ਦਿੱਲੀ ਦੇ ਦਰਵਾਜੇ

ਸੰਤੋਖ ਮਿਨਹਾਸ
ਫੋਨ: 559-283-6376
ਰੁੱਖ, ਪੰਛੀ, ਦਰਿਆ, ਹਰਿਆਲੇ ਪਹਾੜ ਆਦਿ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹਨ। ਇਹ ਬ੍ਰਹਿਮੰਡ ਦੇ ਪਸਾਰੇ ਦੀ ਮਨੁੱਖ ਨੂੰ ਅਦੁੱਤੀ ਦੇਣ ਹੈ। ਸਾਡੇ ਆਸੇ-ਪਾਸੇ ਵੱਸਦੇ ਇਸ ਸੰਸਾਰ ਦੀ ਮਨੁੱਖ ਦੇ ਜੀਵਨ ਨੂੰ ਜਿਉਣ ਜੋਗਾ ਕਰਨ ਵਿਚ ਵੱਡੀ ਬਰਕਤ ਹੈ। ਅੱਜ ਦੇ ਮੁਕਾਬਲੇ ਸਾਡੇ ਵਡੇਰਿਆਂ ਦਾ ਜੀਵਨ ਇਨ੍ਹਾਂ ਕੁਦਰਤੀ ਨਿਆਮਤਾਂ ਨਾਲ ਇੱਕ-ਮਿਕ ਸੀ। ਰੁੱਖ ਤਾਂ ਸਾਡੇ ਘਰ ਦੇ ਜੀਅ ਵਾਂਗ ਸਨ, ਇਸੇ ਲਈ ਸਾਡਾ ਬਹੁਤ ਸਾਰਾ ਕਾਵਿ ਰੁੱਖਾਂ ਦੀ ਵਡਿਆਈ ਨਾਲ ਭਰਿਆ ਪਿਆ ਹੈ। ਜਦੋਂ ਕਦੀ ਵੀ ਮੈਂ ਰੁੱਖਾਂ ਨਾਲ ਸਬੰਧਤ ਗੱਲ ਕਰਨ ਲੱਗਦਾ ਹਾਂ ਤਾਂ ਮੈਨੂੰ ਸ਼ਿਵ ਕੁਮਾਰ ਬਟਾਲਵੀ ਦੀ ਨਜ਼ਮ ਯਾਦ ਆ ਜਾਂਦੀ ਹੈ,

ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਲਗਦੇ ਮਾਂਵਾਂ…
ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਮੇਰੇ ਬਾਬੇ ਵਰਗੇ
ਪੱਤਰ ਟਾਵਾਂ ਟਾਵਾਂ…।
ਰੁੱਖਾਂ ਨਾਲ ਸਾਡੇ ਹੱਡ-ਮਾਸ ਦੇ ਰਿਸ਼ਤਿਆਂ ਵਾਂਗ ਗੂੜ੍ਹੇ ਨਾਤੇ ਹਨ। ਇਸ ਲਈ ਰੁੱਖਾਂ ਨੂੰ ਮਨੁੱਖੀ ਨਾਂ ਨਾਲ ਜੋੜ ਕੇ ਜਾਂ ਹੋਰ ਤਸ਼ਬੀਹੀ ਅਲੰਕਾਰਾਂ ਨਾਲ ਨਿਵਾਜਿਆ ਗਿਆ ਹੈ, ਪਰ ਦੁੱਖ ਦੀ ਗੱਲ ਹੈ ਕਿ ਅੱਜ ਦੇ ਮਨੁੱਖ ਦਾ ਰੁੱਖਾਂ ਨਾਲੋਂ ਮੋਹ ਟੁੱਟ ਰਿਹਾ ਹੈ। ਰੁੱਖ ਜੀਵਨ ਦੀ ਹੋਂਦ ਦਾ ਪ੍ਰਤੀਕ। ਰੁੱਖ ਲੱਖਾਂ ਪ੍ਰਜਾਤੀਆਂ ਨੂੰ ਆਪਣੇ ਕਲਾਵੇ ਵਿਚ ਲੈਣ ਦਾ ਸੋਮਾ। ਰੁੱਖ ਸਬਰ ਸੰਤੋਖ ਅਤੇ ਤਿਆਗ ਦੀ ਜਾਗਦੀ ਤਪੱਸਿਆ। ਰੁੱਖ ਝੋਲੀਆਂ ਭਰ ਕੇ ਆਪਾ ਵੰਡਣ ਦੀ ਅਸਗਾਹ। ਰੁੱਖ ਸਾਡੇ ਜਨਮ ਮਰਨ ਦੀਆਂ ਰਸਮਾਂ ਦੀ ਪੂਰਤੀ ਦਾ ਸਭਿਆਚਾਰਕ ਪ੍ਰਤੀਕ।
ਪੰਜਾਬ ਵਿਚ ਮੁਰੱਬੇਬੰਦੀ ਤੋਂ ਪਹਿਲਾਂ ਦੀ ਗੱਲ ਹੈ। ਜਦੋਂ ਛੋਟੇ ਹੁੰਦਿਆਂ ਖੇਤ ਜਾਂਦੇ ਸਾਂ ਤਾਂ ਵੱਡੇ ਵੱਡੇ ਦਰਖੱਤ ਵੇਖਣ ਨੂੰ ਮਿਲਦੇ ਸਨ। ਰੁੱਤ ਅਨੁਸਾਰ ਉਨ੍ਹਾਂ ਰੁੱਖਾਂ ਵੱਲ ਭੱਜ ਕੇ ਜਾਣਾ, ਜਿਨ੍ਹਾਂ ਤੋਂ ਕੁਝ ਖਾਣ ਨੂੰ ਮਿਲਦਾ ਸੀ। ਚੇਤ-ਵਿਸਾਖ ਬੇਰੀਆਂ ਨੂੰ ਭੱਜਣਾ, ਸਾਉਣ ਦੇ ਮਹੀਨੇ ਜਾਮਣੂੰ ਜਾਂ ਅੰਬਾਂ ਵਲ ਦੌੜਨਾ। ਖੇਤ ਜਾਣ ਦਾ ਚਾਅ ਇਨ੍ਹਾਂ ਰੁੱਖਾਂ ਦਾ ਬੁਲਾਵਾ ਲੱਗਦਾ। ਖੱਤਿਆਂ ਦੀ ਪਛਾਣ ਵੀ ਰੁੱਖਾਂ ਦੇ ਨਾਂਵਾਂ ਨਾਲ ਹੁੰਦੀ ਸੀ, ਜਿਵੇਂ ਬੇਰੀ ਵਾਲਾ ਖੱਤਾ, ਜਿਉੜੀਆਂ ਟਾਲੀਆਂ ਵਾਲਾ ਖੱਤਾ, ਜਾਮਣ ਵਾਲਾ ਖੱਤਾ ਆਦਿ। ਇਸ ਤਰ੍ਹਾਂ ਰੁੱਖ ਸਾਡੀ ਜਾਇਦਾਦ ਦੀ ਪਛਾਣ ਹੁੰਦੇ ਸਨ। ਇਹ ਦਾਦਿਆਂ-ਪੜਦਾਦਿਆਂ ਦੇ ਲਾਏ ਰੁੱਖ ਰਿਸ਼ਤਿਆਂ ਦੀ ਯਾਦ ਦਿਵਾਉਂਦੇ। ਰੁੱਖ ਮਨੁੱਖੀ ਸਾਂਝ ਦਾ ਸਿਰਨਾਂਵਾਂ ਬਣਦੇ। ਥੱਕੇ ਹਾਰੇ ਰਾਹੀਆਂ ਦੀ ਠਹਿਰ ਹੁੰਦੇ। ਹੱਲ ਛੱਡ ਕੇ ਰੋਟੀ ਖਾਣ ਇਨ੍ਹਾਂ ਰੁੱਖਾਂ ਦੀ ਠੰਡੀ ਛਾਂ ਹੇਠ ਬਹਿਣਾ ਕਿਸੇ ਅਲਾਹੀ ਆਨੰਦ ਦਾ ਝਲਕਾਰਾ ਪੈਂਦਾ ਲੱਗਦਾ। ਮਾਰੂ ਖੇਤਾਂ ਵਿਚ ਰੁੱਖਾਂ ਦੇ ਝੁੰਡ ਆਮ ਹੀ ਵੇਖਣ ਨੂੰ ਮਿਲਦੇ ਸਨ। ਕਿੱਕਰ ਵਣ ਜੰਡ ਕਰੀਰ ਦੇ ਬਰੂਟੇ ਮਾਰੂ ਪੈਲੀਆਂ ਦੀ ਰੌਣਕ ਹੁੰਦੇ ਸਨ। ਤਿੱਖੜ ਦੁਪਿਹਰੇ ਪਸ਼ੂਆਂ ਲਈ ਸਿਰ ਢੱਕਣ ਦੀ ਠਾਹਰ ਬਣਦੇ।
ਹੁਣ ਵੀ ਜਦ ਸਾਡੇ ਘਰ ਆਪਣੇ ਖੇਤਾਂ ਦੇ ਪੁਰਾਣੇ ਰੁੱਖਾਂ ਦੀ ਗੱਲ ਛਿੜਦੀ ਹੈ ਤਾਂ ਮੈਨੂੰ ਤਾਏ ਗੁਰਦਿਆਲ ਦੀਆਂ ਗੱਲਾਂ ਚੇਤੇ ਆ ਜਾਂਦੀਆਂ ਹਨ। ਉਹਦਾ ਮਨੁੱਖੀ ਰਿਸ਼ਤੇ ਨਾਤਿਆਂ ਨਾਲ ਬਹੁਤਾ ਲਗਾਉ ਨਹੀਂ ਸੀ, ਪਰ ਰੁੱਖਾਂ ਪੰਛੀਆਂ, ਜਾਨਵਰਾਂ ਨਾਲ ਬਹੁਤ ਮੋਹ ਸੀ। ਜਦੋਂ ਕਿਸੇ ਸੀਰੀ ਜਾਂ ਕਾਮੇ ਨੇ ਬਾਲਣ ਵਾਸਤੇ ਕਿਸੇ ਦਰਖੱਤ ਨੂੰ ਵੱਢਣਾ ਜਾਂ ਛਾਂਗਣਾ ਤਾਂ ਉਹ ਗਲ ਪੈਣ ਤੱਕ ਜਾਂਦਾ ਸੀ। ਮਜਾਲ ਕੋਈ ਪਸੂ ਕਿਸੇ ਬੂਟੇ ਨਾਲ ਖਹਿ’ਜੇ। ਸਿੱਧਾ ਸਾਦਾ ਫਕੀਰੀ ਸੁਭਾਅ ਵਾਲਾ ਤੇ ਦੁਨੀਆਂਦਾਰੀ ਦੀਆਂ ਆਮ ਰਵਾਇਤੀ ਗੱਲਾਂ ਤੋਂ ਦੂਰ। ਉਹ ਕਦੇ ਗੁਰਦੁਆਰੇ ਮੰਦਿਰ ਨਹੀਂ ਸੀ ਗਿਆ, ਨਾ ਹੀ ਕਦੇ ਰੱਬ ਦਾ ਨਾਂ ਲੈਂਦਿਆਂ ਸੁਣਿਆ ਸੀ। ਜਦੋਂ ਕੋਈ ਦੁੱਖ ਹੁੰਦਾ ਤਾਂ ‘ਹਾਏ ਅੰਮੜੀਏ!’ ਕਹਿ ਕੇ ਆਪਣੀ ਮਾਂ ਨੂੰ ਯਾਦ ਕਰਦਾ, ਸ਼ਾਇਦ ਉਹਦੀ ਮਾਂ ਹੀ ਉਸ ਦਾ ਰੱਬ ਸੀ। ਮੈਂ ਸਾਰੀ ਉਮਰ ਉਸ ਨੂੰ ਕਿਸੇ ਬਾਰੇ ਚੰਗੀ-ਮੰਦੀ ਗੱਲ ਕਰਦਿਆਂ ਨਹੀਂ ਸੀ ਵੇਖਿਆ ਅਤੇ ਨਾ ਹੀ ਉਸ ਦੀ ਆਮ ਲੋਕਾਂ ਨਾਲ ਉਠਣੀ-ਬਹਿਣੀ ਸੀ। ਘਰ ਤੋਂ ਖੇਤ ਅਤੇ ਖੇਤ ਤੋਂ ਘਰ, ਬਸ ਏਨੀ ਕੁ ਉਸ ਦੀ ਦੁਨੀਆਂ ਸੀ। ਸਵੇਰੇ ਰੋਟੀ ਟੁੱਕ ਖਾ ਕੇ ਸੀਰੀ ਕਾਮਿਆਂ ਦੀ ਰੋਟੀ ਪਾਣੀ ਲੈ ਕੇ ਅਤੇ ਨਾਲ ਹੀ ਘਰ ਦੇ ਪਸੂਆਂ ਨੂੰ ਚਾਰਨ ਲਈ ਖੇਤ ਲਿਜਾਣਾ ਤੇ ਸ਼ਾਮ ਨੂੰ ਪਸੂਆਂ ਨੂੰ ਛੱਪੜ ‘ਤੇ ਨੁਹਾ ਕੇ ਘਰੇ ਵੜਨਾ-ਇਹੀ ਉਸ ਦਾ ਰੋਜ਼ ਦਾ ਕੰਮ ਸੀ।
ਤਾਏ ਗੁਰਦਿਆਲ ਦਾ ਪਿਛਲਾ ਪਿੰਡ ਭਾਈ ਕਾ ਦਿਆਲਪੁਰਾ ਸੀ। ਇਹ ਭਾਈ ਕੇ ਸਰਦਾਰਾਂ ਦਾ ਪਿੰਡ ਸੀ। ਪਿੰਡ ਦੇ ਸਾਰੇ ਲੋਕ ਮੁਜ਼ਾਰੇ ਸਨ। ਪੈਪਸੂ ਵੇਲੇ ਜਦੋਂ ਮੁਜ਼ਾਰਾ ਮੂਵਮੈਂਟ ਚੱਲੀ ਤਾਂ ਇਸ ਪਿੰਡ ਦੇ ਲੋਕਾਂ ਨੇ ਵੀ ਉਸ ਲਹਿਰ ਵਿਚ ਹਿਸਾ ਲਿਆ। ਪੁਲਿਸ ਤੇ ਲੋਕਾਂ ਦੀ ਝੜਪ ਵਿਚ ਦੋ ਪੁਲਿਸ ਵਾਲਿਆਂ ਨੂੰ ਲੋਕਾਂ ਨੇ ਮਾਰ ਦਿੱਤਾ। ਗੁੱਸੇ ਵਿਚ ਆਈ ਭਾਰੀ ਫੋਰਸ ਨੇ ਪਿੰਡ ਦੇ ਲੋਕਾਂ ‘ਤੇ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿੱਤਾ। ਲੋਕ ਪੁਲਿਸ ਦੀ ਕੁੱਟ ਤੋਂ ਬੱਚਣ ਲਈ ਘਰ-ਬਾਰ ਛੱਡ ਕੇ ਦੂਰ ਰਿਸ਼ਤੇਦਾਰੀਆਂ ਕੋਲ ਚਲੇ ਗਏ। ਤਾਇਆ ਗੁਰਦਿਆਲ ਤੇ ਉਸ ਦੇ ਦੋ ਛੋਟੇ ਭਰਾ-ਚੇਤ ਸਿੰਘ ਤੇ ਮੱਲ ਸਿੰਘ ਵੀ ਪਿੰਡ ਛੱਡ ਕੇ ਆਪਣੇ ਮਾਮੇ ਕੋਲ ਕੋਟਕਪੂਰੇ ਆ ਗਏ ਸਨ। ਦੋਵੇਂ ਭਰਾ ਤਾਂ ਥੋੜ੍ਹੇ ਚਿਰ ਬਾਅਦ ਵਾਪਸ ਆਪਣੇ ਪਿੰਡ ਮੁੜ ਗਏ, ਪਰ ਤਾਏ ਗੁਰਦਿਆਲ ਨੂੰ ਏਥੇ ਹੀ ਛੱਡ ਗਏ।
