ਸ਼ਮਸ਼ੇਰ ਸੰਧੂ ਦੀ ਕਹਾਣੀ ਚੈਂਪੀਅਨ

ਪ੍ਰਿੰ. ਸਰਵਣ ਸਿੰਘ
ਇਕ ਸਮਾਂ ਸੀ, ਜਦੋਂ ਕੁਸ਼ਤੀ ਦੇ ਅਖਾੜਿਆਂ ‘ਚ ਦਾਰਾ-ਦਾਰਾ ਹੁੰਦੀ ਸੀ ਤੇ ਹਾਕੀ ਦੇ ਮੈਦਾਨਾਂ ਵਿਚ ਬਲਬੀਰ-ਬਲਬੀਰ। ਫਿਰ ਸਮਾਂ ਆਇਆ ਜਦੋਂ ਗਾਇਕੀ ਦੇ ਅਖਾੜਿਆਂ ਵਿਚ ਸ਼ਮਸ਼ੇਰ-ਸ਼ਮਸ਼ੇਰ ਹੋਣ ਲੱਗੀ। ਉਹਦੇ ਅਨੇਕਾਂ ਗੀਤਾਂ ਨੇ ਝੰਡੀਆਂ ਕੀਤੀਆਂ। ਕੁਝ ਗੀਤ ਰੁਸਤਮੇ ਹਿੰਦ ਬਣੇ ਤੇ ਕੁਝ ਰੁਸਤਮੇ ਜ਼ਮਾਂ। ਉਨ੍ਹਾਂ ਦੀ ਮਸ਼ਹੂਰੀ ਬੀ. ਬੀ. ਸੀ. ਤਕ ਹੋਈ। ਕਦੇ ਦੁਪੱਟਾ ਸੱਤ ਰੰਗ ਦਾ ਲਹਿਰਾਇਆ, ਕਦੇ ਪੇਕੇ ਹੁੰਦੇ ਮਾਂਵਾਂ ਨਾਲ ਨੇ ਰੁਆਇਆ ਤੇ ਕਦੇ ਮੁਖੜਾ ਦੇਖਣ ਨੇ ਭਰਮਾਇਆ। ਉਹਦੇ ਗੀਤਾਂ ਵਿਚ ਦੁੱਧ ਦੀ ਥਾਂ ਜੈਕੁਰ ਦਾ ਪਾਣੀ ਵਿਕਦਾ ਰਿਹਾ, ਕਚਹਿਰੀਆਂ ‘ਚ ਮੇਲੇ ਲੱਗਦੇ ਰਹੇ ਤੇ ਰਕਾਨਾਂ ‘ਚੋਂ ਯਾਰ ਬੋਲਦੇ ਰਹੇ।

ਇਕੋ ਤਾਰ ਸੌ-ਸੌ ਤਾਰਾਂ ਦੀ ਬੱਸ ਕਰਾਉਂਦੀ ਰਹੀ ਤੇ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਚੜ੍ਹਾਉਂਦੀ ਰਹੀ। ਬੋਲੀਆਂ ਨਾਲ ਬੱਕਰੇ ਬੋਲਦੇ ਰਹੇ ਤੇ ਨੱਚਣ ਵਾਲੇ ਅੱਡੀਆਂ ਨਾਲ ਪਤਾਸੇ ਭੋਰਦੇ ਰਹੇ। ਕਈ ਗੀਤ ਸੱਚੀਆਂ ਸੁਣਾਉਂਦੇ ਰਹੇ-ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਇਕ ਰਹਿਣਾ ਰੱਬ ਦਾ ਨਾਂ ਬੰਦਿਆ। ਕੁਝ ਗੀਤ ਝੋਰੇ ਝੁਰਦੇ ਰਹੇ-ਗੁੰਮ ਗਈਆਂ ਕਿਧਰੇ ਦੁਆਨੀਆਂ ਚੁਆਨੀਆਂ ਏਸੇ ਤਰ੍ਹਾਂ ਗੁੰਮਗੇ ਜੁਆਨ ਤੇ ਜੁਆਨੀਆਂ। ਕੁਝ ਗੀਤ ਨਾਚ ਨਚਦੇ ਰਹੇ,
ਸੰਮੀ ਮੇਰੀ ਵਾਰ ਮੈਂ ਵਾਰੀ ਮੇਰੀ ਸੰਮੀਏ
ਟਹਿਕਦੇ ਨੇ ਜਿਵੇਂ ਚੰਨ ਤਾਰੇ ਮੇਰੀ ਸੰਮੀਏ
ਏਦਾਂ ਤੇਰੀ ਚੁੰਨੀ ਦੇ ਸਿਤਾਰੇ ਮੇਰੀ ਸੰਮੀਏ
ਸੰਧੂ ਤੇਰੇ ਉਤੋਂ ਬਲਿਹਾਰ ਮੇਰੀ ਸੰਮੀਏ
ਸੰਮੀ ਮੇਰੀ ਵਾਰ…।
ਸ਼ਮਸ਼ੇਰ ਸੰਧੂ ਦਾ ਕਿੱਤਾ ਬੇਸ਼ਕ ਪੱਤਰਕਾਰੀ ਦਾ ਸੀ, ਪਰ ਨਾਮਣਾ ਖੱਟਿਆ ਉਹਨੇ ਗੀਤ/ਗਾਣੇ ਲਿਖ ਕੇ ਤੇ ਨਾਮੀ ਗਾਇਕਾਂ ਤੋਂ ਗੁਆ ਕੇ। ਉਹਨੂੰ ਪਹਿਲਵਾਨੀ, ਕਬੱਡੀ ਤੇ ਸੰਗੀਤ ਨਾਲ ਇਸ਼ਕ ਹੈ। ਗੀਤਾਂ ਤੋਂ ਪਹਿਲਾਂ ਉਹ ਕਵਿਤਾਵਾਂ ਤੇ ਕਹਾਣੀਆਂ ਲਿਖਦਾ ਸੀ। ਉਹਦੀ ਪਹਿਲੀ ਕਹਾਣੀ ਸੀ-ਭੁੱਖੇ ਪਿੰਡੇ। ‘ਭੂਆ ਖਤਮ ਕੌਰ’, ‘ਖੁਸ਼ਬੂ ਬਦਬੂ’, ‘ਗੱਠਾ ਨਚਾਰ’, ‘ਥਿੜਕਦੇ ਪੈਰ’ ਤੇ ‘ਚੈਂਪੀਅਨ’ ਕਹਾਣੀਆਂ ਨਾਲ ਉਹ ਕਹਾਣੀਕਾਰ ਕਿਹਾ ਜਾਣ ਲੱਗਾ, ਪਰ ਉਸ ਨੇ ਕਹਾਣੀਆਂ ਦਾ ਇਕੋ ਸੰਗ੍ਰਿਹ ‘ਕੋਈ ਦਿਓ ਜਵਾਬ’ ਛਪਵਾ ਕੇ ਬੱਸ ਕਰ ਦਿੱਤੀ। ਪੇਸ਼ ਹੈ, ਉਹਦੀ ਖੇਡ ਸਾਹਿਤ ਵਰਗੀ ਕਹਾਣੀ ‘ਚੈਂਪੀਅਨ’:
ਹੁਣੇ ਕੁਸ਼ਤੀਆਂ ਹੋ ਕੇ ਹਟੀਆਂ ਸਨ।
ਸਟੇਡੀਅਮ ਵਿਚ ਕਬਰਾਂ ਵਰਗੀ ਚੁਪ-ਚਾਂ ਸੀ। ਅਜੇ ਘੰਟਾ ਕੁ ਪਹਿਲਾਂ ਏਸੇ ਥਾਂ ‘ਤੇ ਬੰਦੇ ‘ਚ ਬੰਦਾ ਭਿੜਦਾ ਫਿਰਦਾ ਸੀ।
ਸੁੰਨਸਾਨ ਸਟੇਡੀਅਮ ‘ਚੋਂ ਬਾਹਰ ਨੂੰ ਆ ਰਿਹਾ ਪਹਿਲਵਾਨ ਕੇਹਰਦੀਨ, ਜਾਪ ਰਿਹਾ ਸੀ ਜਿਵੇਂ ਧਰਤੀ ਦੇ ਉਪਰ ਨਹੀਂ, ਸਗੋਂ ਥੱਲੇ ਤੁਰ ਰਿਹਾ ਹੋਵੇ।
ਅੱਜ ਸਵੇਰੇ ਕਿੰਨੇ ਚਾਅ ਨਾਲ ਉਹ ਉਠਿਆ ਸੀ। ਉਠਦਿਆਂ ਡੰਡ ਬੈਠਕਾਂ ਕੱਢੀਆਂ। ਡੌਲੇ ‘ਤੇ ਬੰਨ੍ਹੇ ਤਵੀਤ ਨੂੰ ਪਲੋਸਿਆ। ਉਤਾਂਹ ਕੰਧ ਉਤੇ ਲੱਗੀ ਉਸਤਾਦ ‘ਗਾਮੇ’ ਦੀ ਫੋਟੋ ਅੱਗੇ ਮੱਥਾ ਟੇਕਿਆ ਤੇ ਅੱਖਾਂ ਬੰਦ ਕਰ ਕੇ ਅਰਦਾਸ ਕੀਤੀ, “ਬਸ ਅੱਜ ਦਾ ਦਿਨ ਮੇਰਾ ਸਰੀਰ ਕਾਇਮ ਰਹਿ’ਜੇ। ਭਲਕੇ ਭਾਵੇਂ ਮੇਰੇ ਪ੍ਰਾਣ ਈ ਨਿਕਲ ਜਾਣ, ਭਲਕੇ ਮੇਰਾ ਜੁੱਸਾ ਭਾਵੇਂ ਸਵਾਹ ਦੀ ਢੇਰੀ ਬਣ ਜੇ। ਬੱਸ ਅੱਜ ਦੀ ਕੁਸ਼ਤੀ ਲੜਨ ਦਾ ਬਲ ਬਖਸ਼ੋ!”
