ਚੱਲ ਫਕੀਰਾ ਕਾਹਮੇਂ ਚੱਲੀਏ…!

ਇਕਬਾਲ ਸਿੰਘ ਜੱਬੋਵਾਲੀਆ
ਫੋਨ: 917-375-6395
ਬੰਗਾ-ਨਵਾਂਸ਼ਹਿਰ ਮੁੱਖ ਮਾਰਗ ‘ਤੇ ਪੈਂਦਾ ਪਿੰਡ ਕਾਹਮਾ ਇਲਾਕੇ ਦੇ ਪੁਰਾਣੇ ਅਤੇ ਇਤਿਹਾਸਕ ਵੱਡੇ ਪਿੰਡਾਂ ‘ਚੋਂ ਇਕ ਹੈ। ਤਿੰਨ ਸਦੀਆਂ ਤੋਂ ਵੱਧ ਹੋ ਗਏ ਕਾਹਮਾ ਵਸੇ ਨੂੰ, ਉਦੋਂ ਜਰੂਰ ਇਥੇ ਸੰਘਣੇ ਦਰਖਤਾਂ ਦੇ ਜੰਗਲਾਂ ਜਿਹੇ ਝੁੰਡ ਹੋਣਗੇ। ਆਵਾਜਾਈ ਦੇ ਸਾਧਨ ਵਿਰਲੇ-ਟਾਵੇਂ ਹੋਣਗੇ। ਹੁਣ ਤਾਂ ਜੰਗਲ ‘ਚ ਮੰਗਲ ਲੱਗਾ ਹੋਇਐ। ਆਵਾਜਾਈ ਦੇ ਸਾਧਨਾਂ ਦੀ ਭਰਮਾਰ ਹੈ। ਕਾਹਮਾ ਤੇ ਆਲੇ-ਦੁਆਲੇ ਦਾ ਇਲਾਕਾ ਸੁਖ-ਸਹੂਲਤਾਂ ਨਾਲ ਵਧੀਆ ਜ਼ਿੰਦਗੀ ਮਾਣ ਰਹੇ ਨੇ। ਪਿੰਡ ਦੇ ਬਹੁਤੇ ਵਾਸੀ ਵਿਦੇਸ਼ਾਂ ‘ਚ ਸੈਟਲ ਨੇ। ਆਪਣੀ ਕਿਰਤ ਕਮਾਈ ਦੀ ਦਸਵੰਦ ਦੇ ਰੂਪ ਵਿਚ ਮਾਇਆ ਭੇਜ ਪਿੰਡ ਨੂੰ ਹਰਿਆ-ਭਰਿਆ, ਵਿਕਾਸ ਭਰਪੂਰ ਤੇ ਹਰਮਨ ਪਿਆਰਾ ਵੇਖਣਾ ਚਾਹੁੰਦੇ ਨੇ।

ਪਿੰਡ ਭੂਤਾਂ, ਬੈਂਸਾਂ, ਕਰੀਹਾ, ਮੰਗੂਵਾਲ, ਲੋਧੀਪੁਰ, ਮੂਸਾਪੁਰ, ਮੱਲਪੁਰ, ਜੱਬੋਵਾਲ ਤੇ ਖਟਕੜ ਕਲਾਂ ਜਿਹੇ ਪਿੰਡ ਕਾਹਮੇ ਅੱਡੇ ਨੂੰ ਲੱਗਦੇ ਹਨ। ਛੋਟੇ ਕਸਬੇ ਦਾ ਰੂਪ ਧਾਰਨ ਕੀਤਾ ਹੋਇਐ ਕਾਹਮੇ ਨੇ। ਅੱਡੇ ‘ਚ ਹਮੇਸ਼ਾ ਗਹਿਮਾ-ਗਹਿਮੀ ਰਹਿੰਦੀ ਐ। ਅਮਰਜੀਤ ਦੀ ਚਾਹ ਤੇ ਮਠਿਆਈ (ਅਮਰਜੀਤ ਤੋਂ ਪਹਿਲਾਂ ਮਹਿੰਦਰ ਸਿੰਘ ਮੁੰਦਰੀ ਦੀ ਚਾਹ, ਮਠਿਆਈ ਦੀ ਦੁਕਾਨ), ਗੁਰਮੀਤ ਬਾਵਾ ਨਾਲ ਗਾਉਣ ਵਾਲੇ ਸੁਰਜੀਤ ਸਿੰਘ ਜੀਤ ਦੀ ਮੱਛੀ ਤੇ ਹਲਵਾਈ ਦੀ ਦੁਕਾਨ, ਡਾ. ਸ਼ਰਮਾ, ਨਾਲ ਪੈਚਰਾਂ ਵਾਲੀ ਦੁਕਾਨ, ਕਰੀਹੇ ਵਾਲੇ ਚੰਨਣ ਦੇ ਬੇਟਿਆਂ ਬਬਲੀ ਹੋਰਾਂ ਦਾ ਟੈਂਟ ਹਾਊਸ, ਝਟਕੱਈ ਖਜ਼ਾਨ ਦਾ ਖੋਖਾ ਤੇ ਠੇਕਾ…! ਖਾਣ-ਪੀਣ ਦੇ ਸ਼ੌਕੀਨ ਘਰਾਂ ਨੂੰ ਤੁਰਨ ਲੱਗੇ ਠੇਕੇ ਤੋਂ ਦਿਨ ਭਰ ਦੀ ਥਕਾਵਟ ਲਾਹ ਕੇ ਤੁਰਦੇ। ਹੋਰ ਆਲੇ ਦੁਆਲੇ ਦੇ ਪਿੰਡਾਂ ਦੀਆਂ ਲੋੜਾਂ ਪੂਰਦੀਆਂ ਦੁਕਾਨਾਂ; ਅੱਡੇ ਤੋਂ ਪਿੰਡ (ਕਾਹਮੇ) ਵੱਲ ਧੁਰ ਤੱਕ ਦੁਕਾਨਾਂ।
ਕਾਹਮੇ ਦੇ ਗੁਆਂਢੀ ਪਿੰਡ ਖਟਕੜ ਕਲਾਂ ਵਿਖੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਨੇ। ਕਾਹਮੇ ਅੱਡੇ ਦੀਆਂ ਵਾਹਵਾ ਰੌਣਕਾਂ, ਸਪੀਕਰ ‘ਚ ਵੱਜਦੇ ਗੀਤ! ਸ਼ ਭਗਤ ਸਿੰਘ ਦਾ ਮੇਲਾ ਵੇਖਣ ਦਾ ਬੜਾ ਚਾਅ ਹੁੰਦੈ ਇਲਾਕੇ ‘ਚ! ਕਾਹਮੇ ਅੱਡੇ ਤੋਂ ਸ਼ ਭਗਤ ਸਿੰਘ ਦੇ ਬੁੱਤ ਤੱਕ ਵੱਖ ਵੱਖ ਤਰ੍ਹਾਂ ਦੀਆਂ ਦੁਕਾਨਾਂ!
ਉਨ੍ਹੀਂ ਦਿਨੀਂ ਕਾਹਮੇ ਅੱਡੇ ਤੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਅੱਗੇ ਥਾਂਦੀਆਂ ਤੱਕ ਮੁੱਖ ਸੜਕ ਦੀ ਵਾਹਵਾ ਸਫਾਈ ਤੇ ਕਲੀ (ਚੂਨਾ) ਪਾ ਕੇ ਧੁਰ ਤੱਕ ਸ਼ਿੰਗਾਰੀ ਹੁੰਦੀ ਐ। ਅਸਾਂ ਛੋਟੇ ਛੋਟੇ ਸਾਂ, ਜਦੋਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਸਨ।
ਸਮੇਂ ਸਮੇਂ ਦੀਆਂ ਪੰਚਾਇਤਾਂ ਨੇ ਕਾਹਮੇ ਨੂੰ ਹਮੇਸ਼ਾ ਚੜ੍ਹਦੀ ਕਲਾ ‘ਚ ਰੱਖਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ‘ਚ ਸ਼ ਰਾਮ ਸਿੰਘ, ਸ਼ ਬੰਤਾ ਸਿੰਘ, ਸ਼ ਸਵਰਨ ਸਿੰਘ, ਸ਼ ਜੋਗਿੰਦਰ ਸਿੰਘ, ਸ਼ ਸ਼ਿਵਦੇਵ ਸਿੰਘ, ਸ਼ ਮਹਾਂ ਸਿੰਘ, ਸ਼ ਅਮਰੀਕ ਸਿੰਘ ਅਸਮਾਨਪੁਰੀਆ, ਸ਼ ਮਲਕੀਤ ਸਿੰਘ ਠਾਣੇਦਾਰ, ਸ਼ ਪਿਆਰਾ ਸਿੰਘ, ਸ਼ ਸੰਤੋਖ ਸਿੰਘ, ਸ੍ਰੀਮਤੀ ਸੁਨੀਤਾ ਕੁਮਾਰੀ, ਸ੍ਰੀਮਤੀ ਬਲਵੀਰ ਕੌਰ ਤੇ ਸ਼ ਸਤਨਾਮ ਸਿੰਘ ਦੀ ਘਰ ਵਾਲੀ ਸ੍ਰੀਮਤੀ ਪਰਮਿੰਦਰਜੀਤ ਕੌਰ ਦੇ ਨਾਂ ਉਚੇਚੇ ਲਏ ਜਾ ਸਕਦੇ ਹਨ।
ਅੱਧੀ ਸਦੀ ਤੋਂ ਵੱਧ ਹੋ ਗਿਐ ਕਾਹਮੇ ‘ਚ ਟੂਰਨਾਮੈਂਟ ਹੁੰਦਿਆਂ। 54 ਟੂਰਨਾਮੈਂਟ ਹੋ ਗਏ ਤੇ 55ਵਾਂ ਟੂਰਨਾਮੈਂਟ ਕਰੋਨਾ ਦੀ ਮਾਰ ਕਰ ਕੇ ਰਹਿ ਗਿਐ। ਸਮੇਂ ਸਮੇਂ ਦੇ ਖਿਡਾਰੀਆਂ ਨੇ ਮਿਹਨਤ ਕਰਕੇ ਇਲਾਕੇ ‘ਚ ਪਿੰਡ ਦੀ ਗੂੜ੍ਹੀ ਪਛਾਣ ਬਣਾਈ।
ਕਾਹਮੇ ਦੇ ਖਿਡਾਰੀ-ਬਿਹਾਰੀ, ਸ਼ੀਰੀ, ਮੀਕਾ, ਭੁਪਿੰਦਰ, ਬਹਾਦੁਰ, ਪਰਮਜੀਤ ਪੰਮਾ (ਕਾਮਰੇਡ), ਬਿੰਦਾ ਗੋਲਕੀਪਰ, ਧਿਆਨ ਸਿੰਘ, ਮੋਹਣ ਸਿੰਘ ਘੁੱਗੀ, ਸ਼ਮਿੰਦਰ, ਬਿੱਲਾ, ਮਾਸਟਰ ਦਵਿੰਦਰ ਸਿੰਘ ਡੁੱਲਕੂ, ਮਾਸਟਰ ਅਮਰਜੀਤ ਸਿੰਘ ਕੰਦੋਲਾ, ਅਮਰੀਕ ਸਿੰਘ ਲੇਹਲ ਤੇ ਜਸਵੀਰ ਸਿੰਘ ਲੇਹਲ (ਦੋਵੇਂ ਭਰਾ); ਅਮਰਜੀਤ ਸਿੰਘ ਡੁੱਲਕੂ (ਗੋਲਕੀਪਰ); ਗੋਗੀ, ਨਿੰਮਾ (ਬੋਕ), ਛੰਨਾ ਤੇ ਬਿੱਟੂ (ਚਾਰੇ ਸਕੇ ਭਰਾ); ਸੋਹਣ ਸਿੰਘ, ਸੁਖਦੇਵ ਸਿੰਘ, ਲਖਵਿੰਦਰ ਤੇ ਸੁਰਜੀਤ (ਛੰਨੇ ਦੇ ਕਜ਼ਨ); ਸ਼ ਗੁਰਮੇਲ ਸਿੰਘ ਸੈਣੀ, ਰਾਮ ਕਿਸ਼ਨ, ਸ਼ਿੰਦਾ ਲੰਬੜ, ਗੁਰਨਾਮ ਗਾਮਾ, ਸ਼ਿੰਦਾ ਸਟਾਪਰ, ਸ਼ਿੰਦੀ ਮਾਹਲ, ਜੋਗਾ, ਜੈਲਾ ਡੀਜ਼ਲ, ਜੀਤ ਅਸਮਾਨਪੁਰੀਆ, ਮਨਜੀਤ ਜੀਤਾ, ਨਾਗੀ ਸਟਾਪਰ, ਦੀਪਕ ਕੁਮਾਰ ਮਾਲਟੂ, ਰਾਜਿੰਦਰ ਛੋਟੂ (ਸੀ. ਆਰ. ਪੀ. ਦਾ ਖਿਡਾਰੀ), ਨੀਰਾ, ਪਿੰਕੀ (ਬਿਜਲੀ ਬੋਰਡ ਲੁਧਿਆਣਾ), ਗੁਰਦਾਵਰ, ਗੇਲਾ ਬਲੋਚ, ਬਲਵਿੰਦਰ ਰਾਓ, ਕਮਲਜੀਤ ਫੌਜੀ; ਰਾਜੂ ਤੇ ਕਾਲਾ (ਦੋਵੇਂ ਭਰਾ); ਕੁਲਵਿੰਦਰ ਕਿੰਦਾ, ਅਮਰਜੀਤ ਅੰਬੀ, ਪਾਲੀ ਅਸਮਾਨਪੁਰੀਆ, ਜਰਨੈਲ ਜੈਲਾ, ਦਿਲਾਵਰ ਤੇ ਸ਼ ਸਤਨਾਮ ਸਿੰਘ ਸ਼ਾਮਾ ਸਮੇਤ ਕਈ ਹੋਰ ਵਧੀਆ ਫੁੱਟਬਾਲ ਖਿਡਾਰੀ ਹੋਏ। ਸੁਰਜੀਤ ਸਿੰਘ ਕੰਦੋਲਾ ਬਾਸਕਿਟਬਾਲ ਦਾ ਤਕੜਾ ਖਿਡਾਰੀ ਹੋਇਐ।
ਸ਼ੀਰੀ ਤੇ ਬਿਹਾਰੀ ਹੋਰਾਂ ਤੋਂ ਪਹਿਲਾਂ ਦੇ ਖਿਡਾਰੀ ਸ਼ ਕਰਮ ਸਿੰਘ ਹੱਟੀ ਵਾਲਾ, ਹਰਜਗਦੀਸ਼ ਭੱਠੇ ਵਾਲਾ, ਸ਼ ਗੁਰਬਚਨ ਸਿੰਘ ਪਟਵਾਰੀ, ਸ਼ ਅਜੀਤ ਸਿੰਘ ਨਾਗੀ (ਫੌਜ ਤੇ ਕਾਹਮਾ ਟੀਮ ਦਾ ਖਿਡਾਰੀ), ਸ਼ ਧਿਆਨ ਸਿੰਘ ਬਾਂਸਲ ਤੇ ਸ਼ ਸੋਹਣ ਸਿੰਘ ਬਾਂਸਲ (ਸਮੇਂ ਸਮੇਂ ਨਾਲ ਗਿਆਰਾਂ ਟੀਮ ਮੈਂਬਰ ਛੰਨੇ ਹੋਰਾਂ ਦੇ ਪਰਿਵਾਰ ਵਿਚੋਂ ਹੋਏ ਨੇ)।
ਪਰਮਜੀਤ ਕਾਹਮਾ ਆਪਣੇ ਸਮੇਂ ਦਾ ਵਧੀਆ ਫੁੱਟਬਾਲ ਖਿਡਾਰੀ ਰਿਹੈ। ਸਟੇਟ ਕਲਰ ਜੇਤੂ ਪਰਮਜੀਤ ਨੇ 1978 ‘ਚ ਟੀਮ ‘ਚ ਖੇਡ ਕੇ ਚੈਂਪੀਅਨਸ਼ਿਪ ਜਿੱਤੀ ਸੀ। ਪੀ. ਐਸ਼ ਯੂ. ਦਾ ਧੱਕੜ ਤੇ ਸਰਗਰਮ ਲੀਡਰ ਰਿਹੈ। ਕਦੇ ਸਮਾਂ ਸੀ, ਜਦੋਂ ‘ਪਰਮਜੀਤ ਕਾਹਮਾ, ਪਰਮਜੀਤ ਕਾਹਮਾ’ ਹੁੰਦੀ ਸੀ। ਲਹਿਰ ‘ਚ ਪੈਣ ਕਰਕੇ ਖੇਡ ਪਿਛੇ ਰਹਿ ਗਈ, ਨਹੀਂ ਤਾਂ ਹੁਣ ਨੂੰ ਉਹ ਵੀ ਭਾਰਤ ਦੇ ਤਕੜੇ ਕਲੱਬਾਂ ਦਾ ਖਿਡਾਰੀ ਤੇ ਕੋਚ ਹੋਣਾ ਸੀ। ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਸੂਬਾ ਜਨਰਲ ਸਕੱਤਰ ਰਿਹੈ। ਹਮੇਸ਼ਾ ਸਰਗਰਮੀਆਂ ‘ਚ ਰਹਿਣ ਵਾਲਾ ਮੀਡੀਏ ‘ਚ ਬੜੀ ਦਿਲਚਸਪੀ ਰੱਖਦੈ। ਉਹ ਬਲਾਕ ਸੰਮਤੀ ਬੰਗਾ ਦਾ ਮੈਂਬਰ ਵੀ ਰਹਿ ਚੁੱਕੈ।
ਕਾਹਮੇ ਦਾ ਗੁਆਂਢੀ ਪਿੰਡ ਮੰਗੂਵਾਲ ਵੀ ਜ਼ਬਰਦਸਤ ਖਿਡਾਰੀਆਂ ਦਾ ਪਿੰਡ ਐ। ਇਲਾਕੇ ਦੇ ਟੂਰਨਾਮੈਂਟਾਂ ਦੇ ਆਖਰੀ ਮੁਕਾਬਲਿਆਂ ‘ਚ ਘੁੰਮ ਘੁੰਮਾ ਕੇ ਗੁਆਂਢੀ ਪਿੰਡ ਆਪਸ ਵਿਚ ਭਿੜਦੇ ਨੇ, ਕਿਉਂਕਿ ਦੋਹਾਂ ਪਿੰਡਾਂ ਦੇ ਟਾਪ ਦੇ ਖਿਡਾਰੀ ਖੇਡਦੇ ਹੁੰਦੇ ਨੇ। ਕਦੇ ਕਾਹਮਾ ਭਾਰੂ ਹੋ ਜਾਂਦੈ, ਕਦੇ ਮੰਗੂਵਾਲ। ਮੰਗੂਵਾਲ ‘ਚ ਨਿਰੰਜਨ ਦਾਸ ਭਗਤ ਵਰਗੇ ਖਿਡਾਰੀ ਖੇਡਦੇ ਰਹੇ ਹਨ। 1987 ‘ਚ ਮੰਗੂਵਾਲ ‘ਚ ਕਰਾਈ ਗਈ ਪਹਿਲੀ ਫੁੱਟਬਾਲ ਲੀਗ ‘ਚ ਕਾਹਮੇ ਨੇ ਪਹਿਲਾ ਸਥਾਨ ਲਿਆ ਸੀ।
ਮੰਗੂਵਾਲੀਏ ਗੁਰਪਾਲ ਫੌਜੀ ਨੇ ਕਾਹਮਾ ਦੇ ਹਾਈ ਸਕੂਲ ਵਿਚ ਪੜ੍ਹਾਉਣ ਦੇ ਨਾਲ ਨਾਲ ਫੁੱਟਬਾਲ ਦੇ ਬੜੇ ਖਿਡਾਰੀ ਤਿਆਰ ਕੀਤੇ। ਗਰਾਊਂਡ ‘ਚ ਉਹ ਖਿਡਾਰੀਆਂ ਬਰਾਬਰ ਭੱਜਦਾ। 1986 ਤੋਂ 2019 ਤੱਕ ਕਾਹਮਾ ਸਕੂਲ ਤੇ ਅਕੈਡਮੀ ‘ਚ ਨਾਮਵਰ ਫੁੱਟਬਾਲ ਖਿਡਾਰੀ ਝੋਲੀ ਪਾਏ। ਉਨ੍ਹਾਂ ਵਿਚੋਂ ਰਾਜਿੰਦਰ ਕੁਮਾਰ (ਭਾਰਤੀ ਟੀਮ ਦਾ ਖਿਡਾਰੀ), ਦੀਪਕ ਕੁਮਾਰ (ਬੀ. ਐਸ਼ ਐਫ਼ ਦਾ ਖਿਡਾਰੀ), ਪਰਮਜੀਤ ਪੈਮਾ (ਨੈਸ਼ਨਲ ਖਿਡਾਰੀ ਪੰਜਾਬ ਪੁਲਿਸ), ਕਮਲਜੀਤ ਫੌਜੀ ਜੇ. ਸੀ. ਟੀ. ਦਾ ਖਿਡਾਰੀ), ਕਮਲਦੀਪ ਰਾਜੂ (ਨੈਸ਼ਨਲ ਖਿਡਰੀ), ਲਾਡੀ, ਗੁਰਪ੍ਰੀਤ ਸਿੰਘ ਠੋਨੀ ਤੇ ਕਈ ਹੋਰ ਖਿਡਾਰੀ ਤਿਆਰ ਕੀਤੇ।