ਸਕੂਲਾਂ ਵਿਚ ਜਦੋਂ ਛੁੱਟੀਆਂ ਹੋਣੀਆਂ, ਅਸੀਂ ਵੀ ਤਾਏ ਨਾਲ ਖੇਤ ਤੁਰ ਜਾਣਾ। ਚਾਈਂ ਚਾਈਂ ਪਸੂਆਂ ਨੂੰ ਖਾਲ ਬੰਨਿਆ ‘ਤੇ ਚਾਰਨਾ, ਭੱਜ ਭੱਜ ਮੋੜੇ ਲਾਉਣੇ, ਜਦੋਂ ਥੱਕ ਜਾਣਾ ਫਿਰ ਟਾਹਲੀਆਂ ਦੀ ਛਾਂਵੇਂ ਆ ਬਹਿਣਾ। ਟਾਹਲੀ ਦੇ ਮੁੱਢ ਨਾਲ ਟੰਗਿਆ ਪਾਣੀ ਵਾਲਾ ਕੂੰਨਾ ਖੋਲ੍ਹ ਕੇ ਓਕ ਨਾਲ ਪਾਣੀ ਪੀਣਾ ਤਾਂ ਸਾਰੀ ਥਕਾਵਟ ਲੱਥ ਜਾਣੀ। ਇਹ ਦੋ ਭਾਰੀਆਂ ਟਾਹਲੀਆਂ ਪਾਣੀ ਵਾਲੇ ਵੱਡੇ ਖਾਲ ‘ਤੇ ਲੱਗੀਆਂ ਹੋਈਆਂ ਸਨ। ਮੁੱਢੋਂ ਤਾਂ ਭਾਵੇਂ ਇਨ੍ਹਾਂ ਵਿਚ ਕਾਫੀ ਵਿੱਥ ਸੀ, ਪਰ ਉਪਰੋਂ ਆਪਸ ਵਿਚ ਜੁੜੀਆਂ ਹੋਣ ਕਾਰਨ ਬੜੀ ਸੰਘਣੀ ਛਾਂ ਸੀ। ਤਾਏ ਗੁਰਦਿਆਲ ਨੇ ਕਹਿਣਾ, ਇਹ ਤਾਂ ਸਾਡੇ ਦਿੱਲੀ ਦੇ ਦਰਵਾਜੇ ਐ। ਇਹ ਦਿੱਲੀ ਦੇ ਦਰਵਾਜੇ ਵਾਲੀ ਗੱਲ ਮੈਂ ਤਾਏ ਤੋਂ ਕਈ ਵਾਰ ਸੁਣੀ ਸੀ। ਛੋਟੇ ਸਾਂ, ਦਿੱਲੀ ਦੇ ਦਰਵਾਜੇ ਦੀ ਗੱਲ ਸਮਝੋਂ ਬਾਹਰ ਸੀ, ਪਰ ਇੰਨੀ ਗੱਲ ਜ਼ਰੂਰ ਸਮਝਦੇ ਸਾਂ ਕਿ ਕੋਈ ਵੱਡੀ ਗੱਲ ਹੈ। ਤਾਏ ਨੇ ਨਾ ਦਿੱਲੀ ਵੇਖੀ ਸੀ, ਨਾ ਦਿੱਲੀ ਦੇ ਦਰਵਾਜੇ। ਤਾਏ ਨੇ ਆਪਣੇ ਪਿੰਡ ਤੋਂ ਬਿਨਾ ਪੂਰਾ ਕੋਟਕਪੂਰਾ ਵੀ ਨਹੀਂ ਸੀ ਵੇਖਿਆ। ਸਾਡੇ ਘਰ ਤੋਂ ਥੋੜ੍ਹੀ ਦੂਰ ਮੰਦਿਰ ਦੀ ਗਰਾਊਂਡ ਵਿਚ ਲੱਗਦੀ ਰਾਮ ਲੀਲਾ ਜਰੂਰ ਤਾਏ ਨਾਲ ਵੇਖਣ ਜਾਂਦੇ ਸਾਂ। ਇੱਕ-ਦੋ ਵਾਰ ਤਾਏ ਨਾਲ ਦੁਸਹਿਰਾ ਵੀ ਵੇਖਣ ਗਿਆ ਸੀ, ਜੋ ਸ਼ਹਿਰ ਤੋਂ ਬਾਹਰ ਖੁੱਲ੍ਹੀ ਗਰਾਊਂਡ ਵਿਚ ਲੱਗਿਆ ਸੀ।