ਫਿਰ ਉਹ ਬਰਾਂਡੇ ‘ਚ ਸੁੱਤੀ ਪਈ ਪਤਨੀ ਦੇ ਸਿਰਹਾਣੇ ਜਾ ਖੜੋਇਆ, “ਨੀ ਅੱਜ ਤਾਂ ਸਾਝਰੇ ਉਠ ਖੜ੍ਹ।” ਤੇ ਉਹਨੂੰ ਗੁੱਟੋਂ ਫੜ ਕੇ ਹਲੂਣਿਆ।
ਉਬਾਸੀ ਲੈਂਦੀ ਪਤਨੀ ਉਠ ਕੇ ਬੈਠ ਗਈ, “ਗੁੱਟ ਤਾਂ ਛੱਡ ਦੇ, ਕਿਵੇਂ ਕੱਸ ਕੇ ਫੜਿਆ ਜਿਵੇਂ ਤੋੜਨਾ ਹੋਵੇ।”
ਮੰਜੇ ਦੀ ਬਾਹੀ ‘ਤੇ ਬੈਠਦਾ ਪਤਨੀ ਦੀਆਂ ਗੱਲ੍ਹਾਂ ਥਪਕਦਾ ਹੋਇਆ ਉਹ ਬੋਲਿਆ, “ਤੇਰਾ ਗੁੱਟ ਕਾਹਨੂੰ ਤੋੜਨਾ? ਗੁੱਟ ਤਾਂ ਅੱਜ ਅਖਾੜੇ ‘ਚ ਤੋੜਨ ਚੱਲਿਆਂ, ਵੱਡੇ ਚੈਂਪੀਅਨ ਦਾ…।”
ਤੇ ‘ਚੈਂਪੀਅਨ’ ਸ਼ਬਦ ਕਹਿੰਦਿਆਂ ਪਹਿਲਵਾਨ ਕੇਹਰਦੀਨ ਦੇ ਮੂੰਹ ‘ਚ ਜਿਵੇਂ ਕੋਈ ਕਸੈਲੀ ਚੀਜ਼ ਆ ਗਈ ਹੋਵੇ, “ਹੂੰ…ਸਾਲੇ ਚੈਂਪੀਅਨ ਬਣਨ ਦੇ। ਅੱਜ ਪਤਾ ਲੱਗੂ ‘ਗੁਰਜ’ ਕੀ ਭਾਅ ਵਿਕਦੀ ਆ? ਅੱਜ ਦੱਸੂੰ ਮਾਂ ਦੇ ਰੁਸਤਮ ਨੂੰ ਕੀਕਣ ਬਿਗਾਨੇ ਪੁੱਤਾਂ ਨਾਲ ਮੱਥਾ ਲਾਈਦੈ। ਪੈਸੇ ਦੇ ਸਿਰ ‘ਤੇ ਜਨਤਾ ਦੀਆਂ ਅੱਖਾਂ ‘ਚ ਘੱਟਾ ਪਾਈ ਜਾਂਦੇ ਆ, ਮੇਰੇ ਸਾਲੇ। ਅਖਬਾਰਾਂ ‘ਚ ਬਿਆਨ ਛਪਵਾ ਲੈਂਦੇ ਆ, ਅਖੇ ਜਦ ਤੱਕ 60 ਕਰੋੜ ਭਾਰਤੀਆਂ ਦੀ ਹਮਦਰਦੀ ਮੇਰੇ ਨਾਲ ਹੈ, ਤਦ ਤੱਕ ਦੁਨੀਆਂ ਦਾ ਕੋਈ ਵੀ ਪਹਿਲਵਾਨ ਰੁਸਤਮੇ-ਜ਼ਮਾਂ ਦਾ ਖਿਤਾਬ ਮੇਰੇ ਕੋਲੋਂ ਨਹੀਂ ਖੋਹ ਸਕਦਾ। ਕੋਈ ਪੁੱਛਣ ਆਲਾ ਈ ਹੈ ਨੀ ਨਾ, ਭੈਣ ਦੇ ਪਤਿਓਰਿਆਂ ਨੂੰ, ਭਲਾ ਕਦੋਂ ਜਿੱਤਿਆ ਸੀ ਇਹ ਟਾਈਟਲ? ਕੋਈ ਪੁੱਛੇ, ਭਲਾ ਕਿਥੇ ਹੋਈ ਸੀ ਇਹ ਕੁਸ਼ਤੀ, ਕੀਹਨੇ ਕਰਾਈ ਸੀ ਇਹ ਕੁਸ਼ਤੀ, ਕਦੋਂ ਹੋਈ ਸੀ ਇਹ ਕੁਸ਼ਤੀ? ਸਾਲੇ ਪਖੰਡੀ! ਆਹ ਜਿਹੜੀਆਂ ਬੈਲਟਾਂ ਜੀਆਂ ਲੱਕ ਨੂੰ ਬੰਨ੍ਹ ਕੇ ਦੋਹੇਂ ਭਰਾ ਫੋਟੂਆਂ ਖਿਚਾਈ ਫਿਰਦੇ ਆ, ਭਲਾ ਇਹ ਕਿਹੜੀ ਰੁਸਤਮੇ-ਜ਼ਮਾਂ ਦੀ ਕੁਸ਼ਤੀ ‘ਚੋਂ ਜਿੱਤੀਆਂ? ਦੱਸਣ ਤਾਂ ਸਹੀ। ਜੇ ਇਹੋ ਜਿਹੀਆਂ ਬਨਾਉਟੀ ‘ਬੈਲਟਾਂ’ ਨਾਲ ਈ ਲੋਕਾਂ ਨੂੰ ਝੁੱਡੂ ਬਣਾਉਣੈ ਤਾਂ ਮੈਂ ਵੀ ਆਥਣ ਨੂੰ ਬਣਾ ਲਿਆਉਨਾਂ ਬੈਲਟ। ਹੁਣੇ ਚੜ੍ਹ ਜਾਨਾਂ ਗੱਡੀ ‘ਤੇ ਕਲਕੱਤੇ ਨੂੰ। ਅਗਲੇ ਮਹੀਨੇ ਲੱਕ ਉਤੇ ਕੋਕਿਆਂ ਵਾਲੀ ਤੇ ਗਲੋਬ ਦੇ ਕਲਿਪ ਵਾਲੀ ਬੈਲਟ ਬੰਨ੍ਹ ਕੇ ਤੇ ਫੋਟੋ ਖਿਚਾ ਕੇ ਅਖਬਾਰਾਂ ਨੂੰ ਭੇਜ ਦੂੰ…।”
ਪਤਨੀ ਉੱਠ ਕੇ ਚੁੱਲ੍ਹਾ-ਚੌਂਕਾ ਕਰਨ ਲੱਗ ਪਈ।
ਖੇਤਾਂ ‘ਚ ਜੰਗਲ-ਪਾਣੀ ਹੋ ਕੇ ਤੇ ਖੂਹ ‘ਤੇ ਹੱਥ ਮੂੰਹ ਸੁੱਚਾ ਕਰ ਕੇ, ਉਹ ਸਿੱਧਾ ਨਿਆਈਂ ਵਾਲੇ ਅਖਾੜੇ ਨੂੰ ਤੁਰ ਪਿਆ। ਉਹਦੇ ਚੇਲੇ-ਬਾਲਕੇ ਤੇ ਪਿੰਡ ਦੇ ਹੋਰ ਸ਼ੁਕੀਨ ਚੋਬਰ ਪਹਿਲੋਂ ਹੀ ਕੱਪੜੇ ਉਤਾਰ ਕੇ ‘ਜ਼ੋਰ’ ਕਰਨ ਲੱਗੇ ਹੋਏ ਸਨ। ਕੇਹਰਦੀਨ ਨੂੰ ਦੇਖਦਿਆਂ ਪੱਠਿਆਂ ਨੇ ‘ਜ਼ੋਰ’ ਕਰਨਾ ਛੱਡ, ਉਸਤਾਦ ਦੇ ਪੈਰੀਂ ਹੱਥ ਲਾਇਆ।
“ਉਸਤਾਦ ਜੀ, ਕਿੰਨੇ ਵਜੇ ਚੱਲਣਾ ਆਪਾਂ ਓਧਰ ਨੂੰ?”