ਜਲੰਧਰ ਦੂਰਦਰਸ਼ਨ ਦਾ ਮੌਜੂਦਾ ਡਾਇਰੈਕਟਰ ਪੁਨੀਤ ਸਹਿਗਲ ਵੀ ਕਾਹਮੇ ਤੋਂ ਹੈ। ਮੈਨੂੰ ਯਾਦ ਐ, ਜਦੋਂ ਪੁਨੀਤ ਸਹਿਗਲ ਨੇ ਬੰਗਾ ਕਾਲਜ ਦੇ ਸਾਲਾਨਾ (ਯੂਥ ਫੈਸਟੀਵਲ) ਫੰਕਸ਼ਨ ‘ਤੇ ਪਾਟੇ ਕੱਪੜੇ ਪਾ ਕੇ ਮਜਨੂੰ ਦਾ ਕਿਰਦਾਰ ਨਿਭਾਇਆ ਸੀ! ਉਸ ਕਿਰਦਾਰ ਨੂੰ ਕਾਲਜ ਸਟਾਫ, ਮੁੰਡੇ-ਕੁੜੀਆਂ ਤੇ ਜੱਜਾਂ ਨੇ ਬੜਾ ਪਸੰਦ ਕੀਤਾ ਸੀ। ਉਸ ਵੇਲੇ ਪੁਨੀਤ ਦੀ ਸਾਰੇ ਪਾਸੇ ਬੱਲੇ ਬੱਲੇ ਹੋਈ ਤੇ ਉਸ ਪਿਛੋਂ ਉਹ ਜਲੰਧਰ ਦੂਰਦਰਸ਼ਨ ਨਾਲ ਜੁੜ ਗਿਆ ਸੀ।
ਕਾਹਮੇ ਦਾ ਸਿੱਧੂ ਸਟੂਡੀਓ ਪਿੰਡ ਦੀਆਂ ਗਤੀਵਿਧੀਆਂ, ਟੂਰਨਾਮੈਂਟਾਂ ਅਤੇ ਇਲਾਕੇ ਦੀਆਂ ਸਰਗਰਮੀਆਂ ਆਪਣੇ ਕੈਮਰੇ ‘ਚ ਕੈਦ ਕਰੀ ਰੱਖਦੈ। ਕਾਹਮੇ ਸਟੇਜਾਂ ‘ਤੇ ਤੁਰਲੇ ਵਾਲੀਆਂ ਪੱਗਾਂ ਅਤੇ ਟਣਕਦੀਆਂ ਅਵਾਜ਼ਾਂ ਵਾਲੇ ਸੁਰਜੀਤ ਜੀਤ ਤੇ ਰੂਪ ਲਾਲ। ਕਿਸੇ ਵੇਲੇ ਸ਼ਿਵ ਕੁਮਾਰ ਬਟਾਲਵੀ ਦੀਆਂ ਗਜ਼ਲਾਂ ਦਾ ਤਵਾ ਰਿਕਾਰਡ ਕਰਾਉਣ ਵਾਲਾ ਕੁਲਦੀਪ ਦੀਪਕ ਅੱਜ ਕੱਲ੍ਹ ਟਰਾਂਟੋਂ ਤੋਂ ਰੇਡੀਓ ਚਲਾ ਰਿਹੈ।
ਪਿੰਡ ਵਾਸੀਆਂ ਦੀ ਸੁੱਖ-ਸਹੂਲਤ ਲਈ ਪਿੰਡ ‘ਚ ਸਟੇਟ ਬੈਂਕ, ਸਹਿਕਾਰੀ ਕੋਆਪ੍ਰੇਟਿਵ ਬੈਂਕ ਤੇ ਸੁਸਾਇਟੀ ਬੈਂਕ ਹੈ। ਪਟਿਆਲਾ ਬੈਂਕ ਬੰਦ ਹੋ ਚੁਕੀ ਹੈ।
ਪਿੰਡ ‘ਚ ਵੀ ਕਰਿਆਨੇ ਦੀਆਂ ਦੁਕਾਨਾਂ ਹਨ। ਸਭ ਤੋਂ ਪੁਰਾਣੀ ਸ਼ ਕਰਮ ਸਿੰਘ ਦੀ ਦੁਕਾਨ ਹੈ, ਜਿਥੋਂ ਘਰਾਂ ਦੀਆਂ ਰੋਜ਼ਾਨਾ ਖਾਣ-ਪੀਣ ਅਤੇ ਹੋਰ ਲੋੜੀਂਦੀਆਂ ਵਸਤਾਂ ਤੇ ਸਕੂਲੀ ਬੱਚਿਆਂ ਦੇ ਸਮਾਨ ਦੇ ਨਾਲ ਨਾਲ ਕੱਪੜਾਂ ਵੀ ਵਿਕਦਾ ਹੁੰਦਾ ਸੀ। ਹੁਣ ਸਿਰਫ ਕਰਿਆਨਾ ਹੈ। ਸ਼ ਕਰਮ ਸਿੰਘ ਤੋਂ ਬਾਅਦ ਹੁਣ ਉਹਦਾ ਪੋਤਰਾ ਹਰਮਿੰਦਰ ਸਿੰਘ ਬਿੰਦਾ ਦੁਕਾਨ ਸਾਂਭਦਾ ਹੈ। ਉਹ ਵੀ ਸਕੂਲਾਂ ‘ਚ ਨੈਸ਼ਨਲ ਖਿਡਾਰੀ ਰਹਿ ਚੁਕੈ। ਪਿੰਡ ‘ਚ ਕਦੇ ਆਟਾ ਪੀਹਣ ਦੀ ਚੱਕੀ ਹੁੰਦੀ ਸੀ, ਸਮੇਂ ਦੇ ਨਾਲ ਹੁਣ ਉਹ ਬੰਦ ਹੋ ਚੁਕੀ ਹੈ। ਕਾਹਮੇ ਦੇ ਬਣੇ ਇੰਜਣ ਕਦੇ ਦੂਰ ਦੂਰ ਇਲਾਹਾਬਾਦ ਤੱਕ ਵਿਕਣ ਜਾਂਦੇ ਸਨ।