ਹੁਣ ਮੈਂ ਸੋਚਦਾਂ, ਉਨ੍ਹਾਂ ਵੇਲਿਆ ਵਿਚ ਆਮ ਲੋਕਾਂ ਲਈ ਦਿੱਲੀ ਬਹੁਤ ਵੱਡੀ ਸ਼ੈਅ ਸੀ। ਜੋ ਸਾਰੇ ਦੇਸ਼ ‘ਤੇ ਰਾਜ ਕਰਦੀ ਹੈ। ਜੇ ਵੇਖਿਆ ਜਾਵੇ ਦਿੱਲੀ ਤਾਂ ਅੱਜ ਵੀ ਵੱਡੀ ਸ਼ੈਅ ਹੈ। ਤਾਏ ਦੇ ਮਨ ਵਿਚ ਇਹ ਗੱਲ ਹੋਵੇਗੀ ਕਿ ਦਿੱਲੀ ਦੇ ਅੰਦਰ ਜਾਣ ਲੱਗਿਆਂ ਪਹਿਲਾਂ ਜਰੂਰ ਵੱਡੇ ਤੇ ਸੁੰਦਰ ਦਰਵਾਜੇ ਹੋਣਗੇ। ਜਿਨ੍ਹਾਂ ਨੂੰ ਲੰਘ ਕੇ ਦਿੱਲੀ ਅੰਦਰ ਜਾਇਆ ਜਾਂਦਾ ਹੋਵੇਗਾ। ਸਾਡੀਆਂ ਟਾਹਲੀਆਂ ਉਨ੍ਹਾਂ ਤੋਂ ਕਿਤੇ ਸੁਹਣੀਆਂ ਹਨ। ਦਿੱਲੀ ਦੇ ਦਰਵਾਜੇ ਇਨ੍ਹਾਂ ਦਾ ਮੁਕਾਬਲਾ ਨਹੀਂ ਕਰਦੇ। ਹਰ ਬੰਦੇ ਨੂੰ ਆਪਣੀ ਚੀਜ਼, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਵੱਡੀ ਤੇ ਸੋਹਣੀ ਲੱਗਦੀ ਹੈ। ਤਾਏ ਦਾ ਇਸ ਤਰ੍ਹਾਂ ਸੋਚਣਾ ਮੈਨੂੰ ਅੱਜ ਵੀ ਚੰਗਾ ਲੱਗਦਾ ਹੈ।
ਪ੍ਰੋ. ਗੁਰਦਿਆਲ ਸਿੰਘ ਨਾਵਲਕਾਰ ਇੱਕ ਗੱਲ ਸੁਣਾਇਆ ਕਰਦੇ ਸਨ ਕਿ ਇੱਕ ਵਾਰ ਜੈਤੋ ਦਾ ਇੱਕ ਜੱਟ ਪਹਿਲੀ ਵਾਰ ਆਪਣੇ ਫੌਜੀ ਮੁੰਡੇ ਨਾਲ ਦਿੱਲੀ ਵੇਖਣ ਚਲਾ ਗਿਆ। ਦਿੱਲੀ ਵਿਚ ਭੀੜ ਵੇਖ ਕੇ ਆਪਣੇ ਮੁੰਡੇ ਨੂੰ ਕਹਿੰਦਾ, ਵੇਖ ਬਲਕਾਰਿਆ! ਦਿੱਲੀ ਵੀ ਸਾਲੀ ਜੈਤੋ ਬਣੀ ਪਈ ਐ। ਇੱਥੇ ਜੈਤੋ ਵੱਡੀ ਐ ਦਿੱਲੀ ਦੂਜੇ ਥਾਂ ‘ਤੇ। ਜੈਤੋ ਪਸੂਆਂ ਦੀ ਮਾਲਵੇ ਦੀ ਵੱਡੀ ਮੰਡੀ ਹੁੰਦੀ ਸੀ, ਉਨ੍ਹੀਂ ਦਿਨੀਂ ਜੈਤੋ ਵਿਚ ਬਹੁਤ ਭੀੜ ਭੜੱਕਾ ਹੁੰਦਾ ਸੀ। ਇਸ ਲਈ ਜੈਤੋ ਹੀ ਉਸ ਲਈ ਵੱਡੀ ਗੱਲ ਸੀ। ਦਰਵੇਸ਼ੀ ਬੰਦਿਆਂ ਦੀਆਂ ਦਰਵੇਸ਼ੀ ਤਸ਼ਬੀਹਾਂ। ਉਨ੍ਹਾਂ ਦੀਆਂ ਇਹ ਅਲੋਕਾਰੀ ਗੱਲਾਂ ਆਪਣੀਆਂ ਵਿਰਾਸਤ ਪ੍ਰਤੀ ਮੋਹ ਦੀਆਂ ਕਹਾਣੀਆਂ ਲੱਗਦੀਆਂ ਹਨ।