“ਛੇਤੀ ਕਰੀਏ ਜੁਆਨੋ। ਪਹਿਲਾਂ ਈ ਪਹੁੰਚੀਏ ਤਾਂ ਠੀਕ ਐ। ਚੱਲ ਕੇ ਦੰਗਲ ਕਰਾਉਣ ਵਾਲੇ ਠੇਕੇਦਾਰ ਨਾਲ ਵੀ ਗੱਲ ਕਰਨੀ ਆ ਪਹਿਲੋਂ।”
“ਉਸਤਾਦ ਜੀ, ਕਿਉਂ ਨਾ ਆਪਾਂ ਸਿੱਧੇ ਡੀ. ਸੀ. ਸਾਹਿਬ ਦੀ ਕੋਠੀ ਚੱਲੀਏ ਤੇ ਕਹੀਏ ਕਿ ਸਾਨੂੰ ਝੰਡੀ ਕਰਨ ਦੀ ‘ਜਾਜ਼ਤ ਦੇਵੇ।”
“ਥੋਨੂੰ ਪਤਾ ਈ ਆ, ਆਪਣੀ ਇਉਂ ਕਿਸੇ ਨੇ ਨੀ ਮੰਨਣੀ। ਆਪਾਂ ਜਾਂਦਿਆਂ ਝੰਡੀ ਗੱਡ ਦੇਣੀ ਅਖਾੜੇ ‘ਚ ਪਈ ਸਾਡਾ ਚੈਲਿੰਜ ਆ। ਦੋਹੇਂ ਪਹਿਲਵਾਨ ਭਰਾਵਾਂ ‘ਚੋਂ ਜੀਹਦੀ ਮਰਜ਼ੀ ਆ ਘੁਲ ਲਵੇ। ਐਨੇ ਲੋਕਾਂ ਸਾਹਮਣੇ ਦੇਖੀ ਜਾਂਦੀ ਆ ਫਿਰ ਕੀਹਦੀ ਕਾਟੋ ਫੁੱਲਾਂ ‘ਤੇ ਖੇਡੂ?”
ਇਕ ਵਜੇ ਦੇ ਕਰੀਬ ਪਹਿਲਵਾਨ ਕੇਹਰਦੀਨ ਆਪਣੇ ਚੋਬਰਾਂ ਸਮੇਤ ਸ਼ਹਿਰ ‘ਚ ਕੁਸ਼ਤੀਆਂ ਵਾਲੀ ਥਾਂ ‘ਤੇ ਪੁੱਜ ਗਿਆ। ਘੋਲ ਸ਼ੁਰੂ ਹੋਣ ‘ਚ ਅਜੇ ਸਮਾਂ ਸੀ ਪਰ ਸਟੇਡੀਅਮ ਦੇ ਗੇਟਾਂ ‘ਤੇ ਧੱਕਾ ਪੈਣਾ ਸ਼ੁਰੂ ਹੋ ਗਿਆ ਸੀ।
ਪਹਿਲਵਾਨ ਕੇਹਰਦੀਨ ਨੇ ਸੋਚਿਆ, ਪਹਿਲਾਂ ਬੰਬਈਓਂ ਆਏ ਭਲਵਾਨਾਂ ਨਾਲ ਈ ਸਿੱਧੀ ਗੱਲ ਕਰ ਲਈ ਜਾਵੇ। ਪ੍ਰਬੰਧਕਾਂ ਨੂੰ ਪੁੱਛਣ ‘ਤੇ ਪਤਾ ਲੱਗਾ, ਏਥੋਂ ਥੋੜ੍ਹੀ ਹੀ ਦੂਰ ਇਕ ਹੋਟਲ ਵਿਚ ਦੋਹੇਂ ਪਹਿਲਵਾਨ ਭਰਾ ਠਹਿਰੇ ਹੋਏ ਨੇ।
ਉਹ ਸਿੱਧੇ ਹੋਟਲ ਵੱਲ ਚੱਲ ਪਏ। ਹੋਟਲ ਦੇ ਕਾਊਂਟਰ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ ਪਹਿਲਵਾਨ ਤੀਜੀ ਮੰਜ਼ਿਲ ‘ਤੇ ਠਹਿਰੇ ਹੋਏ ਨੇ ਅਤੇ ਆਰਾਮ ਫੁਰਮਾ ਰਹੇ ਨੇ। ਪਹਿਲਵਾਨ ਕੇਹਰਦੀਨ ਨੇ ਹੋਟਲ ਦੇ ਮੈਨੇਜਰ ਨਾਲ ਗੱਲ ਕੀਤੀ ਕਿ ਸਾਡਾ ਪਹਿਲਵਾਨਾਂ ਨੂੰ ਮਿਲਣਾ ਬੜਾ ਜ਼ਰੂਰੀ ਹੈ!
ਮੈਨੇਜਰ ਨੇ ਕੇਹਰਦੀਨ ਨੂੰ ਸਿਰੋਂ ਪੈਰਾਂ ਤਕ ਦੇਖਿਆ। ਡੀਲ ਡੌਲ ਤੋਂ ਪ੍ਰਭਾਵਤ ਹੋ ਕੇ ਕਿਹਾ, “ਪਹਿਲਵਾਨ ਜੀ, ਸਾਥੀਆਂ ਨੂੰ ਬੈਂਚਾਂ ‘ਤੇ ਬਿਠਾ ਦਿਓ। ਤੁਸੀਂ ਇਕੱਲੇ ਮੇਰੇ ਨਾਲ ਚੱਲੋ। ਤੁਹਾਡੀ ਮੁਲਾਕਾਤ ਕਰਾ ਦਿੰਨੇ ਆਂ।”
ਮੈਨੇਜਰ, ਕੇਹਰਦੀਨ ਨੂੰ ਲਿਫਟ ਰਾਹੀਂ ਉਪਰ ਲੈ ਗਿਆ। ਇਕ ਕਮਰੇ ਦੀ ਬੈੱਲ ਦਬਾਈ। ਇਕ-ਚੌਥਾਈ ਖੁੱਲ੍ਹੇ ਦਰਵਾਜੇ ‘ਚੋਂ ਕੋਈ ਬਾਹਰ ਝਾਕਿਆ।
“ਕੀਹਨੂੰ ਮਿਲਣੈ?…ਅੱਛਾ… ਮੈਨੇਜਰ ਸਾਹਿਬ ਨੇ… ਆ’ਜੋ, ਆ’ਜੋ।”
“ਪਹਿਲਵਾਨ ਜੀ, ਤੁਸੀਂ ਇਕ ਮਿੰਟ ਬਾਹਰ ਰੁਕੋ। ਪਹਿਲਾਂ ਮੈਂ ਗੱਲ ਕਰ ਆਵਾਂ।”
ਕਮਰੇ ਦੇ ਇਕ ਕੋਨੇ ਵਿਚ ਝਿਲਮਿਲ-ਝਿਲਮਿਲ ਕਰਦੇ ਪਰਦਿਆਂ ਵਿਚ ਦੁਨੀਆਂ ਦੇ ‘ਚੈਂਪੀਅਨ’ ਪਹਿਲਵਾਨ ਬਿਰਾਜਮਾਨ ਸਨ। ਮੈਨੇਜਰ ਨੇ ਅੱਧਾ ਕੁ ਝੁੱਕ ਕੇ ਅਰਜ਼ ਕੀਤੀ, “ਪਹਿਲਵਾਨ ਜੀ, ਬਾਹਰ ਇਕ ਪਹਿਲਵਾਨ ਖੜ੍ਹਾ ਹੈ। ਉਹ ਕਹਿੰਦੈ, ਕੁਸ਼ਤੀ ਤੋਂ ਪਹਿਲਾਂ ਮੇਰਾ ਮਿਲਣਾ ਬੜਾ ਜ਼ਰੂਰੀ ਐ।”
“ਕੀ ਨਾਂ ਐ ਉਹਦਾ?” ਛੋਟੇ ਨੇ ਪੁੱਛਿਆ।
“ਜੀ ਉਹ ਆਪਣਾ ਨਾਂ ਕੇਹਰਦੀਨ ਦੱਸਦੈ।”
ਦੋਹੇਂ ਪਹਿਲਵਾਨਾਂ ਨੇ ਇਕ ਦੂਜੇ ਵੱਲ ਦੇਖਿਆ। ਇਕ ਦੂਜੇ ਨੂੰ ਅਣਦੱਸੇ ਸੁਨੇਹੇ ਦਿੱਤੇ।
“ਉਹਨੂੰ ਕਹਿ ਦਿਓ, ਉਨ੍ਹਾਂ ਕੋਲ ਟਾਈਮ ਨਹੀਂ। ਕੁਸ਼ਤੀ ਹੋਣ ਪਿੱਛੋਂ ਮਿਲ ਲਵੇ।”