ਕਾਹਮੇ ਦੀ ਘੁਮਿਆਰ ਬਰਾਦਰੀ ਦੇ ਬਣਾਏ ਮਿੱਟੀ ਦੇ ਕੱਚੇ ਭਾਂਡਿਆਂ ਨੂੰ ਬੜਾ ਪਸੰਦ ਕੀਤਾ ਜਾਂਦੈ। ਤੌੜੀਆਂ, ਘੜੇ, ਚਾਟੀਆਂ ਤੇ ਦੀਵਾਲੀ ਮੌਕੇ ਦੀਵੇ ਅਤੇ ਘਰ ਦਾ ਹੋਰ ਲੋੜੀਂਦਾ ਸਮਾਨ ਤਿਆਰ ਕਰਨ ਲਈ ਬੜੀ ਮਿਹਨਤ ਕੀਤੀ ਜਾਂਦੀ ਐ। ਤੌੜੀ ਦਾ ਸਾਗ ਤੇ ਚਾਟੀ ਦੀ ਲੱਸੀ ਹੋਟਲਾਂ-ਢਾਬਿਆਂ ਨਾਲੋਂ ਕਈ ਗੁਣਾਂ ਸੁਆਦ! ਸ਼ਰਬਤ ਵਰਗਾ ਘੜੇ ਦਾ ਸੁਆਦੀ ਪਾਣੀ ਬੰਦੇ ਨੂੰ ਨਿਹਾਲ ਕਰ ਦਿੰਦੈ! ਮਿੱਟੀ ਦੇ ਬਣੇ ਭਾਂਡੇ ਇਨਸਾਨ ਨੂੰ ਕਈ ਬੀਮਾਰੀਆਂ ਤੋਂ ਰਹਿਤ ਰੱਖਦੇ ਨੇ।
ਮੇਨ ਰੋਡ ਤੋਂ ਕਾਹਮੇ ਜਾਂ ਭੂਤਾਂ ਨੂੰ ਮੁੜਨ ਲੱਗਿਆਂ ਤੇਜ਼ੀ ਨਾਲ ਆਉਂਦੇ ਵਾਹਨਾਂ (ਖਾਸ ਕਰ ਬੱਸਾਂ ਜਾਂ ਟਰੱਕਾਂ) ਨਾਲ ਸਾਇਕਲ, ਮੋਟਰ-ਸਾਇਕਲ ਜਾਂ ਸਕੂਟਰ ਬਗੈਰਾ ਨਾਲ ਟਕਰਾ ਕੇ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਨੇ।
ਹਲਕਾ ਨਵਾਂਸ਼ਹਿਰ ਤੋਂ ਵਿਧਾਇਕ ਅਤੇ ਖੇਤੀਬਾੜੀ ਮੰਤਰੀ ਸ਼ ਦਿਲਬਾਗ ਸਿੰਘ ਸੈਣੀ ਜੇ ਥੋੜ੍ਹੇ ਸਾਲ ਹੋਰ ਜਿਉਂਦੇ ਰਹਿ ਜਾਂਦੇ ਤਾਂ ਹਾਦਸੇ ਟੱਲ ਜਾਣੇ ਸਨ, ਕਿਉਂਕਿ ਉਹ ਇਲਾਕੇ ਦੇ ਵਿਕਾਸ ਦਾ ਹਰ ਤਰ੍ਹਾਂ ਨਾਲ ਬੜਾ ਖਿਆਲ ਰੱਖਦੇ ਸਨ। ਇਲਾਕੇ ਦੀ ਜਿੰਦ-ਜਾਨ ਸ਼ ਦਿਲਬਾਗ ਸਿੰਘ ਨੇ ਵੈਸੇ ਆਪਣੇ ਆਪ ਨੂੰ ਕਦੇ ਲੀਡਰ ਜਾਂ ਸਿਆਸਤਦਾਨ ਨਹੀਂ ਸੀ ਕਿਹਾ, ਹਮੇਸ਼ਾ ਇਲਾਕੇ ਦਾ ਸੇਵਾਦਾਰ ਮੰਨਿਆ। ਇਲਾਕਾ ਵੀ ਉਸ ਨੂੰ ਮਸੀਹੇ ਵਾਂਗ ਪੂਜਦਾ ਸੀ। ਨਵਾਂਸ਼ਹਿਰ ਦੀ ਸ਼ੂਗਰ ਮਿੱਲ ਵੀ ਉਸ ਦੀ ਹਿੰਮਤ ਸਦਕਾ ਹੋਂਦ ਵਿਚ ਆਈ। ਇਲਾਕਾ ਨਿਵਾਸੀ ਉਸ ਨੂੰ ਅੱਜ ਵੀ ਯਾਦ ਕਰਦੇ ਨੇ। ਉਸ ਪਿਛੋਂ ਉਸ ਦਾ ਬੇਟਾ ਚੰਨੀ, ਭਤੀਜਾ ਪ੍ਰਕਾਸ਼ ਸਿੰਘ, ਗੁਰਇਕਬਾਲ ਕੌਰ ਬਬਲੀ (ਸ਼ ਪ੍ਰਕਾਸ਼ ਸਿੰਘ ਦੀ ਪਤਨੀ) ਤੇ ਹੁਣ ਪ੍ਰਕਾਸ਼ ਸਿੰਘ ਦਾ ਨੌਜਵਾਨ ਵਿਧਾਇਕ ਬੇਟਾ ਅੰਗਦ ਸੈਣੀ।
ਪਿੰਡ ਕਾਹਮੇ ਨੂੰ ਇਕ ਮੁਸਲਮਾਨ ਜਾਗੀਰਦਾਰ ਨਜਾਮੇ ਨੇ ਵਸਾਇਆ ਹੋਇਐ। ਇਸ ਪਿੰਡ ਵਿਚ ਕਦੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਏ ਸਨ। ਵੱਖ ਵੱਖ ਧਰਮਾਂ ਦੇ ਲੋਕ ਇਸ ਪਿੰਡ ‘ਚ ਰਹਿੰਦੇ ਹਨ। ਜੱਟ, ਸੈਣੀ, ਆਦਿਧਰਮੀ, ਤਰਖਾਣ, ਲੁਹਾਰ, ਜੁਲਾਹੇ, ਮਰਾਸੀ-ਮੁਸਲਮਾਨ, ਨਾਈ, ਛੀਂਬੇ, ਝਿਉਰ, ਸਾਹਸੀਂ, ਪੰਡਿਤ, ਅਰੋੜੇ ਖੱਤਰੀ, ਭਾਪੇ, ਬਾਜ਼ੀਗਰ, ਘੁਮਿਆਰ, ਸਿਕਲੀਗਰ ਤੇ ਸਹਿਗਲ ਪਰਿਵਾਰ-ਇਹ ਸਾਰੇ ਕਾਹਮੇ ਦਾ ਮਾਣ ਹਨ। ਹਰ ਇਕ ਦੇ ਧਰਮ ਦੀ ਕਦਰ ਹੈ। ਵੱਡਾ ਪਿੰਡ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਰਧਾ ਰੱਖਣ ਵਾਲਿਆਂ ਲਈ ਪਿੰਡ ਦੇ ਵੱਖ ਵੱਖ ਹਿੱਸਿਆਂ ‘ਚ ਗੁਰਦੁਆਰੇ ਬਣੇ ਹੋਏ ਨੇ! ਗੁੱਗਾ ਜਾਹਰ ਪੀਰ ਦੀ ਜਗ੍ਹਾ (ਅਸਥਾਨ) ਹੈ। ਬੜਾ ਪੁਰਾਣਾ ਇਕ ਸ਼ਿਵ ਮੰਦਿਰ ਤੇ ਇਕ ਪੁਰਾਣੀ ਮਸਜਿਦ ਹੈ। ਇਹ ਮਸੀਤ ਸ਼ਾਹ ਜਿੰਦਾ ਫਕੀਰ ਦੇ ਨਾਂ ਨਾਲ ਜਾਣੀ ਜਾਂਦੀ ਹੈ। ਹਰ ਸਾਲ ਇਥੇ ਭਾਰੀ ਮੇਲਾ ਲੱਗਦੈ। ਸਮੂਹ ਨਗਰ ਨਿਵਾਸੀ ਸ਼ਾਹ ਜਿੰਦਾ ‘ਤੇ ਲੱਗਦੇ ਮੇਲੇ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ। ਪਿੰਡ ਦੀ ਵੋਟ ਤਿੰਨ ਕੁ ਹਜ਼ਾਰ ਹੈ।