ਪਹਿਲਾਂ ਮੁਰੱਬੇਬੰਦੀ ਨੇ ਰੁੱਖਾਂ ‘ਤੇ ਕੁਹਾੜਾ ਫੇਰਿਆ। ਅਸੀਂ ਆਪਣੇ ਦਾਦਿਆਂ-ਪੜਦਾਦਿਆਂ ਦੇ ਲਾਏ ਵਿਰਾਸਤੀ ਰੁੱਖ ਕੁਝ ਮਹੀਨਿਆਂ ‘ਚ ਵੱਢ ਕੇ ਸਾਹ ਲਿਆ। ਬਾਕੀ ਬਹੁਤੀਆਂ ਕਮਾਈਆਂ ਦੇ ਲਾਲਚ ਵਿਚ ਜੋ ਬਚੇ, ਉਹ ਹਰੇ ਇਨਕਲਾਬ ਦੀ ਭੇਟ ਚੜ੍ਹ ਗਏ। ਖੇਤ ਰੁੱਖਾਂ ਤੋਂ ਸੱਖਣੇ ਹੋ ਗਏ। ਕਦੇ ਕਦੇ ਲੱਗਦਾ ਜਿਵੇਂ ਜੱਟ ਦਾ ਰੁੱਖ ਨਾਲ ਵੈਰ ਹੋ ਗਿਆ ਹੋਵੇ। ਸਾਡੇ ਫਾਰਮ ਹਾਊਸ ਦੇ ਬਾਹਰ ਖਾਲ ਉਪਰ ਬਾਰਾਂ ਕੁ ਰੁੱਖ ਜਾਮਣਾਂ ਦੇ ਹਨ, ਜੋ ਮੇਰੇ ਪਿਤਾ ਜੀ ਨੇ ਫਰੀਦਕੋਟ ਤੋਂ ਲਿਆ ਕੇ ਲਾਏ ਸਨ। ਜਿੰਨਾ ਚਿਰ ਉਹ ਜਿਉਂਦੇ ਰਹੇ, ਇਨ੍ਹਾਂ ਰੁੱਖਾਂ ਦਾ ਬਹੁਤ ਧਿਆਨ ਰੱਖਦੇ ਰਹੇ। ਪਿਛਲੇ ਸਾਲ ਜਦ ਮੈਂ ਖੇਤ ਗਿਆ ਤਾਂ ਠੇਕੇ ‘ਤੇ ਪੈਲੀ ਵਾਹੁਣ ਵਾਲਾ ਦੋਸਤ ਕਹਿਣ ਲੱਗਾ, ਆਹ ਚਾਰ-ਪੰਜ ਜਾਮਣਾਂ ਦੇ ਰੁੱਖ ਵਢਾ ਨਾ ਦੇਈਏ! ਇਨ੍ਹਾਂ ਨੂੰ ਫਲ ਘੱਟ ਹੀ ਲੱਗਦਾ, ਨਾਲੇ ਚਾਰ ਪੈਸੇ ਵੱਟੇ ਜਾਣਗੇ। ਮੈਂ ਆਖਿਆ, ਇਹ ਫਸਲ ਦਾ ਨੁਕਸਾਨ ਤਾਂ ਨਹੀਂ ਕਰਦੇ! ਕਹਿੰਦਾ, ਨਹੀਂ।
‘ਫੇਰ ਕਾਹਤੋਂ ਵੱਢਣੇ ਆਂ।’ ਮੈਂ ਸਮਝਾਉਣ ਦੇ ਲਹਿਜੇ ਵਿਚ ਕਿਹਾ। ਮੈਂ ਸੋਚਦਾਂ, ਜੇ ਇਹ ਗੱਲ ਪਿਤਾ ਜੀ ਦੇ ਜਿਉਂਦੇ ਜੀਅ ਕਹੀ ਹੁੰਦੀ ਤਾਂ ਸ਼ਾਇਦ ਉਹ ਇਹਨੂੰ ਖੇਤੋਂ ਬਾਹਰ ਕੱਢ ਦਿੰਦੇ। ਪੈਸੇ ਤੇ ਮੰਡੀ ਨੇ ਸਾਡੇ ਕੋਲੋਂ ਸਾਡੇ ਰੁੱਖ ਵੀ ਖੋਹ ਲਏ।