“ਜੋ ਹੁਕਮ ਜਨਾਬ।” ਕਹਿੰਦਿਆਂ ਮੈਨੇਜਰ ਮੁੜ ਗਿਆ ਤੇ ਕੇਹਰਦੀਨ ਨੂੰ ਵੀ ਵਾਪਸ ਮੋੜ ਦਿੱਤਾ।
“ਇਹੋ ਪਹਿਲਵਾਨ ਤਾਂ ਨੀ ਕਿਤੇ ਕੇਹਰਦੀਨ? ਜਿਹੜਾ ਸਾਡੇ ਖਿਲਾਫ ਅਖਬਾਰਾਂ ‘ਚ ਬਿਆਨ ਦਿੰਦਾ ਰਹਿੰਦੈ?” ਚੈਂਪੀਅਨ ਪਹਿਲਵਾਨ ਨੇ ਪੁੱਛਿਆ।
“ਹਾਂ। ਕੱਲ੍ਹ ਅਖਬਾਰ ‘ਚ ਏਸੇ ਦਾ ਈ ਚੈਲਿੰਜ ਸੀ, ਅਖੇ ਮੈਂ ਸਟੇਡੀਅਮ ‘ਚ ਕੁਸ਼ਤੀ ਲੜਨ ਲਈ ਚੈਂਪੀਅਨ ਭਰਾਵਾਂ ਨੂੰ ਲਲਕਾਰਾਂਗਾ।”
“ਠੇਕੇਦਾਰ ਨੂੰ ਕਹਿ ਕਹਾ ਕੇ ਗੱਲ ਮੁਕਾ ਲੈਣੀ ਸੀ।”
“ਇਹ ਬੜਾ ਅੜੀਅਲ ਭਲਵਾਨ ਆ। ਮੈਂ ਅੱਗੇ ਵੀ ਬੰਦੇ ਵਿਚ ਪੁਆ ਕੇ ਗੱਲ ਮੁਕਾਉਣੀ ਚਾਹੀ ਸੀ। ਇਹ ਨਾ ਸਮਝੌਤਾ ਕਰਨ ਨੂੰ ਤਿਆਰ ਆ, ਨਾ ਸੌਦਾ।”
“ਮਹਿੰਗਾ ਸਸਤਾ ਜਿੰਨੇ ‘ਤੇ ਨਿਬੜਦਾ ਸੀ, ਨਬੇੜ ਲੈਂਦੇ।”
“ਮਖਿਆ, ਉਹ ਤਾਂ ਕੰਨ ਈ ਨੀ ਧਰਦਾ। ਕਹਿੰਦਾ ਮੇਰੇ ਨਾਲ ਤਾਂ ਕੁਸ਼ਤੀ ਹੀ ਲੜੋ।”
“ਫਿਰ ਦਫਾ ਕਰੋ, ਇਹੋ ਜੇ ਬੰਦੇ ਨੂੰ…।”
“ਪਰ ਇਕ ਗੱਲ ਕਰੋ, ਅਖਬਾਰਾਂ ‘ਚ ਬਿਆਨ ਦੇ ਦਿਓ ਕਿ ਸਾਨੂੰ ਏਨੀ ਫੁਰਸਤ ਨਹੀਂ ਕਿ ਜਣੇ-ਖਣੇ ਸ਼ੋਹਦੇ ਦਾ ਚੈਲਿੰਜ ਪਰਵਾਨ ਕਰੀਏ…ਵਗੈਰਾ…ਵਗੈਰਾ।”
ਨਿਰਾਸ਼ ਹੋਇਆ ਕੇਹਰਦੀਨ ਆਪਣੇ ਸਾਥੀਆਂ ਸਮੇਤ ਵਾਪਸ ਸਟੇਡੀਅਮ ‘ਚ ਆ ਗਿਆ। ਚੁਪਾਸੀਂ ਦਰਸ਼ਕਾਂ ਦਾ ਜਮਘਟਾ ਸੰਘਣਾ ਹੋ ਰਿਹਾ ਸੀ। ਸਟੇਡੀਅਮ ਦੇ ਐਨ ਵਿਚਕਾਰ ਮਜ਼ਬੂਤ ਫੱਟਿਆਂ ਉਪਰ ਰਿੰਗ ਦੁਆਲੇ ਰੰਗੀਨ ਰੱਸੇ ਬੰਨ੍ਹੇ ਹੋਏ ਸਨ। ਲਾਊਡ ਸਪੀਕਰ ‘ਚੋਂ ਅਵਾਜ਼ ਆ ਰਹੀ ਸੀ, ”ਘੋਲ ਸ਼ੁਰੂ ਹੋਣ ਵਾਲੇ ਨੇ, ਅੱਜ ਪੰਜ ਘੋਲ ਹੋਣਗੇ, ਪਹਿਲੀ ਕੁਸ਼ਤੀ, ਫਲਾਣਾ ਵਰਸਜ਼ ਫਲਾਣਾ…ਤੀਜੀ ਕੁਸਤੀ ਫਲਾਣਾ ਵਰਸਜ਼ ਫਲਾਣਾ…ਤੇ ਪੰਜਵੀਂ ਕੁਸ਼ਤੀ, ਜਿਸ ਦੀ ਤੁਹਾਨੂੰ ਸਭ ਨੂੰ ਉਡੀਕ ਹੈ, ਅਮਰੀਕਾ ਦੇ ਨਾਮੀ ਨੀਗਰੋ ਪਹਿਲਵਾਨ ਨਾਲ ਸਾਡੇ ਦੇਸ਼ ਦੇ ਚੈਂਪੀਅਨ ਪਹਿਲਵਾਨ ਲੜਨਗੇ। ਇਸ ਨੀਗਰੋ ਪਹਿਲਵਾਨ ਨੇ ਸਾਡੇ ਯੋਧੇ ਪਹਿਲਵਾਨ ਨੂੰ ਚੈਲਿੰਜ ਕੀਤਾ ਸੀ, ਜੋ ਪਰਵਾਨ ਕਰ ਲਿਆ ਗਿਐ…।
ਕੁਸ਼ਤੀਆਂ ਸ਼ੁਰੂ ਹੋਈਆਂ। ਦੋ ਪਹਿਲਵਾਨ ਰਿੰਗ ‘ਚ ਆਏ। ਰੈਫਰੀ ਨਾਲ ਹੱਥ ਮਿਲਾਏ। ਪਹਿਲਾ ਰਾਊਂਡ। ਦੂਜਾ ਰਾਊਂਡ। ਤੀਜਾ ਰਾਊਂਡ…। ਦੂਜੀ ਕੁਸ਼ਤੀ ਸ਼ੁਰੂ ਹੋਈ। ਦੋ ਹੋਰ ਪਹਿਲਵਾਨ ਲੰਗੋਟੇ ਕਸ ਕੇ ਅਗਾਂਹ ਹੋਏ। ਇਕ ਰਾਊਂਡ। ਦੋ ਰਾਊਂਡ। ਤਿੰਨ ਰਾਊਂਡ…ਤੀਜੇ ਰਾਊਂਡ ‘ਚ ਇਕ ਜਣੇ ਨੇ ਮਾੜਾ ਜਿਹਾ ਫਾਊਲ ਖੇਡਿਆ। ਰੈਫਰੀ ਨੇ ਵਾਰਨਿੰਗ ਦਿੱਤੀ। ਅੰਤਿਮ ਰਾਊਂਡ। ਇਕ ਜਿੱਤ ਗਿਆ, ਦੂਜਾ ਹਾਰ ਗਿਆ।
ਕਾਲੀ ਘਟਾ ਚੜ੍ਹਨ ਕਾਰਨ ਅਗਲੀਆਂ ਦੋ ਕੁਸ਼ਤੀਆਂ ਦਾ ਸਮਾਂ ਘੱਟ ਕਰ ਦਿੱਤਾ ਗਿਆ। ਰਾਊਂਡ ਵੀ ਪੰਜ ਮਿੰਟ ਦੀ ਥਾਂ ਤਿੰਨ ਮਿੰਟ ਦਾ ਕਰ ਦਿੱਤਾ। ਇਹ ਕੁਸ਼ਤੀ ਚੈਂਪੀਅਨ ਪਹਿਲਵਾਨ ਦੇ ਛੋਟੇ ਭਰਾ ਦੀ ਸੀ। ਉਹ ਹੱਸਦਾ-ਮੁਕਰਾਉਂਦਾ ਰਿੰਗ ‘ਚ ਗਿਆ ਤੇ ਦੂਜੇ ਰਾਊਂਡ ‘ਚ ਹੀ ਭਾੜੇ ਦੇ ਪਹਿਲਵਾਨ ਨੂੰ ਚਿੱਤ ਕਰਕੇ ਥੱਲੇ ਉਤਰ ਆਇਆ।