ਬੜੇ ਸਾਲਾਂ ਤੋਂ ਛਿੰਝ ਹੁੰਦੀ ਆ ਰਹੀ ਹੈ। ਸਮੂਹ ਪਿੰਡ ਦਾ ਬੜਾ ਯੋਗਦਾਨ ਹੁੰਦੈ। ਬੁੱਧ ਸਿੰਘ, ਫੱਤਾ ਤੇ ਹੋਰ ਨਾਮੀ-ਗਰਾਮੀ ਪਹਿਲਵਾਨ ਇਥੇ ਆ ਕੇ ਕੁਸ਼ਤੀਆਂ ਲੜਦੇ ਰਹੇ ਹਨ।
ਸਿਖਿਆ ਦੇ ਖੇਤਰ ਵਿਚ ਇਸ ਪਿੰਡ ਦੀ ਬੜੀ ਦੇਣ ਹੈ। ਅਧਿਆਪਕ, ਮੁੱਖ ਅਧਿਆਪਕ ਤੇ ਪਿੰ੍ਰਸੀਪਲ ਪਿੰਡ ਦੇ ਮਾਣ ਵਿਚ ਵਾਧਾ ਕਰਦੇ ਹਨ ਜਿਵੇਂ ਕੇਵਲ ਕ੍ਰਿਸ਼ਨ ਸਹਿਗਲ (ਪੁਨੀਤ ਸਹਿਗਲ ਦਾ ਡੈਡੀ), ਸ਼ ਦਵਿੰਦਰ ਸਿੰਘ, ਸ਼ ਮਲਕੀਤ ਸਿੰਘ, ਸ਼ ਅਵਤਾਰ ਸਿੰਘ (ਐਸ਼ ਐਨ. ਕਾਲਜ ਬੰਗਾ ਦਾ ਕਲਰਕ), ਸ਼੍ਰੀ ਰਾਮ ਮੂਰਤੀ ਭੱਟੀ (ਰਿਟਾਇਰ ਪਿੰ੍ਰਸੀਪਲ), ਸ੍ਰੀ ਸੰਤੋਖ ਦਾਸ (ਰਿਟਾਇਰ ਪਿੰ੍ਰਸੀਪਲ), ਸ੍ਰੀ ਗਿਆਨ ਚੰਦ (ਰਿਟਾਇਰ ਪਿੰ੍ਰਸੀਪਲ), ਸ਼ ਸੁਰਜੀਤ ਸਿੰਘ (ਇਸ ਵਕਤ ਕੈਨੇਡਾ), ਸ਼ ਅੰਮ੍ਰਿਤਪਾਲ ਸਿੰਘ, ਸ਼ ਲਖਵੀਰ ਸਿੰਘ, ਸੁੱਚਾ ਸਿੰਘ ਤੇ ਹਿਤੇਸ਼ ਸਹਿਗਲ (ਪੁਨੀਤ ਸਹਿਗਲ ਦਾ ਭਰਾ) ਹੋਏ ਨੇ।
ਕਾਹਮਾ ਵਾਸੀ ਸਭ ਤੋਂ ਪਹਿਲਾਂ ਵਲੈਤ ਗਏ, ਫਿਰ ਕੈਨੇਡਾ ਤੇ ਫਿਰ ਅਮਰੀਕਾ। ਅਮਰੀਕਾ ਵਿਚ ਤਾਂ ‘ਕਾਹਮਾ, ਕਾਹਮਾ’ ਹੋਈ ਪਈ ਐ! ਹੁਣ ਤਾਂ ਸਾਰੇ ਮੁਲਕਾਂ ‘ਚ ਕਾਹਮੇ ਵਾਲੇ ਝੰਡੇ ਗੱਡੀ ਬੈਠੇ ਨੇ। ਹੋਟਲਾਂ-ਰੈਸਟੋਰੈਂਟਾਂ ਵਿਚ ਬੜਾ ਨਾਂ ਹੈ। ਇਥੋਂ ਦੇ ਹਲਵਾਈ ਸਭ ਮੁਲਕਾਂ ‘ਚ ਮਸ਼ਹੂਰ ਨੇ। ਗੋਰਿਆਂ ਨੂੰ ਵੀ ਮਠਿਆਈਆਂ ਖਾਣ ਲਾ ਦਿੱਤੈ! 2018 ‘ਚ ਆਸਟ੍ਰੇਲੀਆ ਦੀ ਬਾਡੀ-ਬਿਲਡਿੰਗ ਮੁਕਾਬਲੇ ‘ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ (ਜੈਲੇ ਡੀਜ਼ਲ ਦਾ ਭਤੀਜਾ) ਕਮਲਦੀਪ ਵੀ ਕਾਹਮੇ ਦੀ ਦੇਣ ਹੈ। ਨਿਊ ਜਰਸੀ (ਅਮਰੀਕਾ) ਵਿਖੇ ਰੱਸਾ-ਕਸ਼ੀ ਟੀਮ ਦਾ ਖਿਡਾਰੀ ਪਹਿਲਵਾਨ ਰਾਣੇ ਦੇ ਭਰਾ ਪੰਮੇ ਨੂੰ ਹਰ ਕੋਈ ਜਾਣਦੈ।
ਸ਼ ਸਤਨਾਮ ਸਿੰਘ ਦੇ ਘਰਵਾਲੀ ਮੈਡਮ ਪਰਮਿੰਦਰਜੀਤ ਕੌਰ ਪਿੰਡ ਦੀ ਸਰਪੰਚ ਹੈ। ਸ਼ ਸਤਨਾਮ ਸਿੰਘ ਹਮੇਸ਼ਾ ਉਸ ਦਾ ਸਾਥ ਦਿੰਦਾ ਹੈ। ਸਾਰੀ ਨੱਠ-ਭੱਜ ਉਹੀ ਕਰਦੈ। ਉਸ ਨਾਲ ਪਿੰਡ ਦੇ ਚਾਲੀ-ਪੰਤਾਲੀ (ਮੁੰਡੇ) ਹੋਰ ਵੀ ਸੇਵਾਦਾਰ ਹਨ। ਪਰ ਵੀਹ-ਪੱਚੀ ਸੇਵਾਦਾਰ ਚੌਵੀ ਘੰਟੇ ਤਿਆਰ ਰਹਿੰਦੇ ਹਨ। ਪਿੰਡ ਦੇ ਵਿਕਾਸ, ਖੇਡਾਂ ਅਤੇ ਪਿੰਡ ‘ਚ ਲੋੜਵੰਦ ਗਰੀਬ ਪਰਿਵਾਰਾਂ ਨਾਲ ਹਮੇਸ਼ਾ ਹਰ ਤਰ੍ਹਾਂ ਨਾਲ ਖੜ੍ਹਦਾ ਹੈ। ਬਾਹਰਲੇ ਮੁਲਕਾਂ ‘ਚ ਰਹਿੰਦੇ ਕਾਹਮੇ ਦੇ ਦਾਨੀ ਸੱਜਣਾਂ ਦੇ ਨਾਲ ਨਾਲ ਕਈ ਵਾਰ ਵਿਦੇਸ਼ਾਂ ‘ਚ ਰਹਿੰਦੇ ਮੰਗੂਵਾਲ ਦੇ ਦਾਨੀ ਪਰਿਵਾਰ ਵੀ ਗਰੀਬ ਪਰਿਵਾਰਾਂ ਲਈ ਮਾਇਆ ਦੀ ਮਦਦ ਭੇਜ ਦਿੰਦੇ ਹਨ। ਪਿੰਡ ਦੇ ਸਾਥੀ ਸੱਜਣ ਹਮੇਸ਼ਾ ਸੰਪਰਕ ਵਿਚ ਰਹਿੰਦੇ ਨੇ। ਪਿੰਡ ਦਾ ਹਰ ਕੰਮ ਮੂਹਰੇ ਹੋ ਕੇ ਕਰਦੇ ਨੇ। ਜਰਨੈਲ ਸਿੰਘ, ਗੁਰਦਾਵਰ ਸਿੰਘ, ਅਮਰੀਕ ਸਿੰਘ ਲੇਹਲ, ਹਰਵਿੰਦਰ ਸਿੰਘ ਬਿੰਦਾ, ਗੁਰਨਾਮ ਗਾਮਾ, ਮਨਜੀਤ ਠੇਕੇਦਾਰ, ਰਾਮ ਪ੍ਰਕਾਸ਼ ਠੇਕੇਦਾਰ, ਜਸਵਿੰਦਰ ਸਿੰਘ, ਅਜਮੇਰ ਸਿੰਘ ਗੁੱਡੂ, ਕਸ਼ਮੀਰ ਸਿੰਘ, ਮਨਜੀਤ ਲਾਲ ਪੰਚ ਤੇ ਹੋਰ ਸੇਵਾਦਾਰ ਹਨ।
ਸ਼ ਸੁੱਚਾ ਸਿੰਘ ਕਾਹਮਾ ਵਿਲੇਜ਼ ਯੂਥ ਕਲੱਬ ਦੇ ਫਾਊਂਡਰ ਹਨ। ਨਾਲ ਸ਼ ਪਿਆਰਾ ਸਿੰਘ ਰੌਸ਼ਨ, ਸ਼ ਸੁਰਿੰਦਰ ਸਿੰਘ ਤੇ ਬਾਬਾ ਚੈਨ ਸਿੰਘ ਹਨ। ਇਹ ਅੱਜ ਕੱਲ੍ਹ ਟੋਰਾਂਟੋ ਰਹਿੰਦੇ ਹਨ ਤੇ ਕਾਹਮਾ-ਟੋਰਾਂਟੋਂ ਐਸੋਸੀਏਸ਼ਨ ਬਣਾਈ ਹੋਈ ਹੈ।
ਬੜੇ ਸਾਲ ਪਹਿਲਾਂ ਬਣਾਈ ਉਸ ਸੰਸਥਾ ਨੂੰ ਚਲਦੀ ਰੱਖਣ ਲਈ ਸ਼ ਸਤਨਾਮ ਸਿੰਘ ਬੜੇ ਵਧੀਆ ਤਰੀਕੇ ਨਾਲ ਚਲਾ ਰਿਹੈ। ਇਸ ਵਕਤ ਵਿਲੇਜ਼ ਯੂਥ ਕਲੱਬ ਵਲੋਂ ਪਿੰਡ ਵਿਚ ਸਾਫ-ਸਫਾਈ ਦਾ ਬੜਾ ਖਿਆਲ ਰੱਖਿਆ ਜਾਂਦੈ। ਕੂੜਾ ਸੁੱਟਣ ਲਈ ਸ਼ਹਿਰਾਂ ਦੀਆਂ ਮਿਊਂਸਪਲ ਕਮੇਟੀਆਂ ਵਾਂਗ ਡਰੰਮ ਰੱਖੇ ਹੋਏ ਨੇ। ਮੀਂਹ ਦੇ ਪਾਣੀ ਅਤੇ ਰੋਜ਼ਾਨਾ ਨਿਕਾਸ ਦੇ ਪਾਣੀ ਦਾ ਪ੍ਰਬੰਧ ਵਧੀਆ ਢੰਗ ਨਾਲ ਕੀਤਾ ਹੋਇਐ। ਅੱਡੇ ਨੇੜਲੇ ਵੱਡੇ ਛੱਪੜ ਦੇ ਗੰਦੇ ਪਾਣੀ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਪਾਣੀ ਸਾਫ ਕੀਤਾ ਹੋਇਐ। ਪਿੰਡ ‘ਚ ਸਾਈਨ-ਬੋਰਡ ਲੱਗੇ ਹੋਏ ਨੇ। ਸਾਫ-ਸਫਾਈ ਰੱਖਣ ‘ਚ ਪਿੰਡ ਦੇ ਸਮੂਹ ਨਗਰ ਨਿਵਾਸੀ ਵੀ ਬੜਾ ਸਾਥ ਦਿੰਦੇ ਨੇ।
ਉਹ ਅਮਰੀਕਾ ਅਤੇ ਟੋਰਾਂਟੋ ਤੇ ਵੈਨਕੂਵਰ ਸਮੇਤ ਕੈਨੇਡਾ ਦੇ ਕਈ ਸ਼ਹਿਰਾਂ ‘ਚ ਘੁੰਮ ਆਇਐ। ਉਥੇ ਵਸਦੇ ਪਿੰਡ ਵਾਸੀਆਂ, ਰਿਸ਼ਤੇਦਾਰਾਂ ਤੇ ਯਾਰਾਂ-ਬੇਲੀਆਂ ਨੇ ਬੜਾ ਮਾਣ-ਸਤਿਕਾਰ ਦਿੱਤਾ। ਕਾਹਮਾ ਵਾਸੀਆਂ ਨੇ ਪਿੰਡ ਦੇ ਭਲਾਈ ਕੰਮਾਂ ਵਾਸਤੇ ਵਾਹਵਾ ਮਾਇਆ ਦਿੱਤੀ। ਵਿਦੇਸ਼ਾਂ ਵਿਚੋਂ ਮਾਇਆ ਇਕੱਤਰ ਕਰਕੇ ਉਹ ਕਾਹਮੇ ਦੇ ਵਿਕਾਸ, ਖੇਡਾਂ, ਹੈਲਥ ਕਲੱਬ ਅਤੇ ਲੋਕ ਭਲਾਈ ਦੇ ਕਾਰਜਾਂ ‘ਤੇ ਲਾ ਰਿਹੈ। ਪੱਚੀ ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿਚ ਦੋ ਜਿੰਮ ਬਣੇ ਹੋਏ ਨੇ। ਇਕ ਨੌਜਵਾਨਾਂ ਲਈ ਤੇ ਦੂਜਾ ਔਰਤਾਂ ਲਈ। ਪਿੰਡ ਜੱਬੋਵਾਲ, ਮੱਲਪੁਰ, ਬੈਂਸਾਂ, ਭੂਤਾਂ, ਮੰਗੂਵਾਲ, ਕਰੀਹਾ ਦੇ ਨੌਜਵਾਨ ਜਿੰਮ ਕਰਨ ਆਉਂਦੇ ਨੇ, ਪਰ ਜ਼ਿਆਦਾਤਰ ਕਾਹਮੇ ਦੇ ਗੱਭਰੂ ਹੁੰਦੇ ਨੇ। ਅੱਠ ਸਾਲ ਤੋਂ ਸਤਾਰਾਂ ਸਾਲ ਤੱਕ ਦੇ ਬੱਚਿਆਂ ਲਈ ਜਿੰਮ ਬਿਲਕੁਲ ਮੁਫਤ ਹੈ। ਖਾਣਾ-ਪੀਣਾ, ਰਿਹਾਇਸ਼ ਤੇ ਦਾਖਲਾ ਮੁਫਤ ਹੈ।
ਸ਼ ਸਤਨਾਮ ਸਿੰਘ ਵਿਲੇਜ਼ ਯੂਥ ਕਲੱਬ ਦਾ ਪ੍ਰਧਾਨ, ਫੁੱਟਬਾਲ ਅਕੈਡਮੀ ਦਾ ਪ੍ਰਧਾਨ, ਜਿੰਮ ਦਾ ਪ੍ਰਧਾਨ ਤੇ ਹਰ ਸਾਲ ਪਿੰਡ ‘ਚ ਹੁੰਦੀ ਛਿੰਝ ਦੀ ਜ਼ਿੰਮੇਵਾਰੀ ਵਧੀਆ ਢੰਗ ਨਾਲ ਨਿਭਾਉਂਦਾ ਹੈ। ਸ਼ ਅਜਮੇਰ ਸਿੰਘ ਗੁੱਡੂ ਵੀ ਹਮੇਸ਼ਾ ਨਾਲ ਜਿੰ.ਮੇਵਾਰੀਆਂ ਨਿਭਾ ਰਿਹੈ। ਗੱਲ ਕੀ, ਪਿੰਡ ਦੇ ਵਿਕਾਸ ਕੰਮਾਂ ਤੇ ਖੇਡਾਂ ‘ਚ ਸਾਥੀਆਂ ਦੇ ਸਹਿਯੋਗ ਨਾਲ ਹਰ ਤਰ੍ਹਾਂ ਸੇਵਾ ਨਿਭਾ ਰਿਹੈ। ਪੰਜਾਬ ਪੁਲਿਸ ਵਿਚ ਏ. ਐਸ਼ ਆਈ. ਦੀ ਨੌਕਰੀ ਦੇ ਨਾਲ ਨਾਲ ਸ਼ ਦਿਲਬਾਗ ਸਿੰਘ ਤੋਂ ਲੈ ਕੇ ਚੰਨੀ, ਸ਼ ਪ੍ਰਕਾਸ਼ ਸਿੰਘ, ਵਿਧਾਇਕਾ ਬੀਬੀ ਗੁਰਇਕਬਾਲ ਕੌਰ ਬਬਲੀ ਤੇ ਹੁਣ ਅੰਗਦ ਸੈਣੀ ਤੱਕ ਨਾਲ ਅੰਗ ਰੱਖਿਅਕ ਦੇ ਤੌਰ ‘ਤੇ ਹਮੇਸ਼ਾ ਨਾਲ ਹੈ।
ਕਾਹਮੇ ਦੇ ਦਰਿਆ ਦਿਲ ਭਰਾਵਾਂ-ਜੀਤਾ ਤੇ ਦਾਵਰੀ ਦੀ ਬਦੌਲਤ ਮੈਂ (ਇਕਬਾਲ ਜੱਬੋਵਾਲੀਆ) ਅਮਰੀਕਾ ਦੀ ਧਰਤੀ ‘ਤੇ ਬੈਠਾ ਹਾਂ। ਮੇਰੀ ਖੁਸ਼ਗਵਾਰ ਜ਼ਿੰਦਗੀ ‘ਚ ਦੋਹਾਂ ਭਰਾਵਾਂ ਦੀ ਬੜੀ ਦੇਣ ਹੈ। ਮੇਰਾ ਰੋਮ ਰੋਮ ਅਤੇ ਸਵਾਸ ਸਵਾਸ ਦੋਹਾਂ ਭਰਾਵਾਂ ਤੇ ਕਾਹਮੇ ਦੀ ਮਿੱਟੀ ਲਈ ਆਖਰੀ ਸਵਾਸਾਂ ਤੱਕ ਰਿਣੀ ਰਹੇਗਾ।
ਕਾਹਮੇ ਦੇ ਵਿਕਾਸ ਕਾਰਜਾਂ, ਖੇਡਾਂ, ਹੈਲਥ ਕਲੱਬ ਅਤੇ ਲੋਕ ਭਲਾਈ ਵਰਗੇ ਕੰਮਾਂ ਤੋਂ ਪੰਜਾਬ ਦੇ ਹੋਰ ਪਿੰਡਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ, ਜੋ ਨਸ਼ਿਆਂ ਤੋਂ ਬਚਾਉਣ ਲਈ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹਨ। ਫੁੱਟਬਾਲ ਤਾਂ ਕਾਹਮੇ ਦੀ ਮਿੱਟੀ ਤੇ ਪਾਣੀ ‘ਚ ਸਮਾਇਆ ਹੋਇਐ। ਪਿੰਡ ਦੀਆਂ ‘ਏ’ ਅਤੇ ‘ਬੀ’ ਦੋਵੇਂ ਟੀਮਾਂ ਹਮੇਸ਼ਾ ਤਿਆਰ ਰਹਿੰਦੀਆਂ ਨੇ। ਕਾਹਮਾ ਇਲਾਕੇ ਦੀ ਵਧੀਆ ਮਿਸਾਲ ਬਣਦਾ ਜਾ ਰਿਹੈ।
“ਚੱਲ ਫਕੀਰਾ ਕਾਹਮੇ ਚੱਲੀਏ,
ਮਿਲਣ ਖਿਡਾਰੀ ਮੰਨੇ।
ਜ਼ੋਰ ਜ਼ੋਰ ਦੀ ਮਾਰਨ ਸ਼ਾਟਾਂ,
ਦੂਰ ਟਪਾਉਂਦੇ ਬੰਨੇ।
ਖੇਡਾਂ ਤੇ ਵਿਕਾਸ ਫਕੀਰਾ,
ਕਾਹਮਾ ਇਤਿਹਾਸਕ ਪੰਨੇ।
ਗੁਰੂਆਂ ਪੀਰਾਂ ਦਾ ਲੈ
ਓਟ ਆਸਰਾ ਇਕਬਾਲ ਸਿਆਂ
ਕਲਮ ਦੀ ਤਾਕਤ ਦੁਨੀਆਂ ਮੰਨੇ।”