ਸਾਡੇ ਘਰ ਨਿੰਮ ਦਾ ਬਹੁਤ ਵੱਡਾ ਰੁੱਖ ਹੈ। ਛੋਟਾ ਜਿਹਾ ਸਾਂ ਮੈਂ, ਅਜੇ ਸਕੂਲ ਪੜ੍ਹਨ ਨਹੀਂ ਸਾਂ ਲੱਗਿਆ। ਮੈਂ ਇਹ ਨਿੰਮ ਦਾ ਬੂਟਾ ਆਪਣੇ ਦਾਦਾ ਜੀ ਨਾਲ ਸੁਥਰਿਆਂ ਦੇ ਡੇਰੇ ਵਿਚੋਂ ਖੱਗ ਕੇ ਲਿਆਂਦਾ ਸੀ। ਹੁਣ ਇਹ ਨਿੰਮ ਸਾਡੇ ਘਰ ਦੀ ਪਛਾਣ ਹੈ। ਮੈਂ ਜਦੋਂ ਵੀ ਇੰਡੀਆ ਜਾਨਾਂ ਤੇ ਇਸ ਨਿੰਮ ਨੂੰ ਵੇਖਦਾਂ ਤਾਂ ਮੈਨੂੰ ਮੇਰੇ ਦਾਦਾ ਜੀ ਦੀ ਯਾਦ ਆਉਂਦੀ ਹੈ। ਇਹ ਰੁੱਖ ਦਾਦੇ ਦਾ ਪਰਛਾਵਾਂ ਲੱਗਦਾ। ਕਦੇ ਕਦੇ ਲੱਗਦਾ ਜਿਵੇਂ ਦਾਦਾ ਰਿਸ਼ੀ ਬਣ ਘਰ ਨੂੰ ਅਸੀਸ ਦੇ ਰਿਹਾ ਹੋਵੇ। ਜਦੋਂ ਉਸ ਦੀ ਛਾਂ ਹੇਠ ਜਾ ਬੈਠਦਾਂ ਤਾਂ ਐਂ ਲੱਗਦਾ, ਜਿਵੇਂ ਮੈਂ ਆਪਣੇ ਦਾਦੇ ਦੀ ਗੋਦ ਵਿਚ ਬੈਠਾ ਹੋਵਾਂ। ਜਦ ਇਸ ਵਾਰ ਮੈਂ ਇੰਡੀਆ ਗਿਆ, ਮਨ ਬਹੁਤ ਦੁਖੀ ਹੋਇਆ, ਜਦੋਂ ਦੇਖਿਆ ਸਾਰੀ ਨਿੰਮ ਵੱਢੀ ਪਈ ਸੀ। ਕਿਰਾਏਦਾਰ ਕਹਿੰਦਾ, ਇਸ ਦੇ ਪੱਤਿਆਂ ਦਾ ਬਹੁਤ ਗੰਦ ਪੈਂਦਾ।
ਹੁਣ ਸੋਚਦਾਂ, ਜਦੋਂ ਆਪ ਵੀ ਦਾਦੇ ਵਾਲੀ ਪੁਜੀਸ਼ਨ ਵਿਚ ਆ ਗਏ ਹਾਂ, ਜਿਵੇਂ ਤਾਏ ਗੁਰਦਿਆਲ ਦੇ ਦਿੱਲੀ ਦੇ ਦਰਵਾਜੇ ਮੁਰੱਬੇਬੰਦੀ ਖਾਹ ਗਈ, ਦਾਦੇ ਦੀ ਨਿੰਮ ਮਾਡਰਨ ਯੁੱਗ ਦੀ ਅਭਿਲਾਸ਼ਾ ਨੇ ਵੱਢ ਦਿੱਤਾ; ਬਾਪੂ ਦੀਆਂ ਜਾਮਣਾਂ ਨੇ ਵੀ ਇੱਕ ਦਿਨ ਮੰਡੀ ਦੀ ਭੇਟ ਚੜ੍ਹ ਜਾਣਾ। ਲੱਗਦਾ ਇਹ ਵਡੇਰਿਆਂ ਦੀਆਂ ਯਾਦਾਂ ਦੇ ਸਿਰਨਾਵੇਂ ਇਨ੍ਹਾਂ ਰੁੱਖਾਂ ਦੇ ਨਾਲ ਹੀ ਸਾਡੇ ਬੱਚਿਆਂ ਕੋਲੋਂ ਗੁਵਾਚ ਜਾਣਗੇ!