ਚੌਥੀ ਕੁਸ਼ਤੀ ਸ਼ੁਰੂ ਹੋਈ। ਦੋ ਹੋਰ ਪਹਿਲਵਾਨ ਨਿੱਤਰੇ। ਪਹਿਲਾ ਰਾਊਂਡ…ਦੂਜਾ ਰਾਊਂਡ। ਦੂਜੇ ਰਾਊਂਡ ‘ਚ ਹੀ ਇਕ ਨੇ ਦੂਸਰੇ ਨੂੰ ਚੁੱਕ ਕੇ ਰੱਸਿਆਂ ਤੋਂ ਬਾਹਰ ਸੁੱਟ ਦਿੱਤਾ। ਰੈਫਰੀ ਨੇ ਅੱਠ ਗਿਣਨੇ ਸ਼ੁਰੂ ਕੀਤੇ। ਥੱਲੇ ਡਿਗਿਆ ਪਹਿਲਵਾਨ ਉਠ ਨਾ ਸਕਿਆ। ਦੂਜਾ ਪਹਿਲਵਾਨ ਜਿੱਤ ਗਿਆ।
ਸਪੀਕਰ ‘ਚੋਂ ਬੁਲਾਰਾ ਬੜੇ ਨਾਟਕੀ ਅੰਦਾਜ਼ ‘ਚ ਫਾਈਨਲ ਕੁਸ਼ਤੀ ਦੀ ਭੂਮਿਕਾ ਬੰਨ੍ਹਣ ਲੱਗਾ, “ਦਰਸ਼ਕੋ, ਇਹ ਕੁਸ਼ਤੀ ਸਾਡੇ ਦੇਸ਼ ਵਿਚ ਇਕ ਇਤਿਹਾਸਕ ਕੁਸ਼ਤੀ ਹੋਵੇਗੀ। ਪਰ੍ਹਿਆਂ ‘ਚ ਬੈਠ ਕੇ ਲੋਕ ਇਸ ਕੁਸ਼ਤੀ ਦੀਆਂ ਗੱਲਾਂ ਕਰਿਆ ਕਰਨਗੇ। ਇਹ ਕੁਸ਼ਤੀ ਦੁਨੀਆਂ ਦੇ ਦੋ ਰੁਸਤਮ ਪਹਿਲਵਾਨਾਂ ‘ਚ ਹੋਵੇਗੀ। ਸਾਡੇ ਦੇਸ਼ ਦੇ ਚੈਂਪੀਅਨ ਪਹਿਲਵਾਨ ਅਤੇ ਅਮਰੀਕਾ ਦੇ ਚੈਂਪੀਅਨ ਪਹਿਲਵਾਨ ਗੁਡਿਅੰਕੋ ਨੀਗਰੋ ਵਿਚਕਾਰ ਭੇੜ ਵੇਖਣ ਵਾਲਾ ਹੋਵੇਗਾ…।”
ਕੇਹਰਦੀਨ ਪਹਿਲਵਾਨ ਨੇ ਬੈਠੇ-ਬੈਠਿਆਂ ਆਪਣੇ ਮੋਢੇ ਛੰਡੇ। ਮਨ ਵਿਚ ਇਕ ਝੱਖੜ ਝੁੱਲ ਪਿਆ। ਇਹੀ ਮੌਕਾ ਸੀ, ਜਦੋਂ ਇਨ੍ਹਾਂ ਦਿਖਾਵੇ ਦੇ ਚੈਂਪੀਅਨਾਂ ਦਾ ਭਾਂਡਾ ਚੌਰਾਹੇ ਵਿਚ ਭੰਨਿਆ ਜਾ ਸਕਦਾ ਸੀ। ਇਹੋ ਮੌਕਾ ਸੀ, ਜੋ ਉਹਦੇ ਸਾਲਾਂ ਤੋਂ ‘ਕੱਠੇ ਹੋਏ ਗੁਭਗੁਭਾਟ ਨੂੰ ਬਾਹਰ ਕੱਢ ਸਕਦਾ ਸੀ। ਇਹੋ ਮੌਕਾ ਸੀ, ਜਦੋਂ ਉਹ ਹਜ਼ਾਰਾਂ ਲੋਕਾਂ ਦੇ ਸਾਹਮਣੇ ਚੈਂਪੀਅਨ ਨੂੰ ਲਲਕਾਰ ਸਕਦਾ ਸੀ। ਅਖਬਾਰਾਂ ‘ਚ ਛਪਵਾਏ ਬਿਆਨਾਂ ਨੂੰ ਸਾਕਾਰ ਕਰਨ ਦਾ, ਡੌਂਡੀ ਪਿੱਟਣ ਦਾ ਇਹੋ ਇਕੋ-ਇਕ ਮੌਕਾ ਸੀ। ਵੱਡੇ ਭਰਾ ਨਾਲ ਨਹੀਂ ਮੰਨਦੇ ਤਾਂ ਚਲੋ ਛੋਟੇ ਭਰਾ ਨਾਲ ਹੀ ਕੁਸ਼ਤੀ ਕਰਵਾਈ ਜਾਵੇ। ਅੱਵਲ ਤਾਂ ਦੋਹੇਂ ਭਰਾ ਵਾਰੀ-ਵਾਰੀ ਘੁਲ ਲੈਣ। ਨਾਲੇ ਐਨੇ ਲੋਕ ਆਪਣੀ ਅੱਖੀਂ ਵੇਖ ਲੈਣਗੇ ਕੌਣ ਕਿੰਨੇ ਕੁ ਪਾਣੀ ‘ਚ ਹੈ?
ਕੇਹਰਦੀਨ ਉਠਿਆ। ਦੰਗਲ ਦੇ ਠੇਕੇਦਾਰ ਕੋਲ ਅਰਜ਼ ਕੀਤੀ, “ਮੇਰੀ ਕੁਸ਼ਤੀ ਜ਼ਰੂਰ ਕਰਵਾਓ।” ਠੇਕੇਦਾਰ ਚੁੱਪ ਰਿਹਾ। “ਮੈਨੂੰ ਚੈਲਿੰਜ ਕਰ ਲੈਣ ਦਿਓ। ਇਕ ਮੌਕਾ ਜ਼ਰੂਰ ਦਿਓ।” ਠੇਕੇਦਾਰ ਫਿਰ ਵੀ ਚੁੱਪ ਰਿਹਾ। ਉਸ ਨੇ ਕੇਹਰਦੀਨ ਪਹਿਲਵਾਨ ਤੋਂ ਪੱਲਾ ਛੁਡਾਇਆ ਤੇ ਜਾ ਕੇ ਡੀ. ਐਸ਼ ਪੀ. ਦੇ ਕੰਨਾਂ ‘ਚ ਘੁਸਰ-ਮੁਸਰ ਕੀਤੀ।
ਡੀ. ਐਸ਼ ਪੀ. ਨੇ ਪਰ੍ਹੇ ਖੜ੍ਹੇ ਐਸ਼ ਪੀ. ਦੇ ਕੰਨ ‘ਚ ਕੁਝ ਕਿਹਾ। ਐਸ਼ ਪੀ. ਨੇ ਫੌਰਨ ਜਿਲੇ ਦੇ ਡੀ. ਸੀ. ਸਾਹਿਬ ਕੋਲ ਕਾਨਾਫੂਸੀ ਕੀਤੀ।
ਕੁਝ ਮਿੰਟਾਂ ‘ਚ ਹੀ ਇਕ ਹੋਰ ਪੁਲਿਸ ਅਫਸਰ ਨੇ ਬੈਂਤ ਦੇ ਇਸ਼ਾਰੇ ਨਾਲ ਪਹਿਲਵਾਨ ਕੇਹਰਦੀਨ ਨੂੰ ਆਪਣੇ ਕੋਲ ਸੱਦਿਆ ਤੇ ਪਰੇ ਲਿਜਾ ਕੇ ਪਹਿਲਵਾਨ ਦੀਆਂ ਅੱਖਾਂ ‘ਚ ਕਹਿਰੀ ਨਜ਼ਰੇ ਤੱਕਿਆ। “ਭਲਵਾਨ ਜੀ। ਕੰਨ ਕਰ ਕੇ ਸੁਣ ਲੋ। ਜੇ ਸਰਕਾਰੀ ਪ੍ਰੋਗਰਾਮ ‘ਚ ਕੋਈ ਗੜਬੜ ਕੀਤੀ, ਜੇ ਅਖਾੜੇ ‘ਚ ਕੋਈ ਖੱਪ-ਖੁੱਪ ਪਾਈ ਤਾਂ ਦੇਖ ਲਿਓ ਛੇ ਮਹੀਨੇ ਜ਼ਮਾਨਤ ਨਹੀਂ ਹੋਣੀ। ਜੇ ਕੋਈ ਚੈਲਿੰਜ-ਚੂਲਿੰਜ ਦੀ ਗੱਲ ਕੀਤੀ ਤਾਂ ਚੇਤੇ ਰੱਖਿਓ ਫੜ ਕੇ ਸੀਖਾਂ ‘ਚ ਤਾੜ ਦਿਆਂਗੇ।”
