇ ਤੁਰੰਤ ਪਿੰਡ ‘ਚੋਂ ਇਕ ਵਧੀਆ ਜਿਹਾ ਸਾਈਕਲ ਮੰਗਵਾਇਆ ਅਤੇ ਅੱਠਵੀਂ ਜਮਾਤ ਦੇ ਸਭ ਤੋਂ ਸਿਆਣੇ ਤੇ ਸਿਹਤਮੰਦ ਵਿਦਿਆਰਥੀ ‘ਗਿਆਨ’ ਨੂੰ ਹੁਕਮ ਦਿੱਤਾ, “ਮਾਸਟਰ ਜੀ ਨੂੰ ਤੁਰੰਤ ਸਰਾਂ ਦੇ ਪੱਤਣ ‘ਤੇ ਛੱਡ ਕੇ ਆਓ।”
ਬੇੜੀ ਰਾਹੀਂ ਇਥੋਂ ਸਤਲੁਜ ਦਰਿਆ ਪਾਰ ਕਰਕੇ ਅੱਗੋਂ ਕੀਰਤਪੁਰ ਸਾਹਿਬ ਤੋਂ ਨੰਗਲ-ਹੁਸ਼ਿਆਰਪੁਰ ਦੀ ਬੱਸ ਮਿਲ ਜਾਣੀ ਸੀ।
ਇਸ ਤਰ੍ਹਾਂ ਮੈਂ ਉਸੇ ਦਿਨ ਹੁਸ਼ਿਆਰਪੁਰ ਪੁੱਜ ਗਿਆ। ‘ਮਾਮੇ ਚਾਹ ਵਾਲੇ’ ਦੀ ਦੁਕਾਨ ‘ਤੇ ਖੜਾ ਆਪਣਾ ਸਾਈਕਲ ਚੁੱਕ ਕੇ ਦੇਰ ਰਾਤ ਆਪਣੇ ਘਰ ਵੀ ਪਹੁੰਚ ਗਿਆ। ਜਿਸ ਨਾਲ ਸਾਇਕਾਲੋਜੀ ਦੇ ਪਰਚੇ ਦੀ ਤਿਆਰੀ ਲਈ ਇਕ ਦਿਨ ਦਾ ਖੁੱਲ੍ਹਾ ਸਮਾਂ ਵੀ ਮੈਨੂੰ ਮਿਲ ਗਿਆ।
ਇਸ ਤਰ੍ਹਾਂ ਬਜਰੂੜ ਦੇ ਸਕੂਲ ਵਿਚ ਮੇਰਾ ਇਹ ਪਹਿਲਾ ਦਿਨ, ਮੇਰੇ ਅਧਿਆਪਕ ਵਜੋਂ 31 ਵਰਿਆਂ ਦੇ ਜੀਵਨ ਕਾਲ ਦੀ ਸ਼ਾਇਦ ਇਕ ਅਹਿਮ ਯਾਦਗਾਰੀ ਘਟਨਾ ਹੋ ਨਿਬੜੀ। ਆਪਣੀ ਪਹਿਲੀ ਸਜ਼ਾ ਵਜੋਂ ਇਥੇ ਬਿਤਾਏ ਗਏ ਦੋ ਵਰ੍ਹੇ ਮੇਰੇ ਜੀਵਨ ਅੰਦਰ ਆਤਮ-ਵਿਸ਼ਵਾਸ ਦੇ ਵਿਕਾਸ ਪੱਖੋਂ ਸਰਬਉਤਮ ਭੂਮਿਕਾ ਨਿਭਾ ਗਏ।