ਕੇਹਰਦੀਨ ਪਹਿਲਵਾਨ ਨੇ ਦੋਹੇਂ ਹੱਥ ਬੰਨ੍ਹੇ, “ਬਾਦਸ਼ਾਹੋ! ਮੇਰੀ ਤਾਂ ਇਕੋ ਅਰਜ਼ ਐ ਪਈ ਤੁਸੀਂ ਮੇਰੇ ਨਾਲ ਇਨਸਾਫ ਕਰੋ। ਮੈਂ ਸਾਲਾਂ ਤੋਂ ਤਿਆਰੀ ਕੀਤੀ ਐ। ਮੇਰੀ ਕੁਸ਼ਤੀ ਕਰਾ ਦਿਓ। ਵੱਡੇ ਭਲਵਾਨ ਨਾਲ, ਚਾਹੇ ਛੋਟੇ ਭਲਵਾਨ ਨਾਲ। ਮੈਨੂੰ ਇਕ ਮੌਕਾ ਜ਼ਰੂਰ ਦਿਵਾਓ।”
“ਥੋਨੂੰ ਇਕ ਵਾਰੀ ਕਹਿ’ਤਾ ਪਈ ਚੁੱਪ ਕਰਕੇ ਬੈਠ ਜੋ। ਜਾਂ ਸਟੇਡੀਅਮ ‘ਚੋਂ ਬਾਹਰ ਚਲੇ ਜਾਓੁ। ਵਰਨਾ ਐਥੇ ਈ ਲੋਹੇ ਦੀਆਂ ਵੰਗਾਂ ਪਾ ਦਿਆਂਗੇ।” ਕਹਿੰਦਾ ਹੋਇਆ ਪੁਲਿਸ ਅਫਸਰ ਪਰੇ ਤੁਰ ਗਿਆ।
ਕੇਹਰਦੀਨ ਨੇ ਲੱਜ ਜਿੱਡਾ ਲੰਮਾ ਸਾਹ ਲਿਆ ਤੇ ਅੱਖਾਂ ਪੂੰਝਦਾ ਆਪਣੇ ਸਾਥੀ ਪਹਿਲਵਾਨਾਂ ਵਿਚ ਆ ਬੈਠਾ। ਕਹਿਣ-ਦੱਸਣ ਵਾਲੀ ਹੁਣ ਕੋਈ ਗੱਲ ਨਹੀਂ ਸੀ ਰਹਿ ਗਈ…।
ਸਪੀਕਰ ਵਿਚੋਂ ਅਵਾਜ਼ ਹੋਰ ਉਚੀ ਹੋਈ, “ਅਜ ਦੀ ਸਭ ਤੋਂ ਵੱਡੀ ਕੁਸ਼ਤੀ ਹੁਣ ਸ਼ੁਰੂ ਹੋਵੇਗੀ।”
ਸਪੀਕਰ ਵਿਚੋਂ ਉਭਰਦੀ ਅਵਾਜ਼ ਲੋਕਾਂ ਦੀ ਹਮਦਰਦੀ ਅਟੇਰ ਰਹੀ ਸੀ। ਲੋਕਾਂ ਦੇ ਮਨਾਂ ਵਿਚ ਕੁਸ਼ਤੀ ਪ੍ਰਤੀ ਉਤਸੁਕਤਾ ਪੈਦਾ ਕਰ ਰਹੀ ਸੀ, “ਹੁਣ ਰੈਫਰੀ ਸਾਹਿਬ ਪਹਿਲਵਾਨਾਂ ਦੇ ਸਰੀਰ ਚੈਕ ਕਰਨਗੇ ਮਤਾਂ ਕਿਸੇ ਪਹਿਲਵਾਨ ਨੇ ਨਹੁੰ ਵਧੇ ਹੋਣ, ਕਿਸੇ ਪਹਿਲਵਾਨ ਨੇ ਕੋਈ ਤੇਜ਼ ਧਾਰ ਚੀਜ਼ ਕਿਤੇ ਛੁਪਾਈ ਹੋਵੇ…।”
ਫਿਰ ਹੱਥ ਜੋੜੀ ਕਰ ਕੇ, ਪਹਿਲਵਾਨ ਪਿਛੇ ਹਟੇ। ਆਪਣੇ ਚੋਗੇ ਉਤਾਰੇ ਤੇ ਅੰਗ ਛੰਡੇ। ਰੈਫਰੀ ਨੇ ਵਿਸਲ ਮਾਰੀ। ਪਹਿਲਾ ਰਾਊਂਡ ਸ਼ੁਰੂ ਹੋਇਆ। ਚੈਂਪੀਅਨ ਨੇ ਚੱਕਵੇਂ ਪੈਰੀਂ ਗੇੜੇ ਕੱਢਣੇ ਸ਼ੁਰੂ ਕੀਤੇ। ਉਹਦੇ ਪਟਿਆਂ ਤੋਂ ਕਿਸੇ ਫਿਲਮੀ ਐਕਟਰ ਦਾ ਝਉਲਾ ਪੈਂਦਾ ਸੀ। ਇਸ ਰਾਊਂਡ ਵਿਚ ਨੀਗਰੋ ਪਹਿਲਵਾਨ ਭਾਰੂ ਰਿਹਾ, ਪਰ ਪੁਆਇੰਟ ਕਿਸੇ ਵੀ ਪਹਿਲਵਾਨ ਨੂੰ ਨਾ ਮਿਲਿਆ।
ਪਹਿਲਵਾਨ ਕੇਹਰਦੀਨ ਦੇ ਚਾਵਾਂ ਦੇ ਪਰਛੰਡੇ ਲਹਿ ਚੁਕੇ ਸਨ। ਉਹ ਡਾਢਾ ਉਦਾਸ ਸੀ। ਨਾਲ ਬੈਠੇ ਇਕ ਸ਼ਾਗਿਰਦ ਨੇ ਦੁੱਖ ਵੰਡਾਉਣ ਦੇ ਲਹਿਜੇ ‘ਚ ਕਿਹਾ, “ਉਸਤਾਦ ਜੀ, ਤੁਸੀਂ ਦਿਲ ਉਤੇ ਨਾ ਲਾਓ। ਨਾਲੇ ਮੌਕੇ ਦੇ ਅਫਸਰਾਂ ਅੱਗੇ ਆਪਾਂ ਕਰ ਵੀ ਕੀ ਸਕਦੇ ਆਂ? ਫਿਰ ਕਿਤੇ ਮੌਕਾ ਮਿਲਿਆ ਤਾਂ ਚੈਲਿੰਜ ਕਰ ਲੈਣਾ। ਨਾਲੇ ਆਹ ਕੁਸ਼ਤੀ ਵੇਖੋ। ਕੀਕੂੰ ਹਬਸ਼ੀ ਭਲਵਾਨ ਟੁੱਟ-ਟੁੱਟ ਪੈ ਰਿਹੈ। ਕਿਡੇ ਹੌਂਸਲੇ ਨਾਲ ਦਾਅ ਮਾਰ ਰਿਹੈ। ਖੌਰੈ ਇਹੋ ਈ ਚੈਂਪੀਅਨ ਦਾ ਪਾਸਾ ਪੁੱਠਾ ਪਾ ਦੇਵੇ। ਤੁਸੀਂ ਕੁਸ਼ਤੀ ਤਾਂ ਦੇਖੋ। ਇੰਜ ਨੀਵੀਂ ਪਾ ਕੇ ਨਾ ਬੈਠੋ…।”
“ਓ ਜੁਆਨਾਂ! ਮੈਂ ਜਾਣਦਾਂ ਇਸ ਸਾਰੇ ਕਾਸੇ ਨੂੰ। ਇਹ ਨਿਰਾ ਡਰਾਮਾ ਆ।”
ਚੈਂਪੀਅਨ ਪਹਿਲਵਾਨ ਗਰਮ ਹੋ ਚੁਕਾ ਸੀ। ਉਹਦੇ ਬਾਰੇ ਆਮ ਮਸ਼ਹੂਰ ਸੀ ਕਿ ਪਹਿਲੇ ਰਾਊਂਡਾਂ ਵਿਚ ਕੁੱਟ ਖਾਂਦਾ ਹੈ ਤੇ ਫਿਰ ਗਰਮ ਹੋ ਕੇ ਝਪਟਦਾ ਹੈ। ਕੁਮੈਂਟਰੀ ਜਾਰੀ ਸੀ, “ਦੇਖੋ ਬਈ, ਕਿੰਨੀ ਸ਼ਾਨਦਾਰ ਪਕੜ ਹੋ ਰਹੀ ਏ। ਕਿੱਡਾ ਵਧੀਆ ਘੋਲ ਹੋ ਰਿਹੈ। ਇਹ ਸਾਡੇ ਦੇਸ਼ ਦੀ ਇਤਿਹਾਸਕ ਕੁਸ਼ਤੀ ਕਹੀ ਜਾਏਗੀ। ਲੋਕ ਸੱਥਾਂ ‘ਚ ਤੇ ਮਹਿਫਿਲਾਂ ‘ਚ ਗੱਲਾਂ ਕਰਨਗੇ। ਅਹਿ ਦੇਖੋ ਹੋ ਗਿਆ ਦਸਤਪੰਜਾ। ਪਹਿਲਵਾਨ ਇਕ ਦੂਜੇ ਦੀਆਂ ਬਾਹਾਂ ਮਰੋੜ ਰਹੇ ਨੇ…।”
ਕੁਮੈਂਟੇਟਰ ਦੀ ਅਵਾਜ਼ ਹੋਰ ਉਚੀ ਹੋਈ, “ਹੁਣ ਕੋਈ ਵੀ ਦਾਅ ਲੱਗ ਨ੍ਹੀਂ ਰਿਹਾ। ਕੋਈ ਤਕਨੀਕ ਨਈਂ ਵਰਤੀ ਜਾ ਰਹੀ, ਸਿਰਫ ਜ਼ੋਰ ਅਜ਼ਮਾਈ ਹੋ ਰਹੀ ਏ। ਦੇਖੀਏ ਕਿਹੜਾ ਭਲਵਾਨ ਭਾਰੂ ਹੁੰਦਾ, ਮਾਰੋ ਤਾੜੀ ਜ਼ੋਰਾਂ ਦੀ। ਸਾਡਾ ਭਲਵਾਨ ਭਾਰੂ ਹੋ ਗਿਐ, ਨੀਗਰੋ ਭਲਵਾਨ ਦਬ ਰਿਹੈ। ਇਹਨੂੰ ਕਹਿੰਦੇ ਨੇ ਨੈੱਕਪਿੰਨ…ਹੁਣ ਜੋ ਦਾਅ ਮਾਰਿਆ, ਇਹਨੂੰ ਆਖਦੇ ਨੇ ਡਰੌਪਕਿੱਕ। ਸਾਡੇ ਭਲਵਾਨ ਨੇ ਨੀਗਰੋ ਭਲਵਾਨ ਜ਼ਬਰਦਸਤ ਢੰਗ ਨਾਲ ਕਾਬੂ ਕੀਤਾ ਹੋਇਐ। ਜੇ ਤਿੰਨ ਗਿਣਦਿਆਂ ਤਕ ਦੋਹੇਂ ਮੋਢੇ ਥੱਲੇ ਲੱਗੇ ਰਹਿਣ ਤਾਂ ਪੁਆਇੰਟ ਜਿਤਿਆ ਗਿਆ। ਇਹ ਰਾਊਂਡ ਸਾਡੇ ਭਲਵਾਨ ਨੇ ਜਿੱਤ ਲਿਐ।”
ਆਖਰੀ ਰਾਊਂਡ। ਕੁਸ਼ਤੀ ਹੋਰ ਤੇਜ਼ੀ ਪਕੜ ਗਈ। ਨੀਗਰੋ ਪਹਿਲਵਾਨ ਨੂੰ ਚੈਂਪੀਅਨ ਪਹਿਲਵਾਨ ਨੇ ਧੋਬੀ ਪਟੜਾ ਮਾਰਿਆ। ਮਾਈਕ ‘ਚੋਂ ਅਵਾਜ਼ ਉਭਰੀ, “ਇਹਨੂੰ ਕਿਹਾ ਜਾਂਦੈ ਬੌਡੀਸਲਿੰਮ। ਇਹ ਦਾਅ ਆਮ ਭਲਵਾਨ ਨ੍ਹੀਂ ਲਾ ਸਕਦੇ। ਸਾਡੇ ਚੈਂਪੀਅਨ ਭਲਵਾਨ ਨੇ ਕਿਸੇ ਵੇਲੇ ਦੁਨੀਆਂ ਦੇ ਰੁਸਤਮ ਭਲਵਾਨ ਕਿੰਗਕਾਂਗ ਨੂੰ ਏਸੇ ਹੀ ਦਾਅ ਨਾਲ ਹਰਾਇਆ ਸੀ।”
ਕਿਹਰਦੀਨ ਨੇ ਸ਼ਗਿਰਦ ਦੇ ਕੰਨ ‘ਚ ਕਿਹਾ, “ਇਹ ਨੀਗਰੋ ਭਲਵਾਨ ਭਾੜੇ ਦਾ ਬੰਦਾ। ਇਹਨੇ ਏਥੇ ਇਹਦੀ ਪੂਰੀ ਟੌਅਰ ਬਣਾ ਕੇ ਜਾਣੀ ਆ। ਤੂੰ ਨਹੀਂ ਸਮਝਦਾ ਅਜੇ। ਏਦਾਂ ਈ, ਕਈ ਸਾਲ ਪਹਿਲਾਂ ਇਹ ਬਾਹਰਲੇ ਮੁਲਕਾਂ ਵਿਚ ਨਕਾਬ ਪਾ ਕੇ, ਉਥੋਂ ਦੇ ਭਲਵਾਨਾਂ ਦੀ ਟੌਅਰ ਬਣਾ ਕੇ ਆਏ ਸੀ। ਤੂੰ ਕੀ ਸਮਝਦੈਂ? ‘ਕੇਰਾਂ ਆਪਣਾ ਅਕਰਮ ਭਲਵਾਨ ਵੀ ਇਨ੍ਹਾਂ ਨਾਲ ਮਿਲ ਕੇ ਕੁਸ਼ਤੀ ਹਾਰ ਗਿਆ ਸੀ। ਅਸੀਂ ਉਦੋਂ ਦਾ ਈ ਭਾਈਚਾਰੇ ‘ਚੋਂ ਅਕਰਮ ਦਾ ਦਾਣਾ-ਪਾਣੀ ਛੇਕਿਆ ਹੋਇਐ।”
ਸ਼ਾਗਿਰਦ ਪਹਿਲਵਾਨ ਹੱਕਾ-ਬੱਕਾ ਰਹਿ ਗਿਆ। ਉਹਨੂੰ ਸੱਚ ਨਹੀਂ ਸੀ ਆ ਰਿਹਾ, “ਉਸਤਾਦ ਜੀ, ਭਲਵਾਨੀ ਦਾ ਤਾਂ ਆਪਣਾ ਧਰਮ ਹੁੰਦੈ। ਭਲਵਾਨੀ ਤਾਂ ਕਸਬ ਈ ਐਸਾ ਪਈ ਬੇਈਮਾਨੀ ਨਈਂ ਕਰਨੀ।”
“ਉਏ ਤੂੰ ਭੋਲੈਂ! ਇਹ ਗੱਲਾਂ ਤਾਂ ਸਿਧੜ ਭਲਵਾਨਾਂ ਕੋਲ ਹੀ ਰਹਿ ਗਈਆਂ। ਤੇਰੇ ਮੇਰੇ ਵਰਗਿਆਂ ਕੋਲ। ਇਹ ਜਿੰਨੇ ਖਿਤਾਬਾਂ ਵਾਲੇ ਭਲਵਾਨ ਨੇ, ਸਭ ਏਸੇ ਤਰ੍ਹਾਂ ਈ ਅੱਗੇ ਆਏ ਨੇ। ਜਿਨ੍ਹਾਂ ਦੀ ਵੱਡੇ ਘਰੀਂ ਪਹੁੰਚ ਆ, ਬੈਲਟਾਂ ਜਿੱਤੀ ਫਿਰਦੇ ਆ। ਬੱਸ ਇਹੋ ਜਿਹਿਆਂ ਨੇ ਹੀ ਭਲਵਾਨੀ ਧਰਮ ਭ੍ਰਿਸ਼ਟ ਕੀਤੈ…।”
ਕੁਮੈਂਟੇਟਰ, ਜਿਹੜਾ ਦਾਅ ਵੱਜਦਾ, ਨਾਲੋ-ਨਾਲ ਬਿਆਨ ਕਰੀ ਜਾਂਦਾ, “ਇਹਨੂੰ ਕਹਿੰਦੇ ਆ ਫਲਾਈਂਗ ਕਿੱਕ…ਇਕ ਹੋਰ ਫਲਾਈਂਗ ਕਿੱਕ…ਇਹ ਨੀਗਰੋ ਭਲਵਾਨ ਆਪਣੇ ਜੌਹਰ ਖੂਬ ਦਿਖਾ ਰਿਹੈ। ਸਾਨੂੰ ਵਿਦੇਸ਼ੋਂ ਆਏ ਏਸ ਭਲਵਾਨ ਦੀ ਵੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਆ। ਮਾਰੋ ਜ਼ੋਰ ਦੀ ਤਾੜੀ। ਇਹ ਫਲਾਈਂਗ ਕਿੱਕ ਸਾਡੇ ਦੇਸ਼ ਦੇ ਸੌਦਾਗਰ ਭਲਵਾਨ ਦਾ ਪ੍ਰਸਿਧ ਦਾਅ ਐ। ਦੇਖੋ ਨੀਗਰੋ ਭਲਵਾਨ ਕਿਵੇਂ ਸ਼ੇਰ ਵਾਂਗ ਝਪਟ ਮਾਰ ਰਿਹੈ। ਸਾਡੇ ਭਲਵਾਨ ਨੂੰ ਨੀਗਰੋ ਭਲਵਾਨ ਨੇ ਬੁਰੀ ਤਰ੍ਹਾਂ ਕਾਬੂ ਕੀਤਾ ਹੋਇਐ। ਰੈਫਰੀ ਪੁੱਛ ਰਿਹੈ, ‘ਕੀ ਥਲੜਾ ਭਲਵਾਨ ਹਾਰ ਮੰਨਣ ਨੂੰ ਤਿਆਰ ਏ?’ ਪਰ ਭਲਵਾਨ ਕਹਿ ਰਿਹੈ, ਨਹੀਂ…। ਅਹਿ…ਦੇਖੋ…ਦੇਖੋ…ਹੁਣ ਸਾਡਾ ਭਲਵਾਨ ਆਪਣਾ ਖਾਸ ਦਾਅ ਮਾਰਨ ਲੱਗਾ ਏ ਡੈੱਥਲਾਕ…ਡੈੱਥਲਾਕ…। ਇਸ ਦਾਅ ਤੋਂ ਕੋਈ ਭਲਵਾਨ ਬਚ ਕੇ ਨਹੀਂ ਨਿਕਲ ਸਕਦਾ। ਇਹ ਸਭ ਤੋਂ ਖਤਰਨਾਕ ਦਾਅ ਹੈ…ਡੈੱਥਲਾਕ। ਲਓ ਸਾਡਾ ਭਲਵਾਨ ਇਸ ਦਾਅ ਵਿਚ ਕਾਮਯਾਬ ਹੋ ਗਿਐ।”
ਨੀਗਰੋ ਪਹਿਲਵਾਨ ਨੇ ਨਕਲੀ ਚੀਕਾਂ ਮਾਰੀਆਂ ਤਰਲੋਮੱਛੀ ਹੋਣ ਵਾਂਗ ਤਰਲੋਮੱਛੀ ਵੀ ਹੋਇਆ।
ਰੈਫਰੀ ਵਾਰ ਵਾਰ ਪੁਛ ਰਿਹੈ, ਪੁਆਇੰਟ ਦੇਵਾਂ? ਆਖਰ ਨੀਗਰੋ ਭਲਵਾਨ ਇਕ ਦੋ ਵਾਰੀ ਦੀ ਨਾਂਹ ਕਰਨ ਪਿੱਛੋਂ ਮੰਨ ਜਾਂਦੈ ਕਿ ਪੁਆਇੰਟ ਵਿਰੋਧੀ ਨੂੰ ਦੇ ਦਿੱਤਾ ਜਾਵੇ ਤੇ ਮੈਨੂੰ ਛੁਡਾਇਆ ਜਾਵੇ।
ਚੈਂਪੀਅਨ ਪਹਿਲਵਾਨ ਨੇ ਮੱਥੇ ਤੋਂ ਮੁੜਕਾ ਪੂੰਝਿਆ। ਨੀਗਰੋ ਪਹਿਲਵਾਨ ਅਜੇ ਵੀ ਥੱਲੇ ਪਿਆ ਕਰਾਹੁਣ ਦੀ ਅਵਾਜ਼ ਕੱਢ ਰਿਹੈ। ਉਠਣ ਦਾ ਯਤਨ ਕਰ ਰਿਹੈ, ਪਰ ਗੋਡਾ ਭਾਰ ਨਹੀਂ ਝਲਦਾ।
ਰੈਫਰੀ ਨੀਗਰੋ ਭਲਵਾਨ ਨੂੰ ਪੁਛਦੈ, “ਕੀ ਉਹ ਹੋਰ ਕੁਸ਼ਤੀ ਲੜਨ ਨੂੰ ਤਿਆਰ ਐ?”
ਪਰ ਨੀਗਰੋ ਪਹਿਲਵਾਨ ਦੋ ਤਿੰਨ ਵਾਰ ਚੁੱਪ ਰਹਿਣ ਪਿਛੋਂ ਸਿਰ ਮਾਰ ਗਿਆ, “ਓ…ਨੋ…ਨੋ…।” ਰੈਫਰੀ ਨੇ ਲੰਮੀ ਸਾਰੀ ਵਿਸਲ ਮਾਰ ਕੇ ਕੁਸ਼ਤੀ ਮੁਕਾ ਦਿੱਤੀ।
ਚੈਂਪੀਅਨ ਪਹਿਲਵਾਨ ਦੀ ਬਾਂਹ ਉੱਚੀ ਕਰ ਕੇ ਉਸ ਨੂੰ ਜੇਤੂ ਕਰਾਰ ਦੇ ਦਿੱਤਾ। ਕੁਮੈਂਟੇਟਰ ਜੋਸ਼ ‘ਚ ਬੋਲਦਾ ਗਿਆ, “ਨੀਗਰੋ ਭਲਵਾਨ ਨੇ ਰਹਿੰਦੀ ਕੁਸ਼ਤੀ ਲੜਨੋਂ ਨਾਂਹ ਕਰ ਦਿੱਤੀ ਐ। ਸਾਡੇ ਭਲਵਾਨ ਨੇ ਆਪਣੇ ਖਤਰਨਾਕ ਦਾਅ ਡੈੱਥਲਾਕ ਨਾਲ ਅੱਜ ਦੀ ਇਹ ਇਤਿਹਾਸਕ ਕੁਸ਼ਤੀ ਜਿੱਤ ਲਈ ਐ…।”
ਲੋਕਾਂ ਦੀਆਂ ਤਾੜੀਆਂ ਨਾਲ ਅਸਮਾਨ ਗੂੰਜ ਪਿਆ। ਖੁਸ਼ੀ ਵਿਚ ਦਰਸ਼ਕਾਂ ਨੇ ਪਰਨੇ ਹਵਾ ‘ਚ ਚਲਾ ਮਾਰੇ। ਜਿਹੜੇ ਕੁਰਸੀਆਂ ‘ਤੇ ਬੈਠੇ ਸਨ, ਉਨ੍ਹਾਂ ਚਾਂਭਲ ਕੇ, ਕੁਰਸੀਆਂ ਵਗਾਹ-ਵਗਾਹ ਮਾਰੀਆਂ। ‘ਚੈਂਪੀਅਨ ਜ਼ਿੰਦਾਬਾਦ’ ‘ਚੈਂਪੀਅਨ ਜ਼ਿੰਦਾਬਾਦ’ ਦੇ ਨਾਅਰਿਆਂ ਨੇ ਸਟੇਡੀਅਮ ਗੂੰਜਣ ਲਾ ਦਿੱਤਾ। ਦਰਸ਼ਕਾਂ ਨੂੰ ਬਾਹਰ ਕੱਢਣ ਲਈ ਸਟੇਡੀਅਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ।
ਦੇਖਦਿਆਂ ਦੇਖਦਿਆਂ ਹਜ਼ਾਰਾਂ ਦੀ ਗਿਣਤੀ ਸੈਂਕੜਿਆਂ ਤੇ ਸੈਂਕੜਿਆਂ ਦੀ ਵੀਹਾਂ ਵਿਚ ਰਹਿ ਗਈ।
ਇਸ ਛੋਟੀ ਜਿਹੀ ਭੀੜ ਵਿਚ, ਭਾਂ ਭਾਂ ਕਰਦੇ ਸਟੇਡੀਅਮ ਵਿਚੋਂ ਪਹਿਲਵਾਨ ਕੇਹਰਦੀਨ ਵੀ ਬਾਹਰ ਵੱਲ ਨੂੰ ਤੁਰਿਆ ਜਾ ਰਿਹਾ ਸੀ। ਚਿੱਟੇ ਚਾਦਰੇ ਵਿਚੋਂ ਉਮਲ ਉਮਲ ਪੈਂਦੇ ਉਹਦੇ ਥਮਲਿਆਂ ਵਰਗੇ ਪੱਟ, ਕੇਲੇ ਦੇ ਤਣੇ ਵਰਗੇ ਗੋਲ ਡੌਲੇ, ਖਰਾਸ ਦੇ ਪੁੜ ਵਰਗੀ ਛਾਤੀ, ਬੱਬਰ ਸ਼ੇਰ ਵਰਗਾ ਜਬਾੜਾ, ਸਮੁੱਚੇ ਦਾ ਸਮੁੱਚਾ ਸੱਤ ਫੁੱਟਾ ਦਰਸ਼ਨੀ ਪਹਿਲਵਾਨ ਕੇਹਰਦੀਨ, ਇਉਂ ਜਾਪ ਰਿਹਾ ਸੀ, ਜਿਵੇਂ ਧਰਤੀ ਦੇ ਉਪਰ ਨਹੀਂ ਸਗੋਂ ਧਰਤੀ ਦੇ ਥੱਲੇ ਤੁਰ ਰਿਹਾ ਹੋਵੇ।